Share on Facebook

Main News Page

"ਫਖਰੇ ਕੌਮ" ਅਵਾਰਡ ਦੇ ਅਸਲ ਹੱਕਦਾਰ ਗਿਆਨੀ ਭਗਤ ਪੂਰਨ ਸਿੰਘ ਜੀ
- ਇੰਦਰਜੀਤ ਸਿੰਘ, ਕਾਨਪੁਰ

ਬਹੁਤ ਦੁਖ ਹੁੰਦਾ ਹੈ, ਕੌਮ ਦੇ ਅਖੌਤੀ ਆਗੂਆਂ, ਜੱਥੇਦਾਰਾਂ ਅਤੇ ਵਿਦਵਾਨਾਂ ਦੀ ਸੋਚ ਉਤੇ, ਜੋ "ਨੋਬਲ ਅਵਾਰਡ" ਲਈ ਗਿਆਨੀ ਭਗਤ ਪੂਰਨ ਸਿੰਘ ਜੀ ਦਾ ਨਾਮ ਪ੍ਰਪੋਜ ਤਕ ਨਹੀਂ ਕਰ ਸਕੇ। ਮਦਰ ਟੇਰੇਸਾ ਨੇ ਭਗਤ ਜੀ ਦੇ ਮੁਕਾਬਲੇ ਕਿੰਨੀ ਕੁ ਸੇਵਾ ਕੀਤੀ ਹੋਣੀ ਹੈ, ਜੋ ਭਗਤ ਪੂਰਨ ਸਿੰਘ ਜੀ ਨੇ ਕੀਤੀ। ਸਾਰਾ ਜੀਵਨ ਪਿੰਗਲਵਾੜੇ ਦੇ ਫਰਸ਼ 'ਤੇ, ਜਿਥੇ ਥਾਂ ਮਿਲੀ ਸੌਂ ਕੇ, ਖਾ ਕੇ, ਅਪਾਹਿਜਾਂ ਅਤੇ ਕੋੜ੍ਹ ਦੇ ਮਰੀਜਾਂ ਦੀ ਮਰਹਮ ਪੱਟੀ ਕਰਦਿਆਂ, ਅਪਣਾਂ ਸਾਰਾ ਜੀਵਨ ਕਡ੍ਹ ਦਿਤਾ। ਪਿੰਗਲਵਾੜੇ ਦੇ ਅਪਾਹਿਜ ਅਤੇ ਕੋੜ੍ਹ ਦੇ ਰੋਗੀ ਉਨਾਂ ਨੂੰ ਆਪਣੇ ਬੱਚਿਆਂ ਨਾਲੋਂ ਵੀ ਪਿਆਰੇ ਸਨ । ਸਾਡੇ ਅਖੌਤੀ ਆਗੂਆਂ ਨੂੰ ਤਾਂ ਕੁਰਸੀਆਂ ਦੇ ਦੇਉ, ਭਾਵੇਂ ਪੂਰੀ ਕੌਮ ਨੂੰ ਵੇਚ ਦਿਉ।

ਸਾਡੀ ਕੌਮ ਨੇ ਹੀਰਿਆਂ ਦੀ ਕਦਰ ਕਦੀ ਵੀ ਨਹੀਂ ਪਾਈ। ਕੌਮ ਦੇ ਗੱਦਾਰਾਂ ਨੂੰ ਹੀ ਅਵਾਰਡ ਦੇ ਦੇ ਕੇ, ਸਾਡੇ ਅਖੌਤੀ ਜੱਥੇਦਾਰਾਂ ਨੇ ਅਪਣੀ ਕੁਰਸੀ ਹਮੇਸ਼ਾ ਪੱਕੀ ਰੱਖੀ ਹੈ। ਅਤੇ ਡੇਰਿਆਂ ਅਤੇ ਸਿਆਸੀ ਲੋਕਾਂ ਦੀ ਖੁਸ਼ਾਮਦ ਕਰਦਿਆਂ, ਮੋਟੇ ਮੋਟੇ ਲਿਫਾਫਿਆਂ ਨਾਲ ਅਪਣੇ ਬੋਝੇ ਭਰਣ ਨੂੰ ਹੀ ਚੜ੍ਹਦੀਕਲਾ ਸਮਝਿਆ ਹੈ ।

ਫਖਰੇ ਕੌਮ ਦੇ ਅਸਲੀ ਹਕਦਾਰ ਤਾਂ ਗਿਆਨੀ ਭਗਤ ਪੂਰਨ ਸਿੰਘ ਹੀ ਸਨ ਹਨ।

ਦਾਸ ਜਦੋਂ ਵੀ ਅੰਮ੍ਰਿਤਸਰ ਜਾਂਦਾ, ਗਿਆਨੀ ਪੂਰਨ ਸਿੰਘ ਹੋਰਾਂ ਨੂੰ ਮਿਲਣ ਜਰੂਰ ਜਾਂਦਾ ਸੀ। ਉਨਾਂ ਦੀ ਸਾਦਗੀ ਅਤੇ ਰਹਿਨ ਸਹਿਣ ਦਾ ਢੰਗ, ਮੈਨੂੰ ਬਹੁਤ ਹੀ ਪ੍ਰਭਾਵਿਤ ਕਰਦਾ ਅਤੇ ਉਨਾਂ ਨੂੰ ਵੇਖ ਕੇ ਮੇਰੇ ਦਿਲ ਨੂੰ ਇਕ ਅਜੀਬ ਜਹਿਆ ਸਕੂਨ ਮਿਲਦਾ ਸੀ। ਕਦੀ ਕਦੀ ਮੈਂ ਸੋਚਦਾ ਕਿ ਗਰੀਬ ਅਤੇ ਮਜਬੂਰ ਮਨੁਖਾਂ ਦੀ ਅਸਲ ਸੇਵਾ, ਅਸਲ ਧਰਮ ਤਾਂ ਅਕਾਲਪੁਰਖ ਨੇ ਭਗਤ ਪੂਰਨ ਸਿੰਘ ਜੀ ਦੀ ਝੋਲੀ ਵਿੱਚ, ਆਪ ਪਾਇਆ ਹੈ। ਜਦੋਂ ਵੀ ਪਿੰਗਲਵਾੜੇ ਜਾਣਾ,ਭਗਤ ਜੀ ਨੂੰ ਕਿਸੇ ਦੇ ਜਖਮਾਂ 'ਤੇ ਮਰਹਮ ਪੱਟੀ ਕਰਦਿਆਂ ਹੀ ਵੇਖਿਆ। ਉਹੀ ਪੁਰਾਣਾ, ਖੱਦਰ ਦੇ ਮੋਟੇ ਕਪੜੇ ਦਾ, ਵੱਟ ਪਇਆ, ਮੈਲਾ ਕੁਚੈਲਾ ਕੁਰਤਾ ਪਜਾਮਾ ਅਤੇ ਚਿੱਟੀ ਸਾਦੀ ਦਸਤਾਰ।

ਇਕ ਦਿਨ ਮੈਂ ਅੰਮ੍ਰਿਤਸਰ ਪਿੰਗਲਵਾੜੇ ਉਨਾਂ ਨੂੰ ਮਿਲਣ ਗਇਆ ਤਾਂ ਉਹ ਇਕ ਰੇਹੜੀ ਜੋ ਪਿੰਗਲਵਾੜੇ ਦੇ ਬਾਹਰ, ਨਾਲੀ ਕੋਲ ਖੜੀ ਸੀ, ਉਸ ਉਤੇ ਸੁੱਤੇ ਹੋਏ ਸੀ। ਗਰਮੀਆਂ ਦੀ ਦੁਪਹਿਰ ਅਤੇ ਪਿੰਡੇ ਨੂੰ ਸਾੜ ਦੇਣ ਵਾਲੀ ਲੋਅ ਇਨੀ ਸੀ, ਕਿ ਆਮ ਬੰਦਾ ਸਹਾਰ ਨਾ ਸਕੇ। ਪਿੰਗਲਵਾੜੇ ਲਈ ਕੁਝ ਮਾਇਆ ਦਿਤੀ ਅਤੇ ਪੁੱਛਿਆ ਕਿ ਆਪ ਇਥੇ ਕਿਉ ਸੁੱਤੇ ਹੋ ਇਸ ਰੇੜ੍ਹੀ ਉੱਤੇ? ਤਾਂ ਉਨ੍ਹਾਂ ਕਹਿਆ ਮੈਨੂੰ ਸੌਣ ਅਤੇ ਜਾਗਣ ਦੇ ਟਾਈਮ ਦਾ ਕੁਝ ਪਤਾ ਹੀ ਨਹੀਂ ਲਗਦਾ, ਮੈਂ ਆਪ ਕੋਲੋਂ ਖਿਮਾਂ ਮੰਗਦਾ ਹਾਂ। ਇਕ ਵੀਰ ਨੇ ਦਸਿਆ ਕਿ ਭਗਤ ਜੀ ਦੇ ਸੌਣ ਅਤੇ ਖਾਣ ਪੀਣ ਦਾ ਕੋਈ ਟਾਈਮ ਹੀ ਨਹੀਂ ਹੈ। ਜਿਸ ਬੱਚੇ ਨੂੰ, ਜਿਸ ਰੋਗੀ ਨੂੰ ਬਹੁਤ ਤਕਲੀਫ ਵਿੱਚ ਵੇਖਦੇ ਹਨ, ਉਸ ਨੂੰ ਪਰਚਾਉਣ ਲਈ, ਉਸ ਦੇ ਕੋਲ ਹੀ ਬਹਿ ਕੇ ਖਾ ਪੀ ਲੈਂਦੇ ਹਨ। ਇਕ ਬੁਰਕੀ ਉਸ ਦੇ ਮੂੰਹ ਵਿੱਚ ਪਾਂਉਦੇ ਹਨ ਅਤੇ ਦੂਜੀ ਆਪ ਖਾ ਲੈਂਦੇ ਹਨ।

ਉਹ ਬੀਮਾਰਾਂ ਦੀ ਸੇਵਾ ਵਿੱਚ ਦਿਨ ਰਾਤ ਇਨਾਂ ਰੁੱਝੇ ਰਹਿੰਦੇ ਸੀ, ਕਿ ਉਨਾਂ ਨੂੰ ਜਦੋਂ ਟਾਈਮ ਮਿਲਦਾ, ਜਿਥੇ ਟਾਈਮ ਮਿਲਦਾ, ਉਹ ਖਾ ਲੈਂਦੇ ਅਤੇ ਸੌਂ ਜਾਂਦੇ ਸੀ। ਜੋ ਵਸਤਰ ਤੁਸੀਂ ਇਸ ਤਸਵੀਰ ਵਿੱਚ ਵੇਖ ਰਹੇ ਹੋ ਦਾਸ ਨੇ ਜਦੋ ਵੀ ਉਨਾਂ ਨੂੰ ਵੇਖਿਆ, ਇੱਸੇ ਹਾਲ ਵਿੱਚ ਉਨਾਂ ਨੂੰ ਵੇਖਿਆ, ਮਰੀਜਾਂ ਨਾਲ ਇਸੇ ਤਰ੍ਹਾਂ ਅਪਣੇ ਬੱਚਿਆਂ ਵਾਂਗ ਪਿਆਰ ਅਤੇ ਸਨੇਹ ਕਰਦਿਆਂ। ਗੁਰੂ ਦਾ ਇਕ ਸੱਚਾ ਸਿੱਖ "ਫਖਰੇ ਕੌਮ" ਗਿਆਨੀ ਪੂਰਨ ਸਿੰਘ ਜੀ। ਜਿਨਾਂ ਨੂੰ ਮੈਂ ਕਦੀ ਵੀ ਨਹੀਂ ਭੁਲਾ ਸਕਦਾ, ਭਾਵੇਂ ਸਾਰੀ ਕੌਮ ਉਨਾਂ ਨੂੰ ਭੁਲ ਚੁਕੀ ਹੈ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top