Share on Facebook

Main News Page

ਪੁਰਾਣੀ ਇੱਕ ਪ੍ਰਚੱਲਤ ਕਹਾਣੀ... "ਮਰੀ ਹੋਈ ਬਿੱਲੀ"
- ਪ੍ਰੋ. ਦਰਸ਼ਨ ਸਿੰਘ ਖਾਲਸਾ

ਕਹਿੰਦੇ ਨੇ ਇਕ ਖੂਹ ਵਿੱਚ ਬਿੱਲੀ ਡਿਗ ਪਈ ਅਤੇ ਮਰ ਗਈ। ਕੁਛ ਦਿਨਾਂ ਬਾਅਦ ਉਸ ਖੂਹ ਵਿਚੋਂ ਬਦਬੂ ਆਉਣ ਲੱਗ ਪਈ, ਖੂਹ ਦਾ ਪਾਣੀ ਭੀ ਪੀਣ ਲਾਇਕ ਨਾ ਰਿਹਾ। ਜੇ ਭੁਲੇਖੇ ਨਾਲ ਰਾਹ ਜਾਂਦਾ ਰਾਹੀ ਦੋ ਘੁਟ ਪਾਣੀ ਪੀ ਲੈਂਦਾ, ਤਾਂ ਬੀਮਾਰ ਹੋ ਜਾਂਦਾ । ਪਿੰਡ ਵਾਸੀ ਕਿਸੇ ਸਿਆਣੇ ਕੋਲ ਗਏ ਕਿ ਬਾਬਾ ਕਿਸੇ ਤਰਾਂ ਇਸ ਖੂਹ ਦਾ ਪਾਣੀ ਸਾਫ ਅਤੇ ਪੀਣ ਲਾਇਕ ਹੋ ਸਕਦਾ ਹੈ?

ਬਾਬੇ ਨੇ ਕਿਹਾ ਹਾਂ ਭਲੇ ਲੋਕੋ ਹੋ ਸਕਦਾ ਹੈ, ਜੇ ਖੂਹ ਵਿਚੋਂ ਉਹ ਮਰੀ ਹੋਈ ਬਿਲੀ ਕੱਢ ਦਿਓ ਅਤੇ ਸੌ ਡੋਲ ਪਾਣੀ ਦਾ ਕੱਢ ਦਿਓ। ਪਿੰਡ ਵਾਸੀ ਇਕੱਠੇ ਹੋਏ ਅਤੇ ਖੂਹ ਵਿਚੋਂ ਪਾਣੀ ਦੇ ਡੋਲ ਭਰ ਭਰ ਕੱਢਣ ਲਗੇ ਇਕ ਸੌ ਨਹੀਂ ਬਲਕਿ ਕਈ ਸੌ ਡੋਲ ਪਾਣੀ ਦਾ ਕੱਢ ਦਿੱਤਾ, ਪਰ ਪਾਣੀ ਸਾਫ ਨਾ ਹੋਇਆ ਪਾਣੀ ਦੀ ਬਦਬੂ ਨਾ ਗਈ। ਲੋਕ ਫਿਰ ਬਾਬੇ ਕੋਲ ਆਏ, ਬਾਬਾ ਅਸੀਂ ਤਾਂ ਕਈ ਸੌ ਡੋਲ ਪਾਣੀ ਦਾ ਕੱਢ ਦਿੱਤਾ ਪਰ ਪਾਣੀ ਸਾਫ ਨਹੀਂ ਹੋਇਆ। ਬਾਬਾ ਕਹਿਣ ਲੱਗਾ ਭਲੇ ਲੋਕੋ ਬਿਲੀ ਕੱਢੀ ਹੈ ਕਿ ਨਹੀਂ। ਜਵਾਬ ਸੀ, ਬਾਬਾ ਅਜੇ ਬਿੱਲੀ ਨਹੀਂ ਕੱਢੀ। ਬਾਬਾ ਕਹਿਣ ਲੱਗਾ ਭਲਿਓ, ਪਹਿਲਾਂ ਬਿੱਲੀ ਕੱਢੋ, ਫਿਰ ਹੀ ਪਾਣੀ ਕੱਢਣ ਦਾ ਲਾਭ ਹੈ, ਫਿਰ ਹੀ ਪਾਣੀ ਸਾਫ ਹੋਵੇਗਾ। ਪਿੰਡ ਵਾਸੀ ਵਾਪਸ ਗਏ, ਮਰੀ ਹੋਈ ਬਿੱਲੀ ਖੂਹ ਵਿਚੋਂ ਕੱਢੀ ਅਤੇ ਫਿਰ ਬਦਬੂ ਮਾਰਿਆ ਸੌ ਡੋਲ ਪਾਣੀ ਕੱਢਿਆ, ਬੱਸ ਖੂਹ ਦਾ ਪਾਣੀ ਸਾਫ ਹੋ ਗਿਆ।

ਇਸੇ ਤਰਾਂ ਅੱਜ ਵਿਗੜੇ ਹੋਏ ਅਮੀਰ ਲੋਕਾਂ ਵਲੋਂ, ਲੱਖਾਂ ਰੁਪੈ ਲਾ ਕੇ ਸਟੇਜਾਂ ‘ਤੇ ਸ਼ਿੰਗਾਰੀ ਹੋਈ ਲੱਚਰ ਗਾਇਕੀ ਦੀ ਬਦਬੂ ਇਤਨੀ ਵੱਧ ਚੁਕੀ ਹੈ, ਕਿ ਜਿਹੜਾ ਕੋਲੋਂ ਲੰਘਦਾ ਹੈ, ਉਸਨੂੰ ਭੀ ਸੜਹਾਂਦ ਮਾਰਦੀ ਹੈ ਅਤੇ ਜਿਹੜਾ ਨੌਜਵਾਨ ਕੁਛ ਸਮਾਂ ਇਸ ਨੂੰ ਸੁਣ ਲੈਂਦਾ ਹੈ, ਉਹ ਭੀ ਮਾਨਸਿਕ ਅਤੇ ਸਰੀਰਕ ਤੌਰ ‘ਤੇ ਇਕ ਅਸਾਧ ਰੋਗੀ ਹੋ ਜਾਂਦਾ ਹੈ ਅਤੇ ਅੱਗੇ ਬੀਮਾਰੀ ਫੈਲਾਂਦਾ ਹੈ। ਨਤੀਜਾ ਹੈ, ਕਿ ਦਿਨ ਬ-ਦਿਨ ਸਮਾਜ ਇਸ ਛੂਤ ਦੀ ਬੀਮਾਰੀ ਦਾ ਰੋਗੀ ਹੋ ਰਿਹਾ ਹੈ। ਇਹ ਨੰਗੇਜ਼, ਅਸ਼ਲੀਲਤਾ, ਨਾਈਟ ਕਲੱਬ, ਬਲਿਯੂ ਫਿਲਮਾਂ, ਬਲਿਯੂ ਮੈਗ਼ਜ਼ੀਨ, ਇੰਟਰਨੈਟ ‘ਤੇ ਅਸ਼ਲੀਲਤਾ ਵਿੱਚ ਵਾਧਾ ਕਰਣ ਵਾਲੀਆਂ ਵੈਬ ਸਾਈਟਾਂ, ਕੁਛ ਟੀਵੀ ਚੈਨਲ ਅਤੇ ਹੋਰ ਬਹੁਤ ਕੁਛ ਨੇ ਏਸੇ ਵਿਚੋਂ ਜਨਮ ਲਿਆ ਹੈ ਅਤੇ ਆਏ ਦਿਨ ਬਲਾਤਕਾਰ ਜੈਸੀਆਂ ਮਾਰੂ ਬੀਮਾਰੀਆਂ ਵਧ ਰਹੀਆਂ ਹਨ। ਜਿਥੇ ਅੱਜ ਸਮਾਜ ਦੇ ਬਹੁਤ ਸਾਰੇ ਹਿਸੇ ਵਿਚੋਂ ਲੱਚਰਤਾ ਦੀ ਬਦਬੂ ਆ ਰਹੀ ਹੈ।

ਓਥੇ ਅੱਜ ਸਮਾਜ ਦੇ ਕੁਛ ਜਾਗਰਤ ਹਿੱਸੇ ਨੇ ਇਸ ਖਤਰਨਾਕ ਬੀਮਾਰੀ ਦੇ ਇਲਾਜ ਲਈ ਹਾਲ ਪਾਹਰਿਆ ਪਾਇਆ ਹੈ, ਅਤੇ ਲੱਚਰ ਗਾਇਕੀ ਦੇ ਪੈਦਾ ਹੋ ਚੁਕੇ ਬਦਬੂਦਾਰ ਪਾਣੀ ਦੇ ਸੌ ਨਹੀਂ, ਹਜ਼ਾਰਾਂ ਡੋਲ ਕੱਢਣ ਦਾ ਫੈਸਲਾ ਕੀਤਾ ਹੈ। ਬਹੁਤ ਚੰਗਾ ਹੈ ਬਹੁਤ ਚੰਗਾ ਹੈ, ਇਹ ਜਾਗਰਤ ਜੁਗ ਦੀ ਨਿਸ਼ਾਨੀ ਹੈ, ਸਮਾਜ ਇਓਂ ਹੀ ਬਚਾਇਆ ਜਾ ਸੱਕੇਗਾ।

ਪਰ ਮੈਂ 1990 ਫਰਵਰੀ ਦੇ ਸੰਚੇਤਨਾ ਮੈਗਜ਼ੀਨ ਵਿਚ ਕਿਸੇ ਵਿਦਵਾਨ ਵੀਰ ਦੇ ਲਿਖੇ ਹੋਏ ਕੁਛ ਖਿਆਲ ਤੁਹਾਡੇ ਨਾਲ ਸਾਂਝੇ ਕਰਨਾ ਚਾਹੁਂਦਾ ਹਾਂ, ਉਸ ਨੇ ਲਿਖਿਆ ਸੀ “ਬ੍ਰਾਹਮਣਵਾਦ ਵਲੋਂ ਧਰਮ ਦੇ ਬੁਰਕੇ ਵਿਚ ਭਗਵਾਨਾਂ ਦੇ ਨਾਮ ਹੇਠ ਲਿਖੇ ਲਿਟਰੇਚਰ ਰਾਹੀਂ ਜੋ ਅਸ਼ਲੀਲਤਾ ਪਰੋਸੀ ਗਈ, ਉਸੇ ਵਿਚੋਂ ਮੰਦਰਾਂ ਵਿੱਚ ਨਾਚ ਕਰਨ ਵਾਲੀਆਂ ਦੇਵ ਦਾਸੀਆਂ ਨੇ ਜਨਮ ਲਿਆ ਅਤੇ ਇਹ ਸਮਾਜਕ ਬੀਮਾਰੀ ਧਾਰਮਕ ਪ੍ਰਭਾਵ ਕਰਕੇ ਹੀ ਪ੍ਰਮਾਣਿਤ ਹੋ ਗਈ। ਕਾਮੁਕ, ਅਸ਼ਲੀਲ ਗ੍ਰੰਥਾਂ ਨੂੰ ਧਰਮ ਸ਼ਾਸ਼ਤਰਾਂ ਅਤੇ ਗੁਰੂ ਗ੍ਰੰਥਾਂ ਦਾ ਨਾਮ ਦੇ ਕੇ, ਸਮਾਜ ਵਿੱਚ ਧਾਰਮਿਕ ਸ਼ਰਧਾ ਦੇ ਸਿੰਘਾਸਣਾਂ ‘ਤੇ ਬਿਠਾ ਦਿਤਾ ਗਿਆ। ਅਤੇ ਇਓਂ ਧਰਮ ਦੇ ਪੜਦੇ ਹੇਠ ਪਲੀ ਇਹ ਅਸ਼ਲੀਲਤਾ, ਅੱਜ ਸਮਾਜ ਲਈ ਅਸਾਧ ਰੋਗ ਬਣ ਗਈ।"

ਅੱਜ ਭੀ ਅਸੀਂ ਇਕ ਭੁਲੇਖੇ ਵਿਚ ਸੌ ਡੋਲ ਪਾਣੀ ਦਾ ਤਾਂ ਕੱਡ ਰਹੇ ਹਾਂ, ਪਰ ਸਮਾਜ ਦੇ ਖੂਹ ਵਿੱਚ ਡਿਗੀ ਹੋਈ ਮਰੀ ਬਿੱਲੀ ਨਹੀਂ ਕੱਢ ਰਹੇ। ਜਦੋਂ ਤੱਕ ਆਚਰਨ ਹੀਣਤਾ ਫੈਲਾਣ ਵਾਲੇ ਟੀ ਵੀ ਚੈਨਲਾਂ, ਮੈਗ਼ਜ਼ੀਨਾਂ, ਵੈਬ ਸਾਈਟਾਂ, ਅਤੇ ਫਿਲਮ ਇੰਡਸਟਰੀ ਮਜ਼ਬੂਤ ਸੈਂਸਰ ਦੀ ਪਕੜ ਵਿਚ ਨਹੀਂ ਆਉਂਦੀ, ਅਤੇ ਜਦੋਂ ਤੱਕ ਕਾਮ ਸ਼ਾਸਤਰ, ਅਤੇ ਬਚਿੱਤਰ ਨਾਟਕ {ਅਖੌਤੀ ਦਸਮ ਗ੍ਰੰਥ ਵਰਗੇ ਗ੍ਰੰਥਾਂ} ਨੂੰ ਸਮਾਜ ਵਿਚੋਂ ਅਲੋਪ ਨਹੀਂ ਕੀਤਾ ਜਾਂਦਾ, ਉਦੋਂ ਤੱਕ ਇਹ ਅਸ਼ਲੀਲਤਾ ਆਚਰਣ ਹੀਣਤਾ ਰੂਪ ਕ੍ਹੋੜ ਦੀ ਬੀਮਾਰੀ, ਧਰਮ ਨਾਮ ਹੇਠ ਹਮੇਸ਼ਾਂ ਪਨਪਦੀ ਰਹੇਗੀ। ਅਸੀਂ ਸੌ ਡੋਲ ਪਾਣੀ ਦਾ ਕੱਢਣ ਦੀ ਗੱਲ ਤਾਂ ਕਰਦੇ ਹਾਂ, ਪਰ ਕਈ ਰੂਪਾਂ ਵਿਚ ਧਾਰਮਿਕ ਪਦਵੀਆਂ ‘ਤੇ ਕਾਬਜ਼ ਅਸ਼ਲੀਲ ਬ੍ਰਾਹਮਣਵਾਦ ਤੋਂ ਡਰਦੇ, ਅਸੀਂ ਇਸ ਮਰੀ ਹੋਈ ਬਿੱਲੀ ਨੂੰ ਸਮਾਜ ਦੇ ਖੂਹ ਵਿਚੋਂ ਕੱਢਣ ਤੋਂ ਅਵੇਸਲੇ ਹੋ ਰਹੇ ਹਾਂ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top