Share on Facebook

Main News Page

ਗ੍ਰੰਥੀਆਂ ਤੇ ਬਾਬੇ ਧੁੰਮੇ ਦਾ ਇਤਿਹਾਸਕ ਗੁਰੂਦੁਆਰੇ ਨੂੰ ਢਾਹੁਣ ਦਾ ਮਨਸੂਬਾ ਮੰਦਭਾਗਾ
- ਭਾਈ ਰਣਜੀਤ ਸਿੰਘ

ਅੰਮ੍ਰਿਤਸਰ 18 ਮਾਰਚ (ਜਸਬੀਰ ਸਿੰਘ) ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਲ ਨਾਲ ਨੱਕਾਂ ਨੱਕ ਭਰੇ ਸਰੋਵਰ ਵਿਚਕਾਰ, ਪਿਛਲੇ ਕਰੀਬ 500 ਸਾਲਾਂ ਤੋਂ ਰੂਪਮਾਨ ਹੈ, ਜਿਥੇ ਕਦੇ ਵੀ ਸਲ੍ਹਾਬ ਨਹੀਂ ਆਈ, ਪਰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਸਥਿਤ ਗੁਰੂਦੁਆਰਾ ਥੜ੍ਹਾ ਸਾਹਿਬ ਸ਼ਸ਼ੋਭਿਤ ਹੈ, ਜਿਹੜਾ ਸ੍ਰੀ ਦਰਬਾਰ ਸਾਹਿਬ ਵਿਖੇ ਕਾਬਜ਼ ਮਸੰਦਾਂ ਵੱਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਦਰਸ਼ਨ ਕਰਨ ਤੋਂ ਰੋਕਣ ਲਈ ਕਿਵਾੜ ਬੰਦ ਕਰਕੇ ਚਲੇ ਗਏ ਸਨ ਤੇ ਗੁਰੂ ਸਾਹਿਬ ਇਸ ਥੜੇ ਉਪਰ ਦਰਵਾਜ਼ੇ ਖੁੱਲਣ ਦੀ ਉਡੀਕ ਕਰਨ ਲਈ ਬੈਠੇ ਸਨ ਤੇ ਉਹਨਾਂ ਨੇ ਇਸ ਜਗ੍ਹਾ ਭਗਤੀ ਕੀਤੀ ਸੀ, ਜਿਸ ਦੀਆਂ ਨੀਂਹਾ ਗਲ ਜਾਣ ਦਾ ਬਹਾਨਾ ਬਣਾ ਕੇ ਬਾਦਲ ਦੇ ਗ੍ਰੰਥੀਆਂ ਅਤੇ ਗੁਲਾਮਾਂ ਵੱਲੋ ਇਸ ਇਤਿਹਾਸਕ ਗੁਰੂਦੁਆਰੇ ਨੂੰ ਢਾਹਿਆ ਜਾ ਰਿਹਾ ਹੈ, ਜੋ ਬਹੁਤ ਹੀ ਮੰਦਭਾਗਾ ਤੇ ਇਤਿਹਾਸ ਨੂੰ ਤਬਾਹ ਕਰਨ ਵਾਲਾ ਫੈਸਲਾ ਹੈ।

ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਅਜੋਕੇ ਮਸੰਦ ਅੱਜ ਇਸ ਗੁਰੂਦੁਆਰੇ ਨੂੰ ਢਾਹ ਕੇ, ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚੋ ਬਾਹਰ ਕੱਢਣਾ ਚਾਹੁੰਦੇ ਹਨ ਅਤੇ ਦਮਦਮੀ ਟਕਸਾਲ ਦੇ ਮੁੱਖੀ ਤੇ ਬਾਬਾ ਹਰਨਾਮ ਸਿੰਘ ਧੁੰਮਾਂ ਤੇ ਪ੍ਰਕਾਸ਼ ਸਿੰਘ ਬਾਦਲ ਦੇ ਸਮੁੱਚੇ ਪਰਿਵਾਰ ਦੀ ਸ਼ਹਿ ਤੇ ਇਸ ਨੂੰ ਚੁੱਪ ਚੁੱਪੀਤੇ ਬਾਦਲ ਦੇ ਗੁਲਾਮ ਅਵਤਾਰ ਸਿੰਘ ਮੱਕੜ ਵੱਲੋਂ ਬਾਦਲ ਦਲ ਦੇ ਕਰਿੰਦੇ ਗ੍ਰੰਥੀ ਗੁਰਬਚਨ ਸਿੰਘ ਕੋਲੋਂ ਚਿੱਠੀ ਲੈਣ ਦਾ ਬਹਾਨਾ ਬਣਾ ਕੇ, ਗੁਰੂਦੁਆਰਾ ਢਾਹੁਣ ਦਾ ਲਿਆ ਗਿਆ ਫੈਸਲਾ ਬਹੁਤ ਹੀ ਮੰਦਭਾਗਾ ਅਤੇ ਪੰਥ ਵਿਰੋਧੀ ਹੈ, ਅਤੇ ਦੇਸਾਂ ਵਿਦੇਸ਼ਾਂ ਸੰਗਤਾਂ ਵੱਲੋਂ ਇਹਨਾਂ ਨੂੰ ਲਾਹਨਤਾਂ ਪਾਈਆਂ ਜਾ ਰਹੀਆਂ ਹਨ।

ਉਹਨਾਂ ਕਿਹਾ ਕਿ ਜਿਹੜੀ ਸਲਾਬ ਦਾ ਬਹਾਨਾ ਬਣਾਇਆ ਜਾ ਰਿਹਾ ਹੈ, ਉਸ ਬਾਰੇ ਪਹਿਲਾਂ ਇਹ ਸਾਰੇ ਬਾਦਲ ਦੇ ਗੁਲਾਮ ਸਪੱਸ਼ਟ ਕਰਨ ਕਿ ਸ੍ਰੀ ਦਰਬਾਰ ਸਾਹਿਬ ਲੱਗਪੱਗ ਪਿਛਲੇ ਕਰੀਬ 500 ਸਾਲਾਂ ਤੋ ਸਰੋਵਰ ਵਿੱਚ ਰੂਪਮਾਨ ਹੈ, ਕੀ ਉਥੇ ਸਲ੍ਹਾਬ ਨਹੀਂ ਆਈ?

ਉਹਨਾਂ ਕਿਹਾ ਕਿ ਬਾਬਾ ਹਰਨਾਮ ਸਿੰਘ ਧੁੰਮਾਂ ਨਾ ਤਾਂ ਕੋਈ ਕਾਰ ਸੇਵਾ ਵਾਲਾ ਮਹਾਤਮਾ ਹੈ ਅਤੇ ਨਾ ਹੀ ਕੋਈ ਇੰਜੀਨੀਅਰ ਹੈ, ਅਤੇ ਨਾ ਹੀ ਕੋਈ ਨਜੂਮੀ ਹੈ, ਜਿਸ ਨੂੰ ਪਤਾ ਲੱਗ ਗਿਆ ਕਿ ਗੁਰੂਦੁਆਰੇ ਦੀਆ ਨੀਹਾਂ ਵਿੱਚ ਸਲਾਬ ਆ ਗਈ ਹੈ। ਉਹਨਾਂ ਕਿਹਾ ਕਿ ਗੁਰੂਦੁਆਰਾ ਥੜ੍ਹਾ ਸਾਹਿਬ ਨੂੰ ਇਸ ਕਰਕੇ ਢਾਹਿਆ ਜਾ ਰਿਹਾ ਹੈ, ਕਿਉਕਿ ਉਸ ਨਾਲ ਸ਼ਹੀਦੀ ਯਾਦਗਾਰ ਦੀ ਇਮਾਰਤ ਗੁਰੂਦੁਆਰੇ ਨਾਲੋਂ ਉਚੀ ਬਣ ਗਈ ਹੈ ਅਤੇ ਯਾਦਗਾਰ ਦੇ ਉਪਰ ਗੁੰਬਦ ਵੀ ਬਣਾ ਦਿੱਤਾ ਗਿਆ ਹੈ, ਜਦ ਕਿ ਥੜਾ ਸਾਹਿਬ ਦੇ ਉਪਰ ਗੁੰਬਦ ਵੀ ਨਹੀਂ ਹੈ, ਜਿਸ ਕਰਕੇ ਸੰਗਤਾਂ ਧੁੰਮਾਂ ਐੰਡ ਪਾਰਟੀ ਨੂੰ ਲਾਹਨਤਾਂ ਪਾ ਰਹੀਆਂ ਹਨ। ਉਹਨਾਂ ਕਿਹਾ ਕਿ ਜਿਸ ਦਿਨ ਬਾਦਲ ਦੇ ਫਰਜੰਦ ਸੁਖਬੀਰ ਸਿੰਘ ਬਾਦਲ ਨੇ ਬਾਬੇ ਧੁੰਮੇ ਨਾਲ ਮਹਿਤਾ ਵਿਖੇ ਮੁਲਾਕਾਤ ਕੀਤੀ ਸੀ, ਉਸ ਦਿਨ ਹੀ ਸੰਗਤਾਂ ਨੂੰ ਸ਼ੰਕਾ ਪੈਦਾ ਹੋ ਗਈ ਸੀ, ਕਿ ਹੁਣ ਕਿਸੇ ਨਾ ਕਿਸੇ ਦੀ ਬਲੀ ਜ਼ਰੂਰ ਹੋ ਜਾਵੇਗੀ ਅਤੇ ਇਸੇ ਸੰਦਰਭ ਵਿੱਚ ਹੀ ਥੜਾ ਸਾਹਿਬ ਗੁਰੂਦੁਆਰਾ ਦੀ ਬਲੀ ਦਿੱਤੀ ਜਾ ਰਹੀ ਹੈ।

ਉਹਨਾਂ ਕਿਹਾ ਕਿ ਭਾਂਵੇ ਗੁਰੂਦੁਆਰਾ ਸਾਹਿਬ ਨੂੰ ਢਾਹੁਣ ਲਈ ਬਾਦਲ ਦੇ ਗੁਲਾਮਾਂ ਤੇ ਬਾਬੇ ਧੁੰਮੇ ਨੇ ਟੱਕ ਲਗਾ ਦਿੱਤਾ ਹੈ, ਪਰ ਸਮੂਹ ਪੰਥਕ ਧਿਰਾਂ ਨੂੰ ਇਸ ਗੁਰੂਦੁਆਰੇ ਨੂੰ ਢਹਿਣ ਤੋ ਰੋਕਣ ਲਈ ਇਕੱਠੇ ਹੋ ਕੇ ਅੱਗੇ ਆਉਣਾ ਚਾਹੀਦਾ ਹੈ। ਜੇਕਰ ਗੁਰੂਦੁਆਰੇ ਦੀ ਕਿਸੇ ਕਿਸਮ ਦੀ ਕੋਈ ਸਾਂਭ ਸੰਭਾਲ ਲਈ ਮੁਰੰਮਤ ਕਰਨ ਦੀ ਜਰੂਰਤ ਪੈਂਦੀ ਹੈ, ਤਾਂ ਉਸ ਲਈ ਵੀ ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਵਿੱਚ ਮੱਤਾ ਪਾ ਕੇ, ਠੋਸ ਕਾਰਨ ਦੱਸ ਕੇ ਕਿਸੇ ਕਾਰ ਸੇਵਾ ਵਾਲੇ ਮਾਹਿਰ ਨੂੰ ਸੇਵਾ ਦਿੱਤੀ ਜਾਣੀ ਚਾਹੀਦੀ। ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਦੀ ਸੇਵਾ ਸੰਭਾਲੀ ਬੈਠੇ ਬਾਦਲ ਦੇ ਗੁਲਾਮ ਗ੍ਰੰਥੀ ਕੋਲੋਂ ਇੱਕ ਚਿੱਠੀ ਲਿਖਵਾ ਕੇ ਕਾਰ ਸੇਵਾ ਤੋ ਅਣਜਾਣ ਧੁੰਮੇ ਨੂੰ ਅਸਿੱਧੇ ਢੰਗ ਨਾਲ ਸੇਵਾ ਸੌਂਪਣੀ ਕਦਾਚਿੱਤ ਵੀ ਜਾਇਜ ਨਹੀਂ ਹੈ ਅਤੇ ਇਹ ਪ੍ਰੀਕਿਰਿਆ ਸਿੱਖ ਸੰਗਤਾਂ ਵਿੱਚ ਗੁਰੂ ਅਸਥਾਨਾਂ ਦੀ ਇਤਿਹਾਸਕ ਮਹੱਤਤਾ ਬਾਰੇ ਕਈ ਪ੍ਰਕਾਰ ਦੇ ਸਵਾਲਾਂ ਨੂੰ ਜਨਮ ਦੇਵੇਗੀ।

ਉਹਨਾਂ ਕਿਹਾ ਕਿ ਜਦੋਂ ਵੀ ਕਿਸੇ ਕੌਮ ਨੂੰ ਮਿਟਾਉਣਾ ਹੋਵੇ ਤਾਂ ਪਹਿਲਾਂ ਉਸ ਦੀਆਂ ਇਤਿਹਾਸਕ ਨਿਸ਼ਾਨੀਆਂ, ਇਤਿਹਾਸ, ਪ੍ਰੇਰਣਾ ਸਰੋਤ ਤੋੜੇ ਜਾਂ ਫਿਰ ਵਿਗਾੜੇ ਜਾਂਦੇ ਹਨ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਕਈ ਵਾਰੀ ਕਿਸੇ ਸ਼ਾਜਿਸ਼ ਤਹਿਤ ਇਸ ਗੁਰੂਦੁਆਰੇ ਨੂੰ ਢਾਹੁਣ ਦੇ ਮਨਸੂਬੇ ਬਣਾਏ ਗਏ ਸਨ, ਜਿਹਨਾਂ ਨੂੰ ਜਥੇਦਾਰ ਗੁਰਚਰਨ ਸਿੰਘ ਟੌਹੜਾ ਤੋ ਲੈ ਕੇ ਬਾਕੀ ਪਰਧਾਨਾਂ ਨੇ ਇਹ ਕਹਿ ਕੇ ਨਜ਼ਰ ਅੰਦਾਜ਼ ਕਰ ਦਿੱਤਾ ਕਿ ਇਤਿਹਾਸਕ ਗੁਰੂਦੁਆਰੇ ਢਾਹਿਆ ਨਹੀਂ ਸਗੋਂ ਬਣਾਇਆ ਜਾ ਸਕਦਾ ਹੈ।

ਉਹਨਾਂ ਕਿਹਾ ਕਿ ਕਰੀਬ ਦੋ ਸਾਲ ਤਾਂ ਇਸ ਗੁਰੂਦੁਆਰੇ ਦੇ ਆਲੇ ਦੁਆਲੇ ਡੂੰਘੀ ਖੱਡ ਪੁੱਟ ਕੇ ਪਾਣੀ ਛੱਡ ਦਿੱਤਾ ਗਿਆ ਸੀ, ਤਾਂ ਕਿ ਗੁਰੂਦੁਆਰਾ ਖੁਦ ਹੀ ਡਿੱਗ ਪਵੇ ਪਰ ਇਸ ਦੀਆ ਨੀਹਾਂ ਇੰਨੀਆਂ ਮਜਬੂਤ ਹਨ ਕਿ ਉਸ ਪਾਣੀ ਦਾ ਵੀ ਇਸ ਤੇ ਕੋਈ ਅਸਰ ਨਾ ਹੋਇਆ। ਉਹਨਾਂ ਕਿਹਾ ਕਿ ਇਸੇ ਤਰ੍ਹਾ ਪਿਛਲੇ ਪੰਜ ਸਾਲਾਂ ਤੋ ਇਸ ਗੁਰੂਦੁਆਰੇ ਦੇ ਆਲੇ ਦੁਆਲੇ ਪਾਣੀ ਦੇ ਕੋਈ ਨਿਕਾਸ ਨਹੀਂ ਬਣਾਇਆ ਗਿਆ ਸੀ ਅਤੇ ਨੀਵੀ ਜਗ੍ਹਾ ‘ਤੇ ਗੁਰੂਦੁਆਰਾ ਹੋਣ ਕਾਰਨ ਬਰਸਾਤ ਦਾ ਪਾਣੀ ਇਸ ਦੇ ਆਵੇ ਦੁਆਲੇ ਖੜ੍ਹ ਜਾਂਦਾ ਹੈ, ਪਰ ਫਿਰ ਵੀ ਇਹ ਗੁਰੂਦੁਆਰਾ ਠੀਕ ਠਾਕ ਹੀ ਰਿਹਾ। ਉਹਨਾਂ ਕਿਹਾ ਕਿ ਜਦੋਂ ਇਹਨਾਂ ਦੀ ਕੋਈ ਪੇਸ਼ ਨਹੀਂ ਗਈ, ਤਾਂ ਇਹਨਾਂ ਨੇ ਸਿੱਥੇ ਰੂਪ ਵਿੱਚ ਹਥੌੜਿਆਂ ਛੈਣੀਆਂ ਅਤੇ ਵਦਾਨਾਂ ਨਾਲ ਢਹਿ ਢੇਰੀ ਕਰਨ ਲਈ ਕਾਰ ਸੇਵਾ ਦਾ ਬਹਾਨਾ ਬਣਾ ਲਿਆ ਹੈ। ਉਹਨਾਂ ਕਿਹਾ ਕਿ ਜੇਕਰ ਇਸ ਨੂੰ ਤੁਰੰਤ ਨਾ ਰੋਕਿਆ ਗਿਆ ਤਾਂ ਬਾਦਲ ਐੰਡ ਜੁੰਡਲੀ ਕਈ ਹੋਰ ਇਤਿਹਸਾਕ ਅਸਥਾਨਾਂ ਨੂੰ ਵੀ ਨੇਸਤੋਨਬੂਦ ਕਰ ਸਕਦੀ ਹੈ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top