Share on Facebook

Main News Page

ਥੜ੍ਹਾ ਸਾਹਿਬ ਦੀ ਇਮਾਰਤ ਨੂੰ ਨੇਸਤੋਨਬੂਦ ਕਰਨ ਲਈ ਟੱਕ ਅੱਜ ਲਗਾਇਆ ਜਾਵੇਗਾ

ਅੰਮ੍ਰਿਤਸਰ 17 ਮਾਰਚ (ਜਸਬੀਰ ਸਿੰਘ ਪੱਟੀ): ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਲਕੇ ਇਤਿਹਾਸਕ ਗੁਰੂਦੁਆਰਾ ਥੜ੍ਹਾ ਸਾਹਿਬ ਨੂੰ ਨੇਸਤੋਨਬੂਦ ਕਰਨ ਲਈ ਪੰਜ ਪਿਆਰਿਆਂ ਦੁਆਰਾ ਅਰਦਾਸ ਕਰਕੇ ਟੱਕ ਲਗਾਇਆ ਜਾਵੇਗਾ, ਜਦ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਅਤੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਪਹਿਲਾਂ ਹੀ ਡੇਰਾ ਰਾਧਾ ਸੁਆਮੀ ਬਿਆਸ ਵੱਲੋਂ ਪਿੰਡ ਵੜੈਚ ਦੀ ਪੱਤੀ ਵੜੈਚ ਦੇ ਗੁਰੂਦੁਆਰੇ ਅਤੇ ਜਿਲਾ ਫਿਰੋਜਪੁਰ ਦੇ ਪਿੰਡ ਫਤਹਿਗੜ ਗਹਿਰੀ ਦੇ ਇੱਕ ਗੁਰੂਦੁਆਰੇ ਨੂੰ ਢਾਹੁਣ ਨੂੰ ਜਾਇਜ ਠਹਿਰਾਉਣ ਕਰਕੇ ਪਹਿਲਾਂ ਹੀ ਪੰਥਕ ਹਲਕਿਆਂ ਵਿੱਚ ਕਾਫੀ ਵਾਦ ਵਿਵਾਦ ਦਾ ਵਿਸ਼ਾ ਬਣੇ ਹੋਏ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਬਣੇ ਨੌਵੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨਾਲ ਸਬੰਧਿਤ ਗੁਰੂਦੁਆਰਾ ਥੜ੍ਹਾ ਸਾਹਿਬ, ਜੋ ਕਿ ਇਤਿਹਾਸਕ ਗੁਰੂਦੁਆਰਾ ਹੈ, ਨੂੰ ਢਾਹ ਕੇ ਨਵ ਉਸਾਰੀ ਕਰਨ ਲਈ ਕਾਰ ਸੇਵਾ ਦਮਦਮੀ ਟਕਸਾਲ ਦੇ ਮੁੱਖੀ ਬਾਬਾ ਹਰਨਾਮ ਸਿੰਘ ਧੁੰਮਾਂ ਨੂੰ ਦਿੱਤੀ ਗਈ ਹੈ, ਜੋ ਬਾਦਲ ਪਰਿਵਾਰ ਦੀ ਸਿਆਸੀ ਕਿਚਨ ਕੈਬਨਿਟ ਦੇ ਮੈਂਬਰ ਵਜੋਂ ਜਾਣੇ ਪਛਾਣੇ ਜਾਂਦੇ ਹਨ।

ਬਾਬਾ ਹਰਨਾਮ ਸਿੰਘ ਧੁੰਮਾਂ ਨੇ ਹੀ ਪਿਛਲੇ ਸਾਲ ਸ਼ਹੀਦੀ ਯਾਦਗਾਰ ਦੀ ਉਸਾਰੀ ਸ਼ੁਰੂ ਕੀਤੀ ਸੀ, ਜੋ ਲੱਗਭਗ ਮੁਕੰਮਲ ਹੋਣ ਕਿਨਾਰੇ ਹੈ। ਵਿਰੋਧੀ ਧਿਰ ਦੇ ਦੋ ਮੈਂਬਰਾਂ ਦੇ ਵਿਰੋਧ ਦੇ ਬਾਵਜੂਦ ਵੀ ਬਾਬਾ ਧੁੰਮਾਂ ਨੂੰ ਬੀਤੇ ਦਿਨੀ ਸ਼੍ਰੋਮਣੀ ਕਮੇਟੀ ਦੀ ਕਾਰਜਕਰਨੀ ਕਮੇਟੀ ਦੀ ਮੀਟਿੰਗ ਵਿੱਚ ਸ੍ਰੀ ਰਾਜਿੰਦਰ ਸਿੰਘ ਮਹਿਤਾ ਵੱਲੋਂ ਮੁੱਦਾ ਉਠਾਏ ਜਾਣ ‘ਤੇ ਥੜਾ ਸਾਹਿਬ ਦੀ ਮੁੜ ਉਸਾਰੀ ਕਰਨ ਦੀ ਕਾਰ ਸੇਵਾ ਸੋਂਪ ਦਿੱਤੀ ਗਈ ਭਾਂਵੇ ਇਹ ਏਜੰਡੇ ਵਿੱਚ ਸ਼ਾਮਲ ਨਹੀਂ ਸੀ। ਬਾਬਾ ਹਰਨਾਮ ਸਿੰਘ ਧੁੰਮਾਂ ਦਾ ਕਹਿਣਾ ਹੈ ਕਿ ਗੁਰੂਦੁਆਰਾ ਢਾਹਿਆ ਨਹੀਂ ਜਾਵੇਗਾ ਸਗੋ ਥੱਲੇ ਪਾਸਿਉ ਛੇ ਫੁੱਟ ਚੌੜਾ ਕਰਕੇ ਇਸ ਹੀ ਪਹਿਲੀ ਬਣਤਰ ਦਾ ਹੀ ਗੁਰੂਦੁਆਰਾ ਤਿਆਰ ਕੀਤਾ ਜਾਵੇਗਾ ਅਤੇ ਇਸ ਵਿੱਚ ਵਾਧਾ ਸਿਰਫ ਇਸ ਦੇ ਉਪਰ ਗੁੰਬਦ ਬਣਾਉਣ ਦਾ ਹੀ ਕੀਤਾ ਜਾਵੇਗਾ।

ਸ੍ਰੀ ਅਕਾਲ ਤਖਤ ਦੇ ਸਾਬਕਾ ਹੈਡ ਗ੍ਰੰਥੀ ਗਿਆਨੀ ਭਗਵਾਨ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਕਈ ਸਾਲ ਪਹਿਲਾਂ ਮਰਹੂਮ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਵੀ ਸ੍ਰੀ ਅਕਾਲ ਤਖਤ ਦੇ ਪਿਛਲੇ ਪਾਸੇ ਵਾਲੇ ਬਾਬਾ ਗੁਰਬਖਸ਼ ਸਿੰਘ ਦੇ ਗੁਰੂਦੁਆਰੇ ਨੂੰ ਢਾਹ ਕੇ ਮੁੜ ਨਵੀ ਉਸਾਰੀ ਕਰਨ ਲਈ ਕਿਹਾ ਸੀ, ਪਰ ਉਹਨਾਂ ਨੇ ਇਸ ਨੂੰ ਇਤਿਹਾਸਕ ਦੱਸ ਕੇ ਢਾਹੁਣ ਤੋਂ ਇਨਕਾਰ ਕਰ ਦਿੱਤਾ ਸੀ।

ਉਹਨਾਂ ਕਿਹਾ ਕਿ ਇਸੇ ਤਰ੍ਹਾਂ ਬੀਬੀ ਜਗੀਰ ਕੌਰ ਜਦੋਂ ਪਰਧਾਨ ਬਣੀ ਤਾਂ ਉਸ ਨੂੰ ਵੀ ਬਾਬਾ ਗੁਰਬਖਸ਼ ਸਿੰਘ ਤੇ ਥੜ੍ਹਾ ਸਾਹਿਬ ਗੁਰੂਦੁਆਰੇ ਨੂੰ ਢਾਹ ਕੇ ਨਵ ਉਸਾਰੀ ਕਰਨ ਲਈ ਕਿਹਾ ਗਿਆ ਸੀ ਤਾਂ ਉਹਨਾਂ ਨੇ ਇਨਕਾਰ ਕਰਦਿਆਂ ਕਿਹਾ ਸੀ, ਕਿ ਉਹ ਕਿਸੇ ਵੀ ਇਤਿਹਾਸਕ ਗੁਰੂਦੁਆਰੇ ਨੂੰ ਛੇੜ ਕੇ ਆਪਣਾ ਨਾਮ ਇਤਿਹਾਸ ਦੇ ਕਾਲੇ ਪੰਨਿਆ ਤੇ ਨਹੀਂ ਲਿਖਵਾ ਸਕਦੇ। ਉਹਨਾਂ ਕਿਹਾ ਕਿ ਇਸੇ ਤਰ੍ਹਾਂ ਜਦੋਂ ਪ੍ਰੋ. ਕਿਰਪਾਲ ਸਿੰਘ ਬੰਡੂਗਰ ਪ੍ਰਧਾਨ ਬਣੇ ਤਾਂ ਉਹਨਾਂ ਨੇ ਵੀ ਇਹ ਕਹਿ ਕੇ ਇਨਕਾਰ ਕਰ ਦਿੱਤਾ ਸੀ, ਕਿ ਇਹ ਇਤਿਹਾਸਕ ਗੁਰੂਦੁਆਰੇ ਹਨ। ਜਦੋਂ ਉਹਨਾਂ ‘ਤੇ ਢਾਹ ਕੇ ਦੁਬਾਰਾ ਗੁਰੂਦੁਆਰਾ ਬਣਾਉਣ ਲਈ ਦਬਾ ਪਾਇਆ ਗਿਆ ਤਾਂ ਉਹਨਾਂ ਕਿਹਾ ਕਿ ਕੋਈ ਲਿਖ ਕੇ ਦੇਣ ਲਈ ਤਿਆਰ ਹੈ, ਤਾਂ ਉਹਨਾਂ ਨੇ ਉਸੇ ਵੇਲੇ ਹੀ ਲਿਖ ਕੇ ਦੇ ਦਿੱਤਾ ਸੀ, ਪਰ ਫਿਰ ਵੀ ਪ੍ਰੋ. ਬੰਡੂਗਰ ਨੇ ਕੋਈ ਕਾਰਵਾਈ ਨਹੀਂ ਕੀਤੀ ਸੀ।

ਉਹਨਾਂ ਕਿਹਾ ਕਿ ਜਿਸ ਦਿਨ ਬਾਬਾ ਗੁਰਬਖਸ਼ ਸਿੰਘ ਦਾ ਗੁਰੂਦੁਆਰਾ ਢਾਹ ਕੇ ਦੁਬਾਰਾ ਬਣਾਇਆ ਗਿਆ ਸੀ, ਤਾਂ ਉਹਨਾਂ ਨੇ ਇਸ ਦਾ ਸੁਆਗਤ ਤਾਂ ਕੀਤਾ ਪਰ ਨਾਲ ਉਹਨਾਂ ਨੂੰ ਇਸ ਗੱਲ ਦਾ ਦੁੱਖ ਵੀ ਹੋਇਆ ਕਿ ਗੁਰੂ ਸਾਹਿਬ ਦਾ ਸ੍ਰੀ ਅਕਾਲ ਤਖਤ ਦੇ ਪਿਛਲੇ ਪਾਸੇ ਦਾ ਬਗੀਚਾ ਬਰਬਾਦ ਕਰ ਦਿੱਤਾ ਗਿਆ। ਉਹਨਾਂ ਕਿਹਾ ਕਿ ਥੜ੍ਹਾ ਸਾਹਿਬ ਗੁਰੂਦੁਆਰੇ ਦੀ ਮੁੜ ਉਸਾਰੀ ਦਾ ਉਹ ਸੁਆਗਤ ਕਰਦੇ ਹਨ, ਪਰ ਜਿਹੜਾ ਬਗੀਚਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਬਰਬਾਦ ਕੀਤਾ ਗਿਆ ਹੈ, ਉਸ ਲਈ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੂੰ ਗੁਰੂ ਸਾਹਿਬ ਕਦੇ ਵੀ ਮੁਆਫ ਨਹੀਂ ਕਰਨਗੇ। ਉਹਨਾਂ ਕਿਹਾ ਕਿ ਇਸ ਗੁਰੂਦੁਆਰੇ ਦੀ ਇਤਿਹਾਸਕ ਮਹੱਤਤਾ ਨੂੰ ਬਹਾਲ ਰੱਖਣ ਲਈ ਇਸ ਦੀ ਦਿਖ ਨੂੰ ਜਿਉ ਦਾ ਤਿਉ ਹੀ ਰੱਖਿਆ ਜਾਣਾ ਚਾਹੀਦਾ ਹੈ।

ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ (ਪੰਚ ਪਰਧਾਨੀ) ਦੇ ਮੀਤ ਪ੍ਰਧਾਨ ਸ੍ਰੀ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਨੇ ਹੋਰ ਪੰਥਕ ਜਥੇਬੰਦੀਆਂ ਨਾਲ ਸ੍ਰੀ ਅਕਾਲ ਤਖਤ ਦੇ ਜਥੇਦਾਰ ਦਾ ਬਾਈਕਾਟ ਕੀਤਾ ਹੋਇਆ ਹੈ, ਇਸ ਲਈ ਉਹ ਜਥੇਦਾਰ ਨੂੰ ਤਾਂ ਕੋਈ ਸ਼ਕਾਇਤ ਨਹੀਂ ਕਰ ਸਕਦੇ। ਉਹਨਾਂ ਕਿਹਾ ਕਿ ਜੇਕਰ ਇਤਿਹਾਸਕ ਗੁਰੂਦੁਆਰਾ ਢਾਹਿਆ ਗਿਆ ਤਾਂ ਉਹ ਅਦਾਲਤ ਦਾ ਦਰਵਾਜਾ ਜਰੂਰ ਖੜਕਾਉਣਗੇ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਦਫਤਰ ਸਕੱਤਰ ਸ੍ਰੀ ਹਰਬੀਰ ਸਿੰਘ ਸੰਧੂ ਨੇ ਕਿਹਾ ਕਿ ਮੱਕੜ ਤੇ ਗਿਆਨੀ ਗੁਰਬਚਨ ਸਿੰਘ ਨੇ ਪਹਿਲਾਂ ਢਾਹੇ ਗਏ ਦੋ ਗੁਰੂਦੁਆਰਿਆਂ ਦਾ ਸੁਆਗਤ ਕਰਕੇ ਆਪਣਾ ਨਾਮ ਇਤਿਹਾਸ ਦੇ ਕਾਲੇ ਪੰਨਿਆਂ ਕੇ ਲਿਖਵਾ ਲਿਆ ਹੈ, ਅਤੇ ਬਾਕੀ ਦੀ ਕਸਰ ਹੁਣ ਇਤਿਹਾਸਕ ਥੜਾ ਸਾਹਿਬ ਗੁਰੂਦੁਆਰਾ ਢਾਹ ਕੇ ਕਸਰ ਪੂਰੀ ਕਰ ਦਿੱਤੀ ਜਾਵੇਗੀ।

ਉਹਨਾਂ ਕਿਹਾ ਕਿ ਉਹਨਾਂ ਦੀ ਪਾਰਟੀ ਕੋਲ ਹੁਣ ਸਿਵਾਏ ਕਨੂੰਨ ਤੋਂ ਕੋਈ ਰਸਤਾ ਨਹੀਂ ਰਹਿ ਗਿਆ ਅਤੇ ਉਹ ਕਨੂੰਨੀ ਮਾਹਿਰਾਂ ਨਾਲ ਗੱਲਬਾਤ ਕਰਕੇ ਇਸ ਦਾ ਹਿਸਾਬ ਕਿਤਾਬ ਜਰੂਰ ਲੈਣਗੇ। ਉਹਨਾਂ ਕਿਹਾ ਕਿ ਪੰਥਕ ਜਥੇਬੰਦੀਆਂ ਨੇ ਪਹਿਲਾਂ ਵੀ ਦੋ ਢਾਹੇ ਗਏ ਗੁਰੂਦੁਆਰਿਆਂ ਦੀ ਮੁੜ ਉਸਾਰੀ ਲਈ ਯਤਨ ਕੀਤੇ ਹਨ। ਉਹਨਾਂ ਕਿਹਾ ਕਿ ਹੁਣ ਸਿੱਖ ਪੰਥ ਨੂੰ ਅਰਦਾਸ ਕਰਨੀ ਚਾਹੀਦੀ ਹੈ ਕਿ ਮੱਕੜ ਤੇ ਜਥੇਦਾਰ ਆਰ.ਐਸ.ਐਸ ਦੀ ਪੰਥ ਵਿਰੋਧੀ ਸਾਜਿਸ਼ ਨੂੰ ਕਾਮਯਾਬ ਕਰਨ ਲਈ ਕਦੇ ਗੁਰੂਦੁਆਰੇ ਢਾਹੁਣ ਦਾ ਸੁਆਗਤ ਕਰਦੇ ਹਨ, ਕਦੇ ਇਤਿਹਾਸਕ ਗੁਰੂਦੁਆਰੇ ਢਾਹ ਕੇ ਉਹਨਾਂ ਦੀ ਖੁਸ਼ਨੰਦੀ ਹਾਸਲ ਕਰਦੇ ਹਨ। ਉਹਨਾਂ ਕਿਹਾ ਕਿ ਇਤਿਹਾਸ ਕਦੇ ਵੀ ਇਹਨਾਂ ਨੂੰ ਮੁਆਫ ਨਹੀਂ ਕਰੇਗਾ।

ਮਰਿਆਦਾ ਦੀਆ ਧੱਜੀਆਂ ਇਥੋ ਤੱਕ ਹੀ ਨਹੀਂ ਉਡਾਈਆਂ ਗਈਆਂ, ਸਗੋਂ ਥੜਾ ਸਾਹਿਬ ਗੁਰੂਦੁਆਰੇ ਨੂੰ ਨੇਸਤੋਨਬੂਦ ਕਰਨ ਲਈ 18 ਮਾਰਚ ਨੂੰ ਕਾਰ ਸੇਵਾ ਸ਼ੁਰੂ ਕਰਨ ਲਈ ਦੋ ਵਿਸ਼ੇਸ਼ ਵਿਅਕਤੀਆਂ ਸ਼੍ਰੋਮਣੀ ਕਮੇਟੀ ਪਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਅਤੇ ਬਾਬਾ ਹਰਨਾਮ ਸਿੰਘ ਧੁੰਮਾਂ ਦੀਆਂ ਤਸਵੀਰਾਂ ਵਾਲਾ ਇੱਕ ਹੋਰਡਿੰਗ ਸ੍ਰੀ ਦਰਬਾਰ ਸਾਹਿਬ ਦੀ ਝੰਡੇ ਬੁੰਗੇ ਵਾਲੀ ਦਰਸ਼ਨੀ ਡਿਉੜੀ ਦੇ ਐਨ ਉਪਰ ਚਰਨ ਗੰਗਾ ਤੋਂ ਅੱਗੇ ਲਗਾਇਆ ਗਿਆ ਹੈ, ਜੋ ਸ੍ਰੀ ਅਕਾਲ ਤਖਤ ਦੇ ਸਕੱਤਰੇਤ ਅਤੇ ਜਥੇਦਾਰ ਅਕਾਲ ਤਖਤ ਦੀ ਰਿਹਾਇਸ਼ ਦੇ ਬਿਲਕੁਲ ਸਾਹਮਣੇ ਹੈ, ਪਰ ਕਿਸੇ ਨੇ ਵੀ ਇਸ ਹੋਰਡਿੰਗ ਨੂੰ ਵੇਖ ਕੇ ਕਾਰਵਾਈ ਕਰਨ ਦੀ ਕੋਈ ਦਿਲਚਸਪੀ ਨਹੀਂ ਲਈ। ਅਜਿਹੇ ਧਾਰਮਿਕ ਬੋਰਡਾਂ ‘ਤੇ ਵੈਸੇ ਵੀ ਵਿਸ਼ੇਸ਼ ਤਸਵੀਰਾਂ ਨਾ ਲਗਾਉਣ ਦਾ ਸ੍ਰੀ ਅਕਾਲ ਤਖਤ ਤੋ ਆਦੇਸ਼ ਹੋ ਚੁੱਕੇ ਹਨ। ਜੇਕਰ ਕਿਸੇ ਹੋਰ ਵਿਅਕਤੀ ਵੱਲੋਂ ਇਹ ਬੋਰਡ ਲਗਾਇਆ ਗਿਆ ਹੁੰਦਾ, ਤਾਂ ਉਸ ਦੇ ਖਿਲਾਫ ਫੌਜਦਾਰੀ ਕਾਰਵਾਈ ਤੋਂ ਇਲਾਵਾ ਹੁਣ ਤੱਕ ਕਨੂੰਨੀ ਕਾਰਵਾਈ ਵੀ ਹੋ ਜਾਣੀ ਸੀ। ਇੱਕ ਪਾਸੇ ਤਾਂ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਪਵਿੱਤਰ ਸ਼ਹਿਰ ਵਿੱਚ ਕਿਸੇ ਵੀ ਵਿਸ਼ੇਸ਼ ਵਿਅਕਤੀ ਦੇ ਹੋਰਡਿੰਗ ਲਗਾਉਣ ‘ਤੇਂ ਪੂਰੀ ਤਰ੍ਹਾਂ ਰੋਕ ਲਗਾ ਰੱਖੀ ਹੈ, ਜਦ ਕਿ ਦੂਸਰੇ ਪਾਸੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਕਿਸੇ ਵਿਸ਼ੇਸ਼ ਵਿਅਕਤੀ ਦੇ ਬੋਰਡ ਲਗਾਉਣਾ ਕੋਈ ਸਿਆਣਪ ਨਹੀਂ ਹੈ। ਇਸ ਸਬੰਧੀ ਜਦੋਂ ਸ੍ਰੀ ਦਰਬਾਰ ਸਾਹਿਬ ਦੇ ਮਨੈਜਰ ਸ੍ਰੀ ਜਵਾਹਰ ਸਿੰਘ ਨਾਲ ਗੱਲ ਚਾਹੀ ਤਾਂ ਉਹਨਾਂ ਦਾ ਫੋਨ ਨਹੀਂ ਮਿਲ ਸਕਿਆ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top