Share on Facebook

Main News Page

ਸੋਧ ਦੇ ਨਾਂ ਹੇਠ ਵਿਗਾੜਿਆ ਨਾਨਕਸ਼ਾਹੀ ਕੈਲੰਡਰ ਸਾਨੂੰ ਕਿਉਂ ਮਨਜੂਰ ਨਹੀਂ

- ਗੁਰੂ ਗ੍ਰੰਥ ਦਾ ਖ਼ਾਲਸਾ ਪੰਥ ਜਥੇਬੰਦੀ

  1. ਧਰਤੀ ਸੂਰਜ ਦੇ ਦੁਆਲੇ ਘੁੰਮਦੀ ਹੈ। ਇਸ ਦਾ ਇਕ ਚੱਕਰ ੩੬੫.੨੪੨੧੯੬ ਦਿਨ (੩੬੫ ਦਿਨ ੫ ਘੰਟੇ ੪੮ ਮਿੰਟ ੪੫ ਸੈਕਿੰਡ) ਵਿਚ ਪੂਰਾ ਹੁੰਦਾ ਹੈ ਇਸ ਨੂੰ ਮੌਸਮੀ ਸਾਲ ਕਹਿੰਦੇ ਹਨ।

  2. ਜੂਲੀਅਨ ਕੈਲੰਡਰ ਵੀ ਸੂਰਜੀ ਕੈਲੰਡਰ ਸੀ ਜਿਸ ਦੇ ਸਾਲ ਦੀ ਲੰਬਾਈ ੩੬੫.੨੫ ਦਿਨ ਸੀ। ਇਹ ਸਾਲ ਮੌਸਮੀ ਸਾਲ ਤੋਂ ਲੱਗ-ਭੱਗ ੧੨੮ ਸਾਲ ਪਿਛੋਂ ਇਕ ਦਿਨ ਅੱਗੇ ਹੋ ਜਾਂਦਾ ਸੀ। ਅਕਤੂਬਰ ੧੫੮੨ ਵਿਚ ਇਸ 'ਚ ਸੋਧ ਕੀਤੀ ਗਈ ਸੀ। ਇਸ ਸੋਧ ਕਾਰਨ ੪ ਅਕਤੂਬਰ ਪਿਛੋਂ ਸਿੱਧਾ ਹੀ ੧੫ ਅਕਤੂਬਰ ਕਰ ਦਿੱਤਾ ਗਿਆ ਸੀ। ਭਾਵ ੧੦ ਦਿਨ ਖਤਮ ਕਰ ਦਿੱਤੇ ਗਏ ਸਨ। ਇੰਗਲੈਂਡ ਨੇ ਇਹ ਸੋਧ ਸਤੰਬਰ ੧੭੫੨ ਵਿਚ ਲਾਗੂ ਕੀਤੀ ਸੀ। ਉਦੋਂ ੨ ਸਤੰਬਰ ਪਿਛੋਂ ੧੪ ਸਤੰਬਰ ਕਰ ਦਿੱਤੀ ਗਈ ਸੀ ਭਾਵ ੧੧ ਦਿਨ ਖਤਮ ਕਰ ਦਿੱਤੇ ਗਏ ਸਨ। ਹੁਣ ਇਸ ਨੂੰ ਗਰੈਗੋਰੀਅਨ ਕੈਲੰਡਰ ਜਾਂ ਸੀ: ਈ: ਕਹਿੰਦੇ ਹਨ। ਇਸ ਦੇ ਸਾਲ ਦੀ ਲੰਬਾਈ ੩੬੫.੨੪੨੫ ਦਿਨ ਹੈ।

  3. ਸੂਰਜੀ ਬਿਕ੍ਰਮੀ ਕੈਲੰਡਰ:- ਗੁਰੂ ਕਾਲ ਵੇਲੇ ਇਹ ਕੈਲੰਡਰ ਪ੍ਰਚੱਲਤ ਸੀ। ਇਸ ਕੈਲੰਡਰ ਦੇ ਸਾਲ ਦੀ ਲੰਬਾਈ ੩੬੫.੨੫੮੭ ਦਿਨ ਸੀ। ਇਸ ਨੂੰ ਸੂਰਜੀ ਸਿਧਾਂਤ ਕਿਹਾ ਜਾਂਦਾ ਸੀ। ਲੰਬਾਈ ਮੌਸਮੀ ਸਾਲ ਦੀ ਲੰਬਾਈ (੩੬੫.੨੪੨੧੬ ਦਿਨ) ਤੋਂ ਲੱਗ ਭੱਗ ੨੪ ਮਿੰਟ ਵੱਧ ਹੋਣ ਕਾਰਨ ਇਹ ੬੦ ਸਾਲ ਪਿਛੋਂ ਇਕ ਦਿਨ ਅੱਗੇ ਹੋ ਜਾਂਦਾ ਸੀ। ਨਵੰਬਰ ੧੯੬੪ 'ਚ ਅੰਮ੍ਰਿਤਸਰ ਵਿਖੇ ਵਿਦਵਾਨਾਂ ਦੀ ਇਕੱਤਰਤਾ 'ਚ ਇਸ ਕੈਲੰਡਰ 'ਚ ਸੋਧ ਕੀਤੀ ਗਈ। ਸਾਲ ਦੀ ਲੰਬਾਈ ੩੬੫.੨੫੮੭੫ ਤੋਂ ਘਟਾ ਕੇ ੩੬੫.੨੫੬੩੬ ਕਰ ਦਿੱਤੀ ਗਈ। ਹੁਣ ਇਸ ਨੂੰ ਦ੍ਰਿਕ ਗਿਣਤ ਸਿਧਾਂਤ ਕਿਹਾ ਜਾਂਦਾ ਹੈ। ਇਹ ਲੰਬਾਈ ਵੀ ਮੌਸਮੀ ਸਾਲ ਤੋਂ ਲੱਗ ਭੱਗ ੨੦ ਮਿੰਟ ਵੱਧ ਹੈ। ਹੁਣ ਇਹ ੭੨ ਸਾਲ ਪਿਛੋਂ ਮੌਸਮੀ ਸਾਲ ਤੋਂ ਇਕ ਦਿਨ ਅੱਗੇ ਹੋ ਜਾਂਦਾ ਹੈ। ਉਤਰੀ ਭਾਰਤ ਵਿਚ ਉਦੋਂ ਤੋਂ ਹੀ ਸੂਰਜ ਸਿਧਾਂਤ ਦੀ ਬਜਾਏ ਦ੍ਰਿਕਗਿਣਤ ਸਿਧਾਂਤ ਅਨੁਸਾਰ ਕੈਲੰਡਰ ਬਣਦੇ ਹਨ। ਸੂਰਜੀ ਬਿਕ੍ਰਮੀ ਕੈਲੰਡਰ ਦੇ ਮਹੀਨੇ ਦਾ ਅਰੰਭ ਸੰਗਰਾਂਦ ਵਾਲੇ ਦਿਨ, ਭਾਵ ਉਸ ਦਿਨ ਹੁੰਦਾ ਹੈ ਜਦੋਂ ਸੂਰਜ ਇਕ ਰਾਸ਼ੀ ਤੋਂ ਦੂਜੀ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ। ਸੂਰਜ ਦਾ ਰਾਸ਼ੀ ਪ੍ਰਵੇਸ਼ ਹਰ ਸਾਲ ਬਦਲਾ ਰਹਿੰਦਾ ਹੈ ਜਿਸ ਕਾਰਨ ਇਸ ਕੈਲੰਡਰ ਦੀਆਂ ਸੰਗਰਾਦਾਂ ਵੀ ਹਰ ਸਾਲ ਬਦਲਦੀਆਂ ਰਹਿੰਦੀਆਂ ਹਨ।

  4. ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ:- ਚੰਦ ਧਰਤੀ ਦੇ ਦੁਆਲੇ ਘੁੰਮਦਾ ਹੈ ਇਹ ਚੱਕਰ ੨੯.੫੩ ਦਿਨ ਵਿਚ ਪੁਰਾ ਕਰਦਾ ਹੈ। ਇਸ ਨੂੰ ਚੰਦ ਦਾ ਇਕ ਮਹੀਨਾ ਕਿਹਾ ਜਾਂਦਾ ਹੈ। ਚੰਦ ਦੇ ਸਾਲ 'ਚ ੧੨ ਮਹੀਨੇ ਅਤੇ ੩੫੪.੩੭ ਦਿਨ (੩੫੪ ਦਿਨ, ੮ ਘੰਟੇ, ੫੨ ਮਿੰਟ ਅਤੇ ੪੮ ਸੈਕਿੰਡ) ਹੁੰਦੇ ਹਨ। ਧਰਤੀ ਸੂਰਜ ਦੇ ਦੁਵਾਲੇ ਘੁੰਮਦੀ ਹੈ ਇਸ ਦਾ ਇਕ ਚੱਕਰ ੩੬੫.੨੪੨੧੯੬ ਦਿਨ (੩੬੫ ਦਿਨ ੫ ਘੰਟੇ ੪੮ ਮਿੰਟ ੪੫ ਸੈਕਿੰਡ) ਵਿਚ ਪੂਰਾ ਹੁੰਦਾ ਹੈ ਇਸ ਨੂੰ ਮੌਸਮੀ ਸਾਲ ਕਹਿੰਦੇ ਹਨ। ਇਸ ਤੋਂ ਸਪੱਸ਼ਟ ਹੈ ਕੇ ਚੰਦ ਦਾ ਸਾਲ ਸੂਰਜੀ ਸਾਲ ਤੋਂ ਲੱਗ-ਭੱਗ ੧੧ ਦਿਨ ਛੋਟਾ ਹੁੰਦਾ ਹੈ। ਹੁਣ ਜਦੋਂ ਇਕ ਸਾਲ ਵਿਚ ੧੧ ਦਿਨ, ਦੋ ਸਾਲਾ ਵਿਚ ੨੨ ਦਿਨ ਜਾਂ ਤਿੰਨ ਸਾਲਾਂ 'ਚ ੩੩ ਦਿਨ, ਚੰਦ ਦਾ ਸਾਲ ਸੂਰਜੀ ਸਾਲ ਤੋਂ ਪਿਛੇ ਰਹਿ ਜਾਂਦਾ ਹੈ ਤਾਂ ਚੰਦ ਦੇ ਸਾਲ ਨੂੰ ਸੂਰਜੀ ਸਾਲ ਦੇ ਨੇੜੇ-ਤੇੜੇ ਰੱਖਣ ਲਈ ਇਸ ਵਿਚ ਇਕ ਵਾਧੂ ਮਹੀਨਾ ਜੋੜ ਦਿੱਤਾ ਜਾਂਦਾ ਹੈ ਉਸ ਸਾਲ ਚੰਦ ਦੇ ਸਾਲ ਦੇ ੧੩ ਮਹੀਨੇ ਅਤੇ ੩੮੩/੩੮੪ ਦਿਨ ਹੁੰਦੇ ਹਨ। ਅਜੇਹਾ ੧੯ ਸਾਲ ਵਿਚ ੭ ਵਾਰੀ ਹੁੰਦਾ ਹੈ।

  5. ਨਾਨਕਸ਼ਾਹੀ ਕੈਲੰਡਰ:- ਇਹ ਸੂਰਜੀ ਕੈਲੰਡਰ ਹੈ। ਇਸ ਦੇ ਸਾਲ ਦੀ ਲੰਬਾਈ ਸਾਰੀ ਦੁਨੀਆਂ ਵਿੱਚ ਪ੍ਰਚੱਲਤ ਸਾਂਝਾ ਸਾਲ ਗਰੈਗੋਰੀਅਨ ਦੇ ਸਾਲ ਦੀ ਲੰਬਾਈ ਦੇ ਬਿਲਕੁਲ ਬਰਾਬਰ ਭਾਵ ੩੬੫.੨੪੨੫ ਦਿਨ ਹੈ। ਜੋ ਮੌਸਮੀ ਸਾਲ (੩੬੫.੨੪੨੧੯੬ ਦਿਨ) ਦੇ ਬਹੁਤ ਹੀ ਨੇੜੇ ਹੈ। ਹੁਣ ਇਹ ਮੌਸਮੀ ਸਾਲ ਤੋਂ ਲੱਗ-ਭੱਗ ੩੩੦੦ ਸਾਲ ਪਿਛੋਂ ਇਕ ਦਿਨ ਅੱਗੇ ਹੋਵੇਗਾ। ਇਸ ਦੇ ਮਹੀਨੇ ਦੇ ਅਰੰਭ ਦੀ ਤਾਰੀਖਾਂ ਸਦਾ ਵਾਸਤੇ ਹੀ ਪੱਕੀਆਂ ਹਨ ਜਿਨ੍ਹਾਂ ਦਾ ਸੂਰਜ ਦੇ ਰਾਸ਼ੀ ਪ੍ਰਵੇਸ਼ ਨਾਲ ਕੋਈ ਸਬੰਧ ਨਹੀਂ ਹੈ। ਜਿਵੇਂ ਚੇਤ ੧੪ ਮਾਰਚ, ਵੈਸਾਖ ੧੪ ਅਪ੍ਰੈਲ, ਜੇਠ ੧੫ ਮਈ, ਹਾੜ ੧੫ ਜੂਨ, ਸਾਵਣ ੧੬ ਜੁਲਾਈ, ਭਾਦੋਂ ੧੬ ਅਗਸਤ, ਅੱਸੂ ੧੫ ਸਤੰਬਰ, ਕੱਤਕ ੧੫ ਅਕਤੂਬਰ, ਮੱਘਰ ੧੪ ਨਵੰਬਰ, ਪੋਹ ੧੪ ਦਸੰਬਰ, ਮਾਘ ੧੩ ਜਨਵਰੀ ਅਤੇ ਫੱਗਣ ੧੨ ਫਰਵਰੀ।

  6. ਧੁਮੱਕੜਸ਼ਾਹੀ ਕੈਲੰਡਰ ਦਾ ਨਾਮ ਤਾਂ ਨਾਨਕਸ਼ਾਹੀ ਰੱਖਿਆ ਗਿਆ ਹੈ, ਪਰ ਇਸ ਦੇ ਸਾਲ ਦੀ ਲੰਬਾਈ ਬਿਕ੍ਰਮੀ ਸਾਲ ਦੇ ਬਰਾਬਰ ੩੬੫.੨੫੬੩੬ ਦਿਨ, ਜਿਸ ਮੁਤਾਬਕ ਹੁਣ ਇਹ ਸਾਲ ਮੌਸਮੀ ਸਾਲ ਤੋਂ ੭੨ ਸਾਲ ਪਿਛੋਂ ਇਕ ਦਿਨ ਅੱਗੇ ਹੋ ਜਾਵੇਗਾ। ਮਹੀਨੇ ਦਾ ਅਰੰਭ ਸੂਰਜ ਦੇ ਨਵੀਂ ਰਾਸ਼ੀ 'ਚ ਪ੍ਰਵੇਸ਼ ਨਾਲ, ਜਿਸ ਕਾਰਨ ਹਰ ਸਾਲ ਤਿੰਨ-ਚਾਰ ਤਾਰੀਖਾਂ ਬਦਲ ਜਾਦੀਆਂ ਹਨ। ਕੁਝ ਦਿਹਾੜੇ ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਮੁਤਾਬਕ, ਕੁਝ ਦਿਹਾੜੇ ਸੀ ਈ ਕੈਲੰਡਰ ਮੁਤਾਬਕ ਅਤੇ ਬਹੁਤੇ ਦਿਹਾੜਿਆਂ ਦੀਆਂ ਤਾਰੀਖਾਂ ਤਾਂ ਨਾਨਕਸ਼ਾਹੀ ਕੈਲੰਡਰ ਵਾਲੀਆ ਹੀ ਰੱਖ ਲਈਆਂ ਹਨ ਪਰ ਮਹੀਨੇ ਦਾ ਅਰੰਭ ਸੂਰਜ ਦੇ ਨਵੀ ਰਾਸ਼ੀ 'ਚ ਪ੍ਰਵੇਸ਼ ਕਰਨ ਨਾਲ ਨੱਥੀ ਹੋਣ ਕਾਰਨ ਇਤਿਹਾਸਿਕ ਦਿਹਾੜਿਆਂ ਦੀਆਂ ਤਾਰੀਖਾਂ ਹਰ ਸਾਲ ਇਕ ਦਿਨ ਅੱਗੜ-ਪਿੱਛੜ ਹੋ ਜਾਦੀਆਂ ਹਨ। ਜਿਵੇਂ ਕਿ:-

() ਗੁਰੂ ਨਾਨਕ ਜੀ ਦਾ ਪ੍ਰਕਾਸ਼ ਦਿਹਾੜਾ ਤਾ ਚੰਦਰ-ਸੂਰਜੀ ਮੁਤਾਬਕ ਕੱਤਕ ਦੀ ਪੂਰਨਮਾਸ਼ੀ ਹੈ ਪਰ ਜੋਤੀ ਜੋਤ ਦਿਹਾੜਾ ੮ ਅੱਸੂ ਸੂਰਜੀ ਬਿਕ੍ਰਮੀ ਮੁਤਾਬਕ ਹੈ। ੮ ਅੱਸੂ/੨੨ ਸਤੰਬਰ ਤਾਂ ਨਾਨਕਸ਼ਾਹੀ ਵਾਲੀ ਹੈ ਪਰ ਮਹੀਨੇ ਦਾ ਅਰੰਭ (ਸੰਗਰਾਦ) ਸੂਰਜੀ ਬਿਕ੍ਰਮੀ ਦ੍ਰਿਕਗਿਣਤ ਮੁਤਾਬਕ ਹੋਣ ਕਰਕੇ ਇਸ ਸਾਲ ਇਹ ਦਿਹਾੜਾ ੨੨ ਸਤੰਬਰ ੭ ਅੱਸੂ ਨੂੰ ਆਵੇਗਾ ਅਤੇ ਅਗਲੇ ਸਾਲ ੨੨ ਸਤੰਬਰ ੬ ਅੱਸੂ ਨੂੰ ਹੋਵੇਗਾ। ਜਦੋਂ ਕਿ ਇਤਿਹਾਸਿਕ ਤੌਰ ਦੇ ਇਹ ਦਿਹਾੜਾ ੮ ਅੱਸੂ ਦਾ ਹੈ। ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਅਤੇ ਗੁਰਗੱਦੀ ਦਿਹਾੜੇ ਦੀ ਤਾਰੀਖ ਨਾਨਕ ਸ਼ਾਹੀ ਵਾਲੀ ਪਰ ਸ਼ਹੀਦੀ ਦਿਹਾੜਾ ਚੰਦਰ-ਸੂਰਜੀ ਬਿਕ੍ਰਮੀ ਮੁਤਾਬਕ।

() ਗੁਰੂ ਅਰਜਨ ਦੇਵ ਜੀ ਸ਼ਹੀਦੀ ਦਿਹਾੜਾ ਜੇਠ ਸੁਦੀ ੪ ਮੁਤਾਬਕ ੨੦੧੩ ਵਿਚ ੧੨ ਜੂਨ, ੨੦੧੪ ਵਿੱਚ ੧ ਜੂਨ, ੨੦੧੫ ਵਿੱਚ ੨੨ ਮਈ, ਅਤੇ ੨੦੧੬ ਵਿੱਚ ੮ ਜੂਨ, ੨੦੧੭ ਵਿੱਚ ੨੯ ਮਈ ਨੂੰ ਆਵੇਗਾ। ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਦਿਵਸ ਹਰ ਸਾਲ ਨਾਨਕਸ਼ਹੀ ਕੈਲੰਡਰ ਵਾਲਾ ਹੀ ਰੱਖ ਲਿਆ ਜਿਹੜਾ ਕਿ ਹਰ ਸਾਲ ੧੧ ਜੂਨ ਨੂੰ ਆਵੇਗਾ। ੨੦੧੨ ਵਿੱਚ ਜੇਠ ਸੁਦੀ ੪ ਮੁਤਾਬਕ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਤਾਂ ੨੪ ਮਈ ਨੂੰ ਸੀ ਪਰ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਦਿਵਸ ੧੧ ਜੂਨ ਨੂੰ ਮਨਾਇਆ ਗਿਆ ਸੀ ਤਾਂ ਸਵਾਲ ਪੈਦਾ ਹੋਇਆ ਸੀ ਕਿ ਗੁਰੂ ਅਰਜਨ ਦੇਵ ਜੀ ੨੪ ਮਈ ਨੂੰ ਸ਼ਹੀਦ ਹੋ ਗਏ ਸਨ, ੧੧ ਜੂਨ ਨੂੰ ਗੁਰੂ ਹਰਿਗੋਬਿੰਦ ਸਾਹਿਬ ਨੂੰ ਗੁਰਗੱਦੀ ਕਿਸ ਨੇ ਦਿੱਤੀ ਸੀ? ਅਤੇ ੨੪ ਮਈ ਤੋਂ ੧੧ ਜੂਨ ਦੇ ਦਰਮਿਆਨ ੧੮ ਦਿਨ ਲਈ ਗੁਰਗੱਦੀ ਤੇ ਕੌਣ ਵਿਰਾਜ ਮਾਨ ਸੀ? ਅਜੇਹੀ ਸਥਿਤੀ ਹੀ ੨੦੧੪,੧੫,੧੬ ਅਤੇ ੧੭ ਵਿੱਚ ਵੀ ਹੋਵੇਗੀ।

() ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਅਤੇ ਜੋਤੀ ਜੋਤ ਦਿਹਾੜਾ ਚੰਦਰ-ਸੂਰਜੀ ਬਿਕ੍ਰਮੀ ਮੁਤਾਬਕ ਪੋਹ ਸੁਦੀ ੭ ਹੈ ਪਰ ਗੁਰਗੱਦੀ ਦਿਵਸ ੧੧ ਮੱਘਰ/੨੪ ਨਵੰਬਰ, ਇਹ ਤਾਰੀਖ ਨਾਨਕਸ਼ਾਹੀ ਕੈਲੰਡਰ ਦੀ ਹੈ। ਸੰਗਰਾਦ ਸੂਰਜੀ ਬਿਕ੍ਰਮੀ ਦ੍ਰਿਕਗਿਣਤ ਵਾਲੀ ਹੋਣ ਕਰਕੇ ਇਸ ਸਾਲ ਇਹ ਦਿਹਾੜਾ ੯ ਮੱਘਰ ਨੂੰ ਆਵੇਗਾ।

ਹੁਣ ਸਵਾਲ ਪੈਦਾ ਹੁੰਦਾ ਹੈ ਕਿ ਸਾਰੇ ਦਿਹਾੜੇ ਇਕ ਕੈਲੰਡਰ ਮੁਤਾਬਕ ਕਿਉ ਨਹੀ ਮਨਾਏ ਜਾ ਸਕਦੇ? ੮ ਫਰਵਰੀ ੨੦੧੩ ਨੂੰ ਜੋ ਵਿਗਾੜਿਆ ਹੋਇਆ ਕੈਲੰਡਰ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤਾ ਗਿਆ ਹੈ ਇਹ ਚੰਦਰ-ਸੂਰਜੀ ਬਿਕ੍ਰਮੀ, ਸੂਰਜੀ ਬਿਕ੍ਰਮੀ, ਨਾਨਕਸ਼ਾਹੀ ਅਤੇ ਸੀ: ਈ: ਕੈਲੰਡਰ ਦਾ ਮਿਲਗੋਭਾ ਹੈ। ਇਸ ਕਾਰਣ ਇਹ ਸਿੱਖ ਕੌਮ ਨੂੰ ਮਨਜੂਰ ਨਹੀਂ ਹੋ ਸਕਦਾ।

ਨਾਨਕਸ਼ਾਹੀ ਕੈਲੰਡਰ ਦੇ ਵਿਰੋਧੀ ਅਕਸਰ ਹੀ ਇਹ ਦਲੀਲ ਦਿੰਦੇ ਸਨ ਕਿ ਨਾਨਕਸ਼ਾਹੀ ਕੈਲੰਡਰ ਵਿੱਚ ਇੱਕ ਹੀ ਦਿਨ 'ਚ ਚਾਰ-ਚਾਰ ਗੁਰਪੁਰਬ ਇਕੱਠੇ ਆ ਜਾਂਦੇ ਹਨ। ਪਰ ਇਨ੍ਹਾਂ ਵੱਲੋਂ ਕੁਸੋਧਾ ਲਾਉਣ ਪਿਛੋਂ ਜਾਰੀ ਕੀਤੇ ਧੁਮੱਕੜ ਛਾਪ ਕੈਲੰਡਰ ਵਿੱਚ ਉਹ ਗੁਰਪੁਰਬ ਹੁਣ ਵੀ ਚਾਰ ਚਾਰ ਇਕੱਠੇ ਆ ਰਹੇ ਤਾਂ ਇਨ੍ਹਾਂ ਨੂੰ ਕੋਈ ਇਤਰਾਜ ਨਹੀਂ ਹੈ! ਦੂਸਰੀ ਦਲੀਲ ਸੀ ਕਿ ਅਸੀਂ ਉਹ ਕੈਲੰਡਰ ਕਿਉਂ ਛੱਡੀਏ, ਜੋ ਗੁਰੂ ਕਾਲ 'ਚ ਲਾਗੂ ਸੀ। ਪਰ ਇਹ ਭੁੱਲ ਜਾਂਦੇ ਹਨ ਕਿ ਗੁਰੂ ਕਾਲ 'ਚ ਜਿਹੜਾ ਸੂਰਜੀ ਬਿਕ੍ਰਮੀ ਕੈਲੰਡਰ ਲਾਗੂ ਸੀ ਉਸ ਨੂੰ 'ਸੂਰਜੀ ਸਿਧਾਂਤ ਮੁਤਾਬਕ ਬਣਾਇਆ ਜਾਂਦਾ ਸੀ ਜਿਸ ਦੇ ਸਾਲ ਦੀ ਲੰਬਾਈ ੩੬੫.੨੫੮੭੫ ਦਿਨ ਸੀ। ੮ ਫਰਵਰੀ ੨੦੧੩ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਜੋ ਸੋਧਿਆ ਹੋਇਆ (ਅਸਲ 'ਚ ਵਿਗਾੜਿਆ ਹੋਇਆ) ਕੈਲੰਡਰ ਜਾਰੀ ਕੀਤਾ ਗਿਆ ਹੈ ਉਹ ਦ੍ਰਿਕਗਿਣਤ ਸਿਧਾਂਤ ਮੁਤਾਬਕ ਹੈ ਜਿਸ ਦੇ ਸਾਲ ਦੀ ਲੰਬਾਈ ੩੬੫.੨੫੬੩੬ ਦਿਨ ਹੈ।

ਇਥੇ ਹੋਰ ਸਵਾਲ ਪੈਦਾ ਹੁੰਦਾ ਹੈ ਕਿ ਜੇ ਪੁਰਾਤਨ ਰਵਾਇਤ ਹੀ ਰੱਖਣੀ ਹੈ ਤਾਂ ਸੂਰਜ ਸਿਧਾਂਤ ਨੂੰ ਛੱਡ ਕੇ ਦ੍ਰਿਕਗਿਣਤ ਸਿਧਾਂਤ ਕਿਉਂ ਅਪਨਾਇਆ ਗਿਆ ਹੈ? ਤੀਸਰੀ ਦਲੀਲ ਸੀ ਕਿ ਦੋ ਦੋ ਸੰਗਰਾਂਦਾ ਆ ਜਾਣ ਕਰਕੇ ਕੌਮ 'ਚ ਭੰਬਲਭੂਸਾ ਪੈਦਾ ਹੁੰਦਾ ਹੈ। ਵੈਸੇ ਤਾਂ ਸੰਗ੍ਰਾਂਦ ਦਾ ਗੁਰਮਤਿ ਨਾਲ ਕੋਈ ਸਬੰਧ ਹੀ ਨਹੀਂ ਪਰ ਦ੍ਰਿਕ ਗਣਿਤ ਦੇ ਹਿਸਾਬ ਕੁਸੋਧੇ ਧੁਮੱਕੜ ਛਾਪ ਕੈਲੰਡਰ ਦੀਆਂ ਸੰਗ੍ਰਾਂਦਾਂ ਵੀ ਦੱਖਣੀ ਭਾਰਤ ਵਿੱਚ ਪ੍ਰਚਲਤ ਸੁਰਜੀ ਸਿਧਾਂਤ ਵਾਲੇ ਕੈਲੰਡਰ ਨਾਲੋਂ ਬਦਲ ਜਾਂਦੀਆਂ ਤੇ ਹਰ ਦੋ ਦੋ ਸੰਗ੍ਰਾਂਦਾ ਬਣ ਜਾਂਦੀਆਂ ਹਨ।

ਹੈਰਾਨੀ ਹੈ ਕਿ ਜੇ ਇਹ ਹਿੰਦੂ ਪੰਡਿਤ ਵਿਦਵਾਨਾਂ ਵੱਲੋਂ ਸੋਧੇ ਕੈਲੰਡਰ ਨੂੰ ਪ੍ਰਵਾਨ ਕਰ ਰਹੇ ਹਨ ਤਾਂ ਸਿੱਖ ਵਿਦਵਾਨਾਂ ਵੱਲੋਂ ਤਿਆਰ ਕੀਤਾ ਨਾਨਕਸ਼ਾਹੀ ਕੈਲੰਡਰ ਪ੍ਰਵਾਨ ਕਿਉਂ ਨਹੀਂ ਹੈ?


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top