Share on Facebook

Main News Page

ਦਮਦਮੀ ਟਕਸਾਲ ਦੇ ਮੁੱਖੀ ਹਰਨਾਮ ਸਿੰਘ ਧੁੰਮਾਂ ਤੇ ਸੁਖਬੀਰ ਸਿੰਘ ਬਾਦਲ ਦੀ ਗੁਪਤ ਮੀਟਿੰਗ ਰਹੱਸ ਬਣੀ

ਅੰਮ੍ਰਿਤਸਰ 9 ਮਾਰਚ (ਜਸਬੀਰ ਸਿੰਘ ਪੱਟੀ) ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸ਼੍ਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਦਮਦਮੀ ਟਕਸਾਲ ਦੇ ਮੁੱਖੀ ਬਾਬਾ ਹਰਨਾਮ ਸਿੰਘ ਧੁੰਮਾਂ, ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਦੇ ਵੱਡੇ ਸੁਪੱਤਰ ਭਾਈ ਈਸ਼ਰ ਸਿੰਘ ਨਾਲ ਦਮਦਮੀ ਟਕਸਾਲ ਦੇ ਹੈਡ ਕੁਆਟਰ ਚੌਕ ਮਹਿਤਾ ਵਿਖੇ ਅਚਨਚੇਤ ਗੁਪਤ ਮੀਟਿੰਗ ਕੀਤੀ, ਜਿਸ ਵਿੱਚ ਸ਼ੱਕ ਕੀਤਾ ਜਾਂਦਾ ਹੈ ਵਿਚਾਰ ਚਰਚਾ ਹੋਈ ਹੈ ਕਿ ਕੇਂਦਰ ਸਰਕਾਰ ਵੱਲੋ ਭਾਈ ਦਵਿੰਦਰਪਾਲ ਸਿੰਘ ਭੁੱਲਰ ਤੇ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਲੱਗਣ ਉਪਰੰਤ ਪੰਜਾਬ ਦੇ ਮਾਹੌਲ ਨੂੰ ਸ਼ਾਂਤ ਕਿਵੇ ਰੱਖਿਆ ਜਾ ਸਕਦਾ ਹੈ।

ਇਸ ਮੁਲਾਕਾਤ ਨੂੰ ਕਾਫੀ ਹੱਦ ਤੱਕ ਗੁਪਤ ਰੱਖਿਆ ਗਿਆ ਅਤੇ ਮੀਡੀਆ ਕਰਮੀਆ ਨੂੰ ਦਮਦਮੀ ਟਕਸਾਲ ਦੇ ਹੈਡਕੁਆਟਰ ਦੇ ਨੇੜੇ ਵੀ ਨਾ ਫੜਕਣ ਦਿੱਤਾ ਗਿਆ। ਸ੍ਰੀ ਸੁਖਬੀਰ ਸਿੰਘ ਬਾਦਲ ਦੇ ਆਉਣ ਤੋਂ ਪਹਿਲਾਂ ਡੀ.ਆਈ.ਜੀ ਪਰਮਰਾਜ ਸਿੰਘ ਉਮਰਾਨੰਗਲ, ਡੀ.ਸੀ ਰਜਤ ਅਗਰਵਾਲ ਅਤੇ ਜ਼ਿਲ੍ਹਾ ਪੁਲੀਸ ਦਿਹਾਤੀ ਦੇ ਮੁੱਖੀ ਸ੍ਰੀ ਪ੍ਰੀਤਪਾਲ ਸਿੰਘ ਵਿਰਕ ਹੈਲੀਪੈਂਡ ਦੇ ਕੋਲ ਸੁਰੇਸ਼ ਵਾਂਗ ਲੱਗੇ ਰਹੇ। ਦਮਦਮੀ ਟਕਸਾਲ ਦੇ ਹੈਡ ਕੁਆਟਰ ਵਿਖੇ ਹੋਈ ਇਹ ਮੀਟਿੰਗ ਕਰੀਬ ਡੇਢ ਘੰਟਾ ਚੱਲੀ ਅਤੇ ਕਿਸੇ ਵੀ ਗੈਰ ਬੰਦੇ ਨੂੰ ਮੀਟਿੰਗ ਵਾਲੇ ਕਮਰੇ ਦੀ ਕੰਧ ਦੇ ਲਾਗੇ ਵੀ ਨਹੀ ਜਾਣ ਦਿੱਤਾ ਗਿਆ। ਇਹ ਮੀਟਿੰਗ ਕਰੀਬ ਸ਼ਾਮੀ ਸਾਢੇ ਪੰਜ ਵਜੇ ਸ਼ੁਰੂ ਹੋਈ ਜੋ ਕਰੀਬ ਸੱਤ ਵਜੇ ਸ਼ਾਮ ਤੱਕ ਚੱਲਦੀ ਰਹੀ।

ਮੀਟਿੰਗ ਦੇ ਵੇਰਵੇ ਤਾਂ ਭਾਂਵੇ ਨਹੀ ਮਿਲੇ ਪਰ ਸੂਤਰਾਂ ਤੋ ਪਤਾ ਲੱਗਾ ਹੈ ਕਿ ਮੀਟਿੰਗ ਦਾ ਵੇਰਵਾ ਦਵਿੰਦਰਪਾਲ ਸਿੰਘ ਭੁੱਲਰ ਅਤੇ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਬਾਰੇ ਦੀਰਘ ਵਿਚਾਰਾਂ ਹੋਣ ਦਾ ਸ਼ੱਕ ਕੀਤਾ ਜਾਂਦਾ ਹੈ। ਡਿਪਟੀ ਮੁੱਖ ਮੰਤਰੀ ਸ੍ਰੀ ਸੁਖਬੀਰ ਸਿੰਘ ਬਾਦਲ ਇਹਨਾਂ ਦੋਵਾਂ ਵਿਅਕਤੀਆ ਦੀ ਫਾਂਸੀ ਤੋ ਬਾਅਦ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਕਾਫੀ ਚਿਤੰਤ ਹਨ। ਦੂਸਰੇ ਪਾਸੇ ਇੱਕ ਵਾਰੀ ਤਾਂ ਇਹ ਅਫਵਾਹ ਵੀ ਉਡਾ ਦਿੱਤੀ ਗਈ ਸੀ ਕਿ ਰਾਜੋਆਣਾ ਨੂੰ ਫਾਂਸੀ ਦੇਣ ਲਈ ਦਿੱਲੀ ਲਿਜਾਇਆ ਗਿਆ ਹੈ ਜੋ ਕਿ ਪੰਜਾਬ ਵਿੱਚ ਟੈਸਟਿੰਗ ਕੀਤੀ ਗਈ ਸੀ ਕਿ ਫਾਂਸੀ ਨਾਲ ਹਾਲਾਤ ਵਿਗੜ ਸਕਦੇ ਜਾਂ ਫਿਰ ਲੋਕ ਸ਼ਾਂਤ ਰਹਿਣਗੇ।

ਇਹ ਵੀ ਪਤਾ ਲੱਗਾ ਹੈ ਕਿ ਮੀਟਿੰਗ ਵਿੱਚ ਸ੍ਰੀ ਅਕਾਲ ਤਖਤ ਦੇ ਜਥੇਦਾਰ ਦਾ ਪੰਥਕ ਜਥੇਬੰਦੀਆ ਵੱਲੋਂ ਬਾਈਕਾਟ ਕੀਤੇ ਜਾਣ ਦਾ ਵੀ ਮਾਮਲਾ ਵਿਚਾਰਿਆ ਗਿਆ ਕਿਉਕਿ ਸ੍ਰੀ ਅਕਾਲ ਤਖਤ ਸਾਹਿਬ ਸੇਵਕ ਦਲ ਦੇ ਮੁੱਖੀ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਦੋ ਦਿਨ ਪਹਿਲਾਂ ਇੱਕ ਵਾਰੀ ਫਿਰ ਦੁਹਰਾਉਦਿਆ ਕਿਹਾ ਕਿ ਉਹ ਸ੍ਰੀ ਅਕਾਲ ਤਖਤ ਦਾ ਸਨਮਾਨ ਕਰਦੇ ਹਨ ਪਰ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਪੰਥ ਵਿਰੋਧੀ ਗਤੀਵਿਧੀਆ ਕਾਰਨ ਉਹਨਾਂ ਦਾ ਵਿਰੋਧ ਕਰਦੇ ਹਨ ਅਤੇ ਜਿਹੜਾ ਕੁਝ ਮਹੀਨੇ ਪਹਿਲਾਂ ਪੰਥਕ ਜਥੇਬੰਦੀਆ ਨੇ ਗਿਆਨੀ ਗੁਰਬਚਨ ਸਿੰਘ ਦਾ ਬਾਈਕਾਟ ਕੀਤਾ ਸੀ ਉਹ ਉਨਾ ਚਿਰ ਜਾਰੀ ਰਹੇਗਾ ਜਿੰਨਾ ਚਿਰ ਤੱਕ ਉਸ ਨੂੰ ਜਥੇਦਾਰੀ ਤੋਂ ਲਾਂਭੇ ਨਹੀ ਕੀਤਾ ਜਾਂਦਾ।

ਸ੍ਰੀ ਸੁਖਬੀਰ ਸਿੰਘ ਬਾਦਲ ਨੇ ਬਾਬਾ ਹਰਨਾਮ ਸਿੰਘ ਧੁੰਮਾਂ ਨਾਲ ਇਸ ਬਾਰੇ ਵੀ ਵਿਚਾਰ ਚਰਚਾ ਕੀਤੀ ਕਿ ਇਹ ਬਾਈਕਾਟ ਖਤਮ ਕਰਵਾਇਆ ਜਾਂ ਫਿਰ ਜਥੇਦਾਰ ਤਬਦੀਲ ਕੀਤਾ ਜਾਵੇ ਕਿਉਕਿ ਲੋਕ ਸਭਾ ਦੀਆ ਚੋਣਾਂ ਵਿੱਚ ਪੰਥਕ ਜਥੇਬੰਦੀਆ ਦਾ ਵਿਰੋਧ ਵੀ ਸ੍ਰੋਮਣੀ ਅਕਾਲੀ ਦਲ ਬਾਦਲ ਲਈ ਘਾਟੇਵੰਦਾਂ ਸਾਬਤ ਹੋ ਸਕਦਾ ਹੈ। ਬਾਬਾ ਹਰਨਾਮ ਸਿੰਘ ਧੁੰਮਾਂ ਜਿਹਨਾਂ ਦੀ ਕਈ ਪੰਥਕ ਜਥੇਬੰਦੀਆ ਦੇ ਮੁੱਖੀਆ ਨਾਲ ਵੀ ਆੜੀ ਹੈ ਉਹ ਬਾਬੇ ਤੇ ਦਬਾ ਪਾ ਰਹੀਆ ਹਨ ਕਿ ਗਿਆਨੀ ਗੁਰਬਚਨ ਸਿੰਘ ਨੂੰ ਬਿਨਾਂ ਕਿਸੇ ਦੇਰੀ ਦੇ ਤਬਦੀਲ ਕਰਵਾਇਆ ਜਾਵੇ। ਜਿਥੇ ਬਾਬਾ ਧੁੰਮਾਂ ਇਸ ਵੇਲੇ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਮੱਲ ਸਿੰਘ ਦੇ ਹੱਕ ਵਿੱਚ ਹਨ ਉਥੇ ਪੰਥਕ ਜਥੇਬੰਦੀਆ ਵੀ ਇਹ ਚਾਹੁੰਦੀਆ ਹਨ ਕਿ ਗਿਆਨੀ ਗੁਰਬਚਨ ਸਿੰਘ ਤੋ ਇਲਾਵਾ ਕਿਸੇ ਵੀ ਹੋਰ ਪੰਥਪ੍ਰਸਤ ਨੂੰ ਜਥੇਦਾਰ ਲਗਾਇਆ ਜਾਵੇ, ਉਹ ਸਭ ਨੂੰ ਮਨਜੂਰ ਹੋਵੇਗਾ। ਬਾਬਾ ਧੁੰਮਾਂ ਨੇ ਪਹਿਲਾਂ ਹੀ ਗਿਆਨੀ ਮੱਲ ਸਿੰਘ ਨੂੰ ਸ੍ਰੀ ਅਕਾਲ ਤਖਤ ਦਾ ਜਥੇਦਾਰ ਲਗਾਉਣ ਵਾਸਤੇ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਅਤੇ ਇਸ ਸਬੰਧ ਵਿੱਚ ਗਿਆਨੀ ਮੱਲ ਸਿੰਘ ਤੇ ਬਾਬਾ ਧੁੰਮਾਂ ਦੀਆ ਕਈ ਮੀਟਿੰਗਾਂ ਹੋ ਚੁੱਕੀਆ ਹਨ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top