Share on Facebook

Main News Page

ਅਕਾਲ ਤਖ਼ਤ ਦੀ ਸੰਸਥਾ ਤੇ ਸਿਧਾਂਤ ਅੱਗੇ ਸਾਡਾ ਸਿਰ ਝੁਕਦਾ ਹੈ, ਪਰ ਇਸ ਤੋਂ ਬਾਗੀ ਜਥੇਦਾਰਾਂ ਦੇ ਕੂੜਨਾਮੇ ਕਦੇ ਨਹੀਂ ਮੰਨਾਂਗੇ
- ਅਕਾਲੀ ਜੱਥਾ ਕਾਨ੍ਹਪੁਰ

* ਆਰਥਿਕ ਤੌਰ ’ਤੇ ਪਛੜੇ ਗੁਰਸਿੱਖ ਪਰਿਵਾਰਾਂ ਦੇ ਬੱਚਿਆਂ ਦੇ ਆਨੰਦ ਕਾਰਜ, ਉਨ੍ਹਾਂ ਦੇ ਠਹਿਰਨ ਦਾ ਇੰਤਜਾਮ ਅਤੇ ਰੋਟੀ ਆਦਿਕ ਦਾ ਸਾਰਾ ਖਰਚਾ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਰਤਨ ਲਾਲ ਨਗਰ ਗੁਰੂ ਕੀ ਗੋਲਕ ’ਚੋਂ ਕਰਿਆ ਕਰੇਗੀ: ਰਘੁਬੀਰ ਸਿੰਘ

ਬਠਿੰਡਾ, 3 ਮਾਰਚ (ਕਿਰਪਾਲ ਸਿੰਘ): ਅਕਾਲ ਤਖ਼ਤ ਦੀ ਸੰਸਥਾ ਤੇ ਸਿਧਾਂਤ ਅੱਗੇ ਸਾਡਾ ਸਿਰ ਝੁਕਦਾ ਹੈ ਪਰ ਇਸ ਤੋਂ ਬਾਗੀ ਜਥੇਦਾਰਾਂ ਦੇ ਕੂੜਨਾਮੇ ਅਸੀਂ ਕਦੇ ਨਹੀਂ ਮੰਨਾਂਗੇ। ਇਹ ਵੀਚਾਰ ਅੱਜ ਗੁਰਦੁਆਰਾ ਸੰਤ ਨਗਰ, ਕਾਨ੍ਹਪੁਰ ਵਿਖੇ ਅਕਾਲੀ ਜੱਥਾ ਕਾਨ੍ਹਪੁਰ ਦੇ ਹੋਏ ਜਨਰਲ ਇਜਲਾਸ ਵਿੱਚ ਸਰਬਸੰਮਤੀ ਨਾਲ ਪਾਸ ਕੀਤੇ ਮਤੇ ਵਿੱਚ ਕਹੇ ਗਏ। ਕਾਨ੍ਹਪੁਰ ਵਿਖੇ ਕਰਵਾਏ ਗਏ ਕੀਰਤਨ ਸਮਾਗਮ, ਜਿਸ ਵਿਚ ਪ੍ਰੋ: ਦਰਸ਼ਨ ਸਿੰਘ ਨੇ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ ਸੀ, ਤੋਂ ਬਾਦ ਅਕਾਲੀ ਜੱਥਾ ਦੇ ਵੀਰਾਂ ਦੀ ਇਹ ਪਹਿਲੀ ਮੀਟਿੰਗ ਸੀ। ਇਸ ਮੀਟਿੰਗ ਵਿੱਚ ਅਕਾਲੀ ਜੱਥੇ ਦੇ ਪੰਥ ਦਰਦੀ ਵੀਰਾਂ ਨੇ ਬਹੁਤ ਵੱਡੇ ਪੱਧਰ ’ਤੇ ਹਿੱਸਾ ਲਿਆ ਅਤੇ ਅਪਣੇ ਅਪਣੇ ਜੋਸ਼ ਭਰੇ ਵਿਚਾਰ ਰੱਖੇ ਅਤੇ ਕੁਝ ਮਤੇ ਵੀ ਪਾਸ ਕੀਤੇ ਗਏ।

ਸਭ ਤੋਂ ਪਹਿਲਾਂ ਅਕਾਲੀ ਜੱਥੇ ਦੇ ਵੀਰ ਹਰਪਾਲ ਸਿੰਘ ਗਾਂਧੀ ਨੇ ਉਨ੍ਹਾਂ ਸਾਰੇ ਵੀਰਾਂ ਨੂੰ ਵਧਾਈ ਦਿੱਤੀ ਜਿਨ੍ਹਾਂ ਨੇ ਦਿਨ ਰਾਤ ਇਕ ਕਰ ਕੇ ਕੌਮ ਦੀ ਮਹਾਨ ਸ਼ਖਸ਼ੀਅਤ ਪ੍ਰੋ: ਦਰਸ਼ਨ ਸਿੰਘ ਜੀ ਦਾ ਗੁਰਬਾਣੀ ਕੀਰਤਨ ਪ੍ਰੋਗ੍ਰਾਮ ਕਰਵਾਉਣ ਵਿੱਚ ਅਪਣਾਂ ਯੋਗਦਾਨ ਪਾਇਆ ਅਤੇ ਸੱਚ ਨਾਲ ਖਲੋ ਕੇ ਝੂਠ ਨੂੰ ਸਿਰਿਉਂ ਨਕਾਰ ਦਿਤਾ।

 

ਵੀਰ ਰਮਿੰਦਰ ਸਿੰਘ ਸੋਨੂੰ ਰੇਖੀ ਨੇ ਉਨਾਂ ਲੋਕਾ ’ਤੇ ਨਿਸ਼ਾਨਾਂ ਸਾਧਿਆ ਜੋ ਇਹ ਕਹਿ ਕੇ ਕੂੜ ਪ੍ਰਚਾਰ ਕਰ ਰਹੇ ਨੇ ਕਿ ਅਕਾਲੀ ਜੱਥਾ ਕਾਨ੍ਹਪੁਰ ਦੇ ਵੀਰ ਅਕਾਲ ਤਖ਼ਤ ਨੂੰ ਨਹੀਂ ਮੰਨਦੇ। ਉਨ੍ਹਾਂ ਸਪਸ਼ਟ ਕੀਤਾ ਕਿ ਅਕਾਲੀ ਜੱਥੇ ਦੇ ਸਾਰੇ ਵੀਰ ਅਕਾਲ ਤਖ਼ਤ ਦਾ ਸਤਿਕਾਰ ਕਰਦੇ ਹਨ, ਲੇਕਿਨ ਉਸ ’ਤੇ ਕਾਬਜ਼ ਧੜੇ ਵਲੋਂ ਬਿਠਾਏ ਗਏ ਕਠਪੁਤਲੀ ਜਥੇਦਾਰ ਗੁਰਬਚਨ ਸਿੰਘ ਵਰਗੇ ਗ੍ਰੰਥੀ, ਜੋ ਸਿੱਖਾਂ ਨੂੰ ਜੁੱਤੀਆਂ ਮਰਵਾਉਣ ਦੀਆਂ ਗੱਲਾਂ ਕਰਦੇ ਨੇ ਅਤੇ ਗੁਰਬਾਣੀ ਕੀਰਤਨ ’ਤੇ ਪਾਬੰਦੀ ਲਗਾਉਣ ਲਈ ਕੁਲਦੀਪ ਸਿੰਘ ਵਰਗੇ ਅਪਰਾਧਿਕ ਪਿਛੋਕੜ ਵਾਲੇ ਬੰਦਿਆਂ ਦਾ ਸਹਾਰਾ ਲੈਂਦੇ ਨੇ, ਅਤੇ ਉਨ੍ਹਾਂ ਦੇ ਫੇਲ੍ਹ ਹੋ ਜਾਣ ਤੋਂ ਬਾਦ ਵੀ ਉਨ੍ਹਾਂ ਨੂੰ ਸ਼ਾਬਾਸ਼ੀਆਂ ਦੇਂਦੇ ਹੋਣ; ਐਸੇ ਲੋਕਾਂ ਦੇ ਕੂੜ ਨਾਮਿਆਂ ਨੂੰ ਅਸੀਂ ਮੁੱਢੋਂ ਰੱਦ ਕਰਦੇ ਹਾਂ। ਉਨ੍ਹਾਂ ਕਿਹਾ ਗੁਰਬਚਨ ਸਿੰਘ ਦੇ ਕੂੜਨਾਮਿਆਂ ਨੂੰ ਰੱਦ ਕਰਕੇ ਅਕਾਲ ਤਖਤ ਸਾਹਿਬ ਦਾ ਅਪਮਾਨ ਅਸੀਂ ਨਹੀਂ ਕਰ ਰਹੇ, ਬਲਕਿ ਉਸ ’ਤੇ ਕਾਬਿਜ਼ ਗੁਰਬਚਨ ਸਿੰਘ ਵਰਗੇ ਉਹ ਲੋਕ ਹੀ ਕਰ ਰਹੇ ਨੇ ਜੋ ਪੰਥਕ ਫੈਸਲੇ ਕਰਨ ਸਮੇਂ ਅਕਾਲ ਤਖ਼ਤ ਦੀ ਮਰਿਆਦਾ ਤੋਂ ਬਾਗੀ ਦੋ ਜਥੇਦਾਰਾਂ ਨੂੰ ਪੰਜਾਂ ਦੀ ਮੀਟਿੰਗ ਵਿਚ ਬਿਠਾਉਂਦੇ ਹਨ।

ਵੀਰ ਇੰਦਰ ਜੀਤ ਸਿੰਘ ਕਾਨ੍ਹਪੁਰ ਨੇ ਅਪਣੀ ਤਕਰੀਰ ਵਿੱਚ ਅਕਾਲ ਤਖ਼ਤ ’ਤੇ ਬੈਠੇ ਪੰਜ ਗ੍ਰੰਥੀਆਂ ਦੇ ਕੂੜਨਾਮਿਆਂ ਨੂੰ ਹਸੋਹੀਣਾਂ ਅਤੇ ਕੌਮ ਨੂੰ ਗੁੰਮਰਾਹ ਕਰਕੇ, ਕੌਮ ਨੂੰ ਫਾੜ ਫਾੜ ਕਰਨ ਵਾਲਾ ਦਸਦਿਆਂ ਕਿਹਾ ਕਿ ਦੋ ਤਖਤਾਂ ਦੇ ਗ੍ਰੰਥੀ ਜੋ ਆਪ ਹੀ ਸਿੱਖ ਰਹਿਤ ਮਰਿਯਾਦਾ ਨੂੰ ਨਹੀਂ ਮੰਨਦੇ, ਅਤੇ ਗੁਰਮਤਿ ਸਿਧਾਂਤਾਂ ਤੋਂ ਬਾਗੀ ਹੋਣ ਕਾਰਣ ਆਪ ਤਨਖ਼ਾਹਯੋਗ ਹਨ, ਉਹ ਅਕਾਲ ਤਖ਼ਤ ’ਤੇ ਬੈਠ ਕੇ ਹਾਕਿਮ ਬਣ ਕੇ ਕੌਮ ਦੇ ਫੈਸਲੇ ਕਿਸ ਅਧਿਕਾਰ ਨਾਲ ਕਰ ਰਹੇ ਨੇ? ਉਨ੍ਹਾਂ ਕਿਹਾ ਜੋ ਆਪ ਸਿੱਖ ਰਹਿਤ ਮਰਿਯਾਦਾ ਨੂੰ ਨਹੀਂ ਮੰਨਦੇ ਉਨਾਂ ਨੂੰ ਅਕਾਲ ਤਖਤ ’ਤੇ ਬੈਠਣ ਅਤੇ ਕੌਮੀ ਫੈਸਲਿਆ ’ਤੇ ਦਸਤਖ਼ਤ ਕਰਨ ਦਾ ਕੋਈ ਅਧਿਕਾਰ ਨਹੀਂ ਹੈ? ਅਖਬਾਰਾਂ ਵਿੱਚ ਛਪੀਆਂ ਖ਼ਬਰਾਂ ਦਾ ਕਰੜਾ ਨੋਟਿਸ ਲੈਂਦਿਆਂ ਭਾਈ ਇੰਦਰਜੀਤ ਸਿੰਘ ਨੇ ਕਿਹਾ ਕਿ ਅਖੌਤੀ ਜਥੇਦਾਰ ਗੁਰਬਚਨ ਸਿੰਘ, ਅਕਾਲੀ ਜੱਥੇ ’ਤੇ ਕਾਰਵਾਈ ਕਰਨ ਦੀ ਗੱਲ ਭੁੱਲ ਜਾਵੇ। ਜੇ ਉਸ ਨੇ ਕਾਰਵਾਈ ਕਰਨੀ ਹੀ ਹੈ, ਤਾਂ ਪਹਿਲਾਂ ਹਜੂਰ ਸਾਹਿਬ ਅਤੇ ਪਟਨਾ ਸਾਹਿਬ ਦੇ ਹੈੱਡ ਗ੍ਰੰਥੀਆਂ, ਜੋ ਅਕਾਲ ਤਖ਼ਤ ਤੋਂ ਪ੍ਰਵਾਨਤ ਸਿੱਖ ਰਹਿਤ ਮਰਿਆਦਾ ਦੀ ਸ਼ਰੇਆਮ ਉਲੰਘਣਾਂ ਕਰ ਰਹੇ ਹਨ; ’ਤੇ ਕਾਰਵਾਈ ਕਰਕੇ ਉਨਾਂ ਨੂੰ ਪੰਥ ਤੋਂ ਛੇਕੇ, ਫਿਰ ਸਾਡੇ ਵੱਲ ਮੂੰਹ ਕਰੇ। ਵੀਰ ਇੰਦਰ ਜੀਤ ਸਿੰਘ ਦੀ ਇਹ ਗੱਲ ਸੁਣਦਿਆਂ ਹੀ ਸਾਰੇ ਵੀਰਾਂ ਨੇ ਹੱਥ ਖੜ੍ਹੇ ਕਰ ਕੇ ਕਿਹਾ ਕਿ ਕਿੰਨਿਆਂ ਨੂੰ ਛੇਕਣਗੇ। ਅਸੀਂ ਸਾਰੇ ਅਪਣੇ ਪਰਿਵਾਰਾਂ ਸਮੇਤ ਇਹੋ ਜਹੀ ਸੜੀ ਗਲੀ ਬ੍ਰਾਹਮਣੀ ਵਿਵੱਸਥਾ, ਜਿਸ ਦੀ ਸਿੱਖੀ ਅਤੇ ਸਿੱਖ ਰਹਿਤ ਮਰਯਾਦਾ ਵਿੱਚ ਕੋਈ ਜ਼ਿਕਰ ਤਕ ਨਹੀਂ ਹੈ; ਤੋਂ ਅਪਣਾਂ ਪਿੱਛਾ ਛੁਡਾਉਣਾ ਚਾਹੁੰਦੇ ਹਾਂ।

ਮੈਂਬਰਾਂ ਦਾ ਇੰਨਾਂ ਜੋਸ ਵੇਖ ਕੇ ਭਾਈ ਇੰਦਰਜੀਤ ਸਿੰਘ ਨੇ ਮਤਾ ਪੇਸ਼ ਕੀਤਾ ਜਿਸ ਵਿੱਚ ਕਿਹਾ ਗਿਆ ਕਿ ‘ਅਕਾਲ ਤਖ਼ਤ ਦੀ ਸੰਸਥਾ ਤੇ ਸਿਧਾਂਤ ਅੱਗੇ ਸਾਡਾ ਸਿਰ ਝੁਕਦਾ ਹੈ, ਪਰ ਜਦ ਤੱਕ ਸਿੱਖ ਰਹਿਤ ਮਰਿਆਦਾ ਤੋਂ ਬਾਗੀ ਦੋ ਜਥੇਦਾਰਾਂ ਨੂੰ ਤਨਖ਼ਾਹੀਆ ਕਰਾਰ ਦੇ ਕੇ ਉਨ੍ਹਾਂ ਵਿਰੁੱਧ ਕਾਰਵਾਈ ਨਹੀਂ ਕੀਤੀ ਜਾਂਦੀ, ਉਸ ਸਮੇਂ ਤੱਕ ਇਸ ਤੋਂ ਬਾਗੀ ਜਥੇਦਾਰਾਂ ਦੇ ਕੂੜਨਾਮੇ ਅਸੀਂ ਕਦੇ ਨਹੀਂ ਮੰਨਾਂਗੇ’। ਹਾਜ਼ਰੀਨ ਸਾਰੇ ਮੈਂਬਰਾਂ ਨੇ ਆਪਣੇ ਦੋਵੇਂ ਹੱਥ ਖੜ੍ਹੇ ਕਰਕੇ ਕਿਹਾ ਕਿ ਅਸੀਂ ਸਾਰੇ ਅਕਾਲ ਤਖਤ ਅਤੇ ਸਿੱਖੀ ਅਦਾਰਿਆਂ ਦੀ ਮਰਿਯਾਦਾ ਨੂੰ ਬਹਾਲ ਕਰਨ ਦੀ ਸਹੁੰ ਚੁਕਦੇ ਹਾਂ ਅਤੇ ਜਦ ਤੱਕ ਇਹੋ ਜਿਹੇ ਲੋਗ ਅਕਾਲ ਤਖ਼ਤ ’ਤੇ ਬੈਠੇ ਹਨ, ਜੋ ਸਿੱਖਾਂ ਨੂੰ ਅਨਮਤੀਆਂ ਕੋਲੋਂ ਜੁੱਤੀਆਂ ਮਰਵਾਉਣ ਦਾ ਫ਼ੁਰਮਾਨ ਜਾਰੀ ਕਰਦੇ ਹਨ, ਉਸ ਸਮੇਂ ਤੱਕ ਅਸੀਂ ਚੁੱਪ ਕਰਕੇ ਨਹੀਂ ਬੈਠਾਂਗੇ। ਇੰਦਰ ਜੀਤ ਸਿੰਘ ਨੇ ਵੀਰਾਂ ਦਾ ਇੰਨਾਂ ਜੋਸ਼ ਵੇਖਦਿਆਂ ਕਿਹਾ ਕਿ ਹੁਣ ਵਕਤ ਆ ਗਿਆ ਹੈ, ਕਿ ਅਕਾਲ ਤਖ਼ਤ ਦੀ ਮਰਯਾਦਾ ਅਤੇ ਸਤਿਕਾਰ ਨੂੰ ਮੱਦੇ ਨਜ਼ਰ ਰਖਦਿਆਂ ਪੁਜਾਰੀਵਾਦ ਦੇ ਖਿਲਾਫ ਇਕ ਲਹਿਰ ਖੜ੍ਹੀ ਕੀਤੀ ਜਾਏ, ਜਿਸ ਵਿੱਚ ਦੇਸ਼ ਵਿਦੇਸ਼ ਵਿੱਚ ਜਾਗਰੂਕ ਸਿੱਖਾਂ ਨੂੰ ਸ਼ਾਮਿਲ ਕਰਕੇ ਇਸ ਦਾ ਦਾਇਰਾ ਹੋਰ ਵੱਡਾ ਕੀਤਾ ਜਾਏਗਾ। ਭਾਈ ਇੰਦਰਜੀਤ ਸਿੰਘ ਵੱਲੋਂ ਪੇਸ਼ ਕੀਤਾ ਗਿਆ ਮਤਾ ਸਰਬ ਸੰਮਤੀ ਨਾਲ ਪਾਸ ਕੀਤਾ ਗਿਆ।

ਅਕਾਲੀ ਜੱਥਾ ਕਾਨ੍ਹਪੁਰ ਨਾਲ ਜੁੜੇ ਗੁਰਦੁਆਰਾ ਸ਼੍ਰੀ ਸਿੰਘ ਸਭਾ ਰਤਨ ਲਾਲ ਨਗਰ, ਕਾਨ੍ਹਪੁਰ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀਰ ਰਘੁਬੀਰ ਸਿੰਘ ਨੇ ਐਲਾਨ ਕੀਤਾ ਕਿ ਕਾਨ੍ਹਪੁਰ ਵਿੱਚ ਇਹੋ ਜਹੇ ਅਖੌਤੀ ਜੱਥੇਦਾਰਾਂ ਨੂੰ ਵੜਨ ਨਹੀਂ ਦਿਤਾ ਜਾਵੇਗਾ, ਜੋ ਸਿੱਖਾਂ ਨੂੰ ਅਨਮਤੀਆਂ ਕੋਲੋਂ ਜੁੱਤੀਆ ਮਰਵਾਉਣ ਅਤੇ ਗੁਰਬਾਣੀ ਕੀਰਤਨ ’ਤੇ ਪਾਬੰਦੀਆਂ ਲਾਉਣ ਲਈ ਗੁੰਡੇ ਅਨਸਰਾਂ ਦਾ ਸਹਾਰਾ ਲੈ ਕੇ ਅਕਾਲ ਤਖਤ ਦੇ ਸਤਿਕਾਰ ਨੂੰ ਰੋਲਣ ਦਾ ਕੰਮ ਕਰ ਰਹੇ ਨੇ। ਉਨਾਂ ਐਲਾਨ ਕੀਤਾ ਕਿ ਅਕਾਲੀ ਜੱਥਾ, ਕਾਨ੍ਹਪੁਰ ਦੇ ਵੀਰ ਅਤੇ ਗੁਰਦੁਆਰਾ ਕਜਮੇਟੀ ਹਮੇਸ਼ਾਂ ਸੱਚ ਦੇ ਨਾਲ ਖੜ੍ਹੀ ਰਹੇਗੀ ਅਤੇ ਹਮੇਸ਼ਾਂ ਵਾਂਗ ਪੰਥਕ ਕੰਮ ਕਰਦੀ ਰਹੇਗੀ। ਇਸੇ ਲੜੀ ਵਿੱਚ ਉਨ੍ਹਾਂ ਐਲਾਨ ਕੀਤਾ ਕਿ ਆਰਥਿਕ ਤੌਰ ’ਤੇ ਪਛੜੇ ਗੁਰਸਿੱਖ ਪਰਿਵਾਰਾਂ ਦੇ ਬੱਚਿਆਂ ਦੇ ਆਨੰਦ ਕਾਰਜ, ਉਨ੍ਹਾਂ ਦੇ ਠਹਿਰਨ ਦਾ ਇੰਤਜਾਮ ਅਤੇ ਰੋਟੀ ਆਦਿਕ ਦਾ ਸਾਰਾ ਖਰਚਾ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਰਤਨ ਲਾਲ ਨਗਰ ਗੁਰੂ ਕੀ ਗੋਲਕ ’ਚੋਂ ਕਰਿਆ ਕਰੇਗੀ। ਅਤੇ ਬੱਚੇ ਅਤੇ ਬੱਚੀ ਦੋਹਾਂ ਪਰਿਵਾਰਾਂ ਦਾ ਪੂਰੇ ਵਿਆਹ ਦਾ ਖਰਚਾ ਅਪਣੇ ਕੋਲੋਂ ਕਰੇਗੀ।

ਇਸ ਤਰ੍ਹਾਂ ਦੇ ਹੋਰ ਮੱਤੇ ਵੀ ਪਾਸ ਕੀਤੇ ਗਏ, ਅਤੇ ਵੀਰ ਮਨਮੀਤ ਸਿੰਘ ਸਵਾਲੱਖ, ਵੀਰ ਕੰਵਲਪਾਲ ਸਿੰਘ, ਵੀਰ ਤੇਜਪਾਲ ਸਿੰਗ, ਵੀਰ ਬਲਬੀਰ ਸਿੰਘ ਮੱਟੂ, ਵੀਰ ਅਤਿੰਦਰਪਾਲ ਸਿੰਘ, ਵੀਰ ਜਗਧਰ ਸਿੰਘ ਜੀ, ਵੀਰ ਬਲਬੀਰ ਸਿੰਘ ਭਗਤ ਜੀ, ਵੀਰ ਅੰਮ੍ਰਿਤ ਪਾਲ ਸਿੰਘ, ਵੀਰ ਸ਼ੰਟੀ ਸਿੰਘ ਖਾਲਸਾ, ਵੀਰ ਗੁਰਪ੍ਰੀਤ ਸਿੰਘ ਮਾਨੀ, ਵੀਰ ਅਮਰਜੀਤ ਸਿੰਘ, ਵੀਰ ਦਲੀਪ ਸਿੰਘ, ਅਤੇ ਬਹੁਤ ਸਾਰੇ ਵੀਰਾਂ ਨੇ ਆਪਣੇ ਵੀਚਾਰ ਰੱਖੇ, ਅਕਾਲੀ ਜੱਥੇ ਦੇ ਪ੍ਰਧਾਨ ਵੀਰ ਹਰਚਰਣ ਸਿੰਘ ਹੋਰਾਂ ਦੇ ਸ਼ਹਿਰ ਵਿੱਚ ਨਾਂ ਹੋਣ ਕਾਰਣ ਉਨਾਂ ਟੈਲੀਫੋਨ ਤੇ ਅਪਣਾਂ ਸੰਦੇਸ਼ ਭੇਜਿਆ। ਇਸ ਤਰ੍ਹਾਂ ਬਹੁਤ ਹੀ ਸੁਖਾਵੇ ਅਤੇ ਜੋਸ਼ ਭਰੇ ਮਹੌਲ ਵਿੱਚ ਇਹ ਇਜਲਾਸ ਸਿਰੇ ਚੜ੍ਹਿਆ।

ਮੀਟਿੰਗ ਦੀ ਸਾਰੀ ਕਾਰਵਾਈ ਦੀ ਜਾਣਕਾਰੀ ਵੀਰ ਇੰਦਰਜੀਤ ਸਿੰਘ, ਵੀਰ ਰਮਿੰਦਰ ਸਿੰਘ ਸੋਨੂੰ ਰੇਖੀ ਅਤੇ ਪ੍ਰਧਾਨ ਰਘੁਬੀਰ ਸਿੰਘ ਨੇ ਫ਼ੋਨ ਰਾਹੀਂ ਦਿੱਤੀ ਤੇ ਫ਼ੋਟੋ ਈਮੇਲ ਰਾਹੀਂ ਭੇਜੀ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top