Share on Facebook

Main News Page

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਕਰਵਾਇਆ ਅੰਤਰ ਕਾਲਜ ਯੁਵਕ ਮੇਲਾ ਅਮਿਟ ਛਾਪ ਛੱਡ ਗਿਆ

* ਧਰਮ ਨਿਰਪੱਖਤਾ ਦਾ ਭਾਵ ਵੱਖ ਵੱਖ ਧਰਮਾਂ ਦੇ ਮੰਨਣ ਵਾਲਿਆਂ ਦਾ ਸਿਰਫ ਮਿਲ ਕੇ ਰਹਿਣਾਂ ਹੀ ਨਹੀਂ ਬਲਕਿ ਇੱਕ ਦੂਸਰੇ ਦੇ ਧਰਮ ਬਾਰੇ ਭਰਪੂਰ ਜਾਣਕਾਰੀ ਪ੍ਰਾਪਤ ਕਰਕੇ ਉਸ ਧਰਮ ਵਿੱਚ ਪਾਏ ਗਏ ਸ਼ਹਿਨਸ਼ੀਲਤਾ ਤੇ ਨੈਤਿਕ ਕਦਰਾਂ ਕੀਮਤਾਂ ਦੇ ਉਚਤਮ ਗੁਣ ਧਾਰਨ ਕਰਨ ਵੱਲ ਵਧਣਾ ਚਾਹੀਦਾ ਹੈ- ਡਾ: ਜੀ.ਆਈ.ਪੀ. ਸਿੰਘ

* ਯੂਨੀਵਰਸਿਟੀਆਂ ਵਲੋਂ ਕਰਵਾਏ ਜਾ ਰਹੇ ਬਹੁਤੇ ਯੂਥ ਫੈਸਟੀਵਲ ਹੀ ਸਮਾਜ ਦੀ ਮੌਜੂਦਾ ਨਿੱਘਰ ਰਹੀ ਹਾਲਤ ਲਈ ਜਿੰਮੇਵਾਰ: ਪ੍ਰਤਾਪ ਸਿੰਘ

* ਸਰਕਾਰਾਂ ਵੱਲੋਂ ਸਿੱਖਾਂ ਦੇ ਇਸ ਗੌਰਵਮਈ ਇਤਿਹਾਸ ਅਤੇ ਨੈਤਿਕ ਸਿਖਿਆ ਨੂੰ ਸਕੂਲਾਂ ਦੇ ਕਾਲਜਾਂ ਦੇ ਵਿਦਿਅਕ ਸਿਲੇਬਸਾਂ ਵਿੱਚੋਂ ਮਨਫੀ ਕਰਨ ਦਾ ਹੀ ਸਦਕਾ ਹੈ ਕਿ ਦੇਸ਼ ਦੇ ਨੌਜਵਾਨ ਗੁਰਬਾਣੀ ਤੇ ਸਿੱਖ ਇਤਿਹਾਸ ਦੀਆਂ ਨੈਤਿਕ ਕਦਰਾਂ ਕੀਮਤਾਂ ਦੇ ਗੁਣ ਹਾਸਲ ਕਰਨ ਤੋਂ ਵਾਂਝੇ ਹਨ ਤੇ ਸਮਾਜ ਵਿੱਚ ਨੈਤਿਕ ਕਦਰਾਂ ਕੀਮਤਾਂ ਵਿੱਚ ਆਈ ਗਿਰਵਟ ਨੀਵਾਂਣਾਂ ਨੂੰ ਛੋਹ ਰਹੀ ਹੈ- ਡਾ: ਅਵੀਨਿੰਦਰਪਾਲ ਸਿੰਘ

ਬਠਿੰਡਾ, 9 ਫਰਵਰੀ (ਕਿਰਪਾਲ ਸਿੰਘ): ਯੂਨੀਵਰਸਿਟੀਆਂ ਵਲੋਂ ਕਰਵਾਏ ਜਾ ਰਹੇ ਬਹੁਤੇ ਯੂਥ ਫੈਸਟੀਵਲ ਹੀ ਸਮਾਜ ਦੀ ਮੌਜੂਦਾ ਨਿੱਘਰ ਰਹੀ ਹਾਲਤ ਲਈ ਜਿੰਮੇਵਾਰ ਹਨ। ਇਹ ਸ਼ਬਦ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫਰੀਦਕੋਟ, ਮੁਕਤਸਰ ਅਤੇ ਬਠਿੰਡਾ ਜ਼ੋਨਜ਼ ਵਲੋਂ ਸਾਂਝੇ ਤੌਰ ’ਤੇ ਬੀਤੇ ਦਿਨ ਇਥੇ ਆਦੇਸ਼ ਯੂਨੀਵਰਸਿਟੀ ਦੇ ਸ਼ਾਨਦਾਰ ਆਡੀਟੋਰੀਅਮ ਹਾਲ ਵਿਚ ਕਰਵਾਏ ਗਏ ਯੁਵਕ ਮੇਲੇ ਦੇ ਇਨਾਮ ਵੰਡ ਸਮਾਰੋਹ ਮੌਕੇ ਬੋਲਦੇ ਹੋਏ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਚੇਅਰਮੈਨ ਸ: ਪ੍ਰਤਾਪ ਸਿੰਘ ਨੇ ਕਹੇ। ਉਨ੍ਹਾਂ ਕਿਹਾ ਸੱਭਿਆਚਾਰਕ ਪ੍ਰੋਗਰਾਮਾਂ ਦੇ ਨਾਮ ਹੇਠ ਆਮ ਯੂਥ ਫੈਸਟੀਵਲਾਂ ਵਿੱਚ ਇਸ਼ਕ ਮਜ਼ਾਜ਼ੀ ਨਾਲ ਲਬਰੇਜ਼ ਗਾਣੇ, ਭੰਗੜੇ ਅਤੇ ਗਿੱਧਿਆਂ ਦੇ ਮੁਕਾਬਲੇ ਕਰਵਾਏ ਜਾਂਦੇ ਹਨ। ਜਰੂਰੀ ਹੈ ਕਿ ਇਨ੍ਹਾਂ ਪ੍ਰੋਗਰਾਮਾਂ ਵਿੱਚ ਜਿਹੋ ਜਿਹੇ ਕਿਰਦਾਰ ਦਾ ਰੋਲ ਕੁਝ ਨੌਜਵਾਨ ਨਿਭਾਉਂਦੇ ਹਨ ਤੇ ਬਾਕੀ ਦੇ ਜੋ ਉਨ੍ਹਾਂ ਨੂੰ ਵੇਖਦੇ ਹਨ ਉਨ੍ਹਾਂ ’ਦੇ ਆਪਣੇ ਰਿਕਦਾਰ ਉਸ ਤੋਂ ਪ੍ਰਭਾਵਤ ਹੋਏ ਬਿਨਾਂ ਨਹੀਂ ਰਹਿ ਸਕਦੇ। ਉਨ੍ਹਾਂ ਕਿਹਾ ਅੱਜ ਦੇ ਨੌਜਵਾਨਾਂ ਦੇ ਇਖ਼ਲਾਕ ਵਿੱਚ ਆਈ ਗਿਰਾਵਟ ਸਾਡੇ ਸਾਰਿਆਂ ਲਈ ਚਿੰਤਾ ਦਾ ਵਿਸ਼ਾ ਹੈ ਤੇ ਜੇ ਕਰ ਸਾਡੇ ਸਕੂਲਾਂ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਤਰਜ਼ ਦੇ ਯੁਵਕ ਮੇਲੇ ਕਰਵਾਏ ਜਾਣ ਤਾਂ ਨਿਸਚੇ ਹੀ ਪੁਰਾਤਨ ਸਿੱਖਾਂ ਅਤੇ ਸਾਡੇ ਮਹਾਨ ਗੁਰੂ ਸਾਹਿਬਾਨਾਂ ਦੇ ਜੀਵਨ ਤੋਂ ਸੇਧ ਲੈ ਕੇ ਸਾਡੇ ਨੌਜਵਾਨ ਸ਼ਾਨਾਮੱਤੀ ਸਿਖ ਜੀਵਨ ਜਾਚ ਅਪਣਾ ਕੇ ਆਪਣਾ ਤੇ ਸਮਾਜ ਦਾ ਭਵਿੱਖ ਉਜਲਾ ਕਰਨ ਵਿੱਚ ਸਹਾਈ ਹੋਣਗੇ। ਸ: ਪ੍ਰਤਾਪ ਸਿੰਘ ਨੇ ਕਿਹਾ ਵੈਸੇ ਤਾਂ ਇਸ ਯੁਵਕ ਮੇਲੇ ਵਿੱਚ ਪੇਸ਼ ਕੀਤੀਆਂ ਗਈ ਕਵਿਤਾਵਾਂ, ਪੇਂਟਿੰਗਜ਼ ਅਤੇ ਦਸਤਾਰ ਮੁਕਾਬਲੇ ਤਾਰੀਫ਼-ਏ-ਕਾਬਲ ਹਨ ਪਰ ਡਾ: ਅਵੀਨਿੰਦਰਪਾਲ ਸਿੰਘ ਵੱਲੋਂ ਕਰਵਾਇਆ ਗਿਆ ਕੁਇੱਜ਼ ਮੁਕਾਬਲਾ ਤਾਂ ਬਹੁਤ ਹੀ ਸ਼ਲਾਘਾਯੋਗ ਹੈ ਜਿਸ ਨੇ ਵਿਦਿਆਰਥੀਆਂ ਦਾ ਗਿਆਨ ਪੱਧਰ ਪ੍ਰਖਣ ਤੋਂ ਇਲਾਵਾ ਗੁਰਬਾਣੀ ਤੇ ਸਿੱਖ ਇਤਿਹਾਸ ਦੇ ਮਹਾਨ ਸੰਦੇਸ਼ ਨੂੰ ਸਰੋਤਿਆਂ ਦੇ ਮਨਾਂ ਵਿੱਚ ਪ੍ਰਸਾਰ ਕਰਨ ਵਿਚ ਆਪਣਾਂ ਭਰਵਾਂ ਯੋਗਦਾਨ ਪਾਇਆ ਹੈ। ਉਨ੍ਹਾਂ ਆਦੇਸ਼ ਯੂਨੀਵਰਸਿਟੀ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਜਿਹੜੀ ਹਮੇਸ਼ਾਂ ਹੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੂੰ ਇਸ ਤਰ੍ਹਾਂ ਦੇ ਯੁਵਕ ਮੇਲਿਆਂ ਵਿੱਚ ਆਪਣਾ ਭਰਵਾਂ ਸਹਿਯੋਗ ਦੇ ਕੇ ਸਾਨੂੰ ਸਮਾਜ ਸੇਵੀ ਕੰਮ ਕਰਨ ਲਈ ਹੋਰ ਉਤਸ਼ਾਹਤ ਕਰਦੀ ਹੈ।

ਸਮਾਰੋਹ ਦੇ ਮੁੱਖ ਮਹਿਮਾਨ ਤੇ ਆਦੇਸ਼ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਜੀ.ਆਈ.ਪੀ ਸਿੰਘ ਨੇ ਸ: ਪ੍ਰਤਾਪ ਸਿੰਘ ਵੱਲੋਂ ਪ੍ਰਗਟ ਕੀਤੇ ਵੀਚਾਰਾਂ ਦੀ ਹਮਾਇਤ ਕਰਦੇ ਹੋਏ ਕਿਹਾ ਕਿ ਅਜੋਕੇ ਸਮੇਂ ਕਰਵਾਏ ਜਾ ਰਹੇ ਯੁਵਕ ਮੇਲਿਆਂ ਅਤੇ ਹੋਰ ਸਭਿਆਚਾਰਕ ਮੇਲਿਆਂ ਵਿੱਚ ਇਸ਼ਕ ਮਜ਼ਾਜ਼ੀ ਪੇਸ਼ਕਾਰੀਆਂ ਦੀ ਥਾਂ ਨੈਤਕ ਤੇ ਧਾਰਮਕ ਕਦਰਾਂ ਕੀਮਤਾਂ ਵਲ ਮੋੜਾ ਕੱਟਣਾਂ ਸਮੇਂ ਦੀ ਮੁਖ ਲੋੜ ਹੈ। ਉਨ੍ਹਾਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਾ ਧੰਨਵਾਦ ਕੀਤਾ ਜਿਹੜੀ ਬਹੁਤ ਮਿਹਨਤ ਨਾਲ ਨੌਜਜਵਾਨਾਂ ਦੀ ਨੈਤਕ ਤੇ ਧਾਰਮਕ ਵਿਦਿਆ ਪੱਖੋਂ ਤਿਆਰੀ ਕਰਵਾ ਕੇ ਸਾਡੀ ਯੂਨੀਵਰਸਿਟੀ ਵਿੱਚ ਸ਼ਾਨਦਾਰ ਯੁਵਕ ਮੇਲੇ ਕਰਵਾ ਕੇ ਸਾਨੂੰ ਮਾਣ ਬਖ਼ਸ਼ਦੇ ਹਨ ਤੇ ਸਮਾਜ ਸੁਧਾਰ ਦਾ ਬਹੁਤ ਸੋਹਣੇ ਢੰਗ ਨਾਲ ਸੰਦੇਸ਼ ਛੱਡ ਕੇ ਜਾਂਦੇ ਹਨ। ਡਾ: ਜੀ.ਆਈ.ਪੀ. ਸਿੰਘ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੂੰ ਬੇਨਤੀ ਕੀਤੀ ਕਿ ਉਹ ਅੱਗੇ ਤੋਂ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਉਨ੍ਹਾਂ ਦੀ ਯੂਨੀਵਰਸਿਟੀ ਵਿੱਚ ਕਰਵਾਉਂਦੇ ਰਹਿਣ। ਉਨਾਂ ਕਿਹਾ ਧਰਮ ਨਿਰਪੱਖਤਾ ਦਾ ਭਾਵ ਵੱਖ ਵੱਖ ਧਰਮਾਂ ਦੇ ਮੰਨਣ ਵਾਲਿਆਂ ਦਾ ਸਿਰਫ ਮਿਲ ਕੇ ਰਹਿਣਾਂ ਹੀ ਨਹੀਂ ਬਲਕਿ ਇੱਕ ਦੂਸਰੇ ਦੇ ਧਰਮ ਬਾਰੇ ਭਰਪੂਰ ਜਾਣਕਾਰੀ ਪ੍ਰਾਪਤ ਕਰਕੇ ਉਸ ਧਰਮ ਵਿੱਚ ਪਾਏ ਗਏ ਸ਼ਹਿਨਸ਼ੀਲਤਾ ਤੇ ਨੈਤਿਕ ਕਦਰਾਂ ਕੀਮਤਾਂ ਦੇ ਉਚਤਮ ਗੁਣ ਧਾਰਨ ਕਰਨ ਵੱਲ ਵਧਣਾ ਚਾਹੀਦਾ ਹੈ।

ਯੁਵਕ ਮੇਲੇ ਦੀ ਸਭ ਤੋਂ ਵੱਧ ਦਿਲਕਸ਼ ਤੇ ਸਿਖਿਆਦਾਇਕ ਆਈਟਮ ਕੁਇੱਜ਼ ਮੁਕਾਬਲਾ ਕਰਵਾਉਂਦੇ ਸਮੇਂ ਡਾ: ਅਵੀਨਿੰਦਰਪਾਲ ਸਿੰਘ ਨੇ ਕਿਹਾ ਸਾਡਾ ਅੱਜ ਦਾ ਕੁਇੱਜ਼ ਪ੍ਰੋਗਰਾਮ ਸਿੱਖੀ ਵਿੱਚ ਕਿਰਤ ਸਭਿਆਚਾਰ ਨੂੰ ਸਮ੍ਰਪਤ ਹੈ ਇਸ ਲਈ ਇਸ ਵਿੱਚ ਪੁੱਛੇ ਗਏ ਸਵਾਲਾਂ ਦੇ ਸਿਰਫ ਜਵਾਬ ਲੈ ਕੇ ਨੰਬਰ ਦੇਣਾਂ ਤੇ ਪਹਿਲੇ ਦੂਜੇ ਦਰਜੇ ਤੇ ਆਈਆਂ ਟੀਮਾਂ ਦੇ ਨਾਮ ਘੋਸ਼ਤ ਕਰਕੇ ਉਨ੍ਹਾਂ ਨੂੰ ਇਨਾਮ ਦੇਣਾ ਹੀ ਸਾਡਾ ਮੰਤਵ ਨਹੀਂ ਬਲਕਿ ਪੁੱਛੇ ਗਏ ਹਰ ਸਵਾਲ ਦੀ ਭਾਵਨਾ ਨੂੰ ਸਮਝ ਕੇ ਉਸ ਵਿਚੋਂ ਮਿਲ ਰਹੀ ਸਿਖਿਆ ਨੂੰ ਆਪਣੇ ਜੀਵਨ ਅਪਨਾਉਣਾ ਹੈ। ਸਵਾਲ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਇਤਿਹਾਸ ਅਤੇ ਅਨੰਦ ਸਾਹਿਬ ਜੀ ਬਾਣੀ ਵਿੱਚੋਂ ਪੁੱਛੇ ਗਏ। ਸਵਾਲ ‘ਜਿਹੜੇ ਹੱਥ ਨਾ ਕਰਦੇ ਕਾਰ, ਦੁਨੀਆਂ ਉਤੇ ਹੁੰਦੇ ਉਹ ਭਾਰ॥’ ਦਾ ਪ੍ਰਤੀਯੋਗੀਆਂ ਵੱਲੋਂ ਸਹੀ ਉਤਰ ਆਉਣ ਸਮੇਂ ਇਸ ਦੀ ਵਿਆਖਿਆ ਕਰਦਿਆਂ ਡਾ: ਅਵੀਨਿੰਦਰਪਾਲ ਸਿੰਘ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਅਮੀਰ ਵਿਹਲੜ ਜਿਸ ਨੇ ਕਦੀ ਆਪਣੇ ਹੱਥੀਂ ਕਦੀ ਕੰਮ ਕੀਤਾ ਹੀ ਨਹੀਂ ਸੀ, ਦੇ ਹੱਥੋਂ ਪਾਣੀ ਦਾ ਗਲਾਸ ਪੀਣ ਤੋਂ ਇਨਕਾਰ ਕਰਕੇ ਸਾਨੂੰ ਕ੍ਰਿਤ ਕਰਨ ਦੀ ਸਿਖਿਆ ਦਿੱਤੀ ਹੈ ਕਿ ਹਰ ਵਿਅਕਤੀ ਨੂੰ ਆਪਣੇ ਹੱਥਾਂ ਨਾਲ ਕੰਮਕਾਰ ਕਰਕੇ ਰੋਜ਼ੀ ਰੋਟੀ ਕਮਾਉਣੀ ਤੇ ਆਪਣੀ ਕਮਾਈ ਵਿੱਚੋਂ ਹੋਰਨਾਂ ਲੋੜਵੰਦਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ।

ਉਨ੍ਹਾਂ ਕਿਹਾ ਗੁਰਬਾਣੀ ਵਿੱਚੋਂ ਕ੍ਰਿਤ ਸਭਿਆਚਾਰ ਦਾ ਸੰਦੇਸ਼: ‘ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ ॥ ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ ॥1॥’ {ਗੂਜਰੀ ਕੀ ਵਾਰ: 2 (ਮ: 5) ਗੁਰੂ ਗ੍ਰੰਥ ਸਾਹਿਬ - ਪੰਨਾ 522} ਗੁਰਫ਼ੁਰਮਾਨ ਵਿੱਚੋਂ ਮਿਲਦਾ ਹੈ। ‘ਹਮ ਲੈ ਜਾਣਾ ਪੰਥ ਉਚੇਰੋ॥’ ਕਿਸ ਨੇ ਕਿਸ ਸਮੇ ਉਚਾਰੇ ਸਨ ਦਾ ਪ੍ਰਤੀਯੋਗੀਆਂ ਵੱਲੋਂ ਸਹੀ ਉਤਰ ਮਿਲਣ ਸਮੇਂ ਵੀ ਉਨ੍ਹਾਂ ਨੂੰ ਸ਼ਾਬਾਸ਼ ਦਿੰਦਿਆ ਕਿਹਾ ਕਿ ਇਹ ਗੁਰਪ੍ਰਤਾਪ ਸੂਰਜ ਅਨੁਸਾਰ ਇਹ ਸ਼ਬਦ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਸਮੇਂ ਕਹੇ ਸਨ ਜਦੋਂ ਮੁਗਲਾਂ ਨਾਲ ਹੋ ਰਹੇ ਯੁੱਧ ਦੌਰਾਨ ਸਿੱਖ, ਉਨ੍ਹਾਂ ਦੀ ਇੱਕ ਨੌਜਵਾਨ ਲੜਕੀ ਨੂੰ ਫੜ ਕੇ ਗੁਰੂ ਸਾਹਿਬ ਕੋਲ ਲੈ ਆਏ ਸਨ ਤੇ ਗੁਰੂ ਸਾਹਿਬ ਜੀ ਦੇ ਪੁੱਛਣ ’ਤੇ ਸਿੱਖਾਂ ਨੇ ਕਿਹਾ ਸੀ ਮਹਾਰਾਜ ਇਹ ਮੁਗਲ ਤੇ ਪਠਾਨ ਸਾਡੀਆਂ ਧੀਆਂ ਭੈਣਾਂ ਦੀ ਬੇਪਤੀ ਕਰਦੇ ਹਨ ਇਸ ਲਈ ਅਸੀਂ ਉਨ੍ਹਾਂ ਦੀ ਲੜਕੀ ਨਾਲ ਓਹੀ ਕੁਕਰਮ ਕਰਕੇ ਆਪਣਾ ਬਦਲਾ ਲੈਣਾ ਹੈ। ਗੁਰੂ ਸਾਹਿਬ ਜੀ ਨੇ ਉਨ੍ਹਾਂ ਨੂੰ ਸਿੱਖਿਆ ਦਿੱਤੀ ਸੀ ਕਿ ਸਾਡੇ ਗੁਰੂ ਸਾਹਿਬਾਨ ਦਾ ਸਾਨੂੰ ਹੁਕਮ ਹੈ ‘ਪਰ ਤ੍ਰਿਅ ਰੂਪੁ ਨ ਪੇਖੈ ਨੇਤ੍ਰ ॥’ {ਗਉੜੀ ਸੁਖਮਨੀ ਮ: 5, ਗੁਰੂ ਗ੍ਰੰਥ ਸਾਹਿਬ -ਪੰਨਾ 274}। ਇਸ ਲਈ ਪਰਾਈ ਇਸਤਰੀ ਭਾਵੇਂ ਦੁਸ਼ਮਨ ਦੀ ਹੀ ਕਿਉਂ ਨਾ ਹੋਵੇ ਗੁਰੂ ਦੇ ਸਿੱਖ ਨੇ ਉਸ ਵੱਲ ਵਿਕਾਰੀ ਦ੍ਰਿਸ਼ਟੀ ਨਾਲ ਨਹੀਂ ਵੇਖਣਾਂ। ਅਸੀ ਦੁਸ਼ਮਨ ਵਲੋਂ ਕੀਤੇ ਆਚਰਣ ਹੀਣਤਾ ਵਾਲੇ ਕੰਮ ਕਰਕੇ ਉਨ੍ਹਾਂ ਤੋਂ ਬਦਲਾ ਨਹੀਂ ਲੈਣਾ ਸਗੋਂ ਆਪਣੇ ਉਚੇ ਆਚਰਨ ਨੂੰ ਕਾਇਮ ਰੱਖਣਾ ਕੇ ਪੰਥ ਨੂੰ ਬਹੁਤ ਉਚੇ ਗੁਣਾਂ ਵਾਲਾ ਬਣਾਉਣਾਂ ਹੈ। ਸੋ ਜਾਉ ਤੇ ਇਸ ਬੀਬੀ ਨੂੰ ਸਤਿਕਾਰ ਸਹਿਤ ਇਸ ਦੇ ਘਰ ਛੱਡ ਕੇ ਆਉ। ਡਾ: ਅਵੀਨਿੰਦਰਪਾਲ ਸਿੰਘ ਨੇ ਕਿਹਾ ਕਿ ਇਹ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖਿਆ ਦਾ ਹੀ ਅਸਰ ਸੀ ਕਿ ਸਿੱਖ ਫੌਜਾਂ ਦੋ ਵਾਰ ਜੇਤੂ ਰੂਪ ਵਿੱਚ ਭਾਈ ਬਘੇਲ ਸਿੰਘ ਦੀ ਅਗਵਾਈ ਵਿੱਚ ਦਿੱਲੀ ਅਤੇ ਸ: ਹਰੀ ਸਿੰਘ ਨਲੂਆ ਦੀ ਅਗਵਾਈ ’ਚ ਕਸੂਰ ਵਿੱਚ ਦਾਖ਼ਲ ਹੋਈਆਂ।

ਪਰ ਇਸ ਗੱਲ ਦੀ ਗਵਾਹੀ ਸਾਡੇ ਦੁਸ਼ਮਨ ਲਿਖਾਰੀ ਵੀ ਭਰਦੇ ਹਨ ਕਿ ਉਸ ਸਮੇਂ ਕਿਸੇ ਇੱਕ ਵੀ ਔਰਤ ਨੂੰ ਬੇਪਤ ਨਹੀਂ ਕੀਤਾ ਗਿਆ ਤੇ ਕਿਸੇ ਆਮ ਵਿਅਕਤੀ ਦਾ ਘਰ ਨਹੀਂ ਲੁੱਟਿਆ ਗਿਆ। ਸਰਕਾਰਾਂ ਵੱਲੋਂ ਸਿੱਖਾਂ ਦੇ ਇਸ ਗੌਰਵਮਈ ਇਤਿਹਾਸ ਅਤੇ ਨੈਤਿਕ ਸਿਖਿਆ ਨੂੰ ਸਕੂਲਾਂ ਦੇ ਕਾਲਜਾਂ ਦੇ ਵਿਦਿਅਕ ਸਿਲੇਬਸਾਂ ਵਿੱਚੋਂ ਮਨਫੀ ਕਰਨ ਦਾ ਹੀ ਸਦਕਾ ਹੈ ਕਿ ਦੇਸ਼ ਦੇ ਨੌਜਵਾਨ ਗੁਰਬਾਣੀ ਤੇ ਸਿੱਖ ਇਤਿਹਾਸ ਦੀਆਂ ਨੈਤਿਕ ਕਦਰਾਂ ਕੀਮਤਾਂ ਦੇ ਗੁਣ ਹਾਸਲ ਕਰਨ ਤੋਂ ਵਾਂਝੇ ਹਨ ਤੇ ਸਮਾਜ ਵਿੱਚ ਨੈਤਿਕ ਕਦਰਾਂ ਕੀਮਤਾਂ ਵਿੱਚ ਆਈ ਗਿਰਵਟ ਨੀਵਾਂਣਾਂ ਨੂੰ ਛੋਹ ਰਹੀ ਹੈ। ਪਰ ਅਸੀਂ ਗੁਰੂ ਦੀ ਸਿਖਿਆ ਨੂੰ ਪੱਲੇ ਬੰਨ੍ਹ ਕੇ ਰੱਖਣਾ ਹੈ ਤੇ ਆਪਣਾ ਆਚਰਣ ਉੱਚਾ ਰੱਖਣਾ ਹੈ।

ਇਸ ਤਰ੍ਹਾਂ ਡਾ: ਅਵੀਨਿੰਦਰਪਾਲ ਸਿੰਘ ਨੇ ਸਿੱਖੀ ਸਿਧਾਂਤਾਂ ਨੂੰ ਸਪਸ਼ਟ ਕਰਦੇ ਅਨੇਕਾਂ ਸਵਾਲ ਪੁੱਛੇ ਅਤੇ ਉਨ੍ਹਾਂ ਦੀ ਵਿਆਖਿਆ ਕਰਦੇ ਸਮੇਂ ਗੁਰੂ ਗੋਬਿੰਦ ਸਿੰਘ ਜੀ ਵਲੋਂ ਦਿੱਤੀ ਗਈ ਹਰ ਹਰ ਸਿੱਖਿਆ ਦੀ ਪ੍ਰੋੜਤਾ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ’ਚੋਂ ਢੁਕਵੇਂ ਪ੍ਰਮਾਣ ਦੇ ਕੇ ਕਿਹਾ ਕਿ ਸਿਧਾਂਤ ਗੁਰੂ ਨਾਨਕ ਸਾਹਿਬ ਜੀ ਦਾ ਹੀ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ ’ਤੇ ਸਿਰਫ ਮੋਹਰ ਹੀ ਲਾਈ ਹੈ ਤੇ ਕੁਝ ਵੀ ਐਸਾ ਨਹੀਂ ਕਿਹਾ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਨਾ ਹੋਵੇ ਜਾਂ ਉਸ ਵਿੱਚ ਦਰਜ ਸਿਧਾਂਤ ਦੀ ਵਿਰੋਧਤਾ ਕਰਦਾ ਹੋਵੇ। ਇਸ ਲਈ ਇਹ ਕਹਿਣਾ ਬਿਲਕੁਲ ਗਲਤ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਬਾਕੀ ਦੇ ਨੌ ਗੁਰੂ ਸਾਹਿਬਾਨ ਨਾਲੋਂ ਕੋਈ ਵੱਖਰਾ ਰਾਹ ਆਪਣਾ ਲਿਆ ਸੀ। ਜੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪੰਜਾਂ ਪਿਆਰਿਆਂ ਦੀ ਚੋਣ ਕਰਦੇ ਸਮੇਂ ਸਿਰਾਂ ਦੀ ਮੰਗ ਕਰ ਲਈ ਸੀ ਤਾਂ ਗੁਰੂ ਨਾਨਕ ਸਹਿਬ ਜੀ ਨੇ ਪਹਿਲਾਂ ਹੀ ਇਹ ਸ਼ਬਦ ਉਚਾਰਿਆ ਹੋਇਆ ਹੈ: ‘ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥ ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ ॥20॥’ {ਸਲੋਕ ਵਾਰਾਂ ਤੇ ਵਧੀਕ (ਮ: 1) ਗੁਰੂ ਗ੍ਰੰਥ ਸਾਹਿਬ - ਪੰਨਾ 1412} ਸੋ ਜਿਸ ਪੰਥ ਦੀ ਗੁਰੂ ਨਾਨਕ ਸਾਹਿਬ ਜੀ ਨੇ ਨੀਂਹ ਰੱਖੀ ਸੀ, ਬਾਕੀ ਦੇ 8 ਗੁਰੂ ਸਾਹਿਬਾਨ ਨੇ ਇਸ ਦੀ ਉਸਾਰੀ ਵਿੱਚ ਆਪਣਾਂ ਯੋਗਦਾਨ ਪਾਇਆ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਉਸੇ ਪੰਥ ਨੂੰ ਸੰਪੂਰਨਤਾ ਬਖ਼ਸ਼ ਕੇ ਇਸ ’ਤੇ ਮੋਹਰ ਲਾਈ।

ਕੁਇੱਜ਼ ਮੁਕਾਬਲੇ ’ਚੋਂ ਅਦੇਸ਼ ਮੈਡੀਕਲ ਕਾਲਜ, ਬਠਿੰਡਾ ਦੀ ਗੁਰਪਿੰਦਰ ਕੌਰ, ਗੁਰਪ੍ਰੀਤ ਸਿੰਘ ਦੀ ਟੀਮ ਨੇ ਪਹਿਲਾ ਸਥਾਨ; ਮਾਤਾ ਸਾਹਿਬ ਕੌਰ ਗਰਲਜ ਕਾਲਜ, ਤਲਵੰਡੀ ਸਾਬੋ ਦੀਆਂ ਰਮਨਦੀਪ ਕੌਰ, ਰਾਜਦੀਪ ਕੌਰ ਦੀ ਟੀਮ ਨੇ ਦੂਜਾ ਸਥਾਨ ਅਤੇ ਸ਼ਹੀਦ ਗੰਜ ਗਰਲਜ ਕਾਲਜ, ਮੁਦਕੀ ਦੀ ਰਾਜਵੀਰ ਕੌਰ, ਜਸਪ੍ਰੀਤ ਕੌਰ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ।

ਕਵਿਤਾ ਮੁਕਾਬਲੇ ’ਚੋਂ ਪਹਿਲਾ ਸਥਾਨ ਗੁਰੂ ਨਾਨਕ ਗਰਲਜ ਕਾਲਜ, ਮੁਕਤਸਰ ਦੀ ਵਿਦਿਆਰਥਣ ਜਸ਼ਨਪ੍ਰੀਤ ਕੌਰ ਨੇ; ਦੂਜਾ ਸਥਾਨ ਭਾਈ ਮਹਾਂ ਸਿੰਘ ਇੰਜਨੀਅਰਿੰਗ ਕਾਲਜ, ਮੁਕਤਸਰ ਦੇ ਵਿਦਿਆਰਥੀ ਇੰਦਰਪ੍ਰੀਤ ਸਿੰਘ ਨੇ ਅਤੇ ਤੀਜਾ ਸਥਾਨ ਸਰਕਾਰੀ ਬ੍ਰਿਜਿੰਦਰਾ ਕਾਲਜ, ਫ਼ਰੀਦਕੋਟ ਦੀ ਵਿਦਿਆਰਥਣ ਜਸਕਿਰਨ ਕੌਰ ਨੇ ਹਾਸਲ ਕੀਤਾ। ਭਾਈ ਆਸਾ ਸਿੰਘ ਕਾਲਜ, ਗੋਨਿਆਣਾ ਦੀ ਵਿਦਿਆਰਥਣ ਅਮਨਦੀਪ ਕੌਰ ਅਤੇ ਦਸਮੇਸ਼ ਗਰਲਜ ਕਾਲਜ, ਬਾਦਲ ਦੀ ਵਿਦਿਆਰਥਣ ਕਿਰਨਵੀਰ ਕੌਰ ਨੇ ਵਿਸ਼ੇਸ਼ ਸਥਾਨ ਪ੍ਰਾਪਤ ਕੀਤੇ।

ਪੇਂਟਿੰਗ ਮੁਕਾਬਲੇ ਵਿੱਚ ਪਹਿਲਾ ਸਥਾਨ ਵਰਿੰਦਰ ਕੌਰ ਦਸਮੇਸ਼ ਗਰਲਜ ਕਾਲਜ, ਬਾਦਲ; ਦੂਜਾ ਸਥਾਨ ਅਜੇਪਾਲ ਕੌਰ ਦਸਮੇਸ਼ ਗਰਲਜ ਕਾਲਜ, ਬਾਦਲ; ਤੀਜਾ ਸਥਾਨ ਅਮਨਦੀਪ ਕੌਰ, ਮਾਤਾ ਸਾਹਿਬ ਕੌਰ ਕਾਲਜ, ਤਲਵੰਡੀ ਸਾਬੋ ਅਤੇ ਵਿਸ਼ੇਸ਼ ਸਥਾਨ ਸਨਦੀਪ ਸਿੰਘ ਗੁਰੂਕੁਲ ਕਾਲਜ, ਬਠਿੰਡਾ ਤੇ ਸੁਖਵੀਰ ਕੌਰ, ਬਾਵਾ ਨਿਹਾਲ ਸਿੰਘ ਬੀ.ਐੱਡ. ਕਾਲਜ ਮੁਕਤਸਰ ਨੇ ਹਾਸਲ ਕੀਤਾ।

ਭਾਈ ਮਹਾਂ ਸਿੰਘ ਇੰਜ ਕਾਲਜ, ਮੁਕਤਸਰ ਦੇ ਵਿਦਿਆਰਥੀਆਂ ਅਵਤਾਰ ਸਿੰਘ ਤੇ ਸ਼ਵਿੰਦਰ ਸਿੰਘ ਨੇ ਦਸਤਾਰ ਸਜਾਉਣ ਮੁਕਾਬਲਾ (ਲੜਕੇ) ਵਿੱਚੋਂ ਕ੍ਰਮਵਾਰ ਪਹਿਲਾ ਸਥਾਨ ਤੇ ਦੂਜਾ ਸਥਾਨ ਹਾਸਲ ਕੀਤਾ। ਤੀਜਾ ਸਥਾਨ ਗੁਰਪ੍ਰੀਤ ਸਿੰਘ ਰਿਜਨਲ ਪੌਲੀਟੈਕਨਿਕ ਕਾਲਜ, ਬਠਿੰਡਾ ਅਤੇ ਵਿਸ਼ੇਸ਼ ਸਥਾਨ ਅੰਮ੍ਰਿਤਪਾਲ ਸਿੰਘ ਅਦੇਸ਼ ਮੈਡੀਕਲ ਕਾਲਜ, ਬਠਿੰਡਾ ਅਤੇ ਸਿਮਰਜੀਤ ਸਿੰਘ, ਦਸਮੇਸ਼ ਖਾਲਸਾ ਕਾਲਜ, ਮੁਕਤਸਰ ਨੇ ਹਾਸਲ ਕੀਤੇ।

ਦਸਤਾਰ ਸਜਾਉਣ ਮੁਕਾਬਲਾ (ਲੜਕੀਆਂ) ਵਿਚੋਂ ਪਹਿਲਾ ਸਥਾਨ ਅਮਨਦੀਪ ਕੌਰ ਅਦੇਸ਼ ਡੈਂਟਲ ਕਾਲਜ, ਬਠਿੰਡਾ; ਦੂਜਾ ਸਥਾਨ ਭਵਨੀਤ ਕੌਰ ਬਾਬਾ ਫ਼ਰੀਦ ਇੰਸਟੀਚਿਊਟ, ਦਿਉਣ; ਤੀਜਾ ਸਥਾਨ ਰਜਿੰਦਰ ਕੌਰ ਭਾਈ ਮਹਾਂ ਸਿੰਘ ਇੰਜ: ਕਾਲਜ, ਮੁਕਤਸਰ ਨੇ ਹਾਸਲ ਕੀਤਾ।

ਇਸ ਤੋਂ ਇਲਾਵਾ ਨੈਤਿਕ ਸਿੱਖਿਆ ਇਮਤਿਹਾਨ ਵਿੱਚ ਮੈਰਿਟ ਸਥਾਨ ਹਾਸਲ ਕਰਨ ਵੇਲੇ 94 ਵਿਦਿਆਰਥੀਆਂ ਅਤੇ 100 ਤੋਂ ਵੱਧ ਵਿਦਿਆਰਥੀਆਂ ਪ੍ਰੇਰਣਾਂ ਦੇ ਕੇ ਇਮਤਿਹਾਨ ਵਿੱਚ ਦਾਖ਼ਲਾ ਦਿਵਾਉਣ ਵਾਲੇ ਕਾਲਜਾਂ ਨੂੰ ਵੀ ਸਨਮਾਨਤ ਕੀਤਾ ਗਿਆ। ਆਦੇਸ਼ ਯੂਨੀਵਰਸਿਟੀ ਦੇ ਰਜਿਸਟਰਾਰ ਡਾ: ਪਰਮਜੀਤ ਸਿੰਘ, ਆਦੇਸ਼ ਮੈਡੀਕਲ ਕਾਲਜ ਦੀ ਪ੍ਰਿੰ: ਹਰਕਿਰਨ ਕੌਰ ਅਤੇ ਡਾ: ਜੀ.ਆਈ.ਪੀ ਸਿੰਘ ਦੇ ਨਾਲ ਆਈ ਉਨ੍ਹਾਂ ਦੀ ਸੁਪਤਨੀ ਪ੍ਰੋ: ਪ੍ਰਭਜੀਤ ਕੌਰ ਨੇ ਸਾਰੇ ਜੇਤੂਆਂ ਨੂੰ ਆਪਣੇ ਕਰਕਮਲਾਂ ਨਾਲ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ। ਆਦੇਸ਼ ਮੈਡੀਕਲ ਕਾਲਜ ਦੇ ਪ੍ਰੋ: (ਡਾ.) ਸਤਨਾਮ ਸਿੰਘ ਨੂੰ ਸਾਰੇ ਪ੍ਰਬੰਧ ਵਿੱਚ ਸਰਗਰਮ ਤੇ ਸੁਚੱਜੀ ਭੂਮਿਕਾ ਨਿਭਾਉਣ ਕਰਕੇ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ। ਇਹ ਨੋਟ ਕਰਨ ਵਾਲੀ ਗੱਲ ਸੀ ਕਿ ਯੁਵਕਾਂ ਦੀ ਹਾਜਰੀ ਪ੍ਰਤੀਯੋਗਤਾ ਵਿੱਚ ਸ਼ਮੂਲੀਅਤ ਤੇ ਇਨਾਮ ਹਾਸਲ ਕਰਨ ਵਿੱਚ ਲੜਕੀਆਂ ਦਾ ਸਥਾਨ ਲੜਕਿਆਂ ਨਾਲੋਂ ਕਾਫੀ ਉਪਰ ਰਿਹਾ।

ਸਾਰਾ ਪ੍ਰੋਗਰਾਮ ਭਾਈ ਕੁਲਦੀਪ ਸਿੰਘ ਮਧੇਕੇ ਦੀ ਟੀਮ ਦੇ ਸਹਿਯੋਗ ਨਾਲ ਲਾਈਵ ਸਿੱਖ ਵਰਲਡ ਡਾਟ ਕਾਮ http://www.livesikhworld.com/ ’ਤੇ ਇੰਟਰਨੈੱਟ ਰਾਹੀਂ ਲਾਈਵ ਪ੍ਰਸਾਰਤ ਕੀਤਾ ਗਿਆ। ਬਠਿੰਡਾ ਜ਼ੋਨ ਦੇ ਇੰਚਾਰਜ ਸੇਵਾ ਮੁਕਤ ਸੁਕਾਡਰਨ ਲੀਡਰ ਬਲਵੰਤ ਸਿੰਘ, ਪ੍ਰੋ: (ਇੰਜ:) ਗੁਰਪ੍ਰੀਤ ਸਿੰਘ ਮੁਕਤਸਰ, ਸ਼ਿਵਰਾਜ ਸਿੰਘ ਗਿੱਦੜਬਾਹਾ ਅਤੇ ਬਲਵੰਤ ਸਿੰਘ ਕਾਲਝਰਾਨੀ ਨੇ ਸਮੁੱਚੇ ਯੁਵਕ ਮੇਲੇ ਨੂੰ ਸੁਚਾਰੂ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਅਹਿਮ ਯੋਗਦਾਨ ਪਾਇਆ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top