Share on Facebook

Main News Page

ਅੰਮ੍ਰਿਤਸਰ ਵਿੱਚ ਇੱਕ ਰਾਤ ਨੂੰ ਹੀ 7 ਕਰੋੜ ਦੀ ਸ਼ਰਾਬ ਪੀਤੀ ਜਾਣੀ ਗਹਿਰੀ ਚਿੰਤਾ ਦਾ ਵਿਸ਼ਾ

ਪੰਜਾਬੀਆਂ ਨੂੰ ਨਸ਼ੇੜੀ ਬਨਾਉਣ ਦੀ ਲੁਕਵੀਂ ਸਾਜਿਸ਼ - ਭਾਈ ਹਰਜੀਤ ਸਿੰਘ

ਅਨੰਦਪੁਰ ਸਾਹਿਬ, 13 ਮਾਰਚ (ਸੁਰਿੰਦਰ ਸਿੰਘ ਸੋਨੀ) ਪੰਜਾਬ ਵਿਚ ਵੱਡੀ ਪੱਧਰ ਤੇ ਨਸ਼ਿਆਂ ਦੇ ਹੋ ਰਹੇ ਪਸਾਰੇ ਪਿੱਛੇ ਇਕ ਡੂੰਘੀ ਸਾਜਿਸ਼ ਹੈ ਜਿਸ ਬਾਰੇ ਸਿੱਖ ਆਗੂਆਂ ਨੂੰ ਗਫਲਤ ਦੀ ਨੀਂਦ ਚੋਂ ਜਾਗਣਾ ਚਾਹੀਦਾ ਹੈ। ਜੇਕਰ ਸਿੱਖ ਆਗੂ ਹੁਣ ਵੀ ਨਾ ਜਾਗੇ ਤਾਂ ਇਤਹਾਸ ਉਨਾਂ ਨੂੰ ਕਦੇ ਮਾਫ ਨਹੀਂ ਕਰੇਗਾ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸਿੱਖ ਫੁਲਵਾੜੀ ਦੇ ਸੰਪਾਦਕ ਭਾਈ ਹਰਜੀਤ ਸਿੰਘ ਨੇ ਕੀਤਾ। ਉਨਾਂ ਕਿਹਾ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਯੂਨੀਸੈਫ ਦੀ ਜਨਵਰੀ 2012 ਦੀ ਰਿਪੋਰਟ ਮੁਤਾਬਿਕ ਪਵਿੱਤਰ ਨਗਰ ਤੇ ਗੁਰੂ ਕੀ ਨਗਰੀ ਅਮਿੰਤਸਰ ਵਿਚ 31 ਦਸੰਬਰ ਦੀ ਰਾਤ ਨੂੰ ਦੁਨੀਆਂ ਭਰ ਵਿਚੋ ਸਭ ਤੋਂ ਜਿਆਦਾ ਸ਼ਰਾਬ ਪੀਤੀ ਗਈ ਜਿਸ ਦੀ ਕੀਮਤ ਅੰਦਾਜਨ 7 ਕਰੋੜ ਤੋਂ ਵੀ ਵੱਧ ਬਣਦੀ ਹੈ।

ਉਨਾਂ ਕਿਹਾ ਕਿ ਯੂਨੀਸੈਫ ਦੀ ਜਨਵਰੀ 2012 ਦੀ ਰਿਪੋਰਟ ਮੁਤਾਬਕ ਭਾਰਤ ਦੁਨੀਆਂ ਭਰ ਵਿਚੋ ਨਸ਼ਿਆਂ ਦੇ ਕਾਰੋਬਾਰ ਵਿਚ ਪਹਿਲੇ ਨੰਬਰ ਤੇ ਹੈ। ਭਾਰਤ ਦੀ ਗੱਲ ਤਾਂ ਇਕ ਪਾਸੇ ਰਹੀ ਪੰਜਾਬ ਤੇ ਪੰਜਾਬੀਆਂ ਨੇ ਤਾਂ ਸਾਰਿਆਂ ਨੂੰ ਹੀ ਮਾਤ ਪਾ ਦਿਤੀ ਹੈ। ਉਨਾਂ ਕਿਹਾ ਕਿ ਲੱਗਭੱਗ 4 ਕਰੋੜ ਦੀ ਅਬਾਦੀ ਵਾਲੇ ਇਸ ਸੂਬੇ ਵਿਚ 3.25 ਕਰੋੜ ਸ਼ਰਾਬ ਦੀਆਂ ਪੇਟੀਆਂ ਦੀ ਵਿਕਰੀ ਇਸ ਸਾਲ ਹੋਣ ਦੀ ਆਸ ਰੱਖੀ ਗਈ ਹੈ। ਉਨਾਂ ਕਿਹਾ ਕਿ ਪੰਜਾਬ ਦਾ ਨਕਸ਼ਾ ਇਕੱਲੇ ਪਟਿਆਲੇ ਜਿਲੇ ਦੇ ਇਨਾਂ ਅੰਕੜਿਆਂ ਤੋਂ ਦੇਖਿਆ ਜਾ ਸਕਦਾ ਹੈ ਕਿ ਪੁਲਿਸ ਦੇ ਰਿਕਾਰਡ ਮੁਤਾਬਕ ਪੁਲਿਸ ਨੇ 133 ਕਿਲੋ ਅਫੀਮ, 8802 ਕਿਲੋ ਪੋਸਤ ਹੱਕ ਜਿਸ ਤੋਂ ਹੈਰੋਇਨ ਬਣਦੀ ਹੈ, 4 ਕਿਲੋ ਸਮੈਕ, 18 ਕਿਲੋ ਸੁਲਫਾ, 4 ਕਿਲੋ ਚਰਸ, 50 ਕਿਲੋ ਗਾਂਜਾਂ ਤੇ 225 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਉਨਾਂ ਕਿਹਾ ਕਿ ਇਹ ਵੇਰਵਾ ਕੇਵਲ ਉਹ ਹੈ ਜੋ ਪੁਲਿਸ ਦੇ ਰਿਕਾਰਡ ਵਿਚ ਮੋਜੂਦ ਹੈ।

ਇਕੱਲੇ ਪਟਿਆਲੇ ਵਿਚ ਹੀ 8 ਸਾਲ ਤੋਂ ਛੋਟੇ ਬੱਚੇ ਜੋ ਨਸ਼ੀਲੇ ਕੈਪਸੂਲਾਂ ਵਿਚੋ ਪਾਊਡਰ ਕੱਢ ਕੇ ਨਸ਼ਾ ਕਰਨ ਦੇ ਆਦੀ ਬਣ ਗਏ ਹਨ ਉਨਾਂ ਤੋਂ 26100 ਤੋਂ ਵੱਧ ਕੈਪਸੂਲ ਫੜੇ ਗਏ ਹਨ। ਇਸ ਤੋਂ ਇਲਾਵਾ 28 ਕਿਲੋ ਪਾਊਡਰ ਜੋ ਕਿ ਬੱਚਿਆਂ ਨੂੰ ਨਸ਼ਾ ਕਰਵਾਉਣ ਲਈ ਵਰਤਿਆ ਜਾਣਾ ਸੀ ਫੜਿਆ ਗਿਆ ਹੈ। ਉਨਾਂ ਦੱਸਿਆ ਕਿ 15 ਸਾਲ ਤੋਂ ਘੱਟ ਉਮਰ ਦੇ 67 ਪ੍ਰਤੀਸ਼ਤ ਬੱਚੇ ਜਿਨਾਂ ਵਿਚ ਲੜਕੀਆਂ ਵੀ ਸ਼ਾਮਲ ਹਨ,ਉਹ ਨਸ਼ਿਆਂ ਦੀ ਪੂਰਤੀ ਲਈ ਆਇਉਡੈਕਸ ਦੀਆਂ ਸ਼ੀਸ਼ੀਆਂ ਚੱਟ ਰਹੇ ਹਨ,ਬਰੈਡ ਵਿਚ ਆਇਉਡੈਕਸ ਲਾ ਕੇ ਖਾਂਦੇ ਹਨ। ਇਥੇ ਹੀ ਬਸ ਨਹੀਂ ਕਿਰਲੀਆਂ ਮਾਰ ਕੇ ਖਾਧੀਆਂ ਜਾ ਰਹੀਆਂ ਹਨ ਕਿਉਂਕਿ ਉਨਾਂ ਚੋ ਨਸ਼ਾ ਮਿਲਦਾ ਹੈ। ਭਾਈ ਹਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਅੱਜ ਨਸ਼ਿਆਂ ਨੇ ਪੂਰੀ ਤਰਾਂ ਨਿਗਲ ਲਿਆ ਹੈ ਤੇ ਇਸ ‘‘ਮਹਾਨ ਕਾਰਜ’’ ਵਿਚ ਸਿੱਖ ਮੋਹਰੀ ਬਣ ਕੇ ਬੜੇ ਮਾਣ ਨਾਲ ਗਾ ਰਹੇ ਹਨ ‘ਪਰੇ ਹੋ ਜੱਟ ਨੂੰ ਸ਼ਰਾਬ ਚੜ ਗਈ ਤੇ ਠੇਕੇ ਤੋਂ ਉਹੀ ਲੈਣੀ ਜੋ ਜੱਟ ਨੂੰ ਭਾਏਗੀ’ ‘ ਦਾਰੂ ਤਾਂ ਜੱਟ ਨਾਲ ਸਵਰਗਾਂ ਨੂੰ ਜਾਏਗੀ’ ਦੇ ਲੱਚਰ ਗਾਣੇ ਗਾ ਕੇ ਨੋਜਵਾਨੀ ਨੂੰ ਠੇਕਿਆਂ ਵੱਲ ਤੋਂਰਿਆ ਜਾ ਰਿਹਾ ਹੈ।

ਉਨਾਂ ਕਿਹਾ ਕਿ ਇਸ ਗੁਰੂਆਂ ਦੀ ਧਰਤੀ ਤੇ ਪੰਜਾਬੀ ਇਕ ਸਾਲ ਵਿਚ 50 ਕਰੋੜ ਤੋਂ ਵੀ ਵੱਧ ਸ਼ਰਾਬ ਦੀਆਂ ਬੋਤਲਾਂ ਡਕਾਰ ਜਾਂਦੇ ਹਨ ਤੇ ਇਸ ਤੋਂ ਹੋਣ ਵਾਲੇ ਨੁਕਸਾਨ ਬਾਰੇ WHO ਦੀ ਰਿਪੋਰਟ ਅਨੁਸਾਰ ਪੰਜਾਬੀ ਨੌਜਵਾਨ ਹੋਲੀ ਹੋਲੀ ਨਿਪੁੰਸਕ ਬਣਦੇ ਜਾ ਰਹੇ ਹਨ, ਜੋ ਬੱਚੇ ਪੈਦਾ ਕਰਨ ਦੀ ਸ਼ਕਤੀ ਗਵਾ ਰਹੇ ਹਨ। ਉਨਾਂ ਕਿਹਾ ਮੈਡੀਕਲ ਸਾਇੰਸ ਮੁਤਾਬਿਕ ਜੇਕਰ ਕੋਈ ਵਿਅਕਤੀ 7-8 ਸਾਲ ਸਮੈਕ ਦਾ ਨਸ਼ਾ ਕਰਦਾ ਰਹੇ ਤਾਂ ਉਹ ਮਾਂ-ਬਾਪ ਬਨਣ ਦੇ ਯੋਗ ਨਹੀਂ ਰਹਿੰਦਾ, ਨਸ਼ਿਆਂ ਕਾਰਨ ਪੰਜਾਬੀਆਂ ਦੀਆਂ ਜਮੀਨਾਂ ਵਿਕ ਗਈਆਂ ਤੇ ਜਦੋ ਔਲਾਦ ਪੈਦਾ ਕਰਨ ਦੀ ਸ਼ਕਤੀ ਹੀ ਨਹੀਂ ਹੋਵੇਗੀ ਤਾਂ ਨਸਲਕੁਸ਼ੀ ਆਪੇ ਹੋ ਜਾਵੇਗੀ। ਉਨਾਂ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਆਪਣੇ ਪਿੰਡਾਂ ਵਿਚ ਉਹੀ ਪੰਚਾਇਤਾਂ ਬਣਾਉ ਜਿਨਾਂ ਦੇ ਮੈਂਬਰ ਨਸ਼ੇ ਨਾ ਕਰਦੇ ਹੋਣ। ਪੰਚਾਇਤਾਂ ਵਲੋ ਲਿਖਤੀ ਫੈਸਲੇ ਕਰ ਕੇ ਸਰਕਾਰ ਨੂੰ ਲਿਖਿਆ ਜਾਵੇ ਕਿ ਸਾਡੇ ਪਿੰਡਾਂ ਵਿਚ ਠੇਕੇ ਨਾ ਖੋਲੇ ਜਾਣ। ਉਨਾਂ ਕਿਹਾ ਕਿ ਜਿਹੜੇ ਸਿੱਖ ਨੋਜਵਾਨ ਟੈਂਕਾਂ ਦੇ ਗੋਲਿਆਂ ਨਾਲ ਖਤਮ ਨਹੀਂ ਕੀਤੇ ਜਾ ਸਕੇ, ਉਨਾਂ ਨੂੰ ਹੁਣ ਨਸ਼ਿਆਂ ਦੀ ਗੁੱਝੀ ਸਾਜਿਸ਼ ਰਾਹੀਂ ਖਤਮ ਕੀਤਾ ਜਾ ਰਿਹਾ ਹੈ ਤੇ ਅਫਸੋਸ ਇਸ ਗੱਲ ਦਾ ਕਿ ਸਾਡੇ ਧਾਰਮਿਕ ਤੇ ਰਾਜਨੀਤਕ ਆਗੂ ਗੂੜੀਂ ਨੀਂਦੇ ਸੋ ਕੇ ਆਪਣੇ ਫਰਜਾਂ ਤੋਂ ਕੁਤਾਹੀ ਕਰ ਰਹੇ ਹਨ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top