Share on Facebook

Main News Page

ਗੀਤ ਗਾਵਣਾ ਗੁਨਾਹ ਨਹੀਂ
-
ਤਰਲੋਕ ਸਿੰਘ ‘ਹੁੰਦਲ’, ਬਰੈਂਮਟੰਨ-ਕਨੇਡਾ

ਪਿੱਛਲੇ ਕੁਝ ਸਮੇਂ ਤੋਂ “ਲੱਚਰ ਗਾਇਕੀ ਦੇ ਅਥਾਹ ਉਭਾਰ” ਦੀ ਗੰਭੀਰ ਸਮੱਸਿਆ ਨਾਲ ਜੂਝ ਰਹੇ ਆਪਣੇ ਸਮਾਜ ਖ਼ਾਸ ਕਰ ਪੰਜਾਬੀ ਭਾਈਚਾਰੇ ਦੀ ਗੱਲ ਕਰਨ ਲੱਗਾ ਹਾਂ। ਕੌੜੀ ਦੁਵਾਈ ਵਾਂਗ, ਇਹ ਕਈਆਂ ਦੇ ਮੂੰਹਾਂ ’ਚ ਕੂਸੈਲਾਪਣ ਪੈਦਾ ਕਰੇਗੀ, ਸੋ ਅਗਾਊਂ ਮੁਆਫੀ। ਅਸੀਂ ਬਹੁਤ ਦੇਰ ਬਾਅਦ ਜਾਗੇ ਹਾਂ, ਕਿ ‘ਲੱਚਰ ਤੇ ਬੇ-ਮਿਆਰੀ ਗਾਇਕੀ ਨੇ ਸਾਡੇ ਸਮਾਜਿਕ ਕਦਰਾਂ-ਕੀਮਤਾਂ ਵਿੱਚ ਜ਼ਹਿਰ ਘੋਲਿਆ ਹੈ। ਇਹ ਕੈਂਸਰ ਵਰਗੀ ਭਿਆਨਕ ਬਿਮਾਰੀ ਹੈ, ਜੇ ਤੁਰੰਤ ਇਲਾਜ ਨਾ ਕੀਤਾ ਤਾਂ ਪੰਜਾਬੀ ਇਖਲਾਕ ਤੇ ਸਭਿਆਚਾਰ ਦਾ ਅੰਤ ਸਮਝੋ।

ਕਦੇ ਸਮਾਂ ਸੀ ਰੇਡੀਓ, ਟੈਲੀਵੀਜ਼ਨ ਇਤਆਦਿ ਨਹੀਂ ਸਨ ਹੁੰਦੇ। ਪਿੰਡਾਂ, ਕਸਬਿਆਂ ਵਿੱਚ ਅਖਾੜੇ ਲਗਦੇ ਹੁੰਦੇ ਸਨ। ਨਕਲੀਏ, ਭੰਡ ਜਾਂ ਰਾਸ-ਧਾਰੀਏ ਮਨੋਰੰਜਨ ਕਰਿਆ ਕਰਦੇ ਸਨ ਕਿਉਂਕਿ ਗੀਤ-ਸੰਗੀਤ ਰੂਹ ਦੀ ਖ਼ੁਰਾਕ ਹੈ ਅਤੇ ਕੁਦਰਤ ਦੀ ਅਨਮੋਲ ਦਾਤ ਹੈ। ਬਰੀਕੀ ਨਾਲ ਵੇਖਿਆ ਜਾਏ ਤਾਂ ਅਕਾਸ਼ ਤੋਂ ਪਤਾਲ ਤਕ ਜ਼ਰਾ-ਜ਼ਰਾ ਆਪਣੀ-ਆਪਣੀ ਬੋਲੀ ’ਚ ਸਿਰਜਨਹਾਰ ਦੇ ਬਖ਼ਸ਼ਿਸ਼-ਭਰਪੂਰ ਸ਼ੁਕਰਾਨੇ ’ਚ ਗੀਤ ਗਾ ਰਿਹਾ ਹੈ। ਜੇ ਪੰਜਾਬ ਦੀ ਗੱਲ ਕਰੀਏ ਤਾਂ ਇਹ ਖਿੱਤਾ ਕੁਦਰਤ ਦੀਆਂ ਰੰਗੀਨੀਆਂ ਨਾਲ ਸਰਸ਼ਾਰ ਹੈ। ਪ੍ਰਸਿੱਧ ਸਾਹਿਤਕਾਰ ਰੰਪਾ ਪਾਲ ਜੀ ਲਿਖਦੇ ਹਨ ਕਿ ‘ਪੰਜਾਬ, ਗੀਤਾਂ ਦੀ ਧਰਤੀ ਹੈ। ਗੀਤ ਪੰਜਾਬ ਦੀ ਨਸ-ਨਸ ਵਿੱਚ ਵਸੇ ਹੋਏ ਹਨ। ਇਸ ਦੀ ਰੋਮਾਂਟਿਕ ਧਰਤੀ ਵਿੱਚ ਹੱਲ ਚਲਾਉਂਦਾ ਜੱਟ ਯੁਗਾਂ ਯੁਗਾਂ ਤੋਂ ਗੀਤ ਅਲਾਪਦਾ ਆਇਆ ਹੈ। ਜੀਵਨ ਦੀ ਸਾਰੀ ਪ੍ਰਫੁੱਲਤਾ ਗੀਤ ਦੀਆਂ ਸੁਰਾਂ ਵਿੱਚ ਹੁੰਦੀ ਹੈ। ਜੱਟ ਭੁੱਖਾ ਹੋਵੇ, ਸੁਆਣੀ ਦੇ ਘਰ ਵਿੱਚ ਦਾਣੇ ਨ ਹੋਣ, ਵਿਆਹ ਹੋਵੇ, ਗਮੀ ਹੋਵੇ, ਮੇਲਾ ਹੋਵੇ ਜਾਂ ਭਾਵੇਂ ਲੜਾਈ ਦਾ ਸਮਾਂ, ਪੰਜਾਬੀ ਹਿਰਦੇ ਵਿੱਚ ਗੀਤ ਜਰੂਰ ਜਾਗਦਾ ਹੈ’। ਗੱਲ ਕੀ ਪੰਜਾਬੀ ਅਤੇ ਗੀਤ ਨੂੰ ਅਲੱਗ ਅਲੱਗ ਕਰਕੇ ਨਹੀਂ ਵੇਖਿਆ/ਵਾਚਿਆ ਜਾ ਸਕਦਾ।

ਅੱਜ ਭਾਵੇਂ ਭੁੱਲ ਗਈਆਂ ਹੋਵਣ ਨੰਨ੍ਹੇ-ਮੁੰਨ੍ਹ੍ਹੇ ਬਾਲਾਂ ਨੂੰ ਮਾਵਾਂ ਦੀਆਂ ਲੋਰੀਆਂ। ਕੁੜੀਆਂ-ਚਿੜ੍ਹੀਆਂ ਦੇ ਤ੍ਰਿੰਜਣਾਂ ਵਿੱਚ ਗੀਤ, ਕਿਕਲੀਆ/ਗਿੱਧਿਆਂ, ਪੀਘਾਂ ਚੜ੍ਹਾਉਂਦੀ ਦੇ ਬੋਲ, ਚਰਖੇ ਦੀ ਘੂੰ-ਘੂੰ ਨੂੰ ਹੁੰਗਾਰੇ, ਚੱਕੀਆਂ ਦੀ ਘਿਸਰ ਘਿਸਰ ਦੀ ਸੁਰ ਨਾਲ ਸੁਰ ਮਿਲਾਵਣੀ ਭਾਵੇਂ ਅਲੋਪ ਹੋ ਗਈ ਹੈ ਫਿਰ ਵੀ ਸਿਆਣੇ ਇਨਸਾਨਾਂ ਦੇ ਜਿਹਨ’ਚ ਉਸ ਦਾ ਸੁਆਦ ਤਰੋ-ਤਾਜ਼ਾ ਹੈ। ਵਿਰਲੇ-ਵਾਂਝੇ ਲੱਗਦੇ ਮੇਲਿਆ-ਮਸਾਦਿਆਂ ਵਿੱਚ ਵੱਜਦੀ ਸਾਰੰਗੀ ਨਾਲ ਢੱਡਾਂ ਦੀ ਗੂੰਜ,  ਅਲਗੋਜ਼ਿਆਂ ਤੇ ਤੰਦੀ ਸਾਜ ਤੂੰਬੇ ਦੀ ਟੁਣਕ-ਟੁਣਕ, ਕਣਕ ਵੱਢਦੇ ਜੱਟਾਂ ਦੇ ਦੋਹੜੇ ਤੇ ਸਾਂਦਲ ਬਾਰ ਦੇ ਢੋਲੇ, ਬਲਦਾਂ ਦੀਆਂ ਟੱਲੀਆਂ ਅਤੇ ਖੂਹ ਦੀ ਟੱਕ-ਟੱਕ ਦਾ ਸੰਗੀਤ ਭਲੇ ਹੀ ਅਜ ਸੁਪਨਾਂ ਹੋ ਗਿਆ ਹੈ,  ਪਰ ਇਸ ਨੂੰ ਪੰਜਾਬੀ ਜੀਵਨ ਨਾਲੋਂ ਨਿਖੇੜ ਕੇ ਨਹੀਂ ਵੇਖਿਆ ਜਾ ਸਕਦਾ ਕਿਉਂਕਿ ਇਹ ਪਿਆਰ ਦੇ ਗੀਤ ਨੇ।

ਅੱਜ ਦੀਆਂ ਗੋਲ-ਗੱਪੇ ਤੇ ਚਾਟ-ਪਾਪੜੀਆਂ ਖਾ ਕੇ ਪਲੀਆਂ ਮੁਟਿਆਰਾਂ ਨਾਲੋਂ ਪਹਿਲੀਆਂ ਪੰਜਾਬਣਾਂ ਸਰੀਰਕ ਪੱਖੋਂ ਵਾਹਵਾ ਤਕੜੀਆਂ ਹੁੰਦੀਆਂ ਸਨ ਅਤੇ ਉਨ੍ਹਾਂ ਦਾ ਦਿਲ ਖੋਲ੍ਹ ਕੇ ਹੱਸਣਾ,  ਟੱਪਣਾ,  ਕਸੀਦਾ ਕੱਢਦੀਆਂ ਦਾ ਗਾਵਣਾ, ਸਮੁੱਚੀ ਫ਼ਿਜ਼ਾ ਵਿੱਚ ਅਜਬ ਸਰੂਰ ਬਿਖੇਰ ਦੇਂਦਾ ਸੀ। ਭਾਵੇਂ ਬੇਗਾਨੇ ਮਨੁੱਖਾਂ ਦਾ ਉਹਨਾਂ ਵੱਲ ਤੱਕਣਾ ਗੁਨਾਹ ਸੀ, ਪਰ ਸੁਰੀਲੀਆਂ ਆਵਾਜ਼ਾਂ’ਚ ਉਹਨਾਂ ਦੇ ਗਾਉਣ ਦੀਆਂ ਧੁਨਾਂ ਕਿਸੇ ਵੀ ਹੱਦ-ਬੰਦੀ ਦੀਆਂ ਮੁਥਾਜ ਨਹੀਂ ਸਨ ਹੁੰਦੀਆਂ। ਪੱਛਮੀ ਸਭਿਅਤਾ ਦੇ ਹੱਦੋਂ ਵੱਧ ਪ੍ਰਭਾਵ ਹੇਠ ਅੱਜ ਉਨ੍ਹਾਂ ਸਾਰੀਆਂ ਸਭਿਆਚਾਰਕ ਕਦਰਾਂ-ਕੀਮਤਾਂ ਦੀ ਮੌਤ ਹੋ ਚੁੱਕੀ ਹੈ। ਇਸ ਦ੍ਰਿਸਟੀਕੋਣ ਤੋਂ ਪੁਰਾਣੇ ਗੀਤਾਂ ’ਚ ਭਰੀਆਂ ਅਸੀਸਾਂ, ਸਭਿਅਕ ਠੱਠਾ-ਮਾਖੌਲ ਤੇ ਹੱਸ-ਹੱਸ ਕੇ ਜੀਉਂਣ-ਜੋਗੇ ਪਿਆਰ-ਸਤਿਕਾਰ ਦਾ ਅੰਤ ਹੋ ਚੁੱਕਿਆ ਹੈ। ਕੁਦਰਤੀ ਰੂਚੀਆਂ ਤੇ ਭਾਵਾਂ ਵਾਲੇ ਸਬੰਧ ਮਾਨੋ! ਮੂਲੋਂ ਹੀ ਖਤਮ ਹੋ ਗਏ ਹਨ।

ਪੰਜਾਬ ਦੀ ਉੱਚੀ ਸਭਿਅਤਾ ਅਤੇ ਪੰਜਾਬੀ ਤਬੀਅਤ ਦੇ ਅਸਲ ਜਾਣਕਾਰ ਅਤਿ ਦੁੱਖੀ ਹਨ, ਕਿ ਅੱਜ ਕੋਈ ਗੀਤਕਾਰ ਜਾਂ ਉੱਤਮ ਫ਼ਨ ਦੀ ਪੇਸ਼ਕਸ਼ ਕਰਦਾ ਕਲਾਕਾਰ ਬਾਲੜੀ ਉਮਰ ਦੇ ਤੋਤਲੇਪਨ, ਜੁਆਨੀ ਦੇ ਉਭਾਰ, ਸ਼ਿੰਗਾਰ ਤੇ ਪਿਆਰ ਦਾ ਅਥਾਹ ਜਜ਼ਬਾ ਜਾਂ ਫਿਰ ਬੁਢਾਪੇ ’ਚ ਢਲਦੀ ਸ਼ਾਮ ਵਿਚਲੀ ਬਿਹਬਲਤਾ,  ਰੁਸੇਵਿਆਂ, ਉਦਰੇਵਿਆਂ ਅਤੇ ਗਿਲੇ-ਸ਼ਿਕਵਿਆਂ ਦੀ ਸੁੱਚਜੀ ਭਾਸ਼ਾ ਵਿੱਚ ਪੇਸ਼ਕਾਰੀ ਕਿਉਂ ਨਹੀਂ ਕਰਦਾ? ਕੀ ਪੰਜਾਬੀ ਵਿਰਸੇ ਦਾ ਖ਼ਜਾਨਾ ਖਾਲੀ ਹੈ? ਅੰਬਾਂ ਦੀ ਰੁੱਤੇ ਕੋਇਲ ਅੱਜ ਵੀ ਬਾਗਾਂ ਵਿੱਚ ਕੂ-ਕੂ ਕਰਦੀ ਐ,  ਘਨਘੋਰ ਬੱਦਲ ਆਵਣ ਤਾਂ ਮੋਰ ਨੱਚਦੇ ਤੇ ਪੈਲਾਂ ਪਾਉਂਦੇ ਨੇ। ਬਬੀਹਾ ਵੀ ਆਪਣਾ ਰਾਗ ਅਲਾਪਦਾ ਹੈ। ਗੁਰਬਾਣੀ ਵਿੱਚ ਅੰਕਿਤ ਗੁਰੂ ਜੀ ਦੇ ਪਾਵਨ ਬਚਨ ਇਸ ਦੀ ਪੁਸ਼ਟੀ ਕਰਦੇ ਹਨ:-

‘ਚਾਤ੍ਰਿਕ ਮੋਰ ਬੋਲਤ ਦਿਨ ਰਾਤੀ ਸੁਨਿ ਘਨਿਹਰ ਕੀ ਘੋਰ॥2॥ ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ ਸੁ ਬਿਨੁ ਹਰਿ ਜਾਪਤ ਹੈ ਨਹੀਂ ਹੋਰ॥3॥ (ਮਲਾਰ ਮਹਲਾ 4 ਪੜਤਾਲ, ਅੰਕ 1265)

ਬਸੰਤ ਰੁੱਤ ਵਿੱਚ ਖੇੜਾ ਆ ਦਸਤਕ ਦੇਂਵਦਾ ਹੈ। ਫੁੱਲ, ਫਲ, ਬ੍ਰਿਛ ਜੋਬਨ’ਚ ਆਉਂਦੇ ਹਨ, ਫਿਰ ਗੁਰਾਂ ਦੀ ਧਰਤੀ ਉੱਤੇ ਪੰਜਾਬੀ ਗੀਤਕਾਰੀ ਕਿਉ ਗਰਕਦੀ ਜਾ ਰਹੀ ਹੈ?ਇਸ ਦਾ ਡੂੰਘਾ ਅਧਿਐਨ ਕਰਨਾ ਅਤੇ ਇਸ ਨਿਘਾਰ ਦਾ ਢੁੱਕਵਾਂ ਹੱਲ ਕਢ ਸਕਣਾ ਏਡਾ ਆਸਾਨ ਕੰਮ ਨਹੀਂ, ਜਿਤਨਾ ਅਸੀਂ ਸੋਚ ਰੱਖਿਆ ਹੈ।

ਜਨ ਸਾਧਾਰਨ ਦੀ ਨਜ਼ਰ ਵਿੱਚ, ਪੰਜਾਬ ਦੀ ਸੁਨੈਹਰੀ ਧਰਤੀ ਉੱਤੇ ਵਰਤਮਾਨ ਸੂਰਤ ਦੇ ਸਟੇਜੀ ਅਖਾੜਿਆਂ ਦੇ ਦੌਰ ਦੀ ਸ਼ੁਰੂਆਤ ਸਰਕਾਰੀ ਆਤੰਕਵਾਦ ਵੇਲੇ ਹੋਈ, ਜਿਸ ਨੂੰ ‘ਜੁਆਨੀ ਦੇ ਘਾਣ’ ਦਾ ਸਮਾਂ ਵੀ ਕਹਿ ਲਈਏ ਤਾਂ ਕੋਈ ਅਤ-ਕਥਨੀ ਨਹੀਂ ਹੋਵੇਗੀ। ਸਿੱਖ ਨੌ-ਜੁਵਾਨ ਕੋਹ-ਕੋਹ ਕੇ ਮਾਰੇ ਜਾ ਰਹੇ ਸਨ,  ਜਦੋਂ ਬੇ- ਕਸੂਰ ਸਿੱਖ ਬੱਚਿਆਂ ਦਾ ਖੁਨ, ਹੜ੍ਹ ਵਾਂਗ ਗੰਦੀਆਂ ਨਾਲੀਆਂ’ਚ ਵਹਿ ਰਿਹਾ ਸੀ,  ਉਨ੍ਹਾਂ ਦੀਆਂ ਦੁਹਾਈਆਂ, ਮਾਪਿਆਂ ਦੀਆਂ ਬਹੁੜੀਆਂ, ਹਾਲ-ਪਾਹਰਿਆ ਤੇ ਦਰਦ ਨੂੰ ਭੁੱਲ ਜਾਣ ਲਈ, ਸਰਕਾਰ ਨੇ ਮਹਿੰਗੇ ਤੋਂ ਮਹਿੰਗੇ, ਬੇ-ਸੁਰੇ ਤੇ ਸ਼ਰਮ-ਹਯਾ ਤੋਂ ਸੱਖ਼ਣੇ ਪੰਜਾਬੀ ਕਲਾਕਾਰਾਂ ਨੂੰ ਪਰੋਸਿਆ। ਅਸੀਂ ਓਹ ਲੋਕ ਹਾਂ, ਜਿਹੜੇ ਉਨ੍ਹਾਂ ਅਖਾੜਿਆਂ ਦਾ ਅਨੰਦ ਮਾਣਦੇ ਰਹੇ ਹਾਂ। ਇਹ ਅਖਾਣ ਸੱਚ ਹੋ ਰਿਹਾ ਸੀ ਕਿ ‘ਰੋਮ ਜਲ ਰਿਹਾ ਹੈ ,ਨੀਰੂ ਬੰਸਰੀ ਵਜਾ ਰਿਹਾ ਹੈ’।ਗੀਤਕਾਰਾਂ ਤੇ ਫ਼ਨਕਾਰਾਂ ਨੂੰ ਅੰਨ੍ਹਾਂ ਪੈਸਾ ਦਿਤਾ ਗਿਆ।ਫਿਰ ਕੀ ਸੀ,  ਹੈਰੀ-ਸੈਰੀ ਦੀਆਂ ਲਾਲ੍ਹਾਂ ਵਗਣ ਲੱਗ ਪਈਆਂ।ਵੇਖਦਿਆਂ ਹੀ ਵੇਖਦਿਆ ਮਰਾਸੀਆਂ ਦੇ ਟੋਲਿਆਂ ਵਾਂਗ, ਗੁਸਲਖਨਿਆਂ’ਚ ਗਾਉਂਣ ਵਾਲਿਆਂ ਨੇ ਵੀ ਢੋਲਕੀਆਂ-ਛੈਣੇ ਚੁੱਕ ਲਏ।ਸਾਲ ਕੁ ਦੇ ਅੰਦਰ ਹੀ ਹਜਾਰਾਂ ਤਾਨਸੈਨ ਦੇ ਪਿਓ ਬਣ ਬੈਠੇ।

ਇਥੋਂ ਹੀ ਔਰਤ-ਜਾਤੀ ਨੂੰ ਨਿਸ਼ਾਨਾ ਬਣਾਉਂਣ ਦਾ ਰੁਝਾਨ ਵਧਿਆ। ਗੀਤਕਾਰੀ ਦੀ ਭੱਦੀ ਸ਼ਬਦਾਵਲੀ ਵਿੱਚ ਜਾਂ ਤਾਂ ਔਰਤ ਨੂੰ ਇੱਕ ਬਜਾਰੀ ਵਸਤੂ ਦੇ ਤੌਰ ਤੇ ਪੇਸ਼ ਕੀਤਾ ਗਿਆ ਜਾਂ ਫਿਰ ਉਸ ਦੇ ਅੰਗਾਂ ਦੀ ਕਾਮਕ ਪ੍ਰਦਰਸ਼ਨੀ ਕੀਤੀ ਗਈ। ਜੱਟ ਕਮਲੇ ਦੇ ਤਾਂ ਪਿੱਛੇ ਹੀ ਪੈ ਗਏ। ਮੁੱਕਦੀ ਗੱਲ, ਅਮੀਰ ਵਿਰਸੇ ਅਤੇ ਪੰਜਾਬੀ ਖੁਸ਼ਹਾਲ ਜੀਵਨ ਦੇ ਸਿਧਾਂਤਕ ਤੇ ਦਾਰਸ਼ਨਿਕ ਪੱਖਾਂ ਦੀਆਂ ਬੁਨਿਆਦੀ ਖ਼ੂਬੀਆਂ ਨੂੰ ਉਹਲੇ ਰੱਖ ਕੇ, ਕੁਰੂਪ-ਭਾਸ਼ਾ ਵਿੱਚ ਗੀਤ ਰਚਨਾ ਕੀਤੀ ਗਈ। ਗੀਤ-ਸੰਗੀਤ ਦਾ ਵਿਧਾਨ ਹੈ ਕਿ ਇਹ ਸ਼ਕਤੀ ਪੈਦਾ ਕਰੇ, ਸ਼ਰਮਸ਼ਾਰ ਨਾ ਕਰੇ। ਅਨੰਦ ਤੇ ਸਰੂਰ ਆਵੇ ਨਾ ਕਿ ਮਾਂ-ਪਿਓ, ਭੈਣ-ਭਰਾ ਤੇ ਸੰਗੀਆਂ-ਸਾਥੀਆਂ ’ਚ ਬਹਿ ਕੇ ਸੁਣਨ ਵੇਲੇ ਸਿਰ ਸੁੱਟ ਕੇ ਨੀਵੀ ਪਾਉਂਣੀ ਪਵੇ। ਸਾਡਾ ਵਿਰਸਾ ਤਾਂ ਕੀੜੀ ਸਾਰਖੀ ਨੂੰ ਦੁੱਖ ਨਹੀਂ ਦਿੰਦਾ, ਸਾਡੇ ਹੀ ਵਿਰਾਸਤ ਦੇ ਨਾਮ ਥੱਲੇ ਗਾਉਂਣ ਵਾਲਿਆਂ ਨੇ, ਸਾਡੀਆਂ ਧੀਆਂ, ਭੈਣਾਂ ਦੇ ਸਾਰੇ ਦੇ ਸਾਰੇ ਕਪੜੇ ਉਤਾਰ ਦਿੱਤੇ ਹਨ। ਬੇ-ਹਯਾਈ ਏਡੀ, ਕਿ ਹੋਕਾ ਦੇਣਾ ਕਿ ਅਸੀਂ ਪੰਜਾਬੀ ਸਭਿਆਚਾਰ ਦੀ ਸੇਵਾ ਕਰ ਰਹੇ ਹਾਂ। ਵਿਰਾਸਤ ਸੰਭਾਲ ਰਹੇ ਹਾਂ। ਡਾਢਾ ਦੁੱਖ ਹੈ ਕਿ ਹੁਣ ਤਾਂ ਢਾਡੀ “ਨੱਥੇ ਤੇ ਅਬਦੁੱਲੇ” ਦੇ ਪੈਰੋਕਾਰ ਵੀ ਅਸ਼ਲੀਲ ਗੀਤਕਾਰੀ ਕਰਨ ਲੱਗ ਪਏ ਹਨ।

ਕਨੇਡਾ ਜਹੇ ਮੁਲਕ’ਚ ਵਸਦੇ ਪੰਜਾਬੀ ਭਾਈਚਾਰੇ ਦੀ ਗੱਲ ਕਰੀਏ ਤਾਂ ਇਥੇ ਵੀ ਲੱਚਰ ਗਾਇਕੀ ਦੀ ਬਦਬੂ ਫੈਲੀ ਹੋਈ ਹੈ। ਗਰਮੀਆਂ ਦੇ ਆਉਂਦਿਆਂ ਹੀ ਵਪਾਰੀ ਲੋਕ ਗਰਮ ਹੋ ਜਾਂਦੇ ਹਨ। ਕਹਾਵਤ ਹੈ ਕਿ ਵਪਾਰੀ ਆਖਰ ਵਪਾਰੀ ਹੀ ਹੁੰਦਾ ਹੈ ਤੇ ਉਸ ਨੇ ਮਾਇਆ ਖਾਤਰ ਚੰਗਾ/ਮੰਦਾ ਵਪਾਰ ਕਰਨਾ ਹੀ ਕਰਨਾ ਹੈ। ਵਪਾਰਕ ਦ੍ਰਿਸ਼ਟੀਕੋਣ ਤੋਂ ਗੀਤਾਂ ਦੀਆਂ ਮਹਿਫਲਾਂ ਸਜਾਉਂਣ ਲਈ ਤਿਆਰੀਆਂ ਆਰੰਭ ਹੋ ਜਾਂਦੀਆਂ ਹਨ। ਦਰਅਸਲ ਭਰਵੇਂ ਇਕੱਠਾਂ ਵਿੱਚ ਲੱਚਰ ਤੇ ਅਸ਼ਲੀਲ ਗਾਇਕੀ ਵੀ ਇਕ ਬਹੁਤ ਵੱਡਾ ਵਪਾਰਕ ਅਦਾਰਾ ਬਣ ਗਿਆ ਹੈ। ਮਹਿੰਗੀਆਂ ਤੋਂ ਮਹਿੰਗੀਆਂ ਟਿਕਟਾਂ ਵੇਚੀਆਂ ਜਾਂਦੀਆਂ ਹਨ। ਤਹਿਜੀਬ ਅਤੇ ਇਖਲਾਕ ਤੋਂ ਗਿਰੇ ਹੋਏ ਫ਼ਨਕਾਰ ਪੇਸ਼ ਕੀਤੇ ਜਾਂਦੇ ਹਨ। ਨਿਮਰ ਪੁੱਛਣਾ ਚਾਹੁੰਦਾ ਹਾਂ ਕਿ ਪੈਸੇ ਦੇ ਲਾਲਚ ਵਿੱਚ ਇਨ੍ਹਾਂ ਦੇ ਮਹਿੰਗੇ ਪ੍ਰੋਗਰਾਮਾਂ ਨੂੰ ਪੰਜਾਬੀ ਮੀਡੀਏ ਤੋਂ ਬਿਨ੍ਹਾਂ ਹੋਰ ਕੌਣ ਉਤਸ਼ਾਹਤ ਕਰਦਾ ਹੈ। ਸੌ/ਦੋ ਸੌ ਡਾਲਰ ਤੋਂ ਵੀ ਵੱਧ ਕੀਮਤ ਦੀਆਂ ਟਿਕਟਾਂ ਲੈ ਕੇ,  ਬੀਵੀ,  ਬੱਚਿਆਂ ਸਮੇਤ ਵੇਖਣ/ਸੁਣਨ ਕੌਣ ਲੋਕ ਜਾਂਦੇ ਹਨ?ਇਸ ਵਿੱਚ ਹੀ ਅਸ਼ਲੀਲਤਾ-ਭਰੀ ਗਾਇਕੀ ਦੇ ਵਿਕਾਸ ਦਾ ਰਾਜ਼ ਛੁੱਪਿਆ ਹੋਇਆ ਹੈ। ਸੰਖੇਪ ਵਿੱਚ ਕਲਾਕਾਰਾਂ/ਗੀਤਕਾਰਾਂ ਨਾਲੋਂ ਜਿਥੇ ਮੀਡੀਆ ਜਿਆਦਾ ਕਸੂਰਵਾਰ ਹੈ, ਉਥੇ ਅਸੀਂ ਸਰੋਤੇ ਵੀ ਘੱਟ ਕਸੂਰਵਾਰ ਨਹੀਂ ਹਾਂ। ਮਿਆਰੋਂ ਗਿਰੇ ਹੋਏ ਮੰਦੀ ਭਾਸ਼ਾਂ’ਚ ਗੀਤ ਗਾਉਂਣ ਵਾਲੇ ਕਲਾਕਾਰਾਂ ਨੂੰ ਮੀਡੀਆ ਜੇ ਪ੍ਰਮੋਟ ਨਾ ਕਰੇ ਅਤੇ ਸੁਣਨ ਵਾਲੇ ਨਾ ਜਾਣ ਤਾਂ ਕੁਝ ਹੱਦ ਤੱਕ ਇਸ ਸਮਸਿਆ ਦਾ ਹੱਲ ਸੰਭਵ ਹੈ। ਫਨਕਾਰ ਖਾਲੀ ਪੇਟ ਵਜਾਉਂਦੇ ਮੁੜ ਜਾਣਗੇ ਤੇ ਮੁੜ ਆਉਂਣ ਦਾ ਹੀਆ ਨਹੀਂ ਕਰਨਗੇ। ਸੋ, ਪੰਜਾਬੀ ਮੀਡੀਆ ਇੱਕ ਪਲੇਟਫਾਰਮ ਤੇ ਇੱਕ-ਜੁਟ ਹੋਵੇ।

‘ਲੱਚਰ ਅਤੇ ਅਸ਼ਲੀਲ ਗਾਇਕੀ’ ਰੂਪੀ ਦੈਂਤ ਦੇ ਖਾਤਮੇ ਦਾ ਇੱਕ ਹੱਲ ਹੈ। ਇਸ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਮੰਦੇ ਗੀਤ-ਲਿਖਾਰੀਆਂ ਅਤੇ ਉਨ੍ਹਾਂ ਦੀ ਪੇਸ਼ਕਾਰੀ’ਚ ਬਾਂਦਰ-ਟਪੂਸੀਆਂ ਮਾਰਨ ਵਾਲੇ ਫ਼ਨਕਾਰਾਂ ਨੇ ‘ਔਰਤ’ ਤੇ ਨਿਸ਼ਾਨਾਂ ਸਾਧਿਆ ਹੋਇਆ ਹੈ, ਇਸ ਰੁਝਾਨ ਦਾ ਅੰਤ ਵੀ ਔਰਤ ਦੇ ਹੱਥ ਵਿੱਚ ਹੀ ਹੈ।ਪੰਜਾਬੀ ਔਰਤ ਸਮੂਹ, ਪਹਿਲਾਂ ਮੀਡੀਆ ਉਦਾਲੇ ਹੋਵੇ। ਕਈ ਰੇਡੀਓ ਸੰਚਾਲਕ ਔਰਤਾਂ ਵੀ ਹਨ ਜੋ ਮਿਸਾਲੀ ਤੇ ਅਹਿਮ ਰੋਲ ਨਿਭਾ ਸਕਦੀਆਂ ਹਨ। ਪ੍ਰੋਗਰਾਮ ਪ੍ਰਮੋਟਰਾਂ ਦੀਆਂ ਪ੍ਰਵਾਰਿਕ ਔਰਤਾਂ, ਗੀਤ ਲਿਖਾਰੀਆਂ ਤੇ ਗਾਇਕਾਂ ਦੀਆਂ ਔਰਤਾਂ ਨੂੰ ਜਾਗਰੂਕ ਕੀਤਾ ਜਾਏ। ਜਿਥੇ-ਕਿਤੇ ਅਜੇਹਾ ਪ੍ਰੋਗਰਾਮ ਹੋਵੇ, ਡੱਟ ਕੇ ਵਿਰੋਧ ਕੀਤਾ ਜਾਏ। ਮਹਿੰਗੀਆਂ ਟਿਕਟਾਂ ਖਰੀਦ ਕੇ ਵੇਖਣ ਵਾਲੇ ਪਤੀਆਂ ਤੇ ਰਿਸ਼ਤੇਦਾਰਾਂ ਨੂੰ ਰੋਕਿਆ ਜਾਏ। ਅਗਰ ਇਹ ਲਹਿਰ ਬਣ ਕੇ ਉਭਰੇ ਤਾਂ ਲੱਚਰ ਗਾਇਕੀ ਆਪਣੀ ਮੌਤੇ ਆਪੇ ਮਰ ਜਾਏਗੀ।

ਸਿਧਾਂਤਕ ਤੌਰ 'ਤੇ ਗਾਉਣਾ ਗੁਨਾਹ ਨਹੀਂ ਹੈ। ਸਾਡੀ ਸਮਝ ਵਿੱਚ ਗੀਤਕਾਰੀ ਪੇਸ਼ਾ ਅੱਵਲ ਦਰਜੇ ਦਾ ਇਕ ਮੁਤਬਰਕ ਪੇਸ਼ਾ ਹੈ। ਪੇਸ਼ੇ ਵਜੋਂ ਗੀਤਕਾਰਾਂ ਨੂੰ ਇੱਕ ਰਾਏ ਹੈ ਕਿ ਗੀਤ ਲਿਖਦੇ ਸਮੇਂ ਸ਼ਰ੍ਹਾਂ ਦੀ ਸ਼ਰਮ ਤਿਆਗਣੀ ਗਲਤ ਗੱਲ ਹੈ। ਗੀਤਕਾਰੀ’ਚ ਵਿਸ਼ਵਾਸ਼ ਪੈਦਾ ਕਰਨ ਹਿਤ, ਉੱਤਮ ਸ਼ਬਦਾਂ ਦੀ ਚੋਣ ਸਤਿਕਾਰ ਪੈਦਾ ਕਰਦੀ ਹੈ। ਰੂਪ ਦੀ ਨੁਹਾਰ ਹੋਵੇ ਜਾਂ ਪ੍ਰੇਮ-ਪੀੜਾ ਦਾ ਵਰਣਨ, ਬਬੀਹੇ ਵਾਂਗ ‘ਪ੍ਰਿਓ-ਪ੍ਰਿਓ’ ਦੀ ਆਵਾਜ਼ ਦਿੱਤੀ ਜਾਏ। ਅਲੱਥ ਜੋਬਨ ਤੁਰੰਗ ਜਾਂ ਬ੍ਰਿਹੋਂ ਭਰੀਆਂ ਰਾਤਾਂ ਜਾਗ ਜਾਗ ਕੇ ਕੱਟਣ ਦੀ ਮਾਨਸਿਕ ਦਸ਼ਾਂ ਦਾ ਉਲੇਖ ਲਾਜ-ਸ਼ਰਮ ਦੀਆਂ ਹੱਦਾਂ ਵਿੱਚ ਰਹੇ ਤਾਂ ਬਹੁਤ ਚੰਗਾ ਹੈ। ਯਾਦ ਰੱਖਣਾ ਚਾਹੀਦਾ ਹੈ ਕਿ ਹੁਣ ਇਤਰਾਜ਼-ਭਰੇ ਅਤੇ ਅਸਭਿਅਕ ਬੋਲੀ’ਚ ਲਿਖੇ ਤੇ ਗਾਏ ਗਏ ਗੀਤਾਂ ਕਾਰਨ, ਤੁਹਾਡੀ ਬੇੜੀ ਜਾਗਰੂਕ ਤੇ ਸਮਾਜ ਸੁਧਾਰੂ ਤੂਫ਼ਾਨ ਦੇ ਕਠੋਰ ਥਪੇੜਿਆਂ ਦੀ ਮਾਰ ਹੇਠ ਆ ਗਈ ਹੈ। ਔਰਤ ਦੁਰ-ਦੁਰ ਕਰਦੀ ਹੈ, ਭੈਣਾਂ ਦੇ ਵਿਹੜੇ ਤੱਕੀਏ ਤਾਂ ਤੁਹਾਨੂੰ ਫਿੱਟਕਾਰ ਪੈਂਦੀ ਹੈ।  ਮਾਨੋ! ਇਸਤ੍ਰੀ ਵਰਗ ਦੀਆਂ ਵਿਰੋਧੀ ਸਰਗਰਮੀਆਂ ਨਾਲ ਔਖਿਆਈਆਂ ਵੱਧ ਜਾਣੀਆਂ ਹਨ। ਤੁਹਾਡੇ ਵਿੱਚੋਂ ਕਈ ਪਹਿਲਾਂ ਵੀ ਲੱਜਿਤ ਹੋ ਕੇ ਮੁਆਫੀ ਮੰਗ ਚੁੱਕੇ ਹਨ। ਸੁਚਿਆਰੂ ਮੱਤ ਹੈ ਕਿ ਗੀਤ ਹੀ ਸੰਸਕ੍ਰਿਤੀ ਨੂੰ ਜੀਵਤ ਰੱਖਦੇ ਹਨ। ਨਾ ਕੋਈ ਭਾਸ਼ਾ ਦੇ ਸ਼ਬਦ-ਕੋਸ਼ ਵਿੱਚ ਤੋਟ ਆਈ ਹੈ ਤੇ ਨਾ ਹੀ ਗੀਤ ਮੁੱਕੇ ਹਨ। 

ਸੋ, ਚੰਗੇ ਅਮਲਾਂ ਦਾ ਪੱਲਾ ਫੜੀਏ। ਉੱਚ-ਪਾਏਦਾਰ ਗੀਤਾਂ ਨੂੰ ਪਸੰਦ ਕੀਤਾ ਜਾਂਦਾ ਹੈ ਤੇ ਚੰਗੇ ਕੰਮਾਂ ਦਾ ਇਵਜਾਨਾ ਵਧੇਰੇ ਮਿਲਦਾ ਹੈ।ਸੁਪ੍ਰਸਿੱਧ ਲੇਖਕ ਦਵਿੰਦਰ ਸਤਿਆਰਥੀ ਦਾ ਕਹਿਣ ਹੈ ਕਿ ‘ਪੰਜਾਬੀ, ਹਰ ਚੀਜ਼ ਨੂੰ ਘੋਖ ਕੇ ਵੇਖਦਾ ਹੈ ਤੇ ਕਿਸੇ ਗੱਲ ਨੂੰ ਗੀਤ ਵਿੱਚ ਥਾਂ ਦੇਣ ਤੋਂ ਪਹਿਲਾਂ, ਕਈ ਵਾਰ ਕਸਵੱਟੀ ਉੱਤੇ ਖਰ੍ਹੇ ਸੋਨੇ ਵਾਂਗ ਪਰਖਦਾ ਹੈ’।

Say "NO" to crappy singers like these


Disclaimer: Khalsanews.org does not necessarily endorse the views and opinions voiced in the news।  articles।  audios videos or any other contents published on www.khalsanews.org and cannot be held responsible for their views.  Read full details....

Go to Top