Share on Facebook

Main News Page

ਵਿਦੇਸ਼ਾਂ ’ਚ ਸਿੱਖ ਲੜਕੀਆਂ ਵਲੋਂ ਗੈਰ ਸਿੱਖਾਂ ਨਾਲ ਵਿਆਹ ਕਰਵਾਉਣ ਦਾ ਵਧ ਰਿਹੈ ਰੁਝਾਨ

ਸਿੱਖਾਂ ਵਲੋਂ ਕੀਤਾ ਜਾ ਰਿਹੈ ਵਿਰੋਧ, ਗੈਰ ਸਿੱਖਾਂ ਨਾਲ ਵਿਆਹ ਕਰਾਉਣ ਲਈ ਅਨੰਦ ਕਾਰਜ ਵਿਧੀ ਅਪਨਾਉਣਾ ਬਣ ਰਿਹੈ ਵਿਰੋਧਤਾ ਦਾ ਮੁੱਖ ਕਾਰਨ, ਆਨੰਦ ਵਿਆਹ ਕਰਾਉਣ ਲਈ ਘੱਟੋ ਘੱਟ ਲੜਕੀ ਦੇ ਨਾਮ ਨਾਲ ‘ਕੌਰ’ ਤੇ ਲੜਕੇ ਦੇ ਨਾਮ ਨਾਲ ‘ਸਿੰਘ’ ਲੱਗੇ ਹੋਣ ਦੀ ਹੋ ਰਹੀ ਹੈ ਮੰਗ

ਅੰਮ੍ਰਿਤਸਰ, (17 ਮਾਰਚ, ਨਰਿੰਦਰ ਪਾਲ ਸਿੰਘ):-ਵਿਦੇਸ਼ਾਂ ਵਿਚ ਵਸਦੀਆਂ ਸਿੱਖ ਲੜਕੀਆਂ ਵਲੋਂ ਗੈਰ ਸਿੱਖਾਂ ਨਾਲ ਵਿਆਹ ਕਰਾਉਣ ਲਈ ਅਨੰਦ ਕਾਰਜ ਵਿਧੀ ਅਪਨਾਉਣਾ ਕੁਝ ਸਿੱਖਾਂ ਵਲੋਂ ਹੀ ਵਿਰੋਧਤਾ ਦਾ ਕਾਰਨ ਬਣ ਰਿਹਾ ਹੈ। ਹਾਲਾਤ ਐਨੇ ਨਾਜ਼ੁਕ ਹੋ ਚੁਕੇ ਹਨ ਕਿ ਕੁਝ ਅਜਿਹੇ ਮਾਮਲਿਆਂ ਵਿਚ ਸਬੰਧਤ ਲੜਕੀ ਦੇ ਪਰਿਵਾਰ ਨੂੰ ਧਮਕੀਆਂ ਵੀ ਮਿਲੀਆਂ, ਗੁਰਦੁਆਰਿਆਂ ਦੀ ਤਾਲਾਬੰਦੀ ਕਰ ਦਿੱਤੀ ਗਈ ਤੇ ਹੁਣ ਕਈ ਲੜਕੀਆਂ ਅਜਿਹੇ ਮਿਲਗੋਭਾ ਵਿਆਹ ਲੁਕ ਛਿਪ ਕੇ ਕਰਾਉਣ ਲਈ ਮਜ਼ਬੂਰ ਵੀ ਹੋ ਰਹੇ ਹਨ।

ਬੀਤੀ 11 ਮਾਰਚ ਨੂੰ ਨਿਊਜ਼ ਚੈਨਲ ਬੀਬੀਸੀ ਏਸ਼ੀਆ ਨੈਟ ਦੀ ਇਸ ਮਾਮਲੇ ਦਾ ਪਰਦਾਫਾਸ਼ ਕਰਦੀ ਡਾਕੂਮੈਂਟਰੀ ਦੇ ਤੱਥਾਂ ’ਤੇ ਵਿਸ਼ਵਾਸ਼ ਕੀਤਾ ਜਾਏ ਤਾਂ ਇਹ ਇਕ ਤਲਖ ਹਕੀਕਤ ਹੈ। ਚੈਨਲ ਨੇ ਪੇਸ਼ ਕੀਤੀ ਡਾਕੂਮੈਂਟਰੀ ਵਿਚ ਇੰਕਸ਼ਾਫ ਕੀਤਾ ਹੈ ਕਿ ਬ੍ਰਿਟੇਨ ਦੇ ਕੁਝ ਗੁਰਦੁਆਰਿਆਂ ਵਿਚ ਅਜਿਹਾ ਵਾਪਰਿਆ ਹੈ ਕਿ ਕੋਈ ਸਿੱਖ ਲੜਕੀ ਕਿਸੇ ਹਿੰਦੂ, ਇਸਾਈ ਜਾਂ ਹੋਰ ਗੈਰ ਸਿੱਖ ਨਾਲ ਵਿਆਹ ਲਈ ਅਨੰਦ ਕਾਰਜ ਕਰਾਉਣ ਕਿਸੇ ਗੁਰਦੁਆਰਾ ਸਾਹਿਬ ਪੁੱਜੀ ਤਾਂ ਕੁਝ ਸਿੱਖਾਂ ਨੇ ਹੀ ਉਸ ਗੁਰਦੁਆਰੇ ਦੀ ਘੇਰਾਬੰਦੀ ਕਰਕੇ ਜਾਂ ਤਾਂ ਵਿਆਹ ਕਰਾਉਣ ਵਾਲੇ ਵਾਲੀ ਲੜਕੀ ਤੇ ਉਸਦੇ ਪਰਿਵਾਰ ਨੂੰ ਹੀ ਗੁਰਦੁਆਰੇ ਅੰਦਰ ਡੱਕ ਦਿੱਤਾ ਜਾਂ ਵਿਆਹੁਤਾ ਜੋੜੀ ਨੂੰ ਭੱਜਣ ਲਈ ਮਜ਼ਬੂਰ ਕਰ ਦਿੱਤਾ।

ਡਾਕੂਮੈਂਟਰੀ ਵਿਚ ਇਕ ਅਜਿਹੀ ਲੜਕੀ ਦੇ ਪਿਤਾ ਨੂੰ ਵਿਖਾਇਆ ਗਿਆ ਹੈ, ਜਿਸ ਨੇ ਦੱਸਿਆ ਕਿ ਉਸਦੀ ਲੜਕੀ ਵਲੋਂ ਗੈਰ ਸਿੱਖ (ਇਸਾਈ) ਨਾਲ ਹੋ ਰਹੇ ਵਿਆਹ ਨੂੰ ਰੋਕਣ ਲਈ, ਡਰਾਉਣ ਦੀ ਨੀਅਤ ਨਾਲ ਪਰਿਵਾਰ ਦੇ ਘਰ ਦੀ ਭੰਨ ਤੋੜ ਕੀਤੀ ਗਈ। ਚੈਨਲ ਅਨਸਾਰ ਜੁਲਾਈ 2012 ਵਿਚ ਇਕ ਸਿੱਖ ਲੜਕੀ ਵਲੋਂ ਇਕ ਇਸਾਈ ਲੜਕੇ ਨਾਲ ਸਵਿੰਡੋਨ ਸ਼ਹਿਰ ਦੇ ਗੁਰਦੁਆਰੇ ਵਿਚ ਆਨੰਦ ਕਾਰਜ ਦੀ ਤਿਆਰੀ ਸੀ ਕਿ 40-50 ਸਿੱਖਾਂ ਨੇ ਗੁਰਦੁਆਰੇ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ, ਕੁੜੀ ਦੀ ਮਾਂ ਨੇ ਬਥੇਰੇ ਤਰਲੇ ਕੀਤੇ ਕਿ ਵਿਆਹ ਹੋਣ ਦਿੱਤਾ ਜਾਵੇ ਪਰ ਅਜਿਹੇ ਵਿਆਹਾਂ ਦੀ ਵਿਰੋਧਤਾ ਕਰਨ ਵਾਲੇ ਸਿੱਖਾਂ ਨੇ ਗੁਰਦੁਆਰੇ ਦੀ ਤਾਲਾਬੰਦੀ ਨਾ ਖ਼ਤਮ ਕੀਤੀ। ਪ੍ਰੋਗਰਾਮ ਦੇ ਪੇਸ਼ ਕਰਤਾ ਦਿਲ ਨਈਅਰ ਤੇ ਪਰਮਿੰਦਰ ਖਟਕੜ ਨੇ ਅਜਿਹੇ ਵਿਆਹਾਂ ਦੀ ਵਿਰੋਧਤਾ ਕਰਨ ਵਾਲੇ ਇਕ ਸਿੱਖ ਨਾਲ ਕੀਤੀ ਗੱਲਬਾਤ ਵੀ ਨਸ਼ਰ ਕੀਤੀ ਹੈ ਜਿਸ ਵਿਚ ਉਹ ਸਿੱਖ ਸਾਫ ਕਹਿ ਰਿਹਾ ਹੈ ‘ਮੈਂ ਦਿਲ ’ਤੇ ਹੱਥ ਰੱਖ ਕੇ ਕਹਿ ਰਿਹਾ ਹਾਂ ਕਿ ਅਸੀਂ ਕਦੇ ਵੀ ਹਿੰਸਾ ਨਹੀਂ ਕੀਤੀ ਤੇ ਅਸੀਂ ਚਾਹੁੰਦੇ ਵੀ ਨਹੀਂ, ਲੇਕਿਨ ਸਾਡਾ ਗੁਰੂ ਨਾ ਵਰਤੋ। ਜਦ ਤੁਹਾਡਾ ਸਿੱਖ ਧਰਮ ’ਤੇ ਵਿਸ਼ਵਾਸ਼ ਹੀ ਨਹੀ ਹੈ ਤਾਂ ਆਨੰਦ ਕਾਰਜ ਕਰਾਉਣ ਦਾ ਕੀ ਅਰਥ ਹੈ।

ਚੈਨਲ ਅਨੁਸਾਰ ਬ੍ਰਿਟੇਨ ਵਿਚ 300 ਦੇ ਕਰੀਬ ਗੁਰਦੁਆਰੇ ਹਨ ਜੋ ਉਥੋਂ ਦੇ ਸ਼ਰਧਾਲੂ ਸਿੱਖਾਂ ਵਲੋਂ ਚੁਣੀਆਂ ਕਮੇਟੀਆਂ ਦੁਆਰਾ ਚਲਾਏ ਜਾ ਰਹੇ ਹਨ। ਚੈਨਲ ਨੇ ਇਹ ਵੀ ਦੱਸਿਆ ਕਿ ਇਹ ਗੁਰਦੁਆਰਾ ਸਾਹਿਬ ਸਿੱਖਾਂ ਦੇ ਕੇਂਦਰੀ ਧੁਰੇ ਸ੍ਰੀ ਅਕਾਲ ਤਖਤ ਸਾਹਿਬ ਨਾਲ ਜੁੜੇ ਹੋਏ ਹਨ ਜਿਥੋਂ ਇਹ ਆਦੇਸ਼ ਹੈ ਕਿ ਆਨੰਦ ਕਾਰਜ ਕੇਵਲ ਸਿੱਖ ਲੜਕੇ ਲੜਕੀ ਦਰਮਿਆਨ ਹੀ ਹੋ ਸਕਦਾ ਹੈ। ਇਸੇ ਚੈਨਲ ਨਾਲ ਇਕ ਵਾਰਤਾ ਵਿਚ ਬਰਮਿੰਘਮ ਸਥਿਤ ਰਾਮਗੜ੍ਹੀਆ ਗੁਰਦੁਆਰਾ ਦੇ ਪਿਆਰਾ ਸਿੰਘ ਭੋਗਲ, ਸਿੱਖ ਲੜਕੀਆਂ ਵਲੋਂ ਗੈਰ ਸਿੱਖਾਂ ਨਾਲ ਵਿਆਹ ਕਰਵਾਏ ਜਾਣ ਵਿਚ ਹੋ ਰਹੇ ਵਾਧੇ ਪਿੱਛੇ ਵਿਰੋਧਤਾ ਹੀ ਮੁੱਖ ਕਾਰਨ ਮੰਨਦੇ ਹਨ। ਸਿੱਖ ਕੌਂਸਲ ਦੇ ਸਕੱਤਰ ਜਨਰਲ ਗੁਰਮੇਲ ਸਿੰਘ ਕਿਸੇ ਕਿਸਮ ਦੀ ਕਿਸਮ ਦੀ ਨਿਖੇਧੀ ਤਾਂ ਕਰਦੇ ਹਨ ਲੇਕਿਨ ਅਜਿਹੇ ਵਿਆਹਾਂ ਦਾ ਵਿਰੋਧ ਕਰਨ ਵਾਲਿਆਂ ਦੀ ਭਾਵਨਾ ਦਾ ਵੀ ਸਤਿਕਾਰ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਾਡੇ ਪਾਸ ਕਾਨੂੰਨੀ ਤਾਕਤ ਤਾਂ ਨਹੀਂ ਹੈ ਪਰ ਆਨੰਦ ਵਿਆਹ ਕਰਾਉਣ ਲਈ ਘੱਟੋ ਘੱਟ ਲੜਕੀ ਦੇ ਨਾਮ ਨਾਲ ਸ਼ਬਦ ਕੌਰ ਤੇ ਲੜਕੇ ਦੇ ਨਾਮ ਨਾਲ ਸ਼ਬਦ ਸਿੰਘ ਵੀ ਲੱਗਾ ਹੋਣਾ ਚਾਹੀਦਾ ਹੈ। ਸਕੂਲ ਆਫ ਓਰੀਐਂਟੇਸ਼ਨ ਅਤੇ ਅਫਰੀਕਨ ਸਟੱਡੀਜ਼ ਦੇ ਪ੍ਰੋ: ਗੁਰਹਰਪਾਲ ਸਿੰਘ ਚੈਨਲ ਨੂੰ ਦੱਸਦੇ ਹਨ ਕਿ ਅਜੇਹੇ ਅੰਤਰ ਧਰਮ ਜਾਂ ਮਿਲਗੋਭਾ ਵਿਆਹਾਂ ਦੇ ਵੱਧਣ ਪਿੱਛੇ ਮੂਲ ਕਾਰਨ ਵੱਧ ਰਹੀ ਵਿਰੋਧਤਾ ਹੀ ਹੈ। ਚੈਨਲ ਨੇ ਸਵੀਕਾਰ ਕੀਤਾ ਹੈ ਕਿ ਮਹੀਨੇ ਵਿਚ ਅਜਿਹੇ ਵਿਆਹ ਰੋਕੇ ਜਾਣ ਦੇ ਇਕ ਦੋ ਮਾਮਲੇ ਸਾਹਮਣੇ ਆ ਹੀ ਜਾਂਦੇ ਹਨ। ਕਾਰਨ ਕੁਝ ਵੀ ਹੋਣ ਵਿਦੇਸ਼ੀ ਧਰਤੀ ’ਤੇ ਪੈਦਾ ਹੋ ਰਹੇ ਅਜਿਹੇ ਹਾਲਾਤ ਵਿਦੇਸ਼ੀਆਂ ਵਿਚ ਸਿੱਖਾਂ ਪ੍ਰਤੀ ਨਫ਼ਰਤ ਤੇ ਬੇਯਕੀਨੀ ਦੇ ਬੀਜ ਬੀਜਣ ਦਾ ਕਦੇ ਵੀ ਕਾਰਨ ਬਣ ਸਕਦੇ ਹਨ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top