Share on Facebook

Main News Page

ਸਾਨੂੰ ਦੋ ਫੈਸਲੇ ਕਰਣੇ ਹੀ ਪੈਣਗੇ ਇਕ "ਗੁਰੂ ਦੀ ਪਛਾਣ" ਅਤੇ ਦੂਜਾ "ਜੀਵਨ ਦੇ ਹਰ ਮੋੜ ’ਤੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਪੁੱਛਣਾ ਕਿ ਮੈਂ ਕਿਥੇ ਜਾਵਾਂ ਤੇ ਕਿਥੇ ਨਾ ਜਾਵਾਂ"
- ਪ੍ਰੋਫੈਸਰ ਦਰਸ਼ਨ ਸਿੰਘ ਖਾਲਸਾ

* ਸ਼੍ਰੋਮਣੀ ਕਮੇਟੀ ਅਤੇ ਅਖੌਤੀ ਜੱਥੇਦਾਰਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਣ ਵਾਲੇ ਦੇਹਧਾਰੀ ਨੀਲਧਾਰੀ ਸੰਪਰਦਾ ਦੇ ਹਰਨਾਮ ਸਿੰਘ ਦੇ ਦਰਬਾਰ ਵਿਚ ਜਾ ਦੀ ਉਸ ਦੀ ਰੱਬ ਬਰਾਬਰ ਤੁਲਨਾ ਕੀਤੀ: ਪ੍ਰੋਫੈਸਰ ਦਰਸ਼ਨ ਸਿੰਘ ਖਾਲਸਾ

ਗੁਰਸਿੱਖ ਫੈਮਿਲੀ ਕਲੱਬ ਫਰੀਦਾਬਾਦ ਵੱਲੋਂ ਕਰਵਾਏ ਗੁਰਮਤਿ ਸਮਾਗਮ ਵਿਚ ਲੁਧਿਆਣਾ ਤੋਂ ਸ. ਗੁਰਸੇਵਕ ਸਿੰਘ ਮਦਰੱਸਾ ਅਤੇ ਪ੍ਰੋਫੈਸਰ ਦਰਸ਼ਨ ਸਿੰਘ ਨੇ ਹਾਜ਼ਰੀ ਭਰੀ। ਸ. ਗੁਰਸੇਵਕ ਸਿੰਘ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉਚਤਾ ਕੇਵਲ ਜੁਬਾਨ ਤੋਂ ਕਹਿਣ ਨਾਲ ਨਹੀਂ, ਸਗੋਂ ਗੁਰੂ ਦੇ ਗਿਆਨ ਨੂੰ ਜੀਵਨ ਵਿਚ ਲਿਆ ਕੇ ਮੰਨੀ ਜਾ ਸਕਦੀ ਹੈ ਜਿਸ ਲਈ ਸਾਨੂੰ ਹਮੇਸ਼ਾ ਜਤਨ ਕਰਦੇ ਰਹਿਨਾ ਚਾਹੀਦਾ ਹੈ।

ਪ੍ਰੋਫੈਸਰ ਦਰਸ਼ਨ ਸਿੰਘ ਨੇ ਸ਼ਬਦ ਇਹ “ਜਗਤ ਮਮਤਾ ਮੂਆ ਜੀਵਨ ਕੀ ਬਿਧਿ ਨਾਹਿ” ਗਾਇਨ ਕੀਤਾ। ਉਨ੍ਹਾਂ ਦਸਿਆ ਕਿ ਕਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਦੂਜਾ ਗ੍ਰੰਥ ਰੱਖ ਦਿੱਤਾ ਗਿਆ ਅਤੇ ਦੂਜਾ ਗ੍ਰੰਥ ਲਿਆਉਣ ਵਾਲੇ ਨੇ ਕਲਹ ਪੈਦਾ ਕੀਤੀ। ਦੋਰਾਹੇ ਤੇ ਪਹੁੰਚਣ ਤੋਂ ਬਾਦ ਹੀ ਸੋਚਣਾ ਪੈਂਦਾ ਹੈ ਕਿ ਮੇਰਾ ਰਾਹ ਕਿਹੜਾ ਹੈ ਦੋਰਾਹੇ ਤੇ ਪਹੁੰਚ ਕੇ ਸਾਨੂੰ ਇਕ ਰਾਹ ਦੀ ਚੋਣ ਤਾਂ ਕਰਨੀ ਹੀ ਪਵੇਗੀ ਇਹ ਤਾਂ ਹੋ ਹੀ ਨਹੀਂ ਸਕਦਾ ਕਿ ਅਸੀਂ ਇਕੋ ਸਮੇਂ ਦੋ ਰਾਹਾਂ ’ਤੇ ਚਲ ਪਈਏ ਅਤੇ ਜਿਹੜਾ ਕੋਈ ਇਕ ਰਾਹ ਚੁਣ ਲੈਂਦਾ ਹੈ ਉਹ ਆਉਣ ਵਾਲਾ ਸਫਰ ਸੌਖਾ ਕੱਟ ਲੈਂਦਾ ਹੈ। ਦੋ ਬੇੜੀਆਂ’ਤੇ ਲੱਤ ਰਖਣ ਵਾਲਾ ਮਨੁੱਖ ਕਦੇ ਪਾਰ ਨਹੀਂ ਹੋ ਸਕਦਾ।

ਉਨ੍ਹਾਂ ਕਿਹਾ ਕਿ ਹੁਣ ਤਕ ਸਿੱਖ ਚੇਹਰੇ ਮੁਹਰਿਆਂ ਵਾਲੇ ਕਹਿੰਦੇ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਹ ਨਹੀਂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਨਕਲ ਹਨ ਉਨ੍ਹਾਂ ਕਿਹਾ ਕਿ ਆਏ ਦਿਨ ਨਵੇਂ ਤਰੀਕੇ ਅਪਨਾਏ ਜਾ ਰਹੇ ਹਨ ਤਾਕਿ ਕੌਮ ਕਨਫਿਉਸ ਹੋ ਜਾਵੇ ਕਿ ਮੇਰਾ ਗੁਰੂ ਕਿਹੜਾ ਹੈ। ਉਨ੍ਹਾਂ ਦਸਿਆ ਕਿ ਤਖ਼ਤ ਹਜ਼ੂਰ ਸਾਹਿਬ ਦੇ ਜੱਥੇਦਾਰ ਨੇ ਤਰਨਤਾਰਨ ਵਿਖੇ ਆ ਕੇ ਇਹ ਲਫਜ਼ ਵਰਤੇ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਸਲ ਬੀੜ ਤਾਂ ਸਾਡੇ ਕੋਲ ਹੈ ਇਥੇ ਸਭ ਨਕਲ ਪ੍ਰਕਾਸ਼ ਹੈ। ਉਨ੍ਹਾਂ ਕਿਹਾ ਕਿ ਸਿੱਖ ਰਹਿਤ ਮਰਿਯਾਦਾ ਦੀ ਕੀ ਲੋੜ ਹੈ ਜਦ ਸਾਦੇ ਸਾਹਮਣੇ ਦੋ ਟੁਕ ਫੈਸਲਾ ਦੇ ਦਿੱਤਾ ਕਿ ਸ਼ਬਦ ਗੁਰੂ ਹੈ। ਇਹ ਸਵਾਲ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਵੀ ਖੜਾ ਹੋਇਆ “ਤੇਰਾ ਕਵਣ ਗੁਰੂ” ਇਹ ਤਾਂ ਗੁਰੂ ਧੰਨ ਹੈ ਜਿਸ ਨੇ ਇਹ ਸਪਸ਼ਟ ਫੈਸਲਾ ਦੇ ਦਿੱਤਾ ਕਿ ਸ਼ਬਦ ਗੁਰੂ । ਉਨ੍ਹਾਂ ਕਿਹਾ ਕਿ ਗੁਰੂ ਨੂੰ ਪਛਾਣਨ ਦਾ ਮਤਲਬ ਗੁਰੂ ਦੀ ਗੱਲ ਨੂੰ ਮੰਨਣਾ ਸੀ ਸਾਡਾ ਗੁਰੂ ਨਾਲ ਰਿਸ਼ਤਾ ਜੋ ਗੁਰ ਕਹੈ ਸੋਈ ਭਲ ਮਾਨਹੁ ਵਾਲਾ ਹੈ । ਗੁਰੂ ਆਖੇ ਤੇ ਸਿੱਖ ਮੰਨੇ ਨਾ ਤਾਂ ਕਾਹਦਾ ਰਿਸ਼ਤਾ ?

ਉਨ੍ਹਾਂ ਕਿਹਾ ਕਿ ਸਤਿਗੁਰਾਂ ਨੇ ਬਾਣੀ ਵਿਚ ਲਿਖਿਆ ਹੈ ਕਿ ਸੋ ਸਿਖ ਸਖਾ ਬੰਧਪ ਹੈ ਭਾਈ ਜੋ ਗੁਰ ਕੇ ਭਾਣੇ ਵਿਚਿ ਆਵੇ ਆਪਣੇ ਭਾਣੇ ਜੋ ਚਲੇ ਭਾਈ ਵਿਛੁੜ ਚੋਟਾ ਖਾਇ” ਜੀਵਨ ਜਾਂਚ ਉਸੇ ਨੂੰ ਕਿਹਾ ਜਾਂਦਾ ਹੈ ਜੋ ਗੁਰੂ ਨੂੰ ਪੁੱਛ ਕੇ ਜੀਵਨ ਜੀਆ ਜਾਵੇ। ਉਨ੍ਹਾਂ ਸਵਾਲ ਪੁੱਛਿਆ ਕਿ ਕੀ ਕਾਰਣ ਹੈ ਕਿ ਗੁਰੂ ਦਸਮ ਪਿਤਾ ਤੋਂ ਵੀ 250 ਸਾਲਾ ਬਾਦ ਅਸਾਂ ਸਿੱਖ ਰਹਿਤ ਮਰਿਯਾਦਾ ਦੀ ਲੋੜ ਪ੍ਰਤੀਤ ਕੀਤੀ ਗੁਰੂ ਦਸਮ ਪਿਤਾ ਨੇ ਤਾਂ ਸਾਨੂੰ ਕੋਈ ਰਹਿਤ ਮਰਿਆਦਾ ਦੀ ਕਾਪੀ ਸਾਈਨ ਨਾ ਕਰ ਕੇ ਦਿੱਤੀ।

ਉਨ੍ਹਾਂ ਕਿਹਾ ਕਿ 200 ਸਾਲ ਲਾ ਕੇ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤਿਆਰ ਕੀਤਾ ਉਹ ਹੀ ਜੀਵਨ ਜਾਂਚ ਅਤੇ ਸਿੱਖ ਰਹਿਤ ਮਰਿਯਾਦਾ ਹੈ। ਇਹ ਗੱਲ ਵਖਰੀ ਹੈ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਪੁੱਛਣਾ ਬੰਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਮੈਂ ਪੰਥਕ ਤੌਰ’ਤੇ ਬਣਾਈ ਮਰਿਯਾਦਾ ਦੇ ਵਿਰੁੱਧ ਨਹੀਂ ਬੋਲ ਰਿਹਾ ਉਹ ਵੀ ਅਪਣੀ ਥਾਵੇਂ ਚੰਗੀ ਹੈ ਪਰ ਧਿਆਨ ਦੇਣਾ ਕਿ ਉਹ ਸਿਰਫ ਸ਼ਰੀਰ ਤਕ ਸੀਮਤ ਹੈ। ਅਸੀਂ ਸ਼ਰੀਰ ਨੂੰ ਮਰਿਆਦਾ ਵਿਚ ਲਿਆਉਣਾ ਚਾਹੁੰਦੇ ਹਾਂ ਉਨ੍ਹਾਂ ਕਿਹਾ ਕਿ ਰਹਿਤ ਮਰਿਯਾਦਾ ਵਿਚ ਦਰਜ ਚਾਰ ਕੁਰਹਿਤਾਂ ਦਾ ਸੰਬੰਧ ਕੇਵਲ ਸ਼ਰੀਰ ਨਾਲ ਹੈ ਉਨ੍ਹਾਂ ਕਿਹਾ ਕਿ ਗੁਰੂ ਨੇ ਕਿਹਾ ਕਿ ਹੱਕ ਪਰਾਇਆ ਨਾਨਕਾ…. ਉਸ ਨੂੰ ਤੇ ਕੁਰਹਿਤ ਵਿਚ ਨਹੀਂ ਲਿਖਿਆ, ਕੂੜ ਬੋਲਿ ਮੁਰਦਾਰ ਖਾਇ ..ਉਥੇ ਇਹ ਨਹੀਂ ਲਿਖਿਆ ਕਿ ਕੂੜ ਬੋਲਣ ਵਾਲਾ, ਝੂਠ ਬੋਲਣ ਵਾਲਾ ਸਿੱਖ ਨਹੀਂ ਹੋ ਸਕਦਾ ਉਥੇ ਤਾਂ ਅਕਾਲ ਤਖ਼ਤ ’ਤੇ ਖੜ ਕੇ ਵੀ ਕੋਈ ਝੂਠ ਬੋਲੇ ਤਾਂ ਉਹ ਸਿੱਖ ਮਹਾਨ ਹੈ।

ਉਨ੍ਹਾਂ ਕਿਹਾ ਕਿ ਜਿਹੜੀ ਅਸਲ ਕੁਰਹਿਤ ਜਿਸਦਾ ਸੰਬੰਧ ਆਤਮਾ ਤੇ ਮਨ ਨਾਲ ਸੀ ਉਹ ਤਾਂ ਉਸ ਵਿਚ ਦਰਜ਼ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਇਹ ਛੋਟੀਆਂ ਛੋਟੀਆਂ ਗੱਲਾਂ ਹਨ ਜਿਸ ਨੂੰ ਅਸੀਂ ਚਾਹੁੰਦੇ ਹਾਂ ਕਿ ਬੈਠ ਕੇ ਵੀਚਾਰੋ। ਪ੍ਰੋਫੈਸਰ ਜੀ ਨੇ ਕਿਹਾ ਕਿ ਸਾਨੂੰ ਦੋ ਫੈਸਲੇ ਕਰਣੇ ਹੀ ਪੈਣਗੇ ਇਕ - "ਗੁਰੂ ਦੀ ਪਛਾਣ" ਅਤੇ ਦੂਜਾ "ਜੀਵਨ ਦੇ ਹਰ ਮੋੜ ’ਤੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਪੁੱਛਣਾ ਕਿ ਮੈਂ ਕਿਥੇ ਜਾਵਾਂ ਤੇ ਕਿਥੇ ਨਾ ਜਾਵਾਂ।" ਉਨ੍ਹਾਂ ਕਿਹਾ ਕਿ ਜੇ ਦੇਹਧਾਰੀਆਂ ਨੂੰ ਮੰਨਾਂਗੇ ਤਾਂ ਦੇਹਧਾਰੀ ਨੂੰ ਜਿਹੜੀ ਚੀਜਾਂ ਦੀ ਲੋੜ ਹੈ ਉਹ ਚੀਜਾਂ ਉਸ ਦੇ ਚੇਲਿਆਂ ਵਿਚ ਵੀ ਆ ਜਾਵੇਗੀ ੳਨ੍ਹਾਂ ਕਿ ਦੂਜੇ ਗ੍ਰੰਥ ਵਿਚ ਸਾਰੀ ਉਪਾਸ਼ਨਾ ਸ਼ਰਗੁਨ ਦੀ ਹੈ “ਮਹਾਂਕਾਲ ਕਾਲਕਾ ਅਰਾਧੀ” ਦੋਵੇਂ ਦੇਹਧਾਰੀ ਹਨ। ਮਹਾਂਕਾਲ ਸ਼ਰਾਬ ਪੀਂਦਾ ਹੈ ਦੇਵੀ ਦੁਰਗਾ ਖੂਨ ਪੀਂਦੀ ਹੈ। ਦੇਹਧਾਰੀ ਵਿਚ ਪ੍ਰਭੂ ਦਾ ਚਾਨਣ ਹੋ ਸਕਦਾ ਹੈ, ਪਰ ਦੇਹਧਾਰੀ ਭਗਵਾਨ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਇਹ ਸਭ ਇਸ ਕਰ ਕੇ ਹੋ ਰਿਹਾ ਹੈ ਕਿਉਂਕਿ ਅਸੀਂ ਸ੍ਰੀ ਗੁਰੂ ਗ੍ਰੰ੍ਰਥ ਸਾਹਿਬ ਜੀ ਤੋਂ ਪੁੱਛ ਕੇ ਅਪਣੇ ਜੀਵਨ ਦੀ ਜੁਗਤਿ ਨਹੀਂ ਬਣਾ ਰਹੇ।

ਉਨ੍ਹਾਂ ਸੰਗਤਾਂ ਨੂੰ ਦਸਿਆ ਕਿ ਹੁਣ ਸਾਨੂੰ ਵੀ ਦੇਹਧਾਰੀਆਂ ਨਾਲ ਜੋੜਿਆ ਜਾ ਰਿਹਾ ਹੈ ਦੋ ਕੁ ਹਫਤਾ ਪਹਿਲਾਂ ਇਕ ਇਸ਼ਤਿਹਾਰ ਰਾਹੀਂ ਦਸਿਆ ਗਿਆ ਕਿ ਨੀਲਧਾਰੀ ਸੰਪਰਦਾ ਦੇ ਵੱਡੇ ਆਗੂ ਹਰਨਾਮ ਸਿੰਘ ਅਤੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਜਿਸ ਵਿਚ ਸਾਡੇ ਸਾਰੇ ਹੀ ਆਗੂ ਸਾਰੇ ਜੱਥੇਦਾਰ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਪੁੱਜੇ ਹਨ ਅਤੇ ਉਨ੍ਹਾਂ ਦੀਆਂ ਤਸਵੀਰਾਂ ਵੀ ਇਸ਼ਤਿਹਾਰ ਵਿਚ ਲਗੀਆਂ ਹਨ ਅਤੇ ਨੀਲਧਾਰੀ ਹਰਨਾਮ ਸਿੰਘ ਨੂੰ ਰੱਬ ਦਾ ਰੂਪ ਆਖ ਰਹੇ ਹਨ। ਉਨ੍ਹਾਂ ਦਸਿਆ ਕਿ ਜਨਵਰੀ 1974 ਵਿਚ ਹਰਨਾਮ ਸਿੰਘ ਦੇ ਵਿਚ ਵਿਸ਼ਵਾਸ਼ ਰਖਣ ਵਾਲੇ ਸ. ਪ੍ਰੀਤਮ ਸਿੰਘ ਜੀ ਦਾ ਬੇਟਾ ਜਿਹੜਾ ਥਾਈਲੈਂਡ ਵਿਹਾਇਆ ਹੋਇਆ ਸੀ ਉਹ ਗੁਜਰ ਗਿਆ ਜਿਥੇ ਉਹ ਵਿਹਾਇਆ ਹੋਇਆ ਸੀ ਉਹ ਗੁਰਮਤਿ ਦੇ ਧਾਰਨੀ ਸਨ ਉਨ੍ਹਾਂ ਦਿਨਾਂ ਵਿਚ ਮੈਂ ਵੀ ਥਾਈਲੈਂਡ ਸਾਂ ਅਤੇ ਉਨ੍ਹਾਂ ਦੇ ਆਖਣ ’ਤੇ ਮੈਂ ਵੀ ਭੋਗ ਵਿਚ ਸ਼ਾਮਲ ਹੋਇਆ। ਹਰਨਾਮ ਸਿੰਘ ਪ੍ਰੀਤਮ ਸਿੰਘ ਨੂੰ ਆਖਣ ਲਗਾ ਕਿ ਬੇਟੇ ਦੀ ਲਾਸ਼ ਨੂੰ ਕਮਰੇ ਵਿਚ ਰਖੋ ਮੈਂ ਉਸ ਨੂੰ ਜਿੰਦਾ ਕਰਾਂਗਾ ਸਵੇਰ ਹੋ ਗਈ ਜਿੰਦਾ ਨਾ ਹੋਇਆ ਫਿਰ ਆਖਣ ਲਗਾ ਘਰ ਦੇ ਵੇੜੇ ਵਿਚ ਦਫਨਾ ਦਿਓ ਕਿਸੇ ਨੇ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਉਨ੍ਹਾਂ ਕਿਹਾ ਕਿ ਅਸੀਂ ਘਰਾਂ ਵਿਚ ਕਬਰਿਸਤਾਨ ਨਹੀਂ ਬਣਨ ਦੇਣਾ ਇਹ ਸਿੰਗਾਪੁਰ ਹੈ ਅੰਤ ਲਾਸ਼ ਨੂੰ ਜੰਗਲ ਵਿਚ ਜਾ ਕੇ ਦਫਨਾ ਦਿੱਤਾ ਗਿਆ ਤਾਕਿ ਉਸ ਨੂੰ ਜਿੰਦਾ ਕੀਤਾ ਜਾ ਸਕੇ ਪਰ ਅੱਜ ਤਕ ਉਹ ਜਿੰਦਾ ਨਹੀਂ ਹੋਇਆ ਇਹ ਗੱਲ ਸ. ਪ੍ਰੀਤਮ ਸਿੰਘ ਜੀ ਪਾਸੋਂ ਵੀ ਪੁੱਛੀ ਜਾ ਸਕਦੀ ਹੈ ਜੋ ਅਜ ਵੀ ਮੋਜੂਦ ਹਨ।

ਇਥੇ ਹੀ ਬਸ ਨਹੀਂ ਕੁਝ ਸਮੇਂ ਬਾਦ ਹਰਨਾਮ ਸਿੰਘ ਆਪ ਗੁਜਰ ਗਿਆ ਉਨ੍ਹਾਂ ਦੇ ਸਿਦਕ ਰਖਣ ਵਾਲਿਆਂ ਨੇ ਕਿਹਾ ਕਿ ਬਾਬਾ ਜੀ ਆਉਣਗੇ, ਜਿਸ ਭੌਰੇ ਵਿਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ ਉਥੇ ਉਸ ਦੀ ਦੇਹ ਰੱਖ ਦਿੱਤੀ ਕਿ ਜਿੰਦਾ ਹੋਣਾ ਹੈ 18 ਸਾਲ ਦੇਹ ਉਥੇ ਰਹੀ ਕਿਰਮ ਪੈ ਗਏ ਬਦਬੂ ਆਉਣ ਲਗੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਣ ਲਗੀ ਅੰਤ ਰੌਲਾ ਪੈਣ ’ਤੇ ਸ਼੍ਰੋਮਣੀ ਕਮੇਟੀ ਦੇ ਕੰਨ ਖੜੇ ਹੋਏ ਅਤੇ 18 ਸਾਲਾ ਬਾਅਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਉਥੋਂ ਕਢਿਆ ਅਤੇ ਜੱਥੇਦਾਰ ਅਖਵਾਉਣ ਵਾਲੇ ਸਾਡੇ ਧਰਮ ਦੇ ਠੇਕੇਦਾਰ ਉਸ ਦੇ ਦਰਬਾਰ ਵਿਚ ਜਾ ਕੇ ਉਸ ਨੂੰ ਰੱਬ ਦਾ ਰੂਪ ਆਖ ਰਹੇ ਹਨ ਲੋਕ ਗੁਮਰਾਹ ਨਹੀਂ ਹੋਣਗੇ ਤਾਂ ਕੀ ਹੋਣਗੇ ਇਹ ਦੇਹਧਾਰੀ ਸਾਡੇ ਵਿਚ ਇਸ ਕਰਕੇ ਆ ਰਹੇ ਹਨ ਕਿਉਂਕਿ ਸਾਨੂੰ ਗੁਰੂ ਦੀ ਪਛਾਣ ਨਹੀਂ ਅਤੇ ਦੂਜਾ ਅਸੀਂ ਗੁਰੂ ਦੇ ਆਸ਼ ਮੁਤਾਬਕ ਜੀਵਨ ਨਹੀਂ ਜੀ ਰਹੇ। ਇਸ ਮੌਕੇ ਸ੍ਰੌਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ, ਗੁਰਸਿੱਖ ਫੈਮਿਲੀ ਕਲੱਬ ਫਰੀਦਾਬਾਦ, ਖਾਲਸਾ ਨਾਰੀ ਮੰਚ, ਯੰਗ ਸਿੱਖ ਐਸੋਸਿਏਸ਼ਨ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਜਵਾਹਰ ਕਾਲੌਨੀ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੈਕਟਰ 22-23, ਗੁਰਦੁਆਰਾ ਗੁਰੂ ਰਾਮਦਾਸ ਸਾਹਿਬ ਡਬੂਆ ਕਾਲੌਨੀ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨੰ-1 ਆਦਿ ਦੇ ਨੁੰਮਾਇਦੇ ਅਤੇ ਕਈ ਧਾਰਮਕ ਜੱਥੇਬੰਦੀਆਂ ਤੇ ਸਿੰਘ ਸਭਾਵਾਂ ਦੇ ਆਗੂ ਵੀ ਸ਼ਾਮਲ ਸਨ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top