Share on Facebook

Main News Page

ਸਰਾਂ ਵਿੱਚ ਕਮਰਾ ਮੰਗਣ ‘ਤੇ ਮੱਕੜ ਸੈਨਾ ਵੱਲੋਂ ਸ਼ਰਧਾਲੂ ਦਾ ਕੁੱਟਾਪਾ

ਅੰਮ੍ਰਿਤਸਰ 21 ਮਾਰਚ (ਜਸਬੀਰ ਸਿੰਘ ਪੱਟੀ) ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਖ ਕਮੇਟੀ ਦੇ ਪ੍ਰਬੰਧ ਹੇਠ ਚੱਲਦੀਆ ਵੱਖ ਵੱਖ ਸਰਾਵਾਂ ਵਿੱਚ ਸ਼ਰਧਾਲੂਆ ਨੂੰ ਕਮਰੇ ਨਾ ਮਿਲਣ ਕਾਰਨ ਸ੍ਰੋਮਣੀ ਕਮੇਟੀ ਮੁਲਾਜਮਾਂ ਤੇ ਸੰਗਤਾਂ ਵਿੱਚ ਤੱਕਕਾਰ ਹੋਣਾ ਸੁਭਾਵਕ ਹੈ, ਅਤੇ ਇਸੇ ਕੜੀ ਤਹਿਤ ਹੀ ਅੱਜ ਸ੍ਰੀ ਰਾਮਦਾਸ ਸਰਾਂ ਵਿਖੇ ਉਸ ਵੇਲੇ ਹੰਗਾਮਾ ਹੋ ਗਿਆ, ਜਦੋਂ ਇੱਕ ਦਿੱਲੀ ਤੋਂ ਆਏ ਸ਼ਰਧਾਲੂ ਨੇ ਸ਼੍ਰੋਮਣੀ ਕਮੇਟੀ ਦੇ ਮੁਲਾਜਮਾਂ ਕੋਲੋ ਕਮਰੇ ਦੀ ਮੰਗ ਤਾਂ ਮੁਲਾਜਮ ਵੱਲੋ ਨਾਂਹ ਕਰਨ ਤੇ ਦੋਹਾਂ ਵਿੱਚ ਤੱਤਕਾਰ ਹੋ ਗਿਆ। ਇਸ ਤੱਤਕਾਰ ਦੌਰਾਨ ਹੀ ਸੇਵਾਦਾਰ ਕੁਲਵੰਤ ਸਿੰਘ ਨੇ ਉਸ ਸ਼ਰਧਾਲੂ ਤੇ ਹਮਲਾ ਕਰ ਦਿੱਤਾ ਜਿਸ ਦੇ ਸਿੱਟੇ ਵਜੋਂ ਸ਼ਰਧਾਲੂ ਨੇ ਮੋੜਵਾਂ ਜਵਾਬ ਉਸੇ ਹੀ ਸੁਰ ਵਿੱਚੋਂ ਦਿੱਤਾ, ਤਾਂ ਫਿਰ ਮੱਕੜ ਸੈਨਾ ਨੇ ਉਸ ਸ਼ਰਧਾਲੂ ਨੂੰ ਇੰਨਾ ਕੁ ਥਾਪੜਿਆ ਕਿ ਉਸ ਨੇ ਦੁਬਾਰਾ ਆਉਣ ਤੋਂ ਤੋਂਬਾ ਕਰ ਦਿੱਤੀ। ਇਹ ਮੰਦਭਾਗੀ ਘਟਨਾ ਉਸ ਵੇਲੇ ਵਾਪਰੀ ਜਦੋ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਘਟਨਾ ਸਥਾਨ ਤੋਂ ਚੰਦ ਕਦਮ ਦੂਰ ਸ਼੍ਰੋਮਣੀ ਕਮੇਟੀ ਦਫਤਰ ਵਿੱਚ ਬੈਠੇ ਭੁਜੇ ਹੋਏ ਛੋਲਿਆਂ ਨੂੰ ਮੱਤ ਦੇ ਰਹੇ ਸਨ।

ਸ਼ਰਧਾਲੂ ਦੀ ਕੁੱਟਮਾਰ ਦੀ ਧਮਕ ਜਦੋ ਸ੍ਰੀ ਦਰਬਾਰ ਸਾਹਿਬ ਦੇ ਮਨੈਜਰ ਦੇ ਕਮਰੇ ਤੱਕ ਪੁੱਜੀ, ਤਾਂ ਉਹਨਾਂ ਨੇ ਤੁਰੰਤ ਮੈਨੇਜਰ ਸਰਾਵਾਂ ਸ੍ਰ. ਪਰਤਾਪ ਸਿੰਘ ਨੂੰ ਮੌਕੇ ‘ਤੇ ਭੇਜਿਆ। ਉਹਨਾਂ ਨੇ ਮੌਕਾ ਸੰਭਾਲਦਿਆ ਸ਼ਰਧਾਲੂ ਨੂੰ ਮਨੈਜਰ ਸ੍ਰੀ ਦਰਬਾਰ ਸਾਹਿਬ ਕੋਲ ਪੁੱਜਦਾ ਕਰ ਦਿੱਤਾ। ਬੰਦ ਕਮਰੇ ਵਿੱਚ ਜਦੋਂ ਦੋਹਾਂ ਵਿਚਕਾਰ ਵਾਰਤਾਲਾਪ ਹੋਇਆ ਤਾਂ ਮਨੈਜਰ ਸ੍ਰੀ ਜਵਾਹਰ ਸਿੰਘ ਨੇ ਜਿਥੇ ਸ਼ਰਧਾਲੂ ਕੋਲੋ ਸੌਰੀ ਮੰਗੀ ਉਥੇ ਉਸ ਨੂੰ ਸਰਾਂ ਵਿੱਚ ਕਮਰਾ ਦੇ ਕੇ ਸ਼ਾਂਤੀ ਨਾਲ ਮੱਥਾ ਟੇਕਣ ਦੀ ਅਪੀਲ ਕਰਦਿਆ ਅੱਗੇ ਤੋਂ ਅਜਿਹੀ ਘਟਨਾ ਨਾ ਵਾਪਰਨ ਦਾ ਵਿਸ਼ਵਾਸ ਵੀ ਦਿਵਾਇਆ।

ਵਰਨਣਯੋਗ ਹੈ ਕਿ ਕਰੀਬ ਦੋ ਦਿਨ ਪਹਿਲਾਂ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਮੈਂਬਰ ਦੀ ਭੈਣ ਜਦੋਂ ਮਾਤਾ ਗੰਗਾ ਨਿਵਾਸ ਵਿਖੇ ਕਮਰਾ ਲੈਣ ਵਾਸਤੇ ਆਈ, ਤਾਂ ਮੌਕੇ 'ਤੇ ਸਟਾਫ ਨੇ ਕਮਰਾ ਖਾਲੀ ਨਾ ਹੋਣ ਬਾਰੇ ਜਦੋਂ ਦੱਸਿਆ, ਤਾਂ ਉਹ ਬੀਬੀ ਭਰੀ ਪੀਤੀ ਕਿਸੇ ਨਿੱਜੀ ਬਾਬੇ ਦੀ ਸਰਾਂ ਵਿੱਚ ਜਾ ਕੇ ਠਹਿਰ ਗਈ, ਪਰ ਇਸ ਬੀਬੀ ਨੇ ਉਸੇ ਵੇਲੇ ਬਰਾਦਰੀ ਵਿੱਚੋਂ ਲੱਗਦੇ ਆਪਣੇ ਧਰਮ ਭਰਾ ਸ੍ਰੀ ਅਵਤਾਰ ਸਿੰਘ ਮੱਕੜ ਨੂੰ ਸ਼ਕਾਇਤ ਕਰ ਦਿੱਤੀ। ਸ੍ਰੀ ਮੱਕੜ ਨੂੰ ਉਸ ਦੀ ਭੈਣ ਨੂੰ ਕਮਰਾ ਨਾ ਮਿਲਣ ਦਾ ਇੰਨਾ ਕੁ ਵੱਟ ਚੜਿਆ, ਕਿ ਉਸ ਨੇ ਅਗਲੇ ਦਿਨ ਸਵੇਰੇ ਹੀ ਉਸ ਦੀ ਭੈਣ ਨੂੰ ਕਮਰਾ ਨਾ ਦੇਣ ਦੇ ਦੋਸ਼ ਵਿੱਚ ਸਰਾਂ ਦੇ ਸਾਰੇ ਮੁਲਾਜਮਾਂ ਨੂੰ ਮੁਅੱਤਲ ਕਰਕੇ, ਉਹਨਾਂ ਦੇ ਹੈਡ ਕੁਆਟਰ ਤੁਰੰਤ ਤਬਦੀਲ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ, ਪਰ ਕੁਝ ਸਿਆਸੀ ਆਗੂਆ ਅੱਗੇ ਸ੍ਰੀ ਮੱਕੜ ਦੇ ਇਹ ਆਦੇਸ਼ ਉਸ ਵੇਲੇ ਹਵਾ ਹੋ ਗਏ, ਜਦੋ ਵੱਡਿਆਂ ਘਰਾਂ ਦੇ ਇਹਨਾਂ ਕਾਕਿਆ ਦੇ ਅਕਾਵਾਂ ਦੇ ਸਾਹਮਣੇ ਮੱਕੜ ਨੂੰ ਭਿੱਜੀ ਬਿੱਲੀ ਬਣਨਾ ਪਿਆ ਤੇ ਮੁਲਾਜਮਾਂ ਨੂੰ ਮਿਲਣ ਵਾਲੀਆਂ ਸਜਾਵਾਂ ਵੀ ਖਤਮ ਹੋ ਗਈਆ।

ਸ਼ਰੋਮਣੀ ਕਮੇਟੀ ਵਿੱਚ ਹਰ ਮੁਲਾਜਮ ਆਪਣੀ ਪਿੱਠ ਤੇ ਕੋਈ ਨਾ ਕੋਈ ਸਿਆਸੀ ਤੋਪ ਬੰਨੀ ਫਿਰਦਾ ਹੈ, ਜਿਸ ਕਰਕੇ ਪ੍ਰਬੰਧ ਵਿੱਚ ਸੁਧਾਰ ਕਰਨਾ ਉਨਾ ਹੀ ਔਖਾ ਹੈ, ਜਿੰਨਾ ਖੰਡੇ ਦੀ ਧਾਰ ਤੇ ਚੱਲਣਾ ਔਖਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਿੱਚ ਜੇਕਰ ਇਸੇ ਤਰ੍ਹਾਂ ਹੀ ਗੁੰਡਾਗਰਦੀ ਹੁੰਦੀ ਰਹੀ, ਤਾਂ ਉਹ ਦਿਨ ਦੂਰ ਜਦੋਂ ਲੋਕ ਆਪ ਮੁਹਾਰੇ ਸ਼੍ਰੋਮਣੀ ਅਧਿਕਾਰੀਆਂ ਦੇ ਮੁਲਾਜਮਾਂ ਦੇ ਖਿਲਾਫ ਖੜੇ ਹੋ ਜਾਣਗੇ ਅਤੇ ਸਿੱਖਾਂ ਵਿੱਚ ਇੱਕ ਤਰ੍ਹਾਂ ਨਾਲ ਖਾਨਾਜੰਗੀ ਸ਼ੁਰੂ ਹੋ ਜਾਵੇਗੀ, ਜਿਸ ਲਈ ਵਿਸ਼ੇਸ਼ ਕਰਕੇ ਮੱਕੜ ਐੰਡ ਜੁੰਡਲੀ ਜਿੰਮੇਵਾਰ ਹੋਵੇਗੀ। ਰੱਬ ਖੈਰ ਕਰੇ!


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top