Share on Facebook

Main News Page

ਕੀ ‘ਭਗਤਾਂ’ ਅਤੇ ‘ਗੁਰੂਆਂ’ ਵਿਚ ਕੋਈ ਫਰਕ ਹੈ ?
-
ਮੇਜਰ ਸਿੰਘ ‘ਬੁਢਲਾਡਾ’
ਮੋਬਾ: 94176-42327, 90414-06713

ਗੁਰਸਿੱਖਾਂ ਦਾ ਫਰਜ ਬਣਦਾ ਸੀ ਕਿ ਉਹ ਗੁਰੂ ਗਰੰਥ ਸਹਿਬ ਵਿਚਲੀ ਬਾਣੀ ਨੂੰ ਗੁਰੂ ਸਹਿਬਾਂ ਦੀ ਸੋਚ ਅਨੂਸਾਰ ਸਮਝਕੇ, ਹੋਰਾਂ ਨੂੰ ਵੀ ਸਮਝਾਉਂਦੇ। ਪਰ ਬੜੀ ਹੀ ਥੋੜੀ ਗਿਣਤੀ ਦੇ ਗੁਰਸਿੱਖਾ ਨੂੰ ਛੱਡਕੇ, ਬਹੁਗਿਣਤੀ ਸਿੱਖਾਂ ਨੇ ਇੰਝ ਨਹੀਂ ਕੀਤਾ। ਸਿੱਖੀ ਭੇਸ ਵਿਚ ‘ਸੰਤ’ ਬਣੇ ਬੈਠੇ ‘ਮੰਨੂ ਬ੍ਰਾਹਮਣ’ ਦੇ ਚੇਲਿਆਂ ਦੇ ਬੋਲਾਂ ਨੂੰ ‘ਸੱਤ ਬਚਨ’ ਮੰਨਕੇ, ਇਹਨਾਂ (ਅਖੌਤੀ ਸੰਤਾਂ) ਦੇ ਡੇਰਿਆਂ ਵਿਚੋਂ ਬਣਕੇ ਆਏ ਵੱਡੀ ਤਦਾਦ ਵਿਚ ਪ੍ਰਚਾਰਕਾਂ ਨੇ ਐਸੀ ਮੱਤ ਮਾਰੀ, ਕਿ ਬਹੁਗਿਣਤੀ ਸਿੱਖਾਂ ਨੇ ਗੁਰਬਾਣੀ ਨੂੰ ਸਮਝਣ ਦੀ ਲੋੜ ਹੀ ਨਹੀਂ ਸਮਝੀ। ਜਿਸ ਕਰਕੇ ਅੱਜ ਵੀ ਇਹਨਾਂ (ਸਿੱਖਾਂ) ਨੇ ਗੁਰੂ ਗਰੰਥ ਸਹਿਬ ਵਿਚਲੇ ਬਾਣੀਕਾਰ, ਜਿਹੜੇ ਗੁਰੂ ਸਹਿਬਾਂ ਤੋਂ ਪਹਿਲਾਂ ਹੋਏ ਹਨ ਅਤੇ ਜਿਹਨਾਂ ਦੀ (ਗੁਰੂ ਨਾਨਕ ਸਹਿਬ ਵਲੋਂ ਇਕੱਤਰ ਕੀਤੀ) ਬਾਣੀ ਨੂੰ ਗੁਰੂ ਅਰਜਨ ਦੇਵ ਜੀ ਨੇ ਗੁਰੂ ਗਰੰਥ ਸਹਿਬ ਵਿਚ ‘ਭਗਤ ਬਾਣੀ’ ਸਿਰਲੇਖ ਹੇਠ ਦਰਜ ਕੀਤਾ ਹੈ। ਉਹਨਾਂ ‘ਭਗਤ ਸਹਿਬਾਨਾਂ’ ਨੂੰ ਛੋਟੇ ਅਤੇ ‘ਗੁਰੂ ਸਹਿਬਾਨਾਂ’ ਨੂੰ ਵੱਡੇ ਬਣਾਕੇ, ਇਹਨਾਂ ਵਿਚ ਫਰਕ ਸਮਝ ਰੱਖਿਆ ਹੈ; ਇਹਨਾਂ ਵਿਚ ਕਾਫੀ ਸਿੱਖ ਵਿਦਵਾਨ ਅਖਵਾਉਣ ਵਾਲੇ ਲੋਕ ਵੀ ਸਾਮਲ ਹਨ। ਜੇਕਰ‘ਗੁਰੂ ਸਹਿਬਾਂ’ ਦੀਆਂ ਨਜਰਾਂ ਨਾਲ ਅਤੇ ਸੋਚ ਮੁਤਾਬਕ ਇਹਨਾਂ ‘ਭਗਤ ਸਹਿਬਾਨਾਂ’ ਨੂੰ ਵੇਖੀਏ ਤੇ ਸਮਝੀਏ ਤਾਂ ਸਾਨੂੰ ‘ਗੁਰੂ ਸਹਿਬਾਨਾਂ’ ਅਤੇ ‘ਭਗਤ ਸਹਿਬਾਨਾਂ’ ਵਿਚ ਕੋਈ ਫਰਕ ਨਜਰ ਨਹੀਂ ਆਉਂਦਾ। ਕਿਉਂ ਕਿ ਗੁਰੂ ਨਾਨਕ ਸਹਿਬ ਵਲੋਂ ‘ਬਾਣੀ’ ਹੀ ਉਹਨਾਂ ਦੀ ਇਕੱਤਰ ਕੀਤੀ ਸੀ, ਜਿਹਨਾਂ ਨਾਲ ਉਹਨਾਂ ਦੀ ਮੱਤ ਮੇਲ ਖਾਂਦੀ ਸੀ।

ਹੁਣ ਸਵਾਲ ਪੈਦਾ ਹੁੰਦਾ ਹੈ, ਜੇਕਰ ‘ਭਗਤਾਂ ਅਤੇ ‘ਗੁਰੂ ਸਾਹਿਬਾਨਾਂ’ ਵਿਚ ਫਰਕ ਹੀ ਕੋਈ ਨਹੀਂ, ਫਿਰ ਇਹਨਾਂ ਨੂੰ ‘ਭਗਤ’ ਕਿਉਂ ਲਿਖਿਆ ਗਿਆ ਹੈ?

ਇਸ ਦਾ ਉਤਰ ਵੀ ਗੁਰੂ ਸਾਹਿਬਾਂ ਦੀ ਬਾਣੀ ਵਿਚ ਹੈ। ਤੁਸੀਂ ਗੁਰੂ ਸਾਹਿਬਾਂ ਦੀਆਂ ਨਜਰਾਂ ਵਿਚੋ ਵੇਖੋ ਤੇ ਸਮਝੋ ਤਾਂ ਸਹੀ। ਕਿਉਂਕਿ ਗੁਰੂ ਸਹਿਬਾਨਾਂ ਦੀਆਂ ਨਜਰਾਂ ਵਿਚ ਉਹ ਸਾਰੇ ਹੀ ਭਗਤ ਹਨ ਜਿਹਨਾਂ ਨੇ ਇਕ ਅਕਾਲ ਪੁਰਖ ਨਾਲ ਨਾਤਾ ਜੋੜਕੇ, ਮੁਸੀਬਤਾਂ ਅਤੇ ਮੌਤ ਦਾ ਡਰ ਖਤਮ ਕਰਕੇ ‘ਸੱਚ’ ਨੂੰ ‘ਸੱਚ’ ਅਤੇ ‘ਝੂਠ’ ਨੂੰ ‘ਝੂਠ’ ਕਹਿਕੇ ‘ਸੱਚ’ ਦਾ ਹੋਕਾ ਦਿੱਤਾ। ਇਸ ਲਈ ਇਕ ਅਕਾਲ ਪੁਰਖ ਨੂੰ ਆਪਣਾ ਸਭ ਕੁਝ ਅਰਪਣ ਕਰਨ ਵਾਲੇ ਸਾਰੇ ਦੇ ਸਾਰੇ ਉਸ (ਅਕਾਲ ਪੁਰਖ) ਦੇ ਭਗਤ ਹਨ, ਜਿਹਨਾਂ ਵਿਚ ਸਾਡੇ ‘ਗੁਰੂ ਸਹਿਬਾਨ’ ਵੀ ਆੳਦੇ ਹਨ। ਇਸ ਲਈ ਹੀ ਗੁਰੂ ਗਰੰਥ ਸਹਿਬ ਵਿਚ ਵਿਸ਼ੇਸ਼ ‘ਗੁਰੂ ਬਾਣੀ’ ਸਿਰਲੇਖ ਹੇਠ ਕੋਈ ਬਾਣੀ ਨਹੀਂ ਲਿਖੀ ਗਈ। ਜਿਵੇਂ ਕਿ ‘ਭਗਤ ਬਾਣੀ’ ਸਿਰਲੇਖ ਹੇਠ ਲਿਖੀ ਗਈ ਹੈ। ਇਥੇ ਫਿਰ ਸਵਾਲ ਪੈਦਾ ਹੁੰਦਾ ਹੈ, ਕਿ ਗੁਰੂ ਸਹਿਬਾਂ ਦੀ ਬਾਣੀ ਨੂੰ ਅਤੇ ਭਗਤਾਂ ਸਹਿਬਾਨਾਂ ਦੀ ਬਾਣੀ ਨੂੰ ਫਿਰ ਇਕੋ ਸਿਰਲੇਖ ਹੇਠ ਕਿਉਂ ਨਾ ਲਿਖਿਆ ਗਿਆ?

ਇਸ ਗੱਲ ਨੂੰ ਸਾਰੇ ਭਲੀ ਪ੍ਰਕਾਰ ਜਾਣਦੇ ਹਾਂ, ਕਿ ਗੁਰੂ ਅਰਜਨ ਸਾਹਿਬ ਜੀ ਜਿਸ ਗੱਦੀ ਦੇ ਮਾਲਕ ਸਨ, ਉਹ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਹੁੰਦੀ ਹੈ। ਇਸ ਲਈ ‘ਗੁਰੂ ਗਰੰਥ ਸਹਿਬ’ ਵਿਚ ਇਸ ਗੱਦੀ ਦੇ ਮਾਲਕਾਂ ਦੀ ਬਾਣੀ ਨੂੰ ਪਹਿਲ ਦੇ ਅਧਾਰ ਉਤੇ ਲਿਖਿਆ ਗਿਆ ਹੈ, ਨਾ ਕਿ ਵਿਸ਼ੇਸ਼ ‘ਗੁਰੂਬਾਣੀ’ ਸਿਰਲੇਖ ਹੇਠ। ‘ਭਗਤ’ ਕੌਣ ਹੁੰਦੇ ਹਨ? ਇਸ ਗੱਲ ਨੂੰ ਚੰਗੀ ਤਰਾਂ ਸਮਝਣ ਲਈ ਪੜ੍ਹੋ ਗੁਰੂ ਸਹਿਬਾਨਾਂ ਦੇ ਕੁਝ ਇਹ ਸ਼ਬਦ, ਗੁਰੂ ਨਾਨਕ ਸਹਿਬ ਕਹਿੰਦੇ ਨੇ:- ਅਮ੍ਰਿਤ ਤੇਰੀ ਬਾਣੀਆ, ਤੇਰਿਆ ਭਗਤਾ ਰਿਦੈ ਸਮਾਣੀਆ॥ (ਪੰਨਾ-72) ਕੀ ਹੁਣ ਇਹ ਮੰਨ ਲਈਏ ਵੀ ਇਹ ‘ਅਮ੍ਰਿਤ ਬਾਣੀ’ ‘ਭਗਤ ਸਹਿਬਾਨਾਂ’ ਦੇ ਹਿਰਦੇ ਅੰਦਰ ਹੀ ਹੈ? ਗੁਰੂ ਸਹਿਬਾਨ ਦੇ ਹਿਰਦੇ ਅੰਦਰ ਨਹੀਂ ਹੈ?ਜੇਕਰ ਇਹ ‘ਅਮ੍ਰਿਤ ਬਾਣੀ’ ਗੁਰੂਆਂ ਦੇ ਹਿਰਦੇ ਅੰਦਰ ਵੀ ਹੈ ਤਾਂ ਫਿਰ(ਗੁਰੂ) ਭਗਤ ਨਹੀਂ ਹਨ?

ਗੁਰੂ ਅਮਰਦਾਸ ਜੀ ਕਹਿੰਦੇ ਹਨ:- ਧਨੁ ਧਨੁ ਹਰਿ ਭਗਤੁ ਸਤਿਗੁਰੂ ਹਮਾਰਾ, ਜਿਸਕੀ ਸੇਵਾ ਤੇ ਹਮ ਹਰਿ ਨਾਮਿ ਲਿਵ ਲਾਈ॥ ਸਤਿਗੁਰੂ ਹਮਾਰਾ ਜਿਨਿ ਵੈਰੀ ਮਿਤਰ ਹਮ ਕਉ, ਸਭ ਸਮ ਦ੍ਰਿਸਟਿ ਦਿਖਾਈ॥ (ਪੰਨਾ-594) ਗੁਰੂ ਅਮਰਦਾਸ ਜੀ ਤਾਂ ਸਿਧਾ ਹੀ ‘ਭਗਤਾਂ’ ਨੂੰ ‘ਸਤਿਗੁਰੂ’ਅਤੇ ‘ਸਤਿਗੁਰਾਂ’ ਨੂੰ ‘ਭਗਤ’ ਕਹਿੰਦੇ ਨੇ, ਕਿ ਅਸੀ ਹਰਿ ਦੇ ਭਗਤ ਸਤਿਗੁਰ ਦੀ ਸੇਵਾ ਤੇ ਹਰਿ (ਪ੍ਰਮਾਤਮਾ) ਨਾਮ ਨਾਲ ਲਿਵ ਲਾਈ ਹੈ।

ਗੁਰੂ ਰਾਮਦਾਸ ਜੀ ਕਹਿੰਦੇ ਹਨ:- ਭਗਤ ਜਨਾ ਕੀ ਉਤਮ ਬਾਣੀ ਗਾਵਹਿ ਅਕਥ ਕਥਾ ਨਿਤ ਨਿਆਰੀ॥ ਸਫਲ ਜਨਮ ਭਇਆ ਤਿਨ ਕੇਰਾ,ਆਪ ਤਰੇ ਸਗਲੀ ਕੁਲ ਤਾਰੀ॥ (ਪੰਨਾ-507)

ਕੀ ਹੁਣ ਇਹ ਸਮਝਿਆ ਜਾਵੇ, ਇਕਲੇ ‘ਭਗਤ ਸਹਿਬਾਨਾਂ’ ਦੀ ਹੀ ਬਾਣੀ ਉਤਮ ਹੈ, ਗੁਰੂਆਂ ਦੀ ਨਹੀਂ?ਕੀ ਇਹ ‘ਭਗਤ’ ਹੋਰ ਹਨ?

ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ:- ਸੰਤਨ ਮੋਕਉ ਹਰਿ ਮਾਰਿਗ ਪਾਇਆ॥ ਸਾਧ ਕ੍ਰਿਪਾਲ ਹਰਿ ਸੰਗਿ ਗਿਝਾਇਆ॥ ਹਰਿ ਹਮਰਾ ਹਮ ਹਰਿ ਕੇ ਦਾਸੇ, ਨਾਨਕ ਸਬਦ ਗੁਰੂ ਸਚ ਦੀਨਾ ਜੀਊ॥ (ਪੰਨਾ-100) ਗੁਰੂ ਸਹਿਬ ਕਹਿੰਦੇ ਨੇ, ‘ਸੰਤਾਂ’ ਨੇ ਮੈਨੂੰ ਹਰੀ ਦੇ ਰਸਤੇ ਤੇ ਤੋਰਿਆ ਹੈ ‘ਸਾਧ’ ਦੀ ਕਿਰਪਾ ਨਾਲ ‘ਹਰਿ’ ਨਾਲ ਸੰਗ ਹੋਇਆ ਹੈ। ਇਸ ਲਈ ਹੁਣ ‘ਹਰਿ’ ਮੇਰਾ ਮਾਲਕ ਅਤੇ ਮੈਂ ‘ਹਰਿ’ ਦਾ ਦਾਸ ਹਾਂ। ਕੀ ਇਹ ਸੰਤ ਅਤੇ ਸਾਧ, ‘ਗੁਰੂ’ ਨਹੀਂ, ਇਹ ਕੋਈ ਹੋਰ ਹਨ?

ਹੋਰ ਵੇਖੋ ਗੁਰੂ ਅਰਜਨ ਸਹਿਬ ਕਹਿ ਰਹੇ ਨੇ:- ਉਕਤ ਸਿਆਣਪ ਸਗਲੀ ਤਿਆਗ॥ ਸੰਤ ਜਨਾ ਕੀ ਚਰਣੀ ਲਾਗ॥ ਇਸ ਤੋਂ ਅਗਲਾ ਸ਼ਬਦ- ਸੰਤ ਕਾ ਕੀਆ ਸਤਿ ਕਰ ਮਾਨ॥ (176-177) “ਚਰਨ ਸਾਧ ਕੇ ਧੋਇ ਧੋਇ ਪੀਉ॥ ਅਰਪਿ ਸਾਧ ਕੋ ਆਪਣਾ ਜੀਉ॥ ਸਾਧ ਕੀ ਧੂਰਿ ਕਰਹੁ ਇਸਨਾਨ॥ ਸਾਧ ਉਪਰਿ ਜਾਈਏ ਕੁਰਬਾਨ॥ (283) ਸਾਧ ਸੰਗਿ ਗਤਿ ਭਈ ਹਮਾਰੀ॥ (272) ਵੇਖੋ ਜੇਕਰ ਇਹ ਸੰਤ, ਭਗਤ, ਸਾਧ, ਗੁਰੂ ਸਹਿਬਾਨਾਂ ਦੀਆਂ ਨਜਰਾਂ ਵਿਚ ਛੋਟੇ ਜਾਂ ਹੋਰ ਹੁੰਦੇ, ਤਾਂ ਗੁਰੂ ਸਹਿਬ ਨੇ ਆਪਣੇ ਸਿੱਖਾਂ ਨੂੰ (ਆਪਣੇ ਗੁਰੂ ਸਹਿਬਾਨਾਂ ਨੂੰ ਛੱਡਕੇ) ਇਹ ਥੋੜ੍ਹਾ ਕਹਿਣਾ ਸੀ, ਕਿ ਤੁਸੀਂ ਹੋਰਾਂ ‘ਸੰਤਾਂ’ ਦੇ ਚਰਨੀ ਲੱਗੋ, ਉਹਨਾਂ ਸੰਤਾਂ ਦਾ ਕੀਤਾ ਸੱਤ ਕਰ ਮੰਨੋ, ਉਹਨਾਂ ਸਾਧਾਂ ਦੇ ਚਰਨ ਧੋ-ਧੋ ਕੇ ਪੀਉ ਅਤੇ ਹੋਰਾਂ ਸਾਧਾਂ ਸੰਗ ਸਾਡੀ ਗਤਿ ਹੋਈ ਹੈ?

ਅਗੇ ਹੋਰ ਪੜ੍ਹੋ ਗੁਰੂ ਅਰਜਨ ਸਾਹਿਬ ਕਹਿ ਰਹੇ ਨੇ:-“ਨਾ ਤੂ ਆਵਹਿ ਵਸਿ ਬਹੁਤ ਘਿਣਾਵਣੇ॥ ਨਾ ਤੂ ਆਵਹਿ ਵਸਿ ਬੇਦ ਪੜ੍ਹਾਵਣੇ॥ ਨਾ ਤੂ ਆਵਹਿ ਵਸਿ ਤੀਰਥ ਨਾਈਐ॥ ਨਾ ਤੂ ਆਵਹਿ ਵਸਿ ਧਰਤੀ ਧਾਈਐ॥ ਨਾ ਤੂ ਆਵਹਿ ਵਸਿ ਕਿਤੈ ਸਿਆਣਪੈ॥ ਨਾ ਤੂ ਆਵਹਿ ਵਸਿ ਬਹੁਤਾ ਦਾਨ ਦੇ॥ ਸਭ ਕੋ ਤੇਰੇ ਵਸਿ ਅਗਮ ਅਗੋਚਰਾ, ਤੂ ਭਗਤਾ ਕੈ ਵਸਿ ਭਗਤਾ ਤਾਣੁ ਤੇਰਾ॥” (ਪੰਨਾ-962) ਜਿਹੜਾ ਅਕਾਲ ਪੁਰਖ, ‘ਰੱਬ’ ਕਿਸੇ ਵੀ ਢੰਗ ਨਾਲ ਕਿਸੇ ਦੇ ਵੀ ਵੱਸ ਵਿਚ ਨਹੀਂ ਆਉਂਦਾ, ਉਹ ‘ਰੱਬ’ ‘ਭਗਤਾਂ’ ਦੇ ਵੱਸ ਵਿਚ ਹੈ। ਜੇਕਰ ‘ਭਗਤ ਸਹਿਬਾਨਾਂ’ ਨੂੰ ‘ਗੁਰੂ ਸਹਿਬਾਨਾਂ’ ਨਾਲੋ ਵੱਖਰੇ ਸਮਝੀਏ ਤਾਂ ਫਿਰ ‘ਭਗਤ ਸਹਿਬਾਨ’ ‘ਗੁਰੂਆਂ’ ਨਾਲੋਂ ਫਿਰ ਵੱਡੇ ਹੋਏ, ਜਿਹਨਾਂ ਦੇ ‘ਰੱਬ’ ਵੀ ਵੱਸ ਵਿਚ ਹੈ। ਇਸ ਦਾ ਮਤਲਬ ਤਾਂ ਇਹੀ ਨਹੀਂ ਕੱਢਿਆ ਜਾ ਸਕਦਾ? ਪਰ ਨਹੀਂ; ਕਿਉਂ ਕਿ ਗੁਰੂ ਗਰੰਥ ਸਹਿਬ ਅੰਦਰ ਆਏ ਸ਼ਬਦ ‘ਭਗਤ, ਸੰਤ, ਸਾਧ, ਬ੍ਰਹਮਗਿਆਨੀ, ਸਤਿਗੁਰੂ’ ਆਦਿ ਵਿਚ ਕੋਈ ਫਰਕ ਹੀ ਨਹੀਂ ਹੈ। ਇਹ ਗੱਲ ਗੁਰਬਾਣੀ ਵਿਚ ਸਾਡੇ ਗੁਰੂ ਸਹਿਬਾਨ ਕਹਿ ਰਹੇ ਹਨ। ਇਸ ਲਈ ਗੁਰੂਆਂ ਅਤੇ ‘ਭਗਤਾਂ’ ਵਿਚੋਂ ਸਾਨੂੰ ਕੋਈ ਵੀ ਵੱਡਾ-ਛੋਟਾ ਨਜਰ ਨਹੀਂ ਆਉਣਾ ਚਾਹੀਂਦਾ। ਕਿਉਂਕਿ ਇਹਨਾਂ ਸਾਰਿਆ ਦੀ ਇਕ ਹੀ ਵਿਚਾਰਧਾਰਾ ਹੈ, ਇਕ ਹੀ ਮਿਸ਼ਨ ਹੈ ਅਤੇ ਇਹਨਾਂ ਸਾਰੇ ਮਹਾਂਪੁਰਸ਼ਾ ਨੇ ਕੁਰਾਹੇ ਪਏ ਲੋਕਾਂ ਨੂੰ ਜ਼ਾਤ-ਪਾਤ, ਵਹਿਮਾਂ-ਭਰਮਾਂ ਅਤੇ ਝੂਠ ਦੀ ਗਾਰ ਵਿਚ ਗਲ-ਗਲ ਤੱਕ ਫਸਿਆਂ ਲੋਕਾਂ ਨੂੰ ਬਾਹਰ ਕੱਢਕੇ ‘ਇਕ’ ਨਾਲ ਜੋੜਨ ਦਾ ਜੋਰਦਾਰ ਯਤਨ ਕੀਤਾ ਹੈ ਅਤੇ ਮਜਲੂਮਾਂ ਦੇ ਹੱਕਾਂ ਲਈ ਹੱਕ-ਸੱਚ ਦੀ ਅਵਾਜ ਬੁਲੰਦ ਕੀਤੀ। ਗੁਰੂ ਅਰਜਨ ਸਾਹਿਬ ਜੀ ਨੇ ਗੁਰੂ ਗਰੰਥ ਸਹਿਬ ਅੰਦਰ ਇਕੱਤਰ ਬਾਣੀ ਆਪਣਿਆਂ ਦੀ ਹੀ ਦਰਜ ਕੀਤੀ ਹੈ; ਗੈਰਾਂ ਦਾ ਇਸ ਵਿਚ ਕੀ ਕੰਮ? ਇਸ ਲਈ ਸਾਡੇ ਗੁਰੂ ਸਹਿਬਾਨਾਂ ਦੀਆਂ ਨਜਰਾਂ ਵਿਚ ਕੋਈ ਵੱਡਾ-ਛੋਟਾ ਨਹੀਂ ਸੀ।

ਉਪਰੋਕਤ ਵਿਸ਼ੇ ਲਈ ਗੁਰਸਿੱਖ ਵਾਸਤੇ ‘ਗੁਰੂਬਾਣੀ’ ਦਾ ‘ਇਕ ਸ਼ਬਦ’ ਹੀ ਸਬੂਤ ਵਜੋਂ ਕਾਫੀ ਸੀ, ਜਿਸ ਨੂੰ ਕਿਸੇ ਵੀ ਕੀਮਤ ਤੇ ਝੁਠਲਾਇਆ ਨਹੀਂ ਸਕਦਾ; ਪਰ ਇਥੇ ਗੁਰੂ ਸਹਿਬਾਨਾਂ ਦੀ ਬਾਣੀ ਦੇ ਅਨੇਕਾਂ ਸਬੂਤਾਂ ਵਿਚੋ (ਉਪਰੋਕਤ) ਕਈ ਸਬੂਤ ਇਸ ਲੇਖ ਵਿਚ ਦਿਤੇ ਹਨ। ਜਿਸ ਨਾਲ ਭਰਮਾਂ ਦੇ ਮਾਰੇ ਸਿੱਖਾਂ ਦਾ ਤਾਂ ਭਰਮ ਦੂਰ ਹੋ ਸਕਦਾ ਹੈ ਅਤੇ ਜ਼ਾਤ ਅਭਿਮਾਨੀਆਂ ਅਤੇ‘ਮੈਂ ਨਾ ਮਾਨੂੰ’ ਲਈ ਤਾਂ ਇਹ “ਪੱਥਰ ਤੇ ਬੂੰਦ ਪਈ ਨਾ ਪਈ” ਸਮਾਨ ਹਨ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top