Share on Facebook

Main News Page

ਲੱਚਰ ਗਾਇਕੀ ਵਿਰੁਧ ਲਾਮਬੰਦ ਲਹਿਰ ਨੂੰ ਭਰਵਾਂ ਹੁੰਗਾਰਾ

(ਗੁਰਦੇਵ ਸਿੰਘ ਸੱਧੇਵਾਲੀਆ) ਬ੍ਰੈਂਪਟਨ - 16 ਮਾਰਚ 2013: ਸਭਿਆਚਾਰ ਅਤੇ ਪੰਜਾਬ ਮਾਂ ਬੋਲੀ ਦਾ ਸੇਵਾ ਦੇ ਨਾਂ ਤੇ ਪਰੋਸੀ ਜਾ ਰਹੀ ਲੱਚਰਤਾ ਵਿਰੁਧ ਉੱਠੀ ਲਹਿਰ ਨੂੰ ਉਸ ਵੇਲੇ ਤਗੜਾ ਬਲ ਮਿਲਿਆ, ਜਦ 16 ਮਾਰਚ 2013 ਦਿਨ ਸ਼ਨਿਚਰਵਾਰ ਨੂੰ ਰੌਇਲ ਬੈਂਕੁਟ ਹਾਲ ਵਿਖੇ ਸੱਦੀ ਗਈ ਖੁਲ੍ਹੀ ਮੀਟਿੰਗ ਵਿਚ ਉਤਸ਼ਾਹ ਜਨਕ ਇਕੱਠ ਦੇਖਣ ਨੂੰ ਮਿਲਿਆ। ਪੰਜਾਬੀ ਭਾਈਚਾਰੇ ਦੇ ਉੱਘੇ ਤੇ ਵੱਖ ਵੱਖ ਲੋਕਾਂ ਦੀ ਸ਼ਮੂਲੀਅਤ ਇਸ ਗੱਲ ਦਾ ਪੁਖਤਾ ਸਬੂਤ ਸੀ ਕਿ ਲੋਕ ਸਭਿਆਚਾਰ ਦੇ ਨਾਂ ‘ਤੇ ਫੈਲਾਏ ਜਾ ਰਹੇ ਲੱਚਰਤਾ ਦੇ ਪ੍ਰਦੂਸ਼ਣ ਤੋਂ ਤੰਗ ਆ ਚੁੱਕੇ ਹੋਏ ਹਨ ਤੇ ਹੁਣ ਉਹ ਇਸ ਦੀ ‘ਅੰਤਮ ਅਰਦਾਸ’ ਲਈ ਲਾਮਬੰਦ ਹੋਣੇ ਸ਼ੁਰੂ ਹੋ ਗਏ ਹਨ।

ਸਾਰੇ ਬੁਲਾਰਿਆਂ ਨੇ ਇਸ ਗੱਲ ਤੇ ਜੋਰ ਦਿੱਤਾ ਕਿ ਪੰਜਾਬ ਵੀ ਅਤੇ ਬਾਹਰ ਵੀ ਇਸ ਫੈਲਾਏ ਜਾ ਰਹੇ ਲੱਚਰਤਾ ਦੇ ਕੋਹੜ ਨੂੰ ਤਾਂ ਹੀ ਦੂਰ ਕੀਤਾ ਜਾ ਸਕਦਾ ਹੈ, ਜੇ ਸਾਰੇ ਪੰਜਾਬੀ ਨੂੰ ਪਿਆਰ ਕਰਨ ਵਾਲੇ ਲੋਕ ਸੋਚਣ ਲੱਗ ਜਾਣ ਅਤੇ ਇਨ੍ਹਾਂ ਨੂੰ ਸੁਣਨਾ ਅਤੇ ਇਨ੍ਹਾਂ ਦਾ ਸ਼ੋਸ਼ਲ ਬਾਈਕਾਟ ਕਰਨਾ ਸ਼ੁਰੂ ਕਰ ਦੇਣ। ਉਨ੍ਹਾਂ ਕੁਝ ਮੀਡੀਏ ਨੂੰ ਵੀ ਇਸ ਦਾ ਜਿੰਮੇਵਾਰ ਠਹਿਰਾਇਆ ਜਿਹੜਾ ਜਾਣ ਬੁੱਝ ਕੇ ਅਪਣੇ ਜਾਤੀ ਮੁਫਾਦਾਂ ਖਾਤਰ ਲੋਕਾਂ ਅਗੇ ਇਹ ਗੰਦ ਪਰੋਸ ਰਿਹਾ ਹੈ।

ਇਸ ਮੀਟਿੰਗ ਵਿਚ ਪ੍ਰਬੰਧਕਾਂ ਵਲੋਂ ਖੁਲ੍ਹ-ਦਿੱਲੀ ਇਹ ਦਿਖਾਈ ਗਈ ਕਿ ਹਰੇਕ ਵਿਚਾਰਧਾਰਾ ਰੱਖਣ ਵਾਲੇ ਨੂੰ ਇਸ ਵਿਚ ਸਮਾਂ ਦਿੱਤਾ ਗਿਆ, ਇਥੋਂ ਤੱਕ ਕਿ ਦਿਲਜੀਤ ਦੀ ‘ਜੱਟ ਐਂਡ ਜੂਲੀਅਟ’ ਵਰਗੀਆਂ ਫਿਲਮਾਂ ਦੇ ਪ੍ਰਡਿਊਸਰ ਨੂੰ ਵੀ!! ਬਿਨਾ ਕਿਸੇ ਪਾਰਟੀ ਜਾਂ ਮੱਤਭੇਦ ਦੇ ਬੋਲ ਕੇ ਗਏ ਬੁਲਾਰਿਆਂ ਦੀ ਸਭ ਨੇ ਸ਼ਲਾਘਾ ਕੀਤੀ, ਨਹੀਂ ਤਾਂ ਅਜਿਹੀਆਂ ਮੀਟਿੰਗਾਂ ਵਿਚ ਗਿਣੇ-ਚੁਣੇ ਲੋਕ ਹੀ ਬੁਲਾਏ ਜਾਂਦੇ ਹਨ। ਬੇਸ਼ਕ ਪ੍ਰਬੰਧਕਾਂ ਨੂੰ ਇਸ ਖੁਲ੍ਹਦਿੱਲੀ ਲਈ ਕੁਝ ਪਲਾਂ ਲਈ ਪ੍ਰੇਸ਼ਾਨੀ ਵੀ ਝੇਲਣੀ ਪਈ, ਜਦ ਕੁਝ ਇਕ ਲੋਕਾਂ ਅਪਣੀਆਂ ਜਾਤੀ ਕਿੜਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ, ਪਰ ਇਨ੍ਹਾਂ ਕੁਝ ਪਲਾਂ ਨੇ ਮੀਟਿੰਗ ਨੂੰ ਬਹੁਤਾ ਪ੍ਰਭਾਵਤ ਨਹੀਂ ਕੀਤਾ ਅਤੇ ਸੂਝਵਾਨ ਲੋਕਾਂ ਅਜਿਹੇ ਤੱਤਾਂ ਨੂੰ ਛੇਤੀ ਹੀ ਸ਼ਾਂਤ ਕਰ ਦਿੱਤਾ।

ਸਾਰੇ ਇਕੱਠੇ ਹੋਏ ਲੋਕ ਇਸ ਗਲੇ ਚਿੰਚਤ ਸਨ ਕਿ ਗੈਂਗਵਾਦ, ਨੰਗੇਜਵਾਦ, ਨਸ਼ੇ, ਡਰੱਗਜ਼ ਆਦਿ ਨੂੰ ਲੱਚਰ ਗਾਇਕੀ ਬੜਾਵਾ ਦੇ ਕੇ, ਉਨ੍ਹਾਂ ਦੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੀ ਹੈ। ਇਸੇ ਚਿੰਤਾ ਵਿਚੋਂ ਹੀ ਕੋਈ ਢਾਈ ਤਿੰਨ ਸੌ ਦੇ ਕਰੀਬ ਲੋਕਾਂ ਨੇ ਆਪਣੇ ਨਾਂ ਪਤੇ ਦੇ ਕੇ ਇਸ ਕਾਫਲੇ ਨੂੰ ਅੱਗੇ ਤੋਰਨ ਲਈ ਵੱਚਨਬੱਧਤਾ ਦਰਸਾਈ। ਅਖੀਰ ‘ਤੇ ਸਾਰੇ ਆਏ ਲੋਕਾਂ ਅਗੇ ਮਾਈਕ ਲਿਜਾ ਕੇ ਉਨ੍ਹਾਂ ਦੇ ਖੁਲ੍ਹੇ ਵਿਚਾਰ ਲਏ ਗਏ। ਸਾਰੇ ਬੁਲਾਰਿਆਂ ਦੀ ਇਹ ਪੀੜਾ ਸੀ, ਕਿ ਇਸ ਸਭਿਆਚਾਰ ਦੇ ਨਾਂ ‘ਤੇ ਫੈਲਾਏ ਜਾ ਰਹੇ ਜ਼ਹਿਰ ਨੇ ਹੱਦ ਕਰ ਦਿੱਤੀ ਹੈ, ਅਤੇ ਇਸ ਨੂੰ ਹੁਣ ਨੱਥ ਪਾਈ ਜਾਣ ਦਾ ਵੇਲਾ ਆ ਗਿਆ ਹੈ।

ਇਸ ਮੀਟਿੰਗ ਵਿਚ ਪਹੁੰਚੀਆਂ ਮੀਡੀਏ ਅਤੇ ਭਾਈਚਾਰੇ ਦੀਆਂ ਵੱਖ ਵੱਖ ਸਖਸ਼ੀਅਤਾਂ ਵਿਚੋਂ ਪੰਜਾਬੀ ਡੇਲੀ ਦੇ ਸ੍ਰ. ਸੁਖਮਿੰਦਰ ਸਿੰਘ ਹੰਸਰਾ, ਪੰਜਾਬੀ ਪੋਸਟ ਤੋਂ ਸ੍ਰ .ਗੁਰਦੀਸ਼ ਸਿੰਘ ਗਰੇਵਾਲ, ਸਿੱਖ ਸਪੋਕਸਮੈਨ ਤੋਂ ਸ੍ਰ. ਗੁਰਨਾਮ ਸਿੰਘ ਘੁੰਡਾਲ-ਡਾ ਸੁਖਦੇਵ ਸਿੰਘ ਝੰਡ-ਮਲੂਕ ਸਿੰਘ ਕਾਹਲੋਂ, ਦਿਲ ਅਪਣਾ ਪੰਜਾਬੀ ਤੋਂ ਸ੍ਰ. ਗੁਰਤੀਰਥ ਸਿੰਘ ਪਾਸਲਾ, ਰੰਗਲਾ ਪੰਜਾਬ ਤੋਂ ਦਿਲਬਾਗ ਚਾਵਲਾ ਜੀ, ਖਾਲਸਾ ਨਿਊਜ਼ ਦੇ ਪ੍ਰਤੀਨਿਧੀ, ਸਰਦਾਰੀ ਟੀ.ਵੀ ਦੇ ਰਾਣਾ ਸਿੱਧੂ, ਜਸਵਿੰਦਰ ਖੋਸਾ, ਸ੍ਰ. ਅਮਰੀਕ ਸਿੰਘ ਮੁਕਤਸਰ, ਸ੍ਰ. ਤਰਲੋਕ ਸਿੰਘ ਹੁੰਦਲ, ਐਮ.ਪੀ.ਪੀ ਸ੍ਰ. ਜਗਮੀਤ ਸਿੰਘ, ਗੁਰੁ ਨਾਨਕ ਮਿਸ਼ਨ ਤੋਂ ਸ੍ਰ. ਹਰਜੀਤ ਸਿੰਘ ਢੱਡਾ, ਸ੍ਰ. ਕਿਰਪਾਲ ਸਿੰਘ ਪੰਨੂ, ਤਰਕਸ਼ੀਲ ਸੁਸਇਟੀ ਤੋਂ ਬਲਦੇਵ ਰੈਪਾ ਅਤੇ ਚਰਨਜੀਤ ਬਰਾੜ ਅਤੇ ਭਾਈਚਾਰੇ ਦੀਆਂ ਹੋਰ ਕਾਫੀ ਸਖਸ਼ੀਅਤਾਂ ਨੇ ਹਿੱਸਾ ਲਿਆ।

ਸਭ ਤੋਂ ਅਹਿਮ ਗਲ ਕਿ ਇਸ ਪ੍ਰੋਗਰਾਮ ਵਿਚ ਉਘੇ ਸਿੱਖ ਪ੍ਰਚਾਰਕ ਭਾਈ ਪਰਮਜੀਤ ਸਿੰਘ ਉਤਰਾਖੰਡ ਵੀ ਪਹੁੰਚੇ ਹੋਏ ਸਨ। ਇਹ ਚੰਗਾ ਸੁਨੇਹਾ ਸੀ ਕਿ ਸਾਡੇ ਧਾਰਮਿਕ ਪ੍ਰਚਾਰਕ ਕੇਵਲ ਗੁਰੂ ਘਰਾਂ ਵਿੱਚ ਹੀ ਨਹੀਂ, ਬਲਕਿ ਬਾਹਰ ਨਿਕਲ ਕੇ ਲੋਕਾਂ ਵਿਚ ਆਉਣ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਵਿਚ ਸ਼ਰੀਕ ਹੋਣ ਅਤੇ ਭਾਈਚਾਰੇ ਵਿਚ ਫੈਲ ਰਹੀਆਂ ਅਜਿਹੀਆਂ ਬਿਮਾਰੀਆਂ ਲਈ ਆਵਾਜ਼ ਬੁਲੰਦ ਕਰਨ।

ਮੁੱਖ ਪ੍ਰਬੰਧਕਾਂ ਵਿਚੋਂ ਸ੍ਰ. ਗੁਰਮੁਖ ਸਿੰਘ ਬਾਠ, ਸ੍ਰ. ਜਸਬੀਰ ਸਿੰਘ ਧਾਲੀਵਾਲ, ਰਣਧੀਰ ਸਿੰਘ ਰਾਣਾ ਸਿੱਧੂ, ਰਾਣਾ ਆਹਲੂਵਾਲੀਆ, ਸੁਰਜੀਤ ਸਿੰਘ ਝਬੇਲਵਾਲੀ, ਗੁਰਤੀਰਥ ਸਿੰਘ ਪਾਸਲਾ ਨੇ ਸਭ ਆਏ ਲੋਕਾਂ ਦਾ ਧੰਨਵਾਦ ਕੀਤਾ ਅਤੇ ਅਗੇ ਤੋਂ ਇਸ ਲਹਿਰ ਨੂੰ ਜਾਰੀ ਰੱਖਣ ਦਾ ਪ੍ਰਣ ਲਿਆ।

 

Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top