Share on Facebook

Main News Page

ਚੰਗਾ ਹੁੰਦਾ ਨਹੀਂ ਦਿਲਾਂ ਨੂੰ ਦੁਖਾਉਣਾ, ਦਿਲਾਂ ਦੇ ਵਿਚ ਰੱਬ ਵਸਦਾ
-
ਨਿਰਮਲ ਸਿੰਘ ਕੰਧਾਲਵੀ

ਹੁਣ ਫੇਰ ਖ਼ਬਰ ਆਈ ਹੈ ਕਿ ਦਿੱਲੀ ਤੋਂ ਗਏ ਸ਼ਰਧਾਲੂ ਨੇ ਜਦੋਂ ਸ੍ਰੀ ਦਰਬਾਰ ਸਾਹਿਬ ਦੀ ਸਰਾਂ ਵਿਚ ਕਮਰਾ ਮੰਗਿਆ ਤਾਂ ਪਹਿਲਾਂ ਤਾਂ ਉਸ ਨੂੰ ਮੰਦੇ ਬਚਨ ਬੋਲੇ ਗਏ, ਫਿਰ ਉਸ ਦੀ ਕੁੱਟ ਮਾਰ ਕੀਤੀ ਗਈ, ਜਦੋਂ ਗੱਲ ਜ਼ਿਆਦਾ ਹੀ ਵਧ ਗਈ ਤਾਂ ਸੀਨੀਅਰ ਕਰਮਚਾਰੀਆਂ ਨੇ ਅਫ਼ਸੋਸ ਪ੍ਰਗਟਾਅ ਕੇ ਮਾਮਲਾ ਰਫ਼ਾ ਦਫ਼ਾ ਕਰ ਦਿੱਤਾ। ਖ਼ਬਰ ਪੜ੍ਹ ਕੇ ਮੈਨੂੰ ਪ੍ਰਧਾਨ ਮੱਕੜ ਦਾ ਉਹ ਬਿਆਨ ਯਾਦ ਆ ਰਿਹਾ ਸੀ, ਜੋ ਉਸ ਨੇ ਦਿੱਲੀ ਦੀ ‘ਜੰਗ’ ਜਿੱਤਣ ਤੋਂ ਬਾਅਦ ਦਿਤਾ ਸੀ, ਕਿ ਦਿੱਲੀ ਦੀ ਸੰਗਤ ਵਾਸਤੇ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਵਿਚ ਇਕ ਵੱਖਰੀ ਸਰਾਂ ਬਣਾਏਗੀ। ਸ਼੍ਰੋਮਣੀ ਕਮੇਟੀ ਦੇ ਕਰਿੰਦਿਆਂ ਨੇ ਸ਼ਾਇਦ ਦਿੱਲੀ ਦੀ ਸੰਗਤ ਨੂੰ ਟਰੇਲਰ ਦਿਖਾਇਆ ਹੈ, ਕਿ ਭਾਈ ਇਸ ਤਰ੍ਹਾਂ ਦਾ ਉਹਨਾਂ ਦਾ ਸਵਾਗਤ ਹੋਵੇਗਾ ਉਸ ਸਰਾਂ ਵਿਚ।

ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਇਹ ਆਮ ਹੀ ਕਿਹਾ ਜਾਂਦਾ ਹੈ ਕਿ ਉਥੇ ਕਮਰਾ ਲੈਣ ਲਈ ਰਿਸ਼ਵਤ ਚਲਦੀ ਹੈ ਤੇ ਜਾਂ ਕਿਸੇ ਨਾ ਕਿਸੇ ਜਥੇਦਾਰ ਦੀ ਸਿਫ਼ਾਰਸ਼ ਚਾਹੀਦੀ ਹੁੰਦੀ ਹੈ।ਇਹ ਕੈਸਾ ਨਿਜ਼ਾਮ ਹੈ ਸ਼੍ਰੋਮਣੀ ਕਮੇਟੀ ਦਾ? ਅੱਜ ਦੀਆਂ ਟੈਲੀਵੀਯਨ ਖ਼ਬਰਾਂ ਮੁਤਾਬਿਕ ਦੱਸਿਆ ਗਿਆ ਹੈ ਕਿ ਸ਼ਰਧਾਲੂਆਂ ਨਾਲ਼ ਇਹੋ ਜਿਹਾ ਹੀ ਵਰਤਾਰਾ ਸ੍ਰੀ ਅਨੰਦਪੁਰ ਸਾਹਿਬ ਵਿਚ ਵੀ ਕੀਤਾ ਗਿਆ ਹੈ, ਜਿੱਥੇ ਨਿੱਕੇ ਨਿੱਕੇ ਬੱਚਿਆਂ ਨਾਲ਼ ਬੀਬੀਆਂ ਸੇਵਾਦਾਰਾਂ ਦੇ ਹਾੜ੍ਹੇ ਕੱਢ ਰਹੀਆਂ ਹਨ ਕਮਰੇ ਵਾਸਤੇ ਪਰ ਸੇਵਾਦਾਰ ਲੋਹੇ ਦੀ ਲੱਠ ਬਣੇ ਖੜ੍ਹੇ ਹਨ।

ਅੱਜ ਦੀ ਹੀ ਇਕ ਹੋਰ ਖ਼ਬਰ ਨੇ ਮਨ ਵਲੂੰਧਰ ਸੁੱਟਿਆ ਜਦ ਪੜ੍ਹਿਆ ਕਿ ਪਟਿਆਲੇ ਤੋਂ ਇਕ ਬਜ਼ੁਰਗ਼ ਜੋੜਾ, ਜਿਹੜੇ ਮੀਆਂ ਬੀਵੀ ਗੰਭੀਰ ਬਿਮਾਰੀਆਂ ਤੋਂ ਪੀੜਿਤ ਹੋਣ ਕਰ ਕੇ ਲਾਈਨ ਵਿਚ ਇਤਨੀ ਦੇਰ ਖੜ੍ਹੇ ਨਹੀਂ ਸਨ ਹੋ ਸਕਦੇ, ਉਹ ਵਿਚਾਰੇ ਉਸ ਸੇਵਾਦਾਰ ਦੀਆਂ ਮਿੰਨਤਾਂ ਕਰਦੇ ਰਹੇ ਕਿ ਉਹਨਾਂ ਨੂੰ ਪਾਸੇ ਤੋਂ ਦੀ ਲੰਘਾ ਦੇਵੇ ਤਾਂ ਕਿ ਉਹ ਦਰਬਾਰ ਸਾਹਿਬ ਦੇ ਅੰਦਰ ਜਾ ਕੇ ਮੱਥਾ ਟੇਕ ਸਕਣ ਪਰ ਸੇਵਾਦਾਰ ਟੱਸ ਤੋਂ ਮੱਸ ਨਹੀਂ ਹੋਇਆ।

ਖ਼ਬਰ ਮੁਤਾਬਿਕ ਸੇਵਾਦਾਰ ਸਗੋਂ ਬਜ਼ੁਰਗ਼ ਜੋੜੇ ਨੂੰ ਟਿਚਕਰਾਂ ਕਰਦਾ ਰਿਹਾ। ਉਹ ਵਿਚਾਰੇ ਮੱਥਾ ਟੇਕਣ ਤੋਂ ਬਿਨਾਂ ਹੀ ਵਾਪਿਸ ਚਲੇ ਗਏ। ਉਸ ਬਜ਼ੁਰਗ਼ ਨੇ ਆਪਣੇ ਨਾਲ਼ ਬੀਤੀ ਘਟਨਾ ਬਾਰੇ ਐਸ.ਜੀ.ਪੀ.ਸੀ. ਪ੍ਰਧਾਨ ਨੂੰ ਪੱਤਰ ਲਿਖ਼ਿਆ ਹੈ। ਉਹਨਾਂ ਭੋਲ਼ਿਆਂ ਨੂੰ ਸ਼ਾਇਦ ਪਤਾ ਨਹੀਂ ਕਿ ਪ੍ਰਧਾਨ ਜੀ ਪਾਸ ਇਹੋ ਜਿਹੀਆਂ ਸ਼ਿਕਾਇਤਾਂ ਸੁਣਨ ਲਈ ਸਮਾਂ ਕਿੱਥੇ ਹੈ? ਉਹ ਤਾਂ ਸੈੱਲ ਫੋਨ ‘ਤੇ ਕਿਸੇ ਦੀ ਗਾਲ੍ਹਾਂ ਨਾਲ਼ ‘ਸੇਵਾ’ ਕਰਨ ‘ਚ ਬਿਜ਼ੀ ਹੋਣਗੇ ਜਾਂ ਕੈਮਰੀ ‘ਚ ਝੂਟੇ ਲੈਂਦੇ ਆਰਾਮ ਫਰਮਾ ਰਹੇ ਹੋਣਗੇ।

ਇਕ ਅਜਿਹੇ ਹੀ ਸੇਵਾਦਾਰ ਦਾ ਇਹੋ ਜਿਹਾ ਵਰਤਾਰਾ ਦਾਸ ਨੇ ਪਿਛਲੇ ਸਾਲ ਖ਼ੁਦ ਵੀ ਅੱਖੀਂ ਦੇਖਿਆ ਸੀ। ਉਹ ਚੰਗੇ ਭਲੇ ਤੰਦਰੁਸਤ ਪਰ ਜਾਣ ਪਛਾਣ ਵਾਲੇ ਲੋਕਾਂ ਨੂੰ ਤਾਂ ਲਾਚੀ ਬੇਰ ਵਾਲ਼ੇ ਪਾਸਿਉਂ ਲੰਘਾਈ ਜਾਂਦਾ ਸੀ, ਪਰ ਹੋਰ ਕਿਸੇ ਨੂੰ ਵੱਢ ਖਾਣ ਨੂੰ ਪੈਂਦਾ ਸੀ। ਦਾਸ ਦੇ ਵਿਚਾਰ ਅਨੁਸਾਰ ਉਸ ਬਜ਼ੁਰਗ਼ ਜੋੜੇ ਨੂੰ ਅੰਦਰ ਮੱਥਾ ਟੇਕੇ ਬਗ਼ੈਰ ਵਾਪਿਸ ਮੁੜ ਜਾਣ ਦਾ ਝੋਰਾ ਨਹੀਂ ਕਰਨਾ ਚਾਹੀਦਾ, ਕਿਉਂਕਿ ਗੁਰੂ ਦੇ ਦਰਬਾਰ ਵਿਚ ਹਾਜ਼ਰੀ ਮਨ ਦੀ ਲਗਦੀ ਹੈ, ਸਰੀਰ ਦੀਆਂ ਨਹੀਂ। ਦਸਮ ਪਿਤਾ ਨੇ ਬਿਨਾਂ ਉਹਨਾਂ ਤੋਂ ਇਜਾਜ਼ਤ ਲਏ ਰਾਸ ਲੀਲ੍ਹਾ ਦੇਖਣ ਜਾਣ ਵਾਲੇ ਸਿੰਘਾਂ ਦੀ ਹਾਜ਼ਰੀ ਲਾ ਦਿਤੀ ਸੀ ਤੇ ਜਿਹੜੇ ਉਨ੍ਹਾਂ ਪਾਸ ਹਾਜ਼ਰ ਰਹੇ ਸਨ ਉਹਨਾਂ ਦੀ ਗ਼ੈਰਹਾਜ਼ਰੀ ਲਾਈ ਸੀ। ਇਹ ਭਾਈ ਮਨ ਦੇ ਸੌਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਭਗਤ ਨਾਮਦੇਵ ਜੀ ਦਾ ਸ਼ਬਦ ਵੀ ਇਹੋ ਦਰਸਾਉਂਦਾ ਹੈ, ਜਦੋਂ ਪੰਡਿਆਂ ਨੇ ਉਹਨਾਂ ਨੂੰ ਨੀਵੀਂ ਜ਼ਾਤ ਦਾ ਕਹਿ ਕੇ ਦੇਹੁਰੇ ‘ਚੋਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਸੀ।ਉਹਨਾਂ ਹੀ ਪੰਡਿਆਂ ਦੀਆਂ ਕੁਝ ਰੂਹਾਂ ਸ਼ਾਇਦ ਸਾਡੇ ਗੁਰਦੁਆਰਿਆਂ ਵਿਚ ਆ ਬਿਰਾਜੀਆਂ ਹਨ।

ਅੱਜ ਕੱਲ ਬਠਿੰਡੇ ਜ਼ਿਲ੍ਹੇ ਵਿਚ ਰੂਮੀ ਵਾਲ਼ੇ ਡੇਰੇ ਦੀ ਵੀ ਖ਼ੂਬ ਚਰਚਾ ਹੈ, ਜਿੱਥੇ ਅਖਾਉਤੀ ਨੀਵੀਆਂ ਜ਼ਾਤਾਂ ਨੂੰ ਗੁਰਦੁਆਰੇ ਵਿਚ ਨਹੀਂ ਵੜਨ ਦਿੱਤਾ ਜਾਂਦਾ। ਉੱਥੇ ਅਖੰਡ ਪਾਠ ਅਤੇ ਬੱਚੀਆਂ ਦੇ ਅਨੰਦ ਕਾਰਜ ਕਰਵਾਉਣ ਲਈ ਇਹਨਾਂ ਲੋਕਾਂ ਨੂੰ ਜਿਲ੍ਹਾ ਪ੍ਰਸ਼ਾਸਨ ਦੀ ਮਦਦ ਲੈਣੀ ਪੈ ਰਹੀ ਹੈ। ਸ਼੍ਰੋਮਣੀ ਕਮੇਟੀ ਬਾਹਰ ਬੈਠੀ ਤਮਾਸ਼ਾ ਦੇਖ ਰਹੀ ਹੈ। ਮਰਯਾਦਾ ਦਾ ਆਲੰਬਰਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਮੁੱਖ ਗ੍ਰੰਥੀ ਵੀ ਨਹੀਂ ਬੋਲ ਰਿਹਾ।

ਬਰਛਿਆਂ ਵਾਲ਼ੇ ਨੌਜੁਆਨ ਜਿਹੜੇ ਸੇਵਾਦਾਰਾਂ ਦੇ ਰੂਪ ਵਿਚ ਖੜ੍ਹੇ ਕੀਤੇ ਹੋਏ ਹਨ, ਉਹਨਾਂ ‘ਚੋਂ ਬਹੁਤਿਆਂ ਦਾ ਸੰਗਤਾਂ ਨਾਲ਼ ਵਤੀਰਾ ਠੀਕ ਨਹੀਂ ਹੈ। ਤਿੰਨ ਕੁ ਸਾਲ ਹੋਏ, ਅਸੀਂ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਗਏ। ਸ਼ਾਮ ਦਾ ਸਮਾਂ ਸੀ, ਰਾਮਗੜ੍ਹੀਆ ਬੁੰਗੇ ਦੀ ਮੁਰੰਮਤ ਹੋਣ ਕਰਕੇ ਉਸ ਦੇ ਚਾਰੇ ਪਾਸੇ ਸਕੈਫੋਲਡਿੰਗ ਲੱਗੀ ਹੋਈ ਸੀ। ਅਸੀਂ ਸੋਚਿਆ ਕਿ ਜੇ ਪਤਾ ਲੱਗ ਜਾਏ ਕਿ ਕਿਸ ਪਾਸਿਉਂ ਦੀ ਅੰਦਰ ਜਾਇਆ ਜਾ ਸਕਦਾ ਹੈ, ਤਾਂ ਬੱਚਿਆਂ ਨੂੰ ਬੁੰਗਾ ਹੀ ਅੰਦਰੋਂ ਦਿਖਾ ਦੇਈਏ ਵਿਸ਼ੇਸ਼ ਕਰ ਕੇ ਰਾਮਗ੍ਹੜੀਆ ਸਰਦਾਰ ਵਲੋਂ ਲਾਲ ਕਿਲ੍ਹੇ ‘ਚੋਂ ਪੁੱਟ ਕੇ ਲਿਆਂਦੀ ਉਹ ਸਿਲ ਜਿਸ ‘ਤੇ ਮੁਗ਼ਲ ਬਾਦਸ਼ਾਹਾਂ ਦੀ ਤਾਜਪੋਸ਼ੀ ਹੁੰਦੀ ਸੀ। ਮੈਂ ਕਿਸਮਤ ਦਾ ਮਾਰਿਆ ਇਕ ਬਰਛੇ ਵਾਲ਼ੇ ਨੂੰ ਬੁੰਗੇ ਦਾ ਰਾਹ ਪੁੱਛ ਬੈਠਾ। ਉਹ ਕੜਕ ਕੇ ਬੋਲਿਆ, “ਓਥੇ ਕੀ ਰੱਖਿਆ ਹੋਇਆ, ਉੱਥੋਂ ਕੀ ਲੈਣਾ ਤੁਸੀਂ। ਐਧਰ ਗੁਰੂ ਰਾਮ ਦਾਸ ਦੇ ਦਰਬਾਰ ‘ਚ ਜਾਉ ਤਾਂ”। ਉਸ ਦਾ ਜਵਾਬ ਸੁਣ ਕੇ ਮੈਂ ਖੜ੍ਹਾ ਹੀ ਸੁੰਨ ਹੋ ਗਿਆ। ਬੱਚੇ ਵੀ ਹੈਰਾਨ ਪਰੇਸ਼ਾਨ ਕਿਉਂਕਿ ਉਹ ਪੱਛਮੀ ਦੇਸ਼ਾਂ ਵਿਚ ਇਹੋ ਜਿਹੇ ਵਰਤਾਰੇ ਦੇ ਆਦੀ ਨਹੀਂ। ਗੁੱਸਾ ਤਾਂ ਬੜਾ ਆਇਆ, ਪਰ ਰਾਤ ਨੂੰ ਸਾਡੀ ਵਾਪਿਸੀ ਦੀ ਫਲਾਈਟ ਸੀ, ਸੋ ਮੈਂ ਉਸ ਨਾਲ਼ ਪੰਗਾ ਲੈਣਾ ਮੁਨਾਸਿਬ ਨਾ ਸਮਝਿਆ। ਉਸ ਨੂੰ ਸ਼ਾਇਦ ਰਾਮਗੜ੍ਹੀਆ ਸ਼ਬਦ ਨਾਲ਼ ਹੀ ਨਫ਼ਰਤ ਸੀ, ਜੋ ਕਿ ਉਸ ਦੇ ਚਿਹਰੇ ਤੋਂ ਦਿਸ ਰਹੀ ਸੀ।

ਮੇਰਾ ਖ਼ਿਆਲ ਹੈ ਕਿ ਇਹਨਾਂ ਸੇਵਾਦਾਰਾਂ ਨੂੰ ਕਿਸੇ ਪ੍ਰਕਾਰ ਦੀ ਪਬਲਿਕ ਰੀਲੇਸ਼ਨਜ਼ ਦੀ ਸਿਖ਼ਲਾਈ ਨਹੀਂ ਦਿਤੀ ਜਾਂਦੀ। ਇਹ ਵੀ ਕਿਹਾ ਜਾਂਦਾ ਹੈ ਕਿ ਇਹਨਾਂ ਦੀ ਭਰਤੀ ਜਥੇਦਾਰਾਂ ਦੀਆਂ ਸਿਫ਼ਾਰਸ਼ਾਂ ਨਾਲ਼ ਹੁੰਦੀ ਹੈ। ਭਰਤੀ ਕਰਨ ਤੋਂ ਬਾਅਦ ਪੀਲਾ ਚੋਲਾ ਪੁਆ ਕੇ ਇਹਨਾਂ ਦੇ ਹੱਥ ਬਰਛਾ ਫੜਾ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਹੀ ਕੁਝ ਸਾਲ ਹੋਏ ਕਿਸੇ ਬਾਹਰਲੇ ਸੂਬੇ ਤੋਂ ਆਈ ਹੋਈ ਇਕ ਮਾਈ ਨੂੰ ਇਕ ਬਰਛੇ ਵਾਲ਼ੇ ਨੇ ਏਨੇ ਜ਼ੋਰ ਨਾਲ਼ ਦਬਕਾ ਮਾਰਿਆ ਸੀ ਕਿ ਉਹ ਵਿਚਾਰੀ ਪਤਝੜ ਦੇ ਪੱਤੇ ਵਾਂਗ ਖੜ੍ਹੀ ਹੀ ਕੰਬੀ ਜਾ ਰਹੀ ਸੀ। ਮੈਂ ਸੋਚ ਰਿਹਾ ਸਾਂ ਕਿ ਇਹ ਔਰਤ ਵਾਪਿਸ ਪਰਤ ਕੇ ਸਿੱਖ ਧਰਮ ਬਾਰੇ ਕਿਹੋ ਜਿਹਾ ਸੁਨੇਹਾ ਆਪਣੇ ਲੋਕਾਂ ਨੂੰ ਦੇਵੇਗੀ।

ਕੁਝ ਲੋਕਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਸਾਰੇ ਹਿੰਦੁਸਤਾਨ ਵਿਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ ਇਸੇ ਤਰ੍ਹਾਂ ਹੀ ਸ਼੍ਰੋਮਣੀ ਕਮੇਟੀ ਵੀ ਭ੍ਰਿਸ਼ਟਾਚਾਰ ਵਿਚ ਲਿਬੜੀ ਪਈ ਹੈ। ਪਿਛੇ ਜਿਹੇ ਹੀ ਮਾਇਆ ਗਿਣਦਿਆਂ ਅੱਸੀ ਹਜ਼ਾਰ ਰੁਪਏ ਲੁਕੋਣ ਦੇ ਇਲਜ਼ਾਮ ਵੀ ਕੁਝ ਸੇਵਾਦਾਰਾਂ ‘ਤੇ ਲੱਗੇ ਹਨ। ਇਹ ਵੀ ਚਰਚੇ ਹਨ ਕਿ ਰਾਗੀ ਸਿੰਘਾਂ ਦੇ ਪਿਛਲੇ ਪਾਸੇ ਬਿਠਾਉਣ ਵਿਚ ਵੀ ਭਾਈ ਭਤੀਜਾਵਾਦ ਚਲਦਾ ਹੈ। ਕਿਸੇ ਵੀ.ਆਈ.ਪੀ. ਦੇ ਆਉਣ ‘ਤੇ ਪਿੱਛੇ ਬੈਠਿਆਂ ਨੂੰ ਬੜੇ ਬੇਇੱਜ਼ਤ ਢੰਗ ਨਾਲ਼ ਉਠਾ ਦਿੱਤਾ ਜਾਂਦਾ ਹੈ।

ਇਸ ਤਰ੍ਹਾਂ ਦਾ ਵਰਤਾਰਾ ਗੁਰੂ ਸਾਹਿਬ ਜੀ ਦੇ ਆਦਰਸ਼ਾਂ ਅਤੇ ਅਸੂਲਾਂ ਦੇ ਵਿਰੁੱਧ ਹੈ। ਗੁਰੂ ਦਰਬਾਰ ਵਿਚ ਹਰੇਕ ਨਾਲ਼ ਬਰਾਬਰ ਦਾ ਵਰਤਾਉ ਹੋਣਾ ਚਾਹੀਦਾ ਹੈ। ਵੱਡੇ ਅਹੁੱਦਿਆਂ ‘ਤੇ ਬੈਠੇ ਜਥੇਦਾਰੋ, ਨੇਕ-ਨੀਅਤੀ ਨਾਲ਼ ਇਹਨਾਂ ਖ਼ਾਮੀਆਂ ਨੂੰ ਦੂਰ ਕਰ ਕੇ ਸਿੱਖ ਧਰਮ ਦਾ ਬੋਲ-ਬਾਲਾ ਕਰੋ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top