Share on Facebook

Main News Page

ੴਸਤਿਗੁਰਪ੍ਰਸਾਦਿ ॥

ਬਾਣੀ ਤ ਗਾਵਹੁ ਗੁਰੂ ਕੇਰੀ...
- ਰਾਜਿੰਦਰ ਸਿੰਘ (ਮੁੱਖ ਸੇਵਾਦਾਰ)
ਸ਼੍ਰੋਮਣੀ ਖ਼ਾਲਸਾ ਪੰਚਾਇਤ

ਗੁਰੂ ਗ੍ਰੰਥ ਸਾਹਿਬ ਪਾਤਿਸ਼ਾਹ ਵਿੱਚ ਛੇ ਗੁਰੂ ਸਹਿਬਾਨ ਤੋਂ ਇਲਾਵਾ ਜਾਤ-ਪਾਤ, ਰੰਗ, ਨਸਲ, ਇਲਾਕੇ ਦੇ ਭੇਦ ਤੋਂ ਉਪਰ ਉਠ ਕੇ 15 ਇਲਾਹੀ ਭਗਤ ਸਾਹਿਬਾਨ, 11 ਭੱਟ ਸਾਹਿਬਾਨ ਅਤੇ ਤਿੰਨ ਗੁਰਸਿੱਖਾਂ ਦੀ ਅਕਾਲ-ਪੁਰਖ ਦੇ ਅਲੌਕਿਕ ਰੰਗ ਵਿੱਚ ਰੰਗੀ ਬਾਣੀ ਨੂੰ ਦਰਜ ਕਰ ਕੇ ਗੁਰੂ ਗ੍ਰੰਥ ਸਾਹਿਬ ਨੂੰ ਸਮੁੱਚੀ ਮਨੁੱਖਤਾ ਵਾਸਤੇ ਗਿਆਨ ਦਾ ਉਹ ਚਾਨਣ ਮੁਨਾਰਾ ਬਣਾ ਦਿੱਤਾ ਹੈ, ਜਿਸ ਤੋਂ ਮਨੁੱਖਤਾ ਰਹਿੰਦੀ ਦੁਨੀਆਂ ਤੱਕ ਸੁਚੱਜੀ ਸਰਬਪੱਖੀ (ਅਧਿਆਤਮਕ, ਸਮਾਜਿਕ ਅਤੇ ਰਾਜਨੀਤਿਕ) ਅਗਵਾਈ ਪ੍ਰਾਪਤ ਕਰਦੀ ਰਹੇਗੀ। ਸ੍ਰਿਸ਼ਟੀ ਦੀ ਸਾਜਨਾ ਤੋਂ ਲੈਕੇ ਮਨੁੱਖੀ ਜੀਵਨ ਦਾ ਕੋਈ ਐਸਾ ਪੱਖ ਨਹੀਂ ਜਿਸ ਦੀ ਅਗਵਾਈ ਗੁਰੂ ਗ੍ਰੰਥ ਸਾਹਿਬ ਵਿੱਚੋਂ ਨਾ ਮਿਲਦੀ ਹੋਵੇ।

ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨੇ ਅਕਾਲ ਪਇਆਣਾ ਕਰਨ ਤੋਂ ਪਹਿਲੇ ‘ਗੁਰੂ ਮਾਨਿਓ ਗ੍ਰੰਥ’ ਦਾ ਆਦੇਸ਼ ਦੇਕੇ, ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਤੇ ਸੁਸ਼ੋਭਿਤ ਕਰਕੇ ਸਪੱਸ਼ਟ ਕਰ ਦਿੱਤਾ ਕਿ ਸਿੱਖ ਵਾਸਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੀ ਗੁਰਬਾਣੀ ਹੈ। ਸਿੱਖ ਨੇ ਇਸੇ ਬਾਣੀ ਨੂੰ ਪੜ੍ਹਨਾ, ਵਿਚਾਰਨਾ, ਗਾਉਣਾ ਅਤੇ ਜੀਵਨ ਦਾ ਆਦਰਸ਼ ਬਨਾਉਣਾ ਹੈ।

ਅਸਲ ਵਿੱਚ ਤਾਂ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਹੋਣ ਤੋਂ ਵੀ ਪਹਿਲਾਂ ਤੀਜੇ ਸਤਿਗੁਰੂ ਅਮਰਦਾਸ ਸਾਹਿਬ ਨੇ ਅਨੰਦੁ ਬਾਣੀ ਦੀ ਤੇਈਵੀਂ ਪਉੜੀ ਵਿੱਚ ਸਿੱਖ ਜਗਤ ਲਈ ਇਹ ਸਪੱਸ਼ਟ ਆਦੇਸ਼ ਜਾਰੀ ਕਰ ਦਿੱਤਾ ਸੀ:

ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ ॥ ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆ ਸਿਰਿ ਬਾਣੀ ॥ ਜਿਨ ਕਉ ਨਦਰਿ ਕਰਮੁ ਹੋਵੈ ਹਿਰਦੈ ਤਿਨਾ ਸਮਾਣੀ ॥ ਪੀਵਹੁ ਅੰਮ੍ਰਿਤੁ ਸਦਾ ਰਹਹੁ ਹਰਿ ਰੰਗਿ ਜਪਿਹੁ ਸਾਰਿਗਪਾਣੀ ॥ ਕਹੈ ਨਾਨਕੁ ਸਦਾ ਗਾਵਹੁ ਏਹ ਸਚੀ ਬਾਣੀ ॥23॥”{ਪੰਨਾ 920)

ਬਹੁਤ ਹੈਰਾਨਗੀ ਦੀ ਗੱਲ ਹੈ ਕਿ ਸਤਿਗੁਰੂ ਦਾ ਇਤਨਾ ਸਪੱਸ਼ਟ ਆਦੇਸ਼ ਹੋਣ ਦੇ ਬਾਵਜੂਦ ਅੱਜ ਸਿੱਖ ਕੌਮ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਇਲਾਵਾ ਕਈ ਰਚਨਾਵਾਂ ਨੂੰ ਕੀਰਤਨ ਰੂਪ ਵਿੱਚ ਗਾਉਣ ਦਾ ਰਿਵਾਜ਼ ਪ੍ਰਚੱਲਤ ਹੋ ਗਿਆ ਹੈ, ਜਿਵੇਂ ਕਿ ਗੁਰੂ ਗ੍ਰੰਥ ਸਾਹਿਬ ਦੇ 5871 ਸ਼ਬਦਾਂ ਦੇ ਅਮੋਲਕ ਖਜਾਨੇ ਨਾਲ ਤਸੱਲੀ ਨਾ ਹੋਈ ਹੋਵੇ। ਇਹ ਗਿਰਾਵਟ ਇਸ ਪੱਧਰ ਤੱਕ ਗਈ ਹੈ ਕਿ ਉਨ੍ਹਾਂ ਨੂੰ ਗੁਰਬਾਣੀ ਦੇ ਤੁਲ ਮਹਤੱਤਾ ਦਿੱਤੀ ਜਾ ਰਹੀ ਹੈ। ਇਹ ਰਚਨਾਵਾਂ ਤਿੰਨ ਕਿਸਮ ਦੀਆਂ ਹਨ:

1. ਭਾਈ ਗੁਰਦਾਸ ਜੀ ਅਤੇ ਭਾਈ ਨੰਦ ਲਾਲ ਸਿੰਘ ਜੀ ਦੀਆਂ ਰਚਨਾਵਾਂ।
2. ਕੁਝ ਆਪਣੇ ਆਪ ਨੂੰ ਸੰਤ, ਸਾਧ, ਮਹਾਂ-ਪੁਰਖ ਅਦਿ ਅਖਵਾਉਣ ਵਾਲਿਆਂ ਦੀਆਂ ਤੁਕ ਬੰਦੀਆਂ।
3. ਇਕ ਵੱਡੀ ਸਾਜਸ਼ ਅਧੀਨ, ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ਵਿੱਚ ਸਥਾਪਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿਤਾਬ ‘ਬਚਿਤ੍ਰ ਨਾਟਕ’ ਦੀਆਂ ਕੁਝ ਰਚਨਾਵਾਂ।

ਭਾਈ ਗੁਰਦਾਸ ਜੀ ਅਤੇ ਭਾਈ ਨੰਦ ਲਾਲ ਸਿੰਘ ਜੀ ਸਿੱਖ ਕੌਮ ਦੀਆਂ ਅਤਿ ਸਨਮਾਨਤ ਅਤੇ ਵਿਦਵਾਨ ਸ਼ਖਸੀਅਤਾਂ ਹੋਏ ਹਨ ਅਤੇ ਇਹ ਉਹ ਸੁਭਾਗੇ ਵਿਅਕਤੀ ਹਨ ਜਿਨ੍ਹਾਂ ਨੂੰ ਜੀਵਨ ਕਾਲ ਵਿੱਚ ਗੁਰੂ ਸਾਹਿਬਾਨ ਦੀ ਸੰਗਤ ਦਾ ਵੱਡਭਾਗ ਪ੍ਰਾਪਤ ਹੋਇਆ ਹੈ।

ਭਾਈ ਗੁਰਦਾਸ ਜੀ ਨੂੰ ਗੁਰਬਾਣੀ ਦੇ ਲਾਮਿਸਾਲ ਵਿਆਖਿਆਕਾਰ ਵਜੋਂ ਜਾਣਿਆਂ ਜਾਂਦਾ ਹੈ ਅਤੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਨ੍ਹਾਂ ਦੀਆਂ ਕਈ ਰਚਨਾਵਾਂ ਗੁਰਬਾਣੀ ਦੇ ਗੁੱਝੇ ਭੇਦ ਖੋਲ੍ਹਣ ਅਤੇ ਉਨ੍ਹਾਂ ਨੂੰ ਅਮਲੀ ਰੂਪ ਵਿੱਚ ਸਮਝਣ ਵਿੱਚ ਅਤਿ ਸਹਾਈ ਹੁੰਦੀਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਦੀਆਂ ਰਚਨਾਵਾਂ ’ਚੋਂ ਗੁਰੂ ਪਾਤਿਸ਼ਾਹਾਂ ਦੇ ਜੀਵਨ ਕਾਲ ਦੇ ਕਈ ਇਤਿਹਾਸਕ ਸੰਕੇਤ ਵੀ ਮਿਲਦੇ ਹਨ, ਜੋ ਸੁਭਾਵਕ ਹੀ ਸਭ ਤੋਂ ਵਧੇਰੇ ਪ੍ਰਮਾਣਤ ਮੰਨੇ ਜਾ ਸਕਦੇ ਹਨ।

ਇਸੇ ਤਰ੍ਹਾਂ ਭਾਈ ਨੰਦ ਲਾਲ ਸਿੰਘ ਜੀ ਦੀਆਂ ਰਚਨਾਵਾਂ, ਜਿਥੇ ਗੁਰਬਾਣੀ ਦੀ ਜੀਵਨ ਜੁਗਤਿ ਨੂੰ ਦ੍ਰਿੜ ਕਰਾਉਂਦੀਆਂ ਹਨ, ਉਥੇ ਭਾਈ ਸਾਹਿਬ ਦੇ ਸਤਿਗੁਰੂ ਦਾ ਸਮਕਾਲੀ ਹੋਣ ਦੇ ਨਾਲ ਇਕ ਵਧੀਆ ਸ਼ਾਇਰ ਅਤੇ ਵਿਦਵਾਨ ਹੋਣ ਕਾਰਨ, ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦੀ ਅਗੰਮੀ ਸ਼ਖਸੀਅਤ ਬਾਰੇ ਅਨਮੋਲ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਜਾਂ ਮੈਂ ਇਹ ਕਹਿ ਲਵਾਂ ਕਿ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦੀ ਅਗੰਮੀ ਸ਼ਖਸੀਅਤ ਬਾਰੇ ਸਭ ਤੋਂ ਲਾਸਾਨੀ ਜਾਣਕਾਰੀ ਭਾਈ ਨੰਦ ਲਾਲ ਸਿੰਘ ਜੀ ਦੀਆਂ ਰਚਨਾਵਾਂ ਤੋਂ ਪ੍ਰਾਪਤ ਹੁੰਦੀ ਹੈ ਤਾਂ ਇਹ ਕੋਈ ਅਤਿਕਥਨੀ ਨਹੀਂ ਹੋਵੇਗੀ।

ਇਨ੍ਹਾਂ ਰਚਨਾਵਾਂ ਦੇ ਗੁਰਮਤਿ ਅਨੁਕੂਲ ਸੁਭਾਅ ਨੂੰ ਵੇਖਦੇ ਹੋਏ ਹੀ ਪੰਥ ਵਿੱਚ ਇਨ੍ਹਾਂ ਨੂੰ ਪ੍ਰਮਾਣ ਰੂਪ ਵਿੱਚ ਮਾਨਤਾ ਦਿੱਤੀ ਗਈ ਹੈ। ਸਿੱਖ ਰਹਿਤ ਮਰਯਾਦਾ ਦੇ ਕੀਰਤਨ ਭਾਗ ਦੀ ਮੱਦ ‘ੲ’ ਵਿੱਚ ਇੰਝ ਲਿਖਿਆ ਹੈ:

‘ਸੰਗਤ ਵਿੱਚ ਕੀਰਤਨ ਕੇਵਲ ਗੁਰਬਾਣੀ ਜਾਂ ਇਸ ਦੀ ਵਿਆਖਿਆ-ਸਰੂਪ ਰਚਨਾ ਭਾਈ ਗੁਰਦਾਸ ਜੀ ਤੇ ਭਾਈ ਨੰਦ ਲਾਲ ਜੀ ਦੀ ਬਾਣੀ ਦਾ ਹੋ ਸਕਦਾ ਹੈ’।

ਜੇ ਇਨ੍ਹਾਂ ਰਚਨਾਵਾਂ ਦਾ ਕੀਰਤਨ ਗੁਰਬਾਣੀ ਵਾਂਗ ਹੀ ਕਰਨ ਦੀ ਖੁਲ੍ਹ ਹੁੰਦੀ ਤਾਂ ਸਿੱਧਾ ਲਿਖਿਆ ਜਾ ਸਕਦਾ ਕਿ ਕੀਰਤਨ ਗੁਰਬਾਣੀ, ਭਾਈ ਗੁਰਦਾਸ ਜੀ ਅਤੇ ਭਾਈ ਨੰਦ ਲਾਲ ਜੀ ਦੀਆਂ ਰਚਨਾਵਾਂ ਦਾ ਕੀਤਾ ਜਾ ਸਕਦਾ ਹੈ। ਇਹ ਸ਼ਬਦ ‘ਵਿਆਖਿਆ ਸਰੂਪ’ ਲਿਖਣ ਦੀ ਲੋੜ ਹੀ ਇਸ ਕਰ ਕੇ ਪਈ, ਕਿਉਂਕਿ ਇਹ ਗੁਰਬਾਣੀ ਨਹੀਂ ਹੈ। ਭਾਵ ਸਪੱਸ਼ਟ ਹੈ ਕਿ ਸਿਧਾਂਤਕ ਪੱਖ ਦੀ ਵਿਆਖਿਆ ਕਰਦੀਆਂ ਰਚਨਾਵਾਂ ਦਾ ਕੀਰਤਨ ਕੇਵਲ ਗੁਰਬਾਣੀ ਦੇ ਸ਼ਬਦ ਦੁਆਰਾ ਦ੍ਰਿੜ ਕਰਾਏ ਗੁਰਮਤਿ ਸਿਧਾਂਤ ਨੂੰ ਵਧੇਰੇ ਸਪੱਸ਼ਟ ਕਰਨ ਲਈ ਵਿਆਖਿਆ-ਸਰੂਪ ਵਿੱਚ ਪ੍ਰਮਾਣ ਦੇ ਤੌਰ ’ਤੇ ਕੀਤਾ ਜਾ ਸਕਦਾ ਹੈ।

ਇਸੇ ਮੱਦ ਦੀ ਦੁਰਵਰਤੋਂ ਕਰ ਕੇ ਕਈ ਰਾਗੀਆਂ ਵਲੋਂ ਇਨ੍ਹਾਂ ਰਚਨਾਵਾਂ ਦਾ ਆਧਾਰ ਰੂਪ ਵਿੱਚ ਕੀਰਤਨ ਕਰਨ ਦੀ ਖੁਲ੍ਹ ਲੈ ਲਈ ਗਈ ਹੈ। ਇਹ ਖੁਲ੍ਹ ਇਥੋਂ ਤੱਕ ਵਧ ਗਈ ਹੈ ਕਿ ਨਿਰਣਾ ਰੂਪ ਪੰਕਤੀਆਂ (ਜਿਨ੍ਹਾਂ ਵਿੱਚ ਰਚਨਾ ਦਾ ਤੱਤਸਾਰ ਹੁੰਦਾ ਹੈ) ਨੂੰ ਛੱਡ ਕੇ, ਵਿਚੋਂ ਕੋਈ ਪ੍ਰਮਾਣ ਰੂਪ ਪੰਕਤੀ ਨੂੰ ਆਧਾਰ ਬਣਾ ਕੇ ਸਾਰੀ ਰਚਨਾ ਦਾ ਭਾਵ ਹੀ ਬਦਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈਂ। ਜਿਵੇਂ ਕਿ ਭਾਈ ਸਾਹਿਬ ਦੀ ਉਨ੍ਹੀਵੀ ਵਾਰ ਦੀ ਛੇਵੀਂ ਪਉੜੀ ਦੀ ਆਖਰੀ ਪੰਕਤੀ ‘ਗੁਰਮੁਖ ਸੁਖਫਲ ਦਾਤ ਸ਼ਬਦ ਸਮ੍ਹਾਲੀਅਨਿ ॥’ ਜੋ ਸਾਨੂੰ ਇਸ ਪਉੜੀ ਦਾ ਤੱਤਸਾਰ ਦ੍ਰਿੜ ਕਰਾਉਂਦੀ ਹੈ ਨੂੰ ਅੱਖੌ-ਪਰੋਖੇ ਕਰ ਕੇ, ਦੀਵਾਲੀ ਦੇ ਨੇੜੇ ‘ਦੀਵਾਲੀ ਦੀ ਰਾਤ ਦੀਵੇ ਬਾਲੀਅਨਿ॥’ ਦਾ ਬਾਰਬਾਰ ਰਟਨ ਕਰ ਕੇ ਦੀਪਮਾਲਾ ਆਦਿ ਗੁਰਮਤਿ ਵਿਰੋਧੀ ਕਰਮਾਂ ਨੂੰ ਜਾਇਜ਼ ਠਹਿਰਾਉਣ ਦੀ ਕੋਝੀ ਕੋਸ਼ਿਸ਼ ਕੀਤੀ ਜਾਂਦੀ ਹੈ।

ਇਹ ਰੁਝਾਨ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਤੱਕ ਹੀ ਸੀਮਤ ਨਹੀਂ, ਸਗੋਂ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੀ ਵੀ ਇੰਝ ਹੀ ਦੁਰਵਰਤੋਂ ਕਰਨੀ, ਰਾਗੀਆਂ ਦਾ ਇਕ ਰੁਝਾਨ ਬਣ ਗਿਆ ਹੈ। ਪ੍ਰਮਾਣ ਦੇ ਤੌਰ ਤੇ ਗੁਰੂ ਗ੍ਰੰਥ ਸਾਹਿਬ ਦੇ ਪੰਨਾ 44 ਤੇ ਸਿਰੀ ਰਾਗ ਵਿੱਚ ਸੁਸ਼ੋਭਿਤ ਪੰਜਵੇਂ ਨਾਨਕ ਸਰੂਪ, ਗੁਰੂ ਅਰਜਨ ਪਾਤਿਸ਼ਾਹ ਦੇ ਹੇਠਲੇ ਸ਼ਬਦ ਨੂੰ ਲੈਂਦੇ ਹਾਂ:

ਸਿਰੀਰਾਗੁ ਮਹਲਾ 5 ॥ ਸਭੇ ਥੋਕ ਪਰਾਪਤੇ ਜੇ ਆਵੈ ਇਕੁ ਹਥਿ ॥ ਜਨਮੁ ਪਦਾਰਥੁ ਸਫਲੁ ਹੈ ਜੇ ਸਚਾ ਸਬਦੁ ਕਥਿ ॥ ਗੁਰ ਤੇ ਮਹਲੁ ਪਰਾਪਤੇ ਜਿਸੁ ਲਿਖਿਆ ਹੋਵੈ ਮਥਿ ॥ 1 ॥ ਮੇਰੇ ਮਨ ਏਕਸ ਸਿਉ ਚਿਤੁ ਲਾਇ ॥ ਏਕਸ ਬਿਨੁ ਸਭ ਧੰਧੁ ਹੈ ਸਭ ਮਿਥਿਆ ਮੋਹੁ ਮਾਇ ॥ 1 ॥ ਰਹਾਉ ॥ ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ ਨਦਰਿ ਕਰੇਇ ॥ ਨਿਮਖ ਏਕ ਹਰਿ ਨਾਮੁ ਦੇਇ ਮੇਰਾ ਮਨੁ ਤਨੁ ਸੀਤਲੁ ਹੋਇ ॥ ਜਿਸ ਕਉ ਪੂਰਬਿ ਲਿਖਿਆ ਤਿਨਿ ਸਤਿਗੁਰ ਚਰਨ ਗਹੇ ॥ 2 ॥ ਸਫਲ ਮੂਰਤੁ ਸਫਲਾ ਘੜੀ ਜਿਤੁ ਸਚੇ ਨਾਲਿ ਪਿਆਰੁ ॥ ਦੂਖੁ ਸੰਤਾਪੁ ਨ ਲਗਈ ਜਿਸੁ ਹਰਿ ਕਾ ਨਾਮੁ ਅਧਾਰੁ ॥ ਬਾਹ ਪਕੜਿ ਗੁਰਿ ਕਾਢਿਆ ਸੋਈ ਉਤਰਿਆ ਪਾਰਿ ॥ 3 ॥ ਥਾਨੁ ਸੁਹਾਵਾ ਪਵਿਤੁ ਹੈ ਜਿਥੈ ਸੰਤ ਸਭਾ ॥ ਢੋਈ ਤਿਸ ਹੀ ਨੋ ਮਿਲੈ ਜਿਨਿ ਪੂਰਾ ਗੁਰੂ ਲਭਾ ॥ ਨਾਨਕ ਬਧਾ ਘਰੁ ਤਹਾਂ ਜਿਥੈ ਮਿਰਤੁ ਨ ਜਨਮੁ ਜਰਾ ॥ 4 ॥

ਜਿਵੇ ਹਰ ਉਹ ਸ਼ਬਦ ਜਿਸ ਵਿੱਚ ਰਹਾਉ ਦੀ ਪੰਕਤੀ ਆਉਂਦੀ ਹੈ, ਦਾ ਕੇਂਦਰੀ ਭਾਵ ਰਹਾਉ ਦੀ ਪੰਕਤੀ ਵਿੱਚ ਹੁੰਦਾ ਹੈ, ਅਨੁਸਾਰ ਹੀ ਇਸ ਸ਼ਬਦ ਦਾ ਕੇਂਦਰੀ ਭਾਵ ਵੀ ਇਸ ਦੀ ਰਹਾਉ ਦੀ ਪੰਕਤੀ, “ਮੇਰੇ ਮਨ ਏਕਸ ਸਿਉ ਚਿਤੁ ਲਾਇ ॥ ਏਕਸ ਬਿਨੁ ਸਭ ਧੰਧੁ ਹੈ ਸਭ ਮਿਥਿਆ ਮੋਹੁ ਮਾਇ ॥1॥ ਰਹਾਉ ॥” ਵਿੱਚ ਹੈ ਅਤੇ ਸਿਧਾਂਤਕ ਤੌਰ ਤੇ ਇਸੇ ਪੰਕਤੀ ਨੂੰ ਹੀ ਸ਼ਬਦ ਦੀ ਟੇਕ ਭਾਵ ਆਧਾਰ ਬਣਾ ਕੇ ਗਾਇਨ ਕੀਤਾ ਜਾਣਾ ਚਾਹੀਦਾ ਹੈ, ਪਰ ਆਮ ਤੌਰ ਤੇ ਬਹੁਤੇ ਰਾਗੀਆਂ ਵਲੋਂ ਦੂਸਰੇ ਪਦੇ ਦੀ ਪੰਕਤੀ, “ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ ਨਦਰਿ ਕਰੇਇ ॥” ਨੂੰ ਆਧਾਰ ਬਣਾਇਆ ਜਾਂਦਾ ਹੈ। ਭੋਲੀਆਂ-ਭਾਲੀਆਂ ਸਿੱਖ ਸੰਗਤਾਂ ਵੀ ਇਸ ਭਰਮ ਵਿੱਚ ਖੁਸ਼ ਹੋ ਜਾਂਦੀਆਂ ਹਨ ਕਿ ਇਹ ਸ਼ਬਦ ਸਾਡੇ ਘਰ ਵਿੱਚ ਜਾਂ ਕਿਸੇ ਸਮਾਗਮ ਦੇ ਮੌਕੇ ਗਾਇਨ ਹੋਣ ਨਾਲ ਸਾਡੇ ਘਰ ਵਿੱਚ ਲਖਾਂ ਖੁਸ਼ੀਆਂ ਆ ਜਾਣਗੀਆਂ। ਬਲਕਿ ਬਹੁਤ ਸੰਗਤਾਂ ਵਲੋਂ ਤਾਂ ਇਹ ਵਿਸ਼ੇਸ਼ ਤੌਰ ਤੇ ਫੁਰਮਾਇਸ਼ ਕੀਤੀ ਜਾਂਦੀ ਹੈ ਕਿ ‘ਲਖ ਖੁਸੀਆਂ ਪਾਤਿਸਾਹੀਆਂ’ ਸ਼ਬਦ ਗਾਓ ਜੀ। ਫੇਰ ਸਾਡੇ ਰਾਗੀ ਸਾਬ੍ਹ ਨੂੰ ਤਾਂ ਕੇਵਲ ਮਾਇਆ ਤੱਕ ਮਤਲਬ ਹੈ, ਉਨ੍ਹਾਂ ਸਿਧਾਂਤ ਤੋਂ ਕੀ ਲੈਣਾ ਹੈ? ਇਹ ਤਾਂ ਕੇਵਲ ਪ੍ਰਮਾਣ ਮਾਤਰ ਹੈ, ਹੋਰ ਵੀ ਕਈ ਸਬਦਾਂ ਵਿੱਚ ਇਹੀ ਵੱਡੀ ਭੁੱਲ ਕੀਤੀ ਜਾਂਦੀ ਹੈ।

ਮੈਂ ਆਪਣੇ ਵਿਸ਼ੇ ਤੇ ਵਾਪਸ ਆਵਾਂ, ਗੁਰਬਾਣੀ ਦਾ ਭਾਵ ਤਾਂ ਸਪੱਸ਼ਟ ਹੈ, ਗੂਰੂ ਦੀ ਬਾਣੀ। ਅੱਜ ਅਤੇ ਆਉਣ ਵਾਲੇ ਸਦੀਵ ਕਾਲ ਲਈ ਸਾਡੇ ਗੁਰੂ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਹਨ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੀ ਗੁਰਬਾਣੀ ਅਖਵਾਉਣ ਦੀ ਅਧਿਕਾਰੀ ਹੈ। ਇਹ ਗੱਲ ਸਮਝਣ ਵਾਲੀ ਹੈ ਕਿ ਭਾਈ ਗੁਰਦਾਸ ਜੀ ਅਤੇ ਭਾਈ ਨੰਦ ਲਾਲ ਸਿੰਘ ਜੀ ਦੀਆਂ ਰਚਨਾਵਾਂ ਗੁਰਬਾਣੀ ਨਹੀਂ ਹਨ। ਇਹ ਕੇਵਲ ਵਿਆਖਿਆ-ਸਰੂਪ ਵਿੱਚ ਪ੍ਰਵਾਨ ਹਨ। ਭਾਵ ਜਿਥੇ ਕਿਧਰੇ ਗੁਰਮਤਿ ਦੇ ਕਿਸੇ ਪੱਖ ਦੀ ਵਿਆਖਿਆ ਕਰਨ, ਜਾਂ ਉਸ ਨੂੰ ਦ੍ਰਿੜ ਕਰਾਉਣ ਲਈ ਲੋੜ ਹੋਵੇ, ਉਥੇ ਪ੍ਰਮਾਣ ਦੇ ਤੌਰ ਤੇ ਵਰਤੀਆਂ ਜਾ ਸਕਦੀਆ ਹਨ। ਇਨ੍ਹਾਂ ਦਾ ਗਾਇਣ ਵੀ ਉਸ ਸ਼ਬਦ ਦੇ ਨਾਲ ਪ੍ਰਮਾਣ ਰੂਪ ਵਿੱਚ ਕੀਤਾ ਜਾ ਸਕਦਾ ਹੈ, ਆਧਾਰ ਰੂਪ ਵਿੱਚ ਨਹੀਂ। ਬੇਸ਼ਕ ਭਾਈ ਨੰਦ ਲਾਲ ਸਿੰਘ ਜੀ ਦੀਆਂ ਰਚਨਾਵਾਂ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦੀ ਅਗੰਮੀ ਸ਼ਖਸੀਅਤ ਬਾਰੇ ਜਾਣਕਾਰੀ ਦੇਣ ਲਈ ਅਤੇ ਭਾਈ ਗੁਰਦਾਸ ਜੀ ਦੀਆਂ ਗੁਰੂ ਸਾਹਿਬਾਨ ਦੇ ਜੀਵਨ ਇਤਿਹਾਸ ਨਾਲ ਜੁੜੀਆਂ ਰਚਨਾਵਾਂ, ਮੂਲ ਰੂਪ ਵਿੱਚ ਗਾਇਨ ਕੀਤੀਆਂ ਜਾ ਸਕਦੀਆਂ ਹਨ। ਇਹ ਆਪਣੇ ਆਪ ਵਿੱਚ ਸਤਿਗੁਰੂ ਦੀ ਸ਼ਖਸੀਅਤ ਦੀ ਵਿਆਖਿਆ ਹੋਵੇਗੀ।

ਸੁਆਲ ਤਾਂ ਇਹ ਹੈ ਕਿ ਇਹ ਗੱਲ ਸਾਡੇ ਰਾਗੀ ਸਾਹਿਬਾਨ ਨੂੰ ਕੌਣ ਸਮਝਾਵੇ ਅਤੇ ਕੌਣ ਉਨ੍ਹਾਂ ਦੇ ਇਸ ਆਪ ਹੁਦਰੇ-ਪਨ ਨੂੰ ਠਲ ਪਾਵੇ? ਕਿਉਂਕਿ ਜਿਨ੍ਹਾਂ ਦਾ ਇਹ ਫਰਜ਼ ਸੀ, ਸ਼੍ਰੋਮਣੀ ਕਮੇਟੀ ਦੇ ਉਹ ਅਹੁਦੇਦਾਰ ਅਤੇ ਅਖੌਤੀ ਜਥੇਦਾਰ ਤਾਂ ਆਪ ਰਾਗੀਆਂ ਕੋਲੋਂ ਦਬਾ ਪਾ ਕੇ ਇਹ ਗਲਤ ਕਰਮ ਕਰਵਾ ਰਹੇ ਹਨ। ਫਿਰ ਜਿਸ ਵੇਲੇ ਇਹ ਕੰਮ ਸਾਡੇ ਕੇਂਦਰੀ ਸਥਾਨ ਦਰਬਾਰ ਸਾਹਿਬ ਵਿਖੇ ਹੀ ਕੀਤਾ ਜਾਂਦਾ ਹੈ ਤਾਂ ਸਾਰੀ ਕੌਮ ਨੂੰ ਇਸ ਦੀ ਪੂਰੀ ਖੁਲ੍ਹ ਮਿਲ ਜਾਂਦੀ ਹੈ। ਟੀ.ਵੀ. ’ਤੇ ਸਿੱਧਾ ਪ੍ਰਸਾਰਨ ਹੋਣ ਨਾਲ, ਹੁਣ ਤਾਂ ਕੰਮ ਵਧੇਰੇ ਸੌਖਾ ਹੋ ਗਿਆ ਹੈ।

‘ਬਾਣੀ ਤਾਂ ਗਾਵਹੁ ਗੁਰੂ ਕੇਰੀ’ ਦੇ ਸਤਿਗੁਰੂ ਦੇ ਆਦੇਸ਼ ਦੀ ਦੂਸਰੀ ਤੌਹੀਨ ਬਹੁਤੇ ਡੇਰੇਦਾਰਾਂ ਵੱਲੋਂ ਕੀਤੀ ਜਾ ਰਹੀ ਹੈ। ਇਨ੍ਹਾਂ ਤਾਂ ਜਿਵੇਂ ਸਹੁੰ ਖਾਧੀ ਹੋਵੇ ਕਿ ਅਸੀਂ ਨਾ ਆਪ ਗੁਰਬਾਣੀ ਦੇ ਨੇੜੇ ਜਾਣਾ ਹੈ ਅਤੇ ਨਾ ਸੰਗਤਾਂ ਨੂੰ ਜਾਣ ਦੇਣਾ ਹੈ। ਆਮ ਤੌਰ ਤੇ ਇਨ੍ਹਾਂ ਵੱਲੋਂ ਇਹ ਦਲੀਲ ਦਿੱਤੀ ਜਾਂਦੀ ਹੈ ਕਿ ਸੰਗਤਾਂ ਨੂੰ ਗੁਰਬਾਣੀ ਦੀ ਸਮਝ ਨਹੀਂ ਆਉਂਦੀ ਇਸ ਵਾਸਤੇ ਅਸੀਂ ਸੌਖੇ ਸ਼ਬਦਾਂ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ। ਕੋਈ ਇਨ੍ਹਾਂ ਨੂੰ ਪੁੱਛੇ, ਭਲਿਓ ਤੁਸੀਂ ਆਪਣੇ ਆਪ ਨੂੰ ਗੁਰਮਤਿ ਦੇ ਪ੍ਰਚਾਰਕ ਅਖਵਾਉਂਦੇ ਹੋ, ਪ੍ਰਚਾਰਕ ਦਾ ਕੰਮ ਤਾਂ ਹੈ ਗੁਰਬਾਣੀ ਦੀ ਵਿਆਖਿਆ ਕਰਕੇ ਸਮਝਾਉਣਾ, ਨਾ ਕਿ ਸਤਿਗੁਰੂ ਦੇ ਬਰਾਬਰ ਆਪਣੀਆਂ ਧਾਰਨਾ ਰੱਚ ਕੇ ਉਸ ਦਾ ਕੀਰਤਨ ਸ਼ੁਰੂ ਕਰ ਦੇਣਾ।

ਗੁਰੂਕਾਲ ਵਿੱਚ ਇਹ ਕੰਮ ਗੁਰੂ ਸਾਹਿਬਾਨ ਦੇ ਸ਼ਰੀਕਾਂ ਵਲੋਂ ਕੀਤਾ ਜਾਂਦਾ ਸੀ, ਜਿਹੜੇ ਸੰਗਤਾਂ ਨੂੰ ਭਰਮਾ ਕੇ ਆਪਣੀਆਂ ਗੱਦੀਆਂ ਚਲਾਉਣਾ ਚਾਹੁੰਦੇ ਸਨ। ਇਹ ਲੋਕ ਤਾਂ ਬਹੁਤੇਰੇ ਗੁਰੂ ਪਾਤਿਸ਼ਾਹਾਂ ਦੀਆਂ ਸੰਤਾਨਾਂ ’ਚੋਂ ਸਨ ਜਿਨ੍ਹਾਂ ਨੂੰ ਗੁਰੂ ਪਾਤਿਸ਼ਾਹਾਂ ਦੇ ਫੈਸਲਿਆਂ ਤੇ ਤਸੱਲੀ ਨਹੀਂ ਸੀ ਅਤੇ ਜੋਰੀਂ ਆਪ ਗੁਰੂ ਬਨਣਾ ਚਾਹੁੰਦੇ ਸਨ। ਜਿਵੇਂ ਕਿ ਬਾਬਾ ਪ੍ਰਿਥੀ ਚੰਦ ਜੀ ਦੀ ਸੰਤਾਨ, ਰਾਮਰਾਇ ਜੀ ਦੇ ਚੇਲੇ ਅਤੇ ਧੀਰਮਲ ਜੀ। ਜਿਨ੍ਹਾਂ ਦੀ ਗੁਰੂ ਬਣਨ ਦੀ ਤ੍ਰਿਸ਼ਨਾ ਕਈ ਪੀੜ੍ਹੀਆਂ ਤੱਕ ਚਲਦੀ ਰਹੀ ਅਤੇ ਗੁਰੂ ਦੇ ਸ਼ਰੀਕ ਬਣ ਕੇ ਬੈਠ ਗਏ। ਅੰਤ ਸਿੱਖ ਕੌਮ ਨੂੰ ਇਹ ਸਪੱਸ਼ਟ ਨਿਰਣਾ ਲੈਣਾ ਪਿਆ ਕਿ ਮੀਣਿਆਂ, ਰਾਮਰਾਈਆਂ ਅਤੇ ਧੀਰਮਲੀਆਂ ਨਾਲ ਨਹੀਂ ਵਰਤਣਾ। ਅੱਜ ਗੁਰੂ ਦੇ ਸ਼ਰੀਕਾਂ ਦੀ ਭੂਮਿਕਾ ਇਹ ਡੇਰੇਦਾਰ ਨਿਭਾ ਰਹੇ ਹਨ। ਇਹ ਤਾਂ ਉਨ੍ਹਾਂ ਤੋਂ ਵੀ ਵਧ ਹਨ ਕਿਉਂਕਿ ਗੁਰੂ ਦੇ ਨਾਂ ਦਾ ਭੁਲੇਖਾ ਪਾ ਕੇ, ਅਸਲ ਵਿੱਚ ਗੁਰੂ ਦੇ ਸ਼ਰੀਕ ਬਣ ਕੇ ਬੈਠੇ ਹਨ, ਭਾਵ ਇਕ ਪਾਸੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਕਰਦੇ ਹਨ ਅਤੇ ਕਰਮ ਸ਼ਰੀਕਾਂ ਵਾਲੇ ਕਰਦੇ ਹਨ।

ਆਪਣੇ ਦੀਵਾਨਾਂ ਵਿੱਚ ਵੀ ਇਹ ਗੁਰੂ ਸਾਹਿਬਾਨ ਦਾ ਨਾਂ ਕਿਤੇ ਭੁੱਲ-ਭੁਲੇਖੇ ਹੀ ਲੈਂਦੇ ਹਨ, ਬਹੁਤੇ ਗੁਣ ਤਾਂ ਆਪਣੇ ਅਖੌਤੀ ਵੱਡੇ ਬਾਬਾ ਜੀ, ਉਨ੍ਹਾਂ ਤੋਂ ਵੱਡੇ ਮਹਾਂ-ਪੁਰਖ ਅਤੇ ਉਨ੍ਹਾਂ ਤੋਂ ਵੱਡੇ ਮਹਾਂ... ਦੇ ਹੀ ਗਾਂਦੇ ਹਨ ਕਿਉਂਕਿ ਅਸਲ ਮਕਸਦ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਅਤੇ ਪੰਥ ਨਾਲ ਜੋੜਨਾ ਨਹੀਂ ਬਲਕਿ ਆਪਣੇ ਡੇਰੇ ਨਾਲ ਜੋੜਨਾ ਹੈ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨਾ ਤਾਂ ਇਨ੍ਹਾਂ ਦੀ ਕਾਰੋਬਾਰੀ ਲੋੜ ਹੈ।

ਹਾਂ ! ਕਈ ਵਾਰੀ ਆਪਣੀਆਂ ਕੱਚੀਆਂ ਧਾਰਨਾਂ ਦੀ ਵਿਆਖਿਆ ਲਈ ਇਹ ਗੁਰਬਾਣੀ ਦੀਆਂ ਪੰਕਤੀਆਂ ਦੀ ਵਰਤੋਂ ਜ਼ਰੁਰ ਕਰ ਲੈਂਦੇ ਹਨ। ਭਾਵ ਗੁਰਬਾਣੀ ਨੂੰ ਆਪਣੇ ਵਿਚਾਰਾਂ ਦੀ ਵਿਆਖਿਆ ਲਈ ਵਰਤਦੇ ਹਨ। ਭੋਲੀਆਂ-ਭਾਲੀਆਂ ਸੰਗਤਾਂ ਤਾਂ ਚਿਮਟਿਆਂ-ਢੋਲਕੀਆਂ ਦੀ ਧਾਂਹ-ਪਾਂ ਵਿੱਚ ਹੀ ਮਸਤ ਰਹਿੰਦੀਆਂ ਹਨ, ਉਨ੍ਹਾਂ ਨੂੰ ਕੀ ਪਤਾ ਕਿ ਕਿੱਡਾ ਅਨਰਥ ਕੀਤਾ ਜਾ ਰਿਹਾ ਹੈ? ਮੈਨੂੰ ਇਸ ਨਾਲ ਸਬੰਧਤ ਆਪਣੇ ਨਿਜੀ ਜੀਵਨ ’ਚੋਂ ਇਕ ਗੱਲ ਯਾਦ ਆਈ ਹੈ। ਬਹੁਤ ਪੁਰਾਣੀ ਗੱਲ ਹੈ, ਕੋਈ ਗੁਰਪੁਰਬ ਨੇੜੇ ਆਉਣ ਵਾਲਾ ਸੀ, ਉਸ ਸੰਧਰਭ ਵਿੱਚ ਪ੍ਰਭਾਤ ਫੇਰੀਆਂ ਨਿਕਲ ਰਹੀਆਂ ਸਨ। ਇਕ ਦਿਨ ਮੈਨੂੰ ਵੀ ਚਾਅ ਆਇਆ ਕਿ ਅੰਮ੍ਰਿਤਵੇਲੇ ਗੁਰਬਾਣੀ ਦਾ ਅਨੰਦ ਮਾਣਿਆ ਜਾਵੇ, ਸੋ ਮੈਂ ਵੀ ਪ੍ਰਭਾਤ ਫੇਰੀ ਵਿੱਚ ਸ਼ਾਮਲ ਹੋਣ ਲਈ ਚਲਾ ਗਿਆ। ਜਿਸ ਵੇਲੇ ਗੁਰਦੁਆਰੇ ਤੋਂ ਚਲਣ ਲਗੇ, ਇਕ ਬਹੁਤ ਸੁਹਣੇ ਗੁਰਸਿੱਖੀ ਸਰੂਪ ਵਾਲੇ ਵੀਰ ਨੇ ਢੋਲਕੀ ਆਪਣੇ ਗਲੇ ਵਿੱਚ ਪਾ ਲਈ ਤੇ ਉਥੋਂ ਤੁਰਦੇ ਹੀ ਇਹ ਧਾਰਨਾ ਲਾ ਲਈ, ‘ਕੀੜੀ ਜੇ ਨਾ ਬਣਦੋਂ ਰਾਮਾਂ ਤਾਂ ਪ੍ਰਹਿਲਾਦ ਡੋਲ ਜਾਂਦਾ’। ਉਹ ਬਾਰ-ਬਾਰ ਇਹ ਪੰਕਤੀ ਅਤੇ ਇਸ ਨਾਲ ਜੋੜੀਆਂ ਇਕ ਦੋ ਹੋਰ ਪੰਕਤੀਆਂ ਰਟਦਾ ਤੇ ਪਿਛੇ ਬੜੀ ਮਸਤੀ ਨਾਲ ਸੰਗਤਾਂ ਰਟੀ ਜਾਂਦੀਆਂ। ਮੈਂ ਹੈਰਾਨ ਹੋ ਰਿਹਾ ਸਾਂ ਕਿ ਇਤਨੀਆਂ ਸੰਗਤਾਂ ’ਚੋਂ ਕਿਸੇ ਨੂੰ ਵੀ ਇਹ ਸੋਝੀ ਨਹੀਂ ਹੈ ਕਿ ਅਸੀਂ ਜੋ ਰਟ ਰਹੇ ਹਾਂ ਇਹ ਗੁਰਬਾਣੀ ਨਹੀਂ ਹੈ। ਉਸ ਤੋਂ ਬਾਅਦ ਉਸ ਵੀਰ ਨੇ ਗੁਰਬਾਣੀ ਵਿੱਚੋਂ ਕੁਝ ਪ੍ਰਮਾਣ ਦੇਣੇ ਸ਼ੁਰੂ ਕਰ ਦਿੱਤੇ:

ਭਗਤਾ ਦੀ ਸਦਾ ਤੂ ਰਖਦਾ ਹਰਿ ਜੀਉ ਧੁਰਿ ਤੂ ਰਖਦਾ ਆਇਆ ॥ ਪ੍ਰਹਿਲਾਦ ਜਨ ਤੁਧੁ ਰਾਖਿ ਲਏ ਹਰਿ  ਜੀਉ ਹਰਣਾਖਸੁ ਮਾਰਿ ਪਚਾਇਆ ॥”(ਪੰਨਾ 637) ਅਤੇ..
ਦੁਸਟ ਸਭਾ ਮਹਿ ਮੰਤ੍ਰੁ ਪਕਾਇਆ ॥ ਪ੍ਰਹਲਾਦ ਕਾ ਰਾਖਾ ਹੋਇ ਰਘੁਰਾਇਆ ॥” (ਪੰਨਾ 1133) ਆਦਿ..

ਮੈਨੂੰ ਕੁਝ ਵਧੇਰੇ ਹੈਰਾਨਗੀ ਹੋਈ ਕਿ ਇਸ ਵੀਰ ਨੂੰ ਗੁਰਬਾਣੀ ਦੀਆਂ ਕਿਤਨੀਆਂ ਪੰਕਤੀਆਂ ਵੀ ਯਾਦ ਨੇ ਪਰ ਉਸ ਦੇ ਬਾਵਜੂਦ ਵੀ ਟੇਕ ਕੱਚੀਆਂ ਤੁਕਬੰਦੀਆਂ ਦੀ ਲੈ ਰਿਹਾ ਹੈ। ਸੋਚਿਆ ਪਹਿਲੀ ਵਾਰੀ ਹੈ, ਕੁਝ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਵੇ, ਸ਼ਾਇਦ ਕੁਝ ਅਸਰ ਹੋ ਜਾਵੇ?

ਮੈਂ ਪ੍ਰੋਗਰਾਮ ਦੀ ਸਮਾਪਤੀ ਤੇ ਉਸ ਵੀਰ ਨੂੰ ਅਲੱਗ ਲਿਜਾ ਕੇ ਬੜੀ ਨਿਮਰਤਾ ਨਾਲ ਬੇਨਤੀ ਕੀਤੀ ਕਿ ਸਤਿਗੁਰੂ ਸਾਨੂੰ ਸਮਝਾਉਂਦੇ ਹਨ ਕਿ ‘ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆ ਸਿਰਿ ਬਾਣੀ ॥’। ਫਿਰ ਅਸੀਂ ਕਚੀਆਂ ਧਾਰਨਾ ਕਿਉਂ ਲਾ ਰਹੇ ਹਾਂ? ਉਹ ਵੀਰ ਬੜੇ ਗੁੱਸੇ ਨਾਲ ਬੋਲਿਆ, “ਭਾਈ ਸਾਬ੍ਹ, ਅਸੀਂ ਤਾਂ ਇੰਝ ਹੀ ਗਾਂਦੇ ਹਾਂ, ਇਹ ਅਸੀਂ ਆਪਣੇ ਮਹਾਂ-ਪੁਰਖਾਂ ਕੋਲੋਂ ਸਿੱਖਿਆ ਹੈ। ਫੇਰ ਗੁਰੂ ਦੀ ਵਡਿਆਈ ਹੀ ਤਾਂ ਗਾ ਰਹੇ ਹਾਂ, ਕੀ ਫਰਕ ਪੈ ਗਿਆ?

ਮੈਂ ਆਪਣੇ ਤੇ ਸੰਜਮ ਰਖਦੇ ਹੋਏ ਉਸੇ ਨਿਮਰਤਾ ਨਾਲ ਕਿਹਾ ਕਿ ਵੀਰ ਜੀ ਸਿਧਾਂਤਕ ਤੌਰ ’ਤੇ ਤਾਂ ਬਹੁਤ ਫਰਕ ਪੈ ਗਿਆ, ਕਿਉਂਕਿ ਗੁਰਬਾਣੀ ਦੇ ਜਿਸ ਸ਼ਬਦ ਵਿੱਚੋਂ ਪ੍ਰਮਾਣ ਤੁਸੀਂ ਦਿੱਤਾ ਹੈ, ਉਸੇ ਸ਼ਬਦ ਵਿੱਚ ਸਤਿਗੁਰੂ ਅੱਗੋਂ ਕਹਿੰਦੇ ਹਨ, “ਪ੍ਰਹਲਾਦੁ ਦੁਬਿਧਾ ਨ ਪੜੈ ਹਰਿ ਨਾਮੁ ਨ ਛੋਡੈ ਡਰੈ ਨ ਕਿਸੈ ਦਾ ਡਰਾਇਆ ॥ ਸੰਤ ਜਨਾ ਕਾ ਹਰਿ ਜੀਉ ਰਾਖਾ ਦੈਤੈ ਕਾਲੁ ਨੇੜਾ ਆਇਆ ॥” (ਪੰਨਾ 1133)। ਜਿਸ ਦਾ ਭਾਵ ਹੈ ਕਿ ਪ੍ਰਹਲਾਦ ਨੂੰ ਅਕਾਲ-ਪੁਰਖ ’ਤੇ ਪੂਰਨ ਭਰੋਸਾ ਹੋ ਚੁੱਕਾ ਸੀ ਅਤੇ ਉਸ ਦੇ ਅਗੰਮੀ ਰੰਗ ਵਿੱਚ ਰੰਗ ਕੇ ਉਹ ਪੂਰਨ ਨਿਰਭਉ ਹੋ ਚੁੱਕਾ ਸੀ ਅਤੇ ਕਿਸੇ ਦਾ ਡਰਾਇਆ ਨਹੀਂ ਡਰਿਆ, ਪੂਰੀ ਤਰ੍ਹਾਂ ਅਡੋਲ ਰਿਹਾ। ਜਦਕਿ ਤੁਹਾਡੀ ਟੇਕ ਵਾਲੀ ਪੰਕਤੀ, ‘ਕੀੜੀ ਜੇ ਨਾ ਬਣਦੋਂ ਰਾਮਾ ਤਾਂ ਪ੍ਰਹਿਲਾਦ ਡੋਲ ਜਾਂਦਾ’, ਇਸ ਬ੍ਰਾਹਮਣੀ ਵਿਚਾਰਧਾਰਾ ਅਨੁਸਾਰ ਹੈ, ਕਿ ਪ੍ਰਹਿਲਾਦ ਨੂੰ ਤਪਦੇ ਥੰਮ ਨੂੰ ਜਫਾ ਮਾਰਨ ਲਿਆ ਕਿਹਾ ਗਿਆ ਤਾਂ ਉਹ ਘਬਰਾ ਗਿਆ ਅਤੇ ਰਾਮ ਜੀ ਆਪਣੇ ਭਗਤ ਨੂੰ ਘਬਰਾਇਆ ਵੇਖ ਕੇ ਉਸ ਥੰਮ ਉਤੇ ਕੀੜੀ ਬਣ ਕੇ ਤੁਰਨ ਲਗ ਪਏ। ਪ੍ਰਹਿਲਾਦ ਨੇ ਉਸ ਕੀੜੀ ਨੂੰ ਵੇਖਿਆ ਤਾਂ ਉਹ ਸਮਝ ਗਿਆ ਕਿ ਥੰਮ ਠੰਡਾ ਹੈ, ਨਹੀਂ ਤਾਂ ਉਸ ਨੇ ਡੋਲ ਜਾਣਾ ਸੀ। ਫਿਰ ਗੁਰਬਾਣੀ ਦੀ ਇਹ ਪੰਕਤੀ ਵੀ ਅਤੇ ਗੁਰਬਾਣੀ ਦੇ ਜੋ ਪ੍ਰਮਾਣ ਤੁਸੀਂ ਦਿੱਤੇ ਹਨ, ਇਹ ਦ੍ਰਿੜ ਕਰਾਉਂਦੇ ਹਨ ਕਿ ਪ੍ਰਹਲਾਦ ਨੂੰ ਅਕਾਲ-ਪੁਰਖ ’ਤੇ ਪੂਰਨ ਵਿਸ਼ਵਾਸ ਸੀ ਅਤੇ ਉਸੇ ਨੇ ਆਪ ਆਪਣੇ ਭਗਤ ਦੀ ਰਖਿਆ ਕੀਤੀ, ਇਸ ਲਈ ਜੋ ਧਾਰਨਾ ਤੁਸੀਂ ਲਾਈ ਹੈ ਉਹ ਗੁਰਮਤਿ ਅਨੁਸਾਰ ਨਹੀਂ ਹੈ। ਜੇ ਇਹ ਫਰਕ ਨਾ ਵੀ ਹੋਵੇ ਤਾਂ ਜਦ ਸਤਿਗੁਰੂ ਦਾ ਆਦੇਸ਼ ਹੈ, “ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ॥ ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥” (ਪੰਨਾ 920), ਫਿਰ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਛੱਡ ਕੇ ਬਾਹਰ ਕਿਵੇਂ ਜਾ ਸਕਦੇ ਹਾਂ?

ਪਤਾ ਨਹੀਂ ਉਸ ਵੀਰ ਦਾ ਧਿਆਨ ਮੇਰੀਆਂ ਗੱਲਾਂ ਵੱਲ ਹੈ ਵੀ ਸੀ ਕਿ ਨਹੀਂ, ਕਿਉਂਕਿ ਉਸ ਦੇ ਚਿਹਰੇ ਤੋਂ ਸਾਫ ਪਤਾ ਲੱਗ ਰਿਹਾ ਸੀ ਕਿ ਉਹ ਬਹੁਤ ਕਾਹਲਾ ਪੈ ਰਿਹਾ ਸੀ। ਮੇਰੇ ਚੁੱਪ ਕਰਦੇ ਹੀ ਬੜੇ ਗੁੱਸੇ ਨਾਲ ਬੋਲਿਆ, “ਸਰਦਾਰ ਜੀ, ਸਾਰੀ ਸਮਝ ਤੁਹਾਡੇ ਕੋਲ ਹੀ ਆ ਗਈ ਹੈ, ਇਤਨਾ ਜਪੁ, ਤਪੁ ਕਰਨ ਵਾਲੇ ਮਹਾਂ-ਪੁਰਖਾਂ ਨੂੰ ਤਾਂ ਇਹ ਸਮਝ ਹੈ ਨਹੀਂ। ਕਿਰਪਾ ਕਰ ਕੇ ਤੁਸੀਂ ਆਪਣੀ ਇਹ ਸਮਝ ਆਪਣੇ ਤੱਕ ਹੀ ਰਖੋ”, ਕਹਿੰਦਾ ਹੋਇਆ ਉਹ ਪਰਲੇ ਪਾਸੇ ਮੂੰਹ ਕਰਕੇ ਤੁਰ ਗਿਆ। ਮੈਂ ਕਹਿੰਦਾ ਹੀ ਰਹਿ ਗਿਆ ਕਿ ‘ਇਹ ਮੇਰੀ ਸੋਚ ਨਹੀਂ ਹੈ, ਇਹ ਤਾਂ ਮੇਰੇ ਸਤਿਗੁਰੂ ਦੀ ਬਾਣੀ ਹੈ। ਉਹੀ ਅਨੰਦ ਬਾਣੀ ਜਿਸ ਨੂੰ ਰੋਜ਼ ਰਟੀ ਜਾ ਰਹੇ ਹੋ।’

ਉਸ ਨੂੰ ਰੋਕਣ ਦਾ ਕੋਈ ਫਾਇਦਾ ਵੀ ਨਹੀਂ ਸੀ ਕਿਉਂਕਿ ਜਿਸ ਨੂੰ ਗੁਰੂ ਗ੍ਰੰਥ ਸਾਹਿਬ ਪਾਤਿਸ਼ਾਹ ਨਾਲੋਂ ਆਪਣੇ ਕਿਸੇ ਅਖੌਤੀ ਮਹਾਂ-ਪੁਰਖ ਉਤੇ ਵਧੇਰੇ ਵਿਸ਼ਵਾਸ ਹੋਵੇ, ਉਸ ਨਾਲ ਬਹਿਸਣ ਤੋਂ ਕੀ ਲਾਭ? ਇਨ੍ਹਾਂ ਅਖੌਤੀ ਸੰਤਾਂ ਦੇ ਪ੍ਰੋਗਰਾਮਾਂ ਵਿੱਚ ਇਕੱਤਰ ਹੁੰਦੀਆਂ ਭੀੜਾਂ ਨੂੰ ਜੇ ਗੁਰੁ ਗ੍ਰੰਥ ਸਾਹਿਬ ’ਤੇ ਵਿਸ਼ਵਾਸ ਹੋਵੇ ਤਾਂ ਉਨ੍ਹਾਂ ਨੂੰ ਸਤਿਗੁਰੂ ਦੇ ਇਹ ਬਚਨ ਵੀ ਸੁਣਾਈ ਦੇ ਜਾਣ, ‘ਕਹਦੇ ਕਚੇ ਸੁਣਦੇ ਕਚੇ ਕਚੀ ਆਖਿ ਵਖਾਣੀ ॥’ (ਪੰਨਾ 920) ਤੇ ਕਚੇ ਬਣਨ ਲਈ ਉਥੇ ਜਾਣ ਦੀ ਭੁੱਲ ਨਾ ਕਰਨ।

ਇਹ ਵੀ ਇਨ੍ਹਾਂ ਅਖੌਤੀ ਸੰਤਾਂ ਦੀ ਬਹੁਤ ਵੱਡੀ ਕਾਮਯਾਬੀ ਹੈ ਕਿ ਉਨ੍ਹਾਂ ਬਹੁਤੀ ਸਿੱਖ ਕੌਮ ਨੂੰ ਕੇਵਲ ਗਰੁਬਾਣੀ ਦੇ ਮੰਤਰ ਰਟਨ ’ਤੇ ਲਾ ਦਿੱਤਾ ਹੈ। ਨਾ ਸਿੱਖ ਗੁਰਬਾਣੀ ਨੂੰ ਗੁਰੂ ਉਪਦੇਸ਼ ਸਮਝ ਕੇ ਵਿਚਾਰਨ ਤੇ ਸਮਝਣ, ਤੇ ਨਾ ਉਨ੍ਹਾਂ ਨੂੰ ਗੁਰਮਤਿ ਦੀ ਸੋਝੀ ਆਵੇ। ਉਨ੍ਹਾਂ ਡੇਰੇਦਾਰਾਂ ’ਤੇ ਗਿਲਾ ਕਰਨਾ ਬਣਦਾ ਵੀ ਨਹੀਂ ਕਿਉਂਕਿ ਇਹ ਉਨ੍ਹਾਂ ਦਾ ਧੰਧਾ ਹੈ ਅਤੇ ਹਰ ਵਪਾਰੀ ਆਪਣੇ ਧੰਧੇ ਨੂੰ ਪ੍ਰਫੁਲਤ ਕਰਨ ਦੇ ਸਭ ਹੀਲੇ ਵਰਤਦਾ ਹੈ। ਸਮਝਣਾ ਤਾਂ ਉਸ ਗ੍ਰਾਹਕ ਨੂੰ ਚਾਹੀਦਾ ਹੈ ਜੋ ਉਥੇ ਜਾ ਕੇ ਲੁਟਿਆ ਜਾ ਰਿਹਾ ਹੈ।

ਗਿਲਾ ਤਾਂ ਉਨ੍ਹਾਂ ’ਤੇ ਹੈ, ਜਿਨ੍ਹਾਂ ਦਾ ਫਰਜ਼ ਕੌਮ ਨੂੰ ਸੁਚੇਤ ਕਰਨ ਦਾ ਸੀ। ਜਿਨ੍ਹਾਂ ਨੇ ਭੋਲੀਆਂ ਸੰਗਤਾਂ ਨੂੰ ਸੁਚੇਤ ਕਰਨਾ ਸੀ ਅਤੇ ਇਨ੍ਹਾਂ ਪਖੰਡੀਆਂ ਖਿਲਾਫ ਕਰੜੇ ਫੈਸਲੇ ਲੇਣੇ ਸੀ। ਉਹ ਧਾਰਮਿਕ ਅਤੇ ਸਿਆਸੀ ਨੇਤਾ ਤਾਂ ਕੁਝ ਆਪਣੇ ਨਿਜੀ ਜਾਂ ਸਿਆਸੀ ਹਿੱਤਾਂ ਕਾਰਨ ਆਪ ਇਨ੍ਹਾਂ ਦੇ ਡੇਰਿਆਂ ਅਤੇ ਪ੍ਰੋਗਰਾਮਾਂ ’ਤੇ ਜਾ ਕੇ ਇਨ੍ਹਾਂ ਨੂੰ ਮਾਨਤਾ ਦੇ ਰਹੇ ਹਨ। ਉਨ੍ਹਾਂ ਦੇ ਸਵਾਰਥ, ਗੁਰਮਤਿ ਅਤੇ ਕੌਮੀ ਹਿਤਾਂ ’ਤੇ ਬਹੁਤ ਭਾਰੀ ਪੈ ਗਏ ਹਨ।

ਸਤਿਗੁਰੂ ਦੇ ਪਾਵਨ ਆਦੇਸ਼ “ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ॥” ਦੀ ਅਣਦੇਖੀ ਸਾਡੇ ਬਹੁਤੇ ਰਾਗੀ ਅਤੇ ਪ੍ਰਚਾਰਕਾਂ ਦੁਆਰਾ ਬਚਿੱਤਰ ਨਾਟਕ ਪੁਸਤਕ ਦੀਆਂ ਕੁਝ ਰਚਨਾਵਾਂ ਦੀ ਵਰਤੋਂ ਕਰ ਕੇ ਵੀ ਕੀਤੀ ਜਾ ਰਹੀ ਹੈ। ਇਨ੍ਹਾਂ ਵਲੋਂ ਇਹ ਦਲੀਲ ਦਿੱਤੀ ਜਾਂਦੀ ਹੈ ਕਿ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਰਚਨਾ ਹੈ। ਅਸਲ ਵਿੱਚ ਇਨ੍ਹਾਂ ਵਿੱਚ ਵੀ ਦੋ ਤਰ੍ਹਾਂ ਦੇ ਲੋਕ ਹਨ:

• ਇਕ ਉਹ ਜੋ ‘ਬਚਿੱਤਰ ਨਾਟਕ’ ਨਾਂਅ ਦੀ ਪੂਰੀ ਪੁਸਤਕ ਨੂੰ ਗੁਰੂ ਗੋਬਿੰਦ ਸਿੰਘ ਸਹਿਬ ਕ੍ਰਿਤ ਮੰਨਦੇ ਹਨ।
• ਦੂਸਰੇ ਜੋ ਇਸ ਕਿਤਾਬ ਦੇ ਬਹੁਤੇ ਭਾਗ ਨੂੰ ਤਾਂ ਰੱਦ ਕਰਦੇ ਹਨ ਪਰ ਕੁਝ ਰਚਨਾਵਾਂ ਨੂੰ ਗੁਰੂ ਗੋਬਿੰਦ ਸਿੰਘ ਸਹਿਬ ਦੀ ਕ੍ਰਿਤ ਮੰਨਦੇ ਹਨ।

ਵੈਸੇ ਤਾਂ ਇਹ ਵਿਵਾਦ ਹੀ ਬਿਲਕੁਲ ਬੇਅਰਥ ਹੈ ਕਿਉਂਕਿ ਜਦ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਆਪ ਨਿਰਣਾਇਕ ਫੈਸਲਾ ਦੇ ਗਏ ਹਨ ਕਿ ਅੱਗੋਂ ਸਿੱਖ ਦਾ ਗੁਰੂ, ਗੁਰੂ ਗ੍ਰੰਥ ਸਾਹਿਬ ਪਾਤਿਸ਼ਾਹ ਹਨ ਤਾਂ ਸਾਨੂੰ ਹੋਰ ਕਿਸੇ ਪਾਸੇ ਝਾਕਣ ਦੀ ਗੁੰਜਾਇਸ਼ ਹੀ ਕਿਥੇ ਰਹਿ ਜਾਂਦੀ ਹੈ? ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਹੋਰ ਕਿਸੇ ਰਚਨਾ ਨੂੰ ਗੁਰਬਾਣੀ ਮੰਨਣਾ ਸਾਡਾ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਅਤੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਅਵਿਸ਼ਵਾਸ ਜ਼ਾਹਿਰ ਕਰਦਾ ਹੈ। ਪਰ ਇਹ ਕਸਵੱਟੀ ਤਾਂ ਉਨ੍ਹਾਂ ਵਾਸਤੇ ਹੈ ਜਿਨ੍ਹਾਂ ਨੂੰ ਸਤਿਗੁਰੂ ’ਤੇ ਪੂਰਨ ਵਿਸ਼ਵਾਸ ਹੈ, ਬਾਕੀ ਜਿਨ੍ਹਾਂ ਵਿੱਚ ਦੁਬਿਧਾ ਹੈ ਉਨ੍ਹਾਂ ਵਾਸਤੇ ਤਾਂ ਕੁਝ ਵਿਚਾਰਾਂ ਕਰਨੀਆਂ ਹੀ ਪੈਣਗੀਆਂ।
ਜੋ ਲੋਕ ਸਾਰੇ ਬਚਿੱਤ੍ਰ ਨਾਟਕ ਨੂੰ ਗੁਰੂ ਕ੍ਰਿਤ ਮੰਨਦੇ ਹਨ ਉਨ੍ਹਾਂ ਵਿੱਚ ਵੀ ਦੋ ਕਿਸਮ ਦੇ ਲੋਕ ਹਨ। ਬਹੁਤਾਤ ਤਾਂ ਉਨ੍ਹਾਂ ਅਗਿਆਨੀ ਅਤੇ ਅੰਧਇਸ਼ਵਾਸੀ ਲੋਕਾਂ ਦੀ ਹੈ ਜੋ ਕੇਵਲ ਇਸ ਦੇ ਹੁਣ ਪ੍ਰਚਲਿਤ ਕਰ ਦਿੱਤੇ ਗਏ ਨਾਂਅ ‘ਦਸਮ ਗ੍ਰੰਥ’ ਤੋਂ ਹੀ ਭਾਵੁਕ ਹੋ ਜਾਂਦੇ ਹਨ ਕਿ ਇਹ ਦਸਵੇਂ ਪਾਤਿਸ਼ਾਹ ਦੀ ਬਾਣੀ ਹੈ, ਭਾਵੇਂ ਅੱਜ ਤੱਕ ਇਸ ਪੁਸਤਕ ਦੀ ਸ਼ਕਲ ਵੀ ਨਾ ਵੇਖੀ ਹੋਵੇ। ਉਂਝ ਸ਼ਕਲ ਵੇਖ ਵੀ ਲੈਣ ਤਾਂ ਕੋਈ ਖਾਸ ਫਰਕ ਨਹੀਂ ਪੈਣਾ ਕਿਉਂਕਿ ਐਸੇ ਲੋਕਾਂ ਨੇ ਅੱਜ ਤੱਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਹੀ ਸਮਝਣ ਵਿਚਾਰਣ ਦੀ ਕੋਸ਼ਿਸ਼ ਨਹੀਂ ਕੀਤੀ। ਉਨ੍ਹਾਂ ਵਾਸਤੇ ਤਾਂ ਗੁਰਬਾਣੀ ਕੇਵਲ ਮੰਤਰ ਹੈ। ਉਨ੍ਹਾਂ ਵਾਸਤੇ ਹਿੰਦੂ ਧਰਮ ਨਾਲੋਂ ਸਿੱਖ ਕੌਮ ਦਾ ਸਿਧਾਂਤਕ ਨਿਵੇਕਲਾਪਨ ਕੇਵਲ ਇਤਨਾ ਹੈ ਕਿ ਸਿੱਖ ਨੇ ਹਿੰਦੂ ਗ੍ਰੰਥਾਂ, ਸ਼ਾਸਤਰਾਂ ਦੇ ਮੰਤ੍ਰਾਂ ਦਾ ਰਟਨ ਨਹੀਂ ਕਰਨਾ, ਉਸ ਦੀ ਜਗ੍ਹਾ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਰਟਨ ਕਰਨਾ ਹੈ। ਉਨ੍ਹਾਂ ਵਾਸਤੇ ਸਿੱਖੀ ਦੇ ਨਾਂਅ ’ਤੇ ਹੋਰ ਗ੍ਰੰਥ ਪ੍ਰਕਾਸ਼ ਦਿਓ, ਉਸ ਦਾ ਮੰਤਰ ਰੱਟ ਲੈਣਗੇ ਜਾਂ ਜਿਵੇਂ ਗੁਰੂ ਗ੍ਰੰਥ ਸਾਹਿਬ ਨੂੰ ਕੇਵਲ ਮਥਾ ਟੇਕ ਕੇ ਜਾਂ ਰੁਮਾਲਾ ਭੇਟ ਕਰ ਕੇ ਤੁਰ ਜਾਂਦੇ ਹਨ, ਇਸ ਗ੍ਰੰਥ ਨੂੰ ਮੱਥਾ ਟੇਕ ਦੇਣਗੇ। ਫਿਰ ਜੇ ਉਸ ਗ੍ਰੰਥ ਨਾਲ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦਾ ਨਾਂਅ ਜੋੜ ਦਿੱਤਾ ਜਾਵੇ ਤਾਂ ਫਿਰ ਕੋਈ ਦਲੀਲ ਸੁਣਨ ਦੀ ਗੁੰਜਾਇਸ਼ ਵੀ ਨਹੀਂ ਰਹਿੰਦੀ।

ਇਸ ਸ਼੍ਰੇਣੀ ਵਿੱਚ ਆਉਂਦੇ ਦੂਸਰੇ ਲੋਕ ਇਕ ਮਕਸਦ ਤਹਿਤ ਇਸ ਨਾਲ ਜੁੜੇ ਹਨ। ਬੇਸ਼ਕ ਇਨ੍ਹਾਂ ਵਿੱਚ ਕੁਝ ਉਘੇ ਵਿਦਵਾਨ ਵੀ ਹਨ, ਪਰ ਵਿਸ਼ੇਸ਼ ਤੌਰ ’ਤੇ ਕੁਝ ਉਹ ਹਨ ਜਿਨ੍ਹਾਂ ਨੂੰ ਪੰਥ ਦੋਖੀ ਸ਼ਕਤੀਆਂ ਵਲੋਂ ਆਪਣੇ ਪੱਖ ਵਿੱਚ ਕਰ ਲਿਆ ਗਿਆ ਹੈ। ਇਹ ਪੱਖ ਵਿੱਚ ਹੋਣ ਦੇ ਕਈ ਨਿਜੀ ਕਾਰਨ ਹੁੰਦੇ ਹਨ, ਜਿਨ੍ਹਾਂ ਨੂੰ ਵਿਚਾਰਨਾ ਇਸ ਲੇਖ ਦਾ ਮਕਸਦ ਨਹੀਂ। ਵੈਸੇ ਵੀ ਬਹੁਤੀਆਂ ਸੂਝਵਾਨ ਸਿੱਖ ਸੰਗਤਾਂ ਇਨ੍ਹਾਂ ਕਾਰਨਾ ਨੂੰ ਸਮਝਦੀਆਂ ਹਨ। ਉਨ੍ਹਾਂ ਦਾ ਤਾਂ ਮਿਸ਼ਨ ਹੀ ਕਿਸੇ ਤਰ੍ਹਾਂ ਇਸ ਪੋਥੇ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਸਥਾਪਤ ਕਰਨਾ ਹੈ। ਇਨ੍ਹਾਂ ਵਿੱਚ ਬਹੁਤਾਤ ਡੇਰੇਦਾਰਾਂ ਦੀ ਹੈ, ਜਿਨ੍ਹਾਂ ਦੀ ਇਕ ਵੱਡੀ ਸਮੱਸਿਆ ਇਹ ਵੀ ਹੈ ਕਿ ਉਨ੍ਹਾਂ ਦੇ ਵੱਡੇ ਬਾਬੇ ਇਸ ਨੂੰ ਮਾਨਤਾ ਦੇਂਦੇ ਰਹੇ ਅਤੇ ਇਸ ਦੇ ਕੁਝ ਭਾਗਾਂ ਦੀ ਕਥਾ ਕਰਦੇ ਰਹੇ ਹਨ। ਹੁਣ ਉਹ ਇਸ ਦੀ ਮਾਨਤਾ ਕਿਵੇਂ ਖਤਮ ਕਰ ਦੇਣ, ਕਿਉਂਕਿ ਉਨ੍ਹਾਂ ਦੀ ਤਾਂ ਦੁਕਾਨਦਾਰੀ ਹੀ ਵੱਡੇ ਅਖੌਤੀ ਮਹਾਂਪੁਰਖਾਂ ਦੇ ਨਾਂਅ ’ਤੇ ਚਲਦੀ ਹੈ? ਫਿਰ ਉਹ ਸ਼ਕਤੀਆਂ ਜਿਹੜੀਆਂ ਇਸ ਪੋਥੇ ਨੂੰ ਪੰਥ ਵਿੱਚ ਘੁਸੇੜਣ ਦੀ ਕੋਸ਼ਿਸ਼ ਕਰ ਰਹੀਆਂ ਹਨ, ਉਹੀ ਇਨ੍ਹਾਂ ਡੇਰਿਆਂ ਦੀ ਪ੍ਰਫੁਲਤਾ ਦੇ ਪਿੱਛੇ ਹਨ। ਇਸ ਲਈ ਇਨ੍ਹਾਂ ਦਾ ਮੂਲ ਇਕੋ ਹੈ।

ਇਨ੍ਹਾਂ ਵਿੱਚ ਕੁਝ ਵਿਦਵਾਨ ਆਪਣੀ ਹਉਮੈਂ ਦੇ ਕਾਰਨ ਉਲਝੇ ਹੋਏ ਹਨ ਕਿ ਪਹਿਲਾਂ ਉਹ ਇਸ ਕਿਤਾਬ ਦੀ ਪ੍ਰਮਾਣਿਕਤਾ ਦੇ ਹੱਕ ਵਿੱਚ ਲੇਖ ਲਿਖਦੇ ਰਹੇ ਅਤੇ ਭਾਸ਼ਨ ਦੇਂਦੇ ਰਹੇ, ਹੁਣ ਉਹ ਆਪਣੇ ਵਿਚਾਰ ਕਿਵੇਂ ਬਦਲ ਦੇਣ? ਇਹ ਉਹ ਹਨ, ਜਿਨ੍ਹਾਂ ਨੂੰ ਸੱਚ ਵੇਖ ਕੇ ਵੀ ਨਜ਼ਰ ਨਹੀਂ ਆਉਂਦਾ। ਤੁਸੀਂ ਕਿਸੇ ਸੁੱਤੇ ਨੂੰ ਤਾਂ ਜਗਾ ਲਓਗੇ, ਪਰ ਮਚਲੇ ਨੂੰ ਕਿਵੇਂ ਜਗਾ ਸਕਦੇ ਹੋ? ਐਸੇ ਵਿਦਵਾਨਾਂ ਵਿੱਚੋਂ ਬਹੁਤ ਸੂਝਵਾਨ ਅਤੇ ਜੁਰਅਤ ਵਾਲੇ ਤਾਂ ਇਸ ਪੋਥੇ ਦੀ ਗਹਿਰਾਈ ਨਾਲ ਘੋਖ ਕਰਨ ਤੋਂ ਬਾਅਦ ਪੂਰਨ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਵਿੱਚ ਮੁੜ ਆਏ ਹਨ ਪਰ ਕੁਝ ਐਸੇ ਹਨ ਜੋ ਅਜੇ ਵੀ ਆਪਣੀ ਹਉਮੈਂ ਦੇ ਛੱਜੇ ਦੇ ਭਾਰ ਥੱਲੇ ਦੱਬੇ ਹੋਏ ਹਨ।

ਦੂਸਰੇ ਹਿੱਸੇ ਵਿੱਚ ਉਹ ਆਉਂਦੇ ਹਨ ਜੋ ਬਚਿੱਤਰ ਨਾਟਕ ਪੁਸਤਕ ਦੇ ਕੁਝ ਭਾਗ ਨੂੰ ਰੱਦ ਕਰਦੇ ਹਨ ਪਰ ਇਸ ਦੀਆਂ ਕੁਝ ਰਚਨਾਵਾਂ ਨੂੰ ਗੁਰੂ ਕ੍ਰਿਤ ਮੰਨਦੇ ਹਨ। ਇਨ੍ਹਾਂ ਵਿੱਚ ਵੀ ਦੋ ਸ਼੍ਰੇਣੀਆਂ ਬਣ ਗਈਆਂ ਹਨ। ਇਕ ਉਹ ਜੋ ਇਸ ਦੇ ਅਤਿ ਅਸ਼ਲੀਲ ਰੂਪ ਨੂੰ ਵੇਖ ਕੇ ਕੇਵਲ ਤ੍ਰਿਆ ਚਰਿਤ੍ਰ ਭਾਗ, ਜੋ ਇਸ ਪੋਥੇ ਦਾ ਤਕਰੀਬਨ ਅੱਧ ਹੈ, ਨੂੰ ਰੱਦ ਕਰਦੇ ਹਨ ਪਰ ਬਾਕੀ ਨੂੰ ਗੁਰੂ ਕ੍ਰਿਤ ਮੰਨਦੇ ਹਨ। ਦੂਸਰੇ ਉਹ ਜੋ ਇਸ ਦੀਆਂ ਉਹ ਰਚਨਾਵਾਂ ਜਿਨ੍ਹਾਂ ਨੂੰ ਸਿੱਖ ਰਹਿਤ ਮਰਿਯਾਦਾ ਤਿਆਰ ਕਰਨ ਵੇਲੇ, ਨਿਤਨੇਮ ਦੀਆ ਬਾਣੀਆਂ ਦੇ ਤੌਰ ’ਤੇ ਮਾਨਤਾ ਦੇ ਦਿੱਤੀ ਗਈ ਅਤੇ ਕੁਝ ਜੋ ਅੰਮ੍ਰਿਤ ਕੀਰਤਨ ਵਿੱਚ ਛਪ ਗਈਆਂ, ਅਤੇ ਲੰਬੇ ਸਮੇਂ ਤੋਂ ਪ੍ਰਚਲਤ ਹਨ, ਨੂੰ ਗੁਰੂ ਕ੍ਰਿਤ ਮੰਨਦੇ ਹਨ, ਬਾਕੀ ਸਾਰੇ ਨੂੰ ਰੱਦ ਕਰਦੇ ਹਨ। ਇਹ ਇਨ੍ਹਾਂ ਰਚਨਾਵਾਂ ਪ੍ਰਤੀ ਅਕਸਰ ਬਹੁਤ ਭਾਵੁਕ ਹੋ ਜਾਂਦੇ ਹਨ, ਜੋ ਹੈ ਵੀ ਸੁਭਾਵਕ। ਜਿਨ੍ਹਾਂ ਰਚਨਾਵਾਂ ਨੂੰ ਹੋਸ਼ ਸੰਭਾਲਣ ਤੋਂ ਲੈ ਕੇ ਅੱਜ ਤੱਕ ਇਤਨੀ ਸ਼ਰਧਾ ਨਾਲ ਪੜ੍ਹਦੇ ਰਹੇ, ਉਨ੍ਹਾਂ ਨੂੰ ਰੱਦ ਕਰਨ ਵਿੱਚ ਤਕਲੀਫ ਤਾਂ ਬਹੁਤ ਹੋਵੇਗੀ। ਮਾਨਸਿਕ ਤੌਰ ’ਤੇ ਕੰਨ ਤਾਂ ਉਨ੍ਹਾਂ ਵਿਰੁਧ ਸੁਣਨਾ ਵੀ ਨਹੀਂ ਚਾਹੁੰਦੇ। ਮੈਨੂੰ ਇਹ ਲਿਖਣ ਵਿੱਚ ਕੋਈ ਸੰਗ ਨਹੀਂ ਕਿ ਮੈਂ ਆਪ ਵੀ ਇਸ ਪੀੜਾ ਵਿੱਚੋਂ ਗੁਜ਼ਰਿਆ ਹਾਂ।

ਇਸ ਗੱਲ ਨੂੰ ਮਾਨਤਾ ਦੇਣ ਵਾਲਿਆਂ ਵਿੱਚ ਕੁਝ ਸੰਸਥਾਵਾਂ ਅਤੇ ਵਿਅਕਤੀ ਤਾਂ ਐਸੇ ਹਨ, ਜਿਨ੍ਹਾਂ ਅੱਗੋਂ ਲਈ ਆਪਣੇ ਦਰਵਾਜ਼ੇ ਪੂਰੀ ਤਰ੍ਹਾਂ ਬੰਦ ਕਰ ਲਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਤਾਂ ਆਪਣਾ ਨਿਰਣਾ ਕਰ ਲਿਆ ਹੈ, ਅਸੀਂ ਇਨ੍ਹਾਂ ਬਾਣੀਆਂ ਨੂੰ ਮਾਨਤਾ ਦੇਂਦੇ ਹਾਂ ਅਤੇ ਬਾਕੀਆਂ ਨੂੰ ਰੱਦ ਕਰਦੇ ਹਾਂ, ਬਸ। ਗਿਆਨ ਅਧਾਰਤ ਸੰਸਥਾਵਾਂ ਜਾਂ ਵਿਅਕਤੀਆਂ ਵੱਲੋਂ ਐਸੇ ਫੈਸਲੇ ਲੈਣਾ ਯਾ ਇਹ ਗੱਲ ਕਹਿਣਾ ਅਤਿ ਦੁਖਦਾਈ ਅਤੇ ਹਾਸੋਹੀਣਾ ਲਗਦਾ ਹੈ, ਕਿਉਂਕਿ ਗਿਆਨ ਦੇ ਚਾਨਣ ਵਾਸਤੇ ਤਾਂ ਸਿੱਖ ਦੇ ਦਰਵਾਜ਼ੇ ਹਮੇਸ਼ਾਂ ਖੁਲ੍ਹੇ ਰਹਿਣੇ ਚਾਹੀਦੇ ਹਨ। ਬੇਸ਼ਕ ਇਨ੍ਹਾਂ ਵਿੱਚ ਕੁਝ ਸੁਹਿਰਦ ਵਿਦਵਾਨ ਵੀ ਹਨ, ਜੋ ਕਹਿੰਦੇ ਹਨ ਕਿ ਉਹ ਇਨ੍ਹਾਂ ਰਚਨਾਵਾਂ ਨੂੰ ਗੁਰਮਤਿ ਦੀ ਕਸਵੱਟੀ ’ਤੇ ਪਰਖਣਾ ਚਾਹੁੰਦੇ ਹਨ। ਇਹ ਇਕ ਬਹੁਤ ਚੰਗੀ ਭਾਵਨਾ ਹੈ ਪਰ ਇਥੇ ਇਹ ਵੀ ਵੇਖਣਾ ਪਵੇਗਾ ਕਿ ਸਾਡੇ ਵਾਸਤੇ ਗੁਰਮਤਿ ਦੀਆਂ ਕਸਵੱਟੀਆਂ ਕੀ ਹਨ?

ਆਓ! ਗੁਰੂ ਸਾਹਿਬਾਨ ਵਲੋਂ ਗੁਰਬਾਣੀ ਉਚਾਰਣ ਲਈ ਵਰਤੇ ਕੁਝ ਮੂਲ ਸਿਧਾਂਤਾਂ ਦੀ ਗੱਲ ਕਰਦੇ ਹਾਂ:

• ਸਭ ਤੋਂ ਪਹਿਲਾਂ, ਗੁਰੂ ਗ੍ਰੰਥ ਸਾਹਿਬ ਵਿੱਚ ਪੂਰਨ ਆਸਥਾ ਰਖਣ ਵਾਲੇ ਸੂਝਵਾਨ ਗੁਰਸਿੱਖ ਵਾਸਤੇ ਇਤਨੀ ਦਲੀਲ ਹੀ ਬਹੁਤ ਹੈ ਕਿ ਇਹ ਰਚਨਾਵਾਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਨਹੀਂ ਹਨ। ਗੁਰੂ ਗ੍ਰੰਥ ਸਾਹਿਬ ਜੀ ਦੇ ਮੌਜੂਦਾ ਸਰੂਪ ਦਾ ਸੰਪਾਦਨ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨੇ ਆਪ ਸੰਨ 1705-6(ਈ:) ਵਿੱਚ ਦਮਦਮਾ ਸਾਹਿਬ ਵਿਖੇ ਕਰਵਾਇਆ। ਇਸ ਵਿੱਚ ਨੌਵੇਂ ਨਾਨਕ ਸਤਿਗੁਰੂ ਤੇਗ ਬਹਾਦਰ ਪਾਤਿਸ਼ਾਹ ਦੀ ਬਾਣੀ ਦਰਜ ਕਰਵਾ ਕੇ ਇਸ ਨੂੰ ਸੰਪੂਰਨਤਾ ਬਖਸ਼ੀ। ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਸੰਨ 1708 ਵਿੱਚ ਅਕਾਲ ਪਇਆਣਾ ਕਰ ਗਏ। ਜੇ ਸਤਿਗੁਰੂ ਨੇ ਕੋਈ ਬਾਣੀ ਉਚਾਰਣ ਕੀਤੀ ਸੀ ਤਾਂ ਜ਼ਰੂਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨ ਕਰਨ ਸਮੇਂ ਇਸ ਵਿੱਚ ਦਰਜ ਕਰ ਦੇਂਦੇ। ਗੁਰੂ ਗ੍ਰੰਥ ਸਾਹਿਬ ਵਿੱਚ ‘ਮਹਲਾ 10’ ਹੇਠ ਕੋਈ ਬਾਣੀ ਦਰਜ ਨਾ ਹੋਣਾ ਹੀ ਇਸ ਦਾ ਸਭ ਤੋਂ ਵੱਡਾ ਸਬੂਤ ਹੈ।

ਜਿਨ੍ਹਾਂ ‘ਮੈਂ ਨਾ ਮਾਨੂੰ’ ਦੀ ਸਹੁੰ ਖਾਧੀ ਹੋਵੇ, ਉਹ ਹਰ ਗੱਲ ਵਿੱਚ ਢੁੱਚਕਰਾਂ ਅਤੇ ਬਹਾਨੇ ਲਭਣੇ ਸ਼ੁਰੂ ਕਰ ਦੇਂਦੇ ਹਨ। ਐਸੀ ਹੀ ਇਕ ਢੁੱਚਕਰ ਇਸ ਦਲੀਲ ਦੇ ਤੋੜ ਵਜੋਂ ਵੀ ਦਿੱਤੀ ਜਾਂਦੀ ਹੈ ਕਿ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਅੰਦਰ ਇਤਨੀ ਨਿਮਰਤਾ ਸੀ ਕਿ ਉਹ ਆਪਣੀ ਬਾਣੀ ਹੋਰ ਗੁਰੂ ਸਾਹਿਬਾਨ ਦੇ ਬਰਾਬਰ ਨਹੀਂ ਸਨ ਦਰਜ ਕਰਨਾ ਚਾਹੁੰਦੇ।ਪਤਾ ਨਹੀਂ ਐਸੀ ਫੋਕੀਆਂ ਅਤੇ ਮੂਰਖਤਾ ਭਰਪੂਰ ਦਲੀਲਾਂ ਦੇ ਕੇ ਕੁਝ ਲੋਕ ਕੀ ਸਾਬਤ ਕਰਨਾ ਚਾਹੁੰਦੇ ਹਨ?

ਗੁਰੂ ਅਰਜਨ ਪਾਤਿਸ਼ਾਹ ਜੀ ਨੇ ਸੰਨ 1599 ਈ: ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਸ਼ੁਰੂ ਕੀਤਾ। ਇਹ ਕੰਮ ਸੰਨ 1604 ਵਿੱਚ ਸੰਪੂਰਨ ਹੋਇਆ। ਉਸ ਸਮੇਂ ਇਸ ਵਿੱਚ ਕੁਲ 5756 ਸ਼ਬਦ ਸਨ ਜਿਨ੍ਹਾਂ ਵਿੱਚੋਂ 4843 ਸ਼ਬਦ ਗੁਰੂ ਸਾਹਿਬਾਨ ਦੇ ਸਨ। ਇਨ੍ਹਾਂ ਵਿੱਚੋਂ 2218 ਸ਼ਬਦ ਇਕੱਲੇ ਗੁਰੂ ਅਰਜਨ ਸਾਹਿਬ ਦੇ ਸਨ। ਭਾਵ ਗੁਰੂ ਸਾਹਿਬਾਨ ਦੇ ਕੁੱਲ ਸ਼ਬਦਾਂ ਵਿੱਚੋਂ ਤਕਰੀਬਨ ਅੱਧ ਦੇ ਨੇੜੇ ਤੇੜੇ। ਇਸ ਦਾ ਮਤਲਬ ਤਾਂ ਇਹ ਹੋਇਆ ਕਿ ਇਹ ਦਲੀਲ ਦੇਣ ਵਾਲੇ ਗੁਰੂ ਅਰਜਨ ਪਾਤਿਸ਼ਾਹ ਉਤੇ ਇਹ ਇਲਜ਼ਾਮ ਲਾ ਰਹੇ ਹਨ ਕਿ ਉਨ੍ਹਾਂ ਵਿੱਚ ਬਹੁਤ ਹਉਮੈਂ ਸੀ। ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸੰਨ 1705-6(ਈ:) ਵਿੱਚ ਦਮਦਮਾ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦਾ ਮੌਜੂਦਾ ਸਰੂਪ, ਤਿਆਰ ਕਰਵਾਇਆ ਤਾਂ ਇਸ ਵਿੱਚ ਗੁਰੂ ਤੇਗ ਬਹਾਦਰ ਪਾਤਿਸ਼ਾਹ ਦੇ 115 ਸ਼ਬਦ ਦਰਜ ਕਰਵਾਏ, ਜਿਸ ਨਾਲ ਕੁਲ ਸ਼ਬਦਾਂ ਦੀ ਗਿਣਤੀ 5871 ਅਤੇ ਗੁਰੂ ਸਾਹਿਬਾਨ ਦੇ ਉਚਾਰਨ ਕੀਤੇ ਸ਼ਬਦਾਂ ਦੀ ਗਿਣਤੀ 4958 ਹੋ ਗਈ।

ਕੁਝ ਦਲੀਲਾਂ ਕੁਝ ਵਿਦਵਾਨਾਂ ਦੀਆਂ ਲਿਖਤਾਂ ’ਚੋਂ ਪਰਮਾਣ ਦੇਕੇ ਦਿੱਤੀਆਂ ਜਾਂਦੀਆਂ ਹਨ। ਮੈਂ ਇਕ ਇਕ ਦਲੀਲ ਨੂੰ ਲੈਣ ਦੀ ਬਜਾਏ ਇਕ ਸਮੂਹਕ ਗੱਲ ਕਰਨੀ ਚਾਹੁੰਦਾ ਹਾਂ। ਬਹੁਤੇ ਵਿਦਵਾਨ ਇਕ ਵਿਚਾਰਧਾਰਾ ਨੂੰ ਸਮਰਪਿਤ ਹੋ ਕੇ ਲਿਖਦੇ ਹਨ। ਪਿਛਲੇ ਕੁਝ ਸਮੇਂ ਇਕ ਪੱਕੀ ਧਾਰਨਾ ਬਣ ਗਈ ਸੀ ਕਿ ਇਸ ਕਿਤਾਬ ਵਿੱਚ ਕੁਝ ਰਚਨਾਵਾਂ ਜ਼ਰੂਰ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦੀਆਂ ਹਨ। ਜਿਸ ਵੇਲੇ ਕੋਈ ਵਿਦਵਾਨ ਇਕ ਪੱਕੀ ਧਾਰਨਾ(ਭਾਵੇਂ ਗਲਤ ਹੀ ਸਹੀ) ਲੈ ਕੇ ਚਲਦਾ ਹੈਂ ਤਾਂ ਉਸ ਨੂੰ ਠੀਕ ਠਹਰਾਉਣ ਲਈ ਬਥੇਰੀਆਂ ਦਲੀਲਾਂ ਤਿਆਰ ਕਰ ਲੈਂਦਾ ਹੈ। ਮੈਂ ਕਿਸੇ ਦੂਸਰੇ ਦੀ ਗੱਲ ਕੀ ਕਰਾਂ, ਜਦੋਂ ਤੱਕ ਆਪ ਵਿਚਾਰ ਕੇ ਵਿਸਥਾਰ ਨਾਲ ਨਹੀਂ ਸੀ ਪੜ੍ਹਿਆ, ਮੈਂ ਆਪ ਇਸੇ ਰੋਗ ਦਾ ਮਰੀਜ਼ ਰਿਹਾ ਹਾਂ। ਪਰ ਇਸ ਵਿੱਚ ਸਭ ਤੋਂ ਵੱਡੀ ਵਿਚਾਰਨ ਵਾਲੀ ਗੱਲ ਤਾਂ ਇਹ ਹੈ ਕਿ ਕੀ ਵਿਦਵਾਨਾਂ ਦੀਆਂ ਧਾਰਨਾਵਾਂ, ਗੁਰੂ ਗ੍ਰੰਥ ਸਾਹਿਬ ਦੀਆਂ ਸਿਧਾਂਤਕ ਕਸਵੱਟੀਆਂ ਨਾਲੋਂ ਉਪਰ ਹਨ?

ਇਨ੍ਹਾਂ ਵਿੱਚ ਇਕ ਵਿਸ਼ੇਸ਼ ਤੌਰ ’ਤੇ ਹੇਠਲੀਆਂ ਪੰਕਤੀਆਂ ਦਾ ਹਵਾਲਾ ਦਿੱਤਾ ਜਾਂਦਾ ਹੈ:

ਸਿਖਾਂ ਕੀਤੀ ਅਰਦਾਸ ਜੀ, ਨਾਲ ਚਾਹੀਏ ਮਿਲਾਇਆ।
ਬਚਨ ਕੀਤਾ; ਗ੍ਰੰਥ ਹੈ ਉਹ, ਇਹ ਅਸਾਡੀ ਖੇਡ।
ਨਾਲ ਨਾ ਮਿਲਾਇਆ ਆਹਾ ਪਿਆਰਾ, ਕੌਣ ਜਾਣੇ ਭੇਦ।

ਇਹ ਪੰਕਤੀਆਂ ਭਾਈ ਕੇਸਰ ਸਿੰਘ ਛਿੱਬਰ ਦੀਆਂ ਲਿਖੀਆਂ ਦੱਸੀਆਂ ਜਾਂਦੀਆਂ ਹਨ, ਅਤੇ ਕਿਹਾ ਜਾਂਦਾ ਹੈ ਕਿ ਉਹ ਗੁਰੂ ਪਾਤਿਸ਼ਾਹ ਦੇ ਸਮਕਾਲੀ ਸਨ। ਭਾਈ ਕੇਸਰ ਸਿੰਘ ਛਿੱਬਰ ਦਾ ਬੰਸਾਵਲੀ ਨਾਮਾ ਪਾਤਸ਼ਾਹੀਆਂ ਦਸਾਂ ਕਾ ਸੰਮਤ 1826 ਦਾ ਲਿਖਿਆ ਮੰਨਿਆ ਜਾਂਦਾ ਹੈ। ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕਿਤਨੇ ਕੁ ਸਮਕਾਲੀ ਸਨ, ਇਸ ਦਾ ਅੰਦਾਜ਼ਾ ਆਪਾਂ ਆਪ ਲਗਾ ਲਈਏ। ਫਿਰ ਸਤਿਗੁਰੂ ਵਲੋਂ ਪਾਹੁਲ ਛਕਾਉਣ ਸਮੇਂ ਪੜ੍ਹੀਆਂ ਬਾਣੀਆਂ ਬਾਰੇ ਉਹ ਲਿਖਦੇ ਹਨ:

ਬਚਨ ਹੋਇਆ- ਕਟੋਰਾ ਜਲ ਕਾ ਸੁਚੇਤ ਲੈ ਆਉ। ਲੈ ਆਇਆ, ਦਿੱਤੀ ਕਰਦ, ਕਹਿਆ ਹਿਲਾਉ।
ਜਪੁ ਅਤੇ ਅਨੰਦੇ ਰਸਨੀ ਕਰਿ ਉਚਾਰੁ।ਤਾਂ ਦਿਵਾਨ ਸਾਹਬ ਚੰਦ ਹਥ ਜੋੜਿ ਖਲੋਤਾ ਵਿਚ ਦਰਬਾਰ।
317।
ਕਹਿਆ, ਗਰੀਬਨਿਵਾਜ਼ ! ਵਿਚ ਮਿੱਠਾ ਪਵੇ ਤਾਂ ਬਣੇ ਸੁਆਦ।’… (ਦਸਵਾਂ ਚਰਨ)

ਇਥੇ ਛਿੱਬਰ ਨੇ ਪਾਹੁਲ ਤਿਆਰ ਕਰਨ ਸਮੇਂ ਜਿਥੇ ਕੇਵਲ ਜਪੁ ਅਤੇ ਅਨੰਦੁ ਦੋ ਬਾਣੀਆਂ ਪੜ੍ਹਨ ਦੀ ਗੱਲ ਕੀਤੀ ਹੈ, ਨਾਲ ਖੰਡੇ ਦੀ ਜਗ੍ਹਾ ਕਰਦ ਦੀ ਵਰਤੋਂ ਕੀਤੀ ਦੱਸੀ ਹੈ। ਦਸੋ ਹੁਣ ਕਿਹੜੀ ਗੱਲ ਮੰਨੋਗੇ?

(ਇਸ ਵਿਸ਼ੇ ਤੇ ਜਿਆਦਾ ਜਾਣਕਾਰੀ ਲਈ ਦਾਸ ਲਿਖਤ ਪੁਸਤਕ, ‘ਪਾਹੁਲ- ਇਕ ਅਦੁੱਤੀ ਬਖਸ਼ਿਸ਼’ ਪੜ੍ਹੋ ਜੀ)

ਇਸ ਵਿੱਚ ਤਾਂ ਕੋਈ ਸ਼ੱਕ ਹੀ ਨਹੀਂ ਕਿ ਇਹ ਬਚਿੱਤ੍ਰ ਨਾਟਕ ਪੁਸਤਕ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦੇ ਅਕਾਲ ਪਇਆਣੇ ਤੋਂ ਘੱਟੋ-ਘਟ 70-80 ਸਾਲ ਬਾਅਦ ਹੋਂਦ ਵਿੱਚ ਆਈ ਹੈ, ਫਿਰ ਕਿਸ ਦੇ ਰਲਾਉਣ ਦੀ ਗੱਲ ਹੋ ਰਹੀ ਹੈ?

ਇਨ੍ਹਾਂ ਸਾਰਿਆਂ ਤੋਂ ਉਪਰ, ਸਤਿਗੁਰੂ ਸਾਨੂੰ ਗੁਰਬਾਣੀ ਨਾਲ ਜੋੜਨਾ ਚਾਹੁੰਦੇ ਸਨ ਕਿ ਕਿਸੇ ਖੇਲ ਵਿੱਚ ਉਲਝਾਉਣਾ ਚਾਹੁੰਦੇ ਸਨ? ਇਹ ਫੈਸਲਾ ਅਸੀਂ ਆਪ ਕਰ ਲਈਏ।

• ਗੁਰੂ ਗ੍ਰੰਥ ਸਾਹਿਬ ਵਿੱਚ 6(ਛੇ) ਗੁਰੂ ਪਾਤਸ਼ਾਹਾਂ ਦੀ ਬਾਣੀ ਦਰਜ ਹੈ।ਪਹਿਲੇ ਪੰਜ ਸਤਿਗੁਰਾਂ ਦੀ ਅਤੇ ਨੌਵੇਂ ਸਤਿਗੁਰੂ ਦੀ। ਪਹਿਲਾਂ ਤਾਂ ਇਹ ਗੱਲ ਸਮਝਣ ਵਾਲੀ ਹੈ ਕਿ, ਛੇਵੇਂ, ਸਤਵੇਂ ਅਤੇ ਅਠਵੇਂ ਸਤਿਗੁਰੂ ਨੇ ਗੁਰਬਾਣੀ ਉਚਾਰਨ ਨਹੀਂ ਕੀਤੀ, ਫਿਰ ਵੀ ਉਹ ਸਤਿਗੁਰੂ ਹੀ ਸਨ, ਭਾਵ ਇਹ ਕਿ ਸਤਿਗੁਰੂ ਵਾਸਤੇ ਬਾਣੀ ਉਚਾਰਨ ਕਰਨਾ ਜ਼ਰੂਰੀ ਨਹੀਂ। ਫੇਰ ਭਾਵੇਂ ਪਹਿਲੇ ਪੰਜ ਸਤਿਗੁਰੂਆਂ ਨੇ ਗੁਰਬਾਣੀ ਉਚਾਰਨ ਕੀਤੀ ਤੇ ਭਾਵੇਂ ਨੌਵੇਂ ਸਤਿਗੁਰੂ ਨੇ, ਸਭ ਨੇ ਕਵੀ ਦੇ ਸੰਕੇਤ ਰੂਪ ਵਿੱਚ ‘ਨਾਨਕ’ ਪੱਦ ਵਰਤਿਆ ਹੈ। ਸਭ ਨੇ ਨਾਨਕ ਪੱਦ ਹੀ ਕਿਉਂ ਵਰਤਿਆ, ਇਸ ਦਾ ਜੁਆਬ ਵੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਸਪਸ਼ਟ ਮਿਲਦਾ ਹੈ:

“ਲਹਣੇ ਦੀ ਫੇਰਾਈਐ, ਨਾਨਕਾ ਦੋਹੀ ਖਟੀਐ ॥ ਜੋਤਿ ਓਹਾ, ਜੁਗਤਿ ਸਾਇ, ਸਹਿ ਕਾਇਆ ਫੇਰਿ ਪਲਟੀਐ ॥” {ਰਾਮਕਲੀ ਕੀ ਵਾਰ ਰਾਇ ਬਲਵੰਡ ਤਥਾ ਸਤੈ ਡੂਮਿ ਆਖੀ-ਪੰਨਾ 966}

(ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਗੁਰਿਆਈ ਦਾ ਤਿਲਕ ਬਾਬਾ ਲਹਣਾ ਜੀ ਨੂੰ ਦੇ ਦਿੱਤਾ, ਤਾਂ ਗੁਰੂ ਨਾਨਕ ਸਾਹਿਬ ਦੀ ਵਡਿਆਈ ਦੀ ਧੂੰਮ ਦੀ ਬਰਕਤਿ ਨਾਲ, ਬਾਬਾ ਲਹਣਾ ਜੀ ਦੀ ਵਡਿਆਈ ਦੀ ਧੂੰਮ ਪੈ ਗਈ; ਕਿਉਂਕਿ, (ਬਾਬਾ ਲਹਣਾ ਜੀ ਦੇ ਅੰਦਰ) ਉਹੀ (ਗੁਰੂ ਨਾਨਕ ਸਾਹਿਬ ਵਾਲੀ) ਜੋਤਿ ਸੀ, ਜੀਵਨ ਦਾ ਢੰਗ ਭੀ ਉਹੀ (ਗੁਰੂ ਨਾਨਕ ਸਾਹਿਬ ਵਾਲਾ) ਸੀ, ਗੁਰੂ (ਨਾਨਕ ਸਾਹਿਬ) ਨੇ ਕੇਵਲ ਸਰੀਰ ਹੀ ਮੁੜ ਵਟਾਇਆ ਸੀ।

ਗੁਰੂ ਅੰਗਦ ਪਾਤਿਸ਼ਾਹ ਨੇ ਸਰੀਰ ਤਿਆਗਣ ਤੋਂ ਪਹਿਲਾਂ ਇਹ ਨਾਨਕ ਗਿਆਨ ਜੋਤਿ ਬਾਬਾ ਅਮਰੂ ਜੀ ਵਿੱਚ ਟਿਕਾ ਕੇ ਉਨ੍ਹਾਂ ਨੂੰ ਤੀਜੇ ਨਾਨਕ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰਾ ਸਤਿਗੁਰੂ ਅਮਰ ਪਾਤਿਸ਼ਾਹ ਜੀ ਬਣਾ ਦਿੱਤਾ। ਇੰਜ ਹੀ ਇਹ ਨਾਨਕ ਗਿਆਨ ਜੋਤਿ ਨੌਂ ਜਾਮਿਆਂ ’ਚੋਂ ਹੁੰਦੀ ਹੋਈ ਸਤਿਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਅੰਦਰ ਸੁਸ਼ੋਭਤ ਹੋਈ। ਅਕਾਲ ਪਇਆਣਾ ਕਰਨ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨੇ ਇਹ ਨਾਨਕ ਜੋਤਿ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਟਿਕਾ ਦਿੱਤੀ। ਅੱਜ ਗੁਰੂ ਗ੍ਰੰਥ ਸਾਹਿਬ ਜੀ ਸਾਖਸ਼ਾਤ ਨਾਨਕ ਹਨ।

ਜਦ ਸਤਿਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦਸਵੇਂ ਨਾਨਕ ਸਨ ਤਾਂ ਇਹ ਕਿਵੇਂ ਹੋ ਸਕਦਾ ਹੈ ਕਿ ਉਹ ਗੁਰਬਾਣੀ ਉਚਾਰਣ ਕਰਦੇ ਅਤੇ ਨਾਨਕ ਪੱਦ ਨਾ ਵਰਤਦੇ? ਸਤਿਗੁਰੂ ਗੋਬਿੰਦ ਸਿੰਘ ਪਾਤਿਸ਼ਾਹ, ਨੌਵੇਂ ਸਤਿਗੁਰੂ ਤਕ ਚਲਦੀ ਆਈ, ਗੁਰਬਾਣੀ ਉਚਾਰਣ ਦੀ ਮਰਿਯਾਦਾ ਨੂੰ ਕਦੇ ਤੋੜ ਨਹੀਂ ਸਨ ਸਕਦੇ ।

• ਸਤਿਗੁਰੂ ਨੇ ਕਿਹੜੀ ਬਾਣੀ ਕਿਹੜੇ ਜਾਮੇ ਵਿੱਚ ਉਚਾਰਣ ਕੀਤੀ, ਸਪਸ਼ਟ ਕਰਨ ਲਈ ਸਤਿਗੁਰੂ ਨੇ “ਮਹਲਾ”ਸ਼ਬਦ ਵਰਤਿਆ ਹੈ। ਬੇਸ਼ਕ ਸਿੱਖ ਆਪਣੇ ਸਤਿਗੁਰੂ ਨੂੰ ਸਦਾ ਹੀ ਸੱਚਾ ਪਾਤਿਸ਼ਾਹ ਕਹਿਕੇ ਬੁਲਾਉਂਦੇ ਆਏ ਹਨ, ਪਰ ਸਤਿਗੁਰੂ ਪਾਤਿਸ਼ਾਹਾਂ ਅੰਦਰ ਇਤਨੀ ਨਿਮਰਤਾ ਸੀ ਕਿ ਉਹ ਆਪਣੇ ਆਪ ਨੂੰ ਨੀਚ, ਗਰੀਬ ਆਦਿ ਵਿਸ਼ੇਸ਼ਣਾਂ ਨਾਲ ਸੰਬੋਧਤ ਕਰਦੇ ਆਏ ਹਨ:

ਨਾਨਕੁ ਨੀਚੁ ਕਹੈ ਵੀਚਾਰੁ ॥” (ਜਪ, ਪੰਨਾ 4) “ਕਿਆ ਨਾਨਕ ਜੰਤ ਵਿਚਾਰਾ ॥” (ਰਾਗੁ ਆਸਾ ਮਹਲਾ 4- ਸੋ ਪੁਰਖੁ, ਪੰਨਾ 8) “ਜਿਉ ਭਾਵੈ ਤਿਉ ਰਾਖੁ ਤੂੰ ਨਾਨਕੁ ਤੇਰਾ ਦਾਸੁ ॥” (ਮਃ 3, ਪੰਨਾ 86) “ਨਾਨਕੁ ਗਰੀਬੁ ਬੰਦਾ ਜਨੁ ਤੇਰਾ ॥” (ਧਨਾਸਰੀ ਮਹਲਾ 5, ਪੰਨਾ 676)

ਬਚਿਤ੍ਰ ਨਾਟਕ ਪੁਸਤਕ ਵਿੱਚ ਪਾਤਸ਼ਾਹੀ 10 ਸ਼ਬਦ ਵਰਤਿਆ ਗਿਆ ਹੈੇ। ਦਸਵੇਂ ਨਾਨਕ ਆਪਣੇ ਆਪ ਨੂੰ ਕਦੇ ਪਾਤਿਸ਼ਾਹ ਨਹੀ ਲਿਖ ਸਕਦੇ। ਇਹ ਤਾਂ ਜਿਨ੍ਹਾ ਪੰਥ ਦੋਖੀ ਸ਼ਕਤੀਆਂ ਨੇ ਭੁਲੇਖਾ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਉਨ੍ਹਾਂ ਵੇਖਿਆ ਕਿ ਸਿੱਖ ਆਪਣੇ ਸਤਿਗੁਰੂ ਨੂੰ ਪਾਤਿਸ਼ਾਹ ਕਹਿਕੇ ਬੁਲਾਉਂਦੇ ਹਨ, ਉਨ੍ਹਾਂ ਗੁਰਮਤਿ ਸਿਧਾਂਤਾਂ ਤੋਂ ਅਨਜਾਣ ਵਿਅਕਤੀਆਂ ਨੇ ਪਾਤਿਸ਼ਾਹੀ 10, ਸ਼ਬਦ ਲਿਖ ਦਿੱਤਾ। ਕੀ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨੌਵੇਂ ਸਤਿਗੁਰੂ ਤੱਕ ਮਹਲਾ ਲਿਖਣ ਦੀ ਚਲਦੀ ਆਈ ਮਰਿਯਾਦਾ ਤੋੜ ਸਕਦੇ ਹਨ? ਕੀ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨਾਨਕ ਜੋਤਿ ਸਰੂਪ ਨਹੀਂ ਸਨ?

ਜੋ ਰਚਨਾਵਾਂ ਸਤਿਗੁਰੂ ਦੁਆਰਾ ਗੁਰਬਾਣੀ ਉਚਾਰਨ ਲਈ ਵਰਤੇ ਗਏ ਮੂਲ ਸਿਧਾਂਤਾਂ ’ਤੇ ਹੀ ਖਰੀਆਂ ਨਹੀਂ ਉਤਰਦੀਆਂ, ਉਨ੍ਹਾਂ ਬਾਰੇ ਹੋਰ ਕੋਈ ਪੱਖ ਵਿਚਾਰਨ ਦੀ ਲੋੜ ਹੀ ਕਿਥੇ ਹੈ? ਅਕਸਰ ਇਹ ਦਲੀਲ ਦਿੱਤੀ ਜਾਂਦੀ ਹੈ ਕਿ ਇਹ ਰਚਨਾਵਾਂ ਗੁਰਮਤਿ ਅਨੁਕੂਲ ਹਨ। ਹਾਲਾਂਕਿ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਪਰ ਇਕ ਸੁਆਲ ਇਹ ਵੀ ਹੈ ਕਿ ਕੋਈ ਕਵੀ ਕਵਿਤਾ ਰਚੇ, ਜੋ ਗੁਰਮਤਿ ਅਨੁਕੂਲ ਹੋਵੇ ਤਾਂ ਕੀ ਅਸੀਂ ਉਸ ਨੂੰ ਗੁਰਬਾਣੀ ਮੰਨ ਲਵਾਂਗੇ? ਵੈਸੇ ਵੀ ਜੋ ਰਚਨਾ ਕਿਸੇ ਵੱਡੀ ਰਚਨਾ ਦਾ ਭਾਗ ਹੋਵੇ, ਉਸ ਲਈ ਨਿਰਣਾ ਕਰਨ ਤੋਂ ਪਹਿਲਾਂ ਇਹ ਵੇਖਣਾ ਪਵੇਗਾ ਕਿ ਉਹ ਕਿਸ ਸੰਧਰਭ ਵਿੱਚ ਰਚੀ ਗਈ ਹੈ, ਤਾਂ ਹੀ ਉਸ ਦਾ ਅਸਲ ਭਾਵ ਉਜਾਗਰ ਹੋਵੇਗਾ। ਕਿਸੇ ਵੱਡੀ ਰਚਨਾ ਦੀਆਂ ਕੁਝ ਪੰਕਤੀਆਂ ਦੀ ਚੋਣ ਕਰਕੇ, ਉਨ੍ਹਾਂ ਦੇ ਅਰਥ ਆਪਣੀ ਭਾਵਨਾ ਅਨੁਸਾਰ ਕਰਕੇ, ਉਸ ਨੂੰ ਗੁਰਬਾਣੀ ਕਹਿਕੇ ਸਨਮਾਨ ਦੇਣਾ ਸ਼ੁਰੂ ਕਰ ਦੇਣਾ ਕੋਈ ਸਿਆਣਪ ਨਹੀਂ ਕਹੀ ਜਾ ਸਕਦੀ।

‘ਮੈਂ ਨਾ ਮਾਨੂੰ’ ਦੀ ਬਿਰਤੀ ’ਤੇ ਟਿਕੇ ਰਹਿਣ ਲਈ ਜੋ ਇਕ ਹੋਰ ਦੁਸ਼-ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਸਤਿਗੁਰੂ ਨੇ ਇਸ ਬਚਿਤ੍ਰ ਨਾਟਕ ਕਿਤਾਬ ਰਾਹੀਂ ਮੀਰੀ ਦਾ ਸੰਕਲਪ ਦ੍ਰਿੜ ਕਰਾਇਆ ਹੈ। ਇਸ ਨਾਲ ਹੀ ਸਿੱਖੀ ਅੰਦਰ ਸੰਤ-ਸਿਪਾਹੀ ਦੇ ਗੁਣਾਂ ਦਾ ਸੰਚਾਰ ਹੋਇਆ ਹੈ, ਇਸ ਦੀਆਂ ਰਚਨਾਵਾਂ ਬਗੈਰ ਸਿੱਖੀ ਵਿੱਚੋਂ ਸਿਪਾਹੀ ਦੇ ਗੁਣ ਅਲੋਪ ਹੋ ਜਾਣਗੇ.. ਆਦਿ..., ਪੜ੍ਹ ਸੁਣ ਕੇ ਮਨ ਅਤਿ ਦੁਖ ਨਾਲ ਭਰ ਜਾਂਦਾ ਹੈ। ਇਸ ਕੂੜ ਪ੍ਰਚਾਰਨ ਦਾ ਭਾਵ ਇਹ ਹੋਇਆ ਕਿ ਗੁਰੂ ਗ੍ਰੰਥ ਸਾਹਿਬ ਜੀ ਅਧੂਰੇ ਗੁਰੂ ਹਨ।

ਜੇ ਸਤਿਗੁਰੁ ਨੂੰ ਪੁਛੀਏ ਕਿ ਕੀ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਅਧੂਰਾ ਹੈ? ਤਾਂ ਗੁਰੂ ਅਰਜਨ ਪਾਤਿਸ਼ਾਹ ਬਖਸ਼ਿਸ਼ ਕਰਦੇ ਸਮਝਾਉਂਦੇ ਹਨ:

ਸਤਿਗੁਰੁ ਦਾਤਾ ਨਾਮ ਕਾ ਪੂਰਾ ਜਿਸੁ ਭੰਡਾਰੁ ॥ ਸਦਾ ਸਦਾ ਸਾਲਾਹੀਐ ਅੰਤੁ ਨ ਪਾਰਾਵਾਰੁ ॥” (ਸਿਰੀਰਾਗੁ ਮਹਲਾ 5, ਪੰਨਾ 49)

ਸਾਰੇ ਹੀ ਗੁਰੂ ਸਾਹਿਬਾਨ ਗੁਰੂ ਗ੍ਰੰਥ ਸਾਹਿਬ ਦੇ ਪੂਰਾ ਗੁਰੂ ਹੋਣ ਦਾ ਹੋਕਾ ਦੇਂਦੇ ਹਨ। ਕੁਝ ਇਕ ਪ੍ਰਮਾਣ ਹੇਠਾਂ ਦਿੱਤੇ ਜਾ ਰਹੇ ਹਨ:

ਕਰਮਿ ਪੂਰੈ ਪੂਰਾ ਗੁਰੂ ਪੂਰਾ ਜਾ ਕਾ ਬੋਲੁ ॥ ਨਾਨਕ ਪੂਰਾ ਜੇ ਕਰੇ ਘਟੈ ਨਾਹੀ ਤੋਲੁ ॥” (ਮਃ 2, ਪੰਨਾ 146)

ਕਰਿ ਕਿਰਪਾ ਹਰਿ ਮੇਲਿਆ ਮੇਰਾ ਸਤਿਗੁਰੁ ਪੂਰਾ ॥ ਇਛ ਪੁੰਨੀ ਜਨ ਕੇਰੀਆ ਲੇ ਸਤਿਗੁਰ ਧੂਰਾ ॥” (ਗਉੜੀ ਬੈਰਾਗਣਿ ਮਹਲਾ 4, ਪੰਨਾ 168)

ਕਹੁ ਨਾਨਕ ਗੁਰੁ ਪੂਰਾ ਪਾਇਆ ॥ ਤਾ ਤੇ ਬਹੁਰਿ ਨ ਬਿਆਪੈ ਮਾਇਆ ॥ (ਗਉੜੀ ਮਹਲਾ 5, ਪੰਨਾ 190)

ਇਕ ਗੱਲ ਜ਼ਰੁਰ ਹੈ, ਇਹ ਦਲੀਲਾਂ ਉਨ੍ਹਾਂ ਵਾਸਤੇ ਸਾਰਥਕ ਹਨ, ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ’ਤੇ ਪੂਰਨ ਭਰੋਸਾ ਹੈ। ਜੋ ਸਿੱਖੀ ਨੂੰ ਪੂਰਾ ਕਰਨ ਲਈ ਗੁਰੂ ਗ੍ਰੰਥ ਸਾਹਿਬ ਦੇ ਬਾਹਰੋਂ ਕੁਝ ਲਭਦੇ ਫਿਰਦੇ ਹਨ, ਉਨ੍ਹਾਂ ਨੂੰ ਭਟਕਣਾ ਤੋਂ ਸਿਵਾਅ ਹੋਰ ਕੁਝ ਨਹੀਂ ਮਿਲ ਸਕਦਾ। ਇਹ ਫੈਸਲਾ ਮੇਰਾ ਨਹੀਂ, ਸਤਿਗੁਰੂ ਦਾ ਆਪਣਾ ਹੈ। ਸਤਿਗੁਰੂ ਦੇ ਪਾਵਨ ਬਚਨ ਹਨ:

ਪੂਰੇ ਗੁਰ ਕਾ ਹੁਕਮੁ ਨ ਮੰਨੈ ਓਹੁ ਮਨਮੁਖੁ ਅਗਿਆਨੁ ਮੁਠਾ ਬਿਖੁ ਮਾਇਆ ॥” (ਮਃ 4, ਪੰਨਾ 303)

ਢੋਈ ਤਿਸ ਹੀ ਨੋ ਮਿਲੈ ਜਿਨਿ ਪੂਰਾ ਗੁਰੂ ਲਭਾ ॥ ਨਾਨਕ ਬਧਾ ਘਰੁ ਤਹਾਂ ਜਿਥੈ ਮਿਰਤੁ ਨ ਜਨਮੁ ਜਰਾ ॥” (ਸਿਰੀਰਾਗੁ ਮਹਲਾ 5, ਪੰਨਾ 44)

ਇਹ ਵੀ ਵਿਚਾਰਣ ਵਾਲੀ ਗੱਲ ਹੈ ਕਿ ਕੀ ਮੀਰੀ ਦਾ ਸੰਕਲਪ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਤੋਂ ਹੀ ਸ਼ੁਰੁ ਹੋਇਆ ਹੈ?

ਸਿੱਖੀ ਵਿੱਚ ਦਾਖਲੇ ਵਾਸਤੇ ਸੀਸ ਭੇਟ ਕਰਨ ਦੀ ਸ਼ਰਤ ਤਾਂ ਗੁਰੂ ਨਾਨਕ ਸਾਹਿਬ ਨੇ ਹੀ ਰੱਖ ਦਿੱਤੀ ਸੀ। ਸਤਿਗੁਰੂ ਦੇ ਪਾਵਨ ਬਚਨ ਹਨ:

ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥ ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ ॥20॥” (ਸਲੋਕ ਵਾਰਾਂ ਤੇ ਵਧੀਕ ॥ ਮਹਲਾ 1, ਪੰਨਾ 1412)

ਫਿਰ ਅਮਲੀ ਤੌਰ ਤੇ ਵੀ ਬਾਬਰ ਨੂੰ ਜ਼ਾਬਰ ਕਹਿ ਕੇ ਵੰਗਾਰਨਾ ਕੀ ਘੱਟ ਪ੍ਰਮਾਣ ਹੈ। ਸਤਿਗੁਰੂ ਦੀਆਂ ਇਹ ਪੰਕਤੀਆਂ ਇਸ ਗੱਲ ਦਾ ਸਪੱਸ਼ਟ ਸਬੂਤ ਹਨ:

ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ ॥ ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ ॥” (ਤਿਲੰਗ ਮਹਲਾ 1, ਪੰਨਾ 722)

ਗੁਰੂ ਅਰਜਨ ਸਾਹਿਬ ਦੀ ਉਚਾਰਣ ਕੀਤੀ ਹੇਠਲੀ ਪੰਕਤੀ ਜੇ ਸਿੱਖ ਅੰਦਰ ਸਿਪਾਹੀ ਦੇ ਗੁਣਾਂ ਦਾ ਸੰਚਾਰ ਕਰਦੀ ਹੈ ਤਾਂ ਸਤਿਗੁਰੂ ਨੇ ਆਪ ਤੱਤੀ ਤਵੀ ’ਤੇ ਬੈਠ ਕੇ ਹਸਦੇ ਹੋਏ ਸ਼ਹਾਦਤ ਦੇ ਕੇ ਵੀ ਇਹ ਗੱਲ ਸਾਬਤ ਕਰ ਦਿੱਤੀ ਕਿ ਸਿੱਖੀ ਵਿੱਚ ਸੰਤ-ਸਿਪਾਹੀ ਦੇ ਗੁਣਾਂ ਦਾ ਸੰਚਾਰ ਗੁਰਬਾਣੀ ਰਾਹੀਂ ਹੋ ਚੁੱਕਾ ਹੈ:

ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ ॥ ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ ॥1॥” (ਸਲੋਕ ਮਃ 5, ਪੰਨਾ 1102)

ਗੁਰਬਾਣੀ ਦੀਆਂ ਹੋਰ ਬਹੁਤ ਪੰਕਤੀਆਂ ਹਨ ਜੋ ਸਿੱਖ ਨੂੰ ਸੰਤ-ਸਿਪਾਹੀ ਬਣਨ ਲਈ ਪ੍ਰੇਰਦੀਆਂ ਹਨ। ਪ੍ਰਮਾਣ ਦੇ ਤੌਰ ਤੇ ਕੁਝ ਇਕ ਹੇਠਾਂ ਦਿੱਤੀਆਂ ਜਾ ਰਹੀਆਂ ਹਨ:

ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ ॥ ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ ॥1॥ ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥2॥” (ਸਲੋਕ ਕਬੀਰ ਜੀ, ਪੰਨਾ 1105)

ਕਬੀਰ ਐਸੀ ਹੋਇ ਪਰੀ ਮਨ ਕੋ ਭਾਵਤੁ ਕੀਨੁ ॥ ਮਰਨੇ ਤੇ ਕਿਆ ਡਰਪਨਾ ਜਬ ਹਾਥਿ ਸਿਧਉਰਾ ਲੀਨ ॥71॥” (ਪੰਨਾ 1368)
ਜੇ ਜੀਵੈ ਪਤਿ ਲਥੀ ਜਾਇ ॥ ਸਭੁ ਹਰਾਮੁ ਜੇਤਾ ਕਿਛੁ ਖਾਇ ॥” (ਮਃ 1 ਸਲੋਕੁ, ਪੰਨਾ 142)
ਸਤਿਗੁਰ ਆਗੈ ਸੀਸੁ ਭੇਟ ਦੇਉ ਜੇ ਸਤਿਗੁਰ ਸਾਚੇ ਭਾਵੈ ॥ ਆਪੇ ਦਇਆ ਕਰਹੁ ਪ੍ਰਭ ਦਾਤੇ ਨਾਨਕ ਅੰਕਿ ਸਮਾਵੈ ॥” (ਤੁਖਾਰੀ ਛੰਤ ਮਹਲਾ 4, ਪੰਨਾ 1114)

ਗੁਰੂ ਹਰਿਗੋਬਿੰਦ ਸਾਹਿਬ ਨੇ ਪੀਰੀ ਅਤੇ ਮੀਰੀ ਦੀਆਂ ਦੋ ਕ੍ਰਿਪਾਨਾਂ ਪਹਿਨ ਕੇ ਜਿਥੇ ਸਿੱਖੀ ਵਿੱਚ ਇਸ ਸਾਂਝੇ ਸੰਕਲਪ ਦਾ ਖੁਲ੍ਹਾ ਐਲਾਨ ਕਰ ਦਿੱਤਾ ਉਥੇ ਇਕ ਨੇਮਬੱਧ ਫ਼ੌਜ ਵੀ ਤਿਆਰ ਕੀਤੀ। ਆਪ ਨੇ ਚਾਰ ਜੰਗ ਲੜੇ ਅਤੇ ਚਾਰੇ ਜਿੱਤੇ। ਇਨ੍ਹਾਂ ਜੰਗਾਂ ਵਿੱਚ ਕਈ ਸਿੱਖ ਸੂਰਮਿਆਂ ਨੇ ਲਾਜੁਆਬ ਬਹਾਦਰੀ ਦਿਖਾਈ, ਉਥੇ ਕਈ ਲਾਸਾਨੀ ਸ਼ਹੀਦੀਆਂ ਪਾ ਗਏ। ਇਨ੍ਹਾਂ ਬਹਾਦਰੀ ਵਿਖਾਣ ਵਾਲਿਆਂ ਵਿੱਚ ਨਾਨੂ ਜੀ (ਭਾਈ ਮਨੀ ਸਿੰਘ ਜੀ ਦੇ ਦਾਦੇ ਦੇ ਭਰਾ), ਭਾਈ ਪਰਾਗਾ ਜੀ (ਭਾਈ ਮਤੀਦਾਸ ਅਤੇ ਸਤੀ ਦਾਸ ਜੀ ਦੇ ਪੜਦਾਦਾ), ਅਤੇ ਸੂਰਮਤਾਈ ਵਿਖਾਉਂਦੇ ਹੋਏ ਸ਼ਹੀਦੀਆਂ ਪਾਣ ਵਾਲਿਆਂ ਵਿੱਚ ਭਾਈ ਮੱਥਰਾ ਭੱਟ ਜੀ(ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ), ਭਾਈ ਬੱਲੂ (ਦਾਦਾ ਭਾਈ ਮਨੀ ਸਿੰਘ), ਭਾਈ ਸਿੰਘਾ ਪੋਰੋਹਿਤ, ਭਾਈ ਪਿਰਾਣਾ, ਭਾਈ ਕੀਰਤ ਭੱਟ (ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ) ਦੇ ਨਾਂਅ ਵਿਸ਼ੇਸ਼ ਤੌਰ 'ਤੇ ਲਏ ਜਾ ਸਕਦੇ ਹਨ। ਕੀ ਇਹ ਸ਼ਕਤੀ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਨਹੀਂ ਸੀ ਆਈ?

ਗੁਰੂ ਹਰਿਰਾਏ ਸਾਹਿਬ ਪੰਜ ਹਜ਼ਾਰ ਘੋੜ-ਸਵਾਰ ਸਿੱਖ ਸਿਪਾਹੀ ਰਖਦੇ ਸਨ। ਨੌਵੇਂ ਸਤਿਗੁਰੂ ਦਾ ਤਾਂ ਨਾਂਅ ਹੀ ਤੇਗਬਹਾਦਰ ਸਾਹਿਬ ਇਸ ਲਈ ਰਖਿਆ ਗਿਆ ਕਿਉਂਕਿ ਉਹ ਤੇਗ ਦੇ ਧਨੀ ਸੂਰਮੇਂ ਸਨ। ਫਿਰ ਉਨ੍ਹਾਂ ਤੋਂ ਪਹਿਲਾਂ ਲਾਜੁਆਬ ਸ਼ਹਾਦਤਾਂ ਦੇਣ ਵਾਲੇ ਭਾਈ ਮਤੀਦਾਸ ਜੀ, ਭਾਈ ਸਤੀਦਾਸ ਜੀ ਅਤੇ ਭਾਈ ਦਿਆਲਾ ਜੀ ਨੇ ਕਿਹੜਾ ਬਚਿੱਤਰ ਨਾਟਕ ਪੜ੍ਹਿਆ ਸੀ?

ਹੈਰਾਨਗੀ ਦੀ ਗੱਲ ਇਹ ਹੈ ਕਿ ਹਰ ਪੱਖ ਇਤਨਾ ਸਪੱਸ਼ਟ ਹੋਣ ਦੇ ਬਾਵਜੂਦ ਸਾਡੇ ਰਾਗੀ ਸਾਬ੍ਹ ਵਲੋਂ ਗੁਰੂ ਗ੍ਰੰਥ ਸਾਹਿਬ ਦੀ ਇਲਾਹੀ ਬਾਣੀ ਦੇ ਅਥਾਹ ਸਾਗਰ ਤੋਂ ਬਾਹਰ ਜਾ ਕੇ ਇਸ ਬਚਿੱਤਰ ਨਾਟਕ ਦੀਆ ਕੱਚੀਆਂ ਰਚਨਾਵਾਂ ਗਾਈਆਂ ਜਾਂਦੀਆਂ ਹਨ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪ੍ਰਕਾਸ਼ ਦਿਵਸ ਅਤੇ ਖਾਲਸਾ ਪ੍ਰਗਟ ਦਿਵਸ (ਵਿਸਾਖੀ) ਤੇ ਤਾਂ ਵਿਸ਼ੇਸ਼ ਜ਼ੁਲਮ ਢਾਇਆ ਜਾਂਦਾ ਹੈ, ਜਦੋਂ ਇਸ ਦੀਆਂ ਰਚਨਾਵਾਂ ਤੇ ਹੀ ਵਧੇਰੇ ਜ਼ੋਰ ਦਿੱਤਾ ਜਾਂਦਾ ਹੈ।

ਸਤਿਗੁਰੂ ਨੇ “ਤੀਰਥ ਨਾਤਾ ਕਿਆ ਕਰੇ ਮਨ ਮਹਿ ਮੈਲੁ ਗੁਮਾਨੁ ॥ ਗੁਰ ਬਿਨੁ ਕਿਨਿ ਸਮਝਾਈਐ ਮਨੁ ਰਾਜਾ ਸੁਲਤਾਨੁ ॥4॥” (ਸਿਰੀਰਾਗੁ ਮਹਲਾ 1, ਪੰਨਾ 61) ਅਤੇ “ਤੀਰਥ ਨਾਇ ਨ ਉਤਰਸਿ ਮੈਲੁ ॥ ਕਰਮ ਧਰਮ ਸਭਿ ਹਉਮੈ ਫੈਲੁ ॥” (ਰਾਮਕਲੀ ਮਹਲਾ 5, ਪੰਨਾ 890) ਜਿਹੇ ਅਨੇਕ ਕਰਾਂਤੀਕਾਰੀ ਬਚਨਾਂ ਦੁਆਰਾ ਸਾਨੂੰ ਤੀਰਥਾਂ ਆਦਿ ਦੇ ਕਰਮਕਾਂਡੀ ਭਰਮਜਾਲ ਤੋਂ ਮੁਕਤ ਕਰਾਇਆ ਅਤੇ ਸਮਝਾਇਆ ਕਿ, “ਅਠਿਸਠਿ ਤੀਰਥ ਗੁਰ ਕੀ ਚਰਣੀ ਪੂਜੈ ਸਦਾ ਵਿਸੇਖੁ ॥” (ਮਃ 1, ਪੰਨਾ 147) “ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ ॥ ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ ॥” (ਧਨਾਸਰੀ ਮਹਲਾ 1 ਛੰਤ, ਪੰਨਾ 687)

ਸਾਡੇ ਰਾਗੀ ਸਾਹਿਬਾਨ, ‘ਤਹੀ ਪ੍ਰਕਾਸ਼ ਹਮਾਰਾ ਭਯੋ। ਪਟਨਾ ਸਹਰ ਬਿਖੈ ਭਵ ਲਯੋ।’ ਦੀ ਪੰਕਤੀ ਤੋਂ ਭਾਵੁਕ ਹੋਕੇ ਨੌਵੇਂ ਨਾਨਕ ਸਰੂਪ ਗੁਰੂ ਤੇਗ ਬਹਾਦਰ ਸਾਹਿਬ ਨੂੰ ਹੀ ਹਿੰਦੂ ਤੀਰਥਾਂ ਤੇ ਭੇਜ ਦੇਂਦੇ ਹਨ ਅਤੇ ਜ਼ੋਰਾ-ਸ਼ੋਰਾਂ ਨਾਲ ਗਾਂਦੇ ਹਨ, ‘ਮੁਰ ਪਿਤ ਪੂਰਬਿ ਕਿਯਸਿ ਪਯਾਨਾ। ਭਾਤਿ ਭਾਤਿ ਕੇ ਤੀਰਥ ਨ੍ਹਾਨਾ। ਜਬ ਹੀ ਜਾਤਿ ਤ੍ਰਿਬੇਣੀ ਭਏ। ਪੁੰਨ ਦਾਨ ਦਿਨ ਕਰਤ ਬਿਤਏ।’ ਜਦਕਿ ਗੁਰੂ ਤੇਗ ਬਹਾਦਰ ਪਾਤਿਸ਼ਾਹ ਗੁਰਬਾਣੀ ਵਿੱਚ ਆਪ ਬਖਸ਼ਿਸ਼ ਕਰਦੇ ਸਮਝਾਉਂਦੇ ਹਨ:

ਤੀਰਥ ਕਰੈ ਬ੍ਰਤ ਫੁਨਿ ਰਾਖੈ ਨਹ ਮਨੂਆ ਬਸਿ ਜਾ ਕੋ ॥ ਨਿਹਫਲ ਧਰਮੁ ਤਾਹਿ ਤੁਮ ਮਾਨਹੁ ਸਾਚੁ ਕਹਤ ਮੈ ਯਾ ਕਉ ॥” (ਬਿਲਾਵਲੁ ਮਹਲਾ 9, ਪੰਨਾ 831)

ਇਸੇ ਤਰ੍ਹਾਂ ‘ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰੁ ਚੇਲਾ’ ਦੀ ਪੰਕਤੀ ਤੋਂ ਭਾਵੁਕ ਹੋ ਕੇ ਅਖੌਤੀ ਭਾਈ ਗੁਰਦਾਸ ਦੂਜੇ ਦੀ ਰਚਨਾ ਖੂਬ ਗਾਈ ਜਾਂਦੀ ਹੈ। ਜਦਕਿ ਇਹ ਇਸੇ ਰਚਨਾ ਦੇ ਸ਼ੁਰੂ ਵਿੱਚ ਹੀ ਲਿਖਦਾ ਹੈ, ‘ਗੁਰੁ ਸਿਮਰਿ ਮਨਾਈ ਕਾਲਕਾ ਖੰਡੇ ਕੀ ਵੇਲਾ’। ਇਸ ਗੱਲ ਦਾ ਨਿਰਣਾ ਗੁਰਮਤਿ ਗਿਆਨ ਦੇ ਚਾਨਣ ਵਿੱਚ ਆਪ ਹੀ ਕਰ ਲਈਏ ਕਿ ਕੀ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨੇ ਪਾਹੁਲ ਤਿਆਰ ਕਰਨ ਸਮੇਂ ਕਿਸੇ ਕਾਲਕਾ ਦੇਵੀ ਨੂੰ ਸਿਮਰਿਆ ਅਤੇ ਮਨਾਇਆ ਸੀ? ਬਚਿੱਤ੍ਰ ਨਾਟਕ ਦੇ ਲੇਖਕਾਂ ਦੀ ਤਰ੍ਹਾਂ ਇਹ ਵੀ ਆਪਣੀ ਰਚਨਾ ਨੂੰ ‘ਭਗਉਤੀ ਜੀ ਕੀ ਵਾਰ’ ਦਾ ਨਾਂਅ ਦੇਂਦਾ ਹੈ ਅਤੇ ਸਮਾਪਤੀ ਵੀ ਉਸੇ ਦੇਵੀ ਦੀ ਉਸਤਤਿ ਨਾਲ ਕਰਦਾ ਹੈ। ਬਚਿੱਤ੍ਰ ਨਾਟਕ ਦੇ ਲੇਖਕਾਂ ਦੀ ਤਰ੍ਹਾਂ ਹੀ ਇਹ ਵੀ ਦਾਅਵਾ ਕਰਦਾ ਹੈ ਕਿ ਜੋ ਇਸ ਦੀ ਵਾਰ ਨਾਲ ਪ੍ਰੇਮ ਲਗਾਵੇਗਾ, ਉਹ ਮਨ ਇੱਛਤ ਫਲ ਪਾਵੇਗਾ:

ਜੋ ਇਸ ਵਾਰ ਸੋਂ ਪ੍ਰੇਮ ਲਗਾਵੈ। ਸੋ ਮਨ ਬਾਂਛਤ ਇੱਛੇ ਫਲ ਪਾਵੈ।

ਇਸ ਰਚਨਾ ਵਿੱਚ ਹੋਰ ਵੀ ਬਹੁਤ ਗੈਰਸਿਧਾਂਤਕ ਗੱਲਾਂ ਹਨ ਪਰ ਇਸ ਵੇਲੇ ਇਹ ਇਸ ਲੇਖ ਦਾ ਵਿਸ਼ਾ ਨਹੀਂ ਹੈ।

ਬੇੜਾ ਡੋਬਣ ਵਾਲੇ ਵੀ ਤਾਂ ਕਿਧਰੋ ਬਾਹਰੋਂ ਨਹੀਂ ਆਏ, ਆਪਣੇ ਅੰਦਰੋਂ ਹੀ ਹਨ। ਜਿਸ ਭਾਈ ਗੁਰਦਾਸ ਦੂਜੇ ਦਾ ਕੋਈ ਅੱਗਾ ਪਿੱਛਾ ਨਹੀਂ ਪਤਾ ਅਤੇ ਪੂਰਨ ਰੂਪ ਵਿੱਚ ਗੁਰਬਿਲਾਸ ਪਾਤਿਸ਼ਾਹੀ ਛੇਵੀਂ ਦੇ ਲੇਖਕ ਵਾਂਗੂੰ ਹੀ ਇਕ ਸ਼ੱਕੀ ਸ਼ਖਸੀਅਤ ਹੈ, ਉਸ ਦੀ ਰਚਨਾ ਨੂੰ ਗੁਰਮਤਿ ਦੀ ਕਸਵੱਟੀ ਤੇ ਪਰਖੇ ਬਗੈਰ, ਸ਼੍ਰੋਮਣੀ ਕਮੇਟੀ ਦੇ ਸਤਾਈ ਸਾਲ ਪ੍ਰਧਾਨ ਰਹੇ ਗੁਰਚਰਨ ਸਿੰਘ ਟੋਹੜਾ ਨੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਸ਼ਾਮਲ ਕਰਵਾ ਕੇ ਛਪਵਾ ਦਿੱਤਾ। ਇਹ ਸਿੱਖ ਕੌਮ ਨਾਲ ਇਕ ਵੱਡਾ ਧ੍ਰੋਹ ਕਮਾਇਆ ਹੈ, ਜਿਸ ਨਾਲ ਸਿੱਖ ਕੌਮ ਵਿੱਚ ਸਦੈਵ ਲਈ ਇਹ ਭੁਲੇਖਾ ਪਾ ਦਿੱਤਾ ਹੈ ਕਿ ਇਹ ਭਾਈ ਗੁਰਦਾਸ ਜੀ ਦੀ ਰਚਨਾ ਹੈ। ਜੇ ਉਪਰੋਕਤ ਸਭ ਗੱਲਾਂ ਨੂੰ ਪਾਸੇ ਵੀ ਕਰ ਦਿੱਤਾ ਜਾਵੇ ਤਾਂ ਵੀ ਬਗੈਰ ਕੋਈ ਸੰਕੇਤ ਦਿੱਤੇ ਕਿ ਇਹ ਰਚਨਾ ਅਲੱਗ ਲਿਖਾਰੀ ਦੀ ਹੈ, ਇਸ ਨੂੰ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਵਿੱਚ ਰਲਾ ਦੇਣਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ।

ਇਸ ਤੋਂ ਤਾਂ ਇਕ ਹੋਰ ਵੀ ਸ਼ੱਕ ਪੈਦਾ ਹੁੰਦਾ ਹੈ, ਕਿ ਭਾਈ ਗੁਰਦਾਸ ਜੀ ਦੀਆਂ ਰਵਨਾਵਾਂ ਵਿੱਚ ਜੋ ਕੋਈ ਇਕ ਦੋ ਗੈਰ ਸਿਧਾਂਤਕ ਰਚਨਾਵਾਂ ਮਹਿਸੂਸ ਹੁੰਦੀਆਂ ਹਨ, ਉਹ ਵੀ ਬਾਅਦ ਵਿੱਚ ਰਲਾਈਆਂ ਗਈਆਂ ਹੋਣਗੀਆਂ। ਜੇ ਅਸੀਂ ਭਾਈ ਗੁਰਦਾਸ ਜੀ ਦੀਆਂ ਸਿਧਾਂਤਕ ਪੱਖ ਦ੍ਰਿੜ ਕਰਾਉਂਦੀਆਂ ਰਚਨਾਵਾਂ ਨੂੰ ਕੇਵਲ ਵਿਆਖਿਆ ਸਰੂਪ ਵਿੱਚ ਹੀ ਵਰਤੀਏ ਤਾਂ ਇਹ ਸਮੱਸਿਆ ਵੀ ਆਪੇ ਹੀ ਹਲ ਹੋ ਜਾਵੇਗੀ, ਕਿਉਂਕਿ ਫਿਰ ਉਨ੍ਹਾਂ ਗੈਰ ਸਿਧਾਂਤਕ ਰਚਨਾਵਾਂ ਦੀ ਲੋੜ ਹੀ ਨਹੀਂ ਪਵੇਗੀ।

ਅਸਲ ਵਿੱਚ ਕੁਫਰ ਕਾਬੇ ਵਿੱਚ ਹੀ ਤੁਲ ਰਿਹਾ ਹੈ। ਸਾਡੇ ਅਖੌਤੀ ਜਥੇਦਾਰ ਸਾਹਿਬਾਨ ਅਤੇ ਸ਼੍ਰੋਮਣੀ ਕਮੇਟੀ ਦੇ ਉਚ ਅਹੁਦੇਦਾਰਾਂ ਵਲੋਂ ਆਪਣੀ ਹੀ ਸਿੱਖ ਰਹਿਤ ਮਰਯਾਦਾ ਦਾ ਉਲੰਘਣ ਕਰਕੇ, ਆਪਣੇ ਮੁਲਾਜ਼ਮ ਰਾਗੀ ਸਾਹਿਬਾਨ ਕੋਲੋਂ ਜੋਰ ਪਾ ਕੇ ਬਚਿੱਤ੍ਰ ਨਾਟਕ ਦੀਆਂ ਰਚਨਾਵਾਂ ਦਾ ਕੀਰਤਨ ਦਰਬਾਰ ਸਾਹਿਬ ਵਿੱਚ ਵਿਸ਼ੇਸ਼ ਤੌਰ ’ਤੇ ਕਰਵਾਇਆ ਜਾ ਰਿਹਾ ਹੈ ਕਿ ਕਿਤੇ ਸਿੱਖ ਕੌਮ ਇਸ ਸਾਜਸ਼ੀ ਗ੍ਰੰਥ ਦੇ ਚੁੰਗਲ ’ਚੋਂ ਮੁਕਤ ਨਾ ਹੋ ਜਾਵੇ।

ਇਹ ਤਾਂ ਸੰਗਤ ਨੂੰ ਆਪ ਹੀ ਜਾਗਣਾ ਪਵੇਗਾ। ਅੱਜ ਲੋੜ ਇਸ ਗੱਲ ਦੀ ਹੈ ਕਿ ਸਾਰੇ ਭਰਮ ਤਿਆਗ ਕੇ, ਕੇਵਲ ਤੇ ਕੇਵਲ ਆਪਣੇ ਹਾਜ਼ਰਾ-ਹਜ਼ੂਰ ਸਤਿਗੁਰੂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਪੜ੍ਹੀਏ, ਸੁਣੀਏ, ਗਾਈਏ ਅਤੇ ਜੀਵਨ ਦਾ ਆਦਰਸ਼ ਬਣਾ ਲਈਏ।

ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ ॥ ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆ ਸਿਰਿ ਬਾਣੀ ॥


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top