Share on Facebook

Main News Page

ਧਰਮ ਪੰਖ ਕਰ ਉਡਰਿਆ !
- ਤਰਲੋਚਨ ਸਿੰਘ ‘ਦੁਪਾਲਪੁਰ’ ਸੰਪਰਕ : 001-408-915-1268

‘‘ਹਾਂ ਬਈ, ਤੂੰ ਕਿਵੇਂ ਆਇਐਂ ਭਗਤਾ?’’ ਪੰਜ-ਸੱਤ ਕੁ ਜਵਾਨ ਅਤੇ ਏਨੀਆਂ ਕੁ ਹੀ ਅੱਧਖੜ ਉਮਰ ਦੀਆਂ ਬੀਬੀਆਂ ਦੇ ਸਭ ਤੋਂ ਪਿੱਛੇ ਸਿਰ ’ਤੇ ਚਿੱਟਾ ਦੁੱਧ ਰੁਮਾਲ ਬੰਨੀ ਬੈਠੇ ਰਾਮ ਪਾਲ ਨੂੰ ਸੰਤਾਂ ਨੇ ਉੱਚੀ ਆਵਾਜ਼ ’ਚ ਪੁੱਛਿਆ। ਸੋਫੇ ’ਤੇ ਪਥੱਲਾ ਮਾਰੀ ਬੈਠੇ ਸੰਤ ਜੀ ਦੇ ਲਾਗੇ ਹੋ-ਹੋ ਬੈਠੀਆਂ ਸਾਰੀਆਂ ਬੀਬੀਆਂ ਨੇ ਪਿਛਾਂਹ ਨੂੰ ਗਰਦਣਾਂ ਘੁਮਾ ਕੇ ਕਲੀਨ-ਸ਼ੇਵ ਬੰਦੇ ਵੱਲ ਦੇਖਿਆ। ਸੰਤਾਂ ਨੇ ਤਾਂ ਸ਼ਾਇਦ ‘ਰੰਨਾਂ ’ਚ ਧੰਨਾ’ ਬਣੀ ਬੈਠੇ ਇੱਕ ਅਜਨਬੀ ਸ਼ਰਧਾਲੂ ਨੂੰ ਆਪਣੀ ‘ਪ੍ਰਾਈਵੇਸੀ’ ਬਣਾਈ ਰੱਖਣ ਲਈ ਸਾਰਿਆਂ ਤੋਂ ਪਹਿਲਾਂ ‘ਵਿਹਲਾ’ ਕਰਨ ਦੀ ਸਕੀਮ ਅਨੁਸਾਰ ਪੁੱਛ ਲਿਆ ਹੋਵੇਗਾ, ਪਰ ਬੀਬੀਆਂ ਉਸ ਆਦਮੀ ਦੇ ਚੰਗੇ ਭਾਗਾਂ ’ਤੇ ਰਸ਼ਕ ਕਰਨ ਲੱਗੀਆਂ, ‘‘ਕਿੰਨੀ ਕਿਸਮਤ ਵਾਲਾ ਐ, ਮਹਾਰਾਜ ਨੇ ਸਭ ਤੋਂ ਪਹਿਲਾਂ ’ਵਾਜ ਮਾਰ ਲਈ।’’

‘‘ਜੀ ਨਵਾਂ ਕਾਰੋਬਾਰ ਸ਼ੁਰੂ ਕੀਤੈ। ਸਫ਼ਲਤਾ ਵਾਸਤੇ ਆਪ ਜੀ ਦਾ ਅਸ਼ੀਰਵਾਦ ਲੈਣ ਆਇਆਂ।’’ ਰਾਮ ਪਾਲ ਨੇ ਅਤਿ ਅਧੀਨਗੀ ਨਾਲ ਹੱਥ ਜੋੜਦਿਆਂ ਸੰਤਾਂ ਦੇ ਨੇੜੇ ਹੋ ਕੇ ਅਰਜ਼ ਗੁਜ਼ਾਰੀ।

‘‘ਕਾਹਦਾ ਕਾਰੋਬਾਰ ਭਾਈ?’’ ਸੰਤਾਂ ਨੇ ਅਜਨਬੀ ਨੂੰ ਸਿਰ ਤੋਂ ਪੈਰਾਂ ਤੱਕ ਤਾੜਦਿਆਂ ਪੁੱਛਿਆ।

‘‘ਮਹਾਰਾਜ, ਮੈਂ ਟਰੈਵਲ ਏਜੰਟ ਹਾਂ, ਮੁੰਡੇ ਵਿਦੇਸ਼ਾਂ ਨੂੰ ਭੇਜਣ ਦਾ ਕੰਮ-ਕਾਰ ਸ਼ੁਰੂ ਕੀਤਾ ਹੈ।’’

ਇਹ ਜਵਾਬ ਸੁਣ ਕੇ ਸੰਤ ਜੀ ਦਾੜ੍ਹੀ ਖੁਰਕਦਿਆਂ ਬੀਬੀਆਂ ਨਾਲ ਨਜ਼ਰਾਂ ਮਿਲਾ ਕੇ ਮਖੌਲੀਆ ਅੰਦਾਜ਼ ’ਚ ਬੋਲੇ, ‘‘ਬਾਹਰ ਨੂੰ ਭੇਜਦਾ ਐਂ ਕਿ ਅੱਧ-ਵਾਟੇ ਈ ਡੋਬਦੈਂ?’’

ਸਾਰੀਆਂ ਮਾਈਆਂ ਇਉਂ ਹਿੜ-ਹਿੜ ਕਰਨ ਲੱਗ ਪਈਆਂ ਕਿ ਬੰਦੇ ਨੇ ਜਵਾਬ ਵਜੋਂ ਹੱਥ ਜਿਹੇ ਮਲ਼ਦਿਆਂ ਜੋ ਕੁਝ ਕਿਹਾ, ਸੁਣਾਈ ਹੀ ਨਾ ਦਿੱਤਾ।

ਦੋ ਕੁ ਪਲ ਸੋਚ ਕੇ ਸੰਤਾਂ ਨੇ ਬੀਬੀਆਂ ਨੂੰ ਸੌਂਫਾ ਛਕ ਲੈਣ ਦਾ ਆਦੇਸ਼ ਦਿੱਤਾ ਅਤੇ ਰਾਮ ਪਾਲ ਨੂੰ ਕੁਟੀਆ ਦੇ ਅੰਦਰ ਚੱਲਣ ਦਾ ਇਸ਼ਾਰਾ ਕੀਤਾ। ਨਾਲ ਹੀ ‘ਵਾ...ਹੇ...ਏ...ਏ.’ ਨੂੰ ਬੇ-ਲੋੜਾ ਲਮਕਾ ਕੇ ਨਾਲ ਹੌਲੀ ਜਿਹੀ ‘ਗੁ...ਰੂ’ ਆਖਦਿਆਂ ਉਹ ਵੀ ਦਰਵਾਜ਼ੇ ਦਾ ਪਰਦਾ ਚੁੱਕ ਕੇ ਅੰਦਰ ਜਾ ਵੜੇ। ਬਾਹਰ ਬੈਠੀਆਂ ਮਾਈਆਂ ਨੇ ਸੌਂਫਾ ਛਕ-ਛਕਾ ਕੇ ਬਾਟੀਆਂ ਮਾਂਜ-ਸੁਆਰ ਕੇ ਵੀ ਰੱਖ ਦਿਤੀਆਂ। ਸਾਰੀਆਂ ਜਣੀਆਂ ਦਰੀ ’ਤੇ ਬਹਿ ਕੇ ਕੁਟੀਆ ਦੇ ਦਰਵਾਜ਼ੇ ’ਤੇ ਟਿਕ-ਟਿਕੀ ਲਾ ਕੇ ਦੇਖਣ ਲੱਗੀਆਂ। ਮਸਾਂ ਕਿਤੇ ਜਾ ਕੇ ਇੰਤਜ਼ਾਰ ਦੀਆਂ ਘੜੀਆਂ ਖ਼ਤਮ ਹੋਈਆਂ। ਘੰਟੇ-ਸਵਾ ਘੰਟੇ ਬਾਅਦ ਦੋਵੇਂ ਅੰਦਰੋਂ ਇਉਂ ਨਿਕਲੇ, ਜਿਵੇਂ ਉਹ ਦੋ ਦੇਸਾਂ ਦੇ ਵਿਦੇਸ਼ ਮੰਤਰੀ ਹੋਣ, ਜੋ ਕੋਈ ਅਹਿਮ ਸਮਝੌਤਾ ਨੇਪਰੇ ਚਾੜ੍ਹ ਕੇ ਮੀਟਿੰਗ-ਰੂਮ ’ਚੋਂ ਬਾਹਰ ਆਏ ਹੋਣ।

‘‘ਕੋਈ ਚੱਕਰ ਈ ਨ੍ਹੀਂ ਮਹਾਰਾਜ, ਜਿਵੇਂ ਤੁਸੀਂ ਆਖੋਗੇ, ਉਵੇਂ ਹੀ...।’’ ਰਾਮ ਪਾਲ ਦੇ ਫੁੱਲ ਵਾਂਗ ਖਿੜੇ ਮੂੰਹ ਤੋਂ ਬੀਬੀਆਂ ਨੇ ਏਨੇ ਕੁ ਹੀ ਲਫਜ਼ ਸੁਣੇ। ਉਹ ਕੁਟੀਆ ਅੰਦਰੋਂ ਆਏ ਬੰਦੇ ਦੇ ਦੋਵੇਂ ਹੱਥ ਖ਼ਾਲੀ ਦੇਖ ਕੇ ਵੀ ਹੈਰਾਨ ਹੋਈਆਂ, ਕਿਉਂਕਿ ‘ਲੈਚੀਆਂ ਵਾਲਾ ਬਾਬਾ’ ਨਾਂਅ ਨਾਲ ਮਸ਼ਹੂਰ ਹੋਏ ਇਹ ਸੰਤ ਜੀ ਦਰ ਆਏ ਹਰ ਜਗਿਆਸੂ ਨੂੰ ਲੈਚੀਆਂ ਮੰਤਰ ਕੇ ਜ਼ਰੂਰ ਬਖਸ਼ਦੇ ਸਨ। ਖ਼ੈਰ, ਆਪੋ ਆਪਣੇ ਦੁੱਖਾਂ-ਕਲੇਸ਼ਾਂ ਦੀ ਨਵਿਰਤੀ ਕਰਨ ਦਾ ‘ਲੈਚੀ ਹਥਿਆਰ’ ਲੈ ਕੇ ਮਾਈਆਂ ਡੇਰੇ ’ਚੋਂ ਰਵਾਨਾ ਹੋ ਗਈਆਂ।

ਇੱਧਰੋਂ ਵਿਹਲਿਆਂ ਹੋ ਕੇ ਸੰਤਾਂ ਨੇ ਆਪਣੇ ਡਰਾਈਵਰ ਨੂੰ ਗੱਡੀ ਲੈ ਆਉਣ ਲਈ ਆਖਿਆ। ਚੌਂਹ-ਪੰਜਾਂ ਘੰਟਿਆਂ ਦਾ ਸਫ਼ਰ ਮੁਕਾ ਕੇ ਗੱਡੀ ਇੱਕ ਪਿੰਡ ਦੇ ਗੁਰਦੁਆਰੇ ਜਾ ਪਹੁੰਚੀ। ਇਸ ਗੁਰਦੁਆਰੇ ਸੇਵਾ ਨਿਭਾਅ ਰਿਹਾ ਨੌਜਵਾਨ ਭਾਈ ਜਗਤਾਰ ਸਿੰਘ ਵਿਹੜੇ ’ਚ ਆਈ ਸੰਤਾਂ ਦੀ ਗੱਡੀ ਦੇਖ ਕੇ ਪਰਵਾਰ ਸਮੇਤ ਦੌੜਿਆ ਆਇਆ। ਸਾਰਿਆਂ ਨੇ ਸੰਤਾਂ ਦੇ ਚਰਨ ਪਰਸ ਕੇ ਥਾਪੜਾ ਲਿਆ। ਉਨ੍ਹਾਂ ਬੜੇ ਸਤਿਕਾਰ ਨਾਲ ਸੰਤਾਂ ਨੂੰ ਆਪਣੇ ਰਿਹਾਇਸ਼ੀ ਕਮਰੇ ’ਚ ਲਿਆ ਬਿਠਾਇਆ। ਰਾਜੀ-ਖੁਸ਼ੀ ਪੁੱਛੇ ਜਾਣ ’ਤੇ ਬਾਗ਼ੋ-ਬਾਗ਼ ਹੋਇਆ ਜਗਤਾਰ ਸਿੰਘ ਆਪਣੀ ‘ਚੜ੍ਹਦੀ ਕਲਾ’ ਦੇ ਵੇਰਵੇ ਸੁਣਾਉਣ ਲੱਗਾ :

‘‘ਮਹਾਰਾਜ, ਆਪ ਜੀ ਦੀ ਮਿਹਰ ਸਦਕਾ ਪੂਰੇ ਆਨੰਦ ਵਿੱਚ ਹਾਂ। ਸਾਰਾ ਪਿੰਡ ਤੇ ਕਮੇਟੀ ਵਾਲੇ ਮੇਰਾ ਬੇਹੱਦ ਸਤਿਕਾਰ ਕਰਦੇ ਨੇ। ਸਾਰਾ ਦਿਨ ਸਬਜ਼ੀ-ਭਾਜੀ, ਦੁੱਧ-ਦਹੀਂ ਦੀਆਂ ਲਹਿਰਾਂ-ਬਹਿਰਾਂ ਲੱਗੀਆਂ ਰਹਿੰਦੀਆਂ ਹਨ। ਛਕਣ-ਛਕਾਉਣ ਸਾਰਾ ਫ਼ਰੀ। ਉਤੋਂ ਦਸ-ਪੰਦਰਾਂ ਹਜ਼ਾਰ ਰੁਪਏ ਮਹੀਨੇ ਦੀ ‘ਇਨਕਮ’ ਹੋ ਜਾਂਦੀ ਆ।’’

‘‘ਕਮਲਿਆ, ਏਨੇ ਕੁ ਪੈਸਿਆਂ ਨਾਲ ਤੇਰਾ ਕੀ ਬਣੇਗਾ? ਕੱਲ੍ਹ ਨੂੰ ਨਿਆਣੇ ਪੜ੍ਹਾਵੇਂਗਾ, ਵਿਆਹਵੇਂਗਾ...ਮਹਿੰਗਾਈ ਪਤਾ ਕਿੰਨੀ ਵਧੀ ਜਾਂਦੀ ਐ?’’ ਜਗਤਾਰ ਸਿੰਹੁ ਮੂੰਹੋਂ ਪਾਣੀ ਦੇ ਝਰਨੇ ਵਾਂਗ ਕਿਰਦੀ ‘ਪ੍ਰਸੰਨਤਾ-ਲੜੀ’ ਨੂੰ ਵਿੱਚੋਂ ਈ ਕੱਟਦਿਆਂ ਸੰਤਾਂ ਨੇ ‘ਕਮਲੇ’ ਜਗਤਾਰ ਸਿਹੁੰ ਨੂੰ ‘ਮੱਤ’ ਦਿੰਦਿਆਂ ਆਖਿਆ, ‘‘ਮੇਰੀ ਮੰਨੇ ਤਾਂ ਸਾਲ-ਛੇ ਮਹੀਨੇ ਕਿਸੇ ਬਾਹਰਲੇ ਮੁਲਕ ਦਾ ਗੇੜਾ ਲਾ ਆ।’’

‘‘ਨਾ..ਨਾ..ਮਹਾਰਾਜ’’, ਕੰਨਾਂ ਨੂੰ ਹੱਥ ਲਾਉਂਦਿਆਂ ਜਗਤਾਰ ਸਿੰਘ ਕਹਿੰਦਾ, ‘‘ਪ੍ਰਦੇਸਾਂ ’ਚ ਦੀਨੋ-ਬੇਦੀਨ ਹੋ ਕੇ ਧੱਕੇ ਖਾਣ ਨਾਲੋਂ ਸਬਰ-ਸ਼ੁਕਰ ਦੇ ਦੋ ਫੁਲਕੇ ਮਿਲੀ ਜਾਣ, ਏਹੀ ਗ਼ਨੀਮਤ ਹੈ। ਨਾਲ਼ੇ ਬਾਹਰਲੇ ਕੰਮ ਕਿਹੜਾ ਸੌਖਿਆਂ ਬਣ ਜਾਂਦੇ ਨੇ, ਕੋਈ ਭਰੋਸੇ ਵਾਲਾ ਬੰਦਾ ਹੋਵੇ ਤਾਂ...।’’

‘‘ਤੂੰ ਭਾਈ ਆਪਣਾ ਮਨ ਬਣਾ।’’ ਐਤਕੀਂ ਫਿਰ ਸੰਤਾਂ ਨੇ ਆਪਣੇ ਸੇਵਕ ਦੇ ਮੂੰਹੋਂ ਗੱਲ ਬੋਚਦਿਆਂ ਆਖਿਆ, ‘‘ਭਰੋਸੇ ਵਾਲਾ ਬੰਦਾ ਤੈਨੂੰ ਅਸੀਂ ਮਿਲਾਵਾਂਗੇ।’’

ਲੈਚੀਆਂ ਵਾਲ਼ੇ ਸੰਤਾਂ ’ਤੇ ਰੱਬ ਵਰਗਾ ਵਿਸ਼ਵਾਸ ਅਤੇ ਕੁਝ ਘਰ ਵਾਲੀ ਦੀਆਂ ਲਾਈਆਂ ਆਰਾਂ ਸਦਕਾ ਜਗਤਾਰ ਸਿੰਘ ਬਾਹਰ ਜਾਣ ਲਈ ਤਿਆਰ ਹੋ ਗਿਆ। ਸੰਤਾਂ ਦੇ ਹੁਕਮ ਅਨੁਸਾਰ ਉਹ ਆਪਣਾ ਪਾਸਪੋਰਟ ਲੈ ਕੇ ਡੇਰੇ ਪਹੁੰਚ ਗਿਆ ਤੇ ਉੱਥੇ ਹੀ ਉਹਦਾ ਮੇਲ-ਮਿਲਾਪ ਰਾਮ ਪਾਲ ਟਰੈਵਲ ਏਜੰਟ ਨਾਲ ਕਰਵਾਇਆ ਗਿਆ। ਕੈਨੇਡਾ ਜਾਣ ਦਾ ਸੌਦਾ ਚਾਰ ਲੱਖ ਰੁਪਏ ਵਿੱਚ ਤੈਅ ਹੋਇਆ। ਡੇਢ ਲੱਖ ਇੱਧਰ ਦੇਣਾ ਸੀ, ਬਾਕੀ ਦਾ ਢਾਈ ਲੱਖ ਕੈਨੇਡਾ ’ਚ ਕੰਮ ’ਤੇ ਲੱਗ ਜਾਣ ਤੋਂ ਬਾਅਦ। ਦੋਂਹ ਕੁ ਮਹੀਨਿਆਂ ਤੱਕ ਕੰਮ ਬਣ ਜਾਣ ਦਾ ਭਰੋਸਾ ਲੈ ਕੇ ਜਗਤਾਰ ਸਿੰਘ ਗੁਰਦੁਆਰੇ ਵਾਪਸ ਆ ਗਿਆ।

ਵਾਪਸ ਆ ਕੇ ਉਸ ਨੇ ਡੇਢ ਲੱਖ ਰੁਪਿਆ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ। ਕਿਸੇ ਪਾਸੋਂ ਦੋ ਹਜ਼ਾਰ, ਕਿਸੇ ਤੋਂ ਪੰਜ, ਕਿਸੇ ਕੋਲੋਂ ਸੱਤ, ਸਾਰੇ ਭੈਣ-ਭਰਾਵਾਂ, ਮਿੱਤਰਾਂ-ਦੋਸਤਾਂ ਤੋਂ ਉਸ ਨੇ ਉਧਾਰ ਚੁੱਕ ਲਿਆ। ਪੋਰਿਆ-ਪੋਰਿਆ ਕਰ ਕੇ ਜੋੜਿਆ ਹੋਇਆ ਪੰਝੀ ਕੁ ਹਜ਼ਾਰ ਆਪਣਾ ਵੀ ਬੈਂਕ ’ਚੋਂ ਕਢਵਾ ਲਿਆ। ਤਰਲੇ ਕਰ ਕੇ ਬੜੀ ਮੁਸ਼ਕਲ ਨਾਲ ਉਸ ਨੇ ਰਕਮ ਇਕੱਠੀ ਕੀਤੀ। ਬੇਸ਼ੱਕ ਉਸ ਨੂੰ ਕੈਨੇਡਾ ਚਲੇ ਜਾਣ ਦਾ ਨੜਿੰਨਵੇਂ ਪ੍ਰਤੀਸ਼ਤ ਪੱਕਾ ਵਿਸ਼ਵਾਸ ਸੀ, ਫਿਰ ਵੀ ਕੁਝ ਅੰਦੇਸ਼ੇ ਕਾਰਨ ਉਸ ਨੇ ਗੁਰਦੁਆਰੇ ਵਿੱਚ ਆਪਣੀ ਥਾਂ ਕਿਸੇ ਤੀਏ-ਤਰਾਫੂ ਨੂੰ ਨਹੀਂ ਬਹਾਇਆ, ਸਗੋਂ ਆਪਣੇ ਸਕੇ ਮਾਮੇ ਦੇ ਪੁੱਤ ਨੂੰ ਲਿਆਂਦਾ, ਜੋ ਵਿਆਹਿਆ-ਵਰਿਆ ਹੋਣ ਦੇ ਬਾਵਜੂਦ ਬੇਕਾਰ ਹੀ ਭੌਂਦਾ ਫਿਰਦਾ ਸੀ।

ਉਸ ਨੂੰ ਗੁਰਦੁਆਰੇ ਦੀ ਕਾਰ-ਵਿਹਾਰ ਸਮਝਾ ਦਿੱਤੀ ਗਈ ਅਤੇ ਨਾਲ ਹੀ ਉਸ ਨਾਲ ਜ਼ਬਾਨੀ-ਕਲਾਮੀ ਇਹ ਅਹਿਦ ਕਰ ਲਿਆ ਕਿ ਖ਼ੁਦਾ-ਨਾ-ਖਾਸਤਾ ਜੇ ਜਗਤਾਰ ਵਾਪਸ ਮੁੜ ਆਵੇ ਤਾਂ ਉਸੇ ਵੇਲੇ ਗੁਰਦੁਆਰੇ ਦੀਆਂ ਚਾਬੀਆਂ ਉਸ ਦੇ ਹਵਾਲੇ ਕਰ ਦਿ¤ਤੀਆਂ ਜਾਣ। ਇਹ ਪ੍ਰਬੰਧ ਕਰ ਕੇ ਜਗਤਾਰ ਸਿੰਘ ਸੰਤਾਂ ਦੇ ਸੱਦੇ ਦੀ ਉਡੀਕ ਵਿੱਚ ਕੈਨੇਡਾ ਦੀਆਂ ਤਿਆਰੀਆਂ ਕੱਸਣ ਲੱਗ ਪਿਆ। ਉਸ ਦੇ ਦੇਖਦਿਆਂ-ਦੇਖਦਿਆਂ ਮਿੱਠ-ਬੋਲੜੇ ਤੇ ਮਿਲਾਪੜੇ ਸੁਭਾਅ ਵਾਲੇ ਨਵੇਂ ਭਾਈ ਜੀ ਨੇ ਪੂਰੇ ਪਿੰਡ ਵਿੱਚ ਆਪਣੀ ਪੈਂਠ ਬਣਾ ਲਈ। ਉਸ ਦੀ ਪਤਨੀ ਨੇ ਗੁਰਦੁਆਰੇ ਵਿੱਚ ਸਿਲਾਈ ਸੈਂਟਰ ਖੋਲ੍ਹ ਲਿਆ।

ਇਸੇ ਦੌਰਾਨ ਸੰਤਾਂ ਨੇ ਇੱਕ ਦਿਨ ਆਪਣਾ ਫੋਰ-ਵੀਲਰ ਇੱਥੇ ਭੇਜ ਦਿੱਤਾ। ਨਾਲੇ ਸੰਤਾਂ ਨੇ ਜਗਤਾਰ ਨੂੰ ਮਹੀਨੇ ਕੁ ਬਾਅਦ ਦੀ ਕਿਸੇ ਤਰੀਕ ਨੂੰ ਡੇਰੇ ਸੱਦ ਲਿਆ ਤੇ ਨਾਲ ਕਹਿ ਭੇਜਿਆ ਕਿ ਡੇਰੇ ਵਿਖੇ ਹੋਣ ਵਾਲੇ ਵਿਸ਼ਾਲ ਸੰਤ ਸਮਾਗਮ ਵਾਸਤੇ ਆਪਣੇ ਕੋਲ ਪਈਆਂ ਰਸਤਾਂ-ਵਸਤਾਂ ਭੇਜ ਦਿ¤ਤੀਆਂ ਜਾਣ। ਕੈਨੇਡਾ ਜਾਣ ਦੇ ਚਾਅ ਵਿੱਚ ਜਗਤਾਰ ਨੇ ਆਪਣੇ ਕੋਲ ਪਈਆਂ ਪੰਜ-ਸੰਤ ਬੋਰੀਆਂ ਕਣਕ ਦੀਆਂ, ਆਟਾ, ਗੁੜ, ਘਿਉ ਤੇ ਦਾਲ਼ਾਂ ਵਗੈਰਾ ਸਾਰਾ ਸਾਮਾਨ ਚੁੱਕ ਕੇ ਫੋਰ-ਵੀਲਰ ’ਤੇ ਲੱਦ ਦਿੱਤਾ। ਖ਼ਾਲ-ਮ-ਖ਼ਾਲੀ ਹੋ ਕੇ ਉਸ ਨੇ ਪਤਨੀ ਪੇਕੀਂ ਭੇਜ ਦਿੱਤੀ ਅਤੇ ਆਪ ਨਵਾਂ ਸੂਟ ਪਹਿਨ ਕੇ ਤੇ ਹੱਥ ਅਟੈਚੀ ਲੈ ਕੇ ਮਿਥੀ ਤਰੀਕ ਨੂੰ ਸੰਤਾਂ ਦੇ ਡੇਰੇ ਜਾ ਹਾਜ਼ਰ ਹੋਇਆ। ਉਥੇ ਪਹੁੰਚ ਕੇ ਉਸ ਨੂੰ ਪਤਾ ਚੱਲਿਆ ਕਿ ਕੈਨੇਡਾ ਜਾਣ ਵਾਲੇ ਜਥੇ ਵਿੱਚ ਉਹ ’ਕੱਲਾ ਨਹੀਂ, ਸਗੋਂ ਸੰਤਾਂ ਦੇ ਦਸ-ਪੰਦਰਾਂ ਸ਼ਰਧਾਲੂ ਹੋਰ ਵੀ ਹਨ।

ਸੰਤਾਂ ਪਾਸੋਂ ‘ਅਸ਼ੀਰਵਾਦ’ ਲੈ ਕੇ ਰਾਮ ਪਾਲ ਏਜੰਟ ਸਮੇਤ ਇਹ ਜਥਾ ਪਹਿਲਾਂ ਦਿੱਲੀ, ਫਿਰ ਬੰਬੇ ਪਹੁੰਚਿਆ। ਉਥੋਂ ਦੋ-ਦੋ, ਚਾਰ-ਚਾਰ ਕਰ ਕੇ ਜਹਾਜ਼ਾਂ ’ਚ ਚਾੜ੍ਹੇ ਗਏ। ਜਗਤਾਰ ਸਿੰਘ ਚਹੁੰ ਕੁ ਮੁੰਡਿਆਂ ਸਮੇਤ ਥਾਈਲੈਂਡ ਜਾ ਪਹੁੰਚਿਆ। ਇਨ੍ਹਾਂ ਦਾ ਰਾਮ ਪਾਲ ਸਮੇਤ ਦੂਜੇ ਸਾਰਿਆਂ ਨਾਲੋਂ ਸੰਪਰਕ ਟੁੱਟ ਚੁੱਕਾ ਸੀ। ਦੋ ਕੁ ਮਹੀਨੇ ਥਾਈਲੈਂਡ ਧੱਕੇ-ਧੋੜੇ ਖਾ ਕੇ ਇਹ ਵਾਪਸ ਪੰਜਾਬ ਆ ਪਹੁੰਚੇ। ਸੰਤਾਂ ਦੇ ਡੇਰੇ ਉਲਾਂਭਾ ਦੇਣ ਗਿਆਂ ਨੂੰ ‘ਮਹਾਂਪੁਰਸ਼ਾਂ ਦਾ ਉਪਦੇਸ਼’ ਮਿਲਿਆ, ਅਖੇ; ‘‘ਭਾਣਾ ਮੰਨੋ ਭਾਈ ਗੁਰਮੁਖੋ!’’

ਲੌਟ ਕੇ ਬੁੱਧੂ ਘਰ ਕੋ ਆਏ’! ਇਸ ਕਹਾਵਤ ਨੂੰ ਪੂਰਿਆਂ ਕਰਨ ਵਾਲਾ ਜਗਤਾਰ ਸਿਹੁੰ ਵਾਪਸ ਆਪਣੇ ਮਾਮੇ ਦੇ ਮੁੰਡੇ ਕੋਲ ਗੁਰਦੁਆਰੇ ਪਹੁੰਚਿਆ ਤਾਂ ਉਸ ਨੇ ਅੱਖਾਂ ਹੀ ਫੇਰ ਲਈਆਂ। ਪਿੰਡ ਦੀ ਸਾਰੀ ਲਗੌੜ ਨਵੇਂ ਭਾਈ ਦੀ ਹਮਾਇਤੀ ਬਣ ਚੁੱਕੀ ਸੀ। ਤਸੱਲਤ ਜਮਾਉਣ ਲਈ ਨਵੇਂ ਭਾਈ ਦੀ ਵਹੁਟੀ ਨੇ ਵੀ ਪਿੰਡ ’ਚ ਆਪਣਾ ਵਾਹਵਾ ‘ਅਸਰ-ਰਸੂਖ’ ਬਣਾ ਲਿਆ। ਆਪਣੇ ਭੂਆ ਦੇ ਪੁੱਤ-ਭਰਾ ਨਾਲ ਕੀਤੇ ਹੋਏ ਸਾਰੇ ਅਹਿਦ ਭੁਲਾ ਕੇ ਨਵੇਂ ਭਾਈ ਨੇ ਪਿੰਡ ’ਚ ਜਗਤਾਰ ਸਿੰਹੁ ਦੇ ਪੈਰ ਨਾ ਲੱਗਣ ਦਿੱਤੇ।

ਕੁਝ ਮਹੀਨੇ ਪਹਿਲਾਂ ਢੋਲੇ ਦੀਆਂ ਗਾਉਣ ਵਾਲੇ ਜਗਤਾਰ ਸਿੰਘ ਦਾ ਅੱਜ ਦਾ ਹਾਲ ਇਹ ਹੈ ਕਿ ਉਹ ਭੁੱਖ ਨਾਲ ਘੁਲਦਾ ਪੈਸੇ-ਪੈਸੇ ਨੂੰ ਆਤੁਰ ਦਿਨ-ਕਟੀ ਕਰਦਾ ਫਿਰਦਾ ਹੈ। ਭੈਣ-ਭਾਈ, ਰਿਸ਼ਤੇਦਾਰ ਅਤੇ ਯਾਰ-ਬੇਲੀ ਆਪੋ ਆਪਣੇ ਪੈਸੇ ਮੰਗਦੇ ਹਨ। ਸੱਥਾਂ-ਪੰਚਾਇਤਾਂ ਲੈ-ਲੈ ਕੇ ਕਦੇ ਉਹ ਸੰਤਾਂ ਦੇ ਡੇਰੇ ਜਾਂਦਾ ਹੈ, ਕਦੇ ਆਪਣੇ ਮਾਮੇ ਦੇ ਪੁੱਤ ਅੱਗੇ ਹਾੜੇ ਕੱਢਦਾ ਹੈ, ਕਦੇ ਪੁਲਸ ਅਫ਼ਸਰਾਂ ਦੇ ਦਫ਼ਤਰਾਂ ਦੀ ਖਾਕ ਛਾਣਦਾ ਫਿਰਦਾ ਹੈ। ਸੁਣਵਾਈ ਉਹਦੀ ਕਿਤੇ ਵੀ ਨਹੀਂ ਹੋ ਰਹੀ। ਬੱਚੇ ਉਸ ਦੇ ਨਾਨਕੀਂ ਬੈਠੇ ਵਿਲਕਦੇ ਹਨ।

ਧੋਖਾ ਖਾਣ ਵਾਲੇ ਇਨ੍ਹਾਂ ਸੰਤਾਂ ਦੇ ਸ਼ਿਸ਼ਕਾਰੇ ਹੋਏ ਸ਼ਰਧਾਲੂਆਂ ਨੇ ਜਦੋਂ ਇਕੱਠੇ ਹੋ ਕੇ ਇਸ ਕਾਰੇ ਦੀਆਂ ਡੂੰਘੀਆਂ ਜੜ੍ਹਾਂ ਫਰੋਲੀਆਂ, ਤਦ ਪਤਾ ਚੱਲਿਆ ਕਿ ਟਰੈਵਲ ਏਜੰਟ ਅਤੇ ‘ਧਰਮ ਦੇ ਏਜੰਟ’ ਦੀ ਮਿਲੀ-ਭੁਗਤ ਨਾਲ ਇਹ ‘ਲੋਟੂ-ਗੇਮ’ ਖੇਡੀ ਗਈ ਹੈ। ਲੁੱਟ ਹੋਣ ਵਾਲਿਆਂ ਨੂੰ ਇਹ ਵੀ ਸੂਹ ਮਿਲੀ ਹੈ ਕਿ ਭਗੌੜਾ ਹੋਇਆ ਟਰੈਵਲ ਏਜੰਟ ਜਿਸ ਮੁਲਕ ਵਿੱਚ ਰਹਿ ਰਿਹਾ ਹੈ, ਉੱਥੇ ਲੈਚੀਆਂ ਵਾਲਾ ਬਾਬਾ ਵੀ ਉਹਦੇ ਕੋਲ ਗੇੜੀ ਮਾਰ ਆਇਆ ਹੈ।

ਖ਼ੁਦਾ ਮੇਂ, ਨਾਖ਼ੁਦਾ ਮੇਂ ਕ੍ਯੁਛ ਮੁਝੇ ਸ਼ਿਰਕਤ ਸੀ ਲਗਤੀ ਹੈ, ਜਹਾਂ ਡੂਬੀ ਮਿਰੀ ਕਸ਼ਤੀ, ਵਹਾਂ ਮੌਜੂਦ ਥੇ ਦੋਨੋ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top