Share on Facebook

Main News Page

ਗੁਰਬਚਨ ਸਿੰਘ ਦੇ ਜਾਰੀ ਕੂੜਨਾਮਿਆਂ ਨੂੰ ਹੁਣ ਕੋਈ ਨਹੀਂ ਮੰਨਦਾ, ਇਸ ਲਈ, ਗੁਰੂ ਗ੍ਰੰਥ ਸਾਹਿਬ ਵਿਚੋਂ, ਬੱਚਿਆਂ ਦਾ ਨਾਮ ਰਖਣ ਵਾਲਿਆਂ ਉਤੇ ਉਹ ਪਰਚੇ ਦਾਖਿਲ ਕਰਿਆ ਕਰੇਗਾ - ਇਕ ਵਿਅੰਗ
- ਇੰਦਰਜੀਤ ਸਿੰਘ, ਕਾਨਪੁਰ

ਨਾਨਕਸ਼ਾਹੀ ਸੰਮਤ 545 ਦੀ ਸ਼ੁਰੂਆਤ ਦੇ ਮੌਕੇ ਉਤੇ ਕਾਲੀ ਦਲ ਦੇ ਲਾਈਵ ਪ੍ਰੋਗ੍ਰਾਮ ਵਿੱਚ, ਹੈਡ ਗ੍ਰੰਥੀ ਗੁਰਬਚਨ ਸਿੰਘ ਤਕਰੀਰ ਕਰ ਰਿਹਾ ਸੀ ਕਿ "ਜੋ ਲੋਕ ਅਪਣੇ ਬੱਚਿਆਂ ਦਾ ਨਾਮ ਗੁਰੂ ਗ੍ਰੰਥ ਸਾਹਿਬ ਵਿੱਚੋਂ ਗੁਰਬਾਣੀ ਤੇ ਰਖਣਗੇ, ਉਨ੍ਹਾਂ 'ਤੇ ਸਖਤ ਤੋਂ ਸਖਤ ਕਾਰਵਾਹੀ ਕੀਤੀ ਜਾਵੇਗੀ। ਉਨ੍ਹਾਂ 'ਤੇ ਪਰਚੇ ਵੀ ਦਾਖਲ ਕੀਤੇ ਜਾਣਗੇ। ਲੋਕੀਂ ਅਪਣੇ ਬੱਚਿਆਂ ਦਾ ਨਾਮ ਗੁਰਬਾਣੀ, ਜਪੁਜੀ, ਸੁਖਮਨੀ ਰਖਦੇ ਨੇ, ਕਲ ਨੂੰ ਆਸਾ ਕੀ ਵਾਰ ਅਤੇ ਗਉੜੀ ਵੀ ਰੱਖ ਲੈਣਗੇ। ਐਸਾ ਕਰਨ ਵਾਲਿਆਂ 'ਤੇ ਸਖਤ ਤੋਂ ਸਖਤ ਐਕਸ਼ਨ ਲਿਆ ਜਾਏਗਾ ਅਤੇ ਉਸ ਤੇ ਪਰਚੇ ਵੀ ਦਰਜ ਕੀਤੇ ਜਾਣਗੇ..... ।"

ਮੇਰੀ ਸਿੰਘਣੀ ਕੋਲ ਹੀ ਬੈਠੀ ਤਕਰੀਰ ਸੁਣ ਰਹੀ ਸੀ, ਕਹਿਣ ਲੱਗੀ ਇਸ ਨੂੰ ਪੁਛੋ, ਕਿ ਇਸ ਦੇ ਮਾਪਿਆਂ ਨੇ ਇਸਦਾ ਨਾਮ ਗੁਰਬਚਨ ਸਿੰਘ, ਕੀ ਰਾਮਾਇਣ ਵਿਚੋ ਰਖਿਆ ਸੀ, ਜਾਂ ਗੀਤਾ ਵਿਚੋਂ? ਸਾਡੇ ਨਾਮ ਅਤੇ ਸਾਡੇ ਬੱਚਿਆਂ ਦੇ ਨਾਮ ਗੁਰੂ ਗ੍ਰੰਥ ਸਾਹਿਬ ਵਿੱਚੋ ਹੀ ਰੱਖਣ ਦੀ ਮਰਿਯਾਦਾ ਬਣੀ ਹੋਈ ਹੈ। ਕੋਈ ਪਹਿਲਾ ਅੱਖਰ ਲੈ ਕੇ ਉਸ ਤੇ ਨਾਮ ਰਖਦਾ ਹੈ ਅਤੇ ਕੋਈ ਇਕ ਪੂਰਾ ਸ਼ਬਦ ਲੈ ਕੇ ਹੀ ਉਸ ਨੂੰ ਅਪਣਾ ਨਾਮ ਬਣਾ ਲੈਂਦਾ ਹੈ। ਸਿੱਖ ਇਹ ਸਤਕਾਰ ਵੱਜੋ ਕਰਦੇ ਨੇ, ਨਾ ਕਿ ਅਪਮਾਨ ਵਜੋਂ?

ਮੈਂ ਉਸ ਨੂੰ ਵਿਅੰਗ ਭਰੇ ਲਹਿਜੇ ਨਾਲ ਸ਼ਾਂਤ ਕਰਦਿਆਂ ਕਹਿਆ, ਭਾਗਵਾਨੇ, ਕੌਮ ਦੀ ਇੰਨੀ ਵੱਡੀ ਹਸਤੀ, ਜਿਸਨੂੰ ਲੋਕੀ "ਸਿੰਘ ਸਾਹਿਬ" ਕਹਿੰਦੇ ਨੇ, ਅਤੇ ਜਿਸ ਦੇ ਹੁਕਮਨਾਮਿਆਂ ਨੂੰ "ਅਕਾਲ ਤਖਤ ਦਾ ਹੁਕਮ" ਮੰਨਦੇ ਨੇ, ਤੂੰ ਉਸ ਨੂੰ ਸਵਾਲ ਕਰ ਰਹੀ ਹੈਂ? ਸੁਹਿਰਦ ਬੰਦੇ ਸਿੰਘ ਸਾਹਿਬਾਨਾਂ ਕੋਲੋ ਸਵਾਲ ਜਵਾਬ ਨਹੀਂ ਕਰਦੇ। ਉਹ ਕੀ ਗਲਤ ਕਹਿ ਰਿਹਾ ਹੈ? ਉਸ ਦੀ ਪੂਰੀ ਤਕਰੀਰ ਤਾਂ ਸੁਣ ਲੈ, ਫੇਰ ਅਪਣੇ ਕਮੇਂਟ ਕਰੀਂ। ਤੂੰ ਤਾਂ ਫੇਸਬੁਕ ਵਾਲਿਆਂ ਵਾਂਗ ਕੁਮੇਂਟ 'ਤੇ ਕੁਮੇਂਟ ਕਰੀ ਜਾਂਦੀ ਹੈ, ਪੋਸਟ ਭਾਵੇਂ ਸਮਝ ਆਵੇ ਭਾਵੇ ਨਾਂ ਆਵੇ।

 

   

ਉਹ ਹੋਰ ਔਖੀ ਹੋ ਕੇ ਬੋਲੀ, "ਫੇਸ ਬੁਕ 'ਤੇ ਮੈਂ ਨਹੀਂ ਬਹਿੰਦੀ, ਤੁਸੀਂ ਹੀ ਸਵੇਰੇ ਸ਼ਾਮ ਫੇਸਬੁਕ ਨਾਲ ਚੰਬੜੇ ਰਹਿੰਦੇ ਹੋ। ਤੁਸੀਂ ਵੀ ਇਸ ਦੀ ਤਕਰੀਰ ਜਰੂਰ ਸੁਣਦੇ ਹੋ, ਅਤੇ ਰਿਕਾਰਡ ਵੀ ਕਰਦੇ ਹੋ। ਇਨਾਂ ਟਾਈਮ ਵਾਹਿਗੁਰੂ ਦਾ ਨਾਮ ਲੈਣ ਵਿੱਚ ਲਾਇਆ ਕਰੋ।

ਜਦੋਂ ਤੁਹਾਨੂੰ ਪਤਾ ਹੈ ਕਿ ਇਸਨੇ ਡੇਰੇ ਵਾਲਿਆਂ ਅਤੇ ਬਾਬਿਆਂ ਦੀ ਖੁਸ਼ਾਮਦ ਕਰਨੀ ਹੈ ਅਤੇ "ਨੀਲੀ ਲੀਰ ਵਾਲੇ ਬਾਬੇ" ਨੂੰ "ਸੰਤ ਮਹਾਪੁਰਖ ਰਾਜਾ ਜੋਗੀ" ਅਤੇ ਦੋ ਕੌਡੀ ਦੇ ਧੁੰਮੇ ਨੂੰ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਕਹਿਣਾਂ ਹੈ ਅਤੇ ਇਹੋ ਜਹੀਆਂ ਯਬਲੀਆਂ ਹੀ ਮਾਰਨੀਆਂ ਨੇ, ਤਾਂ ਇਸ ਦੇ ਮਗਰ ਕਿਉਂ ਪਏ ਰਹਿੰਦੇ ਹੋ? ਬਾਅਦ ਵਿੱਚ ਉਸ ਨੂੰ ਸੁਣ ਕੇ ਸਾੜ ਕਡ੍ਹਦੇ ਹੋ ਅਤੇ ਇਸ ਬਾਰੇ ਵੱਡੇ ਵੱਡੇ ਫੱਕੜ ਤੋਲਦੇ ਹੋ? ਬੱਚੇ ਵੀ ਅਪਣੀ ਮਾਂ ਦੀ ਗਲ ਸੁਣ ਕੇ, ਉਸ ਦੀ ਗਲ ਦਾ ਸਮਰਥਨ ਕਰ ਰਹੇ ਸੀ।

ਮੈਂ ਕੱਲਾ ਪੈ ਗਇਆ ਸੀ। ਉਸ ਨੂੰ ਸ਼ਾਂਤ ਕਰਦਿਆਂ ਸਮਝਾਇਆ ਕਿ ਉਸ ਦੀ ਤੁਸੀਂ ਭਾਵਨਾ ਤਾਂ ਸਮਝ ਹੀ ਨਹੀਂ ਰਹੇ, ਉਸ ਨੂੰ ਬੁਰਾ ਭਲਾ ਕਹੀ ਜਾ ਰਹੇ ਹੋ।

ਸਾਰਾ ਟੱਬਰ ਹੈਰਾਨ ਸੀ ਕਿ ਸਪੀਚ ਸ਼ੁਰੂ ਹੋਣ ਵੇਲੇ ਤਾਂ ਇਸ ਬਾਰੇ ਕਈ ਕਮੇਂਟ ਕਰ ਰਹੇ ਸੀ, ਅਚਾਨਕ ਇਨਾਂ ਨੂੰ ਕੀ ਸਮਝ ਆ ਗਇਆ? ਸਪੀਚ ਉਸ ਦੀ ਮੁਕ ਗਈ ਸੀ। ਕਮੰਪਯੂਟਰ 'ਤੇ ਰਿਕਾਰਡਿੰਗ ਬੰਦ ਕਰ ਦਿੱਤੀ ਤੇ ਉਨ੍ਹਾਂ ਵੱਲ ਮੁੰਹ ਕਰ ਕੇ, ਉਨ੍ਹਾਂ ਨੂੰ ਸਮਝਾਉਣ ਦੇ ਅੰਦਾਜ ਵਿੱਚ ਕਹਿਆ "ਵੇਖੋ, ਸਾਡੇ ਸਾਰਿਆਂ ਦੇ ਨਾਮ ਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਉਟ ਆਸਰਾ ਲੈ ਕੇ ਹੀ ਰੱਖੇ ਜਾਂਦੇ ਨੇ, ਕੋਈ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ 'ਤੇ ਹੀ ਸਤਕਾਰ ਵੱਜੋਂ ਅਪਣਾ ਨਾਮ ਰੱਖ ਲੈਂਦਾ ਹੈ, ਜਿਵੇਂ ਉੰਕਾਰ ਸਿੰਘ, ਗੁਰਬਚਨ ਸਿੰਘ, ਅਵਤਾਰ ਸਿੰਘ, ਪੂਰਨ ਸਿੰਘ, ਇਕ ਬਾਲ ਸਿੰਘ, ਗੁਰ ਇਕਬਾਲ ਸਿੰਘ, ਹਰਜਿੰਦਰ ਸਿੰਘ, ਗੁਰਚਰਣ ਜੀਤ ਸਿੰਘ, ਹਰਿਸਿਮਰਤ ਕੌਰ, ਹਰਨਾਮ ਸਿੰਘ, ਤਿਰਲੋਚਨ ਸਿੰਘ, .......ਆਦਿਕ।

ਸਿੰਘਣੀ ਬੋਲੀ, ਤੁਸੀਂ ਕਹਿਣਾਂ ਕੀ ਚਾਹੁੰਦੇ ਹੋ? ਮੈਂ ਅਪਣੀ ਗੱਲ ਨੂੰ ਤੋਰਦਿਆਂ ਉਨਾਂ ਨੂੰ ਕਹਿਆ "ਬਸ, ਇਹ ਹੀ ਤਾਂ ਗੁਰਬਚਨ ਸਿੰਘ ਨੂੰ ਤਕਲੀਫ ਹੈ, ਕਿਉਂਕਿ ਉਹ ਤਾਂ ਅਖੌਤੀ ਦਸਮ ਗ੍ਰੰਥ ਦਾ ਪੁਜਾਰੀ ਹੈ, ਤਨਖਾਹ ਲੈਂਦਾ ਹੈ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਨ ਦੀ। ਦਸਮ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਇਕ ਅੰਗ ਕਹਿ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਧੂਰਾ ਸਾਬਿਤ ਕਰਦਾ ਹੇ। ਉਸ ਕੂੜ ਕਿਤਾਬ ਨੂੰ ਪ੍ਰਮੋਟ ਕਰਨ ਲਈ ਹੀ ਤਾਂ ਉਸ ਨੂੰ ਇਸ ਨੌਕਰੀ 'ਤੇ ਰਖਿਆ ਗਇਆ ਹੈ, ਨਹੀਂ ਤਾਂ ਦੂਜੇ ਦਿਨ ਇਸ ਨੂੰ ਭਜਾ ਦਿਤਾ ਜਾਵੇ। ਉਸ ਨੂੰ ਸ਼ਾਇਦ ਇਹ ਹੀ ਬਰਦਾਸ਼ਤ ਨਹੀਂ ਹੋਇਆ ਕਿ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਤਾਂ ਨਾਮ ਰੱਖ ਲੈਂਦੇ ਨੇ, ਅਖੌਤੀ ਦਸਮ ਗ੍ਰੰਥ ਵਿਚੋ ਕੋਈ ਨਾਮ ਕਿਉਂ ਨਹੀਂ ਰਖਦਾ?

ਸਿੰਘਣੀ ਬੋਲੀ, "ਤੁਸੀਂ ਵੀ ਨਵੀਆਂ ਨਵੀਆਂ ਗੱਲਾਂ ਕਡ੍ਹਦੇ ਅਤੇ ਸੋਚਦੇ ਰਹਿੰਦੇ ਹੋ। ਦਸਮ ਗ੍ਰੰਥ ਵਿਚੋ ਕਿਹੜੇ ਨਾਮ ਨਿਕਲ ਸਕਦੇ ਨੇ। ਮੈਂ ਉਸ ਨੂੰ ਕਹਿਆ ਕਿ ਇਸ ਕੂੜ ਗ੍ਰੰਥ ਵਿਚੋ ਨਾਮਾਂ ਦਾ ਭੰਡਾਰ ਹੈ। ਜਿੰਨੇ ਨਾਮ ਇਸ ਕਿਤਾਬ ਵਿੱਚ ਹਨ, ਉਨੇ ਤਾਂ ਦੁਨੀਆਂ ਦੀ ਕਿਸੇ ਕਿਤਾਬ ਵਿੱਚ ਨਹੀਂ ਹੋ ਸਕਦੇ। ਇਸ ਕਿਤਾਬ ਦਾ ਨਾਮ ਤਾਂ, ਨਾਮਾਂ ਦੀ ਗਿਣਤੀ ਲਈ ਗਿਨਿਸ ਬੁਕ ਆਫ ਰਿਕਾਰਡ ਵਿੱਚ ਦਰਜ ਹੋ ਸਕਦਾ ਹੈ। ਸਾਰੇ ਹਸਣ ਲਗ ਪਏ ਅਤੇ ਸਿੰਘਣੀ ਦਾ ਗੁੱਸਾ ਵੀ ਇਕ ਮੁਸਕੁਰਾਹਟ ਵਿੱਚ ਬਦਲ ਚੁਕਾ ਸੀ।

ਉਨਾਂ ਦੀ ਮੁਸਕੁਰਾਹਟ ਨੂੰ ਹਾਸੇ ਵਿੱਚ ਤਬਦੀਲ ਕਰਨ ਲਈ ਮੈਂ ਅਗੇ ਕਹਿਆ, "ਭਾਗਵਾਨ, ਅਣਖੀ ਚਾਚੇ ਦੇ ਬੀਰੂ ਘਰ ਬਾਲ ਹੋਇਆ, ਤਾਂ ਅਸੀ ਉਸ ਦਾ ਨਾਮ ਅਖੌਤੀ ਦਸਮ ਗ੍ਰੰਥ ਵਿਚੋਂ ਹੀ ਉਸਨੂੰ ਰਖਣ ਲਈ ਕਹਾਂਗੇ। ਅਣਖੀ ਚਾਚੇ ਦਾ ਬੀਰੂ ਇਸ ਕਿਤਾਬ ਦਾ ਬਹੁਤ ਵੱਡਾ ਭਗਤ ਹੈ। ਉਸਨੇ ਫੌਰਨ ਰਾਜੀ ਵੀ ਹੋ ਜਾਣਾ ਹੈ, ਤੇ ਇਸ ਬਹਾਨੇ ਗੁਰਬਚਨ ਸਿੰਘ ਵੀ ਖੁਸ਼ ਹੋ ਜਾਵੇਗਾ ਕਿ ਕਿਸੇ ਉਸਦੇ ਗੁਰੂ ਦੀ ਬਾਣੀ ਵਿਚੋਂ ਅਪਣੇ ਬੱਚੇ ਦਾ ਨਾਮ ਰੱਖ ਲਿਆ। ਬੀਰੂ ਤਾਂ ਰੋਜ ਚੰਡੀ ਦੀ ਵਾਰ ਦਾ ਪਾਠ ਕਰਦਾ ਹੈ, ਨਾਲ ਹੀ ਨਾਲ ਉਸ ਵਿੱਚੋਂ ਇਕ ਲਾਈਨ ਕਈ ਵਾਰ ਪੜ੍ਹੀ ਜਾਂਦਾ ਹੈ "ਦੁਰਗਾ ਪਾਠ ਬਣਾਇਆ ਸਭੈ ਪੌੜ੍ਹੀਆਂ...." ਸਾਰੇ ਹੱਸਦੇ ਨੇ।

ਬੱਚੀ ਬੋਲੀ ਪਾਪਾ ਜੀ, ਜੇ ਕੁੜੀ ਹੋਈ ਤਾਂ ਕੀ ਨਾਮ ਰਖੋਗੇ। ਮੈਂ ਹਸਦਿਆਂ ਆਖਿਆ ਪੁੱਤਰ ਇਹ ਕਿਤਾਬ ਤਾਂ ਬੱਚੀਆਂ ਦੇ ਨਾਮਾਂ ਦਾ ਤਾਂ ਪੂਰਾ ਇੰਸਾਕਲੋਪੀਡੀਆ ਹੈ, ਹਰ ਪੰਨੇ 'ਤੇ ਦਸ ਨਾਮ ਤੁਹਾਨੂੰ ਲਭ ਜਾਣਗੇ। ਇਸ ਕਿਤਬ ਵਿੱਚ ਨਾਮਾਂ ਤੋਂ ਅਲਾਵਾ ਹੋਰ ਹੈ ਵੀ ਕੀ, ਜੋ ਤੁਹਾਨੂੰ ਇਸ ਵਿਚੋਂ ਲਭਣਾ ਹੈ? ਜੇ ਕੁੜੀ ਹੋਈ ਤਾਂ ਅਣਖੀ ਦੇ ਬੀਰੂ ਨੂੰ ਇਸ ਸਾਰੇ ਨਾਮ ਲਿਖ ਕੇ ਦੇ ਦੇਣਾ

ਭਗਉਤੀ, ਭਵਾਨੀ, ਕਾਲਕਾ, ਤੋਤਲ, ਅੰਬਕਾ, ਸੀਤਲਾ......... ਮਾਇਆ, ਜੋਗ ਮਾਇਆ, ਜੰਭਰਾ, ਭੈਰਵੀ, ਸ਼ਿਵਾ...........ਕਾਲੀ, ਹਿੰਗੁਲਾ, ਪਿੰਗੁਲਾ, ਦੁਰਗਾ, ਭੈਰਵੀ, ਭੈਰਵਿ, ਸਾਵਿਤ੍ਰੀ, ਪਰਮੇਸ੍ਰੀ, ਪਾਵਿਤ੍ਰੀ, ਅੱਛਰਾ, ਪੱਛਰਾ ,............. ਮਹਾ ਬਾਹਣੀ, ਅਸਤ੍ਰਣੀ ...........


ਸਿੰਘਣੀ ਬੋਲੀ "ਅਣਖੀ ਦੀ ਨੂੰਹ ਨੇ ਤਾਂ ਮੁੰਡੇ ਦੀ ਰੱਟ ਲਾਈ ਹੋਈ ਹੈ। ਜੇ ਮੁੰਡਾ ਹੋਇਆ ਤਾਂ ਦਸਮ ਗ੍ਰੰਥ ਵਿਚੋ ਕਿੜਹੇ ਨਾਮ ਰਖਣ ਲਈ ਉਸ ਨੂੰ ਕਹੋਗੇ, ਹਸਦੀ ਹੋਈ ਬੋਲੀ। ਮੈ ਉਨ੍ਹਾਂ ਨੂੰ ਹਸਦੇ ਹੋਏ ਕਹਿਆ ਭਾਵੇਂ ਜਿੰਨੇ ਮਰਜੀ ਰਖ ਲਵੋ ਕਾਲ, ਮਹਾਕਾਲ, ਸਰਬਲੋਹ, ਖੜਗਕੇਤ,ਅਸਿਧੁੱਜ , ਸਰਬਕਾਲ, ਸੁੰਭ , ਅਸੁੰਭ, ਭਸਮਾਸੁਰ, ਸਾਕਸੈਨ, ਜਾਗੜਦੰਗ ਬਾਗੜਦੰਗ, ....ਹੁੜ ਦਬੰਗ ......

ਮੈਂ ਉਨ੍ਹਾਂ ਨੂੰ ਨਾਮ ਦਸ ਰਿਹਾ ਸੀ ਅਤੇ ਉਹ ਹੱਸ ਹੱਸ ਕੇ ਦੋਹਰੇ ਹੋ ਰਹੇ ਸੀ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top