Share on Facebook

Main News Page

ਸਿੱਖ ਸਿਧਾਂਤਾਂ ਨੂੰ ਤਿਲਾਂਜਲੀ ਦੇਣ ਵਾਲੀਆਂ ਜਥੇਬੰਦੀਆਂ ਦੀ ਨਕੇਲ ਕਸਣ ਦੀ ਤਿਆਰੀ

 

ਅੰਮ੍ਰਿਤਸਰ 19 ਮਾਰਚ:- ਬਿਨਾਂ ਕੋਈ ਆਧਾਰ ਵਾਲੀਆਂ ਅਤੇ ਸਿੱਖ ਸਿਧਾਂਤਾਂ ਨੂੰ ਅੱਖੋਂ ਪਰੋਖੇ ਕਰਕੇ ਸ੍ਰੀ ਅਕਾਲ ਤਖ਼ਤ ਦੇ ਹੁਕਮਾਂ ਦੀ ਅਣਦੇਖੀ ਕਰਨ ਵਾਲੀਆਂ ਸਿੱਖ ਜਥੇਬੰਦੀਆਂ ਨੂੰ ਨੱਥ ਪਾਉਣ ਲਈ ਸ੍ਰੀ ਅਕਾਲ ਤਖ਼ਤ ਵੱਲੋਂ ਵਿਸ਼ੇਸ਼ ਯੋਜਨਾ ਉਲੀਕੀ ਜਾ ਰਹੀ ਹੈ, ਜਿਸ ‘ਤੇ 5 ਸਿੰਘ ਸਾਹਿਬਾਨ ਦੀ 25 ਮਾਰਚ ਨੂੰ ਹੋਣ ਵਾਲੀ ਬੈਠਕ ‘ਚ ਵਿਚਾਰ ਕਰਨ ਮਗਰੋਂ ਇਸ ਯੋਜਨਾ ਦੀ ਰੂਪ-ਰੇਖਾ ਦਾ ਖੁਲਾਸਾ ਕੀਤਾ ਜਾਵੇਗਾ। ਬੈਠਕ ਵਿਚ ਰੋਚੈਸਟਰ ਦੇ ਗੁਰਦੁਆਰੇ ਦਾ ਮਾਮਲਾ ਵੀ ਵਿਚਾਰਿਆ ਜਾਵੇਗਾ।


25 ਮਾਰਚ ਨੂੰ ਪੰਜ ਸਿੰਘ ਸਾਹਿਬਾਨ ਦੀ ਹੋਣ ਵਾਲੀ ਬੈਠਕ ਵਿਚ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਸਿੱਖ ਜਥੇਬੰਦੀਆਂ ਨੂੰ ਸ੍ਰੀ ਅਕਾਲ ਤਖ਼ਤ ਨਾਲ ਜੋੜਨ ਲਈ ਵਿਸ਼ੇਸ਼ ਯੋਜਨਾ ਬਣਾਈ ਜਾ ਰਹੀ ਹੈ। ਇਸ ਤਹਿਤ ਅਜਿਹੀਆਂ ਸਮੂਹ ਜਥੇਬੰਦੀਆਂ ਕੋਲੋਂ ਇਕ ਹਲਫਨਾਮਾ ਲਿਆ ਜਾਵੇਗਾ, ਜਿਸ ਵਿਚ ਕੁਝ ਸ਼ਰਤਾਂ ਸ਼ਾਮਲ ਹੋਣਗੀਆਂ। ਹਲਫਨਾਮਾ ਦੇਣ ਵਾਲੀਆਂ ਜਥੇਬੰਦੀਆਂ ਨੂੰ ਸ੍ਰੀ ਅਕਾਲ ਤਖ਼ਤ ਦੀ ਮਾਨਤਾ ਪ੍ਰਾਪਤ ਹੋਵੇਗੀ ਅਤੇ ਇਹ ਜਥੇਬੰਦੀਆਂ ਸ੍ਰੀ ਅਕਾਲ ਤਖ਼ਤ ਵੱਲੋਂ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਸਬੰਧੀ ਦਿੱਤੇ ਗਏ ਕਾਰਜਾਂ ਨੂੰ ਪੂਰਾ ਕਰਨਗੀਆਂ। ਅਜਿਹੀਆਂ ਜਥੇਬੰਦੀਆਂ ਨੂੰ ਸਮੇਂ ਸਮੇਂ ਸਨਮਾਨਿਤ ਵੀ ਕੀਤਾ ਜਾਵੇਗਾ।

ਇਸ ਵੇਲੇ ਕਈ ਜਥੇਬੰਦੀਆਂ ਅਜਿਹੀਆਂ ਹਨ, ਜਿਨ੍ਹਾਂ ਦਾ ਕੋਈ ਆਧਾਰ ਨਹੀਂ ਹੈ, ਪਰ ਉਹ ਸਮੇਂ ਸਮੇਂ ਆਪਣੀਆਂ ਕਾਰਵਾਈਆਂ ਅਤੇ ਬਿਆਨਾਂ ਨਾਲ ਸਮੁੱਚੀ ਸਿੱਖ ਕੌਮ ਲਈ ਸੰਕਟ ਪੈਦਾ ਕਰਦੀਆਂ ਹਨ। ਅਜਿਹੀਆਂ ਜਥੇਬੰਦੀਆਂ ਬਾਰੇ ਸ੍ਰੀ ਅਕਾਲ ਤਖਤ ਦੇ ਸਕੱਤਰੇਤ ਵਿਖੇ ਕਈ ਵਾਰ ਸ਼ਿਕਾਇਤਾਂ ਵੀ ਪੁੱਜੀਆਂ ਹਨ। ਇਕੱਤਰਤਾ ਵਿਚ ਅਮਰੀਕਾ ਦੇ ਸ਼ਹਿਰ ਰੋਚੈਸਟਰ ਦੇ ਗੁਰਦੁਆਰੇ ਦਾ ਮਾਮਲਾ ਵੀ ਵਿਚਾਰਿਆ ਜਾਵੇਗਾ।

ਇਸ ਸਬੰਧੀ ਸ੍ਰੀ ਅਕਾਲ ਤਖ਼ਤ ਵੱਲੋਂ ਬਣਾਈ ਗਈ ਜਾਂਚ ਕਮੇਟੀ ਦੀ ਰਿਪੋਰਟ ਪਹਿਲਾਂ ਹੀ ਸਕੱਤਰੇਤ ਵਿਖੇ ਪੁੱਜ ਚੁੱਕੀ ਹੈ, ਜਦੋਂਕਿ ਹੁਣ ਦੂਜੀ ਧਿਰ ਵੱਲੋਂ ਵੀ ਆਪਣਾ ਪੱਖ ਦਰਸਾਉਂਦੀ ਰਿਪੋਰਟ ਭੇਜੀ ਗਈ ਹੈ। ਇਹ ਰਿਪੋਰਟ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਤੋਂ ਇਲਾਵਾ ਹੋਰ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਅਤੇ ਜਾਂਚ ਕਮੇਟੀ ਦੇ ਕਨਵੀਨਰ ਭਾਈ ਸਤਪਾਲ ਸਿੰਘ ਖਾਲਸਾ ਨੂੰ ਵੀ ਭੇਜੀ ਗਈ ਹੈ।

ਇਸ ਜਾਂਚ ਰਿਪੋਰਟ ਵਿਚ ਰੋਚੈਸਟਰ ਗੁਰਦੁਆਰੇ ਦੀ ਪ੍ਰਬੰਧਕੀ ਕਮੇਟੀ ਦੇ ਜਨਰਲ ਸਕੱਤਰ ਐਮ.ਐਸ. ਚਾਨਣ ਨੇ ਲਿਖਿਆ ਹੈ ਕਿ ਜਾਂਚ ਰਿਪੋਰਟ ਸਬੰਧੀ ਖਬਰਾਂ ਤੋਂ ਜਾਣਕਾਰੀ ਮਿਲੀ ਹੈ। ਉਨ੍ਹਾਂ ਖਬਰਾਂ ਦਾ ਹਵਾਲਾ ਦਿੰਦਿਆਂ ਲਿਖਿਆ ਕਿ ਜਾਂਚ ਕਮੇਟੀ ਨੇ ਪ੍ਰਬੰਧਕ ਕਮੇਟੀ ਨਾਲ ਸੰਪਰਕ ਹੀ ਨਹੀਂ ਕੀਤਾ ਹੈ।

ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਗੁਰਦੁਆਰੇ ਵਿਚ ਕਿਸੇ ਵੀ ਆਕਾਰ ਦੀ ਕਿਰਪਾਨ ਲੈ ਕੇ ਆਉਣ ‘ਤੇ ਰੋਕ ਨਹੀਂ ਲਗਾਈ ਗਈ ਹੈ। ਪ੍ਰਬੰਧਕ ਕਮੇਟੀ ਦੇ ਤਿੰਨ ਮੈਂਬਰਾਂ ਦੀ ਨਿਯੁਕਤੀ ਵੀ ਸ੍ਰੀ ਅਕਾਲ ਤਖ਼ਤ ਦੀ ਪ੍ਰਵਾਨਗੀ ਨਾਲ ਕੀਤੀ ਗਈ ਸੀ। ਇਸ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਵਲੋਂ ਅਦਾਲਤ ਵਿਚ ਹਲਫਨਾਮਾ ਦਾਇਰ ਕਰਕੇ ਕਿਰਪਾਨ ਨੂੰ ਖ਼ਤਰਨਾਕ ਹਥਿਆਰ ਦੱਸਿਆ ਗਿਆ ਸੀ, ਜਿਸ ਦੇ ਆਧਾਰ ‘ਤੇ ਅਦਾਲਤ ਨੇ ਗੁਰਦੁਆਰੇ ਵਿਚ ਕਿਰਪਾਨ ਲੈ ਕੇ ਜਾਣ ‘ਤੇ ਰੋਕ ਲਾ ਦਿੱਤੀ ਸੀ। ਇਸ ਮਾਮਲੇ ਵਿਚ ਸ੍ਰੀ ਅਕਾਲ ਤਖ਼ਤ ਵੱਲੋਂ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਸੀ, ਜਿਸ ਨੇ ਆਪਣੀ ਰਿਪੋਰਟ ਵਿਚ ਇਨ੍ਹਾਂ ਤੱਥਾਂ ਦੀ ਪੁਸ਼ਟੀ ਕੀਤੀ ਹੈ। ਜਾਂਚ ਰਿਪੋਰਟ ਵਿਚ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਬਾਰੇ ਲਿਖਿਆ ਗਿਆ ਕਿ ਉਹ ਗੈਰ ਕੇਸਾਧਾਰੀ ਹਨ, ਪਰ ਉਨ੍ਹਾਂ ਨੇ ਅਦਾਲਤ ਵਿੱਚ ਆਪਣੇ ਆਪ ਨੂੰ ਅੰਮ੍ਰਿਤਧਾਰੀ ਦੱਸਿਆ ਹੋਇਆ ਹੈ। ਜਾਂਚ ਕਮੇਟੀ ਨੂੰ ਪ੍ਰਬੰਧਕੀ ਕਮੇਟੀ ਖ਼ਿਲਾਫ਼ ਗੁਰਮਤਿ ਮਰਿਆਦਾ ਅਨੁਸਾਰ ਕਾਰਵਾਈ ਦੀ ਸਿਫਾਰਸ਼ ਕੀਤੀ ਹੈ।


ਟਿੱਪਣੀ:

ਸਿੱਖ ਸਿਧਾਂਤਾਂ ਨੂੰ ਤਿਲਾਂਜਲੀ ਤਾਂ ਇਨ੍ਹਾਂ ਪੱਪੂਆਂ ਨੇ ਆਪ ਦਿੱਤੀ ਹੈ, ਇਨ੍ਹਾਂ ਨੂੰ ਕੀ ਹੱਕ ਹੈ ਕਿ ਇਹ ਕਿਸੇ ਦੀ ਨਕੇਲ ਕੱਸਣ। ਜਾਗਰੂਕ ਸਿੱਖਾਂ ਅਤੇ ਸਿੱਖ ਜਥੇਬੰਦੀਆਂ ਨੂੰ ਇਕੱਠੇ ਹੋ ਕੇ ਸਗੋਂ ਇਨ੍ਹਾਂ ਬਾਦਲ ਦੇ ਪੱਪੂਆਂ ਨੂੰ ਨਕੇਲ ਪਾ ਕੇ ਘੜੀਸਣਾ ਚਾਹੀਦਾ ਹੈ ਜਿਨ੍ਹਾਂ ਨੇ ਸਿੱਖੀ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਹੈ।

ਇਹ ਇਕ ਸੋਚੀ ਸਮਝੀ ਚਾਲ ਹੈ, ਕਿਉਂਕਿ ਇਨ੍ਹਾਂ ਨੇ ਦੇਖ ਲਿਆ ਹੈ ਕਿ ਜਾਗਰੂਕ ਸਿੱਖਾਂ ਨੇ ਇਨ੍ਹਾਂ ਦੀ ਉਲ ਜ਼ਲੂਲ ਹਰਕਤਾਂ ਦੀ ਕਦੇ ਵੀ ਪਰਵਾਹ ਨਹੀਂ ਕੀਤੀ। ਇਨ੍ਹਾਂ ਪੱਪੂਆਂ ਨੇ ਪਿਛੇ ਜਿਹੇ ਕਾਨਪੁਰ ਵਿਖੇ ਹੋਏ ਗੁਰਮਤਿ ਸਮਾਗਮ ਜਿਸ ਵਿੱਚ ਪ੍ਰੋ. ਦਰਸ਼ਨ ਸਿੰਘ ਜੀ ਨੇ ਕੀਰਤਨ ਕੀਤਾ ਸੀ, ਉਸ ਨੂੰ ਰੁਕਵਾਉਣ ਲਈ ਪੂਰੀ ਵਾਹ ਆਪਣੇ ਪਾਲਤੂ ਕੁਲਦੀਪ ਸਿੰਘ ਰਾਹੀਂ ਲਗਾਈ, ਪਰ ਅਕਾਲੀ ਜਥਾ ਕਾਨਪੁਰ ਅਤੇ ਕਾਨਪੁਰ ਦੇ ਸਿੱਖਾਂ ਨੇ ਪੂਰੀ ਦ੍ਰਿੜਤਾ ਨਾਲ ਬੇਖੌਫ ਹੋ ਕੇ ਸਮਾਗਮ ਕਰਵਾਇਆ, ਜੋ ਇਤਿਹਾਸਕ ਹੋ ਨਿਬੜਿਆ। ਕੁਲਦੀਪ ਸਿੰਘ ਖਿਸਿਆਨੀ ਬਿੱਲੀ ਵਾਂਗ ਭੱਜਦਾ ਹੋਇਆ ਇਨ੍ਹਾਂ ਪੱਪੂਆਂ ਕੋਲ ਫਰਿਯਾਦ ਲੈ ਕੇ ਪਹੁੰਚਿਆ, ਜਿਨ੍ਹਾਂ ਨੇ ਆਪਣੀ ਅਗਲੀ ਮੀਟਿੰਗ 'ਚ ਕੁੱਝ ਕਰਨ ਦੀ ਤੱਸਲੀ ਦਿੱਤੀ।

ਇਸ ਤੋਂ ਪਹਿਲਾਂ ਪ੍ਰੋ. ਦਰਸ਼ਨ ਸਿੰਘ ਨੇ "ਗੁਰੂ ਗ੍ਰੰਥ ਦਾ ਖ਼ਾਲਸਾ ਪੰਥ" ਜਥੇਬੰਦੀ ਬਣਾ ਕੇ ਇਨ੍ਹਾਂ ਪੱਪੂਆਂ ਦੀ ਨੀਂਦ ਹਰਾਮ ਕਰ ਦਿੱਤੀ ਸੀ, ਜਿਸਦਾ ਆਧਾਰ ਹੀ ਸ੍ਰੀ ਅਕਾਲ ਤਖ਼ਤ ਨੂੰ ਸਿਆਸੀ ਚੰਗੁਲ 'ਚੋਂ ਛੁੜਾਉਣਾ ਹੈ। ਇਸ ਜਥੇਬੰਦੀ ਦੀਆਂ ਯੁਨੀਟਾਂ ਪੰਜਾਬ, ਹੋਰ ਰਾਜਾਂ, ਬਾਹਰਲੇ ਦੇਸ਼ਾਂ 'ਚ ਕਾਇਮ ਹੋ ਚੁਕੀਆਂ ਹਨ।

ਇਨ੍ਹਾਂ ਗੱਲਾਂ ਕਰਕੇ ਇਹ ਨਕੇਲ ਕੱਸਣ ਦੀ ਤਿਆਰੀ ਕੀਤੀ ਜਾ ਰਹੀ ਹੈ।

ਇਨ੍ਹਾਂ ਪੱਪੂਆਂ ਨੂੰ ਇਹ ਨਹੀਂ ਪਤਾ ਕਿ ਜਿਨ੍ਹਾਂ ਵਿਰੁੱਧ ਇਹ ਨਕੇਲ ਕਸਣੀ ਚਾਹੁੰਦੇ ਹਨ, ਉਨ੍ਹਾਂ 'ਤੇ ਤਾਂ ਪਹਿਲਾਂ ਹੀ ਪੱਪੂਆਂ ਦੀ ਕਿਸੀ ਗੱਲ ਦਾ ਕੋਈ ਅਸਰ ਨਹੀਂ। ਇਹ ਹੁਣ ਇਕੱਲੇ ਬੰਦੇ ਨੂੰ ਛੇਕਣ ਦੇ ਡਰਾਮੇ ਤੋਂ ਬਾਅਦ, ਥੋਕ 'ਚ ਛੇਕਣ ਦੀ ਤਿਆਰੀ ਹੈ। ਇਨ੍ਹਾਂ ਪੱਪੂਆਂ ਦੀ ਤਾਂ ਪਹਿਲਾਂ ਹੀ ਕੋਈ ਬੁੱਕਤ ਨਹੀਂ, ਜਿਹੜੀ ਮਾੜੀ ਮੋਟੀ ਬਚੀ ਹੈ, ਉਸ ਨੂੰ ਵੀ ਮਲੀਯਾਮੇਟ ਕਰਨ ਲੱਗੇ ਨੇ। ਲਾ ਲਓ ਜ਼ੋਰ...

ਸੰਪਾਦਕ ਖ਼ਾਲਸਾ ਨਿਊਜ਼


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top