Share on Facebook

Main News Page

ਬਲਵਿੰਦਰ ਸਿੰਘ ਰੰਗੀਲਾ ਨੇ ਗੁਰਮਤਿ ਸਿਧਾਤਾਂ ਤੋਂ ਉਲਟ ਸੁਣਾਈਆਂ ਗੱਪਾਂ, ਅਖੇ ਜਿਹੜਾ ਪੰਡਿਤ ਵੀ ਥਾਲੀ ਨੂੰ ਹੱਥ ਪਾਵੇ ਉਸ ਨਾਲ ਭਗਤ ਰਵਿਦਾਸ ਜੀ ਬੈਠੇ ਦਿਖਾਈ ਦੇਣ

* ਅਜਿਹੇ ਰਾਗੀ ਕੌਮ ਨਾਲ ਧ੍ਰੋਹ ਕਮਾ ਰਹੇ ਹਨ: ਗਿ. ਰਣਜੋਧ ਸਿੰਘ

 

ਅਨੰਦਪੁਰ ਸਾਹਿਬ, 9 ਫਰਵਰੀ (ਸੁਰਿੰਦਰ ਸਿੰਘ ਸੋਨੀ) - ਭਾਂਵੇ ਕੌਮ ਦਾ ਦਰਦ ਰੱਖਣ ਵਾਲੇ ਗੁਰਮਤਿ ਦੇ ਪਾਵਨ ਸਿਧਾਤਾਂ ਨੂੰ ਸੁਚੱਜੇ ਢੰਗ ਨਾਲ ਆਮ ਲੋਕਾਂ ਤੱਕ ਪਹੁੰਚਾਉਣ ਦਾ ਯਤਨ ਕਰ ਰਹੇ ਹਨ ਪਰ ਜੇਕਰ ਕੌਮ ਦੇ ਪ੍ਰਸਿੱਧ ਰਾਗੀ ਹੀ ਗੱਪਾਂ ਗਪੋੜਾਂ ਮਾਰ ਕੇ ਗੁਰਮਤਿ ਸਿਧਾਤਾਂ ਦੀਆਂ ਧੱਜੀਆਂ ਉਡਾਈ ਜਾਣ ਤਾਂ ਕੌਮ ਦੀ ਵਿਗੜੀ ਹਾਲਤ ਦਾ ਸੁਧਾਰ ਕਿਵੇ ਹੋਵੇਗਾ। ਇਸ ਸੁਆਲ ਦਾ ਹੱਲ ਪੰਥ ਦਰਦੀਆਂ ਨੂੰ ਲੱਭਣਾ ਪਵੇਗਾ। ਯੂ ਟਿਊਬ ਤੇ ਪਈ ਇਕ ਰਿਕਾਰਡਿੰਗ ਅਨੁਸਾਰ ਕੌਮ ਵਿਚ ਚੰਗਾ ਅਸਰ ਰਸੂਖ ਰੱਖਣ ਵਾਲੇ ਇਸ ਰਾਗੀ ਵਲੋ ਭਗਤ ਰਵੀਦਾਸ ਜੀ ਨਾਲ ਸਬੰਧਿਤ ਸਾਖੀ ਸੁਣਾਉਂਦਿਆਂ ਕਿਹਾ ਗਿਆ ਕਿ ਇਕ ਵਾਰ ਇਕ ਰਾਜੇ ਦੀ ਪਤਨੀ ਭਗਤ ਰਵੀਦਾਸ ਜੀ ਨੂੰ ਲੰਗਰ ਵਿਚ ਬਿਠਾ ਕੇ ਲੰਗਰ ਛਕਾਉਣ ਲੱਗੀ ਤਾਂ ਉਥੇ ਮੋਜੂਦ ਸਾਰੇ ਪੰਡਿਤਾਂ ਨੇ ਇਤਰਾਜ ਕੀਤਾ ਤੇ ਕਿਹਾ ਕਿ ਅਸੀ ਇਸ ਨੀਵੀਂ ਜਾਤ ਵਾਲੇ ਨਾਲ ਬੈਠ ਕੇ ਲੰਗਰ ਨਹੀ ਛਕਣਾ। ਇਸ ਤੇ ਭਗਤ ਰਵੀਦਾਸ ਜੀ ਉਠ ਕੇ ਆਪਣੇ ਕਮਰੇ ਵਿਚ ਆ ਗਏ। ਜਦੋ ਸਾਰੇ ਪੰਡਿਤ ਬੈਠ ਕੇ ਲੰਗਰ ਛਕਣ ਲੱਗੇ ਤਾਂ ਜਿਹੜਾ ਪੰਡਿਤ ਵੀ ਥਾਲੀ ਨੂੰ ਹੱਥ ਪਾਵੇ ਉਸਨੂੰ ਭਗਤ ਰਵਿਦਾਸ ਨਾਲ ਬੈਠੇ ਦਿਖਾਈ ਦੇਣ। ਇਸ ਤੇ ਸਾਰੇ ਪੰਡਿਤ ਇਕੱਠੇ ਹੋ ਕੇ ਭਗਤ ਜੀ ਕੋਲ ਗਏ ਤੇ ਮਾਫੀ ਮੰਗੀ।

ਅਨੰਦਪੁਰ ਸਾਹਿਬ ਦੇ ਨੇੜੇ ਹੀ ਆਪਣੀ ਸੰਗੀਤ ਅਕੈਡਮੀ ਚਲਾ ਰਹੇ ਇਸ ਰਾਗੀ ਨੇ ਆਪਣੀਆਂ ਗੱਪਾ ਜਾਰੀ ਰਖਦਿਆਂ ਅੱਗੇ ਕਿਹਾ ਕਿ ਬਾਬਾ ਨੰਦ ਸਿੰਘ ਜੀ ਇਕ ਵਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਸਿਰ ਤੇ ਚੁਕ ਕੇ ਸੈਰ ਕਰ ਰਹੇ ਸਨ ਤਾਂ ਕਿਸੇ ਨੇ ਸੁਆਲ ਕੀਤਾ ਕਿ ਐਸਾ ਕਿਉਂ ਕਰ ਰਹੇ ਹੋ ਤਾਂ ਬਾਬਾ ਨੰਦ ਸਿੰਘ ਨੇ ਜੁਆਬ ਦਿਤਾ ਕਿ ਅੰਦਰ ਗਰਮੀ ਬਹੁਤ ਹੈ ਇਸ ਲਈ ਗੁਰੂ ਸਾਹਿਬ ਨੂੰ ਬਾਹਰ ਸੈਰ ਕਰਵਾ ਰਿਹਾ ਹਾਂ। ਰਾਗੀ ਨੇ ਇਹ ਵੀ ਕਿਹਾ ਕਿ ਇਸ ਤਰਾਂ ਦੀਆਂ ਸਾਖੀਆਂ ਤੇ ਕਿੰਤੂ ਪ੍ਰੰਤੂ ਕਰਨ ਵਾਲਿਆਂ ਦੇ ਪੱਲੇ ਕੁੱਝ ਨਹੀ ਹੁੰਦਾ ਨਾ ਉਨਾਂ ਦੇ ਪੱਲੇ ਨਿਤਨੇਮ ਨਾ ਸਿਮਰਨ, ਉਹ ਕੇਵਲ ਕਿੰਤੂ ਪ੍ਰੰਤੂ ਹੀ ਕਰਦੇ ਹਨ। ਇਸ ਬਾਰੇ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਸਾਬਕਾ ਹੈਡ ਗ੍ਰੰਥੀ ਗਿ:ਰਣਜੋਧ ਸਿੰਘ ਨਾਲ ਗੱਲ ਕਰਨ ਤੇ ਉਨਾਂ ਕਿਹਾ ਕਿ ਪਤਾ ਨਹੀ ਐਸੇ ਰਾਗੀਆਂ ਨੂੰ ਤਖਤਾਂ ਦੇ ਜਥੇਦਾਰ ਸਪੱਸ਼ਟੀਕਰਨ ਲਈ ਕਿਉਂ ਨਹੀ ਬੁਲਾਉਂਦੇ ਜਦੋ ਕਿ ਤੱਤ ਗੁਰਮਤਿ ਦੀ ਗੱਲ ਕਰਨ ਵਾਲਿਆਂ ਕੋਲੋ ਝੱਟ ਹੀ ਸਪੱਸ਼ਟੀਕਰਨ ਮੰਗ ਲਏ ਜਾਂਦੇ ਹਨ। ਉਨਾਂ ਕਿਹਾ ਕਿ ਗੁਰਬਾਣੀ ਅਮਲੀ ਜੀਵਨ ਸੱਚਾ ਸੁੱਚਾ ਰੱਖਣ ਲਈ ਹੈ ਨਾ ਕਿ ਕਰਾਮਾਤਾਂ ਦਾ ਫੋਕਟ ਧੰਦਾ। ਉਨਾਂ ਕਿਹਾ ਕਿ ਅਜਿਹੇ ਰਾਗੀ ਗੁਰਮਤਿ ਸਿਧਾਤਾਂ ਦੀਆਂ ਧੱਜੀਆਂ ਉਡਾ ਕੇ ਕੌਮ ਨਾਲ ਧ੍ਰੋਹ ਕਮਾ ਰਹੇ ਹਨ ਤੇ ਸੰਗਤਾਂ ਨੂੰ ਸੁਚੇਤ ਹੋ ਕੇ ਅਜਿਹੇ ਰਾਗੀਆਂ ਤੋ ਜਰੂਰ ਪੁਛਣਾ ਚਾਹੀਦਾ ਹੈ ਕਿ ਉਹ ਅਜਿਹੀਆਂ ਹਾਸੋ ਹੀਣੀਆਂ ਗੱਲਾਂ ਨੂੰ ਗੁਰਮਤਿ ਨਾਲ ਕਿਉਂ ਜੋੜਦੇ ਹਨ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top