Share on Facebook

Main News Page

ਸਿੰਘ ਬੁੱਕੇ ਮ੍ਰਿਗਾਵਲੀ...
-
ਨਿਰਮਲ ਸਿੰਘ ਕੰਧਾਲਵੀ

ਕਰਮ ਸਿੰਘ ਜਦੋਂ ਗੁਰਦੁਆਰੇ ਦੇ ਲੰਗਰ-ਹਾਲ ‘ਚ ਪਹੁੰਚਿਆ ਤਾਂ ਉਹਨੇ ਦੇਖਿਆ ਕਿ ਗ੍ਰੰਥੀ ਸਿੰਘ ਦੇ ਨਾਲ ਬੈਠੇ ਹੋਰ ਤਿੰਨ ਚਾਰ ਸਿੰਘ ਚਾਹ-ਪਾਣੀ ਛਕ ਰਹੇ ਸਨ। ਭਾਰਤ ਤੋਂ ਆਏ ਹੋਏ ਰਾਗ਼ੀ ਜਥੇ ਦੇ ਸਿੰਘ ਲਗਦੇ ਸਨ। ਉਨ੍ਹਾਂ ਤੋਂ ਥੋੜ੍ਹੀ ਦੂਰ ਹੀ ਬੈਠਾ ਇਕ ਮੋਨਾ ਵਿਅਕਤੀ ਪੰਜਾਬੀ ਦਾ ਇਕ ਹਫ਼ਤਾਵਾਰੀ ਅਖ਼ਬਾਰ ਪੜ੍ਹ ਰਿਹਾ ਸੀ। ਕਰਮ ਸਿੰਘ ਦੇ ਇਕ ਪੁਰਾਣੇ ਜਾਣੂੰ ਦਾ ਅੱਜ ਗੁਰਦੁਆਰੇ ਸ਼ਾਮ ਦਾ ਲੰਗਰ ਸੀ ਤੇ ਉਹਨੇ ਕਰਮ ਸਿੰਘ ਨੂੰ ਆਉਣ ਲਈ ਬਹੁਤ ਤਾਗੀਦ ਕੀਤੀ ਸੀ।

ਉਹਨੇ ਸਭ ਨੂੰ ਫ਼ਤਿਹ ਬੁਲਾਈ। ਗ੍ਰੰਥੀ ਸਿੰਘ ਨੇ ਉਹਦੇ ਵਲ ਇਕ ਖ਼ਾਲੀ ਪਈ ਕੁਰਸੀ ਖਿਸਕਾ ਦਿੱਤੀ ਤੇ ਬੈਠਣ ਲਈ ਕਿਹਾ। ਉਹ ਸਾਰੇ ਜਣੇ ਚਾਹ ਪਕੌੜੇ ਛਕਣ ਦੇ ਨਾਲ ਨਾਲ ਸਿੱਖ ਮਸਲਿਆਂ ਨਾਲ ਸੰਬੰਧਤ ਗੱਲਾਂ ਵੀ ਕਰ ਰਹੇ ਸਨ, ਪਰ ਹਰੇਕ ਗੱਲ ਨੂੰ ਹਾਸੇ- ਠੱਠੇ ‘ਚ ਉਡਾ ਰਹੇ ਸਨ। ਉਹਨਾਂ ‘ਚੋਂ ਇਕ ਨੇ ਤਾਂ ਸਿੱਖਾਂ ਨਾਲ ਸੰਬੰਧਤ, ਹਿੰਦੀ ਅਤੇ ਪੰਜਾਬੀ, ਰਲੀ ਮਿਲੀ ਭਾਸ਼ਾ ‘ਚ ਇਕ ਚੁੱਟਕੁਲਾ ਵੀ ਸੁਣਾਇਆ ਜਿਸ ਨਾਲ ਸਿੱਖਾਂ ਦੀ ਹੇਠੀ ਹੁੰਦੀ ਸੀ।

ਕਰਮ ਸਿੰਘ ਨੇ ਖ਼ੁਦ ਵੀ ਫ਼ੌਜ ਵਿਚ ਗ੍ਰੰਥੀ ਦੀ ਨੌਕਰੀ ਕੀਤੀ ਸੀ। ਉਹਦੇ ਵੱਡੇ ਵਡੇਰਿਆਂ ਨੇ ਜੈਤੋ ਦੇ ਮੋਰਚੇ ਵਿਚ ਅੱਗੇ ਹੋ ਕੇ ਡਾਂਗਾਂ ਖਾਧੀਆਂ ਸਨ। ਉਹਨੂੰ ਇਹ ਚੰਗਾ ਨਾ ਲੱਗਾ ਕਿ ਗੁਰੂਦੁਆਰੇ ਦਾ ਗ੍ਰੰਥੀ ਤੇ ਪ੍ਰਚਾਰਕ ਸਿੱਖ ਧਰਮ ਨੂੰ ਦਰਪੇਸ਼ ਆ ਰਹੇ ਏਨੇ ਗੰਭੀਰ ਮਸਲਿਆਂ ਨੂੰ ਇੰਜ ਹਾਸੇ-ਠੱਠੇ ਵਿਚ ਉਡਾ ਰਹੇ ਹੋਣ। ਜਦੋਂ ਉਹਦੇ ਕੋਲੋਂ ਹੋਰ ਬਰਦਾਸ਼ਤ ਕਰਨੋਂ ਬਾਹਰ ਹੋ ਗਿਆ ਤਾਂ ਉਹਨੇ ਖੰਘੂਰਾ ਮਾਰ ਕੇ ਸਾਰਿਆਂ ਨੂੰ ਵੰਗਾਰ ਪਾਈ ਕਿ ਸਿੱਖ ਧਰਮ ਵਿਚ ਫ਼ੈਲ ਰਹੇ ਮਨਮੱਤ ਅਤੇ ਬ੍ਰਾਮਣਵਾਦੀ ਕਰਮ-ਕਾਂਡ ਨੂੰ ਠੱਲ੍ਹ ਪਾਉਣ ਲਈ ਗ੍ਰੰਥੀਆਂ ਅਤੇ ਪ੍ਰਚਾਰਕਾਂ ਨੂੰ ਅੱਗੇ ਹੋ ਕੇ ਜੂਝਣਾ ਚਾਹੀਦਾ ਹੈ, ਨਾ ਕਿ ਹਾਸੇ-ਮਜ਼ਾਕ ਵਿਚ ਗੱਲਾਂ ਉਡਾਉਣੀਆਂ ਚਾਹੀਦੀਆਂ ਹਨ।

ਉਹਦੀ ਗੱਲ ਸੁਣ ਕੇ ਉਹ ਸਾਰੇ ਇਵੇਂ ਸਾਵਧਾਨ ਹੋ ਗਏ ਜਿਵੇਂ ਉਸਨੇ ਉਹਨਾਂ ਵਲ ਦੋਨਾਲੀ ਤਾਣ ਦਿੱਤੀ ਹੋਵੇ।
“ਬਜ਼ੁਰਗੋ, ਪ੍ਰਚਾਰਕ ਕੀਹਦੇ ਕੀਹਦੇ ਮਗਰ ਡਾਂਗਾਂ ਕੱਢੀ ਫਿਰਨ” ਜੱਥੇ ਦੇ ਆਗੂ ਲਗਦੇ ਕੱਕੀ ਜਿਹੀ ਦਾੜ੍ਹੀ ਵਾਲੇ ਸਿੰਘ ਨੇ ਕਰਮ ਸਿੰਘ ‘ਤੇ ਉਲਟਾ ਵਾਰ ਕਰ ਦਿੱਤਾ।

“ਗੁਰਮੁਖੋ, ਮੈਂ ਕਦ ਕਿਹਾ ਕਿ ਲੋਕਾਂ ਮਗਰ ਡਾਂਗਾਂ ਲੈ ਕੇ ਫਿਰੋ, ਮੈਂ ਤਾਂ ਸੱਚ ‘ਤੇ ਪਹਿਰਾ ਦੇਣ ਦੀ ਗੱਲ ਕੀਤੀ ਐ, ਗੁਰ-ਸ਼ਬਦ ਦੀ ਸਹੀ ਸੇਧ ਦੇਣ ਲਈ ਪ੍ਰਚਾਰਕਾਂ ਤੇ ਗ੍ਰੰਥੀਆਂ ਦੇ ਮੋਢਿਆਂ ਉੱਪਰ ਈ ਜ਼ਿੰਮੇਵਾਰੀ ਆਉਂਦੀ ਐ” ਕਰਮ ਸਿੰਘ ਨੇ ਬੜੀ ਨਿਮਰਤਾ ਨਾਲ ਆਪਣੀ ਗੱਲ ਸਪਸ਼ਟ ਕੀਤੀ।

“ਪਰ ਬਜ਼ੁਰਗੋ, ਤੁਹਾਡੀ ਗੱਲ ਤੋਂ ਤਾਂ ਇਹੀ ਜਾਪਦੈ ਪਈ ਪ੍ਰਚਾਰਕ ਘਰ ਘਰ ਜਾ ਕੇ ਲੋਕਾਂ ਨਾਲ ਲੜਨ” ਐਤਕੀਂ ਇਕ ਹੋਰ ਜਣਾ ਬੋਲਿਆ।

ਕਰਮ ਸਿੰਘ ਬੜੇ ਹੀ ਠਰ੍ਹੱਮੇ ਵਾਲਾ ਵਿਅਕਤੀ ਸੀ। ਫੌਜ ਦੀ ਨੌਕਰੀ ਨੇ ਉਹਨੂੰ ਅਨੁਸ਼ਾਸਨ ਵਿਚ ਰਹਿਣਾ ਸਿਖਾਇਆ ਸੀ। ਐਹੋ ਜਿਹੀਆਂ ਰੁੱਖੀਆਂ ਗੱਲਾਂ ਸੁਣ ਕੇ ਵੀ ਉਹਦਾ ਚਿਹਰਾ ਸ਼ਾਂਤ ਸੀ। ਉਹ ਅਜੇ ਕੁਝ ਕਹਿਣ ਹੀ ਲੱਗਾ ਸੀ ਕਿ ਗ੍ਰੰਥੀ ਬੋਲ ਪਿਆ, “ਭਾਈ ਸਾਬ੍ਹ ਜੀ, ਆਬਦੇ ਆਬਦੇ ਘਰੇ ਬੈਠੋ ਤੇ ਆਬਦੇ ਨਿਆਣੇ ਪਾਲ਼ੋ, ਜੋ ਹੁੰਦਾ ਹੋਈ ਜਾਣ ਦਿਉ। ਇਹ ਤੁਹਾਡੇ ਤੇ ਸਾਡੇ ਵੱਸ ਦੀ ਗੱਲ ਨਈਂ। ਤੁਸੀਂ ਗ਼ਰਮਾ-ਗ਼ਰਮ ਪਕੌੜੇ ਛਕੋ ਹੋਰ ਤੇ ਲੈਚੀਆਂ ਵਾਲੀ ਚਾਹ ਦਾ ਅਨੰਦ ਮਾਣੋ” ਏਨੀ ਗੱਲ ਕਹਿ ਕੇ ਗ੍ਰੰਥੀ ਮੁੱਛਾਂ ‘ਚ ਖ਼ਚਰੀ ਜਿਹੀ ਹਾਸੀ ਹੱਸਿਆ। ਉਹਦਾ ਹਾਸਾ ਕਰਮ ਸਿੰਘ ਦੇ ਦਿਲ ਨੂੰ ਚੀਰ ਕੇ ਰੱਖ ਗਿਆ।

ਥੋੜ੍ਹੀ ਦੂਰ ਬੈਠਾ ਮੋਨਾ ਵਿਅਕਤੀ ਅਖ਼ਬਾਰ ਦੇ ਉੱਪਰੋਂ ਦੀ ਝਾਕ ਕੇ ਉਨ੍ਹਾਂ ਦੀ ਗੱਲਬਾਤ ਵਿਚ ਪੂਰੀ ਦਿਲਚਸਪੀ ਲੈ ਰਿਹਾ ਸੀ। ਗ੍ਰੰਥੀ ਦੀ ਥੋਥੀ ਜਿਹੀ ਦਲੀਲ ਸੁਣ ਕੇ ਉਸ ਤੋਂ ਰਹਿ ਨਾ ਹੋਇਆ ਤੇ ਉਹ ਬੋਲ ਉਠਿਆ, “ਭਾਈ ਸਾਹਿਬ ਜੀ, ਇਨ੍ਹਾਂ ਬਜ਼ੁਰਗਾਂ ਨੇ ਤੁਹਾਡੇ ਡਾਂਗ ਤਾਂ ਨਈਂ ਮਾਰ ਦਿੱਤੀ, ਤੁਸੀਂ ਸਾਰੇ ਈ ਕਾਂਵਾਂ ਵਾਂਗ ਏਹਨਾਂ ਦੇ ਮਗਰ ਪੈ ਗਏ ਓ। ਆਹ ਗ੍ਰੰਥੀ ਸਾਬ੍ਹ ਲੋਕਾਂ ਨੂੰ ਘਰੀਂ ਬੈਠਣ ਦੀ ਸਲਾਹ ਦਿੰਦੇ ਆ, ਘਰੋਂ ਖਾ ਕੇ ਇਨ੍ਹਾਂ ਨੂੰ ਮੱਤ ਕੌਣ ਦੇਵੇ ਪਈ, ਜੇ ਗੁਰੂ ਨਾਨਕ ਸਾਬ੍ਹ ਵੀ ਘਰੇ ਬੈਠੇ ਰਹਿੰਦੇ ਤੇ ਜੇ ਦਸਮ ਪਾਤਸ਼ਾਹ ਘਰ-ਬਾਰ ਲੁਟਾ ਕੇ ਮਾਛੀਵਾੜੇ ਦੇ ਜੰਗਲਾਂ ‘ਚ ਸੂਲ਼ਾਂ ਨਾਲ ਪੈਰ ਨਾ ਪੜਵਾਉਂਦੇ, ਤਾਂ ਇਹ ਭਾਈ ਸਾਬ੍ਹ ਵੀ ਅੱਜ ਤੌੜੇ ਜਿੱਡੀ ਗੋਗੜ ਕੱਢੀ ਇੱਥੇ ਗੁਰਦੁਆਰੇ ’ਚ ਨਾ ਬੈਠਾ ਹੁੰਦਾ, ਇਹਨੇ ਵੀ ਕਿਤੇ ਮਸੀਤ ‘ਚ ਬਾਂਗਾਂ ਦਿੰਦੇ ਹੋਣਾ ਸੀ। ਗੁਰੂ ਬਾਬਾ ਜੀ ਨੇ ਠੀਕ ਹੀ ਤੁਹਾਡੇ ਵਰਗਿਆਂ ਲਈ ਹੀ ਲਿਖ਼ਿਆ ਸੀ, “ਰੋਟੀਆ ਕਾਰਣਿ ਪੂਰਹਿ ਤਾਲ”।

ਮੋਨੇ ਭਾਈਬੰਦ ਦੇ ਬੋਲ ਅਣਿਆਲੇ ਤੀਰਾਂ ਵਾਂਗ ਚਲ ਰਹੇ ਸਨ। ਉਹ ਸਾਰਾ ਟੋਲਾ ਇਵੇਂ ਚੁੱਪ ਕਰ ਗਿਆ ਸੀ ਜਿਵੇਂ ਸੱਪ ਸੁੰਘ ਹੋਵੇ।

ਗ੍ਰੰਥੀ ਤਾਂ ਰਹਿਰਾਸ ਦੀ ਤਿਆਰੀ ਕਰਨ ਦੇ ਬਹਾਨੇ ਖਿਸਕ ਗਿਆ ਸੀ, ਤੇ ਬਾਕੀ ਦੇ ਵਾੜ ‘ਚ ਫ਼ਸੇ ਬਿੱਲੇ ਵਾਂਗ ਆਲਾ-ਦੁਆਲਾ ਝਾਕ ਰਹੇ ਸਨ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top