Share on Facebook

Main News Page

ਸ਼੍ਰੋਮਣੀ ਕਮੇਟੀ ਵੱਲੋਂ ਇਤਿਹਾਸਕ ਗੁਰੂਦੁਆਰਾ ਢਾਹੁਣ ਦਾ ਫੈਸਲਾ
ਵਿਰੋਧੀ ਧਿਰ ਵੱਲੋਂ ਵਿਰੋਧ, ਇਤਿਹਾਸਕ ਗੁਰੂਦੁਆਰਾ ਢਾਹਿਆ ਨਹੀਂ ਜਾ ਸਕਦਾ

ਜਸਬੀਰ ਸਿੰਘ ਪੱਟੀ 09356024684

ਅੰਮ੍ਰਿਤਸਰ 8 ਮਾਰਚ - ਸਿੱਖਾਂ ਦੀ ਸਰਵ ਉਚ ਧਾਰਮਿਕ ਸੰਸਥਾ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਕੰਮ ਕਾਰ ਨੂੰ ਚਲਾਉਣ ਲਈ ਭਾਰਤ ਸੁਪਰੀਮ ਕੋਰਟ ਵੱਲੋਂ ਬਣਾਈ ਗਈ ‘‘ਕੰਮ ਚਲਾਉ ਕਾਰਜਕਰਨੀ ਕਮੇਟੀ’’ ਦੀ ਸ੍ਰੀ ਅਵਤਾਰ ਸਿੰਘ ਮੱਕੜ ਦੀ ਪ੍ਰਧਾਨਗੀ ਹੇਠ ਹੋਈ ਲੁਧਿਆਣਾ ਦੇ ਗੁਰੂਦੁਆਰਾ ਦੇਗਸਰ ਕਟਾਣਾ ਵਿਖੇ ਹੋਈ ਮੀਟਿੰਗ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਸਿੱਖਾਂ ਦੇ ਨੌਵੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਾਹਦਰ ਜੀ ਦੀ ਯਾਦ ਵਿੱਚ ਉਸਾਰੇ ਗਏ ਇਤਿਹਾਸਕ ਗੁਰੂਦੁਆਰੇ ਨੂੰ ਢਾਹੁਣ ਦਾ ਫੈਸਲਾ ਕੀਤਾ ਗਿਆ ਹੈ, ਜਦ ਕਿ ਵਿਰੋਧੀ ਧਿਰ ਪੰਥਕ ਮੋਰਚੇ ਦੇ ਉਮੀਦਵਾਰਾਂ ਨੇ ਕਿਹਾ ਕਿ ਗੁਰੂਦੁਆਰੇ ਨੂੰ ਢਾਹੁਣ ਦੀ ਇਜ਼ਾਜ਼ਤ ਨਹੀਂ ਦਿੱਤੀ ਜਾ ਸਕਦੀ।

ਡੇਰਾ ਬਿਆਸ ਦੀ ਪਿੰਡ ਵੜੈਚ ਦੀ ਪੱਤੀ ਵੜੈਚ ਅਤੇ ਜਿਲ੍ਹਾ ਫਿਰੋਜਪੁਰ ਦੇ ਪਿੰਡ ਫਤਿਹਗੜ੍ਹ ਗਹਿਰੀ ਦੇ ਗੁਰੂਦੁਆਰੇ ਢਾਹੁਣ ਦਾ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੇ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਨੇ ਇਹ ਕਹਿ ਕੇ ਸੁਆਗਤ ਕੀਤਾ ਸੀ ਕਿ ਗੁਰੂਦੁਆਰੇ ਇਤਿਹਾਸਕ ਨਹੀਂ ਹਨ ਅਤੇ ਹੁਣ ਨਵਾਂ ਚੰਦ ਚਾੜਦਿਆ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਉਸਰੇ ਨੌਵੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਸਬੰਧਿਤ ਇਤਿਹਾਸਕ ਗੁਰੂਦੁਆਰੇ ਧੜਾ ਸਾਹਿਬ ਨੂੰ ਢਾਹੁਣ ਦਾ ਫੈਸਲਾ ਕੀਤਾ ਹੈ ਜਿਸ ਨੂੰ ਲੈ ਕੇ ਸਿੱਖ ਸੰਗਤਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸੱਚਖੰਡ ਸ੍ਰੀ ਹਰਮਿੰਦਰ ਸਾਹਿਬ ਕੰਪਲੈਕਸ ਵਿੱਚ ਉਸਰੇ ਗੁਰੂਦੁਆਰਾ ਥੜਾ ਸਾਹਿਬ ਇੱਕ ਇਤਿਹਾਸਕ ਗੁਰੂਦੁਆਰਾ ਹੈ ਅਤੇ ਨੌਵੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਦੋਂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਏ ਸਨ ਤਾਂ ਉਸ ਵੇਲੇ ਧੀਰ ਮੱਲੀਆ (ਅੱਜ ਦੇ ਮੱਕੜ ਮਲੀਏ)ਦਾ ਇਥੇ ਕਬਜ਼ਾ ਸੀ ਤੇ ਉਹ ਸ੍ਰੀ ਦਰਬਾਰ ਸਾਹਿਬ ਦੇ ਦਰਵਾਜ਼ੇ ਬੰਦ ਕਰਕੇ ਚਲੇ ਗਏ ਸਨ ਤੇ ਗੁਰੂ ਸਾਹਿਬ ਬਾਹਰ ਹੀ ਮੱਥਾ ਟੇਕ ਕੇ ਇੱਕ ਧੜੇ ਤੇ ਬਿਰਾਜਮਾਨ ਹੋ ਕੇ ਦਰਵਾਜਾ ਖੁੱਲਣ ਦੀ ਉਡੀਕ ਕਰਦੇ ਰਹੇ, ਪਰ ਜਦੋਂ ਦਰਵਾਜਾ ਨਾ ਖੁੱਲਿਆ ਤਾਂ ਉਹ ‘‘ਅੰਬਰਸਰੀਏ, ਅੰਦਰ ਸੜੀਏ’’ ਦਾ ਸਰਾਪ ਦੇ ਕੇ ਵੱਲਾ ਪਿੰਡ ਵੱਲ ਚੱਲੇ ਗਏ ਸਨ ਜਿਥੇ ਸੰਗਤਾਂ ਨੇ ਉਹਨਾਂ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ ਸੀ। ਇਸ ਜਗ੍ਹਾ ਕੇ ਗੁਰੂ ਸਾਹਿਬ ਨੇ ਸਿੱਖਾਂ ਨੂੰ ਇਹ ਵਰ ਦਿੱਤਾ ਸੀ ‘‘ਵੱਲਾ ਗੁਰੂ ਕਾ ਗੱਲਾ।’’ ਗੁਰੂ ਸਾਹਿਬ ਦੀ ਯਾਦ ਵਿੱਚ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਇੱਕ ਇਤਿਹਾਸਕ ਗੁਰੂਦੁਆਰੇ ਦੀ ਉਸਾਰੀ ਕੀਤੀ ਗਈ ਸੀ ਜਿਸ ਨੂੰ ਅੱਜ ਵੀ ਥੜਾ ਸਾਹਿਬ ਵਜੋਂ ਜਾਣਿਆ ਜਾਂਦਾ ਹੈ। ਹਰ ਰੋਜ਼ ਇਸ ਗੁਰੂਦੁਆਰੇ ਵਿਖੇ ਭਾਰੀ ਗਿਣਤੀ ਵਿੱਚ ਸੰਗਤਾਂ ਮੱਥਾ ਟੇਕ ਕੇ ਆਪਣਾ ਜੀਵਨ ਸਫਲ ਕਰਦੀਆ ਹਨ ਪਰ ਅੱਜ ਸ੍ਰੋਮਣੀ ਕਮੇਟੀ ਦੀ ਕਾਰਜਕਰਨੀ ਦੀ ਮੀਟਿੰਗ ਵਿੱਚ ਇਹ ਫੈਸਲਾ ਕੀਤਾ ਗਿਆ ਹੈ ਕਿ ਇਸ ਗੁਰੂਦੁਆਰੇ ਨੂੰ ਢਾਹ ਕੇ ਇਸ ਦੀ ਜਗ੍ਹਾ ਨਵੇਂ ਗੁਰੂਦੁਆਰੇ ਦੀ ਉਸਾਰੀ ਕੀਤੀ ਜਾਵੇ ਜੋ ਪੰਥਕ ਪਰੰਪਰਾਵਾਂ ਤੇ ਮਰਿਆਦਾ ਦੇ ਅਨੁਕੂਲ ਨਹੀਂ ਹੈ ਅਤੇ ਇਸ ਦੀ ਕਾਰ ਸੇਵਾ ਦਮਦਮੀ ਟਕਸਾਲ ਦੇ ਮੁੱਖੀ ਬਾਬਾ ਹਰਨਾਮ ਸਿੰਘ ਧੁੰਮਾਂ ਨੂੰ ਦਿੱਤੀ ਗਈ ਹੈ ਜੋ ਸ਼ਹੀਦੀ ਯਾਦਗਾਰ ਦੀ ਉਸਾਰੀ ਨੂੰ ਲੈ ਕੇ ਪਹਿਲਾਂ ਹੀ ਵਿਵਾਦਾਂ ਵਿੱਚ ਹਨ।

ਇਸ ਸਬੰਧੀ ਜਦੋਂ ਕੰਮ ਚਲਾਉ ਕਾਰਜਕਰਨੀ ਕਮੇਟੀ ਵਿੱਚ ਸ਼ਾਮਲ ਵਿਰੋਧੀ ਧਿਰ ਦੇ ਦੋ ਮੈਂਬਰਾਂ ਭਜਨ ਸਿੰਘ ਸ਼ੇਰਗਿੱਲ ਤੇ ਮੰਗਲ ਸਿੰਘ ਸੰਧੂ ਨਾਲ ਰਾਬਤਾ ਕਾਇਮ ਕੀਤਾ ਗਿਆ ਤਾਂ ਉਹਨਾਂ ਦੱਸਿਆ ਕਿ ਏਜੰਡੇ ਵਿੱਚ ਗੁਰੂਦੁਆਰੇ ਨੂੰ ਢਾਹ ਕੇ ਨਵਾਂ ਉਸਾਰਨ ਬਾਰੇ ਕੋਈ ਵੀ ਮੱਦ ਸ਼ਾਮਲ ਨਹੀਂ ਸੀ ਪਰ ਰਾਜਿੰਦਰ ਸਿੰਘ ਮਹਿਤਾ ਨੇ ਮੀਟਿੰਗ ਵਿੱਚ ਰਸਮੀ ਤੌਰ ਤੇ ਕਿਹਾ ਕਿ ਗੁਰੂਦੁਆਰਾ ਧੜਾ ਸਾਹਿਬ ਦੀ ਇਮਾਰਤ ਦੀ ਮੁਰੰਮਤ ਤੇ ਸਾਂਭ ਸੰਭਾਲ ਦਾ ਕਾਰਜ ਦਮਦਮੀ ਟਕਸਾਲ ਦੇ ਮੁੱਖੀ ਬਾਬਾ ਹਰਨਾਮ ਸਿੰਘ ਧੁੰਮਾਂ ਨੂੰ ਦਿੱਤਾ ਜਾਵੇ ਤਾਂ ਇਸ ਉਪਰ ਜਰੂਰ ਸਹਿਮਤੀ ਹੋਈ ਸੀ ਪਰ ਇਤਿਹਾਸਕ ਗੁਰੂਦੁਆਰੇ ਨੂੰ ਢਾਹੁਣ ਬਾਰੇ ਕੋਈ ਵੀ ਮਤਾ ਪੇਸ਼ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਜੇਕਰ ਗੁਰੂਦੁਆਰਾ ਢਾਹੁਣ ਦੀ ਗੱਲ ਕੀਤੀ ਜਾ ਰਹੀ ਹਾ ਤਾਂ ਉਹ ਇਸ ਦਾ ਵਿਰੋਧ ਕਰਨਗੇ ਅਤੇ ਸੁੱਤੇ ਪਏ ਬਾਕੀ ਅਕਾਲੀ ਦਲਾਂ ਤੇ ਸੰਗਤਾਂ ਨੂੰ ਵੀ ਅਪੀਲ ਕਰਦੇ ਹਨ ਕਿ ਉਹ ਇਤਿਹਾਸਕ ਗੁਰੂਦੁਆਰੇ ਨੂੰ ਢਾਹੁਣ ਵਿਰੁੱਧ ਲਾਮਬੰਦ ਹੋ ਹੋ ਕੇ ਮੱਕੜ ਤੇ ਪੰਥ ਵਿਰੋਧੀ ਜੁੰਡਲੀ ਦਾ ਡੱਟ ਕੇ ਵਿਰੋਧ ਕਰਨ। ਉਹਨਾਂ ਕਿਹਾ ਕਿ ਪੰਥ ਦਾ ਜਿੰਨਾ ਨੁਕਸਾਨ ਬਾਦਲ ਤੇ ਮੱਕੜ ਜੁੰਡਲੀ ਨੇ ਕੀਤਾ ਸ਼ਾਇਦ ਇੰਨਾ ਤਾਂ ਨਾਦਰ,ਬਾਬਰ , ਅਬਦਾਲੀ ਤੇ ਔਰੰਗਜੇਬ ਵੀ ਸ਼ਾਇਦ ਨਹੀਂ ਕਰ ਸਕੇ।

ਅਸਲ ਵਿੱਚ ਸ੍ਰੀ ਮੱਕੜ ਨੇ ਇਹ ਬਿਆਨ ਦਿੱਤਾ ਸੀ ਕਿ ਗੁਰੂਦੁਆਰਾ ਧੜਾ ਸਾਹਿਬ ਦੇ ਕੋਲ ਉਸਾਰੀ ਜਾ ਰਹੀ ਸ਼ਹੀਦੀ ਯਾਦਗਾਰ ਉਪਰ ਗੁੰਬਦ ਨਹੀਂ ਬਣ ਸਕਦਾ ਕਿਉਕਿ ਯਾਦਗਾਰ ਦੇ ਕੋਲ ਨੌਵੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਇਤਿਹਾਸਕ ਗੁਰਦੁਆਰਾ ਸਾਹਿਬ ਹੈ ਅਤੇ ਇਸ ਇਤਿਹਾਸਕ ਗੁਰੂਦੁਆਰੇ ‘ਤੇ ਗੁੰਬਦ ਨਹੀਂ ਹੈ ਪਰ ਸ਼ਹੀਦੀ ਯਾਦਗਾਰ ਦੀ ਸੇਵਾ ਨਿਭਾ ਰਹੇ ਬਾਬਾ ਹਰਨਾਮ ਸਿੰਘ ਧੁੰਮਾਂ ਨੇ ਸ੍ਰੀ ਮੱਕੜ ਦੀ ਪਰਵਾਹ ਕੀਤੇ ਬਗੈਰ ਹੀ ਗੁੰਬਦ ਬਣਾ ਦਿੱਤਾ ਤੇ ਉਸ ਗਲਤੀ ਨੂੰ ਸੁਧਾਰਨ ਲਈ ਹੁਣ ਇਸ ਇਤਿਹਾਸਕ ਗੁਰੂਦੁਆਰੇ ਨੂੰ ਢਾਹ ਕੇ ਗੁੰਬਦ ਵਾਲਾ ਗੁਰੂਦੁਆਰਾ ਉਸਾਰਨ ਦੇ ਯਤਨ ਕੀਤੇ ਜਾ ਰਹੇ ਹਨ।

ਮੀਟਿੰਗ ਸਬੰਧੀ ਹੋਰ ਜਾਣਕਾਰੀ ਵੀ ਦਿੰਦਿਆ ਜਾਰੀ ਪ੍ਰੈਸ ਬਿਆਨ ਸ੍ਰੀ ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਅਫਗਾਨਿਸਤਾਨ ਦੇ ਸ਼ਹਿਰ ਕਾਬਲ ਤੋਂ ਹਿਜਰਤ ਕਰਕੇ ਪੰਜਾਬ ਪਹੁੰਚੇ 40 ਕਾਬਲੀ ਸਿੱਖ ਪਰਿਵਾਰਾਂ ਦੀ ਹਰ ਪੱਖੋਂ ਆਰਥਿਕ ਸਹਾਇਤਾ ਕਰੇਗੀ। ਇਸੇ ਕੜੀ ਦੇ ਅੰਤਰਗਤ ਇਹਨਾਂ ਪਰਿਵਾਰਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 5 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਪ੍ਰਦਾਨ ਕੀਤੀ ਗਈ ਹੈ। ਇਸੇ ਤਰ੍ਹਾਂ ਸਿਕਲੀਗਰ ਸਿੱਖ ਭਾਈਚਾਰੇ ਦੇ ਪਰਿਵਾਰਾਂ ਨੂੰ 10-10 ਹਜਾਰ ਰੁਪਏ ਸਹਾਇਤਾ ਰਾਸ਼ੀ ਦੇਣ ਦਾ ਵੀ ਫੈਸਲਾ ਕੀਤਾ ਗਿਆ ਹੈ ਜਦ ਕਿ ਮੱਕੜ ਨੇ ਆਪਣੇ ਲੁਧਿਆਣਾ ਸਥਿਤ ਸਕੂਲ ਨੂੰ ਹੁਣ ਤੱਕ ਕਈ ਲੱਖ ਰੁਪਏ ਸਹਾਇਤਾ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰਦੁਆਰਾ ਸ੍ਰੀ ਥੜ੍ਹਾ ਸਾਹਿਬ ਦੀ ‘‘ਨਵ-ਉਸਾਰੀ ਕਰਨ’’ ਲਈ ਸੇਵਾ ਦਮਦਮੀ ਟਕਸਾਲ ਦੇ ਮੁੱਖੀ ਬਾਬਾ ਹਰਨਾਮ ਸਿੰਘ ਨੂੰ ਸੌਂਪੀ ਗਈ ਹੈ।

ਸ੍ਰੀ ਮੱਕੜ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੱਥੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਦੀ ਮੁਹਿੰਮ ਨੂੰ ਪੂਰੀ ਤਨਦੇਹੀ ਨਾਲ ਚਲਾ ਰਹੀ ਹੈ ਉਥੇ ਨਾਲ ਹੀ ਇਤਿਹਾਸਕ ਗੁਰਦੁਆਰਿਆਂ ਦੇ ਪ੍ਰਬੰਧਾਂ ਨੂੰ ਹੋਰ ਬੇਹਤਰ ਬਣਾਉਣ ਵੱਲ ਵਿਸ਼ੇਸ਼ ਤੌਰ ਤੇ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਯਾਤਰੂਆਂ ਦੀ ਸਹੂਲਤ ਅਤੇ ਮਾੜੇ ਅਨਸਰਾਂ ਤੇ ਨਿਗ੍ਹਾ ਰੱਖਣ ਲਈ ਜਲਦੀ ਹੀ ਹੋਰ ਨਵੇਂ ਸੀ.ਸੀ.ਟੀ.ਵੀ. ਕੈਮਰੇ ਲਗਾਏ ਜਾਣਗੇ। ਇਸ ਦੇ ਨਾਲ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਸਰਾਵਾਂ ਵਿੱਚ ਆਉਣ ਵਾਲੇ ਯਾਤਰੂਆਂ ਨੂੰ ਬੇਹਤਰ ਸਹੂਲਤਾਂ ਪ੍ਰਦਾਨ ਕਰਨ ਵੱਲ ਵਿਸ਼ੇਸ਼ ਕਦਮ ਚੁੱਕਦਿਆਂ ਸ੍ਰੀ ਗੁਰੂ ਅਰਜਨ ਦੇਵ ਨਿਵਾਸ ਤੇ ਅਕਾਲ ਰੈਸਟ ਹਾਊਸ ਵਿੱਚ ਯਾਤਰੂਆਂ ਦੀ ਸੁੱਖ-ਸਹੂਲਤ ਨੂੰ ਮੁੱਖ ਰੱਖਦਿਆਂ ਨਵੇਂ ਗੀਜਰ (ਗਰਮੀਆ ਵਿੱਚ) ਲਗਾਏ ਜਾਣ ਦਾ ਫੈਸਲਾ ਕੀਤਾ ਗਿਆ ਹੈ। ਦੇਸ਼ ਦੇ ਵੱਖ-ਵੱਖ ਭਾਗਾਂ ਵਿੱਚ ਵੱਸਦੀਆਂ ਗੁਰੂ ਨਾਨਕ ਨਾਮ-ਲੇਵਾ ਸੰਗਤਾਂ ਨੂੰ ਪਹਿਲ ਦੇ ਅਧਾਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਬੜੇ ਅਦਬ ਤੇ ਸਤਿਕਾਰ ਸਹਿਤ ਪਹੁੰਚਾਉਣ ਅਤੇ ਬਿਰਧ ਲਿਟਰੇਚਰ, ਗੁਟਕੇ, ਪੋਥੀਆਂ ਆਦਿ ਸਮੱਗਰੀ ਸਤਿਕਾਰ ਸਹਿਤ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਪਹੁੰਚਾਉਣ ਹਿੱਤ ਸ਼੍ਰੋਮਣੀ ਕਮੇਟੀ ਵੱਲੋਂ ਬੱਸਾਂ ਦੀ ਖ੍ਰੀਦ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਹੱਟ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਜਲਦੀ ਹੀ ਪੁਰਾਤਨ ਬਾਊਲੀ ਨੂੰ ਮੁੜ ਸੁਰਜੀਤ ਕੀਤਾ ਜਾਵੇਗਾ।

ਇਸ ਦੌਰਾਨ ਉਨ੍ਹਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਸ਼੍ਰੋਮਣੀ ਕਮੇਟੀ ਸਿੱਖਿਆ ਦੇ ਸਤਰ ਨੂੰ ਉ¤ਪਰ ਚੁੱਕਣ ਲਈ ਵਚਨਬੱਧ ਹੈ। ਅੱਜ ਦੀ ਇਕੱਤਰਤਾ ਵਿੱਚ ਅਹਿਮ ਫੈਸਲਾ ਕਰਦਿਆਂ ਗੁਰਦੁਆਰਾ ਸ੍ਰੀ ਚਮਕੌਰ ਸਾਹਿਬ ਵਿਖੇ ਲੜਕੀਆਂ ਦੀ ਉਚੇਰੀ ਸਿੱਖਿਆ ਲਈ ਕਾਲਜ ਖ੍ਹੋਲਣ ਦਾ ਵੀ ਫੈਸਲਾ ਕੀਤਾ ਗਿਆ ਹੈ। ਇਸੇ ਮਿਸ਼ਨ ਦੇ ਅੰਤਰਗਤ ਗੁਰੂ ਨਾਨਕ ਗਰਲਜ਼ ਸੀਨੀਅਰ ਸੈਕੰਡਰੀ ਸਕੂਲ (ਘਿਓ ਮੰਡੀ) ਸ੍ਰੀ ਅੰਮ੍ਰਿਤਸਰ ਦੀ ਨਵੀਂ ਉਸਾਰੀ ਦਾ ਕਾਰਜ ਬੜੀ ਤੇਜੀ ਨਾਲ ਚਲ ਰਿਹਾ ਹੈ ਤੇ ਇਸ ਕਾਰਜ ਨੂੰ ਜਲਦੀ ਮੁਕੰਮਲ ਕਰਵਾਉਣ ਲਈ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੂੰ ਦੋ ਕਰੋੜ ਰੁਪਏ ਦਾ ਇਮਾਰਤੀ ਸਮਾਨ ਖ੍ਰੀਦ ਕਰਕੇ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਵਿਖੇ ਐਮ.ਟੈਕ (ਨੈਨੋ ਟੈਕਨਾਲੌਜੀ) ਦੀ ਪੜ੍ਹਾਈ ਕਰ ਰਹੀ ਵਿਦਿਆਰਥਣ ਇੰਦਰਪ੍ਰੀਤ ਕੌਰ ਯੂਨੀਵਰਸਿਟੀ ਦੇ ਅਣਥਕ ਉਪਰਾਲੇ ਸਦਕਾ ਅਮਰੀਕਾ ਦੀ ਅਲਬਾਮਾ ਯੂਨੀਵਰਸਿਟੀ ਵਿਖੇ ਸ਼ਲੈਕਸ਼ਨ ਹੋਣ ’ਤੇ ਸ਼੍ਰੋਮਣੀ ਕਮੇਟੀ ਵੱਲੋਂ ਸਹਾਇਤਾ ਪ੍ਰਦਾਨ ਕੀਤੀ ਗਈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਕੇਸਾਧਾਰੀ ਕਬੱਡੀ ਟੀਮ ਨੇ ਚੰਗਾ ਅਧਾਰ ਬਣਾਇਆ ਹੈ ਤੇ ਹੁਣ ਸ਼੍ਰੋਮਣੀ ਕਮੇਟੀ ਹਾਕੀ ਦੇ ਮਿਆਰ ਨੂੰ ਉ¤ਚਾ ਚੁੱਕਣ ਲਈ ਹਾਕੀ ਦੀ ਟੀਮ ਤਿਆਰ ਕਰ ਰਹੀ ਹੈ, ਇਸ ਸਬੰਧੀ ਹਾਕੀ ਦੇ ਮਾਹਿਰ ਸ.ਰਾਜਪਾਲ ਸਿੰਘ, ਸ.ਅਜੀਤਪਾਲ ਸਿੰਘ ਤੇ ਸ.ਸੁਰਿੰਦਰ ਸਿੰਘ ਸੋਢੀ ਉਲੰਪੀਅਨ ਆਦਿ ਦੀ ਰਾਇ ਵੀ ਲਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ’ਚ ਹਾਕੀ ਖਿਡਾਰੀ ਤਿਆਰ ਕਰਨ ਲਈ ਬਾਬਾ ਬਕਾਲਾ, ਫਤਹਿਗੜ੍ਹ ਸਾਹਿਬ, ਜਲੰਧਰ/ਸੰਸਾਰਪੁਰ ਤੇ ਮੋਗਾ ਚਾਰ ਜੋਨ ਸਥਾਪਤ ਕੀਤੇ ਜਾਣਗੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top