Share on Facebook

Main News Page

ਅਤਿੰਦਰ ਪਾਲ ਸਿੰਘ ਸਾਬਕਾ ਐਮ.ਪੀ. ਦੀ ਪੁਸਤਕ “ਮਤੇ ਅਨੰਦਪੁਰ ਨਾਲ ਗੱਦਾਰੀ ਅਕਾਲੀਆਂ ਦੀ” ਲੋਕ ਅਰਪਣ

14 ਮਾਰਚ 2013 ਜਲੰਧਰ: ਅੱਜ ਨਾਨਕਸ਼ਾਹੀ 545ਵੇਂ ਵਰ੍ਹੇ ਦੇ ਆਰੰਭ ਤੇ ਪੰਜਾਬ ਪ੍ਰੈਸ ਕਲੱਬ ਜਲੰਧਰ ਵਿੱਚ ਸਾਬਕਾ ਐਮ. ਪੀ. ਅਤਿੰਦਰ ਪਾਲ ਸਿੰਘ ਵਲੋਂ ਆਪਣੀ ਨਵੀਂ ਪੁਸਤਕ “ਮਤੇ ਅਨੰਦਪੁਰ ਨਾਲ ਗੱਦਾਰੀ ਅਕਾਲੀਆਂ ਦੀ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਨਾਲ ਹੀ ਲੋਕ ਅਰਪਣ ਕੀਤੀ ਗਈ। ਅਕਾਲੀ ਦਲ ਦੀ ਸੱਤਾਧਾਰੀ ਧਿਰ ਵਲੋਂ “ਅਨੰਦਪੁਰ ਸਾਹਿਬ ਦਾ ਮਤੇ” ਦੀ ਪ੍ਰਾਪਤੀ ਲਈ ਰਾਜਨੀਤਕ ਅਤੇ ਧਾਰਮਿਕ ਨਿਸ਼ਾਨਾਂ ਮਿੱਥ ਕੇ ਲੰਮਾ ਸੰਘਰਸ਼ “ਧਰਮ ਯੁੱਧ” ਨਾਮ ਤੋਂ 4 ਅਗਸਤ 1982 ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਰੰਭਿਆ ਗਿਆ ਸੀ। ਜਿਸ ਕਰਕੇ ਪੰਜਾਬ ਨੇ ਅਤੇ ਖ਼ਾਸ ਕਰ ਸਿੱਖ ਕੌਮ ਨੇ ਇਸ ਅਕਾਲੀ ਦਲ ਦੇ ਇਸ ਸੰਘਰਸ਼ ਕਰਕੇ ਇਤਿਹਾਸ ਦਾ ਸਭ ਤੋਂ ਵੱਡਾ, ਤਸੀਹੇ ਭਰਪੂਰ ਕਹਿਰ ਆਪਣੇ ਪਿੰਡੇ 'ਤੇ ਸਹਿਆ ਹੈ।

ਲੱਖਾਂ ਕੁਰਬਾਨੀਆਂ, ਸ਼ਹਾਦਤਾਂ, ਅਰਬਾਂ ਰੁਪਏ ਦਾ ਚਲ ਅਚਲ ਸੰਪਤੀ ਦਾ ਨੁਕਸਾਨ ਕਰਵਾਉਣ ਤੋਂ ਬਾਅਦ ਅਕਾਲੀ ਲੀਡਰਸ਼ਿਪ ਨੇ ਸੱਤਾ ਤਾਂ ਜਰੂਰ ਹਾਸਿਲ ਕਰ ਲਈ ਹੈ ਪਰ ਉਸ ਅਨੰਦਪੁਰ ਸਾਹਿਬ ਮਤੇ ਦਾ ਕੀ ਬਣਿਆ ਜਿਸ ਦੇ ਅਧਾਰ ਤੇ “ਧਰਮ ਯੁੱਧ” ਬਣਾ ਕੇ ਸਿਆਸੀ ਅਤੇ ਧਾਰਮਿਕ ਸੰਘਰਸ਼ ਕੀਤਾ ਗਿਆ, ਅੱਜ ਇਸ ਮੁੱਦੇ ਨੂੰ ਸਭ ਵਿਸਾਰੀ ਫਿਰਦੇ ਹਨ। ਸਾਬਕਾ ਐਮ.ਪੀ. ਦੀ ਸੱਜਰੀ ਪੁਸਤਕ ਸੱਤਾਧਾਰੀ ਧਿਰ ਅਤੇ ਪੰਜਾਬ ਦੇ ਲੋਕਾਂ ਸਾਹਮਣੇ ਇਸ ਸਵਾਲ ਨੂੰ ਮੁੜ ਖੜਾ ਕਰਕੇ ਅਨੰਦਪੁਰ ਸਾਹਿਬ ਦੇ ਮਤੇ ਦੀ ਇਕ ਇਕ ਮਦ ਨੂੰ ਲੈ ਕੇ ਇਸ ਦੀਆ ਸਾਰੀਆਂ ਪਰਤਾਂ ਤੋਂ ਨਿਰਭੈਤਾ ਨਾਲ ਪਰਦਾ ਚੁੱਕਦੀ ਹੋਈ ਉਸ ਦਾ ਭਰਪੂਰ ਵਿਸ਼ਲੇਸ਼ਣ ਪੇਸ਼ ਕਰਦੀ ਹੈ। ਇਹ ਕਿਤਾਬ ਪੰਜਾਬ ਅਤੇ ਸਿੱਖ ਰਾਜਨੀਤੀ ਨੂੰ ਇਕ ਨਵਾਂ ਗੇੜ ਦੇਣ ਦੀ ਪੂਰੀ ਸੰਭਾਵਨਾ ਪੈਦਾ ਕਰਦੀ ਹੈ। ਅਕਾਲੀ ਸੰਘਰਸ਼ ਅਤੇ ਅਨੰਦਪੁਰ ਸਾਹਿਬ ਦੇ ਮਤੇ ਤੇ ਹਾਲੇ ਤਕ ਠੋਸ ਗਵਾਹੀਆਂ ਭਰਪੂਰ ਅਸਲ ਸੱਚਾਈ ਨੂੰ ਪ੍ਰਮਾਣਿਤ ਕਰਦੀ ਅਤੇ ਪਾਠਕਾਂ ਨੂੰ ਸਹੀ ਸੇਧ ਤੇ ਦ੍ਰਿਸ਼ਟੀਕੋਣ ਦਿੰਦੀ ਕੋਈ ਵੀ ਕਿਤਾਬ ਸਾਹਮਣੇ ਨਹੀਂ ਸੀ ਆਈ । ਅਤਿੰਦਰ ਪਾਲ ਸਿੰਘ ਦੀ ਪੁਸਤਕ “ਮਤੇ ਅਨੰਦਪੁਰ ਨਾਲ ਗੱਦਾਰੀ ਅਕਾਲੀਆਂ ਦੀ” ਇਸ ਥੁੜ ਨੂੰ ਪੂਰਾ ਕਰਦੀ ਹੈ।

ਕਿਤਾਬ ਦੀ ਸਭ ਤੋਂ ਵੱਢੀ ਪ੍ਰਾਪਤੀ ਇਹ ਕਹੀ ਜਾ ਸਕਦੀ ਹੈ ਕਿ ਇਸ ਵਿੱਚ ਮਤੇ ਦਾ ਪ੍ਰਮਾਣਿਕ ਖਰੜੇ ਦੀ ਫੋਟੋ ਕਾਪੀ ਦੇ ਕੇ ਉਸ ਦੀ ਇਕ ਇਕ ਮੰਗ ਨੂੰ ਲੈ ਕੇ ਇਕ ਉਸ ਸ਼ਖ਼ਸੀਅਤ ਵਲੋਂ ਗੱਲ ਕੀਤੀ ਗਈ ਹੈ ਜੋ ਖੁਦ “ਅਨੰਦਪੁਰ ਸਾਹਿਬ ਦੇ ਮਤੇ ਦੀ ਪ੍ਰਾਪਤੀ ਲਈ ਮਿਥੇ ਸੰਘਰਸ਼ ਧਰਮ ਯੁੱਧ ਮੋਰਚੇ” ਦੀ ਪਹਿਲੀ ਕਤਾਰ ਦਾ ਲੀਡਰ ਰਿਹਾ ਹੈ। ਨਿਰਪੱਖ ਵਿਸ਼ਲੇਸ਼ਣ ਲਈ ਕਿਤਾਬ ਵਿੱਚ ਅਨੰਦਪੁਰ ਦੇ ਮਤੇ ਨੂੰ ਚਾਰ ਭਾਗਾਂ, ਅਕਾਲੀ ਦਲ, ਭਾਰਤ ਸਰਕਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅਕਾਲ ਤਖ਼ਤ ਸਾਹਿਬ ਚਾਰੋ ਧਿਰਾਂ ਨਾਲ ਸਬੰਧਿਤ ਮੰਗਾਂ ਵਿੱਚ ਵੰਡ ਕੇ ਨਿਰਪੱਖ ਅਤੇ ਨਿਰਲੇਪ ਗੱਲ ਕਰਨ ਦੀ ਲੇਖਕ ਨੇ ਕੋਸ਼ਿਸ਼ ਕੀਤੀ ਹੈ।

ਧਰਮ ਯੁੱਧ ਮੋਰਚੇ ਤੋਂ ਲੈ ਕੇ ਵਰਤਮਾਨ ਤਕ ਇਹ ਪਹਿਲੀ ਪੁਸਤਕ ਸਾਹਮਣੇ ਆਈ ਹੈ ਜਿਸ ਵਿੱਚ ਮ੍ਰਮਾਣਿਤ ਤੱਥਾਂ ਸਮੇਤ ਇਹ ਸਾਬਤ ਕੀਤਾ ਗਿਆ ਹੈ, ਕਿ ਆਖਿਰ ਅਨੰਦਪੁਰ ਸਾਹਿਬ ਦਾ ਮਤਾ ਹੈ ਕੀ ਸੀ ? ਅਤੇ ਉਸ ਦੀ ਪ੍ਰਾਪਤੀ ਅਤੇ ਪੂਰਤੀ ਲਈ ਕਿਸ ਕਿਸ ਧਿਰ ਦੀ ਕਿਹੜੀ ਕਿਹੜੀ ਅਤੇ ਕਿਤਨੀ ਜ਼ੁੰਮੇਵਾਰੀ ਬਣਦੀ ਸੀ। ਪੰਜਾਬ ਹੀ ਨਹੀਂ ਭਾਰਤ ਦੇ ਲੋਕਾਂ ਲਈ ਇਸ ਕਿਤਾਬ ਦੀ ਮਹੱਤਵਪੂਰਨ ਗੱਲ ਹੀ ਇਹ ਹੈ ਕਿ ਕਿਤਾਬ ਅਸਲ ਵਿੱਚ ਸੱਚ ਤੇ ਝੂਠ ਵਿੱਚ ਤੱਥਾਂ ਅਤੇ ਪ੍ਰਮਾਣਾਂ ਸਮੇਤ ਨਿਤਾਰਾ ਕਰਕੇ ਦੋਸ਼ੀ ਨੂੰ ਦੋਸ਼ੀ ਸਾਬਤ ਕਰਦੀ ਹੈ। ਹੋਰ ਜਦ ਇਹ ਗੱਲ ਉਸ ਇਕ ਲੀਡਰ ਵਲੋਂ ਕੀਤੀ ਜਾਵੇ ਜਿਹੜਾ ਕੌਮ ਵਲੋਂ ਮਿਥੇ ਸੰਘਰਸ਼ ਦਾ ਸਰਗਰਮ ਸ਼ਮੂਲੀਅਤ ਦਾ ਹਿੱਸੇਦਾਰ ਰਿਹਾ ਹੋਵੇ ਤਾਂ ਸਾਰੀ ਗੱਲ ਇਤਿਹਾਸਕ ਦਸਤਾਵੇਜ਼ੀ ਹੋ ਨਿਬੜਦੀ ਹੈ।“ਮਤੇ ਅਨੰਦਪੁਰ ਨਾਲ ਗੱਦਾਰੀ ਅਕਾਲੀਆਂ ਦੀ” ਪੁਸਤਕ ਦੀ ਇਹੋ ਵਿਸ਼ੇਸ਼ਤਾ ਹੈ।

ਪੁਸਤਕ ਲੋਕ ਅਰਪਣ ਕਰਨ ਕਰਦੇ ਹੋਏ ਅਤਿੰਦਰ ਪਾਲ ਸਿੰਘ ਨਾਲ ਖੱਬੇ ਤੋਂ ਸੱਜੇ ਗੁਰਵਿੰਦਰ ਸਿੰਘ ਲਾਡੀ, ਅਮਨਦੀਪ ਸਿੰਘ ਪ੍ਰਿੰਸ, ਅਤਿੰਦਰ ਪਾਲ ਸਿੰਘ, ਕਮਲਜੀਤ ਕੌਰ, ਕੈਪਟਨ ਜਗਤਾਰ ਸਿੰਘ ਸਕੱਤਰ, ਤਰਲੋਚਨ ਸਿੰਘ ਪੰਜਾਬ ਪ੍ਰੈਸ ਕਲੱਬ ਜਲੰਧਰ ਵਿੱਚ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top