Share on Facebook

Main News Page

ਜੋ ਮਨੁਖ ਭੰਗ ਨਹੀਂ ਪੀਂਦੇ, ਉਹ ਕੁੱਤੇ ਦੀ ਮੌਤ ਮਰਦੇ ਨੇ
- ਇੰਦਰਜੀਤ ਸਿੰਘ, ਕਾਨਪੁਰ

ਮਾਫ ਕਰਨਾ ਮੇਰੇ ਵੀਰੋ ਅਤੇ ਭੈਣੋ! ਇਹ ਮੈਂ ਨਹੀਂ ਕਹਿ ਰਿਹਾ, ਇਹ ਦਸਮ ਗ੍ਰੰਥੀਆਂ ਦਾ ਗੁਰੂ, ਅਖੌਤੀ ਦਸਮ ਗੁਰੂ ਗ੍ਰੰਥ ਕਹਿੰਦਾ ਹੈ। ਜਦੋਂ ਵੀ ਇਸ ਗ੍ਰੰਥ ਨੂੰ ਖੋਲੋ ਇਕ ਬੇਹਦ ਬੇਸ਼ਰਮੀ ਭਰੀ ਕਹਾਣੀ ਸਾਮ੍ਹਣੇ ਆ ਜਾਂਦੀ ਹੈ। ਪਤਾ ਨਹੀਂ ਅਸੀਂ 300 ਵਰ੍ਹਿਆਂ ਤੋਂ ਇਨਾਂ ਕੂੜ ਕਹਾਣੀਆਂ ਨੂੰ ਕਿਵੇਂ ਮੱਥੇ ਟੇਕੀ ਜਾ ਰਹੇ ਹਾਂ। ਸਰਬੰਸਦਾਨੀ ਗੁਰੂ ਸਾਹਿਬ ਨੂੰ ਬਦਨਾਮ ਕਰਨ ਵਾਲੀ ਕਿਤਾਬ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਰਖਣ ਵਾਲਿਆਂ ਨੂੰ ਅਕਾਲ ਤਖਤ 'ਤੇ ਬਿਠਾ ਕੇ ਉਨਾਂ ਨੂੰ "ਸਿੰਘ ਸਾਹਿਬਾਨ" ਕਹਿ ਕੇ ਕੌਮੀ ਫੈਸਲਿਆਂ ਤੇ ਦਸਤਖਤ ਕਰਵਾਈ ਜਾ ਰਹੇ ਹਾਂ। ਇਸ ਅਖੌਤੀ ਦਸਮ ਗੁਰੂ ਗ੍ਰੰਥ ਸਾਹਿਬ ਵਿੱਚ ਇਕ ਪਤਨੀ ਅਪਣੇ ਪਤੀ ਨੂੰ ਕਹਿ ਰਹੀ ਹੈ।

ਸੋ ਨਰ ਪਿਯਤ ਨ ਭਾਂਗ ਰਹੈ ਕੌਡੀ ਮਹਿ ਜਿਹ ਚਿਤ ॥ ਸੋ ਨਰ ਅਮਲ ਨ ਪਿਯੈ ਦਾਨ ਭੇ ਨਹਿ ਜਾ ਕੋ ਹਿਤ ॥
ਸ੍ਯਾਨੋ ਅਧਿਕ ਕਹਾਇ ਕਾਕ ਕੀ ਉਪਮਾ ਪਾਵਹਿ ॥ ਅੰਤ ਸ੍ਵਾਨ ਜ੍ਯੋ ਮਰੈ ਦੀਨ ਦੁਨਿਯਾ ਪਛੁਤਾਵਹਿ ॥੨੦॥
ਅਖੌਤੀ ਦਸਮ ਗ੍ਰੰਥ ਪੰਨਾ 1161

ਜੋ ਵਿਅਕਤੀ ਭੰਗ ਨਹੀਂ ਪੀੰਦੇ ਉਨਾਂ ਨੂੰ ਕੌਡੀ ਦੀ ਅਕਲ ਨਹੀਂ ਹੁੰਦੀ॥ ਜੋ ਵਿਅਕਤੀ ਨਸ਼ਾ ਨਹੀਂ ਕਰਦੇ ਉਨਾਂ ਦਾ ਦਾਨ ਦਿਤਾ ਵੀ ਵਿਅਰਥ ਹੈ॥ ਜੋ ਬਹੁਤੇ ਸਿਆਣੇ ਬਣਦੇ ਨੇ ਉਹ ਕਾਂ ਅਖਵਾਉਦੇ ਹਨ। ਇਹੋ ਜਹੇ (ਭੰਗ ਦਾ ਅਮਲ ਨਾਂ ਕਰਨ ਵਾਲੇ) ਕੁਤਿਆਂ ਦੀ ਮੌਤ ਮਰਦੇ ਅਤੇ ਅੰਤ ਵੇਲੇ ਦੀਨ ਅਤੇ ਦੁਨਿਆਂ ਗਵਾ ਕੇ ਪਛਤਾਂਦੇ ਹਨ।

ਮੇਰੇ ਵੀਰੋ! ਇਨਾਂ ਹੀ ਨਹੀਂ ਇਸ ਗ੍ਰੰਥ ਦਾ ਲਿਖਾਰੀ ਇਕ ਇਸਤਰੀ ਦੇ ਮੁਖੋਂ ਅਪਣੇ ਪਤੀ ਨੂੰ ਉਹ ਕੁਝ ਅਖਵਾ ਰਿਹਾ ਹੈ, ਜੋ ਇਕ ਵੇਸਵਾ ਵੀ ਨਹੀਂ ਕਹਿ ਸਕਦੀ।

ਆਉ ਪੜ੍ਹਦੇ ਹਾਂ ਇਸ ਪੂਰੀ ਕਹਾਨੀ ਦਾ ਸਾਰ ਕੀ ਹੈ। ਕੀ ਇਹ ਗ੍ਰੰਥ ਅਪਣੇ ਸਿੱਖ ਬੱਚੇ ਬੱਚੀਆਂ ਨੂੰ ਇਹੋ ਕੁਝ ਕਰਨ ਦੀ ਸਿੱਖਿਆ ਦੇਂਦਾ ਹੈ। ਕੀ ਇਸੇ ਗ੍ਰੰਥ ਨੂੰ ਹੀ ਅਕਾਲ ਤਖਤ ਦਾ ਹੈਡ ਗ੍ਰੰਥੀ ਗੁਰਬਚਨ ਸਿੰਘ, ਗੁਰੂ ਗ੍ਰੰਥ ਸਾਹਿਬ ਦਾ ਇਕ ਅੰਗ ਕਹਿ ਰਿਹਾ ਹੈ।

ਪੂਰਬ ਦਿਸ਼ਾ ਵਿੱਚ ਖੰਬਾਵਤ ਨਗਰ ਦਾ ਇਕ ਸ਼ਹਿਰ ਸੀ। ਉਸ ਦਾ ਰਾਜਾ ਰੂਪ ਸੈਨ ਬਹੁਤ ਦੁਸ਼ਟ ਅਤੇ ਵਿਭਚਾਰੀ ਸੀ। ਉਹ ਰਾਜਾ ਬਹੁਤ ਵੱਡਾ ਅਮਲੀ ਅਤੇ ਨਸ਼ੇਬਾਜ ਸੀ। ਭਾਤਿ ਭਾਤਿ ਦੀਆਂ ਇਸਤਰੀਆਂ ਨਾਲ ਸੰਭੋਗ ਕਰਦਾ ਸੀ ਅਤੇ ਪੋਸਤ ਭਾਂਗ ਅਤੇ ਅਫੀਮ ਖਾਂਦਾ ਸੀ। ਪੰਜਾਹ ਪਿਆਲੇ ਇਸ (ਕਾਕਟੇਲ) ਦੇ ਇਕੱਠੇ ਚੜ੍ਹਾ ਜਾਂਦਾ ਸੀ। ਇਸ ਨਸ਼ੇ ਵਿੱਚ ਉਹ ਇਨਾਂ ਮਸਤ ਰਹਿੰਦਾ ਸੀ ਕਿ ਉਨਾਂ ਇਸਤਰੀਆਂ ਦੇ ਇਨੇ ਚੁੰਬਨ ਅਤੇ ਆਲਿੰਗਨ ਕਰਦਾ ਸੀ, ਕਿ ਉਸ ਦੀ ਗਿਣਤੀ ਕਰਨਾਂ ਮੁਮਕਿਨ ਨਹੀਂ ਹੈ। ਉਹ (ਭਾਂਤਿ ਭਾਂਤਿ ਦੀ ਇਸਤ੍ਰੀਆਂ ਨਾਲ) ਚਾਰ ਪਹਿਰ ਲਗਾਤਾਰ ਸੰਭੋਗ ਕਰਦਾ ਸੀ।

ਇੱਸ ਨਗਰ ਵਿੱਚ ਇਕ ਸਾਹੂਕਾਰ ਵੀ ਰਹਿੰਦਾ ਸੀ, ਜੋ ਕਿਸੇ ਵੀ ਪ੍ਰਕਾਰ ਦਾ ਨਸ਼ਾ ਨਹੀਂ ਸੀ ਕਰਦਾ ਅਤੇ ਬਹੁਤ ਹੀ ਸਜਣ ਬੰਦਾ ਸੀ। ਜਿਥੇ ਕੋਈ ਨਸ਼ਾਂ ਕਰਦਾ ਦਿਸ ਜਾਵੇ ਤਾਂ ਉਸ ਦੇ ਕੋਲ ਖੜਾ ਵੀ ਨਹੀਂ ਸੀ ਹੁੰਦਾ। ਉਸ ਦੀ ਪਤਨੀ ਉਸ ਨੂੰ ਸੂਫੀ ਹੋਣ ਕਰਕੇ ਬਹੁਤ ਤਾਨ੍ਹੇ ਅਤੇ ਉਲ੍ਹਮੇ ਦੇਂਦੀ ਅਤੇ ਭੰਗ ਆਦਿਕ ਨਸ਼ੇ ਪੀਣ ਲਈ ਪ੍ਰੇਰਿਤ ਕਰਦੀ ਸੀ।

ਅਮਲ ਪਿਯਹਿ ਨ੍ਰਿਪ ਰਾਜ ਅਧਿਕ ਇਸਤ੍ਰੀਯਨ ਬਿਹਾਰੈ ॥ ਅਮਲ ਸੂਰਮਾ ਪਿਯਹਿ ਦੁਜਨ ਸਿਰ ਖੜਗ ਪ੍ਰਹਾਰੈ ॥
ਅਮਲ ਭਖਹਿ ਜੋਗੀਸ ਧ੍ਯਾਨ ਜਦੁਪਤਿ ਕੋ ਧਰਹੀ ॥ ਚਾਖਿ ਤਵਨ ਕੋ ਸ੍ਵਾਦ ਸੂਮ ਸੋਫੀ ਕ੍ਯਾ ਕਰਹੀ ॥੧੦॥
ਅਖੌਤੀ ਦਸਮ ਗ੍ਰੰਥ 1160

ਇਸ ਨਗਰ ਦਾ ਰਾਜਾ ਨਸ਼ਾ ਕਰਦਾ ਹੈ, ਇਸੇ ਕਰਕੇ ਉਹ ਇਨੀਆਂ ਇਸਤਰੀਆਂ ਨੂੰ ਭੌਗਦਾ ਹੈ। ਭਾਵ ਉਸ ਦੀ ਕਾਮ ਸ਼ਕਤੀ ਇਨੀ ਪ੍ਰਬਲ ਹੈ। ਅਮਲ ਕਰਨ ਕਰਕੇ ਹੀ ਰਾਜਾ ਇਨਾਂ ਵੱਡਾ ਸੂਰਮਾਂ ਹੈ ਅਤੇ ਦੂਜਿਆਂ ਤੇ ਕਿਰਪਾਨ ਨਾਲ ਵਾਰ ਕਰ ਸਕਦਾ ਹੈ। ਜਿਹੜਾ ਅਮਲ ਕਰਦਾ ਹੈ, ਉਸ ਨੂੰ ਕ੍ਰਿਸ਼ਨ ਅਵਤਾਰ ਦੇ ਦਰਸ਼ਨਾਂ ਧੀ ਵੀ ਲੋੜ ਨਹੀਂ ਹੈ। ਜਿਹੜਾ ਸੂਫੀ ਅਰਥਾਤ ਨਸ਼ਾ ਨਹੀਂ ਕਰਦਾ, ਉਸ ਨੇ ਚਾਰ ਭਵਨਾਂ ਦਾ ਸੁਖ ਖਾਕ ਲੈਣਾਂ ਹੈ।

ਅਮਲ ਪੀਏ ਜਸੁ ਹੋਇ ਦਾਨ ਖਾਂਡੇ ਨਹਿ ਹੀਨੋ ॥ ਅੰਤ ਗੁਦਾ ਕੇ ਪੈਡ ਸੂਮ ਸੋਫੀ ਜਿਯ ਦੀਨੋ ॥੧੨॥ ਅਖੌਤੀ ਦਸਮ ਗ੍ਰੰਥ 1160

ਅਮਲ ਪੀਣ ਨਾਲ ਹੀ ਮਨੁਖ ਦਾ ਜਸ ਹੁੰਦਾ ਹੈ, ਅਤੇ ਉਸ ਦਾ ਦਿਤਾ ਗਇਆ ਦਾਨ ਵੀ ਨਿਹਫਲ ਨਹੀਂ ਜਾਂਦਾ। ਜੋ ਬੰਦਾ ਨਸ਼ਾ ਨਹੀਂ ਕਰਦਾ ਉਸ ਦੀ ਗੁਦਾ (ਮਲ ਦੁਆਰ) ਵਿੱਚ ਅੰਤ ਨੂੰ ਸੋਟਾ ਦਿਤਾ ਜਾਂਦਾ ਹੈ।

(ਇਸ ਗ੍ਰੰਥ ਦਾ ਲਿਖਣ ਵਾਲਾ ਕਿਨਾਂ ਕੂ ਸਭਿਯ ਹੈ, ਇਸ ਦਾ ਅੰਦਾਜਾ ਤੁਸੀਂ ਆਪ ਲਾ ਲਉ ਜੀ। ਮੈਂ ਤਾਂ ਬੇਸ਼ਰਮ ਹੋ ਕੇ ਇਸ ਦਾ ਪਾਜ ਖੋਲਣ ਦਾ ਇਰਾਦਾ ਕਰ ਚੁਕਾ ਹਾਂ ਜੀ)

ਭਾਂਗ ਪੁਰਖ ਵੈ ਪਿਯਹਿ ਭਗਤ ਹਰਿ ਕੀ ਜੇ ਕਰਹੀ ॥ ਭਾਂਗ ਭਖਤ ਵੈ ਪੁਰਖ ਕਿਸੂ ਕੀ ਆਸ ਨ ਧਰਹੀ ॥
ਅਮਲ ਪਿਯਤ ਤੇ ਬੀਰ ਬਰਤ ਜਿਨ ਤ੍ਰਿਨ ਮਸਤਕ ਪਰ ॥ ਤੇ ਕ੍ਯਾ ਪੀਵਹਿ ਭਾਂਗ ਰਹੈ ਜਿਨ ਕੇ ਤਕਰੀ ਕਰ ॥੧੩॥
ਅਖੌਤੀ ਦਸਮ ਗ੍ਰੰਥ 1160

ਜੋ ਪੁਰਸ਼ ਭੰਗ ਪੀੰਦਾ ਹੈ, ਉਹ ਹੀ ਹਰੀ (ਅਕਾਲਪੁਰਖ) ਦੀ ਅਸਲ ਸੇਵਾ ਕਰ ਦਾ ਹੈ। ਜੋ ਪੁਰਖ ਭੰਗ ਪੀੰਦਾ ਹੈ, ਉਸ ਨੂੰ ਕਿਸੇ ਤੋਂ ਡਰ ਨਹੀਂ ਲਗਦਾ। ਉਸ ਸਾਹੂਕਾਰ ਦੀ ਇਸਤਰੀ ਉਸਨੂੰ ਭੰਗ ਦਾ ਨਸ਼ਾ ਕਰਨ ਲਈ ਉਕਸਾਂਦਿਆਂ ਕਹਿੰਦੀ ਅਤੇ ਤਾਹਨੇ ਦੇ ਰਹੀ ਹੈ, ਕਿ ਅਮਲ ਤਾਂ ਉਹੀ ਪੁਰਖ ਕਰਦੇ ਹਨ ਜਿਨਾਂ ਦੇ ਮਸਤਕ ਵਿੱਚ ਭਾਗ ਹੁੰਦਾ ਹੈ। ਤੇਰੇ ਵਾਂਗ ਹਥ ਵਿੱਚ ਤਕੜੀ (ਤਰਾਜੂ ) ਫੜੀ ਰਖਣ ਵਾਲੇ ਨੇ ਭੰਗ ਕੀ ਪੀਣੀ ਹੈ?

ਸਦਾ ਸਰੋਹੀ ਊਪਰ ਕਰ ਜਿਨ ਕੋ ਰਹੈ ॥ ਸਿਰ ਮੋ ਖਾਇ ਕ੍ਰਿਪਾਨ ਜੁ ਤਿਹ ਕਟੁ ਬਚ ਕਹੈ ॥
ਨਿੰਬੂਆ ਟਿਕ ਕਹਿ ਰਹੈ ਮੂੰਛਿ ਐਸੇ ਕੀਏ ॥ ਹੋ ਤੇ ਨਰ ਪੀਵਹਿ ਭਾਂਗ ਕਹਾ ਪਸੁ ਤੈ ਪੀਏ ॥੧੪॥
ਅਖੌਤੀ ਦਸਮ ਗ੍ਰੰਥ 1160

ਜੋ ਨਸ਼ਾ ਕਰਦੇ ਨੇ ਉਨਾਂ ਦਾ ਹੱਥ ਹਮੇਸ਼ਾ ਕਿਰਪਾਨ ਤੇ ਰਹਿੰਦਾ ਹੈ, ਭਾਵ ਉਹ ਅਣਖ ਵਾਲੇ ਹੁੰਦੇ ਨੇ। ਜੋ ਨਸ਼ਾਂ ਨਹੀਂ ਕਰਦੇ, ਉਹ ਸਿਰ ਤੇ ਕਿਰਪਾਨ ਦਾ ਵਾਰ ਸਹਿੰਦੇ ਨੇ ਭਾਂਵ ਉਹ ਕਮਜੋਰ ਹੁੰਦੇ ਨੇ। ਜੋ ਨਸ਼ਾ ਕਰਦੇ ਨੇ ਉਨਾਂ ਦੀਆਂ (ਰੋਬਦਾਰ ) ਮੁਛਾਂ ਤੇ ਨਿੰਬੂ ਵੀ ਟਿਕ ਜਾਂਦਾ ਹੈ। ਜੋ ਪੁਰਸ਼ ਭੰਗ ਨਹੀਂ ਪੀੰਦੇ ਉਹ ਪਸ਼ੂ ਸਮਾਨ ਹੁੰਦੇ ਨੇ।

ਇਹੋ ਜਹੇ ਤਾਨੇ ਅਪਣੀ ਪਤਨੀ ਦੇ ਮੂਹੋ ਸੁਣ ਸੁਣ ਕੇ ਸਾਹੂਕਾਰ ਨੂੰ ਬਹੁਤ ਕ੍ਰੋਧ ਚੜ੍ਹ ਜਾਂਦਾ ਹੈ ਤੇ ਉਹ ਉਸ ਦੀ ਵੱਖੀ ਵਿੱਚ ਇਕ ਲੱਤ ਮਾਰਦਾ ਹੈ, ਅਤੇ ਕਹਿੰਦਾ ਹੈ ਕਿ ਤੂੰ ਇਹੋ ਜਹੀਆਂ ਗੱਲਾਂ ਮੇਰੇ ਨਾਲ ਕਿਉ ਕਰਦੀ ਹੈ। ਉਹ ਕਹਿੰਦੀ ਹੈ, ਕਿ ਜੋ ਮੇਰੇ ਬਜੁਰਗਾ ਨੇ ਦਸਿਆ ਅਤੇ ਸਿਖਾਇਆ ਹੈ ਉਹ ਹੀ ਕਹਿੰਦੀ ਹਾਂ।

ਚੰਚਲਾਨ ਕੋ ਚਿਤ ਚੋਰ ਛਿਨ ਇਕ ਮਹਿ ਲੇਹੀ ॥ ਭਾਤਿ ਭਾਤਿ ਭਾਮਿਨਨਿ ਭੋਗ ਭਾਵਤ ਮਨ ਦੇਹੀ ॥੨੩॥
ਭਜਹਿ ਬਾਮ ਕੈਫਿਯੈ ਕੇਲ ਜੁਗ ਜਾਮ ਮਚਾਵਹਿ ॥ ਹਰਿਣਾ ਜਿਮਿ ਉਛਲਹਿ ਨਾਰਿ ਨਾਗਰਿਨ ਰਿਝਾਵਹਿ ॥
ਸੌਫੀ ਚੜਤਹਿ ਕਾਂਪਿ ਧਰਨਿ ਊਪਰਿ ਪਰੈ ॥ ਹੋ ਬੀਰਜ ਖਲਤ ਹ੍ਵੈ ਜਾਹਿ ਕਹਾ ਜੜ ਰਤਿ ਕਰੈ ॥੨੪॥
ਅਖੌਤੀ ਦਸਮ ਗ੍ਰੰਥ 1161

ਜੋ ਪੁਰਖ ਭੰਗ ਪੀਦੇ ਨੇ ਉਹ ਇਸਤ੍ਰੀਆਂ ਦਾ ਦਿਲ ਇਕ ਪਲ ਵਿੱਚ ਜਿਤ ਲੈਂਦੇ ਹਨ। ਉਹ ਭਾਂਤਿ ਭਾਂਤਿ ਦੀਆਂ ਇਸਤ੍ਰੀਆਂ ਨੂੰ ਅਪਣੇ ਮਨ ਮੁਤਾਬਿਕ ਭੋਗਦੇ ਹਨ। ਜੋ ਪੁਰਖ ਨਸ਼ਿਆਂ ਤੋਂ ਭਜਦੇ ਹਨ, ਉਨਾਂ ਨੂੰ ਜਮਕਾਲ ਡਰਾਂਦਾ ਹੈ। ਅਤੇ ਜੋ ਪੁਰਖ ਅਮਲ ਕਰਦੇ ਨੇ ਉਨਾਂ ਨੂੰ ਇਸਤ੍ਰੀਆਂ ਉਛਲ ਉਛਲ ਕੇ ਨਾਗਿਨ ਵਾਂਗ ਰਿਝਾਂਦੀਆਂ ਨੇ। ਸੂਫੀ ਪੁਰਖ (ਇਨਾਂ ਇਸਤ੍ਰੀਆਂ ਕੋਲੋਂ ਡਰਦਾ ਮਾਰਾ ਕੰਬਦਾ ਹੋਇਆ ਜਮੀਨ ਤੇ ਡਿਗ ਡਿਗ ਜਾਂਦਾ ਹੈ। ਉਸ ਦਾ ਵੀਰਜ ਫੌਰਨ ਜਮੀਨ ਤੇ ਡਿਗ ਜਾਂਦਾ ਹੈ, ਉਨਾਂ ਸੰਭੋਗ ਸਵਾਹ ਕਰਨਾ ਹੈ, ਭਾਵ ਇਸਤ੍ਰੀਆਂ ਨੂੰ ਸੁਖ ਸਵ੍ਹਾ ਦੇਣਾ ਹੈ।

ਬੇੜਾ ਤਰ ਜਾਵੇ ਤੁਹਡਾ ਦਸਮ ਗ੍ਰੰਥੀਉ! ਜੋ ਇਸ ਨੂੰ "ਦਸਮ ਬਾਣੀ ਕਹਿ ਕੇ ਗੁਰੂ ਨੂੰ ਤਾਂ ਬਦਨਾਮ ਤਾਂ ਕਰ ਹੀ ਰਹੇ ਹੋ, ਸਿੱਖੀ ਦਾ ਬੇੜਾ ਵੀ ਗਰਕ ਕਰ ਰਹੇ ਹੋ। ਹੈਡ ਗ੍ਰੰਥੀ ਗੁਰਬਚਨ ਸਿੰਘ ਜੀ, ਕੀ ਹੁਣ ਵੀ ਤੁਸੀਂ ਇਹ ਹੀ ਕਹੋਗੇ ਕਿ "ਜੋ ਵਿਸ਼ਾ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ, ਉਹੀ ਵਿਸ਼ਾ ਦਸਮ ਗ੍ਰੰਥ ਸਾਹਿਬ ਜੀ ਦਾ ਹੈ"। ਤੁਹਾਡੇ ਵਰਗੇ ਬੰਦੇ ਨੂੰ ਅਕਾਲ ਤਖਤ ਤੇ ਕਿਸ ਨੇ ਬਿਠਾਇਆ ਹੈ? ਤੁਸੀਂ ਤਾਂ ਜੋੜਾ ਘਰ ਵਿੱਚ ਬਹਿਨ ਦੇ ਕਾਬਿਲ ਨਹੀਂ ਹੋ।

ਸਾਹੂਕਾਰ ਦੀ ਪਤਨੀ ਉਸ ਨੂੰ ਬਹੁਤ ਤਾਨ੍ਹੇ ਦੇਂਦੀ ਅਤੇ ਨਸ਼ਾ ਕਰਨ ਲਈ ਪ੍ਰੇਰਿਤ ਕਰਦੀ ਹੈ। ਸਾਹੂਕਾਰ ਉਸ ਦੀ ਇਕ ਗਲ ਨਹੀਂ ਸੁਣਦਾ। ਉਸ ਦੀ ਪਤਨੀ ਇਕ ਚਰਿਤ੍ਰ ਰਚਦੀ ਹੈ ਅਤੇ ਬੇਹੋਸ਼ ਹੋ ਕੇ ਜਮੀਨ ਤੇ ਡਿਗ ਪੈਦੀ ਹੈ। ਸਾਹੂਕਾਰ ਹਰਿ ਹਰਿ ਕਹਿ ਕੇ ਉਸ ਨੂੰ ਉਠਾਂਦਾ ਹੈ ਤੇ ਪੁਛਦਾ ਹੈ, ਕਿ ਮੇਰੀ ਵਜ੍ਹਾ ਨਾਲ ਤੂੰ ਮੂਰਛਿਤ ਹੋ ਗਈ ਹੈ, ਮੈਂ ਇਸ ਲਈ ਕੀ ਕਰਾਂ? ਤਾਂ ਉਹ ਉਸਨੂੰ ਕਹਿੰਦੀ ਹੈ ਕਿ ਰਾਜੇ ਸਮੇਤ ਸਾਰੇ ਪਿੰਡ ਨੂੰ ਬੁਲਾ ਕੇ ਉਨਾਂ ਦਾ ਭੋਜਨ ਕਰਾ। ਸਾਹੂਕਾਰ ਰਾਜੇ ਨੂੰ ਵੀ ਬੁਲਾਂਦਾ ਹੈ ਅਤੇ ਗਰੀਬ ਅਮੀਰ ਸਾਰਿਆਂ ਨੂੰ ਭੋਜ ਤੇ ਬੁਲਾਂਦਾ ਹੈ। ਸਾਹੂਕਾਰ ਦੀ ਪਤਨੀ ਸਾਰੇ ਭੋਜਨ ਵਿੱਚ ਬਹੁਤ ਸਾਰੀ ਭੰਗ ਮਿਲਾ ਦੇਂਦੀ ਹੈ। ਰਾਜਾ ਤਾਂ ਬਹੁਤ ਵੱਡਾ ਨਸ਼ੇਬਾਜ ਹੁੰਦਾ ਹੈ, ਲੇਕਿਨ ਸ਼ਾਹੂਕਾਰ ਨੇ ਕਦੀ ਵੀ ਨਸ਼ਾ ਨਹੀਂ ਕੀਤਾ ਹੁੰਦਾ। ਸਾਹੂਕਾਰ ਬੇਹੋਸ਼ ਹੋ ਜਾਂਦਾ ਹੈ। ਸਾਹੂਕਾਰ ਨੂੰ ਰਾਜਾ ਅਤੇ ਉਸ ਦੀ ਪਤਨੀ ਚੁਕ ਕੇ, ਉਸ ਦੀ ਪਾਲਕੀ ਨਾਲ ਬਨ੍ਹ ਦੇਂਦੇ ਨੇ ਤੇ ਆਪ ਉਸੇ ਪਾਲਕੀ ਵਿੱਚ ਇਕ ਦੂਜੇ ਨਾਲ ਰੱਜ ਕੇ ਸੰਭੋਗ ਕਰਦੇ ਨੇ ਅਤੇ ਸਾਹੂਕਾਰ ਦੀ ਪਤਨੀ ਅਪਣੀ ਸਾਰੀ ਸ਼ਰਮ ਗਵਾ ਕੇ ਰਾਜੇ ਨਾਲ ਸਾਰੀ ਰਾਤ ਭੋਗ ਕਰਦੀ ਹੈ। ਰਾਜਾ ਸਾਹੂਕਾਰ ਦੀ ਇਸਤ੍ਰੀ ਨੂੰ ਤਾਂ ਵਰਤਦਾ ਹੀ ਹੈ, ਨਾਲ ਹੀ ਉਸ ਦਾ ਸਾਰਾ ਧੰਨ ਚੁਰਾ ਕੇ ਵੀ ਅਪਣੇ ਨਾਲ ਲੈ ਜਾਂਦਾ ਹੈ।

ਜਦੋਂ ਸਾਹੂਕਾਰ ਨੂੰ ਹੋਸ਼ ਆਉੰਦਾ ਹੈ, ਤਾਂ ਉਹ ਵੇਖਦਾ ਹੈ ਕਿ ਉਸ ਦਾ ਸਾਰਾ ਧਨ ਰਾਜਾ ਚੁਰਾ ਕੈ ਲੈ ਗਇਆ ਹੈ, ਅਤੇ ਉਸ ਨੂੰ ਇਹ ਵੀ ਪਤਾ ਚਲ ਜਾਂਦਾ ਹੈ ਕਿ ਉਸ ਦੀ ਇਸਤਰੀ ਨਾਲ ਵੀ ਰਾਜੇ ਨੇ ਭੋਗ ਕੀਤਾ ਹੈ। ਉਹ ਸਭ ਕੁਝ ਜਾਣਦਿਆਂ ਵੀ ਸ਼ਰਮ ਨਾਲ ਅਪਣੀ ਜੁਬਨ ਨਹੀਂ ਖੋਲਦਾ। ਧਨ ਵੀ ਗਇਆ ਅਤੇ ਪਤਨੀ ਵੀ ਗੁਆ ਲਈ।

ਖਾਲਸਾ ਜੀ, ਦਸਮ ਗ੍ਰੰਥੀਆਂ ਦਾ ਇਹ ਦਸਮ ਗੁਰੂ ਗ੍ਰੰਥ ਅਪਣੇ ਸਿੱਖਾਂ ਨੂੰ ਇਹ ਸਿਖਿਆ ਦੇਂਦਾ ਹੈ, ਕਿ ਜੇ ਤੁਸੀਂ ਭੰਗ ਦਾ ਨਸ਼ਾ ਨਹੀਂ ਕਰਦੇ ਤੇ ਤੁਹਾਡਾ ਵੀ ਉਹ ਹੀ ਹਾਲ ਹੋਵੇਗਾ ਜੋ ਸਾਹੂਕਾਰ ਦਾ ਹੋਇਆ ਸੀ।

ਮੇਰੇ ਵੀਰੋ! ਮੈਂ ਦੋਵੇ ਹੱਥ ਜੋੜ ਕੇ ਪਾਠਕਾਂ ਕੋਲੋਂ ਮਾਫੀ ਚਾਹੁੰਦਾ ਹਾਂ ਕਿ ਮੈਂਨੂੰ ਨਿਰਲੱਜ ਹੋ ਕੇ ਇਹ ਸਭ ਲਿਖਣਾ ਪਿਆ ਹੈ। ਹੁਣ ਵੀ ਜੇ ਅਸੀਂ ਨਿਰਲੱਜ ਹੋ ਕੇ, ਇਸ ਕੂੜ ਕਿਤਾਬ ਦਾ ਸੱਚ ਖੋਲ ਕੇ ਸਿੱਖਾਂ ਅਗੇ ਨਾ ਲਿਆਏ, ਤਾਂ ਜਲਦੀ ਹੀ ਸਾਰੀ ਕੌਮ ਨਿਰਲੱਜ ਅਖਵਾਏਗੀ, ਅਤੇ ਸਾਡਾ ਸਰਬੰਸ ਦਾਨੀ ਇਸ "ਅਖੌਤੀ ਦਸਮ ਬਾਣੀ" ਦਾ ਰਚਨਾਕਾਰ ਸਾਬਿਤ ਕਰ ਦਿਤਾ ਜਾਵੇਗਾ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top