Share on Facebook

Main News Page

ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਰੱਦ ਕਰਵਾਉਣ ਲਈ ਪਹਿਰੇਦਾਰ ਵੱਲੋਂ ਵਿੱਢੀ ਮੁਹਿੰਮ ’ਚ ਸਿੱਖ ਪੰਥ ਅਤੇ ਮਨੁੱਖੀ ਅਧਿਕਾਰ ਸੰਗਠਨ ਵਧਚੜ੍ਹ ਕੇ ਸਹਿਯੋਗ ਦੇਣ
- ਗੁਰੂ ਗ੍ਰੰਥ ਦਾ ਖ਼ਾਲਸਾ ਪੰਥ

* ਮਾਲਵਾ ਖੇਤਰ ਅਤੇ ਖਾਸ ਕਰਕੇ ਬਠਿੰਡਾ ਜਿਲ੍ਹਾ ਜਿਸ ਨਾਲ ਪ੍ਰੋ: ਭੁੱਲਰ ਸਬੰਧਤ ਹਨ; ਦੇ ਵਸਨੀਕਾਂ ਦੀ ਖਾਸ ਜਿੰਮੇਵਾਰੀ ਬਣਦੀ ਹੈ ਕਿ ਉਹ ਇਸ ਮੁਹਿੰਮ ਵਿੱਚ ਆਪਣਾ ਮੋਹਰੀ ਰੋਲ ਅਦਾ ਕਰਨ ਤਾ ਕਿ ਇਸ ਇਲਾਕੇ ਨਾਲ ਸਬੰਧਤ ਹੋਣ ਕਰਕੇ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਆਪਣਾ ਰਵਈਆ ਬਦਲਣ ਲਈ ਮਜਬੂਰ ਹੋਣਾ ਪਵੇ।

ਬਠਿੰਡਾ, 3 ਮਾਰਚ (ਕਿਰਪਾਲ ਸਿੰਘ): ਵਿਸ਼ਵਭਰ ਵਿੱਚ ਬੈਠੇ ਸਮੂੰਹ ਸਿੱਖਾਂ, ਰਾਜਸਤਾ ’ਤੇ ਬੈਠੀਆਂ ਹਕੂਮਤਾਂ ਦੀਆਂ ਸਤਾਈਆਂ ਸਮੂਹ ਘੱਟ ਗਿਣਤੀਆਂ ਨਾਲ ਸਬੰਧਤ ਵੀਰ ਅਤੇ ਮਨੁੱਖੀ ਅਧਿਕਾਰ ਸੰਸਥਾਵਾਂ ਨੂੰ ਭਾਰਤ ਵਿੱਚ ਆਪਣਾ ਹੱਕ ਮੰਗ ਰਹੀਆਂ ਘੱਟ ਗਿਣਤੀਆਂ ਨਾਲ ਸਬੰਧਤ ਜੁਝਾਰੂ ਸੋਚ ਵਾਲੇ ਨੌਜਵਾਨਾਂ ਨੂੰ ਰਾਜਨੀਤਕ ਪੱਖ ਵੀਚਾਰ ਕੇ ਦਿੱਤੀਆਂ ਜਾ ਰਹੀਆਂ ਫਾਂਸੀਆਂ ਦੇ ਵਿਰੋਧ ਵਿੱਚ ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ।

ਇਹ ਸ਼ਬਦ ਬੀਤੇ ਦਿਨ ਸਥਾਨਕ ਗੁਰਦੁਆਰਾ ਟਿਕਾਣਾ ਭਾਈ ਜਗਤਾ ਜੀ ਵਿੱਚ ‘ਗੁਰੂ ਗ੍ਰੰਥ ਦਾ ਖ਼ਾਲਸਾ ਪੰਥ- ਵਿਸ਼ਵ ਚੇਤਨਾ ਲਹਿਰ’ ਦੇ ਮੈਂਬਰਾਂ ਦੀ ਹੋਈ ਇਕੱਤਰਤਾ ਵਿੱਚ ਸਬੋਧਨ ਕਰਦੇ ਹੋਏ ਇਸ ਸੰਸਥਾ ਦੀ ਕੇਂਦਰੀ ਪੰਚਾਇਤ ਮੈਂਬਰ ਭਾਈ ਕਿਰਪਾਲ ਸਿੰਘ ਨੇ ਕਹੇ। ਉਨ੍ਹਾਂ ਕਿਹਾ ਅਫ਼ਜ਼ਲ ਗੁਰੂ ਦੀ ਫਾਂਸੀ ਤੋਂ ਬਾਅਦ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਨੂੰ ਰਾਜਨੀਤਕ ਫਾਂਸੀ ਦੇ ਪਹਿਲੇ ਸ਼ਿਕਾਰ ਬਣਾਏ ਜਾਣ ਦੀ ਪੂਰੀ ਸੰਭਾਵਨਾ ਨਜ਼ਰ ਆ ਰਹੀ ਹੈ। ਪੜਤਾਲੀਆ ਏਜੰਸੀਆਂ ਵੱਲੋਂ ਉਸ ਵਿੱਰੁਧ ਭੁਗਤਣ ਲਈ 133 ਗਵਾਹਾਂ ਦੀ ਸੂਚੀ ਅਦਾਲਤ ਵਿੱਚ ਪੇਸ਼ ਕੀਤੀ ਸੀ ਜਿਨ੍ਹਾਂ ਵਿੱਚੋਂ ਕਿਸੇ ਇਕ ਵੀ ਗਵਾਹ ਨੇ ਪ੍ਰੋ: ਭੁੱਲਰ ਦੀ ਸ਼ਿਨਾਖ਼ਤ ਨਹੀਂ ਕੀਤੀ। ਮਨਜਿੰਦਰ ਸਿੰਘ ਬਿੱਟਾ, ਜਿਸ ਉਪਰ ਹੋਏ ਜਾਨਲੇਵਾ ਹਮਲੇ ਦਾ ਦੋਸ਼ ਪ੍ਰੋ: ਭੁੱਲਰ ’ਤੇ ਲਾਇਆ ਜਾ ਰਿਹਾ ਹੈ ਉਹ ਵੀ ਹਮਲੇ ਵਿੱਚ ਮਰਿਆ ਨਹੀਂ ਸਗੋਂ ਅੱਜ ਤੱਕ ਜੀਵਤ ਹੈ। ਇਸ ਲਈ ਪ੍ਰੋ: ਭੁੱਲਰ ’ਤੇ ਭਾਰਤੀ ਕਾਨੂੰਨ ਅਨੁਸਾਰ ਧਾਰਾ 302 ਅਧੀਨ ਇਰਾਦਾਤਨ ਕਤਲ ਦਾ ਕੇਸ ਬਣਦਾ ਹੀ ਨਹੀਂ ਹੈ। ਉਸ ਵਿੱਰੁਧ ਕਤਲ ਦੀ ਕੋਸ਼ਿਸ਼ ਕਰਨ ਲਈ ਧਾਰਾ 307 ਹੀ ਲੱਗ ਸਕਦੀ ਹੈ ਜਿਸ ਅਧੀਨ ਦੋਸ਼ੀ ਨੂੰ ਫਾਂਸੀ ਦੀ ਸਜਾ ਹੋ ਹੀ ਨਹੀਂ ਸਕਦੀ। ਕੇਸ ਦੀ ਸੁਣਵਾਈ ਕਰ ਰਹੇ ਫੁੱਲ ਬੈਂਚ ਦੇ ਮੁਖੀ ਮਾਨਯੋਗ ਜੱਜ ਸ਼੍ਰੀ ਬੀ ਐੱਮ ਸ਼ਾਹ ਨੇ ਵੀ ਪ੍ਰੋ: ਭੁੱਲਰ ਨੂੰ ਦੋਸ਼ ਮੁਕਤ ਐਲਾਨਿਆ ਹੋਇਆ ਹੈ, ਪਰ ਫਿਰਕਾਪ੍ਰਸਤ ਸੋਚ ਵਾਲੇ ਦੋ ਜੱਜਾਂ ਦੇ ਫੈਸਲੇ ਦੀ ਬਹੁਸੰਮਤੀ ਨਾਲ ਉਸ ਦੀ ਸਜਾ ਬਰਕਰਾਰ ਰੱਖੀ ਹੈ।

ਪ੍ਰੋ: ਭੁੱਲਰ ਆਪਣੇ ਪਿਤਾ, ਮਾਸੜ ਅਤੇ ਇੱਕ ਦੋਸਤ ਨੂੰ ਮਾਰ ਕੇ ਖਪਾਉਣ ਵਾਲੇ ਆਈਪੀਐੱਸ ਅਫਸਰ ਸਮੇਧ ਸੈਣੀ ਵਿਰੁੱਧ ਕੇਸ ਚਲਾਉਣ ਦੀ ਮੰਗ ਕਰ ਰਹੇ ਹਨ। ਪਰ ਇਹ ਅਫਸਰ ਮੌਜੂਦਾ ਪੰਜਾਬ ਸਰਕਾਰ ਦਾ ਚਹੇਤਾ ਹੈ ਤੇ ਉਸ ਉਪਰ ਲੁਧਿਆਣਾ ਦੇ ਵਪਾਰੀ ਦਾ ਕਤਲ ਕਰਕੇ ਖਪਾਉਣ ਦਾ ਅਪਰਾਧਕ ਕੇਸ ਵੀ ਅਦਾਲਤ ਵਿੱਚ ਚੱਲ ਰਿਹਾ ਹੈ, ਪਰ ਇਸ ਦੇ ਬਾਵਯੂਦ ਸਾਰੇ ਸਰਕਾਰੀ ਨਿਯਮ ਛਿੱਕੇ ਟੰਗ ਕੇ ਉਸ ਨੂੰ ਡੀਜੀਪੀ ਪੰਜਾਬ ਦੇ ਅਹਿਮ ਅਹੁੱਦੇ ’ਤੇ ਨਿਯੁਕਤ ਕਰ ਦਿੱਤਾ ਹੈ। ਇਹੋ ਕਾਰਣ ਹੈ ਕਿ ਪਹਿਰੇਦਾਰ ਅਖ਼ਬਾਰ ਵੱਲੋਂ ਰਾਜਨੀਤਕ ਫਾਂਸੀਆਂ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਦਾ ਸੁਆਗਤ ਕਰਨ ਦੀ ਥਾਂ ਪੱਤਰਕਾਰਾਂ ਵੱਲੋਂ ਪ੍ਰੋ: ਭੁੱਲਰ ਦੀ ਫਾਂਸੀ ਰੱਦ ਕਰਵਾਉਣ ਸਬੰਧੀ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਸਿਰਫ ਮੌਨ ਹੀ ਧਾਰਨ ਨਹੀਂ ਕਰਦਾ ਸਗੋਂ ਖਿਝ ਕੇ ਕਹਿੰਦਾ ਹੈ ‘ਕਿਹੜਾ ਭੁੱਲਰ! ਕਾਕਾ ਭੁੱਲਰ ਨੂੰ ਛੱਡੋ ਤੁਸੀਂ ਕੋਈ ਹੋਰ ਗੱਲ ਕਰੋ!!’ ਸ: ਬਾਦਲ ਦਾ ਇਹ ਵਿਵਹਾਰ ਦੱਸਦਾ ਹੈ ਕਿ ਉਹ ਪ੍ਰੋ: ਭੁੱਲਰ ਨੂੰ ਫਾਂਸੀ ਦੇਣ ਲਈ ਅੰਦਰਖਾਤੇ ਸਹਿਮਤੀ ਦੇ ਚੁੱਕਾ ਹੈ।

ਸੂਬੇਦਾਰ ਬਲਦੇਵ ਸਿੰਘ ਅਤੇ ਜਥੇਦਾਰ ਰਣਜੀਤ ਸਿੰਘ ਨੇ ਕਿਹਾ ਕਿ ਕਾਂਗਰਸ ਰਾਜ ਅਤੇ ਰਾਸ਼ਟਰਪਤੀ ਰਾਜ ਦੌਰਾਨ ਸੁਮੇਧ ਸੈਣੀ, ਇਜ਼ਹਾਰ ਆਲਮ, ਸਵਰਨ ਸਿੰਘ ਘੋਟਣਾ, ਅਜੀਤ ਸਿੰਘ ਸੰਧੂ, ਕੇਪੀਐੱਸ ਗਿੱਲ, ਜੇਐੱਫ ਰੀਬੈਰੋ ਆਦਿਕ ਪੁਲਿਸ ਅਫਸਰਾਂ ਵੱਲੋਂ ਸਿੱਖਾਂ ’ਤੇ ਕੀਤੇ ਜ਼ੁਲਮਾਂ ਦਾ ਪ੍ਰਚਾਰ ਕਰਕੇ ਹੀ ਸ: ਬਾਦਲ ਪੰਜਾਬ ਦੇ ਸਿੱਖਾਂ ਵਿੱਚ ਕਾਂਗਰਸ ਪ੍ਰਤੀ ਨਫ਼ਰਤ ਭਰਨ ’ਚ ਸਫਲ ਹੋ ਕੇ ਹੀ ਮੁੱਖ ਮੰਤਰੀ ਦੀ ਕੁਰਸੀ ’ਤੇ ਬੈਠ ਸਕਿਆ ਹੈ ਤੇ ਆਪਣੇ ਪੁੱਤਰ ਸੁਖਬੀਰ ਲਈ ਇਸ ਕੁਰਸੀ ਤੱਕ ਪਹੁੰਚਣ ਦੇ ਸਾਰੇ ਰਸਤੇ ਸਾਫ਼ ਕਰ ਰਿਹਾ ਹੈ। ਇਸ ਦੇ ਬਾਵਯੂਦ ਪਹਿਰੇਦਾਰ ਵੱਲੋਂ ਪ੍ਰੋ: ਭੁੱਲਰ ਦੀ ਫਾਂਸੀ ਵਿਰੁੱਧ ਸ਼ੁਰੂ ਕੀਤੀ ਮੁਹਿੰਮ ਵਿੱਚ ਮੋਹਰੀ ਰੋਲ ਅਦਾ ਕਰਨ ਦੀ ਬਜਾਏ ਦੋਵਾਂ ਪਿਉ ਪੁਤਰਾਂ ਵਲੋਂ ਧਾਰੀ ਚੁੱਪ ਪੰਥ ਦੀ ਪਿੱਠ ਵਿੱਚ ਛੁਰਾ ਮਾਰਨ ਦੇ ਤੁਲ ਹੈ।

ਭਾਈ ਕਿੱਕਰ ਸਿੰਘ ਅਤੇ ਸੁਖਦੇਵ ਸਿੰਘ ਕਾਲਾ ਨੇ ਕਿਹਾ ਪ੍ਰਕਾਸ਼ ਸਿੰਘ ਬਾਦਲ ਨੂੰ ‘ਫ਼ਖ਼ਰ-ਏ-ਕੌਮ, ਪੰਥ ਰਤਨ’ ਦਾ ਅਵਾਰਡ ਪ੍ਰਦਾਨ ਕਰਨ ਵਾਲੇ ਜਥੇਦਾਰਾਂ ਵਿੱਚੋਂ ਵੀ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੂੰ ਛੱਡ ਕੇ ਬਾਕੀ ਦੇ ਸਾਰੇ ਅਖੌਤੀ ਜਥੇਦਾਰਾਂ ਦਾ ਮੌਨ ਧਾਰ ਕੇ ਬੈਠਣਾ ਵੀ ਸਿੱਧ ਕਰ ਰਿਹਾ ਹੈ ਕਿ ਪੰਥ ’ਤੇ ਕਾਬਜ਼ ਹੋ ਬੈਠੇ ਰਾਜਨੀਤਕ ਤੇ ਧਾਰਮਿਕ ਆਗੂਆਂ ’ਤੇ ‘ਕੂੜੀ ਰਾਸਿ ਕੂੜਾ ਵਾਪਾਰੁ ॥ ਕੂੜੁ ਬੋਲਿ ਕਰਹਿ ਆਹਾਰੁ ॥ ਸਰਮ ਧਰਮ ਕਾ ਡੇਰਾ ਦੂਰਿ ॥ ਨਾਨਕ ਕੂੜੁ ਰਹਿਆ ਭਰਪੂਰਿ ॥’ {ਆਸਾ ਕੀ ਵਾਰ (ਮ: 1) ਗੁਰੂ ਗ੍ਰੰਥ ਸਾਹਿਬ - ਪੰਨਾ 472}

ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ ॥ ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ ॥ ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ ॥’ (ਤਿਲੰਗ ਮ: 1, ਗੁਰੂ ਗ੍ਰੰਥ ਸਾਹਿਬ – ਪੰਨਾ 723) ਗੁਰਫ਼ੁਰਮਾਨ ਪੂਰੀ ਤਰ੍ਹਾਂ ਸਹੀ ਢੁਕ ਰਹੇ ਹਨ।

ਭਾਈ ਸਾਧੂ ਸਿੰਘ ਖ਼ਾਲਸਾ ਨਿਊਰ ਵਾਲੇ ਅਤੇ ਭਾਈ ਮਹਿੰਦਰ ਸਿੰਘ ਨੇ ਕਿਹਾ ਸਿੱਖੀ ਵਿੱਚ ਇਲਾਕਾਵਾਦ ਜਾਤਪਾਤ ਲਈ ਕੋਈ ਥਾਂ ਨਹੀਂ ਇਸ ਲਈ ਬੇਸ਼ੱਕ ਸਾਰੇ ਹੀ ਸਿੱਖ ਪੰਥ ਦਾ ਫਰਜ ਬਣਦਾ ਹੈ ਕਿ ਉਹ ਪਹਿਰੇਦਾਰ ਵੱਲੋਂ ਵਿੱਢੀ ਮੁਹਿੰਮ ਵਿੱਚ ਆਪਣਾ ਪੂਰਾ ਪੂਰਾ ਸਹਿਯੋਗ ਦੇ ਕੇ 18 ਸਾਲਾਂ ਤੋਂ ਸਖ਼ਤ ਜੇਲ੍ਹ ਕੱਟ ਰਹੇ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਰੱਦ ਕਰਵਾਉਣ ਵਿੱਚ ਸਫਲਤਾ ਹਾਸਲ ਕਰਨ। ਪਰ ਮਾਲਵਾ ਖੇਤਰ ਅਤੇ ਖਾਸ ਕਰਕੇ ਬਠਿੰਡਾ ਜਿਲ੍ਹਾ ਜਿਸ ਨਾਲ ਪ੍ਰੋ: ਭੁੱਲਰ ਸਬੰਧਤ ਹਨ; ਦੇ ਵਸਨੀਕਾਂ ਦੀ ਖਾਸ ਜਿੰਮੇਵਾਰੀ ਬਣਦੀ ਹੈ ਕਿ ਉਹ ਇਸ ਮੁਹਿੰਮ ਵਿੱਚ ਆਪਣਾ ਮੋਹਰੀ ਰੋਲ ਅਦਾ ਕਰਨ ਤਾ ਕਿ ਇਸ ਇਲਾਕੇ ਨਾਲ ਸਬੰਧਤ ਹੋਣ ਕਰਕੇ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਆਪਣਾ ਰਵਈਆ ਬਦਲਣ ਲਈ ਮਜਬੂਰ ਹੋਣਾ ਪਵੇ।

ਮੀਟਿੰਗ ਵਿੱਚ ਸ਼ਾਮਲ ਸਮੂਹ ਵੀਰਾਂ ਨੇ ਰਾਜਨੀਤਕ ਫਾਂਸੀਆਂ ਵਿਰੁੱਧ ਅਵਾਜ਼ ਬੁਲੰਦ ਕਰਨ ਲਈ ਪਹਿਰੇਦਾਰ ਅਖ਼ਬਾਰ ਵੱਲੋਂ ਵਿੱਢੀ ਮੁਹਿੰਮ ਦੀ ਸ਼ਾਲਘਾ ਕਰਦੇ ਹੋਏ ਸਰਬੱਤ ਦਾ ਭਲਾ ਮਤੇ ’ਤੇ ਦਸਤਖ਼ਤ ਕੀਤੇ ਤੇ ਇਸ ਮੁਹਿੰਮ ਨੂੰ ਹੋਰ ਪ੍ਰਚੰਡ ਕਰਨ ਦਾ ਪ੍ਰਣ ਲਿਆ। ਦਸਤਖ਼ਤ ਕਰਨ ਉਪ੍ਰੰਤ ਮਤਾ ਪਹਿਰੇਦਾਰ ਦੇ ਜ਼ਿਲ੍ਹਾ ਬਠਿੰਡਾ ਦੇ ਇੰਚਾਰਜ ਪੱਤਰਕਾਰ ਸ਼੍ਰੀ ਅਨਿਲ ਵਰਮਾ ਨੂੰ ਸੌਂਪਿਆ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top