Share on Facebook

Main News Page

ਮੋਗਾ ਚੋਣਾਂ ਨੇ ਦੇਸੀਆਂ ਅਤੇ ਵਲੈਤੀਆਂ ਦੇ ਮੂੰਹ ਧੋ ਦਿੱਤੇ !
- ਕੁਲਵੰਤ ਸਿੰਘ

* ਜਲ ਵੀ ਬਾਦਲ ਤੇ ਥਲ ਵੀ ਬਾਦਲ ਹੋ ਗਿਆ !!
* ਧੂੜ ਹਾਲੇ ਹੋਰ ਵੀ ਉਡੂਗੀ !!!

ਕਾਂਗਰਸ ਦੀ ਆਖੀ ਜਾਂਦੀ ਸੀਟ ਮੋਗਾ ਦੇ ੨੮ ਫਰਵਰੀ ਦੇ ਚੋਣ ਨਤੀਜਿਆਂ ਨੇ ਬਾਦਲਾਂ ਦੀ ਉੱਚੀ ਉੱਡਦੀ ਗੁੱਡੀ ਅਗਲੇ ਅਸਮਾਨਾਂ ਵਲ ਪਹੁੰਚਾ ਦਿੱਤੀ ਹੈ । ਹੁਣ ਕਿਸੇ ਵੀ ਚਿੰਤਕ ਨੂੰ ਜਾਂ ਪੰਥ ਦਰਦੀ ਨੂੰ ਇਹ ਗੱਲ ਸਮਝ ਨਹੀਂ ਲਗਦੀ ਕਿ ਇਹ ਭਾਣਾਂ ਕੀ ਤੋਂ ਕੀ ਵਰਤਦਾ ਜਾ ਰਿਹਾ ਹੈ । ਖਾਸ ਕਰਕੇ ਪੰਜਾਬ ਦੀ ਖਾਲਿਸਤਾਨੀ ਰਾਜਨੀਤਕ ਪਾਰਟੀ ਅਕਾਲੀ ਦਲ ਮਾਨ ਦੇ ਇੱਕ ਲੱਖ ਅੱਸੀ ਹਜ਼ਾਰ ਵੋਟ ਵਿੱਚੋਂ ਮੁਸ਼ਕਲ ਨਾਲ ੮੨੦ ਵੋਟਾਂ ਤਕ ਸੀਮਤ ਰਹਿ ਜਾਣਾਂ ਤਾਂ ਹੁਣ ਖਾਲਿਸਤਾਨ ਦੇ ਮੁੱਦੇ ਤੇ ਵੀ ਇੱਕ ਵੱਡਾ ਨਿਸ਼ਾਨੀਆਂ ਚਿੰਨ੍ਹ ਬਣ ਗਿਆ ਹੈ । ਪੰਜਾਬ ਜਾਂ ਭਾਰਤ ਦੀ ਸਿਆਸਤ ਬਾਰੇ ਸਮਝਣਾਂ ਵੀ ਹੁਣ ਹਾਰੀ ਸਾਰੀ ਦੇ ਵੱਸ ਦੀ ਗੱਲ ਨਹੀਂ ਰਹਿ ਗਈ ਕਿ ਅੰਦਰੋਂ ਅੰਦਰ ਕੀ ਕੀ ਸਮਝੌਤੇ ਹੁੰਦੇ ਹਨ ਜਾਂ ਸ਼ਖਸੀਅਤਾਂ ਵਿਚ ਕਿਹੋ ਜਹੇ ਫਰਕ ਪੈ ਜਾਂਦੇ ਹਨ । ਅੱਜ ਦੂਰ ਬੈਠਾ ਕੋਈ ਰਾਜਨੀਤਕ ਪੰਡਤ ਰਾਜਨੀਤੀ ਬਾਰੇ ਸਹੀ ਤਬਸਰਾ ਨਹੀਂ ਕਰ ਸਕਦਾ । ਰਾਜਨੀਤੀ ਨੂੰ ਠੀਕ ਠੀਕ ਸਮਝਣ ਲਈ ਉਸ ਦੇ ਧੁਰ ਅੰਦਰਲੇ ਸੂਤਰਾਂ ਤਕ ਪਹੁੰਚਣਾਂ ਜ਼ਰੂਰੀ ਹੈ।

ਇਹ ਲੇਖ ਲਿਖਣ ਵੇਲੇ ਪੰਜਾਬ ਦੇ ਬਾਦਲ ਪੱਖੀ ਸਮਝੇ ਜਾਂਦੇ ਅਖਬਾਰ ਦੀ ਇੱਕ ਸੰਪਾਦਕੀ ਨੇ ਮੈਨੂੰ ਵਧੇਰੇ ਉਤਸ਼ਾਹਤ ਕੀਤਾ, ਪਰ ਜਦੋਂ ਮੈਂ ਹੋਰ ਖੋਜ਼ ਕੀਤੀ ਤਾਂ ਮੇਰੀ ਹੈਰਾਨੀ ਦੀ ਕੋਈ ਹੱਦ ਨਾਂ ਰਹੀ ਕਿ ਉਕਤ ਅਖਬਾਰ ਦੀ ਪਰਖ ਪੜਚੋਲ ਅਸਲ ਵਿਚ ਉਸ ਦੀ ਕਿਸੇ ਆਪਣੀ ਨਿੱਜੀ ਰੰਜਸ਼ ਦਾ ਨਤੀਜਾ ਹੀ ਸੀ, ਕਹਿਣ ਤੋਂ ਭਾਵ ਇਹ ਕਿ ਅਖਬਾਰਾਂ ਨੂੰ ਪੜ੍ਹ ਕੇ ਅਗਰ ਕੋਈ ਪਤਰਕਾਰ ਰਾਜਨੀਤਕ ਪੜਚੋਲ ਕਰਨੀ ਚਾਹੇ ਤਾਂ ਸੰਭਵ ਹੈ, ਕਿ ਉਹ ਟਪਲਾ ਖਾ ਜਾਵੇ ਕਿਓਂਕਿ ਅਖਬਾਰਾਂ ਵਾਲੇ ਅਕਸਰ ਆਪਣੀ ਅਖਬਾਰੀ ਨੀਤੀ, ਲਾਹੇ, ਰੰਜਸ਼ਾਂ ਜਾਂ ਰਿਸ਼ਤਿਆਂ ਤੋਂ ਵੀ ਪ੍ਰਭਾਵਤ ਹੋ ਸਕਦੇ ਹਨ ।

ਆਓ ਦੇਖੀਏ ਕਿ ਮੋਗਾ ਸੀਟ ਦੀ ਹਲ ਚਲ ਦੇ ਪ੍ਰਮੁਖ ਕਾਰਨ ਕਾਂਗਰਸ ਦੇ ਰਹਿ ਚੁੱਕੇ ਵਿਧਾਇਕ ਸ੍ਰੀ ਅਗਰਵਾਲ ਜੈਨ ਦੇ ਕਾਰੋਬਾਰੀ ਕੇਸਾਂ ਦੇ ਗਣਿਤ ਤੋਂ ਇਲਾਵਾ ਹੋਰ ਐਸੇ ਕਿਹੜੇ ਕਾਰਨ ਸਨ, ਕਿ ਉਹ ਕਾਂਗਰਸ ਨੂੰ ਛੱਡ ਕੇ ਅਕਾਲੀ ਦਲ ਵਿਚ ਆ ਗਏ ।

ਅੱਜ ਪੰਜਾਬ ਵਿਚ ਆਮ ਵਿਅਕਤੀ ਤੋਂ ਲੈ ਕੇ ਧਾਰਮਕ ਸੰਗਠਨਾਂ ਤਕ ਲੋਕ ਰਾਜਨੀਤਕ ਦਲਾਂ ਅਤੇ ਸ਼ਖਸੀਅਤਾਂ ਨਾਲ ਜੁੜੇ ਹੋਏ ਹਨ । ਡੇਰਿਆਂ ਵਾਲੇ ਤਾਂ ਵਿਸ਼ੇਸ਼ ਤੋਰ ਤੇ ਪੰਜਾਬ ਦੀਆਂ ਅਨੇਕਾਂ ਸੀਟਾਂ ਤੇ ਅੰਦਰੋਂ ਅੰਦਰੀ ਜੋੜ ਤੋੜ ਕਰਦੇ ਹਨ । ਸਾਡੇ ਪਾਠਕਾਂ ਨੂੰ ਇਹ ਸੁਣ ਕੇ ਹੈਰਾਨੀ ਹੋਏਗੀ ਕਿ ਮੋਗਾ ਜ਼ਿਮਨੀ ਚੋਣ ਦੀ ਹਲਚਲ ਦਾ ਮੁਖ ਕਿਰਦਾਰ ਵੀ ਇੱਕ ਡੇਰੇ ਦਾ ਮੁਖੀ ਹੀ ਹੈ । ਇਸ ਡੇਰੇਦਾਰ ਦੀ ਵਿਧਾਇਕ ਜੋਗਿੰਦਰ ਪਾਲ ਜੈਨ ਨਾਲ ਨਿੱਜੀ ਦੋਸਤੀ ਹੈ ਕਿਓਂਕਿ ਉਹ ਕਲਾਸ ਫੈਲੋ ਰਹਿ ਚੁੱਕੇ ਹਨ । ਸ੍ਰੀ ਜੈਨ ਦੀ ਕਾਂਗਰਸ ਤੋਂ ਅਕਾਲੀਦਲ ਵਲ ਜੋੜ ਤੋੜ ਦਾ ਮੁਖ ਕਾਰਨ ਵੀ ਉਹ ਹੀ ਹਨ ਜਿਹਨਾਂ ਕਿ ਸ: ਮਜੀਠੀਆ ਰਾਹੀਂ ਆਪਣਾ ਰੋਲ ਬੜੀ ਕਾਮਯਾਬੀ ਨਾਲ ਅਦਾ ਕੀਤਾ । ਵੈਸੇ ਵੀ ਅਕਾਲੀ ਦਲ ਦੀ ਬਣੀ ਹੋਈ ਹਵਾ ਅਤੇ ਕਾਂਗਰਸ ਅੰਦਰ ਫੈਲੀ ਹੋਈ ਪਾਟੋਧਾੜ ਦੀ ਵਬਾ ਕਾਰਨ ਬਹੁਤ ਸਾਰੇ ਨਿਰਾਸ਼ ਕਾਂਗਰਸੀ   ਸਿਆਸਤਦਾਨ ਸਿਰਫ ਸੌਦੇ ਦੀ ਉਡੀਕ ਵਿਚ ਹੀ ਹਨ । ਇੱਕ ਮੋਟਾ ਅੰਦਾਜ਼ਾ ਹੈ ਕਿ ਮਈ ੨੦੧੪ ਦੀ ਜਨਰਲ ਇਲੈਕਸ਼ਨ ਹੋਣ ਤਕ ਅਕਾਲੀ ਦਲ ਪੰਜਾਬ ਦੀਆਂ ਕਰੀਬ ਚਾਰ ਪੰਜ ਸੀਟਾਂ ਤੇ ਇਸੇ ਅੰਦਾਜ਼ ਵਿਚ ਕਾਂਗਰਸ ਨੂੰ ਦੱਬ ਕੇ ਰੋਲੇਗਾ ਤਾਂ ਕਿ ਅਕਾਲੀ ਭਾਜਪਾ ਗਠਜੋੜ ਪੰਜਾਬ ਵਿਚ ਆਪਣੇ ਰਾਜਨੀਤਕ ਪੈਰ ਹੋਰ ਪੱਕੇ ਕਰ ਲਵੇ ।

ਬਹੁਤ ਸਾਰੇ ਚਿੰਤਕਾਂ  ਦਾ ਇਹ ਤੌਖਲਾ ਹੈ ਕਿ ਸਾਡੀ ਦੇਸੀ ਸਿਆਸਤ ਨੇ ਜਿਹੜਾ ਰੂਪ ਅਖਤਿਆਰ ਕਰ ਲਿਆ ਹੈ, ਉਹ ਬਹੁਤ ਸਾਰੀ ਰਜਨੀਤਕ ਧੜੇਬੰਦੀਆਂ, ਦੁਸ਼ਮਣੀਆਂ ਅਤੇ ਦੋਖੀ ਰਵਈਏ ਨੂੰ ਜਨਮ ਦੇ ਰਿਹਾ ਹੈ । ਸਮਝਣ ਵਾਲੀ ਗੱਲ ਇਹ ਹੈ ਕਿ ਲੋਕਾਂ ਨੂੰ ਰਾਸ਼ਨ ਕਾਰਡ ਤੋਂ ਲੈ ਕੇ ਕਾਕਾ ਕਾਕੀ ਦੇ ਦਾਖਲਿਆਂ ਤਕ ਰਾਜਨੀਤਕਾਂ ਦੇ ਅਸ਼ੀਰਵਾਦ ਕਿਓਂ ਹਾਸਲ ਕਰਨੇ ਪੈਂਦੇ ਹਨ? ਸਾਡੇ ਰਾਜਨੀਤਕਾਂ ਦੇ ਹੰਕਾਰ ਦੀ ਅਸਲ ਵਿਚ ਇਹ ਹੀ ਖੁਰਾਕ ਹੈ । ਇਸੇ ਕਾਰਨ ਉਹ ਆਪਣੇ ਅਮਲੇ ਫੈਲੇ ਨੂੰ ਅੰਦਰ ਖਾਤੇ ਹਿਦਾਇਤਾਂ ਵੀ ਕਰਦੇ ਹਨ ਕਿ ਉਹ ਲੋਕਾਂ ਦੇ ਕੰਮ ਕੇਵਲ ਉਹਨਾਂ ਵਲੋਂ ਹਰੀ ਝੰਡੀ ਆਉਣ ਤੇ ਹੀ ਕਰਨ ਖਾਸ ਕਰਕੇ ਰਾਜਨੀਤਕ ਗੋਰਖਧੰਦੇ ਵਿਚ ਉਲਝੇ ਹੋਏ ਵਿਅਕਤੀਆਂ ਦੇ । ਜੇਕਰ ਕਿਸੇ ਵਿਧਾਇਕ ਜਾਂ ਉਸ ਦੇ ਚਮਚਿਆਂ ਦੇ ਘਰੀਂ ਲੋਕੀ ਕੰਮ ਕਰਵਾਉਣ ਨੂੰ ਫੇਰੇ ਨਹੀਂ ਮਾਰਨਗੇ ਤਾਂ ਉਹਨਾਂ ਦੀ ਇੱਕ ਤਰਾਂ ਨਾਲ ਮੌਤ ਹੀ ਹੋ ਜਾਂਦੀ ਹੈ ਹਾਲਾਂ ਕਿ ਲੋਕਾਂ ਦੇ ਇਹ ਸਾਰੇ ਕੰਮ ਆਪਣੇ ਆਪ ਹੋਣੇ ਚਾਹੀਦੇ ਹਨ । ਸਿਫਾਰਸ਼ ਅਤੇ ਰੋਅਬ ਦੇ ਕਿਟਾਣੂਆਂ ਨੇ ਜਿਥੇ ਰਾਜਨੀਤਕਾਂ ਦੇ ਸਿਰ ਖਰਾਬ ਕੀਤੇ ਹੋਏ ਹਨ ਉਥੇ ਆਮ ਲੋਕਾਂ ਦਾ ਜਿਊਣਾਂ ਮੁਹਾਲ ਹੋਇਆ ਪਿਆ ਹੈ ।

ਪੰਜਾਬ ਵਿਚ ਖਾੜਕੂ ਲਹਿਰ ਦੇ ਆਤਮਘਾਤੀ ਨਤੀਜਿਆਂ ਤੋਂ ਮਗਰੋਂ ਬਹੁਤ ਸਾਰੇ ਚਿੰਤਕ ਇਹ ਹੀ ਕਹਿੰਦੇ ਸੁਣੇ ਜਾਂਦੇ ਸਨ ਕਿ ਸਿੱਖਾਂ ਨੂੰ ਪੰਜਾਬ ਵਿਚ ਬਣਦਾ ਸਥਾਨ ਲੈਣ ਲਈ ਸੰਵਿਧਾਨਕ ਅਮਲਾਂ ਦੀ ਰਾਹੇ ਹੀ ਟੁਰਨਾਂ ਪੈਣਾਂ ਹੈ, ਪਰ ਅੱਜ ਦੀ ਰਾਜਨੀਤੀ ਦੇ ਸੰਵਿਧਾਨਕ ਅਮਲ ਜਿੰਨੀ ਖੁਦਗਰਜ਼ੀ ਅਤੇ ਧੌਂਸ ਤੋਂ ਪ੍ਰੇਰਿਤ ਹੋ ਗਏ ਹਨ ਉਸ ਤੋਂ ਬਾਅਦ ਤਾਂ ਇਹ ਰਾਹ ਵੀ ਪੰਥਕ ਸੋਚ ਰੱਖਣ ਵਾਲੇ ਲੋਕਾਂ ਲਈ ਕਰੀਬ ਕਰੀਬ ਬੰਦ ਹੋਣ ਵਾਂਗ ਹੀ ਹੈ । ਅਜੋਕੀ ਰਾਜਨੀਤੀ ਅਮੀਰਾਂ ਅਤੇ ਢੁੱਠ ਮਾਰ ਲੋਕਾਂ ਦਾ ਸ਼ੁਗਲ ਬਣ ਕੇ ਰਹਿ ਗਈ ਹੈ । ਮਾਨ ਅਕਾਲੀ ਦਲ ਦੀ ਅੱਤ ਮੰਦੀ ਕਾਰਗੁਜ਼ਾਰੀ ਨੇ ਇਹ ਗੱਲ ਵੀ ਸਾਬਤ ਕਰ ਦਿੱਤੀ ਹੈ ਕਿ ਖਾਲਿਸਤਾਨ ਦੇ ਨਾਮ ਤੇ ਅਤੇ ਮਹਿਜ਼ ਜਜ਼ਬਾਤੀ ਰਾਜਨੀਤੀ ਪ੍ਰਤੀ ਵੀ ਲੋਕਾਂ ਦੀ ਉੱਕਾ ਹੀ ਕੋਈ ਦਿਲਚਸਪੀ ਨਹੀਂ ਹੈ ।

੫੭/੪੭ ਦੀ ਅਨੁਪਾਤ ਵਿਚ ਸਿੱਖਾਂ ਦੀ ਗਿਣਤੀ ਦੇ ਡਿਗ ਰਹੇ ਗਰਾਫ ਨੇ ਵੀ ਇਕ ਗੱਲ ਸਾਬਤ ਕਰ ਦਿੱਤੀ ਹੈ ਕਿ ਪੰਜਾਬ ਵਿਚ ਧਰਮ ਨਿਰਲੇਪ ਦਲਾਂ ਜਾਂ ਸਾਂਝੇ ਰਾਜਨੀਤਕ ਦਲਾਂ ਦਾ ਹੀ ਕੋਈ ਭਵਿੱਖ ਹੋ ਸਕਦਾ ਹੈ । ਕੇਵਲ ਸਿੱਖ ਮੁੱਦਿਆਂ ਤੇ ਹੁਣ ਪੰਜਾਬ ਵਿਚ ਰਾਜਨੀਤੀ ਨਹੀਂ ਕੀਤੀ ਜਾ ਸਕਦੀ ।

ਪਰ ਸਭ ਤੋਂ ਦੁਖਦਾਇਕ ਸਵਾਲ ਦਾ ਹੱਲ ਹੋਣਾਂ ਅਜੇ ਬਾਕੀ ਹੈ ਕਿ ਪੰਜਾਬ ਦਾ ਰਾਜਨੀਤਕ ਨੀਵੇਂ ਪੱਧਰ ਦੀ ਹਊਮੈ ਹੰਗਤਾ ਨੂੰ ਛੱਡ ਕੇ ਰਾਜ ਦੇ ਹਿੱਤਾਂ ਲਈ ਮਾਨਵੀ ਦ੍ਰਿਸ਼ਟੀਕੋਣ ਅਪਨਾਉਣ ਵਲ ਕਦੋਂ ਰੁਚਿਤ ਹੋਵੇਗਾ ? ਕੀ ਐਨ ਆਰ ਆਈ ਭਰਾ ਪੰਜਾਬ ਦੇ ਰਾਜਨੀਤਕਾਂ ਦੀਆਂ ਵਿਗੜੀਆਂ ਹੋਈਆਂ ਆਦਤਾਂ ਨੂੰ ਹੋਰ ਵਿਗਾੜਨ ਵਿੱਚ ਹਿੱਸਾ ਪਾ ਰਹੇ ਹਨ ਜਾਂ ਕਿ ਉਹਨਾਂ ਸੰਵਾਰਨ ਵਿਚ ?


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top