Share on Facebook

Main News Page

ਸੂਰਜ ਗ੍ਰਹਿਣ
- ਨਿਰਮਲ ਸਿੰਘ ਕੰਧਾਲਵੀ

ਭਾਵੇਂ ਕਿ ਅੱਜ ਸਾਇੰਸ ਨੇ ਕੁਦਰਤ ਦੇ ਉਹਨਾਂ ਬਹੁਤ ਸਾਰੇ ਰਹੱਸਾਂ ਤੋਂ ਪਰਦਾ ਚੁੱਕ ਦਿਤਾ ਹੈ, ਜਿਹਨਾਂ ਦੀ ਮਨੁੱਖ ਸਦੀਆਂ ਸਦੀਆਂ ਤੋਂ ਡਰਦਾ ਹੀ ਪੂਜਾ ਕਰਦਾ ਆ ਰਿਹਾ ਸੀ। ਆਸਮਾਨ ਵਿੱਚ ਬਿਜਲੀ ਕੜਕੀ ਤਾਂ ਉਸ ਦੀ ਪੂਜਾ, ਹਨ੍ਹੇਰੀ ਵਗੀ ਤਾਂ ਉਸ ਦੀ ਪੂਜਾ, ਹੜ੍ਹ ਆ ਗਏ ਤਾਂ ਖੁਆਜਾ ਦੇਵਤੇ ਦੀ ਪੂਜਾ। ਸਿੱਖ ਗੁਰੂ ਸਾਹਿਬਾਨ ਅਤੇ ਹੋਰ ਜਾਗਰੂਕ ਮਹਾਂਪੁਰਸ਼ਾਂ ਨੇ ਲੋਕਾਂ ਨੂੰ ਕਰਮ-ਕਾਂਡਾਂ ਦੇ ਅੰਨ੍ਹੇ ਖੂਹ ‘ਚੋਂ ਕੱਢਣ ਦੀ ਪੂਰੀ ਵਾਹ ਲਾਈ, ਪਰ ਢੀਠ ਲੋਕ ਖੂਹ ‘ਚ ਡਿਗ ਕੇ ਹੀ ਖ਼ੁਸ਼ ਹਨ।

ਪਿਛਲੇ ਕੁਝ ਦਹਾਕਿਆਂ ਵਿਚ ਚਾਰੇ ਪਾਸੇ ਵਿਦਿਆ ਦੇ ਚਾਨਣ ਦਾ ਪਸਾਰਾ ਹੋਇਆ, ਪਰ ਇਸ ਦੇ ਬਾਵਜੂਦ ਵੀ ਲੱਖਾਂ ਕਰੋੜਾਂ ਲੋਕ ਠੱਗਾਂ ਵਲੋਂ ਕੀਤੇ ਜਾਂਦੇ ‘ਚਮਤਕਾਰਾਂ’ ਦੇ ਭਰਮ ਜਾਲ਼ ਵਿਚ ਫ਼ਸੇ ਹੋਏ, ਝੁੱਗੇ ਚੌੜ ਕਰਵਾ ਰਹੇ ਹਨ। ਭਾਰਤ ਵਿੱਚ ਇੱਕ ਸੁਆਮੀ, ਜਿਸ ਨੂੰ ਸਿਆਸੀ ਕਾਰਕੁੰਨਾਂ ਦੀ ਸਰਪ੍ਰਸਤੀ ਵੀ ਹਾਸਲ ਹੈ, ਹਾਥੀਆਂ ਦੀ ਲਿੱਦ ਹੀ ਸੋਨੇ ਦੇ ਭਾਅ ਲੋਕਾਂ ਨੂੰ ਵੇਚੀ ਜਾਂਦਾ ਹੈ। ਬਈ, ਜਦ ਖ਼ਰੀਦਦਾਰ ਤਿਆਰ ਨੇ ਖ਼ਰੀਦਣ ਲਈ, ਉਹ ਕਿਉਂ ਨਾ ਵੇਚੇ! ਅੱਗੇ ਤਾਂ ਲੋਕਾਂ ਨੂੰ ਚੱਲ ਕੇ ਇਹਨਾਂ ਠੱਗਾਂ ਦੇ ਦੁਆਰੇ ‘ਤੇ ਜਾਣਾ ਪੈਂਦਾ ਸੀ, ਹੁਣ ਤਾਂ ਮਾਡਰਨ ਸੰਚਾਰ ਸਾਧਨਾਂ ਨੇ ਇਹਨਾਂ ਦਾ ਕੰਮ ਬਹੁਤ ਆਸਾਨ ਕਰ ਦਿਤਾ ਹੈ। ਟੈਲੀਵੀਯਨ, ਅਖ਼ਬਾਰਾਂ ‘ਚ ਮਸ਼ਹੂਰੀਆਂ, ਟੈਲੀਫ਼ੂਨ ‘ਤੇ ਹੀ ਉਪਾਉ ਤੇ ਕਰੈਡਿਟ ਕਾਰਡਾਂ ਰਾਹੀਂ ਫ਼ੀਸ ਦੀ ਅਦਾਇਗੀ। ਹੈ ਨਾ ਮੌਜਾਂ ਹੀ ਮੌਜਾਂ! ਅਨਪੜ੍ਹ ਜਾਂ ਅੱਧਪੜ੍ਹ ਲੋਕਾਂ ਦੇ ਠੱਗੇ ਜਾਣ ਦੀਆਂ ਕਹਾਣੀਆਂ ਪੜ੍ਹ ਸੁਣ ਕੇ ਤਰਸ ਆਉਂਦਾ ਹੈ, ਪਰ ਹੈਰਾਨੀ ਉਦੋਂ ਹੁੰਦੀ ਜਦੋਂ ਪੜ੍ਹੇ ਲਿਖੇ, ਪ੍ਰੋਫ਼ੈਸ਼ਨਲ ਲੋਕਾਂ ਨੂੰ ਵੀ ਇਹਨਾਂ ਠੱਗਾਂ ਦੇ ਮਕੜ ਜਾਲ਼ ਵਿਚ ਫ਼ਸੇ ਹੋਏ ਦੇਖਦੇ ਹਾਂ। ਕੁਝ ਸਾਲ ਹੋਏ ਕੈਨੇਡਾ ਵਿਚ ਇਕ ਇਹੋ ਜਿਹੇ ਠੱਗ ਕੋਲ ਲੱਖਾਂ ਡਾਲਰਾਂ ਨੂੰ ਚੂਨਾ ਲਗਵਾਉਣ ਵਾਲ਼ੇ ਕੋਈ ਅਨਪੜ੍ਹ ਜਾਂ ਅੱਧਪੜ੍ਹ ਲੋਕ ਨਹੀਂ ਸਨ, ਸਗੋਂ ਵਕੀਲ ਅਤੇ ਡਾਕਟਰ ਸਨ। ਇਹ ਠੱਗ ਆਂਡੇ ਵਿਚੋਂ ਲਾਟਰੀ ਦੇ ਜੇਤੂ ਨੰਬਰ ਕੱਢ ਕੇ ਦੇਣ ਦਾ ਵਾਅਦਾ ਕਰਦਾ ਸੀ।

ਅੱਜ ਤੋਂ ਬਹੁਤ ਸਾਲ ਪਹਿਲਾਂ ਦੀ ਘਟਨਾ ਮੈਨੂੰ ਇੰਨ ਬਿੰਨ ਯਾਦ ਹੈ ਜਦ ਮੈਂ ਨਵਾਂ ਨਵਾਂ ਕਾਲਜ ਵਿਚ ਦਾਖ਼ਲ ਹੋਇਆ ਸਾਂ। ਸਾਡੇ ਹੀ ਪਿੰਡਾਂ ਵਲੋਂ ਉਸੇ ਕਾਲਜ ਵਿਚ ਪੜ੍ਹਦਾ ਇਕ ਲੜਕਾ ਮੇਰਾ ਦੋਸਤ ਬਣ ਗਿਆ। ਸਾਡੇ ਦੋਵਾਂ ਦੇ ਅੰਗਰੇਜ਼ੀ ਅਤੇ ਅਰਥ-ਸ਼ਾਸਤਰ ਦੇ ਟਿਊਟਰ ਗਰੁੱਪ ਸਾਂਝੇ ਸਨ। ਸਾਡੇ ਦੋਵਾਂ ਦੇ ਵਿਚਾਰਾਂ ਵਿਚ ਕਾਫ਼ੀ ਨੇੜਤਾ ਸੀ ਸੋ ਇਹ ਦੋਸਤੀ ਦਿਨੋਂ ਦਿਨ ਪੱਕੀ ਹੁੰਦੀ ਗਈ।

ਇਕ ਦਿਨ ਸਾਈਕਲ ਤੋਂ ਡਿਗਣ ਕਰ ਕੇ ਉਸ ਦੇ ਪੈਰ ਨੂੰ ਮੋਚ ਆ ਗਈ ਤੇ ਉਹ ਦੋ ਦਿਨ ਕਾਲਜ ਨਾ ਆਇਆ। ਤੀਸਰੇ ਦਿਨ ਆਇਆ ਤਾਂ ਮੈਨੂੰ ਕਹਿਣ ਲੱਗਿਆ ਕਿ ਉਸ ਨੇ ਆਪਣੀ ਮਾਸੀ ਦੇ ਪਿੰਡ ਇਕ ਬਹੁਤ ਜ਼ਰੂਰੀ ਸੁਨੇਹਾ ਦੇਣ ਜਾਣਾ ਹੈ, ਤੇ ਮੈਂ ਉਹਦੇ ਨਾਲ਼ ਚੱਲਾਂ ਕਿਉਂਕਿ ਸੱਟ ਲੱਗੀ ਹੋਣ ਕਾਰਨ ਉਹ ਬਹੁਤੀ ਦੂਰ ਤੱਕ ਸਾਈਕਲ ਨਹੀਂ ਸੀ ਚਲਾ ਸਕਦਾ। ਉਹਨਾਂ ਦਿਨਾਂ ‘ਚ ਅੱਜ ਵਾਂਗ ਟੈਲੀਫੂਨ ਨਹੀਂ ਸਨ ਹੁੰਦੇ ਤੇ ਪੰਜ ਚਾਰ ਮੀਲਾਂ ਦੀ ਵਿੱਥ ‘ਤੇ ਚਿੱਠੀ ਵੀ ਅੱਠੀਂ ਦਸੀਂ ਦਿਨੀਂ ਪਹੁੰਚਦੀ ਸੀ ਤੇ ਸੁਨੇਹਾ ਜਲਦੀ ਪਹੁੰਚਾਉਣਾ ਬਹੁਤ ਜ਼ਰੂਰੀ ਸੀ। ਉਸ ਦੀ ਮਾਸੀ ਦਾ ਪਿੰਡ ਸਾਡੇ ਕਾਲਜ ਤੋਂ ਵੀ ਅਗਾਂਹ ਸੱਤ ਅੱਠ ਮੀਲ ਸੀ, ਜਿੱਥੇ ਨੂੰ ਨਾ ਕੋਈ ਗੱਡੀ ਮੋਟਰ ਜਾਂਦੀ ਸੀ ਤੇ ਨਾ ਹੀ ਕੋਈ ਸੜਕ ਸੀ। ਪਿੰਡਾਂ ਦੇ ਕੱਚੇ ਰਸਤਿਆਂ ਥਾਣੀਂ ਹੀ ਜਾਣਾ ਪੈਣਾ ਸੀ।

ਸੋ, ਅਸੀਂ ਅੰਗਰੇਜ਼ੀ ਦਾ ਪੀਰੀਅਡ ਲਾ ਕੇ ਨਿਕਲ ਤੁਰੇ। ਗਰਮੀ ਬੜੀ ਸੀ। ਰਾਹ ਕੰਢੇ ਲੱਗੇ ਨਲਕਿਆਂ ਤੇ ਟਿਊਬਵੈੱਲਾਂ ਤੋਂ ਪਾਣੀ ਪੀਂਦੇ ਅਸੀਂ ਪੈਂਡਾ ਨਿਬੇੜਦੇ ਗਏ। ਮੇਰਾ ਦੋਸਤ ਆਪਣੀ ਮਾਸੀ ਦੇ ਪਰਿਵਾਰ ਬਾਰੇ ਜਾਣਕਾਰੀ ਦੇਣ ਲੱਗ ਪਿਆ। ਉਸ ਨੇ ਦੱਸਿਆ ਕਿ ਉਹਨਾਂ ਦਾ ਸਾਰਾ ਪਰਿਵਾਰ ਹੀ ਪੜ੍ਹਿਆਂ ਲਿਖ਼ਿਆਂ ਦਾ ਹੈ। ਘਰ ਵਿਚ ਚਾਰ ਤਾਂ ਸਾਇੰਸ ਮਾਸਟਰ ਹੀ ਸਨ, ਉਹਦਾ ਮਾਸੜ, ਲੜਕਾ, ਨੂੰਹ ਤੇ ਲੜਕੀ। ਮਾਸੀ ਉਹਦੀ ਸਮਾਜ-ਵਿਗਿਆਨ ਦੀ ਅਧਿਆਪਕਾ ਸੀ, ਜੋ ਕਿ ਪਿਛਲੇ ਕੁਝ ਸਮੇਂ ਤੋਂ ਬਿਮਾਰੀ ਦੀ ਲੰਬੀ ਛੁੱਟੀ ‘ਤੇ ਚਲ ਰਹੀ ਸੀ। ਮੈਂ ਤਾਂ ਸੁਣ ਸੁਣ ਕੇ ਹੈਰਾਨ ਹੀ ਹੋਈ ਜਾ ਰਿਹਾ ਸਾਂ ਕਿ ਇਕੋ ਘਰ ਵਿਚ ਪੰਜ ਅਧਿਆਪਕ ਤੇ ਉਹਨਾਂ ‘ਚੋਂ ਚਾਰ ਸਾਇੰਸ ਵਿਸ਼ੇ ਦੇ। ਮੈਂ ਜਲਦੀ ਤੋਂ ਜਲਦੀ ਇਹੋ ਜਿਹੇ ਪਰਿਵਾਰ ਦੇ ਦਰਸ਼ਨ ਕਰਨੇ ਚਾਹੁੰਦਾ ਸਾਂ।

ਦੁਪਹਿਰੇ ਬਾਰਾਂ ਕੁ ਵਜੇ ਅਸੀਂ ਉਹਨਾਂ ਦੇ ਘਰ ਪਹੁੰਚ ਗਏ। ਮਾਸੀ ਵਰਾਂਡੇ ‘ਚ ਬੈਠੀ ਮਟਰ ਕੱਢ ਰਹੀ ਸੀ। ਮਾਸੀ ਨੇ ਸਿਰ ‘ਤੇ ਕੇਸਕੀ ਸਜਾਈ ਹੋਈ ਸੀ ਤੇ ਗਾਤਰਾ ਪਹਿਨਿਆ ਹੋਇਆ ਸੀ। ਅਸੀਂ ਪੈਰੀਂ ਪੈਣਾ ਕੀਤਾ ਤੇ ਉਸ ਨੇ ਮੰਜੇ ‘ਤੇ ਬੈਠਿਆਂ ਬੈਠਿਆਂ ਹੀ ਸਾਡੇ ਸਿਰ ਪਲੋਸੇ ਤੇ ਅਸੀਸਾਂ ਦਿੱਤੀਆਂ। ਫਿਰ ਉਹ ਹੌਲ਼ੀ ਹੌਲ਼ੀ ਉੱਠੀ ਤੇ ਉਸ ਨੇ ਦੁੱਧ ਵਾਲ਼ੀ ਠੰਢੀ ਮਿੱਠੀ ਲੱਸੀ ਬਣਾ ਕੇ ਪਿਆਈ, ਜਿਸ ਦੀ ਕਿ ਸਾਨੂੰ ਵਾਹਵਾ ਲੋੜ ਸੀ। ਮੇਰੇ ਦੋਸਤ ਨੇ ਚਿੱਠੀ ਉਸ ਦੇ ਹਵਾਲੇ ਕੀਤੀ ਤੇ ਮਾਸੀ ਨੇ ਸਾਰਿਆਂ ਦੀ ਰਾਜੀ ਖ਼ੁਸ਼ੀ ਪੁੱਛੀ। ਫਿਰ ਉਸ ਨੇ ਅੰਦਰਲੇ ਕਮਰੇ ਵਿਚ ਆਪਣੀ ਨੂੰਹ ਨੂੰ ਆਵਾਜ਼ ਮਾਰੀ। ਹੁਣ ਤੱਕ ਸਾਨੂੰ ਨਹੀਂ ਸੀ ਪਤਾ ਕਿ ਕਮਰੇ ਦੇ ਅੰਦਰ ਵੀ ਕੋਈ ਸੀ।ਮੇਰੇ ਦੋਸਤ ਨੇ ਮਾਸੀ ਨੂੰ ਪੁੱਛਿਆ ਕਿ ਭਾਬੀ ਅੱਜ ਪੜ੍ਹਾਉਣ ਕਿਉਂ ਨਹੀਂ ਸੀ ਗਈ।

ਮਾਸੀ ਬੋਲੀ, “ਵੇ ਮੀਤ, ਭਾਬੀ ਤੇਰੀ ਦੇ ਪੈਰ ਭਾਰੇ ਆ, ਤੇ ਤੈਨੂੰ ਪਤੈ ਅੱਜ ਸੂਰਜ ਗ੍ਰਹਿਣ ਲੱਗਾ ਹੋਇਐ, ਮੰਦਰ ਵਾਲ਼ੇ ਜੋਤਸ਼ੀ ਨੇ ਦੱਸਿਆ ਸੀ, ਪਈ ਗਰਭਵਤੀ ਜ਼ਨਾਨੀਆਂ ਨੂੰ ਗ੍ਰਹਿਣ ਲੱਗੇ ‘ਤੇ ਸੂਰਜ ਦੇ ਮੱਥੇ ਨਹੀਂ ਲੱਗਣਾ ਚਾਹੀਦਾ, ਨਹੀਂ ਤਾਂ ਮਾਂ ਤੇ ਬੱਚੇ ‘ਤੇ ਕਸ਼ਟ ਆ ਸਕਦੈ, ਏਸ ਕਰ ਕੇ ਏਹਨੇ ਛੁੱਟੀ ਕੀਤੀ ਹੋਈ ਐ, ਸੂਰਜ ਛਿਪਣ ਤੱਕ ਅੰਦਰ ਈ ਰਹਿਣੈ”।

ਮੈਂ ਦੋਸਤ ਦੀ ਮਾਸੀ ਦੇ ਮੂੰਹ ਵਲ ਬਿਟ ਬਿਟ ਦੇਖ ਰਿਹਾ ਸਾਂ। ਮੈਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਇਹ ਕੋਈ ਅਧਿਆਪਕਾ ਬੋਲ ਰਹੀ ਐ। ਇਸ ਪਰਿਵਾਰ ਨੂੰ ਦੇਖਣ ਦਾ ਮੇਰਾ ਸਾਰਾ ਚਾਅ ਮੱਠਾ ਪੈ ਗਿਆ ਸੀ। ਮੇਰੀਆਂ ਅੱਖਾਂ ਮੂਹਰੇ ਆਪਣੇ ਸਕੂਲ ਦੀ ਸਾਇੰਸ ਦੇ ਪ੍ਰੈਕਟੀਕਲਾਂ ਦੀ ਕਾਪੀ ਘੁੰਮ ਰਹੀ ਸੀ, ਜਿਸ ਵਿਚ ਮੈਂ ਸੂਰਜ ਤੇ ਚੰਦ ਗ੍ਰਹਿਣ ਦੀਆਂ ਤਸਵੀਰਾਂ ਬਣਾਈਆਂ ਸਨ ਤੇ ਹੇਠਾਂ ਦੱਸਿਆ ਹੋਇਆ ਸੀ ਕਿ ਗ੍ਰਹਿਣ ਕਿਉਂ ਤੇ ਕਿਵੇਂ ਲਗਦਾ ਹੈ। ਮੈਨੂੰ ਯਾਦ ਐ ਕਿ ਸਾਡੇ ਸਾਇੰਸ ਮਾਸਟਰ ਨੇ ਮੇਰੀ ਕਾਪੀ ਸਾਰੀ ਕਲਾਸ ਵਿਚ ਘੁੰਮਾਈ ਸੀ ਤੇ ਮੈਨੂੰ ਉਚੇਚੀ ਸ਼ਾਬਾਸ਼ ਦਿੱਤੀ ਸੀ।

ਮੇਰਾ ਦੋਸਤ ਵੀ ਸ਼ਾਇਦ ਮੇਰੀ ਅੰਦਰੂਨੀ ਹਾਲਤ ਨੂੰ ਤਾੜ ਗਿਆ ਸੀ, ਉਹ ਵੀ ਨਿੰਮੋਝੂਣ ਜਿਹਾ ਹੋ ਗਿਆ। ਮੇਰੇ ਮਨ ‘ਚ ਇਕੋ ਖ਼ਿਆਲ ਵਾਰ ਵਾਰ ਆ ਰਿਹਾ ਸੀ ਕਿ ਇਹ ਸਾਇੰਸ ਮਾਸਟਰਾਂ ਦਾ ਟੱਬਰ ਬੱਚਿਆਂ ਨੂੰ ਕਿਹੋ ਜਿਹੀ ਸਾਇੰਸ ਪੜ੍ਹਾਉਂਦਾ ਹੋਵੇਗਾ।

ਮਾਸੀ ਦੇ ਲੱਖ ਜ਼ੋਰ ਪਾਉਣ ‘ਤੇ ਵੀ ਅਸੀਂ ਦੁਪਹਿਰ ਦੀ ਰੋਟੀ ਖਾਣ ਲਈ ਨਾ ਰੁਕੇ।

ਰਾਹ ਵਿਚ ਮੇਰਾ ਦੋਸਤ, ਸ਼ਾਇਦ ਸ਼ਰਮਿੰਦਗੀ ਦਾ ਮਾਰਿਆ ਹੋਇਆ, ਕੁਝ ਵੀ ਨਹੀਂ ਸੀ ਬੋਲ ਰਿਹਾ। ਜਿਹੜਾ ਕਿਲ੍ਹਾ ਮਾਸੀ ਦੇ ਪਰਿਵਾਰ ਬਾਰੇ ਉਸ ਨੇ ਜਾਂਦਿਆਂ ਉਸਾਰਿਆ ਸੀ, ਉਹ ਇਕ ਦਮ ਢਹਿ ਢੇਰੀ ਹੋ ਗਿਆ ਸੀ। ਸਫ਼ਾਈ ਦੇਣ ਲਈ ਵੀ ਉਸ ਪਾਸ ਕੁਝ ਨਹੀਂ ਸੀ ਬਚਿਆ।

ਮੈਂ ਉਸ ਨੂੰ ਪੁੱਛਿਆ ਕਿ ਕੀ ਉਸ ਨੂੰ ਪਤਾ ਸੀ ਕਿ ਅੱਜ ਸੂਰਜ ਗ੍ਰਹਿਣ ਲੱਗਣਾ ਸੀ। ਉਸ ਦੀ ਚੁੱਪ ਦਾ ਬੋਲ਼ਾ ਬੱਦਲ ਜ਼ੋਰ ਨਾਲ਼ ਫਟਿਆ ਤੇ ਉਹ ਬੋਲਿਆ, “ਯਾਰ ਮੇਰੇ ਖ਼ਿਆਲ ‘ਚ ਗ੍ਰਹਿਣ ਸੂਰਜ ਨੂੰ ਨਹੀਂ ਲੱਗਾ ਹੋਇਆ, ਗ੍ਰਹਿਣ ਤਾਂ ਅੱਜ ਸਾਡੇ ਸਾਇੰਸ ਮਾਸਟਰਾਂ ਨੂੰ ਲੱਗ ਗਿਐ”।

ਏਨਾ ਕਹਿ ਕੇ ਉਹ ਫੇਰ ਚੁੱਪ ਦੇ ਸਾਗਰ ‘ਚ ਉੱਤਰ ਗਿਆ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top