Share on Facebook

Main News Page

ਪ੍ਰੋ. ਦਰਸ਼ਨ ਸਿੰਘ 'ਅਸਲ' ਨਾਨਕਸ਼ਾਹੀ ਕੈਲੰਡਰ ਦੇ ਹੱਕ ਵਿਚ ਨਿਤਰੇ

ਚੰਡੀਗੜ੍ਹ, 22 ਮਾਰਚ (ਗੁਰਪ੍ਰੀਤ ਮਹਿਕ) : ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋ. ਦਰਸ਼ਨ ਸਿੰਘ ਨੇ 'ਅਸਲ' ਨਾਨਕਸ਼ਾਹੀ ਕੈਲੰਡਰ ਨੂੰ ਅਪਣੇ ਸਮਰਥਕਾਂ ਸਮੇਤ ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਮੁੜ ਜਾਰੀ ਕੀਤਾ ਅਤੇ ਕੈਲੰਡਰ ਦੀਆਂ ਕਾਪੀਆਂ ਪੱਤਰਕਾਰਾਂ ਨੂੰ ਵੰਡੀਆਂ। ਉਨ੍ਹਾਂ ਦੇਸ਼ ਅਤੇ ਵਿਦੇਸ਼ ਵਿਚ ਵਸਦੇ ਸਿੱਖਾਂ ਨੂੰ ਅਸਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਗੁਰਪੁਰਬ ਮਨਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਇਸ ਕੈਲੰਡਰ ਦੀਆਂ ਕਾਪੀਆਂ ਦੇਸ਼ ਅਤੇ ਵਿਦੇਸ਼ ਵਿਚ ਵੰਡੇਗੀ।

ਸਪੋਕਸਮੈਨ ਨਾਲ ਗੱਲਬਾਤ ਦੌਰਾਨ ਪ੍ਰੋ. ਦਰਸ਼ਨ ਸਿੰਘ ਨੇ ਕਿਹਾ ਕਿ ਆਰ ਐਸ ਐਸ ਸ਼ੁਰੂ ਤੋਂ ਹੀ ਨਾਨਕਸ਼ਾਹੀ ਕੈਲੰਡਰ ਜਾਰੀ ਕਰਨ ਦੇ ਵਿਰੁਧ ਸੀ। ਇਹ ਕੈਲੰਡਰ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਦੀ ਪ੍ਰਧਾਨਗੀ ਸਮੇਂ ਖ਼ੁਦ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਜਾਰੀ ਕੀਤਾ ਸੀ। ਆਰ.ਐਸ.ਐਸ ਪ੍ਰੋ. ਬਡੂੰਗਰ ਤੋਂ ਨਾਨਕਸ਼ਾਹੀ ਕੈਲੰਡਰ ਜਾਰੀ ਕਰਨ ਕਾਰਨ ਕਾਫ਼ੀ ਨਾਰਾਜ਼ ਸੀ, ਇਸ ਲਈ ਆਰ ਐਸ ਐਸ ਦੇ ਦਬਾਅ ਹੇਠ ਪ੍ਰੋ. ਬਡੂੰਗਰ ਤੋਂ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਲਿਆ ਗਿਆ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪ੍ਰੋ. ਦਰਸ਼ਨ ਸਿੰਘ ਨੇ ਕਿਹਾ ਕਿ ਗੁਰੂ ਸਾਹਿਬਾਨ ਦੇ ਗੁਰਪੁਰਬ ਮਨਾਉਣ ਵਿਚ ਆ ਰਹੀਆਂ ਮੁਸ਼ਕਲਾਂ ਨੂੰ ਧਿਆਨ ਵਿਚ ਰਖਦਿਆਂ ਸ. ਪਾਲ ਸਿੰਘ ਪੁਰੇਵਾਲ ਵਲੋਂ ਤਿਆਰ ਕੀਤਾ ਨਾਨਕਸ਼ਾਹੀ ਕੈਲੰਡਰ 1999 ਤੋਂ ਜਾਰੀ ਕੀਤਾ ਗਿਆ। ਬਹੁਤ ਸਾਰੇ ਸਿੱਖਾਂ ਦੇ ਦੂਜੇ ਦੇਸ਼ਾਂ ਵਿਚ ਜਾ ਕੇ ਵਸਣ ਕਾਰਨ ਵੀ ਇਸ ਦੀ ਲੋੜ ਪਈ। ਕਈ ਮੁਲਕ ਜਿਵੇਂ ਕੈਨੇਡਾ, ਗੁਰੂ ਨਾਨਕ ਪੁਰਬ ਉਤੇ ਸਰਕਾਰੀ ਛੁੱਟੀ ਕਰਨਾ ਚਾਹੁੰਦੇ ਸਨ, ਇਸ ਲਈ ਇਸ ਸਥਾਈ ਕੈਲੰਡਰ ਦੀ ਲੋੜ ਸੀ ਤਾਕਿ ਹਰ ਸਾਲ ਤਿੱਥੀਆਂ ਦੀਆਂ ਗਿਣਤੀਆਂ-ਮਿਣਤੀਆਂ ਨਾ ਕਰਨੀਆਂ ਪੈਣ ਅਤੇ ਕੋਈ ਭੰਬਲਭੂਸਾ ਇਸ ਸਬੰਧੀ ਨਾ ਹੋਵੇ। ਪਹਿਲਾਂ ਗੁਰਪੁਰਬ ਬਿਕਰਮੀ ਸੰਮਤ ਅਨੁਸਾਰ ਮਨਾਏ ਜਾਂਦੇ ਸਨ ਜਿਹੜਾ ਕਿ ਚੰਦਰ ਪ੍ਰਭਾਵ ਮੱਸਿਆ ਅਤੇ ਪੂਰਨਮਾਸੀ ਦੇ ਹੁੰਦਿਆਂ ਸਦਾ ਲਈ ਸਥਾਈ ਰੂਪ ਵਿਚ ਪ੍ਰਚਲਤ ਨਹੀਂ ਸੀ ਕੀਤਾ ਜਾ ਸਕਦਾ। ਇਸ ਮੁਸ਼ਕਲ ਕਾਰਨ ਤਿਉਹਾਰ ਵੀ ਬਦਲਦੇ ਰਹਿੰਦੇ ਸਨ ਜਿਸ ਦਾ ਵਿਦੇਸ਼ ਵਿਚ ਵੱਡਾ ਬਖੇੜਾ ਸੀ। ਕੈਲੰਡਰ ਦਾ ਸੂਰਜੀ ਕੈਲੰਡਰ ਅਨੁਸਾਰ ਹੋਣਾ ਜ਼ਰੂਰੀ ਸੀ। 1999 ਨੂੰ ਖ਼ਾਲਸਾ ਪ੍ਰਗਟ ਹੋਣ ਦੀ ਤੀਜੀ ਸ਼ਤਾਬਦੀ ਸੰਪੂਰਨ ਹੋਈ।

ਲੋਕਾਂ ਵਿਚ ਸ਼ਤਾਬਦੀ ਮਨਾਉਣ ਦਾ ਵੱਡਾ ਚਾਅ ਸੀ। ਨਾਨਕਸ਼ਾਹੀ ਕੈਲੰਡਰ ਨੂੰ ਖ਼ਾਲਸੇ ਦੀ ਤ੍ਰੈ ਸ਼ਤਾਬਦੀ ਮਨਾਉਣ ਦਾ ਇਕ ਹਿੱਸਾ ਤਸੱਵਰ ਕੀਤਾ ਗਿਆ। ਇਸ ਇਸ ਲਈ ਜ਼ਰੂਰੀ ਸਮਝਿਆ ਗਿਆ ਕਿ ਦੂਜੀਆਂ ਕੌਮਾਂ ਮਸਲਨ ਹਿੰਦੂ, ਮੁਸਲਮਾਨ ਅਤੇ ਈਸਾਈ ਆਦਿ ਦੇ ਆਪੋ-ਅਪਣੇ ਕੈਲੰਡਰ ਪਹਿਲਾਂ ਹੀ ਮੌਜੂਦ ਸਨ। ਸਿੱਖ ਕੈਲੰਡਰ ਦੀ ਅਣਹੋਂਦ ਰੜਕ ਰਹੀ ਸੀ। ਇਸ ਨੂੰ ਖ਼ਤਮ ਕਰਨ ਲਈ ਨਾਨਕਸ਼ਾਹੀ ਕੈਲੰਡਰ ਦੀ ਲੋੜ ਸਮਝੀ ਗਈ। ਨਾਨਕਸ਼ਾਹੀ ਕੈਲੰਡਰ ਸਿੱਖ ਸਮੂਹ ਦੇ ਕੌਮੀ ਪ੍ਰਗਟਾਵੇ ਦਾ ਸਦੀਵੀ ਪ੍ਰਤੀਕ ਬਣ ਗਿਆ।

ਨਾਨਕਸ਼ਾਹੀ ਕੈਲੰਡਰ ਦੇ ਜਾਰੀ ਹੋਣ ਦੇ ਐਲਾਨ ਨਾਲ ਉਸ ਵੇਲੇ ਦੇ ਰਾਸ਼ਟਰੀ ਸੈਯਮ ਸੇਵਕ ਸੰਘ ਪ੍ਰਧਾਨ ਸੁਦਰਸ਼ਨ ਦਾ ਬਿਆਨ ਆਇਆ, ਕਿ ਆਰ ਐਸ ਐਸ ਕਦੇ ਇਸ ਨੂੰ ਪ੍ਰਵਾਨ ਨਹੀਂ ਕਰੇਗਾ ਅਤੇ ਨਾ ਹੀ ਲਾਗੂ ਹੋਣ ਦੇਵੇਗਾ। ਇਹ ਇਸ਼ਾਰਾ ਪਾ ਕੇ ਸਿੱਖਾਂ ਵਿਚ ਬੈਠੇ ਆਰ ਐਸ ਐਸ ਦੇ ਹਮਦਰਦਾਂ ਨੇ ਕੈਲੰਡਰ ਨੂੰ ਖ਼ਤਮ ਕਰਨ ਦੀਆਂ ਗੋਦਾਂ ਗੁੰਦਣੀਆਂ ਸ਼ੁਰੂ ਕਰ ਦਿਤੀਆਂ, ਇਸ ਲਈ ਇਸ ਨੂੰ 1998 ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵਲੋਂ ਪ੍ਰਵਾਨ ਕਰਨ ਦੇ ਬਾਵਜੂਦ ਇਹ ਲਾਗੂ ਨਾ ਹੋ ਸਕਿਆ। ਬੀਬੀ ਜਾਗੀਰ ਕੌਰ ਨੇ ਪ੍ਰਧਾਨ ਬਣ ਕੇ ਸੰਤ ਸਮਾਜ ਦੀ ਵਿਰੋਧਤਾ ਦੇ ਬਾਵਜੂਦ ਇਸ ਨੂੰ ਸ਼੍ਰੋਮਣੀ ਕਮੇਟੀ ਵਲੋਂ ਪ੍ਰਵਾਨ ਕਰ ਲਿਆ। ਰਣਜੀਤ ਸਿੰਘ, ਮੰਗਲ ਸਿੰਘ ਅਤੇ ਪੂਰਨ ਸਿੰਘ ਦੀ ਵਿਰੋਧਤਾ ਆਖ਼ਰ ਗਿਆਨੀ ਪੂਰਨ ਸਿੰਘ ਵਲੋਂ ਬੀਬੀ ਜਾਗੀਰ ਕੌਰ ਨੂੰ ਛੇਕਣ ਜਾਣ ਦੀ ਹੱਦ ਤਕ ਗਈ। ਸੰਘ ਦੇ ਸਦਰ ਮੁਕਾਮ ਗੁਣੇ ਮਧਿਆ ਪ੍ਰਦੇਸ਼ ਤੋਂ ਉਸ ਨੇ ਹੁਕਮਨਾਮਾ ਫ਼ੈਕਸਨਾਮਾ ਜਾਰੀ ਕਰ ਕੇ ਬੀਬੀ ਜਾਗੀਰ ਕੌਰ ਨੂੰ ਪੰਥ ਵਿਚੋਂ ਛੇਕ ਦਿਤਾ। ਆਖ਼ਰ ਗਿਆਨੀ ਪੂਰਨ ਸਿੰਘ ਨੂੰ ਕੱਢਣ ਤੋਂ ਬਾਅਦ ਇਹ ਕੈਲੰਡਰ 16 ਜਨਵਰੀ, 2003 ਨੂੰ ਅਕਾਲ ਤਖ਼ਤ ਵਲੋਂ ਸਥਾਪਤ 11 ਮੈਂਬਰੀ ਕਮੇਟੀ ਦੀ ਸਿਫ਼ਾਰਸ਼ ਨਾਲ ਲਾਗੂ ਕਰਨ ਲਈ ਸ਼੍ਰੋਮਣੀ ਕਮੇਟੀ ਨੂੰ ਆਖਿਆ ਗਿਆ। ਜੋਗਿੰਦਰ ਸਿੰਘ ਵੇਦਾਂਤੀ ਦੁਆਰਾ ਸਥਾਪਤ 11 ਮੈਂਬਰੀ ਕਮੇਟੀ ਕੋਲ ਕੋਈ ਸ਼ਿਕਾਇਤ ਇਸ ਵਿਰੁਧ ਨਹੀਂ ਸੀ ਆਈ।

2003 ਵਿਚ ਜਥੇਦਾਰ ਟੌਹੜਾ ਦੇ ਪ੍ਰਧਾਨ ਬਣਨ ਉਪਰੰਤ ਫਿਰ ਇਕ ਵਾਰ ਅਕਾਲ ਤਖ਼ਤ ਦੇ ਭੋਰੇ ਵਿਚ ਹੋਈ ਮੀਟਿੰਗ ਨੇ ਇਸ ਨੂੰ ਪ੍ਰਵਾਨ ਕੀਤਾ। ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਨੇ 27 ਮਾਰਚ, 2003 ਨੂੰ ਕੈਲੰਡਰ ਪ੍ਰਵਾਨ ਕਰ ਲਿਆ। 2004 ਦੀਆਂ ਗੁਰਦਵਾਰਾ ਚੋਣਾਂ ਤਕ ਕਿਸੇ ਨੇ ਇਸ ਦਾ ਵਿਰੋਧ ਨਾ ਕੀਤਾ। 2003 ਦੀ ਵਿਸਾਖੀ ਨੂੰ ਬਲਵੰਤ ਸਿੰਘ ਨੰਦਗੜ੍ਹ ਨੇ ਪ੍ਰਕਾਸ਼ ਸਿੰਘ ਬਾਦਲ ਵਲੋਂ ਦਮਦਮਾ ਸਾਹਿਬ ਤੋਂ ਇਸ ਨੂੰ ਜਾਰੀ ਵੀ ਕਰਵਾਇਆ। ਪ੍ਰੋ. ਦਰਸ਼ਨ ਸਿੰਘ ਨੇ ਕਿਹਾ ਕਿ ਬੀਬੀ ਜਾਗੀਰ ਕੌਰ ਅਤੇ ਪ੍ਰੋ. ਬਡੂੰਗਰ ਦੇ ਕਾਲ ਦੌਰਾਨ 4 ਵਾਰ ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਅਤੇ ਜਨਰਲ ਇਜਲਾਸ ਨੇ ਇਸ ਨੂੰ ਪ੍ਰਵਾਨ ਕੀਤਾ। ਕਿਸੇ ਨੇ ਵਿਰੋਧ ਨਾ ਕੀਤਾ। ਵਿਦੇਸ਼ਾਂ ਦੀ ਸਾਰੀਆਂ ਸੰਸਥਾਵਾਂ ਅਤੇ ਦਿੱਲੀ ਕਮੇਟੀ ਨੇ ਸੰਘ ਦਾ ਦਬਾਅ ਮੰਨਣ ਤੋਂ ਇਨਕਾਰ ਕਰ ਦਿਤਾ ਅਤੇ ਨਾਨਕਸ਼ਾਹੀ ਕੈਲੰਡਰ ਪ੍ਰਵਾਨ ਕਰ ਲਿਆ। ਸੰਘ ਦੇ ਪ੍ਰਭਾਵ ਅਧੀਨ ਤਖ਼ਤ ਪਟਨਾ ਸਾਹਿਬ, ਤਖ਼ਤ ਹਜ਼ੂਰ ਸਾਹਿਬ ਨੂੰ ਛੱਡ ਕੇ ਬਾਕੀ ਸਾਰੀਆਂ ਪੰਥਕ ਸੰਸਥਾਵਾਂ ਨੇ ਪ੍ਰਵਾਨ ਕਰ ਲਿਆ।

ਉਨ੍ਹਾਂ ਕਿਹਾ ਕਿ 2003 ਵਿਚ ਸੰਤ ਸਮਾਜ ਦੇ ਦਬਾਅ ਅਧੀਨ ਹੋਲਾ ਮਹੱਲਾ ਅਤੇ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਨੂੰ ਵੀ ਚੰਦਰ ਅਧਾਰਤ ਕੈਲੰਡਰ ਨਾਲ ਜੋੜ ਦਿਤਾ ਗਿਆ। ਸੰਤ ਸਮਾਜ ਨੇ ਅਪਣਾ ਵਿਰੋਧ ਫਿਰ ਵੀ ਜਾਰੀ ਰਖਿਆ ਅਤੇ ਆਖ਼ਰ 2009 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਸਿਆਸੀ ਆਗੂਆਂ ਰਾਹੀਂ, ਸੰਗਰਾਦਾਂ ਨੂੰ ਵੀ ਚੰਦਰਮਾ ਕੈਲੰਡਰ ਨਾਲ ਜੋੜ ਦਿਤਾ ਅਤੇ ਇਵੇਂ ਹੀ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਵਸ ਅਤੇ ਗੁਰੂ ਹਰਗੋਬਿੰਦ ਦੇ ਗੁਰਗੱਦੀ ਉਤੇ ਬੈਠਣ ਦੇ ਦਿਨ ਨੂੰ ਵੀ। ਸਮੁੱਚਾ ਪ੍ਰਭਾਵ ਇਸ ਦਾ ਇਹ ਹੋਇਆ ਜਿਵੇਂ ਸੁਦਰਸ਼ਨ ਨੇ ਆਖਿਆ ਸੀ ਕਿ ਬਿਕਰਮੀ ਕੈਲੰਡਰ ਨੂੰ ਹੀ ਨਾਨਕਸ਼ਾਹੀ ਆਖ ਕੇ 2011 ਵਿਚ ਜਾਰੀ ਕਰ ਦਿਤਾ ਗਿਆ ਅਤੇ ਹੁਣ 13 ਮਾਰਚ, 2013 ਨੂੰ ਗੁਰਦਵਾਰਾ ਰਕਾਬਗੰਜ ਸਾਹਿਬ ਦਿੱਲੀ ਦੇ ਮੰਚ ਤੋਂ ਨਾਨਕਸ਼ਾਹੀ ਨਾਮ ਹੇਠ ਉਸੇ ਬਿਕਰਮੀ ਕੈਲੰਡਰ ਨੂੰ ਮੁੜ ਜਾਰੀ ਕਰ ਕੇ ਕੁਕਰਮ ਦੀ ਪ੍ਰੋੜ੍ਹਤਾ ਕੀਤੀ ਗਈ ਹੈ ਜੋ ਸਿੱਖ ਕੌਮ ਨਾਲ ਵੱਡਾ ਧ੍ਰੋਹ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਾਨਕਸ਼ਾਹੀ ਕੈਲੰਡਰ ਵਿਚ ਸੋਧ ਸ. ਪੁਰੇਵਾਲ ਤੋਂ ਨਾ ਕਰਵਾ ਕੇ ਮੱਕੜ ਅਤੇ ਧੁੰਮਾਂ ਤੋਂ ਕਰਵਾਈ ਗਈ ਜੋ ਸਰਾਸਰ ਗ਼ਲਤ ਹੈ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top