ਰਾਧਾ
ਸੁਆਮੀ ਡੇਰਾ ਬਿਆਸ ਦੇ ਮੁੱਖੀ ਗੁਰਿੰਦਰ ਸਿੰਘ ਢਿੱਲੋਂ ਵੜੈਚ ਪਿੰਡ ਦੇ ਗੁਰਦੁਆਰਾ ਸਾਹਿਬ
ਜਿਸ ਨੂੰ ਕਦੇ ਡੇਰੇ ਨੇ ਹੀ ਢਾਹ ਢੇਰੀ ਕਰ ਦਿੱਤਾ ਸੀ।
ਉਸ ਗੁਰੂ ਘਰ ਦੀ ਪੁਨਰ ਨਿਰਮਾਣ ਲਈ ਕਾਰ ਸੇਵਾ ਆਰੰਭਣ ਤੋਂ ਬਾਅਦ ਸ਼੍ਰੀ ਦਰਬਾਰ ਸਾਹਿਬ
ਵਿਖੇ ਸ਼ੁਕਰਾਨੇ ਹਿੱਤ ਨਸਮਸਤਕ ਹੋਣ ਪੁੱਜੇ। ਡੇਰਾ ਮੁੱਖੀ ਦੇ ਦਰਬਾਰ ਸਾਹਿਬ ਨਤਮਸਤਕ
ਹੋਣ ਅਤੇ ਉਸ ਵੱਲੋਂ ਡੇਰੇ ਨੂੰ ਪੰਥ ਦਾ ਹੀ ਅੰਗ ਦੱਸਣ ਦੇ ਕਈ ਅਰਥ ਨਿਕਲਦੇ ਹਨ ਅਤੇ ਕੱਢੇ
ਵੀ ਜਾ ਸਕਦੇ ਹਨ ਕਿਉਂਕਿ ਡੇਰਿਆਂ ਦੀ ਅਸਲੀਅਤ ਸਿੱਖੀ ਨੂੰ ਢਾਅ ਲਾਉਣ ਤੋਂ ਇਲਾਵਾ ਹੋਰ
ਕੁਝ ਨਹੀਂ ਹੈ।
ਰਾਧਾ ਸੁਆਮੀ ਡੇਰਾ ਮੁੱਖੀ ਵੱਲੋਂ ਭਾਵੇਂ ਕਿਸੇ ਦੂਰ
ਦੀ ਸੋਚ ਨਾਲ ਸਿੱਖਾਂ ਨੂੰ ਚੋਗਾ ਪਾਉਣ ਲਈ ਗੁਰੂ ਨਾਨਕ ਸਾਹਿਬ ਨੂੰ ਹੀ ਆਪਣਾ ਰਹਿਬਰ ਅਤੇ
ਸ਼੍ਰੀ ਦਰਬਾਰ ਸਾਹਿਬ ਪ੍ਰਤੀ ਆਪਣੀ ਆਸਥਾ ਦਾ ਪ੍ਰਗਟਾਵਾ ਕਰਦਿਆਂ ਡੇਰੇ ’ਚ ਸ਼੍ਰੀ ਗੁਰੂ
ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਤੱਕ ਦਾ ਐਲਾਨ ਕੀਤਾ ਗਿਆ। ਪ੍ਰੰਤੂ ਭਵਿੱਖ ’ਚ ਸਿੱਖੀ
ਸਿਧਾਂਤਾਂ ਨੂੰ ਅਸਿੱਧੇ ਰੂਪ ’ਚ ਖੋਰਾ ਲਾਉਣ ਦੀ ਖੇਡ ਖੇਡੀ ਜਾਵੇਗੀ ਤਾਂ ਉਸ ਸਮੇਂ ਸਿੱਖਾਂ
ਪਾਸ ਸਿਵਾਰੇ ਜਾਲ ’ਚ ਫਸੇ ਪੰਛੀ ਵਾਂਗੂ ਤੜਫਨ ਤੋਂ ਇਲਾਵਾ ਹੋਰ ਕੁਝ ਨਹੀਂ ਹੋਵੇਗਾ।
ਖੈਰ ਡੇਰਾ ਮੁੱਖੀ ਦਾ ਗੁਰੂ ਸਾਹਿਬਾਨ, ਗੁਰੂ ਗ੍ਰੰਥ
ਸਾਹਿਬ ਅਤੇ ਦਰਬਾਰ ਸਾਹਿਬ ਪ੍ਰਤੀ ਆਸਥਾ ਪ੍ਰਗਟਾਉਣ ਤੋਂ ਬਾਅਦ ਉਨ੍ਹਾਂ ਸਿੱਖਾਂ ਨੂੰ
ਜਿਹੜੇ ਅਜਿਹੇ ਡੇਰਿਆਂ ਦੇ ਮੁਰੀਦ ਬਣੇ ਹੋਏ ਹਨ, ਉਨ੍ਹਾਂ ਨੂੰ ਜ਼ਰੂਰ ਇਹ ਸਬਕ ਲੈਣਾ
ਚਾਹੀਦਾ ਹੈ ਕਿ ਇਸ ਦੁਨੀਆਂ ’ਚ ਅਧਿਆਤਮਿਕ ਚਾਨਣ ਮੁਨਾਰਾ ਜਿਹੜਾ ਹਰ ਮਨੁੱਖ ਨੂੰ
ਰੁਹਾਨੀਆ ਦੀ ਰੌਸ਼ਨੀ ਦੇ ਸਕਦਾ ਹੈ। ਉਸ ਸਿਰਫ ਤੇ ਸਿਰਫ ਸ਼੍ਰੀ ਗੁਰੂ ਗ੍ਰੰਥ ਸਾਹਿਬ ’ਚ
ਦਰਜ ਗੁਰਬਾਣੀ ਹੈ, ਗੁਰਬਾਣੀ ਤੋਂ ਬਿਨ੍ਹਾਂ ਇਸ ਜਗ ’ਚ ਰੂਹਾਨੀਅਤ ਦਾ ਕੋਈ ਹੋਰ ਚਾਨਣਾ
ਮੁਨਾਰਾ ਨਹੀਂ ਹੈ। ਗੁਰੂ ਸਾਹਿਬਾਨ ਨੇ ਭੁੱਲੇ-ਭਟਕੇ ਲੋਕਾਂ ਨੂੰ ਜਿਹੜੇ ਪਾਖੰਡੀ
ਬ੍ਰਾਹਮਣਾਂ, ਸਾਧਾਂ ਦੇ ਮੱਕੜ ਜਾਲ ’ਚ ਫਸੇ ਹੋਏ ਸਨ ਅਤੇ ਉਨ੍ਹਾਂ ਦਾ ਹਰ ਤਰ੍ਹਾਂ ਦਾ
ਸ਼ੋਸ਼ਣ ਇੰਨਾ ਅਖੌਤੀ ਧਾਰਮਿਕ ਧਿਰਾਂ ਵੱਲੋਂ ਕੀਤਾ ਜਾਂਦਾ ਸੀ, ਦਾ ਭਾਂਡਾ ਚੌਰਾਹੇ ’ਚ
ਭੰਨਿਆ ਸੀ ਅਤੇ ਪਾਖੰਡ ਅਗਿਆਨ, ਅਡੰਬਰ ਤੇ ਸ਼ੋਸ਼ਣ ਦੀ ਧੁੰਦ ਹਵਾ ਨੇ ਸੱਚ ਦੇ ਧਰਮ ਦਾ
ਚਾਨਣਾ ਬਿਖੇਰਿਆ ਸੀ। ਸਿੱਖ ਧਰਮ ਦੇ ਜਿੱਥੇ ਹਰ ਮਨੁੱਖ ਨੂੰ ਮਾਨਸਿਕ ਰੂਪ ’ਚ ਰੂਹਾਨੀਅਤ
ਦੀ ਖੁਰਾਕ ਨਾਲ ਤਕੜਾ ਕਰਦਾ ਹੈ, ਉਥੇ ਮਨੁੱਖ ਨੂੰ ਪਰਮ ਮਨੁੱਖ ਬਣਾਉਣ ਲਈ ਜ਼ਿੰਦਗੀ ਦੇ
ਹਰ ਖੇਤਰ ’ਚ ਪੂਰੀ ਅਗਵਾਈ ਦਿੰਦਾ ਹੈ।
ਮਨੁੱਖ ਦੀ ਧਰਮ ਦੇ ਨਾਂ ’ਤੇ ਹੁੰਦੀ ਲੁੱਟ-ਖਸੁੱਟ
ਰੋਕਣ ਲਈ ਹੀ ਗੁਰੂ ਸਾਹਿਬਾਨ ਨੇ ਗੁਰਬਾਣੀ ਦੇ ਗਿਆਨ ਨਾਲ ਹਰ ਮਨੁੱਖ ਨੂੰ ਜਾਗਰੂਕ ਕਰਨ
ਦਾ ਮਾਰਗ ਸਿੱਖੀ ਮਾਰਗ ਦੇ ਰੂਪ ’ਚ ਦਰਸਾਇਆ ਸੀ ਪ੍ਰੰਤੂ ਹੱਟੀਆਂ ਵਾਲੇ ਇਹ ਪਾਖੰਡੀ ਬਾਬੇ
ਲੋਕਾਂ ਦੀ ਭਟਕੀ ਮਾਨਸਿਕਤਾ ਦੀ ਕਮਜ਼ੋਰੀ ਦਾ ਲਾਹਾ ਲੈ ਕੇ ਉਨ੍ਹਾਂ ਨੂੰ ਗੁੰਮਰਾਹ ਕਰ ਕੇ
ਆਪਣੀਆਂ ਹੱਟੀਆਂ ਚਮਕਾਈ ਬੈਠੇ ਹਨ। ਡੇਰਾ ਮੁੱਖੀ ਨੇ ਜਾਣੇ-ਅਣਜਾਣੇ ’ਚ ਸੱਚ ਨੂੰ ਸਵੀਕਾਰ
ਕੀਤਾ ਹੈ, ਜਿਸ ਤੋਂ ਭੁੱਲੇ-ਭਟਕੇ ਸਿੱਖਾਂ ਦੀਆਂ ਅੱਖਾਂ ਜ਼ਰੂਰ ਖੁੱਲਣੀਆਂ ਚਾਹੀਦੀਆਂ ਹਨ
ਅਤੇ ਉਨ੍ਹਾਂ ਨੂੰ ਡੇਰਿਆਂ ਦਾ ਖਹਿੜਾ ਛੱਡ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ’ਚ ਆ
ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਲੋਕ-ਪ੍ਰਲੋਕ ਨੂੰ ਸੁਧਾਰਨ ਦਾ ਹੋਰ ਕੋਈ ਰਸਤਾ ਨਹੀਂ
ਹੈ।