Share on Facebook

Main News Page

ਪੰਜਾਬੀ ਮਾਂ ਬੋਲੀ ਤੇ ਸਭਿਆਚਾਰ ਦੀ ਸੇਵਾ ਦੇ ਨਾਮ ਹੇਠ ਪਰੋਸੀ ਜਾ ਰਹੀ ਹੈ ਲੱਚਰਤਾ ਅਤੇ ਅਸਭਿਅਤਾ ਨੂੰ ਨੱਥ ਪਾਉਣ ਲਈ ਆਵਾਜ਼ ਉਠਾਉਣੀ ਸਮੇਂ ਦੀ ਮੁੱਖ ਲੋੜ
- ਕਿਰਪਾਲ ਸਿੰਘ ਬਠਿੰਡਾ
ਮੋਬ: +91 98554 80797

* ਕੰਜਰ ਕਿਸਮ ਦੇ ਗਾਇਕਾਂ ਨੂੰ ਉਤਸ਼ਾਹਤ ਕਰਨ ਲਈ ਜਿੱਥੇ ਰਾਜਨੀਤਕ ਆਗੂ ਜਿੰਮੇਵਾਰ ਹਨ, ਉਥੇ ਧਾਰਮਕ ਆਗੂਆਂ ਵੱਲੋਂ ਜਾਣ ਬੁੱਝ ਕੇ ਮੀਟੀਆਂ ਗਈਆਂ ਅੱਖਾਂ ਲਈ ਉਹ ਵੀ ਬਰਾਬਰ ਦੇ ਕਸੂਰਵਾਰ

* ਹੈਰਾਨੀ ਹੈ ਕਿ ਜੇ ਹਿੰਦੂ ਵੀਰਾਂ ਦੇ ਭਗਵਾਨ, ਦੇਵੀ ਦੇਵਤੇ ਤੇ ਰਿਸ਼ੀ ਮੁਨੀ ਬਲਾਤਕਾਰੀ ਤੇ ਨਸ਼ਈ ਹੋਣ ਦੇ ਬਾਵਯੂਦ ਵੀ ਉਹ ਲੱਚਰਤਾ ਅਤੇ ਨਸ਼ਿਆਂ ਦੀ ਵਰਤੋਂ ਨੂੰ ਆਪਣੇ ਸਭਿਆਚਾਰ ਦਾ ਅੰਗ ਮੰਨਣ ਲਈ ਤਿਆਰ ਨਹੀਂ, ਤਾਂ ਨਸ਼ਿਆਂ ਤੇ ਲਚਰਤਾ ਤੋਂ ਕੋਹਾਂ ਦੂਰ ਰਹਿਣ ਵਾਲੇ ਸਿੱਖ ਜਿਨ੍ਹਾਂ ਦਾ ਸ਼ਾਨਾਮੱਤੀ ਇਤਿਹਾਸ ਹੈ, ਉਹ ਸਭਿਆਚਾਰ ਦੇ ਨਾਮ ’ਤੇ ਇਨ੍ਹਾਂ ਕੰਜਰ ਕਲਾਕਾਰਾਂ ਵੱਲੋਂ ਗੰਦ ਪਾਏ ਜਾਣ ਨੂੰ ਕਿਵੇਂ ਬ੍ਰਦਾਸ਼ਤ ਕਰ ਰਹੇ ਹਨ

ਹਰ ਦੇਸ਼ ਵਿੱਚ ਕੁਝ ਚੰਗਾ ਵੀ ਵਾਪਰਦਾ ਹੈ ਤੇ ਕੁਝ ਮਾੜਾ ਵੀ। ਇਸੇ ਤਰ੍ਹਾਂ ਹਰ ਕੌਮ ਵਿੱਚ ਕੁਝ ਲੋਕ ਉਚੇ ਆਚਰਨ/ ਸਦਾਚਾਰਕ ਗੁਣਾਂ ਦੇ ਧਾਰਨੀ ਅਤੇ ਬਹਾਦਰ ਯੋਧੇ ਵੀ ਹੁੰਦੇ ਹਨ ਅਤੇ ਕੁਝ ਆਚਰਣਹੀਣ, ਡਾਕੂ, ਚੋਰ, ਜਾਰ, ਧੋਖੇਬਾਜ਼ ਅਤੇ ਕਾਇਰ ਲੋਕ ਵੀ ਹੁੰਦੇ ਹਨ। ਉਹੀ ਦੇਸ਼ ਤੇ ਕੌਮ ਤਰੱਕੀਆਂ ਕਰਦੇ ਤੇ ਦੁਨੀਆਂ ਵਿੱਚ ਨਾਮਣਾ ਖੱਟਦੇ ਹਨ ਜਿਹੜੇ ਆਪਣੇ ਦੇਸ਼, ਕੌਮ ਨਾਲ ਸਬੰਧਤ ਉਚੇ ਆਚਰਨ/ ਸਦਾਚਾਰਕ ਗੁਣਾਂ ਦੇ ਧਾਰਨੀ ਲੋਕਾਂ ਅਤੇ ਬਹਾਦਰ ਯੋਧਿਆਂ ’ਤੇ ਮਾਣ ਕਰਦੇ ਹੋਏ ਉਨ੍ਹਾਂ ਵੱਲੋਂ ਸਿਰਜੇ ਇਤਿਹਾਸ ਨੂੰ ਪ੍ਰਚਾਰਦੇ ਤੇ ਉਨ੍ਹਾਂ ਦੇ ਸ਼ੁਭ ਗੁਣਾਂ ਵਾਲਾ ਜੀਵਨ ਜਿਉਣ ਨੂੰ ਤਰਜੀਹ ਦਿੰਦੇ ਹਨ। ਦੇਸ਼ ਤੇ ਸਮਾਜ ਦੇ ਲੋਕਾਂ ਦੇ ਜੀਵਨ ਢੰਗ ਅਤੇ ਉਨ੍ਹਾਂ ਵੱਲੋਂ ਨਿਭਾਈਆਂ ਜਾ ਰਹੀਆਂ ਰਸਮਾਂ ਰਿਵਾਜਾਂ ਨੂੰ ਸਭਿਆਚਾਰ ਦਾ ਨਾਮ ਦਿੱਤਾ ਜਾਂਦਾ ਹੈ। ਭਾਰਤ ਦਾ ਸਭਿਆਚਾਰ ਮੁੱਖ ਤੌਰ ’ਤੇ ਦੋ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ। ਇੱਕ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਤੋਂ ਪਹਿਲਾਂ ਦਾ ਸਭਿਆਚਾਰ ਜਿਸ ਨੂੰ ਪ੍ਰਾਚੀਨ ਭਾਰਤੀ ਸਭਿਅਤਾ ਕਿਹਾ ਜਾਂਦਾ ਹੈ ਅਤੇ ਦੂਸਰਾ ਗੁਰੂ ਨਾਨਕ ਸਾਹਿਬ ਦੇ ਆਗਮਨ ਤੋਂ ਬਾਅਦ ਵਾਲਾ ਜਿਸ ਨੂੰ ਸਿੱਖ ਸਭਿਆਚਾਰ ਕਿਹਾ ਜਾਂਦਾ ਹੈ। ਕਿਉਂਕਿ ਸਿੱਖ ਗੁਰੂ ਸਾਹਿਬਾਨ ਅਤੇ ਸਿੱਖਾਂ ਦੀਆਂ ਸਰਗਰਮੀਆਂ ਦਾ ਜਿਆਦਾਤਰ ਕਾਰਜ ਖੇਤਰ ਤੇ ਕੇਂਦਰ ਪੰਜਾਬ ਹੀ ਰਿਹਾ ਹੈ ਇਸ ਲਈ ਸਿੱਖ ਸਭਿਆਚਾਰ ਨੂੰ ਪੰਜਾਬੀ ਸਭਿਆਚਾਰ ਵੀ ਕਿਹਾ ਜਾ ਸਕਦਾ ਹੈ।

ਹਿੰਦੂ ਪੁਰਾਣਾਂ, ਰਮਾਇਣ ਤੇ ਮਹਾਂਭਾਰਤ ਵਰਗੀਆਂ ਧਾਰਮਕ ਪੁਸਤਕਾਂ ਵਿੱਚ ਭਾਰਤੀ ਲੋਕਾਂ ਦੇ ਭਗਵਾਨ ਅਤੇ ਦੇਵਤਿਆਂ, ਰਿਸ਼ੀਆਂ ’ਤੇ ਕਈ ਕਈ ਤਰ੍ਹਾਂ ਦੇ ਦੋਸ਼ਾਂ ਦਾ ਵੀ ਜ਼ਿਕਰ ਹੈ ਜਿਨ੍ਹਾਂ ਵਿੱਚੋਂ ਬ੍ਰਹਮਾ ਵੱਲੋਂ ਆਪਣੀ ਹੀ ਧੀ ’ਤੇ ਮੈਲ਼ੀ ਨਜ਼ਰ ਕਰ ਲੈਣਾ, ਵਿਸ਼ਨੂੰ ਵੱਲੋਂ ਧੋਖੇ ਨਾਲ ਜਲੰਧਰ ਦੈਂਤ ਦੀ ਪਤੀਬ੍ਰਤਾ ਪਤਨੀ ਵ੍ਰਿੰਦਾ ਦਾ ਸਤਭੰਗ ਕਰਨਾ, ਸ਼ਿਵ ਜੀ ਦਾ ਨਸ਼ਈ ਤੇ ਕਾਮਅਗਨੀ ਵਿੱਚ ਵਿਆਕੁਲ ਹੋ ਕੇ ਔਰਤ ਪਿੱਛੇ ਨਗਨ ਹਾਲਤ ਵਿੱਚ ਦੌੜਨਾ, ਇੰਦਰ ਦੇਵਤੇ ਵਲੋਂ ਗੌਤਮ ਰਿਸ਼ੀ ਦੀ ਪਤਨੀ ਅਹੱਲਯਾ ਦਾ ਧੋਖੇ ਨਾਲ ਸਤਭੰਗ ਕਰਨਾ, ਪ੍ਰਾਸ਼ਰ ਰਿਸ਼ੀ ਵੱਲੋਂ ਮਲਾਹ ਦੀ ਲੜਕੀ ਮਤਸਯੋਦਰੀ ਨਾਲ ਨਦੀ ਪਾਰ ਕਰਦੇ ਸਮੇਂ ਕਿਸ਼ਤੀ ਵਿੱਚ ਹੀ ਬਲਾਤਕਾਰ ਕਰਨਾ, ਸ਼੍ਰੀ ਰਾਮ ਚੰਦਰ ਜੀ ਵੱਲੋਂ ਆਪਣੀ ਬੇਕਸੂਰ ਤੇ ਵਫ਼ਾਦਾਰ ਪਤਨੀ ਸੀਤਾ ਨੂੰ ਗਰਭਵਤੀ ਹਾਲਤ ਵਿੱਚ ਘਰੋਂ ਕੱਢ ਦੇਣਾ, ਪਾਂਡਵਾਂ ਵੱਲੋਂ ਆਪਣੀ ਪਤਨੀ ਦਰੋਪਦੀ ਨੂੰ ਜੂਏ ’ਚ ਹਾਰ ਦੇਣਾ ਅਤੇ ਸ਼੍ਰੀ ਕ੍ਰਿਸ਼ਨ ਜੀ ਵੱਲੋਂ ਬਿੰਦਰਾਬਨ ਦੇ ਜੰਗਲਾਂ ਵਿੱਚ ਗੋਪੀਆਂ ਨਾਲ ਰੰਗਰਲੀਆਂ ਮਨਾਉਣਾਂ ਤੇ ਨਦੀ ਵਿੱਚ ਨਹਾਉਂਦੀਆਂ ਦੇ ਕਪੜੇ ਚੁਰਾ ਕੇ ਆਪਣੇ ਸਾਹਮਣੇ ਨੰਗੀਆਂ ਬਾਹਰ ਆਉਣ ਲਈ ਮਜਬੂਰ ਕਰਨਾ ਆਦਿ। ਪਰ ਇਸ ਦੇ ਬਾਵਯੂਦ ਬੇਸ਼ੱਕ ਵਾਪਰ ਸਭ ਕੁਝ ਅੱਜ ਵੀ ਰਿਹਾ ਹੈ ਪਰ ਕੋਈ ਹਿੰਦੂ ਸਮਾਜ ਵਿੱਚ ਨਸ਼ਿਆਂ ਦੀ ਵਰਤੋਂ, ਔਰਤਾਂ ਨਾਲ ਬਲਾਤਕਰਨਾ, ਪਤਨੀਆਂ ਨੂੰ ਘਰੋਂ ਕੱਢਣਾ ਜਾਂ ਜੂਏ ਵਿੱਚ ਹਾਰ ਜਾਣ ਨੂੰ ਹਿੰਦੂ ਜਾਂ ਭਾਰਤੀ ਸਭਿਆਚਾਰ ਦਾ ਅੰਗ ਮੰਨਣ ਲਈ ਤਿਆਰ ਨਹੀਂ ਹੈ ਅਤੇ ਨਾ ਹੀ ਮੰਨਣਾ ਚਾਹੀਦਾ ਹੈ ਕਿਉਂਕਿ ਇਹ ਇੱਕ ਮਾੜਾ ਪੱਖ ਹੈ।

ਗੁਰੂ ਨਾਨਕ ਸਾਹਿਬ ਜੀ ਅਤੇ ਉਨ੍ਹਾਂ ਦੇ ਉਤਰਾਧਿਕਾਰੀ ਗੁਰੂ ਸਾਹਿਬ ਜੀ ਨੇ ਤਾਂ ਨਸ਼ਿਆਂ ਦੀ ਵਰਤੋਂ ਦਾ ਭਰਪੂਰ ਖੰਡਨ ਕਰਦੇ ਹੋਏ ਲਿਖਿਆ ਹੈ:

ਅੰਮ੍ਰਿਤ ਕਾ ਵਾਪਾਰੀ ਹੋਵੈ ਕਿਆ ਮਦਿ ਛੂਛੈ ਭਾਉ ਧਰੇ॥’ (ਗੁਰੂ ਗ੍ਰੰਥ ਸਾਹਿਬ – ਪੰਨਾ 360) ਜੇਹੜਾ ਮਨੁੱਖ ਅਟੱਲ ਆਤਮਕ ਜੀਵਨ ਦੇਣ ਵਾਲੇ ਇਸ ਰਸ ਦਾ ਵਪਾਰੀ ਬਣ ਜਾਏ ਉਹ ਹੋਛੇ ਸ਼ਰਾਬ ਨਾਲ ਪਿਆਰ ਨਹੀਂ ਕਰਦਾ ॥

ਇਤੁ ਮਦਿ ਪੀਤੈ ਨਾਨਕਾ ਬਹੁਤੇ ਖਟੀਅਹਿ ਬਿਕਾਰ ॥’ (ਗੁਰੂ ਗ੍ਰੰਥ ਸਹਿਬ, ਪੰਨਾ 553) ਇਸ ਸ਼ਰਾਬ ਦੇ ਪੀਤਿਆਂ ਬਹੁਤੇ ਵਿਕਾਰ ਖੱਟੇ ਜਾਂਦੇ ਹਨ (ਭਾਵ, ਅਹੰਕਾਰ ਤ੍ਰਿਸ਼ਨਾ ਕੂੜ ਆਦਿਕ ਦੇ ਕਾਰਨ ਵਿਕਾਰ ਹੀ ਵਿਕਾਰ ਪੈਦਾ ਹੋ ਰਹੇ ਹਨ)।

ਮਾਣਸੁ ਭਰਿਆ ਆਣਿਆ ਮਾਣਸੁ ਭਰਿਆ ਆਇ ॥ ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ ॥ ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ ॥ ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ ॥ ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ ॥ ਨਾਨਕ ਨਦਰੀ ਸਚੁ ਮਦੁ ਪਾਈਐ ਸਤਿਗੁਰੁ ਮਿਲੈ ਜਿਸੁ ਆਇ ॥ ਸਦਾ ਸਾਹਿਬ ਕੈ ਰੰਗਿ ਰਹੈ ਮਹਲੀ ਪਾਵੈ ਥਾਉ ॥1॥’ (ਗੁਰੂ ਗ੍ਰੰਥ ਸਾਹਿਬ -ਪੰਨਾ 554) ਜੋ ਮਨੁੱਖ (ਵਿਕਾਰਾਂ ਨਾਲ) ਲਿਬੜਿਆ ਹੋਇਆ (ਏਥੇ ਜਗਤ ਵਿਚ) ਲਿਆਂਦਾ ਗਿਆ, ਉਹ ਏਥੇ ਆ ਕੇ (ਹੋਰ ਵਿਕਾਰਾਂ ਵਿਚ ਹੀ) ਲਿੱਬੜਦਾ ਹੈ (ਤੇ ਸ਼ਰਾਬ ਆਦਿਕ ਕੁਕਰਮ ਵਿਚ ਪੈਂਦਾ ਹੈ), ਪਰ ਜਿਸ ਦੇ ਪੀਤਿਆਂ ਅਕਲ ਦੂਰ ਹੋ ਜਾਂਦੀ ਹੈ ਤੇ ਬਕਣ ਦਾ ਜੋਸ਼ ਆ ਚੜ੍ਹਦਾ ਹੈ, ਆਪਣੇ ਪਰਾਏ ਦੀ ਪਛਾਣ ਨਹੀਂ ਰਹਿੰਦੀ, ਮਾਲਕ ਵੱਲੋਂ ਧੱਕੇ ਪੈਂਦੇ ਹਨ, ਜਿਸ ਦੇ ਪੀਤਿਆਂ ਖਸਮ ਵਿਸਰਦਾ ਹੈ ਤੇ ਦਰਗਾਹ ਵਿਚ ਸਜ਼ਾ ਮਿਲਦੀ ਹੈ, ਐਸੀ ਚੰਦਰੀ ਸ਼ਰਾਬ, ਕਦੇ ਨਹੀਂ ਪੀਣੀ ਚਾਹੀਦੀ। ਹੇ ਨਾਨਕ! ਪ੍ਰਭੂ ਦੀ ਮੇਹਰ ਦੀ ਨਜ਼ਰ ਨਾਲ ‘ਨਾਮ’-ਰੂਪ ਨਸ਼ਾ (ਉਸ ਮਨੁੱਖ ਨੂੰ) ਮਿਲਦਾ ਹੈ, ਜਿਸ ਨੂੰ ਗੁਰੂ ਆ ਕੇ ਮਿਲ ਪਏ, ਉਹ ਮਨੁੱਖ ਸਦਾ ਮਾਲਕ ਦੇ (ਨਾਮ ਦੇ) ਰੰਗ ਵਿਚ ਰਹਿੰਦਾ ਹੈ ਤੇ ਦਰਗਾਹ ਵਿਚ ਉਸ ਨੂੰ ਥਾਂ (ਭਾਵ, ਇੱਜ਼ਤ) ਮਿਲਦੀ ਹੈ ॥1॥

ਇਸੇ ਤਰ੍ਹਾਂ ਉਚੇ ਆਚਰਨ ਦੀ ਉਸਾਰੀ ਲਈ ਗੁਰਫ਼ੁਰਮਾਨ ਹਨ:

ਪਰ ਤ੍ਰਿਅ ਰੂਪੁ ਨ ਪੇਖੈ ਨੇਤ੍ਰ ॥’ (ਗੁਰੂ ਗ੍ਰੰਥ ਸਾਹਿਬ - ਅੰਗ 274)। (ਸਿੱਖ) ਪਰਾਈ ਇਸਤ੍ਰੀ ਦੇ ਹੁਸਨ ਨੂੰ ਆਪਣੀਆਂ ਅੱਖਾਂ ਨਾਲ ਨਹੀਂ ਤੱਕਦਾ।

ਪਰ ਤ੍ਰਿਅ ਰਾਵਣਿ ਜਾਹਿ ਸੇਈ ਤਾ ਲਾਜੀਅਹਿ ॥’ (ਗੁਰੂ ਗ੍ਰੰਥ ਸਾਹਿਬ -ਪੰਨਾ 1362)। ਜਿਹੜੇ ਮਨੁੱਖ ਪਰਾਈ ਇਸਤ੍ਰੀ ਭੋਗਣ ਜਾਂਦੇ ਹਨ, ਉਹ (ਪ੍ਰਭੂ ਦੀ ਹਜ਼ੂਰੀ ਵਿਚ) ਜ਼ਰੂਰ ਸ਼ਰਮਸਾਰ ਹੁੰਦੇ ਹਨ।

ਗੁਰੂ ਸਾਹਿਬਾਨ ਜੀ ਦੇ ਇਨ੍ਹਾਂ ਹੁਕਮਾਂ ਦਾ ਪ੍ਰਚਾਰ ਕਰਦੇ ਹੀ ਭਾਈ ਗੁਰਦਾਸ ਜੀ ਨੇ ਲਿਖਿਆ ਹੈ:

ਦੇਖਿ ਪਰਾਈਆ ਚੰਗੀਆ ਮਾਵਾਂ ਭੈਣਾਂ ਧੀਆਂ ਜਾਣੈ।’ (ਵਾਰ 29 ਪਉੜੀ 11)। ਪਰਾਈਆਂ (ਚੰਗੀਆਂ) ਸੁਹਣੀਆਂ ਇਸਤ੍ਰੀਆਂ ਵੱਲ ਦੇਖਕੇ (ਯਥਾ ਯੋਗ ਉਮਰ ਮੁਤਾਬਕ) ਉਨ੍ਹਾਂ ਨੂੰ ਮਾਵਾਂ, ਭੈਣਾਂ ਅਤੇ ਧੀਆਂ ਤੁੱਲ ਸਮਝਣਾਂ ਚਾਹੀਦਾ ਹੈ।

ਸਿੱਖ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਵਿਖੇ ਦਰਬਾਰ ਲਾ ਕੇ ਬੈਠੇ ਸਨ ਤਾਂ ਹੁਸ਼ਿਆਰਪੁਰ ਦੇ ਨੇੜੇ ਪਿੰਡ ਦੇ ਰਹਿਣ ਵਾਲੇ ਦੇਵਦਾਸ ਬ੍ਰਾਹਮਣ ਨੇ ਦਰਬਾਰ ’ਚ ਆ ਕੇ ਗੁਰੂ ਸਾਹਿਬ ਅੱਗੇ ਬਨਤੀ ਕੀਤੀ ਕਿ ਬੱਸੀ ਪਠਾਣਾ ਦਾ ਹਾਕਮ ਜ਼ਾਬਰ ਖ਼ਾਨ ਉਸ ਦੀ ਇਸਤਰੀ ਖੋਹ ਕੇ ਲੈ ਗਿਆ ਹੈ। ਮੇਰੀ ਇਸਤਰੀ ਵਾਪਸ ਦਿਵਾਉਣ ਲਈ ਤੁਹਾਥੋਂ ਬਗੈਰ ਹੋਰ ਕੋਈ ਆਸਰਾ ਨਹੀਂ ਦਿਸਦਾ। ਇਸ ਲਈ ਤੁਸੀਂ ਹੀ ਬਹੁੜੀ ਕਰੋ। ਗੁਰੂ ਗੋਬਿੰਦ ਸਿੰਘ ਜੀ ਨੇ ਉਸੇ ਵਕਤ ਸਾਹਿਬਜ਼ਾਦਾ ਅਜੀਤ ਸਿੰਘ ਨੂੰ 100 ਸਿੰਘਾਂ ਦੇ ਜਥੇ ਨਾਲ ਦੇਵਦਾਸ ਦੀ ਇਸਤਰੀ ਛਡਾਉਣ ਲਈ ਭੇਜਿਆ, ਜਿਨ੍ਹਾਂ ਨੇ ਬੱਸੀ ਪਠਾਣਾਂ ਦੇ ਹਾਕਮ ਜ਼ਾਬਰ ਖ਼ਾਨ ਨੂੰ ਜਾ ਘੇਰਿਆ ਤੇ ਦੇਵਦਾਸ ਦੀ ਇਸਤਰੀ ਛੁਡਵਾ ਕੇ ਉਸ ਨੂੰ ਵਾਪਸ ਕੀਤੀ ਤੇ ਉਸ ਨੂੰ ਜ਼ਬਰੀ ਲਿਜਾਣ ਵਾਲੇ ਜ਼ਾਬਰ ਖ਼ਾਨ ਨੂੰ ਉਸ ਦੇ ਕੀਤੇ ਦੀ ਸਜਾ ਦਿੱਤੀ। ਗੁਰੂ ਗੋਬਿੰਦ ਸਿੰਘ ਜੀ ਵੱਲੋਂ ਨੌਜਵਾਨ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਬ੍ਰਾਹਮਣ ਦੇਵਦਾਸ ਦੀ ਇਸਤਰੀ ਛੁਡਵਾਉਣ ਲਈ ਭੇਜੇ ਜਾਣ ਦੇ ਫੈਸਲੇ ਦਾ ਉਦੇਸ਼ ਨੌਜਵਾਨਾਂ ਨੂੰ ਇਹ ਪ੍ਰੇਰਣਾ ਦੇਣੀ ਸੀ ਕਿ ਇਸਤਰੀ ਭਾਵੇਂ ਕਿਸੇ ਦੀ ਵੀ ਹੋਵੇ ਸਿੱਖ ਨੌਜਵਾਨਾਂ ਨੇ ਉਸ ਦੀ ਇੱਜਤ ਦੀ ਰਾਖੀ ਕਰਨੀ ਹੈ। ਇਨ੍ਹਾਂ ਗੁਰੂ ਹੁਕਮਾਂ ’ਤੇ ਚਲਦੇ ਹੋਏ ਹੀ ਸਿੱਖਾਂ ਨੇ 17ਵੀਂ 18ਵੀਂ ਸਦੀ ਵਿੱਚ ਹਰ ਪਰਾਈ ਔਰਤ ਨੂੰ ਆਪਣੀਆਂ ਮਾਵਾਂ, ਭੈਣਾਂ, ਧੀਆਂ ਜਾਣ ਕੇ ਉਨ੍ਹਾਂ ਦੀ ਇੱਜਤ ਆਬਰੂ ਦੀ ਰਾਖੀ ਲਈ ਆਪਣੀਆਂ ਜਾਨਾਂ ਵਾਰਕੇ ਜਰਵਾਣੇ ਧਾੜਵੀਆਂ ਤੋਂ ਛੁਡਵਾਈਆਂ ਤੇ ਇੱਜਤ ਸਤਿਕਾਰ ਨਾਲ ਉਨ੍ਹਾਂ ਦੇ ਘਰਾਂ ਵਿੱਚ ਛੱਡ ਕੇ ਆਉਂਦੇ ਰਹੇ। ਮੁਸਲਮਾਨ ਲੇਖਕ ਕਾਜ਼ੀ ਨੂਰ ਮੁਹੰਮਦ ਖਾਂ ਬੇਸ਼ੱਕ ਨਫ਼ਰਤ ਨਾਲ ਭਰਿਆ ਸਿੱਖਾਂ ਨੂੰ ਸਗ (ਕੁੱਤੇ) ਲਿਖ ਰਿਹਾ ਹੈ ਪਰ ਉਹ ਵੀ ਇਨ੍ਹਾਂ ਦੇ ਉਚੇ ਆਚਰਨ ਦੀ ਸਿਫ਼ਤ ਕਰਨੋ ਨਾ ਰਹਿ ਸਕਿਆ ਤੇ ਇਹ ਲਿਖਣ ਲਈ ਮਜ਼ਬੂਰ ਹੋਇਆ ਕਿ ਇਨ੍ਹਾਂ ਸਗਾਂ ਦਾ ਇਖ਼ਲਾਕ ਇਤਨਾ ਉਚਾ ਹੈ ਕਿ ਇਹ ਪਰਾਈ ਔਰਤ ਵੱਲ ਭੈੜੀ ਨਜ਼ਰ ਨਾਲ ਵੇਖਦੇ ਵੀ ਨਹੀਂ ਹਨ। ਸਿੱਖਾਂ ਦੀ ਇਸ ਬਹਾਦਰੀ ਤੇ ਉਚੇ ਆਚਰਨ ਕਰਕੇ ਹੀ ਇਹ ਲੋਕ ਬੋਲੀਆਂ ਆਮ ਪ੍ਰਚਲਿਤ ਹੋ ਗਈਆਂ ਸਨ:

ਸ਼ਈ ਸ਼ਈ, ਮੋੜੀਂ ਬਾਬਾ ਕੱਛ ਵਾਲਿਆ, ਰੰਨ ਗਈ ਬਸਰੇ ਨੂੰ ਗਈ
ਆਏ ਨੀਂ ਨਿਹੰਗ, ਬੂਹੇ ਖੋਲ੍ਹ ਦਿਓ ਨਿਸੰਗ

ਪਠਾਣੀ ਨਸੀਰੋ ਬੇਗ਼ਮ ਆਪਣੇ ਖਾਵੰਦ ਨਾਲ ਜਾ ਰਹੀ ਸੀ ਤਾਂ ਰਸਤੇ ’ਚ ਉਨ੍ਹਾਂ ’ਤੇ ਹੋਏ ਹਮਲੇ ਦੌਰਾਨ ਆਪਣੀ ਪਤਨੀ ਦੀ ਰੱਖਿਆ ਕਰਨ ਦੀ ਥਾਂ ਉਹ ਆਪਣੀ ਜਾਨ ਬਚਾ ਕੇ ਦੌੜ ਗਿਆ। ਨਸੀਰੋ ਬੇਗ਼ਮ ਦੇ ਮਨ ਵਿੱਚ ਖ਼ਿਆਲ ਆਇਆ ਕਿ ਮੇਰੇ ਪਤੀ ਨੇ ਤਾਂ ਆਪਣੀ ਪਤਨੀ ਦੀ ਰੱਖਿਆ ਕਰਨ ਦਾ ਧਰਮ ਨਹੀਂ ਨਿਭਾਇਆ ਜੇ ਸ: ਹਰੀ ਸਿੰਘ ਨਲਵਾ ਵਰਗਾ ਬਹਾਦਰ ਪੱਤਰ ਪੈਦਾ ਹੋਵੇ ਤਾਂ ਉਹ ਹੀ ਲੋੜ ਪੈਣ ’ਤੇ ਮੇਰੀ ਰੱਖਿਆ ਕਰ ਸਕੇ। ਇਹ ਸੋਚ ਕੇ ਉਹ ਸ: ਹਰੀ ਸਿੰਘ ਨਲਵਾ ਪਾਸ ਆਈ ਤੇ ਕਹਿਣ ਲੱਗੀ ਤੁਸੀਂ ਬਹੁਤ ਬਹਾਦਰ ਹੋ। ਮੈਂ ਚਾਹੁੰਦੀ ਹਾਂ ਕਿ ਮੇਰੀ ਕੁੱਖ ’ਚੋਂ ਤੁਹਾਡੇ ਵਰਗਾ ਬਹਾਦਰ ਪੁੱਤਰ ਪੈਦਾ ਹੋਵੇ। ਸ: ਹਰੀ ਸਿੰਘ ਨਲਵਾ ਨੇ ਉਸ ਨੌਜਵਾਨ ਪਠਾਣ ਬੀਬੀ ਨੂੰ ਸਤਿਕਾਰ ਸਹਿਤ ਪਲੰਘ ’ਤੇ ਬਿਠਾਇਆ ਤੇ ਉਸ ਦੀ ਝੋਲ਼ੀ ਵਿੱਚ ਆਪਣਾ ਸਿਰ ਰੱਖ ਕੇ ਕਹਿਣ ਲੱਗੇ ਤੂੰ ਮੈਨੂੰ ਆਪਣਾ ਹੀ ਪੁੱਤਰ ਸਮਝ ਤੇ ਅੱਜ ਤੋਂ ਤੂੰ ਮੇਰੀ ਮਾਂ ਹੈਂ। ਕਾਮਵਾਸ਼ਨਾ ਦੀ ਚਾਹ ਲੈ ਕੇ ਆਈ ਦੁਸ਼ਮਨ ਦੀ ਔਰਤ ਨੂੰ ਵੀ ਮਾਂ ਵਰਗਾ ਸਤਿਕਾਰ ਦੇਣਾ ਇਹ ਵਿਵਹਾਰ ਸਿਰਫ ਸਿੱਖਾਂ ਦੇ ਹੀ ਹਿੱਸੇ ਆਇਆ ਹੈ।

ਆਮ ਤੌਰ ’ਤੇ ਜਦੋਂ ਫੌਜਾਂ ਦਾ ਕੋਈ ਜਰਨੈਲ ਜੇਤੂ ਹੋ ਜਾਣ ਦੀ ਸੂਰਤ ਵਿੱਚ ਦੁਸ਼ਮਣ ਦੇ ਖੇਤਰ ਵਿੱਚ ਦਾਖ਼ਲ ਹੁੰਦਾ ਹੈ ਤਾਂ ਜੇਤੂ ਫੌਜ ਦੇ ਸਿਪਾਹੀ ਤੇ ਜਰਨੈਲ ਦੁਸ਼ਮਣ ਦੀਆਂ ਔਰਤਾਂ ਨਾਲ ਬੇਝਿਜਕ ਹੋ ਕੇ ਬਲਾਤਕਾਰ ਕਰਦੇ ਹਨ। ਪਰ ਸਿੱਖ ਅਜਿਹੇ ਕਿਸੇ ਮੌਕੇ ਵੀ ਆਪਣੇ ਆਚਰਣ ਤੋਂ ਨਹੀਂ ਗਿਰੇ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਭਾਈ ਬਘੇਲ ਸਿੰਘ ਦੀ ਅਗਵਾਈ ਵਿੱਚ ਦੋ ਵਾਰ ਸਿੱਖ ਦਿੱਲੀ ਵਿੱਚ ਜੇਤੂ ਰੂਪ ਵਿੱਚ ਦਾਖ਼ਲ ਹੋਏ ਤੇ ਦਿੱਲੀ ਦੇ ਲਾਲ ਕਿਲੇ ’ਤੇ ਕੇਸਰੀ ਨਿਸ਼ਾਨ ਸਾਹਿਬ ਝੁਲਾਇਆ। ਦੋਨੋਂ ਵਾਰ ਕਿਸੇ ਆਮ ਸ਼ਹਿਰੀ ਦੀ ਲੁੱਟਮਾਰ ਤੇ ਔਰਤਾਂ ਨਾਲ ਬਲਾਤਕਾਰ ਦੀ ਕੋਈ ਇੱਕ ਵੀ ਘਟਨਾ ਨਹੀਂ ਵਾਪਰੀ। ਸਿੱਖਾਂ ਦੇ ਇਸ ਉਚੇ ਆਚਰਣ ਨੂੰ ਵੇਖਦੇ ਹੋਏ ਅੱਜ ਤੱਕ ਵੀ ਗੱਡੀਆਂ, ਬੱਸਾਂ ਵਿੱਚ ਸਫ਼ਰ ਕਰਨ ਸਮੇਂ ਇਕੱਲੀਆਂ ਔਰਤਾਂ ਸਿੱਖ ਮੁਸਾਫ਼ਰਾਂ ਦੀ ਨੇੜਲੀ ਸੀਟ ’ਤੇ ਬੈਠਣਾਂ ਲੋਚਦੀਆਂ ਹਨ ਕਿਉਂਕਿ ਉਹ ਸਮਝਦੀਆਂ ਕਿ ਸਿੱਖਾਂ ਦੀ ਮੌਜੂਦਗੀ ਵਿੱਚ ਉਨ੍ਹਾਂ ਦੀ ਇੱਜਤ ਨੂੰ ਕੋਈ ਖ਼ਤਰਾ ਨਹੀਂ ਹੈ। ਪਰ ਅੱਜ ਕੱਲ੍ਹ ਦੇ ਕੰਜਰ ਕਿਸਮ ਦਾ ਸਿੰਗਰ ਦਿਲਜੀਤ ਦੁਸਾਂਝ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਟੱਪ ਕੇ ਲੱਚਰਤਾ ਤਾਂ ਫੈਲਾ ਹੀ ਰਿਹਾ ਹੈ ਸਿੱਖਾਂ ਦੀ ਸ਼ਾਨ ‘ਦਸਤਾਰ’ ਅਤੇ ਗੁਰੂ ਗੋਬਿੰਦ ਸਿੰਘ ਜੀ ਵਲੋਂ ਉਚੇ ਸੁੱਚੇ ਆਚਰਣ ਤੇ ਬਹਾਦਰੀ ਦੇ ਪ੍ਰਤੀਕ ਬਖ਼ਸ਼ੇ ‘ਕਕਾਰਾਂ’ ਦੀ ਵੀ ਰੱਜ ਕੇ ਕਰਦਾ ਹੋਇਆ ਗਾਉਂਦਾ ਹੈ:

ਆ ਗਏ ਪੱਗਾਂ ਪੋਚਵੀਆਂ ਵਾਲੇ, ਬਚ ਕੇ ਜਾਂਈ ਨੀਂ ਰੰਗਲੇ ਦੁਪੱਟੇ ਵਾਲੀਏ।
ਕਿਵੇਂ ਤੋੜ ਦੂ ਕੋਈ ਮੇਰਾ ਤੇਰਾ ਪਿਆਰ ਨੀਂ, ਮੂਹਰੇ ਜੱਟ ਖਾੜਕੂ ਖੜ੍ਹਾ। ਹੱਥ ਵਿੱਚ ਤਲਵਾਰ ਦੂਜੇ ਵਿੱਚ ਕੜਾ।

 

 

ਇਸ ਕੰਜਰ ਕਲਾਕਾਰ ਨੂੰ ਕੋਈ ਪੁੱਛੇ ਕਿ ਪੱਗਾਂ, ਕ੍ਰਿਪਾਨਾਂ, ਕੜਿਆਂ ਵਾਲੇ ਅਬਲਾ ਔਰਤਾਂ ਲਈ ਸੁਰੱਖਿਆ ਦਾ ਪ੍ਰਤੀਕ ਸਨ ਜਾਂ ਤੁਹਾਡੇ ਵਰਗੇ ਕੰਜਰਖਾਨੇ ਕਰਨ ਵਾਲੇ। ਪ੍ਰੋ: ਦਰਸ਼ਨ ਸਿੰਘ ਜੀ ਵੱਲੋਂ ਕੀਤੇ ਜਾਣ ਵਾਲੇ ਕੀਰਤਨ ਸਮਾਗਮ ਰੁਕਵਾਉਣ ਲਈ ਤਾਂ ਅਖੌਤੀ ਜਥੇਦਾਰ ਅਪਰਾਧਕ ਪਿਛੋਕੜ ਵਾਲੇ ਕਾਂਗਰਸੀ ਆਗੂ ਨੂੰ ਅੱਗੇ ਲਾਉਣ, ਇੱਕ ਥਾਣੇਦਾਰ ਨੂੰ ਟੈਲੀਫ਼ੋਨ ਕਰਨ ਅਤੇ ਐੱਸ.ਐੱਸ.ਪੀ ਨੂੰ ਫੈਕਸ ਕਰਨ ਵਾਲੀ ਘਟੀਆ ਹਰਕਤ ਕਰਨ ਤੋਂ ਵੀ ਬਾਜ਼ ਨਹੀਂ ਆਉਂਦੇ, ਪਰ ਕਕਾਰਾਂ ਤੇ ਦਸਤਾਰ ਦੀ ਸ਼ਰੇਆਮ ਬੇਅਦਬੀ ਕਰਨ ਵਾਲੇ ਇਸ ਕੰਜਰ ਕਲਾਕਾਰ ਦਾ ਪ੍ਰੋਗਰਾਮ ਰੋਕਣ ਲਈ ਕਦੀ ਮੂੰਹ ਵੀ ਨਹੀਂ ਖੋਲ੍ਹਿਆ।

ਇੱਕ ਨਾਚੀ ਦਾ ਨਾਚ ਵੇਖਣ ਦੇ ਦੋਸ਼ ਵਿੱਚ ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਅਕਾਲ ਤਖ਼ਤ ’ਤੇ ਤਲਬ ਕਰਕੇ ਕੋਰੜੇ ਮਾਰਨ ਦੀ ਸਜਾ ਸੁਣਾਈ ਪਰ ਅੱਜ ਦੇ ਮਹਾਂਰਾਜਾ ਰਣਜੀਤ ਸਿੰਘ ਬਣੇ ਬਾਦਲ ਪਿਉ ਪੱਤਰ ਕਬੱਡੀ ਦੇ ਮੈਚ ਕਰਾਉਣ ਦੇ ਬਹਾਨੇ ਵੀ ਮੁਬੰਈ ਤੋਂ ਨਚਾਰ ਕਲਾਕਾਰਾਂ ਨੂੰ ਸੱਦ ਕੇ ਅੱਧ ਨੰਗੀਆਂ ਲੜਕੀਆਂ ਦੇ ਨਾਚ ਆਪਣੀ ਨੂੰਹ, ਧੀ ਨਾਲ ਬੈਠ ਕੇ ਵੇਖ ਰਹੇ ਹਨ ਤੇ 15 ਮਿੰਟ ਲੱਚਰਤਾ ਫੈਲਾਉਣ ਬਦਲੇ ਉਨ੍ਹਾਂ ਨੂੰ ਕਰੋੜਾਂ ਰੁਪਏ ਦੇ ਰਹੇ ਹਨ, ਜਦੋਂ ਕਿ ਪੰਜਾਬ ਦੇ ਕਿਸਾਨ ਕਰਜੇ ਦੇ ਬੋਝ ਹੇਠ ਆ ਕੇ ਖੁਦਕਸ਼ੀਆਂ ਕਰ ਰਹੇ ਹਨ। ਅਕਾਲੀ ਕਾਨਫਰੰਸਾਂ ਵਿੱਚ ਲੋਕਾਂ ਦੀ ਭੀੜ ਜੁਟਾਉਣ ਲਈ ਸਿੱਖ ਇਤਿਹਾਸ ਸੁਣਾਉਣ ਵਾਲੇ ਢਾਢੀ ਜੱਥਿਆਂ ਦੀ ਲਚਰਤਾ ਤੇ ਨਸ਼ੇ ਫੈਲਾਉਣ ਵਾਲੇ ਕੰਜਰ ਕਲਾਕਾਰਾਂ ਨੂੰ ਸਟੇਜਾਂ ’ਤੇ ਸੱਦਿਆ ਜਾ ਰਿਹਾ ਹੈ।

ਔਰਤ ਜਾਤੀ ਨੂੰ ਅਪਮਾਨਤ ਕਰਦਾ ਹੋਇਆ, ਕੁੜੀਆਂ ਵੱਲ ਇਸ਼ਾਰਾ ਕਰ ਕੇ ‘‘ਓਹ ਵੇਖੋ ਸੜਕ ’ਤੇ ਅੱਗ ਤੁਰੀ ਜਾਂਦੀ ਹੈ’ ਗਾਉਣ ਵਾਲ ਹੰਸ ਰਾਜ ਹੰਸ ਨੂੰ ਪਹਿਲਾਂ ਤਾਂ ਰਾਜ ਗਾਇਕ ਦੀ ਪਦਵੀ ਨਾਲ ਨਿਵਾਜ਼ਿਆ ਗਿਆ ਤੇ ਫਿਰ ਲੋਕ ਸਭਾ ਲਈ ਅਕਾਲੀ ਟਿਕਟ ’ਤੇ ਚੋਣ ਵੀ ਲੜਾਈ ਗਈ। ਅਖੌਤੀ ਜਥੇਦਾਰ ਇਸ ਲੱਚਰਤਾ ਵਿਰੁੱਧ ਬਿਆਨ ਵੀ ਨਹੀਂ ਦੇ ਸਕਦੇ ਪਰ ਸਾਡੇ ਵਰਗਿਆਂ ’ਤੇ ਗਿਲਾ ਇਹ ਕਰਦੇ ਹਨ ਕਿ ਸਾਨੂੰ ਅਖੌਤੀ ਜਾਂ ਪੁਜਾਰੀ ਕਿਉਂ ਕਹਿੰਦੇ ਹਨ ‘ਸਿੰਘ ਸਾਹਿਬ’ ਕਿਉਂ ਨਹੀਂ ਕਹਿੰਦੇ! ਕਿਹਾ ਜਾ ਸਕਦਾ ਹੈ ਕਿ ਜੇ ਕਦੀ ਰਾਜ ਗਾਇਕ ਨੇ ਕੁੜੀਆਂ ਨੂੰ ‘ਅੱਗ’ ਕਿਹਾ ਸੀ ਤਾਂ ਅੱਜ ਉਹ ਇਹ ਇਹ ਵੀ ਤਾਂ ਗਾ ਰਿਹਾ ਹੈ: ‘ਪੁੱਤ ਵੰਡਾਉਣ ਜ਼ਮੀਨਾਂ, ਧੀਆਂ ਦੁੱਖ ਵੰਡਾਉਂਦੀਆਂ ਨੇ’ ਪਰ ਕੀ ਕਿਸੇ ਨੇ ਪੁੱਛਿਆ ਹੈ ਕਿ 10 ਸਾਲ ਪਹਿਲਾਂ ਤੈਨੂੰ ਇਹ ਧੀਆਂ ਦੁੱਖ ਵੰਡਾਉਣ ਵਾਲੀਆਂ ਦਿੱਸਣ ਦੀ ਥਾਂ ਅੱਗ ਕਿਉਂ ਨਜ਼ਰ ਆ ਰਹੀਆਂ ਸਨ। ਜਾਂ ਜੇ ਉਸ ਨੂੰ ਹੁਣ ਹੀ ਸਮਝ ਲੱਗ ਗਈ ਹੈ ਤਾਂ ਕੀ ਉਸ ਨੇ ਕੁੜੀ ਨੂੰ ਅੱਗ ਕਹਿਣ ਵਾਲਾ ਗੀਤ ਗਾਉਣ ਲਈ ਧੀਆਂ ਤੋਂ ਮਾਫੀ ਮੰਗੀ ਹੈ?

ਅਸਲ ਵਿੱਚ ਸਾਰੇ ਗਾਇਕਾਂ ਦਾ ਆਪਣਾ ਕੋਈ ਦੀਨ ਮਜ਼ਬ ਨਹੀਂ ਇਨ੍ਹਾਂ ਸਾਰਿਆਂ ਦਾ ਮਨੋਰਥ ਸਰੋਤਿਆਂ ਤੋਂ ਵਾਹ ਵਾਹ ਕਹਾ ਕੇ ਤਾੜੀਆਂ ਤੇ ਸੀਟੀਆਂ ਵਜਵਾਉਣਾਂ ਤੇ ਨੋਟਾਂ ਦੀ ਵਰਖਾ ਕਰਵਾਉਣੀ ਹੀ ਹੈ। ਇਹ ਜਿਸ ਤਰ੍ਹਾਂ ਦੀ ਸਟੇਜ ’ਤੇ ਜਾਂਦੇ ਹਨ ਉਸੇ ਤਰ੍ਹਾਂ ਦਾ ਗਾ ਲੈਂਦੇ। ਕਿਸੇ ਦੇਹਧਾਰੀ ਪਾਖੰਡੀ ਦੇ ਡੇਰੇ ’ਤੇ ਜਾਣ ਤਾਂ ਉਨ੍ਹਾਂ ਨੂੰ ਰੱਬ ਬਣਾ ਕੇ ਪੇਸ਼ ਕਰ ਦਿੰਦੇ ਹਨ। ਪਰ ਕਦੀ ਡੇਰਾ ਵਿਰੋਧੀਆਂ ਨੂੰ ਖੁਸ਼ ਕਰਨ ਲਈ ਗਾ ਦਿੰਦੇ ਹਨ ‘‘ਇੱਕ ਬਾਬਾ ਨਾਨਕ ਸੀ, ਜਿਹਨੇ ਤੁਰਕੇ ਦੁਨੀਆਂ ਗਾਹ ’ਤੀ। ਇੱਕ ਅੱਜ ਕੱਲ੍ਹ ਬਾਬੇ ਨੇ ਜਿਹਨੇ ਬੱਤੀ ਲਾਲ ਗੱਡੀ ’ਤੇ ਲਾ ’ਤੀ’’ ਉਨ੍ਹਾਂ ਦੇ ਪ੍ਰਸੰਸਕ ਦਲੀਲ ਦਿੰਦੇ ਹਨ ਕਿ ਵੇਖੋ ਜੀ ਇਨ੍ਹਾਂ ਨੇ ਆਹ ਚੰਗਾ ਵੀ ਤਾਂ ਗਾਇਆ ਹੈ!

ਕਰਨਾਟਕਾ ਤੋਂ ਚੰਡੀਗੜ੍ਹ ਵਿਖੇ ਸਹਾਇਕ ਪ੍ਰੋਫੈਸਰ ਦੀ ਨੌਕਰੀ ਕਰਨ ਆਏ ਪੰਡਿਤ ਰਾਓ ਸੀ. ਧਰੈੱਨਵਰ ਨੇ ਜਦ ਪੰਜਾਬੀ ਸਿੱਖ ਕੇ ਗੁਰਬਾਣੀ ਤੇ ਸਿੱਖ ਇਤਿਹਾਸ ਪੜ੍ਹਿਆ ਤਾਂ ਉਹ ਇਤਨਾ ਪ੍ਰਭਾਵਿਤ ਹੋਇਆ ਕਿ ਉਸ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਵੀਚਾਰਧਾਰਾ ਦੇ ਅਨਮੋਲ ਖ਼ਜ਼ਾਨੇ ਨੂੰ ਆਪਣੇ ਸੂਬੇ ਦੇ ਲੋਕਾਂ ਤੱਕ ਪਹੁੰਚਾਉਣ ਲਈ ਗੁਰਬਾਣੀ ਦਾ ਕੰਨੜ ਭਾਸ਼ਾ ਵਿੱਚ ਉਲੱਥਾ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕੰਨੜ ਸੰਤਾਂ ਫਕੀਰਾਂ ਦੀ ਕੁਝ ਰਚਨਾਵਾਂ ਨੂੰ ਪੰਜਾਬੀ ਵਿੱਚ ਉਲੱਥਾ ਕਰ ਕੇ ਵੀ ਛਪਵਾਇਆ। 21 ਫਰਵਰੀ 2012 ਨੂੰ ਬਠਿੰਡਾ ਵਿਖੇ ਪੰਜਾਬੀਨਿਊਜ਼ਔਨਲਾਈਨ.ਕਾਮ ਅਤੇ ਪੂਹਲਾ ਇਨਕ ਵਲੋਂ ਅਯੋਜਿਤ ਕੀਤੇ ਅੰਤਰ ਰਾਸ਼ਟਰੀ ਮਾਂ ਬੋਲੀ ਦਿਵਸ ਸਮਾਗਮ ’ਚ ਪ੍ਰੋ: ਧਰੈੱਨਵਰ ਨੂੰ ਪੰਜਾਬੀ ਮਾਂ ਬੋਲੀ ਦੀ ਇਸ ਸੇਵਾ ਬਦਲੇ ਸਨਮਾਨਤ ਕਰਨ ਲਈ ਬੁਲਾਇਆ ਗਿਆ। ਪ੍ਰਨਾਮ ਹੈ ਕੰਨੜ ਮੂਲ ਦੇ ਉਸ ਗੈਰ ਪੰਜਾਬੀ ਪੰਡਿਤ ਰਾਓ ਨੂੰ ਜਿਸ ਨੇ ਇਹ ਕਹਿ ਕੇ ਸਨਮਾਨ ਵਾਪਸ ਕਰ ਦਿੱਤਾ ਕਿ ਜਿਸ ਸਟੇਜ ’ਤੇ ਮਾਂ ਬੋਲੀ ਦਾ ਅਪਮਾਨ ਕਰਨ ਵਾਲੇ ਸ਼ਸ਼ੋਭਿਤ ਹੋਣ ਉਸ ਸਟੇਜ਼ ਤੋਂ ਮੈਂ ਕੋਈ ਸਨਮਾਨ ਨਹੀਂ ਲੈਣਾ। ਉਨ੍ਹਾਂ ਦਾ ਇਤਰਾਜ ਸੀ ਕਿ ਲੇਖਕ/ਗਾਇਕ ਮੱਖਣ ਬਰਾੜ ਜਿਸ ਨੂੰ ਸਦਾਚਾਰਕ ਲੇਖਕ ਤੇ ਗਾਇਕ ਸਮਝਿਆ ਜਾਂਦਾ ਹੈ, ਨੇ ਪੰਜਾਬੀ ਵਿੱਚ ਗਾਣਾ ਲਿਖਿਆ ‘ਘਰ ਦੀ ਸ਼ਰਾਬ ਹੋਵੇ, ਆਪਣਾ ਪੰਜਾਬ ਹੋਵੇ’ ਅਤੇ ਪੰਜਾਬੀਆਂ ਦੇ ਦਿਲਾਂ ਵਿੱਚ ਸਭ ਤੋਂ ਵੱਧ ਸਤਿਕਾਰੇ ਜਾਂਦੇ ਗਾਇਕ ਗੁਰਦਾਸ ਮਾਨ ਨੇ ਇਸ ਗਾਣੇ ਨੂੰ ਗਾਇਆ ਹੈ। ਉਨ੍ਹਾਂ ਕਿਹਾ ਗੁਰੂ ਸਾਹਿਬ ਜੀ ਨੇ ਗੁਰਮੁਖੀ ਤਾਂ ਗੁਰਬਾਣੀ ਲਿਖਣ ਲਈ ਬਣਾਈ ਸੀ ਇਹ ਸ਼ਾਹਕਾਰ ਤੇ ਫ਼ਨਕਾਰ ਲੇਖਕ/ ਗਾਇਕ ਪੰਜਾਬੀ ’ਚ ਨੱਸ਼ਿਆਂ ਤੇ ਲੱਚਰਤਾ ਨੂੰ ਉਤਸ਼ਾਹਤ ਕਰਨ ਵਾਲੇ ਗਾਣੇ ਲਿਖਕੇ ਅਤੇ ਗਾ ਕੇ ਮਾਂ ਬੋਲੀ ਦਾ ਅਪਮਾਨ ਕਰ ਰਹੇ ਹਨ। ਉਨ੍ਹਾਂ ਕਿਹਾ ਇਸੇ ਸਟੇਜ਼ ਤੋਂ ਮੱਖਨ ਬਰਾੜ ਨੂੰ ਬਰਾਂਡ ਐਂਬੈਸੇਡਰ ਬਣਾ ਕੇ ਉਸ ਨੂੰ ਸਨਮਾਨਤ ਕੀਤਾ ਗਿਆ ਹੈ। ਇਸ ਲਈ ਜਿਸ ਸਟੇਜ਼ ਤੋਂ ਮਾਂ ਬੋਲੀ ਦਾ ਅਪਮਾਨ ਕਰਨ ਵਾਲੇ ਸਨਮਾਨਤ ਕੀਤੇ ਜਾਂਦੇ ਹੋਣ ਮੈਂ ਉਸ ਸਟੇਜ਼ ਤੋਂ ਕੋਈ ਸਨਮਾਨ ਲੈਣ ਲਈ ਤਿਆਰ ਨਹੀਂ ਹਾਂ।

ਉਸ ਪਿੱਛੋਂ 24 ਮਾਰਚ 2012 ਨੂੰ ਗੁਰਦੁਆਰਾ ਮੱਲ ਅਖਾੜਾ ਖਡੂਰ ਸਾਹਿਬ ਵਿਖੇ ਮੱਖਨ ਬਰਾੜ ਅਤੇ ਗੁਰਦਾਸ ਮਾਨ ਨੂੰ ਆਪਣੀ ਗਲਤੀ ਦਾ ਅਹਿਸਾਸ ਕਰਵਾ ਕੇ ਮੁਆਫ਼ੀ ਮੰਗਵਾਉਣ ਦੀ ਮੰਗ ਰੱਕ ਕੇ ਪ੍ਰੋ: ਪੰਡਿਤ ਰਾਓ ਧਰੈੱਨਵਰ ਭੁੱਖ ਹੜਤਾਲ ’ਤੇ ਬੈਠੇ। ਭੁੱਖ ਹੜਤਾਲ ’ਤੇ ਬੈਠਣ ਤੋਂ ਪਹਿਲਾਂ ਉਹ 23 ਮਾਰਚ ਨੂੰ ਅਕਾਲ ਤਖ਼ਤ ਦੇ ਅਖੌਤੀ ਜਥੇਦਾਰ ਤੋਂ ਆਪਣੀ ਇਸ ਮੰਗ ਦਾ ਸਮਰਥਨ ਪ੍ਰਾਪਤ ਕਰਨ ਲਈ ਯਾਦ-ਪੱਤਰ ਵੀ ਦੇ ਕੇ ਗਏ। ਪੰਡਿਤ ਰਾਓ ਦੀ ਇਸ ਮੰਗ ਅਤੇ ਭੁੱਖ ਹੜਤਾਲ ਸਬੰਧੀ ਮੀਡੀਏ ਵਿੱਚ ਖ਼ਬਰਾਂ ਵੀ ਕਾਫੀ ਲੱਗੀਆਂ ਪਰ ਕਿਸੇ ਅਖੌਤੀ ਜਥੇਦਾਰ, ਸ਼੍ਰੋਮਣੀ ਕਮੇਟੀ ਜਾਂ ਅਕਾਲੀ ਦਲ ਦੇ ਪ੍ਰਧਾਨ ਜਾਂ ਪੰਜਾਬੀ ਪ੍ਰੇਮੀ ਦੇ ਕੰਨ ’ਤੇ ਜੂੰ ਨਾ ਸਰਕੀ। ਉਸ ਵੇਲੇ ਕਈ ਦਲੀਲਾਂ ਦਿੰਦੇ ਸਨ ਕਿ ਮੱਖਨ ਬਰਾੜ ਤੇ ਗੁਰਦਾਸ ਮਾਨ ਨੇ ਬਹੁਤ ਚੰਗਾ ਵੀ ਲਿਖਿਆ ਤੇ ਗਾਇਆ ਹੈ ਜਦੋਂ ਕਿ ਹੋਰ ਅਨੇਕਾਂ ਲੇਖਕਾਂ/ ਗਾਇਕਾਂ ਨੇ ਇਸ ਤੋਂ ਕਈ ਗੁਣਾਂ ਘਟੀਆ ਪੱਧਰ ਦਾ ਲਿਖਿਆ ਤੇ ਗਾਇਆ ਹੈ ਤੇ ਗਾ ਰਹੇ ਹਨ ਇਸ ਲਈ ਉਨ੍ਹਾਂ ਨੂੰ ਛੱਡ ਕੇ ਸਿਰਫ ਇਨ੍ਹਾਂ ਦਾ ਹੀ ਵਿਰੋਧ ਕਿਉਂ? ਪ੍ਰੋ: ਪੰਡਿਤ ਰਾਓ ਦਾ ਕਹਿਣਾਂ ਸੀ ਕਿ ਬਾਕੀ ਦੇ ਲੇਖਕ/ਗਾਇਕ ਮੁੰਡੀਰ ਤੇ ਗੈਰ ਜਿੰਮੇਵਾਰ ਹਨ ਜਿਨ੍ਹਾਂ ਨੂੰ ਮਾਂ ਬੋਲੀ ਦੇ ਸਤਿਕਾਰ ਦਾ ਅਹਿਸਾਸ ਕਰਵਾਉਣਾਂ ਔਖਾ ਹੈ ਜਦੋਂ ਕਿ ਇਹ ਦੋਵੇਂ ਚੰਗੇ ਲੇਖਕਾਂ/ ਗਾਇਕਾਂ ਵਿੱਚ ਆਉਂਦੇ ਹਨ ਤੇ ਆਪਣੀ ਜਿੰਮੇਵਾਰੀ ਨੂੰ ਸਮਝਣ ਵਾਲੇ ਪ੍ਰੋਡ ਵਿਅਕਤੀ ਹਨ ਇਸ ਲਈ ਇਨ੍ਹਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਕਰਵਾਉਣ ਬਹੁਤ ਸੌਖਾ ਹੈ। ਇੱਕ ਵਾਰ ਇਨ੍ਹਾਂ ਨੇ ਆਪਣੀ ਜਿੰਮੇਵਾਰੀ ਦਾ ਅਹਿਸਾਸ ਕਰਕੇ ਮਾਂ ਬੋਲੀ ਅਤੇ ਸਮਾਜ ਤੋਂ ਮੁਆਫੀ ਮੰਗ ਲਈ ਤਾਂ ਮੁੰਡੀਰ ਨੂੰ ਇਨ੍ਹਾਂ ਤੋਂ ਪ੍ਰੇਰਣਾ ਲੈਣ ਲਈ ਪ੍ਰੇਰਿਆ ਜਾ ਸਕਦਾ ਹੈ। ਪਰ ਇਕ ਸਾਲ ਬੀਤ ਚੁੱਕਿਆ ਹੈ ਇਨ੍ਹਾਂ ਪ੍ਰੋਡ ਤੇ ਜਿੰਮਵਾਰ ਸਮਝੇ ਜਾਂਦੇ ਕਲਾਕਾਰਾਂ ਨੇ ਆਪਣੀ ਜਿੰਮੇਵਾਰੀ ਦਾ ਕੋਈ ਅਹਿਸਾਸ ਨਹੀਂ ਕੀਤਾ। ਮੈਨੂੰ ਹੈਰਾਨੀ ਹੈ ਕਿ ਜੇ ਪੰਜਾਬੀ ਦਾ ਅਪਮਾਨ ਹੁੰਦਾ ਵੇਖ ਕੇ ਇੱਕ ਗੈਰ ਪੰਜਾਬੀ ਪ੍ਰੋ: ਪੰਡਿਤ ਰਾਓ ਦੀ ਜ਼ਮੀਰ ਤੜਫ਼ ਉਠੀ ਹੈ ਤਾਂ ਆਪਣੇ ਆਪ ਨੂੰ ਪੰਜਾਬੀ ਕਹਾਉਣ ਵਾਲਿਆਂ ਦੀ ਜ਼ਮੀਰ ਇਤਨੀ ਕਿਉਂ ਮਰ ਚੁੱਕੀ ਹੈ ਕਿ ਪੰਜਾਬੀ ਬੋਲੀ ਤੇ ਸਭਿਆਚਾਰ ਦੀ ਸੇਵਾ ਕਰਨ ਦਾ ਦਾਅਵਾ ਕਰਨ ਵਾਲੇ ਕੰਜਰ ਗਾਇਕਾਂ ਤੋਂ

ਕੀ ਹੋਇਆ ਜੇ ਨਚਦੀ ਦੀ ਬਾਂਹ ਫੜ ਲਈ, ਡਾਕਾ ਤਾਂ ਨਹੀਂ ਮਾਰਿਆ
ਕਿਵੇਂ ਸਹਿ ਲਏਂਗੀ ਦਿਲ ’ਤੇ ਸੱਟ ਨੀਂ, ਤੂੰ 15 ਸਾਲ ਤੋਂ ਘੱਟ ਨੀਂ
ਟਵੰਟੀ ਏਟ ਲੱਕ ਕੁੜੀ ਦਾ, ਫੋਰਟੀ ਏਟ ਵੇਟ ਕੁੜ ਦਾ
ਮੈਂ ਹੂੰ ਬਲਾਤਕਾਰੀ’
ਰੰਨ ਬੋਤਲ ਵਰਗੀ, ਚੁੱਕ ਲਓ ਰੱਬ ਦਾ ਨਾਂ ਲੈ ਕੇ
ਮਿਤਰਾਂ ਦੀ ਮੋਟਰ ’ਤੇ, ਨਿੱਤ ਕੱਚ ਦੀ ਗਲਾਸੀ ਖੜਕੇ’

ਆਦਿ ਲੱਚਰਤਾ ਤੇ ਨਸ਼ਿਆਂ ਨੂੰ ਬਡਾਵਾ ਦੇਣ ਵਾਲੇ ਅਤੇ ਸਿੱਖ ਦੀ ਸ਼ਾਨ ਦਸਤਾਰ ਤੇ ਪਾਵਨ ਕਕਾਰਾਂ ਦੀ ਬੇਅਦਬੀ ਕਰਨ ਵਾਲੇ ਗੀਤ ਸੁਣ ਕੇ ਸੀਟੀਆਂ ਮਾਰਦੇ ਹੋਏ, ਖੁਸਰਿਆਂ ਵਾਂਗ ਨਚਦੇ ਹੋਏ ਉਨ੍ਹਾਂ ਤੋਂ ਨੋਟਾਂ ਦੀ ਵਰਖਾ ਕਿਸ ਖੁਸ਼ੀ ਵਿੱਚ ਕਰ ਰਹੇ ਹਨ। ਜਿਨ੍ਹਾਂ ਪੰਜਾਬੀਆਂ ਦੀ ਜ਼ਮੀਰ ਥ੍ਹੋੜੀ ਬਹੁਤ ਵੀ ਬਚੀ ਹੋਈ ਹੈ ਉਹ ਇਨ੍ਹਾਂ ਕੰਜਰ ਗਾਇਕਾਂ ਤੇ ਉਨ੍ਹਾਂ ਦੇ ਬੋਲ ਸੁਣ ਕੇ ਸੀਟੀਆਂ ਮਾਰ ਕੇ ਨੱਚਣ ਵਾਲਿਆਂ ਅਤੇ ਉਨ੍ਹਾਂ ਦੇ ਪ੍ਰੋਗਰਾਮ ਕਰਵਾਉਣ ਵਾਲੇ ਪ੍ਰਬੰਧਕਾਂ ਨੂੰ ਘੇਰ ਕੇ ਪੰਡਿਤ ਰਾਓ ਵਾਂਗ ਹੌਸਲਾ ਕਰਕੇ ਜਰੂਰ ਪੁੱਛਣ; ਕਿ ਜੇ ਕੋਈ ਤੁਹਾਡੀ ਧੀ, ਭੈਣ ਦੀ ਬਾਂਹ ਫੜ ਲਏ ਤਾਂ ਕੀ ਤੁਹਾਡੇ ਲਈ ਡਾਕਾ ਨਹੀਂ ਵੱਜੇਗਾ? 15 ਸਾਲਾਂ ਤੋਂ ਘੱਟ ਆਪਣੀ ਧੀ ਭੈਣ ਨੂੰ ਤੁਸੀਂ ਜਰੂਰ ਪੁੱਛ ਲੈਣਾ ਕਿ ਉਹ ਦਿਲ ’ਤੇ ਸੱਟ ਕਿਵੇਂ ਸਹਿੰਦੀਆਂ ਹਨ? ਕਦੀ ਆਪਣੀ ਧੀ ਭੈਣ ਦਾ ਲੱਕ ਵੀ ਮਿਣਿਆ ਹੈ ਤੇ ਵੇਟ ਕੀਤਾ ਹੈ? ਕਦੀ ਤੁਸੀਂ ਆਪਣੀ ਧੀ ਭੈਣ ਨਾਲ ਵੀ ਬਲਾਤਕਾਰ ਕੀਤਾ ਹੈ? ਜਾਂ ਜੇ ਕੋਈ ਹੋਰ ਤੁਹਾਡੀ ਧੀ ਭੈਣ ਨਾਲ ਬਲਾਤਕਾਰ ਕਰ ਲਵੇ ਤਾਂ ਤੁਹਾਨੂੰ ਕਿਦਾਂ ਲੱਗੇਗਾ? ਜੇ ਤੁਹਾਡੀ ਆਪਣੀ ਧੀ ਭੈਣ ਨੂੰ ਕੋਈ ਬੋਤਲ ਵਰਗੀ ਸਮਝ ਕੇ ਚੁੱਕ ਲਵੇ ਤਾਂ ਤੁਹਾਨੂੰ ਬੁਰਾ ਤਾਂ ਨਹੀਂ ਲੱਗੇਗਾ। ਜੇ ਬੁਰਾ ਲਗੇਗਾ ਤਾਂ ਤੁਸੀਂ ਇਹ ਕੰਜਰਖਾਨਾਂ ਕਿਉਂ ਕਰ ਰਹੇ ਹੋ?

ਪੰਜਾਬ ਵਿੱਚ ਕੁਝ ਜਾਗਰਤੀ ਆਈ ਹੈ ਤੇ ਇਸਤਰੀ ਜਾਗ੍ਰਿਤੀ ਮੰਚ ਵੱਲੋਂ ਲੱਚਰ ਗਾਇਕੀ ਗਾਉਣ ਵਾਲੇ ਗਾਇਕਾਂ ਦੇ ਪੁਤਲੇ ਸਾੜਨੇ ਸ਼ੁਰੂ ਕੀਤੇ ਹਨ। ਕੈਨੇਡਾ ਟਰਾਂਟੋ ਵਿੱਚ ਵੀ ਕੁਝ ਚਿੰਤਤ ਵੀਰਾਂ ਨੇ ਸ. ਗੁਰਮੁਖ ਸਿੰਘ ਬਾਠ ਫ਼ੋਨ ਨੰ: 647-968-7400, ਰਣਧੀਰ ਸਿੰਘ ਰਾਣਾ ਸਿੱਧੂ ਫ਼ੋਨ ਨੰ: 905-915-8484, ਸੁਰਜੀਤ ਸਿੰਘ ਝਬਲੇਵਾਲੀ ਫ਼ੋਨ ਨੰ: 647-403-2305, ਯਾਦਵਿੰਦਰ ਸਿੰਘ ਫ਼ੋਨ ਨੰ: 647-962-1305, ਡਾ. ਗੁਰਨਾਮ ਕੌਰ ਫ਼ੋਨ ਨੰ: 905 866 6091 ਦੀ ਪਹਿਲ ਕਦਮੀ ਨਾਲ; ਪੰਜਾਬੀ ਬੋਲੀ ਨਾਲ ਹੋ ਰਹੇ ਖਿਲਵਾੜ ਅਤੇ ਪਾਏ ਜਾ ਰਹੇ ਗੰਦ ਬਾਰੇ ਲੋਕ ਰਾਇ ਜਾਨਣ ਲਈ 16 ਮਾਰਚ ਦਿਨ ਸ਼ਨਿਚਰਵਾਰ ਨੂੰ ਰੋਇਲ ਬੈਂਕੁਟ ਹਾਲ ਵਿਖੇ 11 ਤੋਂ 1 ਵਜੇ ਤੱਕ ਖੁਲ੍ਹੀ ਮੀਟਿੰਗ ਰੱਖੀ ਜਾ ਰਹੀ ਹੈ, ਤਾਂ ਕਿ ਸੋਚਿਆ ਜਾ ਸਕੇ ਕਿ ਪੰਜਾਬੀ ਸਭਿਆਚਾਰ ਅਤੇ ਮਾਂ ਬੋਲੀ ਦੀ ਸੇਵਾ ਦੇ ਨਾਂ ਤੇ ਜੋ ਇੰਤਹਾ ਇਨ੍ਹਾਂ ਗੰਦ ਪਾਉਣ ਵਾਲਿਆਂ ਕਰ ਦਿੱਤੀ ਹੈ, ਇਸ ਨੂੰ ਕਿਵੇਂ ਰੋਕਿਆ ਜਾਣਾ ਚਾਹੀਦਾ।

ਹੈਰਾਨੀ ਹੈ ਕਿ ਜੇ ਹਿੰਦੂ ਵੀਰਾਂ ਦੇ ਭਗਵਾਨ, ਦੇਵੀ ਦੇਵਤੇ ਤੇ ਰਿਸ਼ੀ ਮੁਨੀ ਬਲਾਤਕਾਰੀ ਤੇ ਨਸ਼ਈ ਹੋਣ ਦੇ ਬਾਵਯੂਦ ਵੀ ਉਹ ਲੱਚਰਤਾ ਅਤੇ ਨਸ਼ਿਆਂ ਦੀ ਵਰਤੋਂ ਨੂੰ ਆਪਣੇ ਸਭਿਆਚਾਰ ਦਾ ਅੰਗ ਮੰਨਣ ਲਈ ਤਿਆਰ ਨਹੀਂ ਤਾਂ ਨੱਸ਼ਿਆਂ ਤੇ ਲਚਰਤਾ ਤੋਂ ਕੋਹਾਂ ਦੂਰ ਰਹਿਣ ਵਾਲੇ ਸਿੱਖ ਜਿਨ੍ਹਾਂ ਦਾ ਸ਼ਾਨਾਮੱਤੀ ਇਤਿਹਾਸ ਹੈ, ਉਹ ਸਭਿਆਚਾਰ ਦੇ ਨਾਮ ’ਤੇ ਇਨ੍ਹਾਂ ਕੰਜਰ ਕਲਾਕਾਰਾਂ ਵੱਲੋਂ ਗੰਦ ਪਾਏ ਜਾਣ ਨੂੰ ਕਿਵੇਂ ਬ੍ਰਦਾਸ਼ਤ ਕਰ ਰਹੇ ਹਨ। ਮੈਂ ਇਸ ਲੇਖ ਰਾਹੀਂ ਸਾਰੇ ਜਾਗਦੀ ਜ਼ਮੀਰ ਵਾਲੇ ਪੰਜਾਬੀ ਵੀਰਾਂ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਪੰਜਾਬ ਵਿੱਚ ਸਰਗਰਮ ਹੋਈ ਇਸਤਰੀ ਜਾਗ੍ਰਿਤੀ ਮੰਚ, ਪ੍ਰੋ: ਪੰਡਿਤ ਰਾਓ ਸੀ. ਧਰੈੱਨਵਰ ਫ਼ੋਨ ਨੰ: +91 99883 51695 ਅਤੇ ਟਰਾਂਟੋ ਵਿਖੇ 16 ਮਾਰਚ ਦਿਨ ਸ਼ਨਿਚਰਵਾਰ ਨੂੰ ਰੋਇਲ ਬੈਂਕੁਟ ਹਾਲ ਵਿਖੇ ਇਕੱਤਰਾ ਕਰ ਰਹੇ ਵੀਰਾਂ ਦਾ ਵੱਧ ਤੋਂ ਵੱਧ ਸਾਥ ਦੇ ਕੇ ਆਪਣੀ ਮਾਂ ਬੋਲੀ ਅਤੇ ਪੰਜਾਬੀ ਸਭਿਆਚਾਰ ਨੂੰ ਕਲੰਕਤ ਕਰ ਰਹੇ ਕੰਜਰ ਗਾਇਕਾਂ ਵਿਰੁੱਧ ਆਵਾਜ਼ ਬੁਲੰਦ ਕਰਕੇ ਆਪਣਾ ਸਭਿਆਚਾਰ ਤੇ ਮਾਂ ਬੋਲੀ ਦਾ ਸਨਮਾਨ ਬਚਾੳਣ ਲਈ ਅੱਗੇ ਆਉਣ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top