Share on Facebook

Main News Page

ਅਖੌਤੀ ਜਥੇਦਾਰ ਤੋਂ ਥਾਪੜਾ ਪ੍ਰਾਪਤ ਕੁਲਦੀਪ ਸਿੰਘ ਦਾ, ਕਾਨ੍ਹਪੁਰ ਦੀਆਂ ਕਈ ਗੁਰਦੁਆਰਾ ਕਮੇਟੀਆਂ ਨੇ ਕੀਤਾ ਸਮਾਜਿਕ ਬਾਈਕਾਟ

* ਵੱਖ ਵੱਖ ਜੱਥੇਬੰਦੀਆਂ ਵਲੋਂ ਕੁਲਦੀਪ ਸਿੰਘ ’ਤੇ ਕਰਵਾਏ ਕਈ ਪਰਚੇ ਦਰਜ
* ਜਿਸ ਤਰ੍ਹਾਂ ਪ੍ਰੋ: ਦਰਸ਼ਨ ਸਿੰਘ ਨੂੰ ਸਿਆਸਤ ਅਧੀਨ ਛੇਕਿਆ ਗਿਆ ਸੀ, ਤੇ ਕੁਲਦੀਪ ਸਿੰਘ ਨੂੰ ਸ਼੍ਰੋਮਣੀ ਕਮੇਟੀ ਵਿੱਚ ਮੈਂਬਰ ਨਾਮਜਦ ਕਰਨ ਦਾ ਲਾਲਚ ਦੇ ਕੇ ਗਿਆਨੀ ਗੁਰਬਚਨ ਸਿੰਘ ਨੇ ਸਿਆਸਤ ਅਧੀਨ ਹੀ ਪ੍ਰੋ: ਦਰਸ਼ਨ ਸਿੰਘ ਦੇ ਵਿਰੋਧ ਲਈ ਤਿਆਰ ਕੀਤਾ ਗਿਆ ਸੀ, ਉਸੇ ਤਰ੍ਹਾਂ ਇਹ ਵੀ ਸਿਆਸਤ ਅਧੀਨ ਗੁਰਦੁਆਰੇ ’ਤੇ ਕਬਜ਼ਾ ਕਰਨ ਦੀ ਲੜਾਈ ਹੈ

ਬਠਿੰਡਾ, 14 ਮਾਰਚ (ਕਿਰਪਾਲ ਸਿੰਘ): ਕਾਨ੍ਹਪੁਰ ਤੋਂ ਛਪਣ ਵਾਲੇ ਅਖ਼ਬਾਰਾਂ ਵਿੱਚ ਛਪੀਆਂ ਖ਼ਬਰਾਂ ਅਨੁਸਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਅਤੇ ਤਖ਼ਤ ਸ਼੍ਰੀ ਪਟਨਾ ਸਾਹਿਬ ਦੇ ਅਖੌਤੀ ਜਥੇਦਾਰਾਂ ਤੋਂ ਥਾਪੜਾ ਪ੍ਰਾਪਤ ਅਤੇ ਸ਼ਾਬਾਸ਼ ਲੈਣ ਵਾਲਾ ਕੁਲਦੀਪ ਸਿੰਘ ਦਾ ਕਾਨ੍ਹਪੁਰ ਦੀਆਂ ਗੁਰਦੁਆਰਾ ਕਮੇਟੀਆਂ ਨੇ ਸਮਾਜਿਕ ਬਾਈਕਾਟ ਕਰ ਦਿੱਤਾ ਹੈ ਤੇ ਉਸ ਨੂੰ ਕਿਸੇ ਵੀ ਗੁਰਦੁਆਰਾ ਸਟੇਜ਼ ਤੋਂ ਬੋਲਣ ਦੀ ਪਾਬੰਦੀ ਲਾ ਦਿੱਤੀ ਹੈ।

ਖ਼ਬਰਾਂ ਦੀ ਸੱਚਾਈ ਅਤੇ ਕੁਲਦੀਪ ਸਿੰਘ ਦੇ ਕੀਤੇ ਗਏ ਸਮਾਜਕ ਬਾਈਕਾਟ ਦਾ ਕਾਰਣ ਜਾਨਣ ਲਈ ਗੁਰਦੁਆਰਾ ਭਾਈ ਬੰਨੋ ਸਾਹਿਬ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ ਅਕਾਲੀ ਜੱਥਾ ਕਾਨ੍ਹਪੁਰ ਵਲੋਂ, 16-17 ਫਰਵਰੀ ਨੂੰ ਪ੍ਰੋਫੈਸਰ ਦਰਸ਼ਨ ਸਿੰਘ ਦੇ ਕਰਵਾਏ ਗਏ ਗੁਰਬਾਣੀ ਕੀਰਤਨ ਪ੍ਰੋਗਰਾਮ ਨੂੰ ਰੋਕਣ ਲਈ ਅਸਫਲ ਯਤਨ ਕਰਨ ਵਾਲੇ ਕੁਲਦੀਪ ਸਿੰਘ ਨੇ ਬਿਆਨ ਦਿੱਤੇ ਸਨ, ਕਿ ਜਿਹੜੀਆਂ ਗੁਰਦੁਆਰਾ ਕਮੇਟੀਆਂ ਨੇ ਅਕਾਲ ਤਖ਼ਤ ਤੋਂ ਛੇਕੇ ਪ੍ਰੋ: ਦਰਸ਼ਨ ਸਿੰਘ ਦਾ ਪ੍ਰੋਗਰਾਮ ਰੋਕਣ ਲਈ ਉਨ੍ਹਾਂ (ਕੁਲਦੀਪ ਸਿੰਘ) ਨੂੰ ਸਹਿਯੋਗ ਨਾ ਦਿੱਤਾ, ਉਹ ਗੁਰਦੁਆਰੇ ਨਾ ਹੋ ਕੇ ਬੁੱਚੜਖਾਨੇ ਹੋਣਗੇ।

ਭਾਈ ਮੋਹਕਮ ਸਿੰਘ ਨੇ ਕਿਹਾ ਕਿ ਗੁਰਦੁਆਰੇ ਦਾ ਕੋਈ ਪ੍ਰਧਾਨ ਗਲਤ ਹੋ ਸਕਦਾ ਹੈ, ਇਸ ਦੀ ਸਮੁੱਚੀ ਪ੍ਰਬੰਧਕੀ ਕਮੇਟੀ ਗਲਤ ਹੋ ਸਕਦੀ ਹੈ, ਪਰ ਗੁਰਦੁਆਰਿਆਂ ਨੂੰ ਬੁੱਚੜਖਾਨੇ ਕਹਿਣਾ ਸਿਰੇ ਤੋਂ ਗਲਤ ਹੈ, ਜਿਸ ਨੂੰ ਸਿੱਖ ਕੌਮ ਕਦੀ ਵੀ ਬ੍ਰਦਾਸ਼ਤ ਨਹੀਂ ਕਰ ਸਕਦੀ। ਕੁਲਦੀਪ ਸਿੰਘ ਵੱਲੋਂ ਵਰਤੀ ਗਈ ਇਸ ਇਤਰਾਜ਼ਯੋਗ ਸ਼ਬਾਵਲੀ ਕਾਰਣ ਕਾਨ੍ਹਪੁਰ ਦੀਆਂ ਸਮੂੰਹ ਸਿੱਖ ਸੰਗਤਾਂ ਵਿੱਚ ਭਾਰੀ ਰੋਸ ਹੈ ਤੇ ਸੰਗਤਾਂ ਦੀ ਭਾਵਨਾ ਨੂੰ ਮੁੱਖ ਰਖਦੇ ਹੋਏ, ਕਾਨ੍ਹਪੁਰ ਦੀਆਂ ਸਿੰਘ ਸਭਾਵਾਂ ਤੇ ਹੋਰ ਸਿੱਖ ਜਥੇਬੰਦੀਆਂ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ ਕੁਲਦੀਪ ਸਿੰਘ ਨੂੰ ਕਾਨ੍ਹਪੁਰ ਦੀ ਕਿਸੇ ਵੀ ਗੁਰਦੁਆਰਾ ਸਟੇਜ਼ ਤੋਂ ਬੋਲਣ ਦੀ ਆਗਿਆ ਨਾ ਦਿੱਤੀ ਜਾਵੇ।

ਇਸ ਦੌਰਾਨ 10 ਮਾਰਚ ਨੂੰ ਗੁਰਦੁਆਰਾ ਭਾਈ ਬੰਨੋ ਜੀ ਵਿਖੇ ਇੱਕ ਮਰਗ ਦਾ ਭੋਗ ਸਮਾਗਮ ਸੀ ਜਿਸ ਵਿੱਚ ਗੁਰਦੁਆਰਿਆਂ ਤੇ ਸਿੱਖ ਜਥੇਬੰਦੀਆਂ ਦੇ ਫੈਸਲੇ ਅਨੁਸਾਰ ਉਸ ਨੂੰ ਬੋਲਣ ਤੋਂ ਰੋਕ ਦਿੱਤਾ ਗਿਆ। ਭਰੀ ਸੰਗਤ ਵਿੱਚ ਉਸ ਦੀ ਹੋਈ ਇਹ ਫਜ਼ੀਹਤ, ਕੁਲਦੀਪ ਸਿੰਘ ਦੇ ਜਖਮਾਂ ਤੇ ਲੂਣ ਬਣ ਕੇ ਡਿੱਗ ਪਈ ਤੇ ਦੂਸਰੇ ਦਿਨ ਹੀ ਉਸ ਨੇ ਗੁਰਦੁਆਰਾ ਭਾਈ ਬੰਨੋ ਯੂਥ ਵਿੰਗ ਦੇ ਨਾਮ ਹੇਠ ਅਪਣੇ ਸਮਰਥਕਾਂ ਦੀ ਬਣਾਈ ਜਥੇਬੰਦੀ ਦੇ ਨਾਮ ਹੇਠ, ਗੁਰਦੁਆਰਾ ਭਾਈ ਬੰਨੋ ਸਾਹਿਬ ਤੇ ਗੁਰਦੁਆਰੇ ਦੇ ਪ੍ਰਧਾਨ ਦੇ ਖਿਲਾਫ ਇਤਰਾਜਯੋਗ ਪੋਸਟਰ ਲਾ ਦਿੱਤੇ ਅਤੇ ਗੁਰਦੁਆਰੇ ’ਤੇ ਕਬਜ਼ਾ ਕਰਨ ਦੀ ਅਸਫਲ ਕੋਸ਼ਿਸ਼ ਕੀਤੀ।

ਇਸ ਦੇ ਰੋਸ ਵਜੋਂ ਕਾਨ੍ਹਪੁਰ ਦੀਆਂ ਸਮੂਹ ਜੱਥੇਬੰਦੀਆਂ ਅਤੇ ਗੁਰਦੁਆਰਾ ਕਮੇਟੀ; ਏ. ਡੀ. ਐਮ. ਸਿਟੀ ਨੂੰ ਮਿਲੇ ਅਤੇ ਕੁਲਦੀਪ ਸਿੰਘ ਜੋ ਆਏ ਦਿਨ ਕੌਮ ਵਿੱਚ ਬਖੇੜੇ ਖੜ੍ਹੇ ਕਰਦਾ ਹੈ ਅਤੇ ਗੁੰਡਾਗਰਦੀ ਕਰਦਾ ਹੈ, ਨੂੰ ਗ੍ਰਿਫ਼ਤਾਰ ਕਰਨ ਦੀ ਲਿਖਤੀ ਮੰਗ ਕੀਤੀ। ਏ.ਡੀ.ਐਮ, (ਸਿਟੀ) ਨੇ ਸਹਾਇਕ ਸਿਟੀ ਮੈਜਿਸਟ੍ਰੇਟ ਅਤੇ ਥਾਣਾ ਨਜੀਰਾਬਾਦ ਦੇ ਥਾਣਾ ਮੁਖੀ ਨੂੰ ਇਸ ਸਾਰੀ ਘਟਨਾਂ ਦੀ ਜਾਂਚ ਦਾ ਹੁਕਮ ਦੇ ਦਿਤਾ ਅਤੇ ਜਾਂਚ ਕਰਕੇ ਕੁਲਦੀਪ ਸਿੰਘ ਦੇ ਦੋਸ਼ੀ ਸਾਬਿਤ ਹੋਣ ’ਤੇ ਉਸ ਨੂੰ ਗ੍ਰਿਫਤਾਰ ਕਰਨ ਦਾ ਯਕੀਨ ਸਿੱਖ ਜੱਥੇਬੰਦੀਆਂ ਨੂੰ ਦੁਆਇਆ।

ਪ੍ਰਧਾਨ ਮੋਹਕਮ ਸਿੰਘ ਨੇ ਦੱਸਿਆ ਕਿ ਇਸ ਉਪ੍ਰੰਤ ਬੀਤੀ ਦੇਰ ਸ਼ਾਮ ਗੁਰਦੁਆਰਾ ਭਾਈ ਬੰਨੋ ਜੀ ਵਿਖੇ ਇੱਕ ਮੀਟਿੰਗ ਹੋਈ, ਜਿਸ ਵਿੱਚ ਉਨ੍ਹਾਂ ਤੋਂ ਇਲਾਵਾ ਬ੍ਰਿਗੇਡ ਗੁਰਦੁਆਰਾ ਪਾਂਡੂ ਨਗਰ ਦੇ ਪ੍ਰਧਾਨ ਸ਼੍ਰੀ ਸ਼ੰਮੀ ਤਲਵਾੜ, ਗੁਰਦੁਆਰਾ ਦੂਖ ਨਿਵਾਰਨ ਦੇ ਪ੍ਰਧਾਨ ਸ: ਇੰਦਰਜੀਤ ਸਿੰਘ, ਗੁਰਦੁਆਰਾ ਕਿਦਵਈ ਨਗਰ ਦੇ ਪ੍ਰਧਾਨ ਸ: ਉਬਰਾਏ, ਗੁਰਦੁਆਰਾ ਨਾਮਦੇਵ ਨਗਰ ਦੇ ਪ੍ਰਧਾਨ ਸ: ਨੀਤੂ ਸਿੰਘ, ਗੁਰਦੁਆਰਾ ਸਿੰਘ ਸਭਾ ਰਤਨ ਲਾਲ ਨਗਰ ਦੇ ਪ੍ਰਧਾਨ ਸ: ਮਹਿੰਦਰ ਸਿੰਘ, ਗੁਰਦੁਆਰਾ ਸ਼੍ਰੀ ਚੰਦ ਦੇ ਜਨਰਲ ਸਕੱਤਰ ਸ: ਰਮਿੰਦਰ ਸਿੰਘ ਸੋਨੂੰ ਰੇਖੀ, ਗੁਰਦੁਆਰਾ ਸਿੰਘ ਸਭਾ ਲਾਟੂਸ ਰੋਡ ਅਤੇ ਗੁਰਦੁਆਰਾ ਚੌਕ ਦੇ ਪ੍ਰਧਾਨ ਸ: ਹਰਵਿੰਦਰ ਸਿੰਘ ਦੇ ਪ੍ਰਧਾਨ ਸ: ਹਰਵਿੰਦਰ ਸਿੰਘ ਲਾਰਡ ਤੋਂ ਇਲਾਵਾ 200 ਦੇ ਲਗਭਗ ਪਤਵੰਤੇ ਸਿੱਖ ਸ਼ਾਮਲ ਸਨ, ਜਿਨ੍ਹਾਂ ਨੇ ਕੁਲਦੀਪ ਸਿੰਘ ’ਤੇ ਗੁਰਦੁਆਰਿਆਂ ਨੂੰ ਵਿਵਾਦ ਦਾ ਕੇਂਦਰ ਬਣਾ ਕੇ ਬਦਨਾਮ ਕਰਨ ‘ਤੇ ਸਿੱਖਾਂ ਵਿੱਚ ਵੰਡੀਆਂ ਪਾਉਣ ਦਾ ਦੋਸ਼ ਲਾਉਂਦਿਆਂ ਗੁਰਦੁਆਰਿਆਂ ਦੀਆਂ ਸਟੇਜਾਂ ਤੋਂ ਬੋਲਣ ਦੀ ਲਾਈ ਪਾਬੰਦੀ ਨੂੰ ਜਾਇਜ਼ ਠਹਿਰਾਇਆ ਅਤੇ ਇਸ ’ਤੇ ਸਖਤੀ ਨਾਲ ਅਮਲ ਜਾਰੀ ਰੱਖਣ ਤੋਂ ਇਲਾਵਾ ਉਸ ਦੇ ਸਮਾਜਕ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ। ਗੁਰਦੁਆਰਾ ਸਿੰਘ ਸਭਾ ਲਾਟੂਸ ਰੋਡ ਅਤੇ ਗੁਰਦੁਆਰਾ ਚੌਕ ਦੇ ਪ੍ਰਧਾਨ ਸ: ਹਰਵਿੰਦਰ ਸਿੰਘ ਲਾਰਡ ਨਾਲ ਸੰਪਰਕ ਕਰਕੇ ਪੁੱਛੇ ਜਾਣ ’ਤੇ ਉਨ੍ਹਾਂ ਨੇ ਉਕਤ ਲਏ ਗਏ ਫੈਸਲੇ ਦੀ ਪੁਸ਼ਟੀ ਕੀਤੀ।

ਕੁਲਦੀਪ ਸਿੰਘ ਨਾਲ ਗੱਲ ਕਰਨ ’ਤੇ ਉਨ੍ਹਾਂ ਦੱਸਿਆ ਕਿ ‘ਇਹ ਸਾਰੇ ਬੰਦੇ ਪ੍ਰੋ: ਦਰਸ਼ਨ ਸਿੰਘ ਦੇ ਸਮਰਥਕ ਹਨ ਤੇ ਮੇਰੇ ਵੱਲੋਂ ਉਨ੍ਹਾਂ ਦਾ ਪ੍ਰੋਗਰਾਮ ਰੋਕੇ ਜਾਣ ਦੀ ਕੋਸ਼ਿਸ਼ ਕਾਰਣ ਇਹ ਸਾਰੇ ਮੇਰੇ ਨਾਲ ਨਾਰਾਜ਼ ਹਨ, ਜਿਸ ਕਾਰਣ ਇਨ੍ਹਾਂ ਨੇ ਮੇਰੇ ਬੋਲਣ ’ਤੇ ਪਾਬੰਦੀ ਅਤੇ ਸਮਾਜਕ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ’। ਉਨ੍ਹਾਂ ਕਿਹਾ ਗੁਰਦੁਆਰਿਆਂ ਦੇ ਇਨ੍ਹਾਂ ਪ੍ਰਬੰਧਕਾਂ ਨੂੰ ਮੇਰਾ ਸਮਾਜਕ ਬਾਈਕਾਟ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਜਦ ਕੁਲਦੀਪ ਸਿੰਘ ਨੂੰ ਪੁੱਛਿਆ ਗਿਆ ਕਿ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਕਿ ਗੁਰਦੁਆਰਿਆਂ ਦੇ ਇਨ੍ਹਾਂ ਪ੍ਰਬੰਧਕਾਂ ਨੂੰ ਕਿਸੇ ਦਾ ਸਮਾਜਕ ਬਾਈਕਾਟ ਕਰਨ ਅਤੇ ਗੁਰਦੁਆਰੇ ਦੀ ਸਟੇਜ਼ ਤੋਂ ਬੋਲਣ ’ਤੇ ਰੋਕ ਲਾਉਣ ਦਾ ਕੋਈ ਅਧਿਕਾਰ ਨਹੀਂ ਹੈ, ਉਸੇ ਤਰ੍ਹਾਂ ਪ੍ਰੋ: ਦਰਸ਼ਨ ਸਿੰਘ ਵੀ ਕਹਿੰਦੇ ਹਨ ਕਿ ਗੁਰੂ ਗ੍ਰੰਥ ਸਾਹਿਬ, ਗੁਰਦੁਆਰਾ ਐਕਟ 1925 ਅਤੇ ਸਿੱਖ ਰਹਿਤ ਮਰਯਾਦਾ ਵਿੱਚੋਂ ਕਿਸੇ ਇੱਕ ਵਿੱਚ ਵੀ ਐਸਾ ਵਿਧਾਨ ਨਹੀਂ ਹੈ ਕਿ ਸਿਆਸਤਦਾਨਾਂ ਦੇ ਮੁਲਾਜ਼ਮ ਜਥੇਦਾਰ ਕਿਸੇ ਨੂੰ ਪੰਥ ’ਚ ਛੇਕ ਸਕਣ। ਜੇ ਤੁਸੀਂ ਆਪਣੇ ਸਮਾਜਕ ਬਾਈਕਾਟ ਨੂੰ ਗੈਰਸੰਵਿਧਾਨਕ ਦੱਸ ਰਹੇ ਹੋ, ਤਾਂ ਪ੍ਰੋ: ਦਰਸ਼ਨ ਸਿੰਘ ਨੂੰ ਛੇਕੇ ਜਾਣ ਨੂੰ ਤੁਸੀਂ ਜਾਇਜ਼ ਦੱਸ ਕੇ ਉਨ੍ਹਾਂ ਦੇ ਕੀਰਤਨ ਰੋਕਣ ਨੂੰ ਕਿਸ ਅਧਾਰ ’ਤੇ ਜਾਇਜ਼ ਠਰਿਹਾ ਸਕਦੇ ਹੋ? ਉਨ੍ਹਾਂ ਇਸ ਦਾ ਸਿੱਧਾ ਜਵਾਬ ਦੇਣ ਦੀ ਥਾਂ ਕਿਹਾ ਕਿ ਪ੍ਰੋ: ਦਰਸ਼ਨ ਸਿੰਘ ਨੇ ਅੰਮ੍ਰਿਤ ਸੰਚਾਰ ਦੀਆਂ ਬਾਣੀਆਂ ਨੂੰ ਰੱਦ ਕਰਦੇ ਹਨ ਤੇ ਗੁਰੂ ਗੋਬਿੰਦ ਸਿੰਘ ਜੀ ਅਤੇ ਦਸਮ ਗ੍ਰੰਥ ਦੀ ਬਾਣੀ ਸਬੰਧੀ ਭੱਦੀ ਸ਼ਬਦਾਵਲੀ ਵਰਤਦੇ ਹਨ।

ਕੁਲਦੀਪ ਸਿੰਘ ਨੂੰ ਜਦ ਇਹ ਚੇਤਾ ਕਰਵਾਇਆ ਗਿਆ ਕਿ ਅੰਮ੍ਰਿਤ ਸੰਚਾਰ ਦੀਆਂ ਬਾਣੀਆਂ ਨੂੰ ਰੱਦ ਕਰਨ ਦਾ ਦੋਸ਼ ਤਾਂ ਬਿਲਕੁਲ ਨਿਰਆਧਾਰ ਹੈ, ਕਿਉਂਕਿ ਹਰ ਸਟੇਜ਼ ’ਤੇ ਉਹ ਕਹਿੰਦੇ ਹਨ ਕਿ ਸਿੱਖ ਰਹਿਤ ਮਰਯਾਦਾ ਇੱਕ ਪੰਥਕ ਫੈਸਲਾ ਅਨੁਸਾਰ ਹੋਂਦ ਵਿੱਚ ਆਈ ਤੇ ਜਦ ਤੱਕ ਇਸ ਫੈਸਲੇ ਵਿੱਚ ਪੰਥਕ ਯੁਕਤ ਵਰਤ ਕੇ ਕੋਈ ਸੋਧ ਨਹੀਂ ਕੀਤੀ ਜਾਂਦੀ, ਉਨ੍ਹਾਂ ਚਿਰ ਉਹ ਇਸ ’ਤੇ ਕੋਈ ਕਿੰਤੂ ਨਹੀਂ ਕਰਦੇ। ਜਿੱਥੋਂ ਤੱਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਬੰਧੀ ਭੱਦੀ ਸ਼ਬਦਾਵਲੀ ਦੀ ਵਰਤੋਂ ਦੀ ਗੱਲ ਹੈ ਉਸ ਸਬੰਧੀ ਡਾ. ਹਰਭਜਨ ਸਿੰਘ ਵਲੋਂ ਲਿਖੀ ਕਿਤਾਬ ‘ਸ੍ਰੀ ਦਸਮ ਗ੍ਰੰਥ ਸਾਹਿਬ ਕਰਤਾ ਸਬੰਧੀ ਵਿਵਾਦ ਦੀ ਪੁਨਰ ਸਮੀਖਿਆ’ ਜੋ ਕਿ 12 ਦਸੰਬਰ 2009 ਨੂੰ ਇਕ ਸਮਾਗਮ ’ਚ ਰੀਲੀਜ਼ ਕੀਤੀ ਗਈ ਸੀ, ਜਿਸ ਵਿੱਚ ਦਸਮ ਗ੍ਰੰਥ ਨੂੰ ਮੰਨਣ ਵਾਲੇ ਸਾਰੇ ਹੀ ਅਖੌਤੀ ਵਿਦਵਾਨ ਹਾਜ਼ਰ ਸਨ। ਡਾ. ਹਰਭਜਨ ਸਿੰਘ ਨੇ ਵੀ ਉਹੋ ਹੀ ਗੱਲ ਲਿੱਖੀ ਜੋ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੇ 2009 ਵਿੱਚ ਅਨੂਪ ਕੌਰ ਦੀ ਕਹਾਣੀ ਵਿੱਚ ਸੰਗਤਾਂ ਸਾਹਮਣੇ ਪੇਸ਼ ਕੀਤੀ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਮੇਰਾ ਗੁਰੂ ਇਹੋ ਜਿਹਾ ਨਹੀਂ ਹੋ ਸਕਦਾ। ਅੱਜ ਤੋਂ ਦੋ ਢਾਈ ਸਾਲ ਪਹਿਲਾਂ ਇੱਕ ਰੇਡੀਓ ਟਾਕ ਸ਼ੋ ਦੌਰਾਨ ਪਟਨਾ ਸਾਹਿਬ ਦੇ ਅਖੌਤੀ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਹਰਿਭਜਨ ਸਿੰਘ ਦੀ ਸਾਰੀ ਸ਼ਬਦਾਵਲੀ ਪੜ੍ਹ ਕੇ ਸੁਣਾਈ ਗਈ ਸੀ, ਤਾਂ ਉਨ੍ਹਾਂ ਨੇ ਵੀ ਮੰਨਿਆ ਸੀ ਕਿ ਇਹ ਚਰਿਤਰ ਗੁਰੂ ਸਾਹਿਬ ਜੀ ਦੀ ਆਪਣੀ ਕਥਾ ਨਹੀਂ ਹੈ।

ਪਰ ਦੂਸਰੇ ਪਾਸੇ ਉਨ੍ਹਾਂ ਦੀ ਗੈਰ ਜਿੰਮੇਵਾਰੀ ਵੇਖੋ ਕਿ ਉਨ੍ਹਾਂ ਖ਼ੁਦ ਵੀ ਉਸ ਲੇਖਕ ਡਾ: ਹਰਿਭਜਨ ਸਿੰਘ ਨੂੰ ‘ਤਖ਼ਤ ਪਟਨਾ ਸਾਹਿਬ ਦੀ ਅਸੀਸ’ ਸਿਰਲੇਖ ਹੇਠ ਪ੍ਰਸੰਸਾ ਪੱਤਰ ਵੀ ਦਿੱਤਾ ਹੋਇਆ ਹੈ। ਕਾਲਰਾਂ ਵੱਲੋਂ ਇਹ ਪੁੱਛੇ ਜਾਣ ’ਤੇ ਗਿਆਨੀ ਇਕਬਾਲ ਸਿੰਘ ਨੇ ਮੰਨਿਆਂ ਸੀ ਕਿ ਉਨ੍ਹਾਂ ਬਿਨਾਂ ਪੜ੍ਹੇ ਹੀ ਪ੍ਰਸੰਸਾ ਪੱਤਰ ਦੇ ਦਿੱਤਾ ਸੀ, ਪਰ ਹੁਣ ਪੰਜਾਂ ਦੀ ਹੋ ਰਹੀ ਮੀਟਿੰਗ ਵਿੱਚ ਲੇਖਕ ਡਾ: ਹਰਿਭਜਨ ਸਿੰਘ ਵਿਰੁੱਧ ਕਾਰਵਾਈ ਕਰਨ ਲਈ ਵੀਚਾਰ ਕਰਨਗੇ। ਪਰ ਲੰਬਾ ਸਮਾਂ ਬੀਤ ਜਾਣ ’ਤੇ ਜੇ ਹਰਿਭਜਨ ਸਿੰਘ ਵਿਰੁਧ ਕੋਈ ਕਾਰਵਾਈ ਨਹੀਂ ਕੀਤੀ ਗਈ, ਤਾਂ ਪ੍ਰੋ: ਦਰਸ਼ਨ ਸਿੰਘ ਵਿਰੁੱਧ ਉਹੀ ਕੁਝ ਕਹਿਣ ਦੇ ਦੋਸ਼ ਹੇਠ ਉਨ੍ਹਾਂ ਨੂੰ ਪੰਥ ’ਚੋਂ ਛੇਕੇ ਜਾਣਾ ਕਿਵੇਂ ਜਾਇਜ਼ ਹੈ?

ਇਸ ਤਰ੍ਹਾਂ ਦੇ ਇੱਕ ਪਾਸੜ ਫੈਸਲਿਆਂ ਨੂੰ ਅਕਾਲ ਤਖ਼ਤ ਦੇ ਫੈਸਲੇ ਦੱਸ ਕੇ ਅਕਾਲ ਤਖ਼ਤ ਨੂੰ ਬਦਨਾਮ ਕਿਉਂ ਕੀਤਾ ਜਾ ਰਿਹਾ? ਇਸ ਦਾ ਵੀ ਸਿੱਧਾ ਜਵਾਬ ਦੇਣ ਦੀ ਥਾਂ ਕੁਲਦੀਪ ਸਿੰਘ ਨੇ ਕਿਹਾ ਕਿ ਇਸ ਸਮੇਂ ਉਹ ਦਿੱਲੀ ਵਿੱਚ ਹਨ ਤੇ ਪਰਸੋਂ ਤੱਕ ਕਾਨ੍ਹਪੁਰ ਪਹੁੰਚ ਕੇ ਉਹ ਵੀਡੀਓ ਭੇਜਣਗੇ ਜਿਸ ਵਿੱਚ ਪ੍ਰੋ: ਦਰਸਨ ਸਿੰਘ ਨੇ ਅੰਮ੍ਰਿਤ ਸੰਚਾਰ ਦੀਆਂ ਬਾਣੀਆਂ ਨੂੰ ਰੱਦ ਕੀਤਾ ਹੈ।

ਅਕਾਲੀ ਜੱਥਾ ਦੇ ਪ੍ਰਧਾਨ ਸ. ਹਰਚਰਨ ਸਿੰਘ ਨਾਲ ਜਦੋਂ ਇਸ ਵਿਸ਼ੇ ਸਬੰਧੀ ਹੋਰ ਜਾਣਕਾਰੀ ਲੈਣ ਲਈ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਕੁਲਦੀਪ ਸਿੰਘ ਦੇ ਸਮਾਜਕ ਬਾਈਕਾਟ ਕਰਨ ਵਾਲਿਆਂ ਨੇ ਪ੍ਰੋ: ਦਰਸ਼ਨ ਸਿੰਘ ਦਾ ਕੀਰਤਨ ਸਮਾਗਮ ਕਰਵਾਉਣ ਸਮੇਂ ਮੂਕ ਦਰਸ਼ਕ ਬਣੇ ਹੋਏ ਸਨ ਤੇ ਉਸ ਸਮੇਂ ਉਨ੍ਹਾਂ ਨੇ ਸਾਡੀ ਕੋਈ ਵੀ ਖੁਲ੍ਹ ਕੇ ਮੱਦਦ ਨਹੀਂ ਸੀ ਕੀਤੀ। ਜਿਸ ਤਰ੍ਹਾਂ ਪ੍ਰੋ: ਦਰਸ਼ਨ ਸਿੰਘ ਨੂੰ ਸਿਆਸਤ ਅਧੀਨ ਛੇਕਿਆ ਗਿਆ ਸੀ ਤੇ ਕੁਲਦੀਪ ਸਿੰਘ ਨੂੰ ਸ਼੍ਰੋਮਣੀ ਕਮੇਟੀ ਵਿੱਚ ਮੈਂਬਰ ਨਾਮਜਦ ਕਰਨ ਦਾ ਲਾਲਚ ਦੇ ਕੇ ਗਿਆਨੀ ਗੁਰਬਚਨ ਸਿੰਘ ਨੇ ਸਿਆਸਤ ਅਧੀਨ ਹੀ ਪ੍ਰੋ: ਦਰਸ਼ਨ ਸਿੰਘ ਦੇ ਵਿਰੋਧ ਲਈ ਤਿਆਰ ਕੀਤਾ ਗਿਆ ਸੀ, ਉਸੇ ਤਰ੍ਹਾਂ ਇਹ ਵੀ ਸਿਆਸਤ ਅਧੀਨ ਗੁਰਦੁਆਰੇ ’ਤੇ ਕਬਜ਼ਾ ਕਰਨ ਦੀ ਲੜਾਈ ਹੈ।

ਅਕਾਲੀ ਜਥੇ ਦੇ ਵੀਰ ਰਮਿੰਦਰ ਸਿੰਘ ਸੋਨੂੰ ਰੇਖੀ ਨੇ ਕਿਹਾ ਕਿ ਸੁਣਿਆ ਹੈ ਸ਼੍ਰੋਮਣੀ ਕਮੇਟੀ ਵਿੱਚ ਮੈਂਬਰ ਨਾਮਜ਼ਦ ਕਰਨ ਲਈ ਮੁਢਲੀ ਸ਼ਰਤ ਇਹ ਹੈ ਕਿ ਉਹ ਕਿਸੇ ਗੁਰਦੁਆਰੇ ਦਾ ਪ੍ਰਧਾਨ ਹੋਣਾ ਚਾਹੀਦਾ ਹੈ। ਇਹ ਸ਼ਰਤ ਪੂਰੀ ਕਰਨ ਲਈ ਕੁਲਦੀਪ ਸਿੰਘ ਕਿਸੇ ਇੱਕ ਗੁਰਦੁਆਰਾ ’ਤੇ ਕਬਜ਼ਾ ਕਰਕੇ ਉਸ ਦਾ ਜ਼ਬਰੀ ਪ੍ਰਧਾਨ ਬਣਨਾ ਚਹੁੰਦਾ ਹੈ। ਉਨ੍ਹਾਂ ਕਿਹਾ ਜਿਨ੍ਹਾਂ ਨੇ ਉਸ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ, ਉਨ੍ਹਾਂ ਵੀ ਆਪਣੀ ਪ੍ਰਧਾਨਗੀ ਬਚਾਉਣ ਲਈ ਹੀ ਕੀਤਾ ਹੈ। ਇਨ੍ਹਾਂ ਵਿੱਚੋਂ ਕਿਸੇ ਨੇ ਵੀ ਪ੍ਰੋ: ਦਰਸ਼ਨ ਸਿੰਘ ਦਾ ਸਮਾਗਮ ਕਰਵਾਉਣ ਵੇਲੇ ਸਾਡੀ ਮੱਦਦ ਨਹੀਂ ਕੀਤੀ ਸੀ।

ਅਕਾਲੀ ਜੱਥਾ, ਕਾਨ੍ਹਪੁਰ ਦੇ ਕਨਵੀਨਰ ਇੰਦਰਜੀਤ ਸਿੰਘ ਕਾਨ੍ਹਪੁਰ ਨਾਲ ਸੰਪਰਕ ਕੀਤਾ ਗਿਆ ਤਾਂ ਉਨਾਂ ਕਿਹਾ ਕਿ ਅਕਾਲੀ ਜੱਥਾ ਕਾਨ੍ਹਪੁਰ, ਇਕ ਨਿਰੋਲ ਧਾਰਮਿਕ ਅਤੇ ਸੱਚ ਦੇ ਪ੍ਰਚਾਰ ਅਤੇ ਪ੍ਰਸਾਰ ਕਰਨ ਵਾਲੀ ਇਕ ਨਿਰੋਲ ਪੰਥਿਕ ਸੰਸਥਾ ਹੈ। ਗੁਰਦੁਆਰਿਆਂ ਦੀ ਰਾਜਨੀਤੀ ਵਿੱਚ ਸਾਡੀ ਜੱਥੇਬੰਦੀ ਦੀ ਕੋਈ ਦਿਲਚਸਪੀ ਨਹੀਂ ਹੈ। ਕੱਲ੍ਹ ਦੀ ਘਟਨਾਂ ਗੁਰਦੁਆਰਿਆਂ ਦੀ ਇਸੇ ਰਾਜਨੀਤੀ ਦਾ ਨਤੀਜਾ ਹੈ। ਅਕਾਲੀ ਜੱਥਾ ਨਾਲ ਸੰਬੰਧਿਤ ਵੀਰਾਂ ਦਾ ਇਸ ਘਟਨਾਂ ਬਾਰੇ ਸਿਰਫ ਇਨਾਂ ਹੀ ਕਹਿਣਾਂ ਹੈ ਕਿ, ਕੁਲਦੀਪ ਸਿੰਘ ਵਰਗਾ ਬੰਦਾ ਜਦੋਂ ਅਕਾਲ ਤਖਤ ਦੇ ਅਖੌਤੀ ਜਥੇਦਾਰ ਦੇ ਇਸ਼ਾਰਿਆਂ ’ਤੇ ਪ੍ਰੋ: ਦਰਸ਼ਨ ਸਿੰਘ ਹੋਰਾਂ ਦਾ ਗੁਰਬਾਣੀ ਕੀਰਤਨ ਦਾ ਪ੍ਰੋਗ੍ਰਾਮ ਰੁਕਵਾਉਣ ਲਈ ਤਰਲੋ ਮੱਛੀ ਹੋ ਰਿਹਾ ਸੀ, ਉਸ ਵੇਲੇ ਕਾਨ੍ਹਪੁਰ ਦੀ ਕਿਸੇ ਜੱਥੇਬੰਦੀ ਨੇ ਸਾਡਾ ਖੁਲ੍ਹਕੇ ਸਾਥ ਨਹੀਂ ਦਿਤਾ, ਕਿਉਂਕਿ ਸਾਰਿਆਂ ਨੂੰ ਅਪਣੀਆਂ ਕੁਰਸੀਆਂ ਅਤੇ ਪ੍ਰਧਾਨਗੀਆਂ ਦੀ ਚਿੰਤਾ ਵੱਧ ਸੀ, ਸੱਚ ਨਾਲ ਖੜ੍ਹੇ ਹੋਣ ਦੀ ਕਿਸੇ ਨੂੰ ਪਰਵਾਹ ਨਹੀਂ ਸੀ। ਗੁਰਦੁਆਰੇ ਉਤੇ ਕਬਜ਼ੇ ਵਾਲੀ ਕੱਲ੍ਹ ਦੀ ਘਟਨਾਂ ਤੋਂ ਇਨਾਂ ਸਮੂਹ ਜੱਥੇਬੰਦੀਆਂ ਨੂੰ ਅਤੇ ਗੁਰਦੁਆਰਾ ਕਮੇਟੀਆਂ ਨੂੰ ਇਹ ਸਬਕ ਲੈਣਾਂ ਚਾਹੀਦਾ ਹੈ ਕਿ, ਅਪਣੀਆਂ ਕੁਰਸੀਆਂ ਅਤੇ ਪ੍ਰਧਾਨਗੀ ਦਾ ਮੋਹ ਛੱਡ ਕੇ ਕੁਲਦੀਪ ਸਿੰਘ ਅਤੇ ਗੁਰਬਚਨ ਸਿੰਘ ਵਰਗੇ ਲੋਕਾਂ ਦੇ ਖਿਲਾਫ ਇਕ ਜੁੱਟ ਹੋ ਕੇ ਖੜ੍ਹੇ ਹੋਣ, ਨਹੀ ਤਾਂ ਇਹੋ ਜਿਹੇ ਬੁਰਛਾਗਰਦ ਜੇ ਅੱਜ ਕਿਸੇ ਨੂੰ ਪਰੇਸ਼ਾਨ ਕਰ ਸਕਦੇ ਹਨ ਤਾਂ ਦੂਜੇ ਦਿਨ ਕਿਸੇ ਹੋਰ ਲਈ ਮੁਸੀਬਤ ਖੜ੍ਹੀ ਕਰ ਸਕਦੇ ਹਨ। ਜੇ ਅਸੀਂ ਅਜ ਸੱਚ ਨਾਲ ਖੜ੍ਹੇ ਨਹੀਂ ਹੋ ਸਕਦੇ, ਤਾਂ ਫਿਰ ਕੱਲ੍ਹ ਨੂੰ ਸਾਡਾ ਸਾਥ ਕੌਣ ਦੇਵੇਗਾ?

ਕੰਵਲਪਾਲ ਸਿੰਘ ਨੇ ਇਸ ਘਟਨਾਂ ਨੂੰ ਮੰਦਭਾਗੀ ਦਸਦਿਆਂ ਕਿਹਾ ਕਿ ਕੌਮ ਲਈ ਇਹ ਬਹੁਤ ਸ਼ਰਮ ਦੀ ਗਲ ਹੈ। ਅੱਜ ਗੋਲਕਾਂ ਅਤੇ ਗੁਰਦੁਆਰਿਆਂ ਦਾ ਧੰਨ ਹੀ ਸਾਰੀ ਲੜਾਈ ਦੀ ਜੜ ਬਣ ਚੁੱਕਿਆ ਹੈ। ਵੀਰ ਮਨਮੀਤ ਸਿੰਘ ਸਵਾਲੱਖ ਨੇ ਕਿਹਾ ਕਿ ਗੁਰਦੁਆਰਿਆਂ ਦਾ ਕੰਮ ਗੁਰਬਾਣੀ ਅਤੇ ਗੁਰਮਤਿ ਦਾ ਪ੍ਰਚਾਰ ਕਰਨਾਂ ਸੀ, ਲੇਕਿਨ ਹੁਣ ਤਾਂ ਇਹ ਰਾਜਨੀਤੀ ਦਾ ਅਖਾੜਾ ਬਣਦੇ ਜਾ ਰਹੇ ਨੇ। ਆਏ ਦਿਨ ਗੁਰਦੁਆਰਿਆਂ ਵਿੱਚ ਰਾਜਨੀਤਿਕ ਲੋਕਾਂ ਨੂੰ ਬੁਲਾ ਕੇ ਸਿਰੋਪੇ ਦਿਤੇ ਜਾਂਦੇ ਨੇ, ਜਿਨਾਂ ਦਾ ਕੋਈ ਪੰਥਿਕ ਯੋਗਦਾਨ ਨਹੀਂ ਹੁੰਦਾ। ਪੰਥ ਵਿਰੋਧੀ ਲੋਕਾਂ ਨੂੰ ਭਾਂਤਿ ਭਾਤਿ ਦੇ ਸਨਮਾਨ ਤੇ ਅਹੁਦੇ ਦੇ ਕੇ ਉਨਾਂ ਨੂੰ ਕੌਮ ਦਾ ਮੋਹਤਬਰ ਸਾਬਿਤ ਕੀਤਾ ਜਾ ਰਿਹਾ ਹੈ, ਅਤੇ ਪੰਥ ਦਰਦੀਆਂ ਅਤੇ ਸੱਚ ਦੀ ਗੱਲ ਕਰਣ ਵਾਲਿਆਂ ਨੂੰ ਪੰਥ ਤੋਂ ਛੇਕਨ ਅਤੇ ਉਨ੍ਹਾਂ ਦਾ ਮੂੰਹ ਬੰਦ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ।

ਅਕਾਲੀ ਜਥੇ ਦੇ ਵੀਰਾਂ ਨੇ ਕਿਹਾ ਕਿ ਇਸ ਤਾਜ਼ਾ ਲੜਾਈ ਨਾਲ ਤਾਂ ਉਨ੍ਹਾਂ ਦਾ ਕੋਈ ਸਬੰਧ ਨਹੀਂ ਹੈ ਪਰ ਕੁਲਦੀਪ ਸਿੰਘ ਦੀ ਬੁਰਛਾਗਰਦੀ ਵਿਰੁੱਧ ਉਨ੍ਹਾਂ ਨੇ ਪਹਿਲਾਂ ਹੀ ਡੀ. ਐਮ. ਅੱਗੇ ਉਸ ਨੂੰ ਗ੍ਰਿਫਤਾਰ ਕਰਨ ਦੀ ਅਰਜੀ ਦਿਤੀ ਗਈ ਸੀ, ਜਿਸ ਨੂੰ ਸਵੀਕਾਰ ਕਰਦਿਆਂ, ਪ੍ਰਸਾਸ਼ਨ ਵਲੋਂ ਕੁਲਦੀਪ ਸਿੰਘ ’ਤੇ ਦਫਾ 153/ 506 ਅਤੇ ਹੋਰ ਧਾਰਾਵਾਂ ਦੇ ਤਹਿਤ ਮੁਕੱਦਮਾ ਦਰਜ਼ ਕਰ ਦਿੱਤਾ ਹੈ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top