Share on Facebook

Main News Page

ਜੇ ਮਾਏਂ ਕੁਝ ਦਿਸਦਾ ਹੋਵੇ, ਥੋੜ੍ਹਾ ਕਰਾਂ ਅੰਦੇਸਾ
-
ਨਿਰਮਲ ਸਿੰਘ ਕੰਧਾਲਵੀ

ਪਿਛਲੇ ਸਾਲ ਮਾਰਚ ਮਹੀਨੇ ਮੈਂ ਪੰਜਾਬ ਵਿਚ ਸਾਂ। ਦੋ ਕੁ ਦਿਨ ਹੋਏ ਸਨ ਗਿਆਂ, ਅਜੇ ਜਹਾਜ਼ ਦੇ ਝੂਟਿਆਂ ਦੀ ਖ਼ੁਮਾਰੀ ਚੜ੍ਹੀ ਹੋਈ ਸੀ। ਸਵੇਰੇ ਸਵੇਰੇ ਹੀ ਪਿੰਡ ਵਿਚ ਸਪੀਕਰ ‘ਤੇ ਮਾਈ ਭਾਈ ਨੂੰ ਗੁਰੂ ਮਹਾਰਾਜ ਦੇ ਹਜ਼ੂਰ ਆਉਣ ਦਾ ਸੱਦਾ ਦਿੱਤਾ ਜਾ ਰਿਹਾ ਸੀ। ਪਤਾ ਲੱਗਿਆ ਕਿ ਕਿਸੇ ਪਰਿਵਾਰ ਦੇ ਬਜ਼ੁਰਗ਼ ਦਾ ਅੱਜ ਮਰਗ ਦਾ ਭੋਗ ਸੀ ਜੋ ਕੁਝ ਦਿਨ ਹੋਏ ਚੜ੍ਹਾਈ ਕਰ ਗਿਆ ਸੀ। ਥੋੜ੍ਹੀ ਦੇਰ ਬਾਅਦ ਹੀ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਭਾਈ ਜੀ ਨੇ ਆਰੰਭ ਕਰ ਦਿੱਤਾ। ਮੈਂ ਆਪਣੀ ਭੈਣ ਜੀ ਨੂੰ ਸਹਿਵਨ ਹੀ ਕਿਹਾ, “ਆਹ ਕਿਸੇ ਹੋਰ ਪਾਸੇ ਸਪੀਕਰ ‘ਚ ਸੁਖਮਨੀ ਸਾਹਿਬ ਸ਼ੁਰੂ ਹੋ ਗਿਐ ਤੇ ਉਧਰ ਮਰਗ ਦਾ ਸਹਿਜ ਪਾਠ ਵੀ ਸਪੀਕਰ ‘ਚ ਹੋਣੈ, ਕਿਸੇ ਪਾਸਿਉਂ ਵੀ ਆਵਾਜ਼ ਸਾਫ਼ ਨਹੀਂ ਸੁਣਨੀ, ਘੜਮੱਸ ਜਿਹੀ ਪੈ ਜਾਣੀ ਐ”।

“ਨਹੀਂ ਭਾਜੀ, ਇਹ ਮਰਗ ਵਾਲਿਆਂ ਦੇ ਘਰ ਹੀ ਸੁਖਮਨੀ ਸਾਹਿਬ ਹੋ ਰਿਹੈ” ਮੇਰੀ ਭੈਣ ਨੇ ਦੱਸਿਆ।

“ਹੈਂਅ, ਮਰਗ ‘ਤੇ ਸੁਖਮਨੀ ਸਾਹਿਬ? ਇਹ ਕਿਹੜੀ ਮਰਿਆਦਾ ਹੋਈ, ਮਰਿਆਦਾ ਤਾਂ ਸਹਿਜ ਪਾਠ ਦੀ ਐ” ਮੈਂ ਹੈਰਾਨ ਹੁੰਦਿਆਂ ਕਿਹਾ।

“ਭਾਜੀ, ਹੁਣ ਏਥੇ ਕਈ ਲੋਕ ਮਰਗ ‘ਤੇ ਵੀ ਸੁਖਮਨੀ ਸਾਹਿਬ ਈ ਕਰਵਾਉਂਦੇ ਐ” ਭੈਣ ਜੀ ਨੇ ਦੱਸਿਆ।

“ਪਰ ਕਿਉਂ?” ਮੈਂ ਹੋਰ ਵੀ ਹੈਰਾਨੀ ਨਾਲ਼ ਪੁੱਛਿਆ।

“ਭਾਜੀ, ਮੈਨੂੰ ਤਾਂ ਬਹੁਤਾ ਪਤਾ ਨਹੀਂ, ਕਿਸੇ ਗੁਣੀ ਗਿਆਨੀ ਤੋਂ ਪੁੱਛ ਲਇਉ”। ਉਸਨੇ ਪੱਲਾ ਛੁਡਾਉਂਦਿਆਂ ਕਿਹਾ। ਸ਼ਾਇਦ ਧਾਰਮਿਕ ਵਿਸ਼ਾ ਹੋਣ ਕਰ ਕੇ ਉਹ ਬਹੁਤਾ ਇਸ ਵਿਚ ਉਲਝਣਾਂ ਨਹੀਂ ਸੀ ਚਾਹੁੰਦੀ। ਅਸਲ ਵਿਚ ਧਰਮ ਦੇ ਨਾਂ ‘ਤੇ ਸਾਨੂੰ ਬਚਪਨ ਤੋਂ ਹੀ ਏਨਾ ਡਰਾ ਧਮਕਾ ਦਿੱਤਾ ਜਾਂਦਾ ਹੈ, ਕਿ ਸਾਨੂੰ ਸੱਚ ਦੀ ਗੱਲ ਕਰਨ ਲੱਗਿਆਂ ਵੀ ਜਮਦੂਤਾਂ ਤੇ ਧਰਮ ਰਾਜਾਂ ਦੀਆਂ ਸ਼ਕਲਾਂ ਹੀ ਦਿਸਦੀਆਂ ਹਨ ਤੇ ਅਸੀਂ ਸੱਚ ਬੋਲਣੋਂ ਵੀ ਪਾਸਾ ਵੱਟ ਜਾਂਦੇ ਹਾਂ।

ਮੈਨੂੰ ਯਾਦ ਹੈ ਕਿ ਬਚਪਨ ਵਿਚ ਅਸੀਂ ਜਨਮ ਅਸ਼ਟਮੀ ਦਾ ਮੇਲਾ ਦੇਖਣ ਜਾਇਆ ਕਰਦੇ ਸਾਂ। ਉਹਨਾਂ ਦਿਨਾਂ ਵਿਚ ਮੇਲੇ ਹੀ ਮਨੋਰੰਜਨ ਦਾ ਸਾਧਨ ਹੋਇਆ ਕਰਦੇ ਸਨ। ਸਾਰਾ ਸਾਲ ਮੇਲੇ ਨੂੰ ਉਡੀਕਦੇ ਹੁੰਦੇ ਸਾਂ। ਉਸ ਮੇਲੇ ਵਿਚ ਇਕ ਨਰਕ ਸੁਰਗ ਨਾਮ ਦੀ ਸਰਕਸ ਜਿਹੀ ਆਉਂਦੀ ਹੁੰਦੀ ਸੀ, ਜਿਸ ਵਿਚ ਬੰਦਿਆਂ ਦੇ ਬੁੱਤਾਂ ਨੂੰ ਆਰੇ ਨਾਲ਼ ਚੀਰਨ, ਜਮਦੂਤਾਂ ਵਲੋਂ ਛੈਂਟੇ ਮਾਰਨ, ਕੜਾਹਿਆਂ ਵਿਚ ਉਬਾਲਣ ਆਦਿ ਦੇ ਦ੍ਰਿਸ਼ ਹੁੰਦੇ ਸਨ। ਮੈਨੂੰ ਯਾਦ ਐ ਜਦ ਬਚਪਨ ਵਿਚ ਪਹਿਲੀ ਵਾਰੀ ਮੈਂ ਇਹ ਸਰਕਸ ਦੇਖੀ ਸੀ, ਤਾਂ ਕਈ ਚਿਰ ਰਾਤਾਂ ਨੂੰ ਤ੍ਰਭਕ ਤ੍ਰਭਕ ਕੇ ਉੱਠਦਾ ਰਿਹਾ ਸਾਂ। ਸਾਡੇ ਮਾਤਾ ਜੀ ਨੂੰ ਕਿਸੇ ਨੇ ਕਹਿ ਦਿਤਾ ਮੈਨੂੰ ਕੋਈ ਓਪਰੀ ਕਸਰ ਹੋ ਗਈ ਸੀ। ਮੈਂ ਆਪਣੇ ਰੱਬ ਵਰਗੇ ਪੰਜਾਬੀ ਅਧਿਆਪਕ ਗਿਆਨੀ ਲਾਲ ਸਿੰਘ ਜੀ ਨੂੰ ਸਾਰੀ ਵਿਥਿਆ ਦੱਸੀ, ਤੇ ਉਹਨਾਂ ਨੇ ਸਾਰਾ ਡਰ ਮੇਰੇ ਦਿਮਾਗ਼ ‘ਚੋਂ ਕੱਢਿਆ। ਬਾਅਦ ਵਿਚ ਕਾਲਜ ਦੀ ਵਿਦਿਆ ਦੌਰਾਨ ਪਤਾ ਲੱਗਿਆ ਕਿ ਇਹ ਸਾਰਾ ਕੁਝ ਬ੍ਰਾਹਮਣੀ ਗ੍ਰੰਥਾਂ ਵਿਚੋਂ ਲੈ ਕੇ ਚਾਲਾਕ ਲੋਕ ਜਨ ਸਾਧਾਰਨ ਦੇ ਦਿਮਾਗ਼ ਖੁੰਢੇ ਕਰਨ ਲਈ ਵਰਤਦੇ ਸਨ ਤੇ ਹੁਣ ਵੀ ਵਰਤ ਰਹੇ ਹਨ। ਲੋਕ ਜਿੰਨਾ ਜ਼ਿਆਦਾ ਏਹਨਾਂ ਵਹਿਮਾਂ ਭਰਮਾਂ ਵਿਚ ਫ਼ਸਣਗੇ, ਇਹਨਾਂ ਚਾਲਾਕ ਲੋਕਾਂ ਦਾ ਹਲਵਾ ਮਾਂਡਾ ਉਤਨਾ ਹੀ ਵਧੀਆ ਚਲੇਗਾ। ਹੁਣ ਇਸ ਕੰਮ ਲਈ ਮੀਡੀਆ ਉਹਨਾਂ ਦਾ ਸਾਥ ਦਿੰਦਾ ਹੈ। ਸਿੱਖ ਧਰਮ ਦਾ ਬਹੁਤਾ ਪ੍ਰਚਾਰਕ ਲਾਣਾ ਵੀ ਇਸੇ ਕੂੜ-ਕਬਾੜ ਨੂੰ ਹੀ ਆਧਾਰ ਬਣਾ ਕੇ, ਸੰਗਤਾਂ ਨੂੰ ਕਥਾ ਵਾਰਤਾ ਸੁਣਾਉਂਦਾ ਹੈ ਤੇ ਲੋਕ ਡਰਦੇ ਵਾਹਿਗੁਰੂ ਵਾਹਿਗੁਰੂ ਕਰੀ ਜਾਂਦੇ ਹਨ ਤੇ ਸੰਪਟ, ਤੁਕ-ਤੁਕ ਤੇ ਗਿਣਤੀਆਂ ਮਿਣਤੀਆਂ ਦੇ ਪਾਠਾਂ ਦੇ ਚੱਕਰਾਂ ‘ਚ ਪਏ ਹੋਏ ਹਨ। ਬਹੁਤ ਘੱਟ ਪ੍ਰਚਾਰਕ ਹਨ ਜੋ ਗੁਰਬਾਣੀ ਵਿਚ ਦੱਸੇ ਗਏ ਅਕਾਲ ਪੁਰਖ ਦੇ ਸਰੂਪ ਦੀ ਵਿਆਖਿਆ ਸੰਗਤਾਂ ਨੂੰ ਸੁਣਾਉਂਦੇ ਹਨ।

ਮੈਂ ਵੀ ਭੈਣ ਜੀ ਨਾਲ ਬਹੁਤੀ ਬਹਿਸ ਨਾ ਕਰਦਿਆਂ ਗੱਲ ਉੱਥੇ ਹੀ ਬੰਦ ਕਰ ਦਿੱਤੀ।

ਸ਼ਾਮ ਨੂੰ ਪਿੰਡ ਦਾ ਗੇੜਾ ਲਗਾਉਣ ਲਈ ਮੈਂ ਨਿੱਕਲਿਆ। ਮੇਰੀ ਸ਼ੁਰੂ ਤੋਂ ਆਦਤ ਰਹੀ ਹੈ ਕਿ ਮੈਂ ਜਦੋਂ ਪਿੰਡ ਜਾਂਦਾ ਹਾਂ ਤਾਂ ਲਗਦੀ ਵਾਹ ਸਭ ਨੂੰ ਮਿਲਣ ਦੀ ਕੋਸ਼ਿਸ਼ ਕਰਦਾ ਹਾਂ, ਵਿਸ਼ੇਸ਼ ਕਰ ਕਿ ਪੁਰਾਣੀ ਪੀੜ੍ਹੀ ਤੇ ਸਕੂਲ ਕਾਲਜ ਦੇ ਸੰਗੀਆਂ ਸਾਥੀਆਂ ਨੂੰ। ਸੋ, ਅੱਜ ਵੀ ਮੈਂ ਪਿੰਡ ਦੇ ਬਾਜ਼ਾਰ ਵਲ ਨਿੱਕਲ ਤੁਰਿਆ। ਇਕ ਕੱਪੜੇ ਵਾਲ਼ੀ ਦੁਕਾਨ ਵਿਚ ਗਿਆ ਤਾਂ ਉੱਥੇ ਦੋ ਤਿੰਨ ਸੱਜਣ ਪਹਿਲਾਂ ਹੀ ਬੈਠੇ ਸਨ। ਸਭ ਬੜੇ ਚਾਅ ਨਾਲ਼ ਮਿਲੇ। ਅਜੇ ਗੱਲਾਂ ਬਾਤਾਂ ਚਲ ਹੀ ਰਹੀਆਂ ਸਨ ਕਿ ਉਹ ਗਿਆਨੀ ਜੀ ਵੀ ਆ ਗਏ, ਜਿਹਨਾਂ ਨੇ ਸਵੇਰੇ ਮਰਗ ‘ਤੇ ਸੁਖਮਨੀ ਸਾਹਿਬ ਦਾ ਪਾਠ ਕੀਤਾ ਸੀ। ਫਤਿਹ ਸਾਂਝੀ ਕਰਨ ਤੋਂ ਬਾਅਦ ਮੈਂ ਆਪਣੀ ਸ਼ੰਕਾ ਉਹਨਾਂ ਅੱਗੇ ਰੱਖ ਦਿੱਤੀ। ਉਹ ਬੋਲੇ, “ਦੇਖੋ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਅੱਜ ਕੱਲ੍ਹ ਸਮਾਂ ਹੈ ਨੀ ਕਿਸੇ ਕੋਲ ਵੀ। ਹਰੇਕ ਬੰਦਾ ਜਲਦੀ ਕੰਮ ਨਿਬੇੜਨਾ ਚਾਹੁੰਦੈ ਜੀ”।

“ਪਰ ਗਿਆਨੀ ਜੀ, ਮਰਿਆਦਾ ਵੀ ਤਾਂ ਕੋਈ ਚੀਜ਼ ਐ। ਤੁਸੀਂ ਲੋਕਾਂ ਨੂੰ ਸਮਝਾਉ ਤੇ ਦੱਸੋ ਕਿ ਭਾਈ ਮਰਗ ‘ਤੇ ਸਹਿਜ ਪਾਠ ਕਰਨ ਦੀ ਮਰਿਆਦਾ ਐ” ਮੈਂ ਸਲਾਹ ਦਿੱਤੀ।

“ਤੁਹਾਡੀ ਗੱਲ ਤਾਂ ਠੀਕ ਐ ਜੀ, ਮੈਂ ਸਲਾਹ ਦਿੰਦੇ ਨੇ ਰਹਿ ਜਾਣਾ ਜੀ ਤੇ ਘਰ ਵਾਲ਼ਿਆਂ ਨੇ ਮੇਰੀ ਜਗ੍ਹਾ ਕੋਈ ਹੋਰ ਪਾਠੀ ਲੱਭ ਲੈਣੈ ਸੁਖਮਨੀ ਪੜ੍ਹਨ ਵਾਲ਼ਾ, ਮੇਰੇ ਹੱਥੋਂ ਤਾਂ ਸਾਮੀ ਗਈ ਨਾ! ਅੱਗੇ ਤਾਂ ਇੱਟ ਚੁੱਕਿਆਂ ਪਾਠੀ ਲੱਭਦਾ ਸੀ, ਹੁਣ ਤਾਂ ਪਾਠੀ ਇੱਟਾਂ ਦੇ ਉੱਤੇ ਬੈਠੇ ਆ। ਜਿਹਨੂੰ ਕੋਈ ਕੰਮ ਨਹੀਂ ਮਿਲਦਾ ਉਹ ਪਾਠੀ ਬਣ ਜਾਂਦੈ। ਬੇਰੁਜ਼ਗਾਰੀ ਨੇ ਪੰਜਾਬ ਵਿਚ ਲੋਕਾਂ ਦਾ ਜਿਊਣਾ ਮੁਹਾਲ ਕੀਤਾ ਹੋਇਐ। ਨਾਲ਼ੇ ਜੀ ਸਿੱਧੀ ਜਿਹੀ ਗੱਲ ਐ ਕਿ ਜੇ ਓਨੇ ਈ ਪੈਸੇ ਅੱਧੀ ਦਿਹਾੜੀ ਲਾ ਕੇ ਬਣ ਜਾਣੇ ਐਂ, ਤਾਂ ਮੈਂ ਕਾਹਨੂੰ ਸੱਤ ਦਿਨ ਬੱਝ ਕੇ ਬੈਠਾ ਰਵ੍ਹਾਂ। ਅੱਗੇ ਗੱਲ ਹੋਰ ਸੀ ਜੀ, ਗ਼ਰੀਬ ਘਰਾਂ ਦੇ ਪਾਠੀਆਂ ਨੂੰ ਅਗਲੇ ਦੇ ਘਰ ਰੋਟੀ ਪਾਣੀ ਖਾਣ ਦਾ ਲਾਲਚ ਹੁੰਦਾ ਸੀ, ਹੁਣ ਇਸ ਦੀ ਲੋੜ ਨਹੀਂ ਰਹੀ, ਰੋਟੀ ਪਾਣੀ ਸਰਕਾਰ ਦਿੰਦੀ ਐ” ਏਨੀ ਗੱਲ ਕਹਿ ਕੇ ਗਿਆਨੀ ਜੀ ਹੋਰੀਂ ਮਿੰਨ੍ਹਾਂ ਜਿਹਾ ਮੁਸਕਰਾਏ (ਇਹ ਪਾਠੀ ਵੀ ਸਰਕਾਰ ਦੀ ਸਸਤੀ ਆਟਾ ਦਾਲ਼ ਸਕੀਮ ਦਾ ਲਾਭ ਉਠਾਉਣ ਵਾਲ਼ਿਆਂ ‘ਚੋਂ ਸੀ)

“ਗਿਆਨੀ ਜੀ, ਜੇ ਸਮੇਂ ਦੀ ਬੱਚਤ ਈ ਕਰਨੀ ਐ ਤਾਂ ਫਿਰ ਸੁਖਮਨੀ ਦੀ ਜਗ੍ਹਾ ਜਪੁ ਜੀ ਪੜ੍ਹ ਲਿਆ ਕਰੋ। ਸੁਖਮਨੀ ਨੂੰ ਤਾਂ ਫੇਰ ਵੀ ਸਵਾ ਡੇਢ ਘੰਟਾ ਲੱਗ ਜਾਂਦੈ ਤੇ ਜਪੁ ਜੀ ਪੰਦਰਾਂ ਵੀਹਾਂ ਮਿੰਟਾਂ ‘ਚ ਹੋ ਜਾਣੈ” ਮੈਂ ਗਿਆਨੀ ਜੀ ਨੂੰ ਗੁੱਝੀ ਟਕੋਰ ਕੀਤੀ।

ਗਿਆਨੀ ਜੀ ਦੇ ਬੋਲਣ ਤੋਂ ਪਹਿਲਾਂ ਹੀ ਇਕ ਹੋਰ ਸੱਜਣ ਬੋਲ ਪਿਆ, “ਨਾ ਜੀ ਨਾ, ਜਪੁ ਜੀ ਪੜ੍ਹਨ ਦੀ ਵੀ ਲੋੜ ਨਹੀਂ, ਪੰਦਰਾਂ ਵੀਹ ਮਿੰਟ ਵੀ ਕਾਹਨੂੰ ਲਾਉਣੇ ਆ, ਜਪੁ ਜੀ ਦੀਆਂ ਪੰਜ ਪਉੜੀਆਂ ਪੜ੍ਹਕੇ “ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ” ‘ਤੇ ਭੋਗ ਪਾ ਕੇ ਕੰਮ ਨਿਬੇੜੋ”।

ਮੈਂ ਨੋਟ ਕੀਤਾ ਕਿ ਗਿਆਨੀ ਜੀ ਦੀ ਹਾਲਤ ਬੜੀ ਤਰਸਯੋਗ ਹਾਲਤ ਹੋ ਗਈ ਸੀ। ਕੁਝ ਕਹਿਣ ਵਾਸਤੇ ਉਹ ਅਜੇ ਆਪਣੇ ਮੂੰਹ ਵਿਚ ਸ਼ਬਦ ਹੀ ਇਕੱਠੇ ਕਰ ਰਹੇ ਸਨ ਕਿ ਇਕ ਹੋਰ ਸੱਜਣ ਜੋ ਅਜੇ ਕਿਸੇ ਗੱਲ ਵਿਚ ਬੋਲਿਆ ਨਹੀਂ ਸੀ, ਕਹਿਣ ਲੱਗਾ, “ਨਹੀਂ ਓ ਭਰਾਵੋ, ਤੁਸੀਂ ਸਾਰੇ ਹੀ ਪਾਣੀ ਵਿਚ ਮਧਾਣੀ ਫੇਰੀ ਜਾਂਦੇ ਹੋ। ਵਿਦਵਾਨ ਦੱਸਦੇ ਐ ਪਈ ਮੂਲ਼ ਮੰਤਰ ਵਿਚ ਸਾਰੇ ਗੁਰੂ ਗੰ੍ਰਥ ਸਾਹਿਬ ਦਾ ਸਾਰ ਐ। ਕਿਉਂ ਨਾ ਮੂਲ ਮੰਤਰ ਪੜ੍ਹ ਕੇ ਭੋਗ ਪਾ ਦਿੱਤਾ ਜਾਵੇ। ਘਰ ਵਾਲ਼ਿਆਂ ਕੋਲ ਫੇਰ ਟੈਮ ਈ ਟੈਮ ਐ, ਭਾਵੇਂ ਭੰਗੜੇ ਪਾਉਣ ਬਾਅਦ ਵਿਚ”।

ਹੁਣ ਗਿਆਨੀ ਜੀ ਨੂੰ ਕੁਝ ਵੀ ਨਹੀਂ ਸੀ ਸੁੱਝ ਰਿਹਾ। ਉਹਨਾਂ ਨੇ ਮੱਝ ਲਈ ਪੱਠੇ ਲਿਆਉਣ ਦਾ ਬਹਾਨਾ ਬਣਾ ਕੇ ਉਥੋਂ ਖ਼ਿਸਕਣਾ ਹੀ ਬਿਹਤਰ ਸਮਝਿਆ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top