Share on Facebook

Main News Page

ਦਿੱਲੀ ਵਿਧਾਨ ਸਭਾ ਦੀਆ ਚੋਣਾਂ ਤੋਂ ਪਹਿਲਾਂ ਦਿੱਲੀ ਦੇ ਸਿੱਖਾਂ ਦੀ ਵਿਸ਼ਾਲ ਕਨਵੈਨਸ਼ਨ ਬੁਲਾਈ ਜਾਵੇਗੀ
- ਪਰਮਜੀਤ ਸਿੰਘ ਸਰਨਾ

* ਦਿੱਲੀ ਕਮੇਟੀ ਦੀਆਂ ਚੋਣਾਂ ਨੂੰ ਹਾਈਕੋਰਟ ਵਿੱਚ ਚੈਲਿੰਜ ਕੀਤਾ ਜਾਵੇਗਾ

ਅੰਮ੍ਰਿਤਸਰ 14 ਮਾਰਚ (ਜਸਬੀਰ ਸਿੰਘ ਪੱਟੀ) ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰੀ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਦਿੱਲੀ ਵਿਧਾਨ ਸਭਾ ਚੋਣਾਂ ਤੋ ਪਹਿਲਾਂ ਦਿੱਲੀ ਦੇ ਸਿੱਖਾਂ ਦੀ ਇੱਕ ਵਿਸ਼ਾਲ ਕਨਵੈਨਸ਼ਨ ਬੁਲਾਈ ਜਾਵੇਗੀ ਜਿਸ ਵਿੱਚ ਦਿੱਲੀ ਵਿਧਾਨ ਸਭਾ ਦੀਆ ਚੋਣਾਂ ਵਿੱਚ ਕੇਵਲ ਉਸ ਪਾਰਟੀ ਦੀ ਹਮਾਇਤ ਹੀ ਕਰਨ ਦਾ ਫੈਸਲਾ ਲਿਆ ਜਾਵੇਗਾ ਜਿਹੜੀ ਸਿੱਖ ਸਮੱਸਿਆਵਾਂ ਨੂੰ ਹੱਲ ਕਰਨ ਦਾ ਇਮਾਨਦਾਰੀ ਨਾਲ ਵਾਅਦਾ ਕਰੇਗੀ।

ਆਪਣੀ ਚਾਰ ਦਿਨਾਂ ਪਾਕਿਸਤਾਨ ਫੇਰੀ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਮਿੰਦਰ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਸਰਨਾ ਨੇ ਕਿਹਾ ਕਿ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਿੱਲੀ ਦੇ ਸਿੱਖਾਂ ਦੀ ਇੱਕ ਵਿਸ਼ਾਲ ਕਨਵੈਨਸ਼ਨ ਬੁਲਾਈ ਜਾਵੇਗੀ ਜਿਸ ਵਿੱਚ ਉਸ ਪਾਰਟੀ ਦੀ ਹਮਾਇਤ ਕਰਨ ਦਾ ਫੈਸਲਾ ਲਿਆ ਜਾਵੇਗਾ ਜਿਹੜੀ ਸਿੱਖਾਂ ਦੀ ਮੰਗਾਂ ਤੇ ਮੁਸ਼ਕਲਾਂ ਨੂੰ ਹੱਲ ਕਰਨ ਲਈ ਵਿਸ਼ਵਾਸ਼ ਦਿਵਾਏਗੀ। ਉਹਨਾਂ ਕਿਹਾ ਕਿ ਦਿੱਲੀ ਦੇ ਸਿੱਖ ਕਾਫੀ ਸੂਝਵਾਨ ਹਨ ਅਤੇ ਲੋਕਤਾਤਰਿਕ ਤਰੀਕਿਆ ਨਾਲ ਪਾਰਟੀ ਨੂੰ ਚਲਾਉਣ ਵਿੱਚ ਯਕੀਨ ਰੱਖਦੇ ਹਨ। ਦਿੱਲੀ ਕਮੇਟੀ ਦੀ ਨਵੀ ਬਣੀ ਬਾਂਡੀ ਬਾਰੇ ਕੋਈ ਵੀ ਟਿੱਪਣੀ ਕਰਨ ਤੋ ਇਨਕਾਰ ਕਰਦਿਆ ਉਹਨਾਂ ਕਿਹਾ ਕਿ ਤਿੰਨ ਮਹੀਨੇ ਇਸ ਦੀ ਕਾਰਗੁਜ਼ਾਰੀ ਵੇਖਣ ਉਪਰੰਤ ਹੀ ਉਹ ਕੋਈ ਟਿੱਪਣੀ ਕਰਨਗੇ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਉਹ ਮਹਿਸੂਸ ਕਰਦੇ ਹਨ ਕਿ ਦਿੱਲੀ ਦੇ ਸਿੱਖ ਵੱਧ ਚੜ ਕੇ ਉਹਨਾਂ ਦੁਆਰਾ ਬੁਲਾਈ ਗਈ ਕਨਵੈਨਸ਼ਨ ਵਿੱਚ ਭਾਗ ਲੈਣਗੇ ? ਉਹਨਾਂ ਮਜ਼ਾਕੀਆ ਲਹਿਜੇ ਵਿੱਚ ਕਿਹਾ ਕਿ ਜਿਸ ਤਰਾ ਇੱਕ ਕਹਾਵਤ ਹੈ ਕਿ,‘‘ ਜਾਤ ਦੇ ਅਸੀ ਚੱਠੇ ਖਾਣ ਪੀਣ ਨੂੰ ਅੱਡੋ ਅੱਡੀ ਤੇ ਲੜਨ ਨੂੰ ਇਕੱਠੇ’’ ਅਨੁਸਾਰ ਉਹਨਾਂ ਨੂੰ ਪੂਰਾ ਵਿਸ਼ਵਾਸ਼ ਹੈ ਕਿ ਦਿੱਲੀ ਦੇ ਸਿੱਖ ਜਰੂਰ ਵੱਧ ਚੜ ਕੇ ਇਸ ਕਨਵੈਨਸ਼ਨ ਵਿੱਚ ਭਾਗ ਲੈਣਗੇ ਕਿਉਕਿ ਇਹ ਕਨਵੈਨਸ਼ਨ ਦਿੱਲੀ ਦੇ ਸਿੱਖਾਂ ਦਾ ਭਵਿੱਖ ਤਹਿ ਕਰੇਗੀ।

ਪੰਜਾਬ ਵਿਧਾਨ ਸਭਾ ਵਿੱਚ ਹੋਈ ਗੁੰਡਾਗਰਦੀ ਨੂੰ ਮੰਦਭਾਗਾ ਕਰਾਰ ਦਿੰਦਿਆ ਉਹਨਾਂ ਕਿਹਾ ਕਿ ਜਿਸ ਵਿਧਾਨ ਸਭਾ ਵਿੱਚ ਕਨੂੰਨ ਘਾੜੇ ਹੀ ਇਸ ਤਰਾ ਦੀ ਭੱਦੀ ਤਸਵੀਰ ਪੇਸ਼ ਕਰਨਗੇ ਤਾਂ ਉਹਨਾਂ ਕੋਲੋ ਸੂਬੇ ਦੀ ਭਲਾਈ ਦੀ ਕੋਈ ਆਸ ਨਹੀ ਰੱਖੀ ਜਾ ਸਕਦੀ। ਪੰਜਾਬ ਵਿਧਾਨ ਸਭਾ ਦੇ ਬੱਜਟ ਇਜਲਾਸ ਦੇ ਪਹਿਲੇ ਦਿਨ ਪੰਜਾਬ ਦੇ ਰਾਜਪਾਲ ਵੱਲੋਂ ਦਿੱਤੇ ਗਏ ਭਾਸ਼ਨ ਬਾਰੇ ਪੁੱਛੇ ਜਾਣ ਤੇ ਉਹਨਾਂ ਕਿਹਾ ਕਿ ਰਾਜਪਾਲ ਸ੍ਰੀ ਸ਼ਿਵਰਾਜ ਵੀ ਪਾਟਿਲ ਨੇ ਪੰਜਾਬ ਸਰਕਾਰ ਦੇ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀਆ ਚੋਣਾਂ ਬਾਰੇ ਸਥਿਤੀ ਸਪੱਸ਼ਟ ਕਰ ਦਿੱਤੀ ਹੈ ਕਿ ਇਹ ਚੋਣਾਂ ਸਰਕਾਰ ਨੇ ਲੜੀਆ ਹਨ। ਉਹਨਾਂ ਕਿਹਾ ਕਿ ਸੰਵਿਧਾਨਕ ਪੱਖੋ ਸਰਕਾਰ ਇਹਨਾਂ ਧਾਰਮਿਕ ਚੋਣਾਂ ਵਿੱਚ ਭਾਗ ਨਹੀ ਲੈ ਸਕਦੀ ਪਰ ਅਜਿਹਾ ਕਰਕੇ ਜਿਥੇ ਪੰਜਾਬ ਸਰਕਾਰ ਨੇ ਸੰਵਿਧਾਨ ਦੀ ਉਲੰਘਣਾ ਕੀਤੀ ਹੈ ਉਥੇ ਦਿੱਲੀ ਦੇ ਸਿੱਖਾਂ ਨਾਲ ਵੀ ਧੋਖਾ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਦਿੱਲੀ ਅਕਾਲੀ ਦਲ ਵੱਲੋਂ ਕਨੂੰਨੀ ਮਾਹਿਰਾਂ ਦੀ ਰਾਇ ਲਈ ਜਾ ਰਹੀ ਹੈ ਅਤੇ ਉਹ ਪੰਜਾਬ ਦੇ ਰਾਜਪਾਲ ਦੇ ਭਾਸ਼ਨ ਨੂੰ ਲੈ ਕੇ ਦਿੱਲੀ ਹਾਈਕੋਰਟ ਵਿੱਚ ਜਾਣਗੇ ਅਤੇ ਦਿੱਲੀ ਕਮੇਟੀ ਦੀ ਹੋਈ ਚੋਣ ਨੂੰ ਰੱਦ ਕਰਨ ਦੀ ਮੰਗ ਕਰਨਗੇ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਉਹ ਇਸ ਦੀ ਸ਼ਕਾਇਤ ਕੇਂਦਰੀ ਗ੍ਰਹਿ ਮੰਤਰਾਲੇ ਕੋਲ ਵੀ ਕਰਨਗੇ ਤਾਂ ਉਹਨਾਂ ਕਿਹਾ ਕਿ ਜਿਸ ਗ੍ਰਹਿ ਮੰਤਰੀ ਨੂੰ ਉਹ ਚੋਣਾਂ ਤੋਂ ਪਹਿਲਾਂ ਕਈ ਪੱਤਰ ਤੇ ਕਈ ਟੈਲੀਫੂਨ ਕਰਕੇ ਪੰਜਾਬ ਸਰਕਾਰ ਵੱਲੋਂ ਕੀਤੀ ਜਾਂਦੀ ਚੋਣਾਂ ਵਿੱਚ ਦਖਲਅੰਦਾਜੀ ਬਾਰੇ ਜਾਣਕਾਰੀ ਦਿੰਦੇ ਰਹੇ ਹਨ ਪਰ ਗ੍ਰਹਿ ਮੰਤਰੀ ਨੇ ਕੋਈ ਕਾਰਵਾਈ ਨਹੀ ਕੀਤੀ, ਅਜਿਹੇ ਗੁੰਗਿਆ ਬਹਿਰਿਆ ਕੋਲ ਜਾਣਾ ਬਿਲਕੁਲ ਫਜ਼ੂਲ ਹੈ, ਇਸ ਲਈ ਸਰਕਾਰ ਕੋਲ ਜਾਣ ਗੀ ਬਜਾਏ ਅਦਾਲਤ ਦਾ ਹੀ ਸਹਾਰਾ ਲੈਣਗੇ।

ਦਿੱਲੀ ਕਮੇਟੀ ਦੀਆ ਚੋਣਾਂ ਬਾਰੇ ਉਹਨਾਂ ਸਪੱਸ਼ਟ ਕੀਤਾ ਕਿ ਪੰਜਾਬ ਸਰਕਾਰ, ਸ਼੍ਰੋਮਣੀ ਅਕਾਲੀ ਦਲ (ਬਾਦਲ) ਤੇ ਭਾਜਪਾ ਨੇ ਇੱਕ ਪੂਲ ਬਣਾ ਕੇ ਚੋਣਾਂ ਲੜੀਆ ਤੇ ਕਰੀਬ 250 ਕਰੋੜ ਰੁਪਏ ਖਰਚ ਕੀਤੇ ਹਨ ਜੋ ਮੰਦਭਾਗਾ ਹੈ। ਉਹਨਾਂ ਕਿਹਾ ਕਿ ਬਾਦਲੀਆ ਨੂੰ ਇਹ ਕਦਾਚਿੱਤ ਨਹੀ ਭੁੱਲਣਾ ਚਾਹੀਦਾ ਕਿ ਜੇਕਰ ਉਹ 250 ਕਰੋੜ ਰੁਪਏ ਖਰਚ ਕਰਕੇ ਨਜਾਇਜ ਤਰੀਕੇ ਨਾਲ ਦਿੱਲੀ ਕਮੇਟੀ ਤੇ ਕਬਜਾ ਕਰ ਸਕਦੇ ਹਨ ਤਾਂ ਫਿਰ ਕਲ ਨੂੰ ਪੰਥ ਵਿਰੋਧੀ ਸ਼ਕਤੀਆ ਸਿੱਖ ਸੰਸਥਾਵਾਂ ਤੇ ਕਬਜ਼ਾ ਕਰਨ ਲਈ 500 ਕਰੋੜ ਵੀ ਖਰਚ ਕਰ ਸਕਦੀਆ ਹਨ। ਉਹਨਾਂ ਕਿਹਾ ਕਿ ਗੁਰਧਾਮਾਂ ਤੇ ਕਬਜ਼ੇ ਕਰਨ ਦੀ ਜਿਹੜੀ ਮਾੜੀ ਪਿਰਤ ਬਾਦਲਾਂ ਨੇ ਪਾਈ ਹੈ ਭਵਿੱਖ ਵਿੱਚ ਇਸ ਸਿੱਟੇ ਕੋਈ ਵਧੀਆ ਨਿਕਲਣ ਦੀ ਆਸ ਨਹੀ ਕੀਤੀ ਜਾ ਸਕਦੀ।

ਪਾਕਿਸਤਾਨ ਫੇਰੀ ਬਾਰੇ ਪੁੱਛੇ ਜਾਣ ਤੇ ਉਹਨਾਂ ਕਿਹਾ ਕਿ ਇਥੋਂ ਤਾਂ ਉਹ ਪਾਕਿਸਤਾਨ ਵਿਚਲੇ ਸਿੱਖ ਗੁਰਧਾਮਾਂ ਦੇ ਦਰਸ਼ਨ ਕਰਨ ਜਾ ਰਹੇ ਹਨ ਪਰ ਉਥੋ ਦੀ ਸਰਕਾਰ ਔਕਬ ਬੋਰਡ ਦੇ ਅਧਿਕਾਰੀਆ ਸਿੱਖ ਗੁਰਧਾਮਾਂ ਦੀ ਕਾਰ ਸੇਵਾ ਕਰਨ ਬਾਰੇ ਗੱਲਬਾਤ ਜ਼ਰੂਰ ਕਰਨਗੇ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਹੁਣ ਉਹਨਾਂ ਕੋਲ ਦਿੱਲੀ ਕਮੇਟੀ ਤਾਂ ਖੁਸ ਗਈ ਹੈ ਤੇ ਕਿਹੜੀ ਹੈਸੀਅਤ ਵਿੱਚ ਸੇਵਾ ਕਰਾਉਣਗੇ? ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਨੇ ਪਹਿਲਾਂ ਵੀ ਪਾਕਿਸਤਾਨ ਦੇ ਗੁਰਧਾਮਾਂ ਦੀ ਸੇਵਾ ਕਰਾਈ ਸੀ ਤੇ ਭਵਿੱਖ ਵਿੱਚ ਵੀ ਜਾਰੀ ਰੱਖੀ ਜਾਵੇਗੀ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਜਿਹੜੀ ਕਾਰ ਸੇਵਾ ਹੋਈ ਹੈ ਉਸ ਵਿੱਚ ਦਿੱਲੀ ਕਮੇਟੀ ਦਾ ਇੱਕ ਟੱਕਾ ਵੀ ਖਰਚ ਨਹੀ ਹੋਇਆ ਹੈ ਸਗੋਂ ਦਿੱਲੀ ਅਕਾਲੀ ਦਲ ਆਪਣੇ ਪੱਧਰ ਤੇ ਸੇਵਾ ਕਰਾਉਦਾ ਰਿਹਾ ਹੈ।

ਨਾਨਕਸ਼ਾਹੀ ਕੈਲੰਡਰ ਬਾਰੇ ਉਹਨਾਂ ਕਿਹਾ ਕਿ 2003 ਵਾਲਾ ਕੈਲੰਡਰ ਸਰਬ ਪ੍ਰਵਾਨਿਤ ਹੈ ਜਦ ਕਿ ਜਿਹੜਾ ਕੈਲੰਡਰ 2010 ਵਿੱਚ ਮੁੜ ਬਿਕਰਮੀ ਬਣਾਇਆ ਗਿਆ ਹੈ ਉਸ ਨੇ ਨਵਾਂ ਵਿਵਾਦ ਖੜਾ ਕਰ ਦਿੱਤਾ ਹੈ। ਉਹਨਾਂ ਕਿਹਾ ਕਿ 2003 ਦੇ ਕਲੈਂਡਰ ਨੂੰ ਮਾਨਤਾ ਦੇਣ ਸਮੇਂ ਗੁਰੂ ਨਾਨਕ ਦੇਵ ਜੀ ਦੇ ਗੁਰੂਪੁਰਬ, ਹੋਲਾ ਮਹੱਲਾ ਅਤੇ ਬੰਦੀ ਛੋਡ ਦਿਵਸ ਨੂੰ ਛੱਡ ਕੇ ਬਾਕੀ ਸਾਰੇ ਤਿਉਹਾਰ ਤੇ ਗੁਰਪੁਰਬ ਸੈਂਟ ਕਰ ਦਿੱਤੇ ਗਏ ਸਨ ਪਰ ਕੁਝ ਸਾਧਾ ਦੇ ਆਖੇ ਲੱਗ ਕੇ ਨਾਨਕਸ਼ਾਹੀ ਕੈਲੰਡਰ ਦੀ ਰੂਹ ਖਤਮ ਕਰ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਇੱਕ ਪਾਸੇ ਤਾਂ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਇੱਕ ਦਿਨ ਪਹਿਲਾਂ ਕਿਹਾ ਕਿ ਸਿੱਖ ਧਰਮ ਵਿੱਚ ਧਰਮ ਵਿੱਚ ਸੰਗਰਾਦਾਂ ਤੇ ਮੱਸਿਆ ਦਾ ਕੋਈ ਮਹੱਤਵ ਨਹੀ ਹੈ ਪਰ ਦੂਜੇ ਪਾਸੇ ਬੀਤੇ ਕਲ ਦਿੱਲੀ ਦੀ ਸਟੇਜ ਤੋ ਬੋਲਦਿਆ ਸੰਗਰਾਦਾਂ ਤੇ ਮੱਸਿਆ ਬਾਰੇ ਕਿਹਾ ਕਿ ਨਵੇਂ ਨਾਨਕਸ਼ਾਹੀ ਕੈਲੰਡਰ ਮੁਤਾਬਕ ਇਹ ਸਾਰੇ ਸਰਵ ਪ੍ਰਵਾਨਤ ਕਰ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਜਥੇਦਾਰਾਂ ਨੂੰ ਚਾਹੀਦਾ ਹੈ ਕਿ ਉਹ ਇੱਕ ਪੰਜ ਤਖਤਾਂ ਦੇ ਜਥੇਦਾਰਾਂ ਦੀ ਮੀਟਿੰਗ ਪਾਕਿਸਤਾਨ ਸਥਿਤ ਨਨਕਾਣਾ ਸਾਹਿਬ ਵਿਖੇ ਬੁਲਾਉਣ ਤੇ ਦੁਨੀਆ ਭਰ ਦੇ ਸਿੱਖਾਂ ਜਥਬੇਦੀਆ ਦੇ ਨੁੰਮਾਇੰਦਿਆ ਨੂੰ ਵੀ ਇਸ ਮੀਟਿੰਗ ਵਿੱਚ ਸ਼ਾਮਲ ਕਰਕੇ ਨਾਨਕਸ਼ਾਹੀ ਕੈਲੰਂਡਰ ਬਾਰੇ ਫੈਸਲਾ ਲੈਣ ਤਾਂ ਕਿ ਦੁਨੀਆ ਭਰ ਦੀਆ ਸੰਸਥਾਵਾਂ ਦੀ ਰਾਇ ਇੱਕ ਹੋ ਸਕੇ। ਉਹਨਾਂ ਕਿਹਾ ਕਿ ਜਿਹੜਾ ਕੈਲੰਡਰ 2010 ਵਿੱਚ ਗਿਆਨੀ ਗੁਰਬਚਨ ਸਿੰਘ ਨੇ ਤਿਆਰ ਕੀਤਾ ਹੈ ਉਸ ਨੂੰ ਨਾਨਕਸ਼ਾਹੀ ਕੈਲੰਡਰ ਨਹੀ ਕਿਹਾ ਜਾ ਸਕਦਾ ਕਿਉਕਿ ਇਸ ਨਵੇਂ ਕੈਲੰਡਰ ਨੂੰ ਲੈ ਕੇ ਤਾਂ ਤਖਤਾਂ ਦੇ ਜਥੇਦਾਰ ਹੀ ਇੱਕ ਮੱਤ ਨਹੀ ਹਨ ਅਤੇ ਇਸ ਨੂੰ ਤਾਂ ਆਰ.ਐਸ.ਐਸ ਦਾ ਕੈਲੰਡਰ ਹੀ ਕਿਹਾ ਜਾ ਸਕਦਾ ਹੈ।

ਸੁਪਰੀਮ ਕੋਰਟ ਦੁਆਰਾ ਸ਼੍ਰੋਮਣੀ ਕਮੇਟੀ ਦੀ ਕਾਰਜਕਰਨੀ ਕਮੇਟੀ ਦੇ ਥਾਪੇ ਗਏ ਮੁੱਖੀ ਸ੍ਰੀ ਅਵਤਾਰ ਸਿੰਘ ਮੱਕੜ ਨੂੰ ਵੀ ਆੜੇ ਹੱਥੀ ਲੈਦਿਆ ਸ੍ਰੀ ਸਰਨਾ ਨੇ ਕਿਹਾ ਕਿ ਮੱਕੜ ਵੱਲੋਂ ਇਹ ਕਹਿਣਾ ਵਾਜਬ ਨਹੀ ਕਿ ਦਿੱਲੀ ਕਮੇਟੀ ਨੇ ਉਸ ਨੂੰ ਕਦੇ ਬੁਲਾਇਆ ਨਹੀ ਹੈ ਕਿਉਕਿ ਬਾਬਾ ਹਰਬੰਸ ਸਿੰਘ ਦੀ ਦੇ ਭੋਗ ਸਮੇਂ ਮੱਕੜ ਖੁਦ ਸਟੇਜ ਤੋ ਬੋਲ ਕੇ ਸ਼ਰਧਾਂਜਲੀ ਭੇਂਟ ਕਰਕੇ ਆਇਆ ਸੀ। ਉਹਨਾਂ ਕਿਹਾ ਕਿ ਸਗੋਂ ਮੱਕੜਕਿਆ ਦੀ ਨੀਤੀ ਹਮੇਸ਼ਾਂ ਈਰਖਾ ਤੇ ਵੱਖ ਹੋਣ ਵਾਲੀ ਰਹੀ ਹੈ। ਉਹਨਾਂ ਕਿਹਾ ਕਿ ਮੱਕੜ ਇਹ ਤਾਂ ਸਪੱਸ਼ਟ ਕਰਨ ਕਿ ਉਹ ਸ਼੍ਰੋਮਣੀ ਕਮੇਟੀ ਵੱਲੋਂ ਮਨਾਈਆ ਜਾਂਦੀਆ ਰਹੀਆ ਸ਼ਤਾਬਦੀਆ ਸਮੇਂ ਦਿੱਲੀ ਕਮੇਟੀ ਨੂੰ ਕਿਉ ਨਹੀ ਬੁਲਾਉਦੇ ਰਹੇ? ਉਹਨਾਂ ਕਿਹਾ ਕਿ ਦਿੱਲੀ ਕਮੇਟੀ ਵੱਲੋਂ ਜਦੋਂ ਪਾਲਕੀ ਪਾਕਿਸਤਾਨ ਭੇਜੀ ਗਈ ਸੀ ਉਸ ਸਮੇਂ ਵੀ ਸ਼੍ਰੋਮਣੀ ਕਮੇਟੀ ਨੇ ਗੁਰੂ ਸਾਹਿਬ ਦੀ ਇਸ ਪਵਿੱਤਰ ਪਾਲਕੀ ਦਾ ਬਾਈਕਾਟ ਕੀਤਾ ਸੀ। ਉਹਨਾਂ ਕਿਹਾ ਕਿ ਸਿੱਖ ਮਸਲਿਆ ਨੂੰ ਲੈ ਕੇ ਉਹ ਹਰ ਪ੍ਰਕਾਰ ਦਾ ਸਹਿਯੋਗ ਕਰਨ ਲਈ ਤਿਆਰ ਹਨ। ਇਸ ਸਮੇਂ ਉਹਨਾਂ ਨਾਲ ਸ੍ਰੀ ਮਨਜੀਤ ਸਿੰਘ ਸਰਨਾ ਤੇ ਹੋਰ ਦਿੱਲੀ ਦੇ ਆਗੂ ਵੀ ਨਾਲ ਸਨ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top