Share on Facebook

Main News Page

ਸਾਧਾਂ/ਸੰਤਾਂ ਨੂੰ ਭਲਾ ਸੁਰੱਖਿਆ ਦੀ ਕੀ ਲੋੜ ਹੈ ?
- ਤਰਲੋਕ ਸਿੰਘ ‘ਹੁੰਦਲ’, ਬਰੈਂਮਟੰਨ - ਕਨੇਡਾ

ਧਾਰਮਿਕ ਆਗੂ, ਸਾਧ/ਸੰਤ ਤਾਂ ਨਿਰਵੈਰ ਹੁੰਦੇ ਹਨ। ਧਾਰਨਾ ਹੈ ਕਿ ਇਨ੍ਹਾਂ ਬ੍ਰਹਮ ਦੇ ਪੁਜਾਰੀਆਂ ਦਾ ਕਿਸੇ ਨਾਲ ਵੈਰ-ਵਿਰੋਧ ਜਾਂ ਲੜਾਈ-ਝਗੜਾ ਨਹੀਂ ਹੁੰਦਾ।cਸੰਸਾਰ ਵਿੱਚ ਤੁਰ-ਫਿਰ ਕੇ ‘ਅਕਾਲ’ ਦੀ ਉਸਤਤੀ ਦਾ ਪ੍ਰਚਾਰ ਕਰਦੇ ਹਨ ਅਤੇ ਮਨੁੱਖ ਨੂੰ ਸਿਰਜਨਹਾਰ ਨਾਲ ਜੋੜਣ ਲਈ ਯਤਨਸ਼ੀਲ ਰਹਿੰਦੇ ਹਨ। ਆਮ ਭਾਸ਼ਾ ਵਿੱਚ, ਲੋਕਾਂ ਵਲੋਂ ਇਨ੍ਹਾਂ ਪੁਰਖਾਂ ਨੂੰ ‘ਰੱਬ ਦੇ ਸਪੂਤ’ ਕਹਿ ਕੇ ਵੱਡਿਆਇਆ ਜਾਂਦਾ ਹੈ। ਹੈਰਾਨ,ਪ੍ਰੇਸ਼ਾਨ ਹੋ ਜਾਈਦਾ ਹੈ ਜਦੋਂ ਸੰਤਾਂ/ਸਾਧਾਂ ਅਤੇ ਨਿੱਕੇ-ਵੱਡੇ ਡੇਰੇਦਾਰਾਂ ਦੇ ਅੱਗੜ-ਪਿੱਛੜ, ਦਰਜਨਾਂ ਸੁਰਖਿਆ ਕਰਮੀਆਂ ਦੀਆਂ ਹੇੜਾਂ ਤੁਰੀਆਂ ਫਿਰਦੀਆਂ ਵੇਖਦੇ ਹਾਂ।ਰੱਬੀ ਉਪਦੇਸ਼ ਦੇਣ ਵਾਲੇ ਇਨ੍ਹਾਂ ਵਿਅਕਤੀਆਂ ਨੂੰ ਸਰਕਾਰੀ ਜਾਂ ਗੈਰ ਸਰਕਾਰੀ ਸੁਰਖਿਆ ਦੀ ਕਿਉਂ ਲੋੜ ਪੈਂਦੀ ਹੈ? ਰਾਜਨੀਤਕ ਲੀਡਰਾਂ ਦਾ ਤਾਂ ਮੰਨਿਆ ਕਿ ਵਿਰੋਧੀਆਂ ਨਾਲ ਇੱਟ-ਖੜੱਕਾ ਚਲਦਾ ਰਹਿੰਦਾ ਹੈ। ਉਨ੍ਹਾਂ ਨੇ ਧੱਕੇ-ਸ਼ਾਹੀ,ਮਾਰ-ਧਾੜ ਜਾਂ ਕਹੋ ਵਿਰੋਧੀ ਧਿਰ ਨੂੰ ਦਬਾਉਣ ਲਈ ਤਰ੍ਹਾਂ-ਤਰ੍ਹਾਂ ਦੇ ਹੱਥ-ਕੰਡੇ ਵਰਤਣੇ ਹੁੰਦੇ ਹਨ ਪਰ ਧਰਮੀ ਹੁੰਦੇ ਇਹ ਸੰਤ ਲੋਕ ਕੋਈ ਮਾੜਾ ਕੰਮ ਤਾਂ ਕਰਦੇ ਨਹੀਂ,ਫਿਰ ਇਹਨਾਂ ਨੂੰ ਕਿਸੇ ਤੋ ਕਾਹਦਾ ਡਰ ਲਗਦਾ ਹੈ। ਇਹ ਗੰਭੀਰ ਮਾਮਲਾ ਆਮ ਸ਼ਰਧਾਲੂ ਦੀ ਸਮਝ ਤੋਂ ਬਾਹਰ ਦੀ ਗੱਲ ਹੈ।

ਦੋ ਕੁ ਦਹਾਕੇ ਪਹਿਲਾਂ ਇੱਕ ਸਿੱਖ ਪ੍ਰਚਾਰਕ ਨੇ ਬੜੀ ਪਤੇ ਦੀ ਗੱਲ ਕਹੀ। ‘ਗੁਰੂ-ਪੀਰਾਂ ਦੀ ਧਰਤ-ਪੰਜਾਬ ਕਾਲੇ ਦੌਰ’ਚੋਂ ਲੰਘ ਰਿਹਾ ਸੀ ਉਨ੍ਹਾਂ ਦਿਨ੍ਹਾਂ ਵਿੱਚ ਅਸੀਂ,ਕਿਸੇ ਨੂੰ ਮਿਲਣ ਲੁਧਿਆਣੇ ਗਏ। ਪਤਾ ਚੱਲਿਆ,ਕਿ ਉਹ ਵਿਅਕਤੀ ਤਾਜਪੁਰ ਰੋਡ ਭਾਗ-ਪੁਰਾ,ਬੁੱਢੇਵਾਲ ਕੋਲ ਕਿਸੇ ਡੇਰੇ ਤੇ ਸਮਾਗਮ ਵਿੱਚ ਗਿਆ ਹੋਇਆ ਹੈ।ਕੰਮ ਅਤਿ ਜਰੂਰੀ ਸੀ,ਅਸੀਂ ਵੀ ਓਧਰ ਨੂੰ ਚੱਲ ਪਏ। ਪਹੁੰਚੇ ਤਾਂ ਕੀ ਵੇੋਿਖਆ ਕਿ ਡੇਰੇ ਵਿੱਚ ਵਾਹਵਾ ਗਹਿਮਾਂ-ਗਹਿਮੀ ਸੀ ਤੇ ਪੰਡਾਲ ਵਿੱਚ ਵੀ ਸੰਗਤ ਦੀ ਭਰਵੀੰ ਹਾਜਰੀ ਸੀ।ਗੁਰੂ-ਹਜੂਰ ਬੈਠਾ ਸਿੱਖ ਵਿਦਵਾਨ ਕਥਾ ਕਰ ਰਿਹਾ ਸੀ। ਅਨੁਸਾਸ਼ਨੀ ਗੁਰੂ ਨਾਨਕ ਨਾਮ-ਲੇਵਾ ਸਿੱਖ ਦਾ ਪਹਿਲਾ ਫ਼ਰਜ ਹੈ ਕਿ ਜਿਥੇ ਕਿਤੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਹੋਵੇ,ਨਤਮਸਤਕ ਹੋਵੇ ਅਤੇ ਸਮੇਂ ਅਨੁਸਾਰ ਹਾਜ਼ਰੀ ਭਰੇ। ਅਸੀਂ ਵੀ ਇਵੇਂ ਹੀ ਕੀਤਾ।  ਯਥਾ-ਸ਼ਕਤਿ ਭੇਂਟਾ ਅਰਪਨ ਕੀਤੀ ਤੇ ਪ੍ਰਵਚਨ ਸੁਣਨ ਲਈ ਬੈਠ ਗਏ।

ਏਨੇਂ ਵਿੱਚ ਘੁਲਾਲ ਪਿੰਡ ਦੇ ਇਕ ਸੰਤ ਜੀ ਆ ਗਏ। ਉਨ੍ਹਾਂ ਨਾਲ ਦੋ ਕੁ ਦਰਜਨਾਂ ਹਥਿਆਰ-ਬੰਦ ਚੋਲਾਧਾਰੀਆਂ ਦੀ ਫੌਜ ਸੀ। ਸੰਤ ਜੀ ਜਦੋਂ ਮੱਥਾ ਟੇਕਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਹੋਏ ਤਾਂ ਸੰਤਾਂ ਦੀ ਰੱਖਿਆ ਲਈ ਤਿਆਰ-ਬਰ-ਤਿਆਰ ਹਿਫਾਜਤੀ-ਟੋਲਾ ਪਿੱਛਲੇ ਪਾਸੇ ਅਰਧ-ਚੰਦ ਚੱਕਰ ’ਚ ਘੇਰਾ ਘੱਤ ਕੇ ਖਲੋ ਗਿਆ। ਮੁੱਕਦੀ ਗੱਲ, ਕਿ ਕਥਾਵਾਚਕ ਤੇ ਸੰਗਤ ਦਰਮਿਆਨ ਇੱਕ ਮੋਟੀ ਚਿੱਟੀ ਚਾਦਰ ਦੀ ਕੰਧ ਬਣ ਗਈ। ਗੁਰੂ ਸਾਹਿਬ ਜੀ ਦੇ ਦਰਬਾਰ, ਘੁਲਾਲ ਦੇ ਸੰਤ ਨੇ ਲੰਮੀ-ਚੌੜੀ ਗੁਪਤ ਅਰਦਾਸ ਕੀਤੀ, ਮੱਥਾ ਟੇਕਿਆ ਤੇ ਫਿਰ ਪ੍ਰਚਾਰਕ ਦੇ ਕੋਲ ਸਟੇਜ ਤੇ ਬੈਠਣ ਲਈ ਹੋ ਤੁਰੇ। ਇਕ…ਦੋ…ਤਿੰਨ ਯਾਨੀ ਵਾਰੀ ਵਾਰੀ ਅਸਲੇ ਵਾਲੇ ਸਾਰੇ ਚੋਲਾਧਾਰੀ ਕਿਨ੍ਹਾਂ-ਕਿਨ੍ਹਾਂ ਚਿਰ ਓਵੇਂ ਹੀ ਅਰਦਾਸ ਕਰਨ ਉਪਰੰਤ ਕਿਤੇ ਜਾ ਕੇ ਮੱਥਾ ਟੇਕਣ। ਅਜਬ ਦ੍ਰਿਸ਼ ਸੀ। ਇਸ ਲੰਮੀ ਚੌੜੀ ਪ੍ਰਕਿਰਿਆ ਵਿੱਚ ਨਾ ਪ੍ਰਚਾਰਕ ਨੂੰ ਸੰਗਤ ਨਜ਼ਰ ਆਵੇ ਤੇ ਨਾ ਹੀ ਸੰਗਤ ਨੂੰ ਕਥਾਵਾਚਕ ਦਿਸੇ। ਆਖਿਰ, ਸਿੱਖ ਵਿਦਵਾਨ ਨੂੰ ਮਜ਼ਬੂਰਨ ਵਿੱਚੇ ਹੀ ਪ੍ਰਚਾਰ ਬੰਦ ਕਰਨਾ ਪਿਆ।

ਅੰਦਾਜਨ ਕੋਈ 15/16 ਮਿੰਟਾਂ ਦੇ ਵਕਫੇ ਬਾਅਦ, ਜਦੋਂ ਕਥਾ-ਵਾਚਕ ਅਤੇ ਸੰਗਤ ਦੀਆਂ ਆਪਸ ਵਿੱਚ ਨਜ਼ਰਾਂ ਮਿਲੀਆਂ, ਤਾਂ ਉਸ ਨੇ ਆਪਣੇ ਵਿਚਾਰਾਂ ਦੀ ਲੜੀ ਅੱਗੇ ਤੋਰੀ। ਓਸ ਵੇਲੇ ਜੋ ਪੰਥ ਪ੍ਰਚਾਰਕ ਨੇ ਆਖਿਆ, ਉਹ ਅੱਜ ਵੀ ਮੇਰੇ ਜਿਹਨ ’ਚ ਤਰੋ-ਤਾਜਾ ਹੈ ਅਤੇ ਸਾਧਾਂ/ਸੰਤਾਂ ਲਈ ਸਿਖਿਆਦਾਇਕ ਵੀ। ਉਨ੍ਹਾਂ ਨੇ ਅਧਵਾਟੇ ਟੁੱਟ ਚੁੱਕੀ ਪ੍ਰਚਾਰ ਦੀ ਲੜੀ ਨੂੰ ਅਗਾਹ ਤੋਰਦਿਆਂ ਬੜੀ ਸੁਰੀਲ਼ੀ ਅਵਾਜ਼ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਇੱਕ ਪਾਵਨ ਸਲੋਕ ਦਾ ਉਚਾਰਨ ਕੀਤਾ:

ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥ ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ॥20॥
(ਸਲੋਕ ਵਾਰਾਂ ਤੇ ਵਧੀਕ॥ਮਹਲਾ 1॥ਅੰਕ 1412)

ਸਿੱਖ ਧਰਮ ਵਿੱਚ ਵਿਚਰਦੇ ਸਾਧ ਲਾਣੇ ਨੂੰ ਪਤਾ ਨਹੀਂ, ਕੀ ਹੋ ਗਿਆ? ਆਪਣੇ ਬਚਾ ਲਈ ਹਥਿਆਰਾਂ ਵਾਲੇ ਬੰਦਿਆਂ ਦੇ ਵੱਗ ਲਈ ਫਿਰਦੇ ਨੇ। ਇਨ੍ਹਾਂ ਨੂੰ ਪੁੱਛੋ, ਕਿ ਕੀ ਤੁਸੀਂ ਮਰਨ ਤੋਂ ਡਰਦੇ ਹੋ? ਤੁਸੀਂ ਡੱਲੇ ਦੀ ਅੰਸ਼ ਵਿੱਚੋਂ ਹੋ। (ਦਸਣਾ ਬਣਦਾ ਹੈ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਕਾਲ ਵਿੱਚ ਭਾਈ ਡੱਲੇ ਦੀ ਸਾਖੀ ਦਾ ਜ਼ਿਕਰ ਆਉਂਦਾ ਹੈ)। ਸਿੱਖ ਤਾਂ ਮੌਤ ਨੂੰ ਮਾਖੌਲ ਕਰਦਾ ਹੈ। ਨਾਲੇ ਇਹ ਤੁਹਾਨੂੰ ਕੀ ਬਚਾ ਲੈਣਗੇ? ਚਲਾਉਂਣੀ ਤਾਂ ਦੂਰ ਦੀ ਗੱਲ, (ਹੱਥ ਕਰਕੇ) ਇਨ੍ਹਾਂ ਨੂੰ ਤਾਂ ਬੰਦੂਕ ਫੜਨੀ ਨਹੀਂ ਆਉਂਦੀ। ਇਨ੍ਹਾਂ ਵਿਚਾਰਿਆਂ ਨੇ ਕਿਹੜੀ ਏ.ਕੇ ਸੰਤਾਲੀ ਚਲਾਉਂਣ ਦੀ ਸਿਖਲਾਈ ਲਈ ਹੋਈ ਐ। ਪ੍ਰਮਾਤਮਾ ਸੁੱਖ ਸ਼ਾਤੀ ਬਣਾਈ ਰੱਖੇ, ਪਰ ਜੇ ਕਿਧਰੇ ਐਸਾ ਵਕਤ ਬਣਿਆ ਤਾਂ ਇਨ੍ਹਾਂ ਨੇ ਜਾਂ ਤਾਂ ਗੋਲੀ ਆਪਣੇ, ਆਪੇ ਮਾਰ ਲੈਣੀ ਹੈ ਜਾਂ ਫਿਰ ਤੁਹਾਡੇ ਮਾਰ ਦੇਣੀ ਹੈ। ਬਲੀ ਦੇ ਬੱਕਰੇ ਗਰੀਬਾਂ ਦੇ ਮੁੰਡੇ ਬਣ ਜਾਣੇ ਨੇ। ਬਾਬਿਓ! (ਇਸ਼ਾਰਾ ਕਰਕੇ) ਸਿੱਖ ਦੀ ਜੇ “ਗੁਰੂ” ਨੇ ਰਖਿਆ ਨਾ ਕੀਤੀ ਤਾਂ ਤੁਹਾਨੂੰ ਕੋਈ ਨਹੀਂ ਬਚਾ ਸਕਦਾ। ਜੇ ਏਨਾਂ ਹੀ ਡਰ ਲਗਦਾ ਐ, ਤਾਂ ਸਾਧ-ਪੁਣਾ ਛਡੋ ਤੇ ਘਰ ਬੈਠ ਕੇ ਵਾਣ ਵੱਟੋ…….ਅਜੇ ਪਤਾ ਨਹੀਂ ਉਹ ਹੋਰ ਕੀ ਕੁੱਝ ਬੋਲਦਾ, ਕਿ ਇਤਨੀਆਂ ਕੁ ਖਰੀਆਂ-ਖਰੀਆਂ ਸੁਣਦਿਆਂ ਸਾਰ, ਘੁਲਾਲ ਵਾਲੇ ਸੰਤ ਜੀ ਪਤਰਾ-ਵਾਚ ਗਏ। ਉਹਨਾਂ ਦੀ ਤੇਜ-ਕਦਮੀ ਤੇ ਸੰਗਤ ਹੱਸ ਰਹੀ ਸੀ। ਇਥੇ ਇਹ ਦਸਣਾ ਕੁਥਾਂਵੇ ਵੀ ਨਹੀਂ ਹੋਵੇਗਾ ਕਿ ਸੱਚੀਆਂ ਸੁਣਾਉਂਣ ਵਾਲੇ ਕਥਾ-ਵਾਚਕ ਕੁਰਾਲੀ ਇਲਾਕੇ ਦੇ ਰਹਿਣ ਵਾਲੇ ਸਨ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਗਲ ਵਿੱਚ ਹਜੂਰੀਆਂ ਪਾਈ ਸੜਕੇ-ਸੜਕ ਇੱਕਲਿਆਂ ਪੈਦਲ ਤੁਰੇ ਜਾਂਦੇ ਵੇਖਿਆ ਸੀ।

ਅਜ ਵੀ ਜਦੋਂ ਕਿਸੇ ਸਾਧ/ਸੰਤ/ਬਾਬੇ ਦੇ ਨਾਲ ਬੰਦੂਕਾਂ ਵਾਲੇ ਸੁਰੱਖਿਆ ਕਰਮਚਾਰੀਆਂ ਦੀ ਪਲਟਣ ਵੇਖਦਾ ਹਾਂ ਤਾਂ ਕੁਰਾਲੀ-ਲਵੇ ਰਹਿੰਦੇ ਸਿੱਖ ਪ੍ਰਚਾਰਕ ਦੇ ਬੋਲ ਯਾਦ ਆ ਜਾਂਦੇ ਹਨ।


Disclaimer: Khalsanews.org does not necessarily endorse the views and opinions voiced in the news।  articles।  audios videos or any other contents published on www.khalsanews.org and cannot be held responsible for their views.  Read full details....

Go to Top