ਮਨੁੱਖ ਇਕ ਸਮਾਜਿਕ ਪ੍ਰਣੀ ਹੈ। ਇਸ ਦੀਆਂ ਆਪਣੀਆਂ ਅਤੇ ਪਰਿਵਾਰ ਦੀਆਂ
ਕੁੱਲੀ, ਗੁੱਲੀ ਅਤੇ ਜੁੱਲੀ ਦੀਆਂ ਲੋੜਾ ਹਨ ਜਾਂ ਇਹ ਕਹਿ ਲਵੋ ਕਿ ਰੋਟੀ, ਕੱਪੜਾ ਅਤੇ ਮਕਾਨ
ਮਨੁੱਖ ਦੀਆਂ ਉਹ ਲੋੜਾਂ ਹਨ ਜਿਹੜੀਆਂ ਮਨੁੱਖ ਨੂੰ ਉਦਮੀ ਬਣਾਉਦੀਆਂ ਹਨ।
ਗੁਰੂ ਸਾਹਿਬ ਨੇ ਵੀ ਇਸ ਗੱਲ ਨੂੰ ਉਤਸਾਹਤ ਕਰਨ ਲਈ ਲਿਖਿਆ ਹੈ ਕਿ:- ‘ਉਦਮੁ
ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ ॥ ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ
॥1॥’
ਇਸ ਲਈ ਅਸੀ ਕਹਿ ਸਕਦੇ ਹਾਂ ਕਿ ਹਰ ਮਨੁੱਖ ਅਪਣੀ ਉਪਜੀਵਕਾ ਲਈ ਕੋਈ ਨਾ
ਕੋਈ ਧੰਦਾ ਜਰੂਰ ਕਰਦਾ ਹੈ ਤੇ ਅਜਿਹਾ ਉਸ ਨੂੰ ਕਰਨਾ ਵੀ ਚਾਹੀਦਾ ਹੈ। ਪਰ ਅੱਜ ਪਦਾਰਥਵਾਦੀ
ਚੂਹਾ ਦੌੜ ਵਿਚ ਸ਼ਾਮਲ ਹੋਇਆ ਬੰਦਾ ਧਰਮ ਨੂੰ ਵੀ ਧੰਦੇ ਵਾਂਗ ਵਿਕਸਤ ਕਰਨ ਦੀਆਂ ਗਲਤ ਰਾਹਾਂ
ਉਪਰ ਚੱਲ ਪਿਆ ਹੈ। ਬਹੁਤੇ ਥਾਂਈ ਧਰਮ ਨੂੰ ਹੀ ਕਮਾਈ ਦਾ ਸਾਧਨ ਬਣਾ ਲਿਆ ਗਿਆ ਹੈ।
ਇਹ ਵੀ ਇਕ ਕੌੜੀ ਸਚਾਈ ਹੈ ਕਿ ਧਰਮ ਦੇ ਨਾਮ ’ਤੇ ਮਨੁੱਖੀ ਲੁੱਟ ਮੁੱਢ
ਕਦੀਮ ਤੋਂ ਹੀ ਹੁੰਦੀ ਆਈ ਹੈ। ਇਸੇ ਹੀ ਲੁੱਟ ਤੋਂ ਆਮ ਆਦਮੀ ਨੂੰ ਬਚਾਉਣ ਲਈ ਗੁਰੂ ਬਾਬੇ ਨੇ
ਆਸਾ ਦੀ ਵਾਰ ਦੀ ਰਚਨਾ ਕਰਕੇ, ਜਿਥੇ ਅਜਿਹੀ ਲੁਟੇਰਾ ਜਮਾਤ ਨੂੰ ਚੰਗੀ ਝਾੜ ਪਾਈ ਹੈ, ਉਥੇ
ਆਮ ਆਦਮੀ ਨੂੰ ਅਜਿਹੇ ਨਕਾਬਪੋਸ਼ਾਂ ਤੋ ਬਚਣ ਲਈ ਸੁਚੇਤ ਕਰਦਿਆਂ, ਉਸ ਪ੍ਰਭੂ ਦੀ ਕ੍ਰਿਪਾ
ਦ੍ਰਿਸਟੀ ਦੇ ਪਾਤਰ ਬਣਨ ਦੇ ਰੱਬੀ ਗਿਆਨ ਤੋਂ ਵੀ ਬਹੁਤ ਹੀ ਸਰਲ ਅਤੇ ਲੋਕ ਭਾਸ਼ਾ ਵਿਚ ਸਾਨੂੰ
ਜਾਣੂ ਕਰਵਾਇਆ ਹੈ।
ਪਰ ਅਫਸੋਸ! ਕੇ ਅੱਜ ਬਾਬੇ ਨਾਨਕ ਦੇ ਸਿੱਖ ਬਹੁਤੀ ਥਾਂਈ ਆਸਾ ਦੀ ਵਾਰ
ਨੂੰ ਅਮ੍ਰਿੰਤ ਵੇਲੇ ਪੜ੍ਹਨ ਦੀ ਰੀਤ ਨੂੰ ਹੀ ਵੀਸਾਰ ਰਹੇ ਹਨ। ਸਰਸਾ ਨਦੀ ਦੇ ਕੰਢੇ ਯੁੱਧ
ਦੇ ਮੈਦਾਨ ਵਿਚ ਵੀ ਗੁਰੂ ਗੋਬਿੰਦ ਸਿੰਘ ਜੀ ਵੱਲੋ ਆਸਾ ਦੀ ਵਾਰ ਦਾ ਕੀਰਤਨ ਕਰਨ ਦੇ ਇਤਿਹਾਸ
ਤੋ ਹੀ ਸਾਨੂੰ ਆਸਾ ਦੀ ਵਾਰ ਦੇ ਕੀਰਤਨ ਦਾ ਸਿੱਖ ਦੇ ਜੀਵਨ ਵਿਚ ਮੱਹਤਵ ਦਾ ਪਤਾ ਲੱਗਦਾ ਹੈ।
ਕਿੰਨੇ ਅਚੰਭੇ ਦੀ ਗੱਲ ਹੈ, ਕਿ ਅੱਜ ਅਸੀ ਗੁਰਬਾਣੀ ਵਿਚਲੇ ਸਰਬੱਤ ਦੇ ਭਲੇ
ਦੇ ਕਨਸਿਪਟ (Concept) ਨੂੰ ਭੁੱਲ ਕੇ ਸਿਰਫ ਨਿਜੀ ਸਵਾਰਥਾਂ
ਲਈ ਪਾਠਨ ਪਾਠ ਕਰਨਾਂ ਹੀ ਸੁਰੂ ਨਹੀਂ ਕਰ ਦਿੱਤਾ, ਸਗੋਂ ਉਸ ਰੱਬੀ ਗਿਆਨ ਦੇ ਪਿਉ ਦਾਦੇ ਦੇ
ਖਜਾਨੇ ਦਾ ਵਰਗੀਕਰਣ ਕਰਨਾ ਵੀ ਸੁਰੂ ਕਰ ਦਿੱਤਾ ਹੈ।
ਅੱਜ ਦੇ ਵਰਗੀਕਰਣ ਨੂੰ ਦੇਖ ਕੇ ਇੰਝ ਲੱਗਦਾ ਹੈ, ਕਿ ਅਸੀਂ 575 ਸਾਲ ਪਿਛੇ
ਮੁੜ ਗਏ ਹਾਂ, ਜਦੋਂ ਅਜੇ ਗੁਰੂ ਬਾਬੇ ਦੇ ਰੂਪ ਵਿਚ ਰੱਬੀ ਜੋਤ ਪ੍ਰਗਟ ਨਹੀਂ ਸੀ ਹੋਈ। ਇੰਝ
ਲਗਦਾ ਹੈ, ਕਿ ਮਨੁੱਖਤਾ ਵਿਚ ਪਾੜਾ ਪਾਉਣ ਵਾਲੀਆਂ ਉਹ ਪੁਰਾਣੀਆਂ ਸ਼ੈਤਾਨੀ ਰੂਹਾਂ ਅੱਜ ਵੀ
ਸਾਡੇ ਵਿਚ ਵੀ ਪ੍ਰਵੇਸ਼ ਕਰ ਗਈਆਂ ਹਨ।
ਸਵਾਰਥੀ ਮਾਨਸਿਕਤਾ ਅਤੇ ਮਨੁੱਖੀ ਵੰਡ ਹੀ ਦੋ ਅਜਿਹੇ ਵਰਤਾਰੇ ਹਨ, ਜਿਹੜੇ
ਧਰਮ ਦੇ ਨਾਮ ਉਪਰ ਲੁੱਟ ਮਚਾਉਣ ਵਾਲੀ ਲੁਟੇਰਾ ਜਮਾਤ ਲਈ ਸਭ ਤੋ ਜਰਖੇਜ ਭੂਮੀ ਦਾ ਕੰਮ ਕਰਦੇ
ਹਨ। ਦੋਵਾਂ ਦਾ ਹੀ ਅੱਜ ਸਾਡੇ ਵਿਚ ਬੋਲਬਾਲਾ ਹੈ।
ਚਲ ਹੋਉ, ਆਪਾਂ ਨੂੰ ਕੀ ਆ, ਆਪਾਂ ਕੀ ਲੈਣਾ, ਜਿਹੀ ਨਿਰਾਸਾਵਾਦੀ, ਢਾਹੂ
ਅਤੇ ਸਵਾਰਥੀ ਸੋਚ ਨੇ ਅੱਜ ਸਾਨੂੰ ਗੁਰੂ ਸਿਧਾਂਤ ਤੋ ਦੂਰ ਲਿਜਾਣ ਲਈ ਹੋਰ ਵੀ ਯੋਗਦਾਨ ਪਾਇਆ।
ਹੈਰਾਨੀ ਦੀ ਗੱਲ ਹੈ, ਕਿ ਅੱਜ ਉਸੇ ਹੀ ਗੁਰੂ ਬਾਬੇ ਦੇ ਪੈਰੋਕਾਰ, ਜਿਨ੍ਹਾਂ
ਨੇ ਅਜਿਹੀ ਲੁਟੇਰਾ ਜਮਾਤ ਦੇ ਖਿਲਾਫ ਗੁਰੂ ਬਾਬੇ ਦਾ ਸੰਦੇਸ਼ ਪੂਰੀ ਦੁਨੀਆਂ ਤੱਕ ਲਜਾਣ ਲਈ
ਝੰਡਾਬਰਦਾਰ ਬਣਨਾ ਸੀ, ਉਹ ਜਾਂ ਤਾਂ ਇਸ ਲੁਟੇਰਾ ਜਮਾਤ ਦੇ ਮੈਂਬਰ ਬਣ ਗਏ ਹਨ ਜਾਂ ਫਿਰ ਇਸ
ਲੁੱਟ ਦਾ ਸ਼ਿਕਾਰ ਹੋ ਰਹੇ ਹਨ ਤੇ ਵਿਰਲੇ ਗੁਰੂ ਬਾਬੇ ਦੀ ਮਿਹਰ ਸਦਕਾ ਇਸ ਤੇਜ ਵਗਦੀ ਆਂਧੀ
ਵਿਚ ਵੀ ਸਾਧਨ ਵਿਹੁਣੇ ਬੇ-ਵੱਸ ਹੋਏ, ਗੁਰੂ ਬਾਬੇ ਦੀ ਉਸ ਲਟ ਲਟ ਬਲਦੀ ਸਮ੍ਹਾਂ ਦੀ ਰੌਸਨੀ
ਵਿਚ ਚੱਲਦਿਆਂ ਕਾਫਲਾ ਬਣਾਉਣ ਲਈ ਯਤਨਸੀਲ ਹੋ ਰਹੇ ਹਨ। ਉਹਨਾਂ ਨੂੰ ਪਤਾ ਹੈ, ਕਿ ਇਹ ਸਿਰਫ
ਪਤਝੜ ਹੈ, ਅਤੇ ਬਿਰਖ ਅਜੇ ਸੁੱਕਿਆ ਨਹੀਂ, ਇਸ ਲਈ ਉਹ ਅਜੇ ਵੀ ਪਤਝੜ ਤੋਂ ਬਾਅਦ ਬਹਾਰ ਰੁਤ
ਅਉਣ ਦੀ ਉਡੀਕ ਕਰ ਰਹੇ ਹਨ, ਜੋ ਕਦੇ ਜ਼ਰੂਰ ਅਵੇਗੀ।