Share on Facebook

Main News Page

ਗੁਰਦਾਸ ਮਾਨ ਨਾਈਟ ਦੀਆਂ ਟਿਕਟਾਂ ਸ਼ਰਾਬ ਦੇ ਠੇਕਿਆਂ 'ਤੇ !

ਬਠਿੰਡਾ (ਬਲਵਿੰਦਰ) - ਪੰਜਾਬੀ ਗਾਇਕ ਗੁਰਦਾਸ ਮਾਨ, ਜਿਸਦਾ ਨਾਂ ਕਦੇ ਵੀ ਅਸ਼ਲੀਲਤਾ ਜਾਂ ਕਿਸੇ ਵਿਵਾਦ ਨਾਲ ਤਾਂ ਨਹੀਂ ਜੁੜਿਆ, ਪਰ ਅੱਜ ਕੱਲ੍ਹ ਉਨ੍ਹਾਂ ਦੀ ''ਬਠਿੰਡਾ ਨਾਈਟ'' ਦੀਆਂ ਟਿਕਟਾਂ ਸ਼ਹਿਰ ਦੇ ਠੇਕਿਆਂ 'ਤੇ ਵਿਕਦੀਆਂ ਨਜ਼ਰ ਆਈਆਂ। ਸਿੱਟੇ ਵਜੋਂ ਗੁਰਦਾਸ ਮਾਨ ਦਾ ਪਿਆਰ ਸੋਫੀਆਂ ਨੂੰ ਵੀ ਠੇਕੇ ਖਿੱਚ ਲਿਆਇਆ, ਪਰ ਧੀਆਂ-ਭੈਣਾਂ ਤਾਂ ਠੇਕਿਆਂ 'ਤੇ ਨਹੀਂ ਸਨ ਜਾ ਸਕਦੀਆਂ।

ਜ਼ਿਕਰਯੋਗ ਹੈ, ਕਿ 2 ਮਾਰਚ ਨੂੰ ਸ਼ਹਿਰ ਦੇ ਇਕ ਮੈਰਿਜ ਪੈਲੇਸ ਵਿਚ ਗੁਰਦਾਸ ਮਾਨ ਆਪਣਾ ਸ਼ੋਅ ਕਰਨ ਲਈ ਆ ਰਹੇ ਹਨ। ਪ੍ਰਬੰਧਕਾਂ ਨੇ ਇਕ ਟਿਕਟ ਦਾ ਮੁੱਲ 500 ਰੁਪਏ ਰੱਖਿਆ ਹੈ। ਮਾਨ ਦੇ ਪ੍ਰੇਮੀਆਂ ਨੂੰ ਟਿਕਟ ਦਾ ਇਹ ਮੁੱਲ ਕੋਈ ਜ਼ਿਆਦਾ ਨਹੀਂ ਲੱਗ ਰਿਹਾ ਸੀ, ਪਰ ਟਿਕਟਾਂ ਮਿਲਣ ਦੀ ਥਾਂ ਇਕ ਠੇਕਾ ਰੱਖੀ ਹੋਈ ਸੀ, ਜਿਸ ਕਾਰਨ ਝਿਜਕ ਹੋਣਾ ਸੁਭਾਵਿਕ ਸੀ। ਭਾਵੇਂ ਕਈਆਂ ਦਾ ਠੇਕੇ 'ਤੇ ਆਉਣਾ ਜਾਣਾ ਲੱਗਾ ਹੀ ਰਹਿੰਦਾ ਹੈ, ਪਰ ਬਹੁਤੇ ਮਾਨ ਪ੍ਰੇਮੀ ਸ਼ਰਾਬ ਤੋਂ ਪਰਹੇਜ਼ ਕਰਦੇ ਹਨ। ਜਿਨ੍ਹਾਂ ਕਦੇ ਠੇਕੇ ਦਾ ਮੂੰਹ ਨਹੀਂ ਸੀ ਦੇਖਿਆ ਅੱਜ ਉਨ੍ਹਾਂ ਨੂੰ ਵੀ ਠੇਕੇ 'ਤੇ ਜਾਣਾ ਪਿਆ।

ਠੇਕੇ 'ਤੇ ਟਿਕਟਾਂ ਲੈਣ ਪਹੁੰਚੇ ਸੁਖਵਿੰਦਰ ਸ਼ਰਮਾ, ਰਾਜਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਅਨਿਲ ਕੁਮਾਰ, ਰਾਜ ਕੁਮਾਰ ਆਦਿ ਨੇ ਦੱਸਿਆ ਕਿ ਉਹ ਕਦੇ ਠੇਕੇ 'ਤੇ ਨਹੀਂ ਗਏ। ਪ੍ਰੰਤੂ ਅੱਜ ਮਾਨ ਸਾਹਿਬ ਖਾਤਰ ਉਹ ਠੇਕੇ 'ਤੇ ਵੀ ਜਾ ਆਏ। ਉਨ੍ਹਾਂ ਕਿਹਾ ਕਿ ਉਹ ਗੁਰਦਾਸ ਮਾਨ ਦੇ ਪ੍ਰਸ਼ੰਸਕ ਹਨ, ਇਸ ਲਈ ਠੇਕੇ ਤਾਂ ਕੀ ਥਾਣੇ ਜਾਂ ਜੇਲ੍ਹ ਵਿਚ ਵੀ ਟਿਕਟਾਂ ਮਿਲਣ ਤਾਂ ਉਥੇ ਵੀ ਜਾਣ ਤੋਂ ਗੁਰੇਜ਼ ਨਹੀਂ ਕਰਨਗੇ। ਪ੍ਰੰਤੂ ਗੁਰਦਾਸ ਮਾਨ ਨੂੰ ਵੀ ਇਸ 'ਤੇ ਵਿਚਾਰ ਕਰਨਾ ਚਾਹੀਦਾ ਹੈ ਕਿ ਉਹ ਆਪਣੇ ਪ੍ਰਸ਼ੰਸਕਾਂ ਨੂੰ ਕਿਥੇ-ਕਿਥੇ ਬੁਲਾਉਣਾ ਪਸੰਦ ਕਰਨਗੇ। ਕਿਉਂਕਿ ਉਨ੍ਹਾਂ ਦੇ ਪ੍ਰਸ਼ੰਸਕਾਂ 'ਚ ਧੀਆਂ-ਭੈਣਾਂ ਦੀ ਤਾਦਾਦ ਵੀ ਹੈ, ਜਿਨ੍ਹਾਂ ਦਾ ਉਪਰੋਕਤ ਥਾਂਵਾਂ 'ਤੇ ਜਾਣਾ ਪੰਜਾਬੀ ਸਭਿਆਚਾਰ 'ਚ ਸ਼ੋਭਾ ਨਹੀਂ ਦਿੰਦਾ।

ਇਸ ਸੰਬੰਧ ਵਿਚ ਗੁਰਦਾਸ ਮਾਨ ਦੇ ਪੀ.ਏ. ਜੱਸੀ ਦਾ ਕਹਿਣਾ ਸੀ ਕਿ ਇਹ ਪ੍ਰਬੰਧਕਾਂ ਨੇ ਦੇਖਣਾ ਹੈ ਕਿ ਉਹ ਟਿਕਟਾਂ ਕਿਥੇ ਵੇਚਦੇ ਹਨ, ਕਲਾਕਾਰ ਦਾ ਕੰਮ ਸ਼ੋਅ ਕਰਨਾ ਹੈ, ਟਿਕਟਾਂ ਦੀ ਰਖਵਾਲੀ ਕਰਨਾ ਨਹੀਂ।

ਦੂਜੇ ਪਾਸੇ ਪ੍ਰੋਗਰਾਮ ਦੇ ਪ੍ਰਬੰਧਕ ਰਵੀ ਕੁਮਾਰ ਦਾ ਕਹਿਣਾ ਸੀ ਕਿ ਪ੍ਰੋਗਰਾਮ ਵਿਚ ਇਕ ਸ਼ਰਾਬ ਕੰਪਨੀ ਸਪਾਂਸਰ ਹੈ, ਇਸ ਲਈ ਟਿਕਟਾਂ ਠੇਕਿਆਂ 'ਤੇ ਰੱਖੀਆਂ ਗਈਆਂ ਹਨ। ਉਨ੍ਹਾਂ ਮੰਨਿਆ ਕਿ ਹਰੇਕ ਵਿਅਕਤੀ ਜਾਂ ਧੀਆਂ-ਭੈਣਾਂ ਲਈ ਠੇਕੇ 'ਤੇ ਜਾਣਾ ਮਸ਼ਕਿਲ ਹੈ, ਇਸ ਲਈ ਉਹ ਆਪਣੀ ਗਲਤੀ ਵੀ ਮੰਨਦੇ ਹਨ। ਉਨ੍ਹਾਂ ਕਿਹਾ ਕਿ ਉਹ ਛੇਤੀ ਹੀ ਟਿਕਟਾਂ ਦਾ ਪ੍ਰਬੰਧ ਕੁਝ ਹੋਰ ਥਾਂਵਾਂ 'ਤੇ ਵੀ ਕਰਵਾਉਣਗੇ।

Source: http://www.jagbani.com/news/jagbani_179568/


Disclaimer: Khalsanews.org does not necessarily endorse the views and opinions voiced in the news। articles। audios । videos or any other contents published on www.khalsanews.org and cannot be held responsible for their views.  Read full details....

Go to Top