Share on Facebook

Main News Page

ਬਾਦਲ ਜੋੜੀ ਨੂੰ ਅਕਾਲ ਤਖਤ 'ਤੇ ਤਲਬ ਕੀਤਾ ਜਾਵੇ
- ਪਰਮਜੀਤ ਸਿੰਘ ਸਰਨਾ

* ਤਰਨ ਤਾਰਨ ਦੀ ਘਟਨਾ ਅਤਿ ਮੰਦਭਾਗੀ

ਅੰਮ੍ਰਿਤਸਰ 5 ਮਾਰਚ (ਜਸਬੀਰ ਸਿੰਘ): ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰੀ ਪਰਮਜੀਤ ਸਿੰਘ ਸਰਨਾ ਨੇ ਬੀਤੇ ਕਲ੍ਹ ਤਰਨ ਤਾਰਨ ਵਿਖੇ ਵਾਪਰੀ ਘਟਨਾ ਦੀ ਕੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਇਸ ਘਟਨਾ ਲਈ ਮੁੱਖ ਤੌਰ 'ਤੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਤੇ ਡਿਪਟੀ ਮੁੱਖ ਮੰਤਰੀ ਸ੍ਰੀ ਸੁਖਬੀਰ ਸਿੰਘ ਬਾਦਲ ਦੋਸ਼ੀ ਹਨ ਜਿਹਨਾਂ ਬਿਨਾਂ ਕਿਸੇ ਦੇਰੀ ਤੋ ਅਕਾਲ ਤਖਤ 'ਤੇ ਤਲਬ ਕਰਕੇ ਤਨਖਾਹ ਲਗਾਈ ਜਾਵੇ।

ਜਾਰੀ ਇੱਕ ਬਿਆਨ ਰਾਹੀ ਸ੍ਰੀ ਸਰਨਾ ਨੇ ਕਿਹਾ ਕਿ ਪੰਜਵੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਚਰਨ ਛੋਹ ਪ੍ਰਾਪਤ ਪਵਿੱਤਰ ਨਗਰੀ ਸ੍ਰੀ ਤਰਨ ਤਾਰਨ ਸਾਹਿਬ ਵਿਖੇ ਇੱਕ ਲੜਕੀ ਦੀ ਪੁਲੀਸ ਵੱਲੋ ਸ਼ਰੇਆਮ ਕੁੱਟ ਮਾਰ ਕੀਤੇ ਜਾਣਾ ਸਪੱਸ਼ਟ ਕਰਦਾ ਹੈ, ਕਿ ਪੰਜਾਬ ਵਿੱਚ ਪੂਰੀ ਤਰ੍ਹਾ ਜੰਗਲ ਰਾਜ ਹੈ। ਉਹਨਾਂ ਕਿਹਾ ਕਿ ਪੁਲੀਸ ਵੱਲੋਂ ਪਵਿੱਤਰ ਨਗਰੀ ਵਿੱਚ ਇੱਕ ਅਬਲਾ ਤੇ ਡਾਂਗਾ ਸੋਟਿਆ ਨਾਲ ਹਮਲਾ ਕਰਨਾ ਸਾਬਤ ਕਰਦਾ ਹੈ, ਕਿ ਪੰਜਾਬ ਵਿੱਚ ਕੋਈ ਮਹਿਲਾ ਸੁਰੱਖਿਅਤ ਨਹੀਂ ਹੈ।

ਉਹਨਾਂ ਕਿਹਾ ਕਿ ਤਰਨ ਤਾਰਨ ਸ਼ਹਿਰ ਵਿੱਚ ਹੀ ਮੁਗਲ ਸਰਕਾਰ ਨਾਲ ਟੱਕਰ ਲੈਦਿਆਂ ਬਾਬਾ ਬੋਤਾ ਸਿੰਘ ਤੇ ਗਰਚਾ ਸਿੰਘ ਨੇ ਧੀਆਂ ਭੈਣਾਂ ਦੀ ਰਾਖੀ ਕਰਦਿਆਂ ਇੱਕ ਨਵਾਂ ਇਤਿਹਾਸ ਸਿਰਿਜਆ ਸੀ, ਪਰ ਫਿਰ ਉਸੇ ਧਰਤੀ ਤੇ ਇੱਕ ਅਬਲਾ ਦੀ ਕੁੱਟਮਾਰ ਕੀਤੀ ਜਾਣੀ, ਮੁਗਲ ਸਾਮਰਾਜ ਦੀ ਯਾਦ ਨੂੰ ਤਾਜਾ ਕਰ ਗਈ ਹੈ। ਉਹਨਾਂ ਕਿਹਾ ਕਿ ਇਸ ਘਟਨਾ ਲਈ ਸਿੱਧੇ ਤੌਰ ਤੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਤੇ ਡਿਪਟੀ ਮੁੱਖ ਮੰਤਰੀ ਸ੍ਰੀ ਸੁਖਬੀਰ ਸਿੰਘ ਬਾਦਲ ਦੋਸ਼ੀ ਹਨ ਅਤੇ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਨੂੰ ਇਸ ਘਟਨਾ ਨੂੰ ਸਿੱਖ ਕੌਮ ਲਈ ਇੱਕ ਵੰਗਾਰ ਸਮਝ ਕੇ ਬਿਨਾਂ ਕਿਸੇ ਦੇਰੀ ਦੇ ਦੋਵੇ ਬਾਦਲਾਂ ਸ੍ਰੀ ਅਕਾਲ ਤਖਤ ਤੇ ਤਲਬ ਕਰਕੇ ਘਟਨਾ ਦਾ ਸਪੱਸ਼ਟੀਕਰਨ ਲੈਣ ਅਤੇ ਮਰਿਆਦਾ ਅਨੁਸਾਰ ਤਨਖਾਹ ਲਗਾਈ ਜਾਵੇ।

ਉਹਨਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਆਦਰਸ਼ ਰਾਜ ਵਰਗਾ ਰਾਜ ਪ੍ਰਬੰਧ ਦੇਣ ਦੀਆ ਟਾਹਰਾਂ ਮਾਰਨ ਵਾਲੇ ਕੀ ਇਹ ਦੱਸ ਸਕਦੇ ਹਨ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵੀ ਇਸੇ ਤਰ੍ਹਾ ਧੀਆਂ ਭੈਣਾਂ ਦੀਆ ਇੱਜਤਾਂ ਨਾਲ ਖਿਲਵਾੜ ਕੀਤਾ ਜਾਂਦਾ ਸੀ। ਉਹਨਾਂ ਕਿਹਾ ਕਿ ਪੰਜਾਬ ਵਿੱਚ ਔਰਤਾਂ ਮਹਿਫੂਜ ਨਹੀਂ ਉਹਨਾਂ ਦੀ ਸੁਰੱਖਿਆ ਲਈ ਲੋੜੀਦੇ ਪ੍ਰਬੰਧ ਕੀਤੇ ਜਾਣ ਅਤੇ ਪੰਜਾਬ ਦੇ ਰਾਜਪਾਲ ਨੂੰ ਨਿੱਜੀ ਦਿਲਚਸਪੀ ਲੈ ਕੇ, ਇਸ ਘਟਨਾ ਦੇ ਦੋਸ਼ੀਆਂ ਨੂੰ ਸਖਤ ਸਜਾਵਾ ਦਿਵਾਉਣੀਆ ਚਾਹੀਦੀ ਹਨ। ਉਹਨਾਂ ਕਿਹਾ ਕਿ ਜਥੇਦਾਰ ਨੂੰ ਚਾਹੀਦਾ ਹੈ, ਕਿ ਉਹ ਬਾਦਲਾਂ ਦੇ ਨਾਲ ਨਾਲ ਉਹਨਾਂ ਸਿੱਖ ਅਧਿਕਾਰੀਆਂ ਨੂੰ ਤਲਬ ਕਰੇ ਜਿਹਨਾਂ ਦੀ ਅਣਗਹਿਲੀ ਨਾਲ ਇਹ ਘਟਨਾ ਵਾਪਰੀ ਹੈ।


ਟਿੱਪਣੀ:

ਸਰਨਾ ਜੀ, ਇਸ ਘਟਨਾ ਦੀ ਨਿਖੇਦੀ ਕਰਨੀ ਬਣਦੀ ਹੈ, ਸਭ ਨੂੰ ਅਫਸੋਸ ਹੈ, ਅਤੇ ਆਵਾਜ਼ ਉਠਾਣੀ ਵੀ ਜਾਇਜ਼ ਹੈ। ਪਰ ਇਕ ਕਹਾਵਤ ਹੈ, ਕਿ ਲੱਤ ਖਾ ਕੇ ਤਾਂ ਕੁੱਬਾ ਵੀ ਸਿੱਧਾ ਹੋ ਜਾਂਦਾ ਹੈ, ਪਰ ਤੁਹਾਨੂੰ ਸ਼ਾਇਦ ਫੇਰ ਵੀ ਸਮਝ ਨਹੀਂ ਆਈ। ਜਿਸ ਅਖੌਤੀ ਜਥੇਦਾਰ ਨੇ ਦਿੱਲੀ ਚੋਣਾਂ ਤੋਂ ਐਨ ਪਹਿਲਾਂ ਤੁਹਾਡੇ ਖਿਲਾਫ ਬਿਆਨ ਦਿੱਤਾ ਸੀ, ਤੇ ਉਹ ਵੀ ਪੱਪੂ ਗੁਰਬਚਨ ਸਿੰਘ ਨੇ, ਜਿਹੜਾ ਬਾਦਲ ਦੇ ਟੁਕੜਿਆਂ 'ਤੇ ਪਲਦਾ ਹੈ, ਉਸ ਤੋਂ ਹਾਲੇ ਵੀ ਆਸ ਰੱਖਦੇ ਹੋ ਕਿ ਉਹ ਬਾਦਲਾਂ ਦੇ ਖਿਲਾਫ ਕੋਈ ਐਕਸ਼ਨ ਲਵੇਗਾ। ਕਿਹੜੀ ਮਿੱਟੀ ਦੇ ਬਣੇ ਹੋ, ਇੰਨੀ ਸ਼ਰਮਨਾਕ ਹਾਰ ਦੇ ਬਾਵਜੂਦ ਇਨ੍ਹਾਂ ਟੋਕੜਬੋਚਾਂ 'ਤੇ ਆਸਾਂ!!! ਹੈਰਾਨੀ ਹੁੰਦੀ ਹੈ... !!!

ਸੰਪਾਦਕ ਖ਼ਾਲਸਾ ਨਿਊਜ਼


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top