Share on Facebook

Main News Page

ਗਿਆਨੀ ਗੁਰਬਚਨ ਸਿੰਘ ਜੀ ਅਸ਼ਲੀਲ ਗਾਣੇ ਸਮਾਜ ਲਈ ਨੁਕਸਾਨਦੇਹ ਹਨ, ਤਾਂ ਕੀ ਅਖੌਤੀ ਦਸਮ ਗ੍ਰੰਥ ਦੀਆਂ ਅਸ਼ਲੀਲ ਕਵਿਤਾਵਾਂ ਫਾਇਦੇਮੰਦ ਹਨ ?
• ਸਿੱਖ ਬੀਬੀਆਂ ਆਪਣੇ ਹੱਕਾਂ ਦੀ ਰਾਖੀ ਲਈ ਆਪ ਅੱਗੇ ਆਉਣ।
(ਸਤਨਾਮ ਕੌਰ ਫਰੀਦਾਬਾਦ ; 14 ਮਾਰਚ 2013)

ਬੀਤੇ ਦਿਨੀਂ ਜ਼ੀ ਪੰਜਾਬੀ ਚੈਨਲ ਦੇ ਪ੍ਰੋਗਰਾਮ ਖਾਲਸਾ ਖ਼ਬਰਾਂ ਵਿਚ ਗਿਆਨੀ ਗੁਰਬਚਨ ਸਿੰਘ ਵੱਲੋਂ ਅਸ਼ਲੀਲ ਗਾਇਕੀ ਨੂੰ ਸਮਾਜ ਲਈ ਨੁਕਸਾਨਦੇਹ ਕਿਹਾ ਗਿਆ ਗਿਆਨੀ ਗੁਰਬਚਨ ਸਿੰਘ ਦੀ ਇਸ ਗੱਲ ’ਤੇ ਪ੍ਰਤੀਕਰਮ ਕਰਦਿਆਂ ਅਖੌਤੀ ਦਸਮ ਗ੍ਰੰਥ ਦੇ ਵਿਰੋਧ ਵਿਚ ਹਰ ਮਹੀਨੇ ਦੀ 13 ਨੂੰ ਮਨਾਏ ਜਾ ਰਹੇ ਕਾਲਾ ਦਿਵਸ ਮੌਕੇ ਖਾਲਸਾ ਨਾਰੀ ਮੰਚ ਦੇ ਕਨਵੀਨਰ ਬੀਬੀ ਹਰਬੰਸ ਕੌਰ ਫਰੀਦਾਬਾਦ ਨੇ ਗਿਆਨੀ ਗੁਰਬਚਨ ਸਿੰਘ ਤੋਂ ਸਵਾਲ ਪੁੱਛਦਿਆਂ ਕਿਹਾ, ਕਿ ਜੇ ਅਸ਼ਲੀਲ ਗਾਣੇ ਸਮਾਜ ਲਈ ਨੁਕਸਾਨਦੇਹ ਹਨ, ਤਾਂ ਕੀ ਅਖੌਤੀ ਦਸਮ ਗ੍ਰੰਥ/ਬਚਿੱਤਰ ਨਾਟਕ ਵਿਚ ਦਰਜ਼ ਚਰਿਤਰੋਪਖਿਆਨ ਦੀਆਂ ਕਵਿਤਾਵਾਂ ਸਮਾਜ ਲਈ ਫਾਇਦੇਮੰਦ ਹਨ ?

ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਸਮੁੱਚਾ ਸੰਸਾਰ 8 ਮਾਰਚ 2013 ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾ ਕੇ ਹਟਿਆ ਹੈ, ਅਤੇ ਦੂਜੇ ਪਾਸੇ ਸ਼ਰਮ ਨਾਲ ਸਿਰ ਝੁੱਕ ਜਾਂਦਾ ਹੈ, ਜਦ ਤਖ਼ਤ ਪਟਨਾ ਅਤੇ ਹਜ਼ੂਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਇਸਤਰੀ ਬਾਰੇ ਅਪਮਾਨ ਜਨਕ ਤੇ ਅਸ਼ਲੀਲ ਸ਼ਬਦਾਂ ਦੀ ਭਰਮਾਰ ਵਾਲੇ ਗ੍ਰੰਥ ਅਖੌਤੀ ਦਸਮ ਗ੍ਰੰਥ/ਬਚਿੱਤਰ ਨਾਟਕ ਅੱਗੇ ਮੱਥੇ ਟੇਕੇ ਜਾਂਦੇ ਹਨ । ਗੁਰੂ ਗ੍ਰੰਥ ਸਾਹਿਬ ਜੀ ਵਿਚ ਇਸਤ੍ਰੀ ਨੂੰ ਹਰ ਮਨੁਖ ਦੀ, ਰਾਜੇ-ਮਹਾਰਾਜਿਆਂ ਦੀ ਵੀ ਜਨਨੀ ਦਸ ਕੇ ਵਡਿਆਇਆ ਗਿਆ ਹੈ ।

ਗੁਰੂ ਗ੍ਰੰਥ ਸਾਹਿਬ ਜੀ ਦਾ, ਵਾਰ ਆਸਾ ਵਿਚ ਫ਼ੁਰਮਾਨ ਹੈ :- ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ॥ ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ॥ ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ॥ ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥ ਪਰ ਬਚਿੱਤਰ ਨਾਟਕ ਗ੍ਰੰਥ /ਅਖੌਤੀ ਦਸਮ ਗ੍ਰੰਥ, ਦੀਆਂ ਕਵਿਤਾਵਾਂ ਗੁਰੂ ਗ੍ਰੰਥ ਸਾਹਿਬ ਜੀ ਦੇ "ਸੋ ਕਿਉ ਮੰਦਾ ਆਖੀਐ" ਸਿਧਾਂਤ ਦੇ ਬਿਲਕੁਲ ਉਲਟ ਹੈ। ਉਨ੍ਹਾਂ ਦਸਿਆ ਕਿ ਅਖੌਤੀ ਦਸਮ ਗ੍ਰੰਥ/ਬਚਿੱਤਰ ਨਾਟਕ ਦੀ ਰਚਨਾ ਚਰਿਤਰੋਪਖਿਆਨ ਵਿਚ ਰੱਜ ਕੇ ਇਸਤ੍ਰੀ ਬਾਰੇ ਅਪਮਾਨਜਨਕ ਤੇ ਅਸ਼ਲੀਲ ਸ਼ਬਦਾਵਲੀ ਵਰਤੀ ਗਈ ਹੈ ਜਿਸ ਵਿਚ ਇਥੋਂ ਤਕ ਕਿਹਾ ਗਿਆ ਹੈ ਕਿ ਇਸਤਰੀ ਉਪਰ ਕਦੇ ਵੀ ਵਿਸ਼ਵਾਸ ਨਾ ਕਰੋ। ਕਦੇ ਅਪਣੇ ਮਨ ਦਾ ਭੇਦ ਇਸਨੂੰ ਨਾ ਦਿਓ । ਇਹਨਾਂ ਤੋਂ ਡਰ ਕੇ ਰਹਿਣਾ ਚਾਹੀਦਾ ਹੈ। ਇਸਤਰੀ ਨੂੰ ਬਣਾ ਕੇ ਤਾਂ ਰੱਬ (ਕਰਤਾਰ) ਵੀ ਪਛਤਾਯਾ (ਇਨ ਇਸਤ੍ਰਿਨ ਕੇ ਚਰਿਤ ਅਪਾਰਾ ॥ ਸਜਿ ਪਛੁਤਾਨਯੋ ਇਨ ਕਰਤਾਰਾ ॥ ਚਰਿਤਰੋਪਖਿਆਨ-ਪੰਨਾ 1278) ਮਨੁੱਖ ਵਿਚਾਰਾ ਤਾਂ ਕੀ, ਇੰਦਰ, ਵਿਸ਼ਨੂੰ, ਬ੍ਰਹਮੇ, ਸ਼ਿਵ ਆਦਿਕ ਦੇਵਤੇ ਵੀ ਇਸਤ੍ਰੀ ਦੇ ਮਨ ਦੇ ਭੇਦ ਨੂੰ ਨਹੀਂ ਜਾਣ ਸਕੇ।

ਉਨ੍ਹਾਂ ਕਿਹਾ ਕਿ ਸਮੁੱਚੇ ਸਿੱਖ ਜਗਤ ਲਈ ਇਹ ਸ਼ਰਮ ਦੀ ਗੱਲ ਹੈ ਕਿਉਂਕਿ ਜਿਥੇ ਅਸੀਂ ਇਸਤਰੀ ਦੇ ਹੱਕ ਵਿਚ ਬਾਬੇ ਨਾਨਕ ਵੱਲੋਂ ਦਿੱਤੇ ਨਿਆਰੇ ਸਿਧਾਂਤ ਨੂੰ ਪ੍ਰਚਾਰ ਕੇ ਇਸਤਰੀ ਦੇ ਸਤਿਕਾਰ ਵਿਚ ਵਾਧਾ ਕਰਨਾ ਸੀ ਉਥੇ ਅਸੀਂ ਬਚਿੱਤਰ ਨਾਟਕ ਦੇ ਪੁਜਾਰੀ ਬਣ ਕੇ ਇਸਤਰੀ ਜਾਤੀ ਦਾ ਅਪਮਾਨ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਧਰਮ ਦੇ ਠੇਕੇਦਾਰਾਂ ਵੱਲੋਂ ਸਿੱਖ ਬੀਬੀਆਂ ਨੂੰ ਜੂਠੀ ਅਤੇ ਸ਼ਰੀਰਕ ਪੱਖੋਂ ਕਮਜ਼ੋਰ ਆਖ ਕੇ ਦਰਬਾਰ ਸਾਹਿਬ ਵਿਚ ਕੀਰਤਨ ਅਤੇ ਪਾਲਕੀ ਦੀ ਸੇਵਾ ਤੋਂ ਦੁਰ ਰਖਣ ਪਿੱਛੇ ਵੀ ਬਚਿਤਰ ਨਾਟਕ ਦੇ ਲਿਖਾਰੀ ਦੀ ਮੰਨੂਵਾਦੀ ਸੋਚ ਹੀ ਕੰਮ ਕਰ ਰਹੀ ਹੈ। ਉਨ੍ਹਾਂ ਸਿੱਖ ਬੀਬੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੇ ਹੱਕਾਂ ਦੀ ਰਾਖੀ ਲਈ ਆਪ ਅੱਗੇ ਆਉਣ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top