Share on Facebook

Main News Page

ਸਿੱਖੀ ਦੀ ਪ੍ਰਚਾਰ-ਵਿਧੀ’ਚ ਤਬਦੀਲੀ ਦੀ ਲੋੜ
-
ਤਰਲੋਕ ਸਿੰਘ ‘ਹੁੰਦਲ’, ਕਨੇਡਾ

ਦੋ ਕੁ ਦਿਨ ਪਹਿਲਾਂ ਇੱਕ ਸੱਜਣ ਨੇ ਬੜਾ ਕਮਾਲ ਦਾ ਸਵਾਲ ਕੀਤਾ ਕਿ ‘ਤੁਸੀਂ ਦਸ ਸਕਦੇ ਹੋ,ਕਿ ਗੁਰਦੁਆਰਿਆਂ ਨੂੰ ਛੱਡ ਕੇ ਸਿੱਖ, ਸਾਧਾਂ, ਸੰਤਾਂ ਤੇ ਬਾਬਿਆਂ ਦੇ ਡੇਰਿਆਂ ਨੂੰ ਕਿਉਂ ਜਾਂਦੇ ਹਨ? 21ਵੀਂ ਸਦੀ ਦਾ ਸਿੱਖ, ਗੁਰਦੁਆਰੇ ਨਾਲੋਂ ਕਿਸੇ ਡੇਰੇ ਨੂੰ ਕਿਉਂ ਤਰਜੀਹ ਦੇ ਰਿਹਾ ਹੈ?’ ਬਹੁਤ ਟੇਡਾ ਸਵਾਲ ਸੀ, ਇਸ ਤੋਂ ਪਹਿਲਾਂ ਕਿ ਮੈਂ ਕੁਝ ਕਹਿੰਦਾ, ਉਹ ਆਪੇ ਹੀ ਦਸਣ ਲਗ ਪਿਆ ਕਿ ਇਸ ਨਸ਼ਿਧਿ ਰੁਝਾਨ ਦਾ ਮੁੱਖ ਕਾਰਨ ‘ਸਿੱਖ ਸੰਗਤ ਅਤੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਸਮੇਤ ਸਾਡੀਆਂ ਉਚ-ਧਾਰਮਿਕ ਸੰਸਥਾਵਾਂ ਦੇ ਦਰਮਿਆਨ ਬਹੁਤ ਵੱਡਾ ਪਾੜ ਪੈ ਚੁੱਕਾ ਹੈ, ਜੋ ਦਿਨ-ਬ-ਦਿਨ ਡੂੰਘਾ ਹੋ ਰਿਹਾ ਹੈ ਤੇ ਖ਼ਤਰਨਾਕ ਦਿਸ਼ਾਂ ਵੱਲ ਨਿਰੰਤਰ ਵੱਧਦਾ ਚਲਿਆ ਜਾ ਰਿਹਾ ਹੈ। ਗੁਰਦੁਆਰਿਆਂ ਦੇ ਪ੍ਰਬੰਧਕ ਕੋਈ ਅਧਿਆਤਮਕ ਵਿਦਿਆ ਦੇ ਮਾਹਰ ਧਾਰਮਿਕ ਆਗੂ ਨਹੀਂ ਹੁੰਦੇ। ਬੁਨਿਆਦੀ ਤੌਰ ‘ਤੇ ਇਹ ਵਿਅਕਤੀ ਰਾਜਸੀ ਰੂਚੀ ਵਾਲੇ ਹੁੰਦੇ ਹਨ ਅਤੇ ਧਾਰਮਿਕ ਅਸਥਾਨਾਂ ਦੀ ਸਟੇਜ ਨੂੰ ਰਾਜਨੀਤਕ ਅਤੇ ਨਿੱਜੀ ਮੁਫਾਜਾਂ ਲਈ ਵਰਤਦੇ ਹਨ। ਇਹਨਾਂ ਵਲੋਂ ਗੱਠਤ ਕਮੇਟੀ (ਜਿਸ ਨੂੰ ਸਲੇਟ ਕਹਿੰਦੇ ਹਨ) ਇਕ ਤਰ੍ਹਾਂ ਨਾਲ ਕਲੱਬ-ਮੈਂਬਰਾਂ ਦੀ ਜੁੰਡਲੀ ਹੁੰਦੀ ਹੈ, ਜਿਹੜੀ ਗੁਰਦੁਆਰਿਆਂ ਨੂੰ ਦਫਤਰਾਂ, ਕਾਰਖਾਨਿਆਂ ਜਾਂ ਫਿਰ ਵਪਾਰਕ ਅਦਾਰਿਆਂ ਵਾਂਗ ਚਲਾਉਂਦੀ ਹੈ।  ਬਹੁਤੇ ਤਾਂ ਧਾਰਮਿਕ ਅਦਾਰਿਆਂ ਵਿੱਚ ਭਲਵਾਨੀ ਗੇੜਾ ਹੀ ਮਾਰਦੇ ਹਨ।  ਇਨ੍ਹਾਂ ਦਾ ਅਸਲ ਧਰਮ-ਕਰਮ ਨਾਲ ਕੋਈ ਸਰੋਕਾਰ ਨਹੀਂ, ਬਸ ਲੀਡਰੀ ਚਮਕਾਉਂਣ ਦੇ ਗੇੜ ਵਿੱਚ ਗੁਰਦੁਆਰਿਆਂ ਦੇ ਮਨੋਰਥ ਦਾ ਘਾਣ ਕਰਦੇ ਰਹਿੰਦੇ ਹਨ।

ਉਹ ਨਿਧੜਕ ਹੋ ਕੇ ਬੋਲੀ ਜਾ ਰਿਹਾ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਰਿਵਾਰ ਦਾ ਜੋੜ’ਚ ਵਾਧਾ, ਨਵੇਂ ਨਵੇਂ ਆਏ ‘ਅਨਜਾਣ ਜਾਂ ਅੱਧੇ-ਅਧੂਰੇ’ ਵਿਅਕਤੀਆਂ ਦੀ ਆਮਦ ਨਾਲ ਆਰੰਭ ਹੁੰਦਾ ਹੈ।  ਇੰਝ ਇੱਕਤ੍ਰ ਹੋ ਰਹੀਆਂ ਸਿੱਖ ਸੰਗਤਾਂ ਦੇ ਮਨ ਵਿੱਚ ਆਸਥਾ-ਭਰੀ ਚਾਹਨਾਂ ਹੁੰਦੀ ਹੈ, ਕਿ ਗੁਰੂ ਦਰਬਾਰ ਵਿੱਚ ਆਤਮਿਕ ਤ੍ਰਿਪਤੀ ਦਾ ਭੋਜਨ ਮੌਜੂਦ ਹੈ। ਨਿਰਸੰਦੇਹ, ਇਲਾਹੀ ਸਕੂਨ ਮਿਲੇਗਾ? ਦੂਸਰੇ ਪਾਸੇ ਇਹਨਾਂ ਕਬਜਾਧਾਰੀਆਂ ਨੂੰ ਇਤਨਾਂ ਗਿਆਨ ਵੀ ਨਹੀਂ ਹੁੰਦਾ ਕਿ “ਗੁਰੂ ਨਾਨਕ ਵਿਚਾਰਧਾਰਾ” ਹੈ ਕੀ? ਦੂਸਰੇ ਧਰਮਾਂ ਨਾਲੋਂ ਸਿੱਖ ਧਰਮ ਨੂੰ ਕਿਉਂ ਉੱਤਮ ਮੰਨਿਆ ਗਿਆ ਹੈ। ਸੱਚ ਜਾਣਿਉਂ! ਅਜੋਕੇ ਪ੍ਰਬੰਧਕ-ਲਾਣੇ ਨੇ ਗੁਰਦੁਆਰਿਆਂ ਦਾ ਮਸ਼ੀਨੀਕਰਨ ਕਰ ਦਿਤਾ ਹੈ। ਉਂਝ ਪ੍ਰਚਲਿਤ ਰੀਤੀ ਅਨੁਸਾਰ ਅੰਮ੍ਰਿਤ ਵੇਲੇ ਤੋਂ ਸ਼ੁਰੂ ਹੋ ਕੇ ਦੇਰ ਰਾਤ ਤੱਕ ਗੁਰਦੁਆਰਿਆਂ ਵਿੱਚ ਪਾਠ, ਕਥਾ-ਕੀਰਤਨ ਦਾ ਸਿਲਸਿਲਾ ਨਿਰੰਤਰ ਚਲਦਾ ਰਹਿੰਦਾ ਹੈ। ਕਈ ਵਾਰ ਤਾਂ ਸੁਣਨ ਵਾਲਾ ਦੀਵਾਨ ਹਾਲ’ਚ ਕੋਈ ਜਣਾ ਵੀ ਨਹੀਂ ਹੁੰਦਾ। ਧਾਰਮਿਕ ਅਸਥਾਨ ਵਿੱਚ ਭਲੇ ਹੀ ਇਹ ਰਸਗਤਾ ਲਾਜਮੀਂ ਹੈ, ਪਰ ਇਸ ਤੋਂ ਵੀ ਅਤਿ ਜਰੂਰੀ ਹੈ ਇੱਕਤ੍ਰ ਹੋਏ ਸੰਗਤੀਆਂ ਨੂੰ ਸਿੱਖ ਧਰਮ ਦੇ ਸਿਧਾਂਤਾਂ ਦੀ ਮੁੱਢਲੀ ਜਾਣਕਾਰੀ ਦੇਣਾ, ਪਿਆਰ /ਸਤਿਕਾਰ ਨਾਲ ਸਮਝਾਵਣਾ ਕਿ ਭਾਈ! ਸਿੱਖ ਧਰਮ ਇਕ ਭਰਾਤਰੀ-ਭਾਵ ਵਾਲਾ ਵਿਵਹਾਰਿਕ ਧਰਮ (Practical Religion) ਹੈ। ਇਹ ਕਿਰਤੀਆਂ ਤੇ ਮਿਹਨਤ-ਕਸ਼ਾਂ ਦਾ ਧਰਮ ਹੈ। ਰੋਟੀ ਰੋਜੀ ਦੀ ਸੱਚੀ ਤੇ ਸੁਚੀ ਕਾਰ ਕਰਦਿਆਂ “ਓਸ ਅਕਾਲ-ਪੁਰਖ-ਸਿਰਜਨਹਾਰ ਨੂੰ ਯਾਦ ਕਰਦੇ ਰਹਿਣਾ ਹੈ। ਸਦਾ ਚੇਤੇ ਰੱਖਣਾ ਹੈ ਅਤੇ ਹੱਕ-ਸੱਚ ਦੀ ਕਮਾਈ ’ਚੋਂ ਲੋੜਵੰਦਾ ਦੀ ਸਹਾਇਤਾ ਕਰਨੀ ਹੈ।

ਇਸੇ ਸੰਦਰਭ’ਚੋਂ ਇਕ ਬਹੁਤ ਹੀ ਸੰਜੀਦਾ ਇੱਕ ਸਵਾਲ ਪੈਦਾ ਹੁੰਦਾ ਹੈ ਕਿ “Effectively, how to convey this massage to an ordinary person (Sikh)”?. ‘Some time back’, a senior sikh told me, that ‘the same question was put to a renowned preacher, but no answer was given. The same senior further added that while living in other part of Canada, he put the same question in somewhat different form (as such, how to convey a massage of peace to the people in the street?) to a promoter of Bahai sect, who after a short silence said, ‘Mr.Singh, This is a practical question with no quick answer. The same gentleman is of the opinion that this sensitive herculean task coupled with utmost sincerity is the job of an well organized religious body so long as Sikh Dharam is concerned say SGPC and here a worst failure.

ਸਾਧਾਰਨ ਸਿੱਖ ਦੀਆਂ ਅੰਤਰੀਵ ਭਾਵਨਾਵਾਂ ਨੂੰ ਸਮਝ ਕੇ ਗੁਰੂ-ਉਪਦੇਸ਼ ਦੀ ਮਲ੍ਹਮ ਲਾਉਂਣਾ,ਕੋਈ ਅਸਾਨ ਕੰਮ ਨਹੀਂ ਹੈ। ਉਹ ਗੁਰਦੁਆਰੇ ਜਾਂਦਾ ਹੈ, ਨਤਮਸਤ ਹੋਣ ਉਪਰੰਤ ਇੱਕਲਾਪਣ ਮਹਿਸੂਸ ਕਰਦਾ ਹੈ ਤੇ ਉਦਾਸੀਨਤਾ ਦੇ ਆਲਮ ਵਿੱਚ ਨਤਮਸਤਕ ਹੋਣ ਉਪਰੰਤ ਵਾਪਸ ਚਲਾ ਜਾਂਦਾ ਹੈ। ਉਸ ਨੂੰ ਐਸਾ ਕੋਈ ਵਿਅਕਤੀ ਨਹੀਂ ਮਿਲਦਾ, ਜੋ ਉਨ੍ਹਾਂ ਦੇ ਦਿੱਲ ਦੇ ਹਾਲਾਤ ਜਾਨਣ ਦੀ ਕੋਸ਼ਿਸ਼ ਕਰੇ ਤੇ ਗੁਰਮਤਿ ਅਨੁਸਾਰ ਚਲਣ ਲਈ ਪ੍ਰੇਰਿਤ ਕਰੇ। ਭਾਈ ਸਾਹਿਬ ਅਨੁਸਾਰ ਗੁਰਦੁਆਰਿਆਂ ਵਿੱਚ ਇਸ ਮੰਤਵ ਹਿਤ ਕੋਈ ਸੰਗਤੀ ਸਭਾਵਾਂ/ ਇੱਕਤ੍ਰਤਾਵਾਂ ਨਹੀਂ ਹੁੰਦੀਆਂ, ਜਿਥੇ ਕੁਝ ‘ਗੁਰਬਾਣੀ’ ਦੀਆਂ ਮਨੁੱਖ ਮਾਤਰ ਨੂੰ ਸਿਖਿਆਵਾਂ, ਦੁਹਰਾਈਆਂ, ਭਰਮ-ਭੁਲੇਖਿਆਂ ਅਤੇ ਮਾਨਤਾਵਾਂ ਸਬੰਧੀ ਦਸਿਆ/ਪੁੱਛਿਆ/ਜਾਣਿਆ ਜਾ ਸਕੇ।  ਓਧਰ ਚਾਲਾਕ ਤੇ ਚੁਸਤ ਡੇਰੇਦਾਰ, ਫੱਟ ਜਨ ਸਾਧਾਰਨ ਦੀ ਨਬਜ਼ ਪਛਾਣ ਲੈਂਦੇ ਹਨ। ਨਵੇਂ ਆਉਂਣ ਵਾਲੇ ਹਰ ਵਿਅਕਤੀ ਨੂੰ “ਬਾਬੇ” ਆਪਣੇ ਕੋਲ ਬੁਲਾਉਂਦੇ ਹਨ, ਉਸ ਦਾ ਦੁੱਖ-ਸੁੱਖ ਪੁੱਛਦੇ ਤੇ ਪਲੋਸਦੇ ਹੋਏ ਭਰੋਸਾ ਦੇਂਦੇ ਹਨ ਕਿ ‘ਭਗਤਾ ਆਇਆ ਕਰ! ਇਸ ਦਰ ਤੋਂ ਤੇਰੇ ਸਾਰੇ ਕਾਰਜ ਰਾਸ ਹੋ ਜਾਣੇ ਹਨ’। ਗੁਰਬਾਣੀ ਉਪਦੇਸ਼ ਤੋਂ ਦੂਰੀ ਬਣਾ ਕੇ ਕੁਢੰਗੀ ਚਾਲ ਖੇਡ ਕੇ ਕੰਨ ਵਿੱਚ ਮੰਤ੍ਰ ਦੇਣਾ, ਧਾਗਾ-ਤਾਵੀਤ, ਫਲ਼ ਜਾਂ ਇਲਾਚੀਆਂ ਦਾ ਵਿਸ਼ੇਸ਼ ਪ੍ਰਸਾਦ ਦੇਣ ਦੀ ਸਕੀਮ ਨਾਲ ਸਾਧਾਰਨ ਜਨ ਸੂਕੂਨ ਮਹਿਸੂਸ ਕਰਦਾ ਹੈ ਤੇ ਸਦਾ ਲਈ ਡੇਰੇ ਨਾਲ ਆਪ ਹੀ ਨਹੀਂ ਜੁੜਦਾ, ਸਗੋਂ ਦੁਸਰਿਆਂ ਲਈ ਵੀ ਪ੍ਰੇਰਨਾ-ਸਰੋਤ ਬਣਦਾ ਹੈ। ਨਵੇਂ ਆਏ ਸ਼ਰਧਾਲੂ ਨੂੰ ਗਲ ਨਾਲ ਲਾਉਂਣ ਦੀ ਪ੍ਰਕਿਰਿਆ ਜਾਦੂਮਈ ਅਸਰਦਾਇਕ ਹੋ ਨਿਬੜਦੀ ਹੈ।

ਗੁਰਦੁਆਰਿਆਂ ਦੇ ਪ੍ਰਬੰਧਕ, ਰਾਗੀ-ਢਾਡੀ, ਕਥਾ-ਕੀਰਤਨੀਏ ਜਾਂ ਗ੍ਰੰਥੀ ਸਿੰਘ ਨਹੀਂ ਜਾਣਦੇ ਜਾਂ ਜਾਣਦੇ ਹੋਏ ਚੁੱਪ ਹਨ, ਕਿ ਸਿੱਖ ਸੰਗਤਾਂ ਵਿੱਚ ‘ਭਾਈਚਾਰਕ ਸਾਂਝ’ ਵਧਾਉਂਣਾ ਸਮੇਂ ਦੀ ਲੋੜ ਹੈ।  ਇਕੱਲੇ ਟੋਰਾਂਟੋ ਦੇ ਗੁਰਦੁਆਰਿਆਂ ਵਿੱਚ ਹੀ ਕਿਸੇ ਇੱਕ ਸਮੇਂ ਬਾਹਰੋਂ (ਪੰਜਾਬੋਂ) ਆਏ ਦੋ/ਤਿੰਨ ਕੁ ਸੌ ਰਾਗੀ-ਢਾਡੀ, ਗ੍ਰੰਥੀ ਤੇ ਪ੍ਰਚਾਰਕਾਂ ਦਾ ਸਮੂਹ ਘੁੰਮਦਾ ਵੇਖਿਆ ਜਾ ਸਕਦਾ ਹੈ।  ਸਿੱਖ ਧਰਮ ਦੇ ਇਹ ਪ੍ਰਚਾਰਕ ਹਿੰਦੂਆਂ ਤੇ ਮੁਸਲਮਾਨਾਂ ਦੀ ਤਰ੍ਹਾਂ “ਰੱਬ” ਨੂੰ ਸੱਤਾਂ ਅਸਮਾਨਾਂ ਤੋਂ ਉਪਰ ਮੰਨਦੇ ਹਨ। ਸਾਡਾ ਇਹ ਪ੍ਰਚਾਰਕ ਵਰਗ ਨਹੀਂ ਸਮਝ ਸਕਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰੱਬ ਨੂੰ ਅਸਮਾਨ ਤੋਂ ਉਤਾਰ ਕੇ ‘ਧਰਤੀ’ ਤੇ ਲੈ ਆਂਦਾ ਸੀ। ਗੁਰੂ ਜੀ ਨੇ ਕਿਹਾ ਕਿ “ੴ” ਭਾਵ ਸਿਰਜਨਹਾਰ ਸਰਬ-ਵਿਆਪੀ ਹੈ। ਕਰਤਾ-ਪੁਰਖ ਸਭ ਥਾਈਂ ਹਾਜ਼ਰ-ਨਾਜ਼ਰ ਹੈ,ਹਰ ਇੱਕ ਵਿੱਚ ਮੌਜੂਦ ਹੈ।  ਗੁਰ ਬਚਨ ਹਨ:-

‘ਘਟਿ ਘਟਿ ਹਰਿ ਪ੍ਰਭ ਏਕੋ…॥’ ਸੂਹੀ ਮ:3, ਪੰਨਾ 772 ਤਥਾ
‘ਘਟ ਘਟ ਅੰਤਿਰ ਸਰਬ ਨਿਰੰਤਰਿ…॥’ ਆਸਾ ਨਾਮਦੇਉ, ਪੰਨਾ 485 ਤਥਾ
‘ਘਟਿ ਘਟਿ ਬਿਆਪਿ ਰਹਿਓ…॥’ ਬਿਲਾਵਲੁ 1, ਪੰਨਾ 831 ਤਥਾ
‘ਘਟ ਘਟ ਮੈ ਹਰਿ ਜੂ ਬਸੈ…….॥’ ਸਲੋਕ 9, ਪੰਨਾ 1427

ਫਿਰ ਵੀ ਬਾਹਰਲੇ ਮੁਲਕਾਂ ਵਿੱਚ ਸਥਿਤ ਗੁਰਦੁਆਰੇ ਪੰਜਾਬ’ਚੋਂ ਕੀਰਤਨੀਏ ਤੇ ਕਥਾ-ਵਾਚਕ ਅਮਲੇ ਨੂੰ ਮੰਗਵਾਉਣ ਨੂੰ ਤਰਜੀਹ ਦੇਂਦੇ ਹਨ। ਪਰ ਅਫਸੋਸ! ਕਿ ਇਹ ਪ੍ਰਚਾਰਕ ਇਥੋਂ ਦੀ ਜੰਮਪਲ ਨੌ-ਜੁਵਾਨ ਪੀੜ੍ਹੀ ਨੂੰ ਸਿੱਖ ਧਰਮ ਨਾਲ ਜੋੜਨ ਦੀ ਕਾਬਲੀਅਤ ਨਹੀਂ ਰੱਖਦੇ। ਇਹ ਉਨ੍ਹਾਂ ਦੀਆਂ ਸਮਸਿਆਵਾਂ, ਭਾਵਨਾਵਾਂ ਨੂੰ ਨਹੀਂ ਸਮਝ ਸਕਦੇ। ਉਨ੍ਹਾਂ ਦੇ ਮਸਲਿਆਂ ਦੀ ਡੂੰਘਾਈ ਤੱਕ ਘੋਖ ਕਰਕੇ ਹੱਲ ਕਰਨ’ਚ ਅਸਮਰਥ ਹਨ। ਵਿਦੇਸ਼ਾਂ ਵਿਚ ਰਹਿੰਦੇ ਸਿੱਖਾਂ ਨੇ ਇਸ ਗੰਭੀਰ ਪਹਿਲੂ ਨੂੰ ਅਣਗੌਲਿਆਂ ਕੀਤਾ ਹੋਇਆ ਹੈ। ਵਿਦੇਸ਼ਾਂ ਵਿੱਚਲੇ ਵਾਤਾਵਰਨ ਦੇ ਅਨਕੂਲ ਸਿੱਖੀ ਦੇ ਪ੍ਰਚਾਰ ਲਈ, ਅਜ ਤਕ ਅਸੀ ਇਕ ਵੀ ਕੀਰਤਨੀ ਜਥਾ ਜਾਂ ਕਥਾ-ਵਾਚਕ ਤਿਆਰ ਨਹੀਂ ਕਰ ਸਕੇ। ਸਾਡੀ ਪ੍ਰਾਪਤੀ ਕੀ ਹੈ? ਕਮਜੋਰੀ ਸਾਡੀ ਤੇ ਦੋਸ਼ ਨਵੀਂ ਪੀੜ੍ਹੀ ਨੂੰ ਕਿ ਬੱਚੇ ਸਿੱਖੀ ਤੋਂ ਦੂਰ ਜਾ ਰਹੇ ਹਨ।

ਸ੍ਰੀ ਅਕਾਲ ਤਖਤ ਸਾਹਿਬ ਤੋਂ ਇੱਕ ਬੜੀ ਉਤਸ਼ਾਹ-ਜਨਕ ਖ਼ਬਰ ਆਈ ਹੈ ਕਿ (ਪੰਜਾਬ ਵਿਚ) ਪਿੰਡ ਪੱਧਰ ਤੇ ਗੁਰਮਤਿ ਪ੍ਰਚਾਰ ਵਿੱਚ ਲਈ ਮਾਇਕ ਪੱਖੋਂ ਅਮੀਰ ਰਾਗੀ ਤੇ ਢਾਡੀ ਸਿੰਘਾਂ ਨੂੰ ਕਿਹਾ ਗਿਆ ਹੈ ਉਹ ਘੱਟੋ-ਘਟ ਇੱਕ ਮਹੀਨਾਂ ਸਮਰਪਣ ਭਾਵਨਾ ਨਾਲ ਅਕਾਲ ਤਖਤ ਸਾਹਿਬ ਦੀ ਰਹਿਨੁਮਾਈ ਹੇਠ ਕੀਰਤਨ ਕਰਨ। ਇਸ ਤੋਂ ਅੱਗੇ ਇਹ ਵੀ ਕਿਹਾ ਗਿਆ ਹੈ ਕਿ ਇਨ੍ਹਾਂ ਸਮਾਗਮਾਂ ਵਿੱਚ ਸੰਗਤ ਵਲੋਂ ਭੇਂਟ ਕੀਤੀ ਗਈ ਮਾਇਆ ਗੁਰਦੁਆਰਾ ਸਾਹਿਬ ਨੂੰ ਹੀ ਭੇਂਟ ਕਰ ਦਿੱਤੀ ਜਾਵੇਗੀ।ਸੋਚਣ ਵਾਲੀ ਗੱਲ ਹੈ ਕਿ ਅਕਾਲ ਤਖਤ ਦੀ ਛਤਰ-ਛਾਇਆ ਹੇਠ ਸੰਗਠਤ ਸਿੱਖਾਂ ਦੀ ਸਿਰਮੌਰ ਧਾਰਮਿਕ ਸੰਸਥਾ (ਸ਼੍ਰੋਮਣੀ ਕਮੇਟੀ) ਕੋਲ ਸੰਗਤਾਂ ਦੀ ਰੋਜਾਨਾ ਅਥਾਹ ਮਾਇਕ ਭੇਟਾ ਆ ਰਹੀ ਹੈ। ਕ੍ਰੋੜਾਂ ਰੂਪੈ ਦੀ ਭੇਂਟ ਜਮ੍ਹਾਂ ਵੀ ਹੈ ਤੇ ਇਸ ਦੇ ਮੁਲਾਜ਼ਮ ਹੀ (ਤਾਜ਼ਾ ਅਖਬਾਰੀ ਖਬਰ ਅਨੁਸਾਰ) ਇਕੋ ਝਟਕੇ ਨਾਲ ਅੱਸੀਂ-ਅੱਸੀਂ ਹਜ਼ਾਰ ਰੁਪੈ ਗੋਲ ਕਰ ਜਾਂਦੇ ਹਨ। ਫਿਰ ਰਾਗੀਆਂ-ਢਾਡੀਆਂ ਤੋਂ ਮੁਫਤ ਦੀ ਵਗਾਰ ਲੈਣ ਦੀ ਥਾਂ ਕਿਊਂ ਨਹੀਂ ਗੋਲਕ ਦੀਆਂ ਚੋਰ-ਮੋਰੀਆਂ ਬੰਦ ਕਰਨ ਦਾ ਉਪਰਾਲਾ ਕੀਤਾ ਜਾਂਦਾ? ਇਸ ਬਦਨੀਅਤ ਟੋਲੇ ਨੂੰ ਸਬਰ, ਸੰਤੋਖ ਦਾ ਪਾਠ ਪੜ੍ਹਾਉਂਦਿਆ, ਸਿਖਿਆ ਦਿਤੀ ਜਾਏ ਕਿ “ਗੁਰੂ ਜੀ ਪਾਸੋਂ ਤਰਸ ਦਾ ਪਾਤਰ ਬਣ ਕੇ ਬੱਚੇ ਵਾਂਗ ਮੰਗਣ ਨਾਲ ਤੋਟ ਨਹੀਂ ਰਹਿੰਦੀ। ਚੋਰਾਂ ਦੇ ਘਰ ਦੀਵੇ ਨਹੀਂ ਬਲਦੇ।

ਵੱਡਾ ਦੁਖਾਂਤ ਹੈ ਕਿ ਇਸ ਪੱਖ ਤੋਂ ਕੁਝ ਨਾ ਕੁਝ ਹੱਦ ਤਕ ਹਰ ਸਾਧਾਰਨ ਸਿੱਖ ਜਾਗਰੂਕ ਤਾਂ ਹੈ, ਪਰ ਧਰਮ ਉੱਤੇ ਰਾਜਨੀਤਕ ਗਲਬੇ ਸਾਹਵੇਂ ਬਿਲਕੁਲ ਬੇ-ਵਸ ਹੈ। ਨੇੜਲੇ ਭਵਿੱਖ ਵਿੱਚ ਵੀ ਉਸ ਨੂੰ ਕੋਈ ਤਬਦੀਲੀ ਦੀ ਆਸ ਦੀ ਕਿਰਨ ਨਜ਼ਰ ਨਹੀਂ ਪੈ ਰਹੀ। ਉਹ,ਉਸ ਵੇਲੇ ਵੀ ਦੁਬਿੱਧਾ ਵਿੱਚ ਫ਼ਸ ਜਾਂਦਾ ਹੈ ਜਦੋਂ ਇਸੇ ਪਾਵਨ ਮੰਚ ਤੋਂ ਰਹਿਤ ਮਰਯਾਦਾ ਦੇ ਪ੍ਰਤੀਕੂਲ ਸੰਗਰਾਦ, ਮਸਿਆ, ਪੂਰਨਮਾਸ਼ੀ ਆਦਿ ਦਿਹਾੜਿਆਂ ਦੇ ਮਨਾਉਂਣ ਦਾ ਸੰਦੇਸ਼ ਪੜ੍ਹਦਾ/ਸੁਣਦਾ ਹੈ। ਮਰਯਾਦਾ ਦੀ ਉਲੰਘਣਾ ਕਰਕੇ ਹਰਿ ਮੰਦਰ ਸਾਹਿਬ’ਚੋਂ ਰਾਗੀਆਂ ਦੀ ਭਿੰਨੀ ਅਤੇ ਮਧੁਰ ਆਵਾਜ ਵਿੱਚ ਗਾਇਣ ਕੀਤੀ ਅਣ-ਪ੍ਰਮਾਣਿਤ ਬਾਣੀ ਉਸ ਨੂੰ ਭਾਉਂਦੀ ਨਹੀਂ, ਅਧਿਆਤਮਿਕ ਟਿਕਾਉ ਨਹੀਂ ਦੇਂਦੀ ਅਤੇ ਖੋਇਆ-ਖੋਇਆ ਮਹਿਸੂਸ ਕਰਦਾ ਹੈ। ਜਿਸ ਦਾ ਸਰਬ-ਪ੍ਰਮਾਣਿਤ ਤੇ ਸਾਰਥਕ ਹੱਲ ਹੋਣਾ ਚਾਹੀਦਾ ਹੈ। ਸੱਚ ਜਾਣਿਉ! ਅੱਧੀ-ਪੌਣੀ ਸਦੀ ਬੀਤ ਗਈ, ਇਹ ਕਦੇ ਨਹੀਂ ਹੋਇਆ ਕਿ ਸਿੱਖਾਂ ਦੇ ਸਰਬ-ਉਚ ਅਸਥਾਨ ਤੋਂ ਪ੍ਰਾਪਤ ਹੋਇਆ, ਸੰਦੇਸ਼ 6ਵੇਂ ਗੁਰੂ ਜੀ ਦੀ ਤਰਜ ਦਾ ਜਾਪਿਆ ਹੋਵੇ।

1699 ਈ:ਦੀ ਵਿਸਾਖੀ ਨੂੰ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਗਤਾਂ ਦੇ ਭਾਰੀ ਇੱਕਠ ’ਚੋਂ ਪਹਿਲਾਂ ਇਕ ‘ਸੀਸ’ ਮੰਗਿਆ। ਫਿਰ ਦੂਸਰਾ,ਤੀਸਰਾ….। ਇਹ ਅਚਨਚੇਤ ਨਹੀਂ ਸੀ ਹੋਇਆ। ਗੁਰੂ ਜੀ ਨੇ ਸੀਸ ਮੰਗਣ ਤੋਂ ਪਹਿਲਾਂ ਵਿਸਥਾਰ ਨਾਲ ਉਨ੍ਹਾਂ ਪ੍ਰਸਥਿਤੀਆਂ ਦਾ ਖਾਕਾ ਜਰੂਰ ਖਿਚਿਆ ਹੋਵੇਗਾ, ਜੋ ਸਾਡੇ ਪਾਸ ਨਹੀਂ ਹੈ। ਇਕ ਅਨੁਮਾਨ ਅਨੁਸਾਰ ਉਸ ਸਮੇਂ ਦੇ ਹਾਲਾਤ ਦੱਸੇ ਹੋਣਗੇ? ਗਾਹੇ-ਬਗਾਹੇ ਸਿੱਖਾਂ ਨਾਲ ਵਾਪਰਦੀਆਂ ਘਟਨਾਵਾਂ ਦੇ ਸੰਭਾਵੀ ਨਤੀਜਿਆਂ ਤੇ ਚਾਨਣਾ ਪਾਇਆ ਹੋਵੇਗਾ? ਨਿਰਧਾਰਤ ਮਨੋਰਥ ਵੱਲ ਵੱਧਣ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦੌ ਸੌ ਪੰਝੀ ਕੁ ਵਰ੍ਹੇ ਦੇ ਸੰਕੁਚਤ ਇਤਿਹਾਸ ਰੂਪਮਾਨ ਕੀਤਾ ਹੋਏਗਾ। ਦਸਿਆ ਹੋਵੇਗਾ ਕਿ ਭਾਈ! ਇਨ੍ਹਾਂ ਭੈੜੇ ਹਾਲਾਤਾਂ ਦਾ ਜਬਰਦਸਤ ਟਾਕਰਾ ਕਰਨ ਲਈ ਤਿਆਰ ਹੋਣਾ ਪੈਣਾ ਹੈ। ਇਸ ਧਰਮ ਦੀ ਲੜਾਈ’ਚ ਜਾਨ ਵੀ ਜਾ ਸਕਦੀ ਹੈ। ਉਹ ਹੀ ਅੱਗੇ ਆਵੇ, ਜਿਸ ਨੂੰ ਜਾਨ ਦੀ ਪ੍ਰਵਾਹ ਨਹੀਂ। ਗੁਰੂ ਜੀ ਨੇ ਪਹਿਲਾਂ ਭੂਮਿਕਾ ਬੰਨ੍ਹ ਕੇ ਸੰਗਤਾਂ ਵਿੱਚ ਜੋਸ਼ ਭਰਿਆ। ਪਹਿਲਾਂ ਭਾਈ ਦਇਆ ਸਿੰਘ ਜੀ ਆਏ,ਫਿਰ ਵਾਰੋ-ਵਾਰੀ ਧਰਮ ਸਿੰਘ ਜੀ, ਹਿਮੰਤ ਸਿੰਘ ਜੀ, ਮੋਹਕਮ ਸਿੰਘ ਜੀ,ਸਾਹਿਬ ਸਿੰਘ ਜੀ ਆਏ। ਇਹ ਸੱਜਣ ਵੱਖੋ-ਵਖਰੀਆਂ ਬਰਾਦਰੀਆਂ ਤੇ ਥਾਵਾਂ ਨਾਲ ਸਬੰਧਤ ਸਨ। ਇਕ ਵਿਲੱਖਣ ਭਰਾਤਰੀ-ਭਾਵ ਦਾ ਸੁਨੇਹਾ ਸੀ। ਇਸ ਵਿੱਚ ਨਿੰਮ੍ਰਤਾ ਤੇ ਇਖਲਾਕ ਨਿਯਮਬੰਧਤਾ ਵਿੱਚ ਪ੍ਰਪਕਤਾ ਦਾ ਉਦਮ ਵੀ ਭਰਨਾ ਸੀ। ਮਤਲਬ ਕਿ ਇਕ ਐਸਾ ਜਥੇਬੰਦਕ ਢਾਂਚਾ ਉਸਾਰਿਆ, ਜੋ ਵਕਤ ਦੇ ਹਾਲਾਤਾਂ ਨਾਲ ਜੂਝਣ ਲਈ ਗੁਰੂ ਨਾਨਕ ਫਿਲਾਸਫੀ ਦੇ ਅਨੁਕੂਲ ਸੀ। ਜਿਸ ਵਿੱਚ ਸ਼ਾਮਲ ਹੋਣ ਲਈ ਇਕ ਨਿਰਧਾਰਤ “ਰਸਮ” ਨਿਭਾਉਂਣੀ ਜਰੂਰੀ ਸੀ,ਉਹ ਸੀ ‘ਅੰਮ੍ਰਿਤ’ ਸੰਸਕਾਰ। ਪ੍ਰਸਿੱਧ ਸਿੱਖ ਵਿਦਵਾਨ ਸ੍ਰ: ਕਰਤਾਰ ਸਿੰਘ ‘ਦੁੱਗਲ’ ਦੇ ਸ਼ਬਦਾਂ ਵਿੱਚ, “The Guru then enjoined those who had been blessed with Amrit to wear long hair(Kesh).The hair is sacred.It is the sumbol of the Khalsa-the pure.’ ਕੇਸ ਰੱਖੇ ਬਗੈਰ ਚੰਗਾ ਵਿਹਾਰ (Good Conduct) ਅਸੰਭਵ ਮੰਨਿਆ ਗਿਆ।ਰਹਿਤ ਮਰਯਾਦਾ ਕਾਇਮ ਕੀਤੀ।

ਵੀਹਵੀਂ ਸਦੀ ਦੇ ਅੰਤਮ ਪੜਾ ਤੇ ਜਿਨ੍ਹਾਂ ਪਾਸ ਗੁਰਦੁਆਰਿਆਂ ਦੇ ਸਾਂਭ-ਸੰਭਾਲ ਦੀ ਤਾਕਤ ਆਈ ਜਾਂ ਧਾਰਮਿਕ ਅਸਥਾਨਾਂ ਤੇ ਕਾਬਜ ਹੋ ਗਏ, ਉਨ੍ਹਾਂ ਮਰਯਾਦਾ ਹੀ ਬਦਲ ਦਿਤੀ। ਰੀਤਾਂ ਬਦਲ ਗਈਆਂ।ਡੇਰੇ ਵਧਦੇ ਗਏ,ਡੇਰੇਦਾਰ ਪ੍ਰਫੁੱਲਤ ਹੋ ਗਏ,ਸਿੱਖੀ ਨੀਵਾਣ ਦੇ ਵਹਿਣ, ਵਹਿਣ ਲਗ ਪਈ।ਕਾਰ-ਸੇਵਾ ਵਾਲਿਆਂ ਨੇ ਸਿੱਖਾਂ ਦੇ ਉੱਚੇ ਤੋਂ ਉੱਚੇ ਸੰਗਮਰਮਰੀ ਗੁਰਦੁਆਰੇ ਉਸਾਰ ਦਿੱਤੇ। ਪੈਰ-ਪੈਰ ਤੇ ਗੁਰੁਦੁਆਰੇ ਬਣਾ ਲਏ ਪਰ ਅਫਸੋਸ!ਕਿ ਅਸੀਂ ਗੁਰੂ ਜੀ ਦੇ ਖਾਲਸ “ਸਿੱਖ” ਨਾ ਬਣਾ ਸਕੇ। ਸਿੱਖ ਦੀ ਮਾਨਸਿਕਤਾ ਨੂੰ ਹਲੂਣਾ ਤੇ ਹੁਲਾਰਾ ਦੇਣ ਵਾਲੀਆਂ ਤਾਕਤਾਂ,ਆਤਮਾਂ ਦੀ ਆਵਾਜ਼ ਨੂੰ ਸਿਆਸੀ ਲੋਕਾਂ ਕੋਲ ਗਹਿਣੇ ਪਾ ਕੇ ਬੌਣੀਆਂ ਹੋ ਗਈਆਂ। ਸਿੱਖਾਂ ਦੀਆਂ ਲਾਸਾਨੀ ਕੁਰਬਾਨੀਆਂ ਨੂੰ ਰਾਜਸੀ ਆਕਾਵਾਂ ਨੇ ਮਿੱਟੀ-ਘੱਟੇ’ਚ ਰੋਲ ਕੇ ਰੱਖ ਦਿਤਾ।ਇਨ੍ਹਾਂ ਕਮਜੋਰੀਆਂ ਦਾ ਅਸਰ ਬਾਹਰਲੇ ਮੁਲਕਾਂ ਵਿੱਚ ਵੀ ਦਿਸਣ ਲਗ ਪਿਆ ਹੈ। ਇਥੋਂ ਤਕ ਕਿ ਪਿੱਛੇ ਜਹੇ ਕਨੇਡਾ ਵਿੱਚਲੀ ਪੰਜਾਬ ਜਾ ਕੇ ਧਰਮ ਪ੍ਰਚਾਰ ਦੀ ਦਾਹਵੇਦਾਰ ਸੰਸਥਾ ਦੇ ਸੰਚਾਲਕਾਂ ਨੇ ਗੁਰੂ ਕੀ ਮੋਹਰ ‘ਕੇਸ’ ਰੱਖਣ ਜਾਂ ਨਾ ਰੱਖਣ ਤੇ ਵੋਟਿੰਗ ਕਰਵਾ ਕੇ ਨਵਾਂ ਇਤਿਹਾਸ ਸਿਰਜ ਸੁੱਟਿਆ। ਪੰਥਕ ਦ੍ਰਿਸ਼ਟੀਕੋਣ ਤੋਂ ਸਰਾਸਰ ਗਲਤ ਕਦਮ ਹੈ। "Will any body dare to ask “For Khalsa Panth, who hell they are to decide"?  ਇਸ ਸੰਸਥਾ ਦੇ ਪੈਰੋਕਾਰਾਂ ਤੋਂ ਫਿਰ ਸਿੱਖੀ ਦੇ ਕਿਹੋ-ਜਿਹੇ ਪ੍ਰਚਾਰ ਦੀ ਆਸ ਰੱਖੀ ਜਾ ਸਕਦੀ ਹੈ।

‘When one individual of a community,’ says the great Sheikh sa’di, ‘does an act of un-wisdom, both the great and the small lose their dignity.’

ਸਿੱਖ ਧਰਮ ਵਿੱਚ ਅਜੇਹੀ ਦਖ਼ਲ-ਅੰਦਾਜੀ ਹਾਨੀਕਾਰਕ ਹੈ।ਇਹ ਸਭ ਸਿੱਖਾਂ ਦੀ ਸਰਵ-ਉਚ ਸੰਸਥਾ ਦੀਆਂ ਕਮਜੋਰ-ਨੀਤੀਆਂ ਦਾ ਨਤੀਜਾ ਹੈ,ਜੋ ਸੌ ਪ੍ਰਤੀਸ਼ਤ ਰਾਜਸੀ ਪ੍ਰਭਾਵ ਕਬੂਲ ਕਰ ਚੁੱਕੀ ਹੈ।ਸਮਝਣਾ ਬਾਕੀ ਹੈ ਕਿ ਇਹ ਸਭ ਕੁਝ ਮਜਬੂਰੀ ਵੱਸ ਹੋ ਰਿਹਾ ਹੈ ਜਾਂ ਕਿ ਅਗਿਆਨਤਾ ਵੱਸ।ਅਸਾਨੂੰ ਗੁਰਦੁਆਰਿਆਂ’ਚੋਂ ਰਾਜਸੀ ਪ੍ਰਭਾਵ ਘਟਾਉਂਣ ਲਈ ਯਤਨਸ਼ੀਲ ਹੋਣ ਦੀ ਲੋੜ ਹੈ।ਵੱਡੇ ਵੱਡੇ ਇੱਕਠਾਂ ਵਿੱਚ ਧੂੰਏਂਧਾਰ ਭਾਸ਼ਨ ਦੇਣ ਵਾਲਿਆਂ ਨਾਲੋਂ ਸਾਨੂੰ ਥੋੜੇ ਡੂੰਘੀ ਸੋਚ ਵਾਲੇ ਸੁਹਿਰਦ ਧਾਰਮਿਕ ਆਗੂਆਂ ਦੀ ਲੋੜ ਹੈ। ਸਿੱਖੀ ਦਾ ਪ੍ਰਚਾਰ ਅਮੀਰਾਂ ਜਾਂ ਧਨਾਢਾਂ ਲੋਕਾਂ ਦੇ ਮਗਰ ਲਗ ਕੇ ਨਹੀਂ ਜੇ ਹੋ ਸਕਣਾ। ਇਹ ਤਾਂ ਕਿਰਤੀਆਂ,ਕਾਮਿਆਂ ਅਤੇ ਮਿਹਨਤ-ਕਸ਼ ਲੋਕਾਂ ਦਾ ਕੰਮ ਹੈ,ਜਿਨ੍ਹਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗਲੇ ਲਗਾਇਆ ਤੇ ਵਡਿਆਈ ਬਖਸ਼ਿਸ਼ ਕੀਤੀ।ਸਿੱਖੀ ਦੇ ਪਸਾਰ ਲਈ ਈਸਾਈ ਮੱਤ ਦੀ ਤਰਜ ਤੇ (ਘਰ-ਘਰ ਪਹੁੰਚ ਅਪਣਾ ਕੇ) ਪ੍ਰਚਾਰ-ਵਿਧੀ ਵਿੱਚ ਇਨਕਲਾਬੀ ਤਬਦੀਲੀ ਦੀ ਲੋੜ ਹੈ। ਆਓ!ਮਨਮੁਖ ਸੋਚ ਤਿਆਗ ਕੇ ਸਨਮੁਖ ਹੋ ਕੇ ਗੁਰੂ ਸੰਗ ਚਲੀਏ।ਚੌਥੇ ਪਾਤਸ਼ਾਹ,ਸ੍ਰੀ ਗੁਰੂ ਰਾਮ ਦਾਸ ਸਾਹਿਬ ਦੇ ਅਨਮੋਲ ਬਚਨ ਹਨ:-

‘ਧਨਾਸਰੀ ਮਹਲਾ 4॥ ਹਮ ਅੰਧੁਲੇ ਅੰਧ ਬਿਖੈ ਬਿਖੁ ਰਾਤੇ ਕਿਉ ਚਾਲਹ ਗੁਰ ਚਾਲੀ॥ ਸਤਗੁਰੁ ਦਇਆ ਕਰੇ ਸੁਖਦਾਤਾ ਹਮ ਲਾਵੈ ਆਪਨ ਪਾਲੀ॥1॥ ਗੁਰਸਿਖ ਮੀਤ ਚਲਹੁ ਗੁਰ ਚਾਲੀ॥ ਜੋ ਗੁਰੁ ਕਹੈ ਸੋਈ ਭਲ ਮਾਨਹੁ ਹਰਿ ਹਰਿ ਕਥਾ ਨਿਰਾਲੀ॥1॥ਰਹਾਉ॥’ (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 667)


Disclaimer: Khalsanews.org does not necessarily endorse the views and opinions voiced in the news। articles।  audios videos or any other contents published on www.khalsanews.org and cannot be held responsible for their views.  Read full details....

Go to Top