Share on Facebook

Main News Page

ਸੁਆਰਥ ਅਧੀਨ ਬਦਲਦੀ ਰਹਿੰਦੀ ਹੈ ਨੀਤੀ ?
- ਜਸਵੰਤ ਸਿੰਘ ‘ਅਜੀਤ’ 98689 17731

ਨਿਜ ਸੁਆਰਥ ਅਧੀਨ, ਕਿਵੇਂ ਰਾਜਨੀਤੀ ਵਿੱਚ ਸੋਚ ਅਤੇ ਨੀਤੀ ਬਦਲ ਜਾਂਦੀ ਹੈ, ਇਸਦਾ ਇਕ ਉਦਾਹਰਣ ਇਥੇ ਦਿਤਾ ਜਾਣਾ ਗ਼ਲਤ ਨਹੀਂ ਹੋਵੇਗਾ। ਗਲ ਸੰਨ-2008 ਦੇ ਉਨ੍ਹਾਂ ਦਿਨਾਂ ਦੀ ਹੈ, ਜਦੋਂ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਸਨ ਅਤੇ ਉਨ੍ਹਾਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁਖੀਆਂ ਵਲੋਂ ਆਪਣੇ ਦਿੱਲੀ ਪ੍ਰਦੇਸ਼ ਦੇ ਮੁਖੀਆਂ ਰਾਹੀਂ ਦਿੱਲੀ ਦੇ ਸਿੱਖਾਂ ਦੇ ਨਾਂ ਇਹ ਆਦੇਸ਼ ਜਾਰੀ ਕਰਵਾਇਆ ਗਿਆ ਸੀ, ਕਿ ਕਿਉਂਕਿ ਦਲ ਦੀ ਕੇਂਦਰੀ ਲੀਡਰਸ਼ਿਪ ਨੇ ਭਾਰਤੀ ਜਨਤਾ ਪਾਰਟੀ ਨੂੰ ਬਿਨਾਂ ਸ਼ਰਤ ਸਮਰਥਨ ਦੇਣ ਦਾ ਫੈਸਲਾ ਕੀਤਾ ਹੈ, ਇਸ ਲਈ ਦਿੱਲੀ ਦੇ ਸਿੱਖਾਂ ਨੂੰ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ, ਭਾਜਪਾ ਦੇ ਉਮੀਦਵਾਰਾਂ ਦੇ ਹਕ ਵਿੱਚ ਮਤਦਾਨ ਕਰਨਾ ਚਾਹੀਦਾ ਹੈ। ਉਨ੍ਹਾਂ ਦੇ ਇਸ ਆਦੇਸ਼ ਦੇ ਚਲਦਿਆਂ ਦਿੱਲੀ ਦੇ ਸਿਖਾਂ ਦੇ ਇਕ ਵੱਡੇ ਵਰਗ ਨੇ ਇਸ ਆਦੇਸ਼ ਨੂੰ ਤਾਨਾਸ਼ਾਹੀ ਗਰਦਾਨਦਿਆਂ ਹੋਇਆਂ, ਇਸਦੇ ਵਿਰੁੱਧ ਬਗਾਵਤ ਕਰਨ ਦਾ ਫੈਸਲਾ ਕਰ ਲਿਆ। ਇਥੇ ਇਹ ਗਲ ਵਰਨਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਆਪਣੇ ਜਾਰੀ ਇਸ ਆਦੇਸ਼ ਤੋਂ ਕਾਫੀ ਸਮਾਂ ਪਹਿਲਾਂ ਆਪਣੇ ਦਲ ਦੀ ਦਿੱਲੀ ਇਕਾਈ ਦੇ ਮੁਖੀਆਂ ਨੂੰ ਇਹ ਦਸਿਆ ਸੀ ਕਿ ਇਸ ਵਾਰ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ 15 ਸੀਟਾਂ ’ਤੇ ਆਪਣੇ ਚੋਣ-ਨਿਸ਼ਾਨ ਪੁਰ ਉਮੀਦਵਾਰ ਖੜੇ ਕੀਤੇ ਜਾਣਗੇ, ਇਸ ਗਲ ਨੂੰ ਮੁਖ ਰਖਦਿਆਂ ਉਹ ਹੁਣ ਤੋਂ ਹੀ ਤਿਆਰੀਆਂ ਅਰੰਭ ਦੇਣ। ਸ. ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਨੂੰ ਇਹ ਵੀ ਕਿਹਾ ਕਿ ਜੇ ਭਾਜਪਾ ਨੇ ਉਨ੍ਹਾਂ ਲਈ 15 ਸੀਟਾਂ ਨਾ ਛੱਡੀਆਂ ਤਾਂ ਦਲ ਵਲੋਂ ਗਠਜੋੜ ਦੀਆਂ ਮਾਨਤਾਵਾਂ ਨੂੰ ਅਣਗੋਲਿਆਂ ਕਰਕੇ ਵੀ ਆਪਣੇ ਉਮੀਦਵਾਰ ਖੜੇ ਕੀਤੇ ਜਾਣਗੇ। ਹੋਰ ਤਾਂ ਹੋਰ ਸ. ਸੁਖਬੀਰ ਸਿੰਘ ਬਾਦਲ ਨੇ ਤਾਂ ਇਹ ਐਲਾਨ ਵੀ ਕਰ ਦਿੱਤਾ ਸੀ ਕਿ ਇਸ ਵਾਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਲਾਲ ਕਿਲ੍ਹੇ ਤੇ ਆਪਣਾ ਝੰਡਾ ਲਹਿਰਾਇਗਾ। ਉਨ੍ਹਾਂ ਦੇ ਇਸ ਆਦੇਸ਼ ਤੇ ਦਲ ਦੇ ਦਿੱਲੀ ਦੇ ਆਗੂਆਂ ਨੇ ਚੋਣ ਹਲਕਿਆਂ ਦੀ ਪਹਿਚਾਣ ਕਰਨ ਅਤੇ ਉਮੀਦਵਾਰਾਂ ਨੂੰ ਤਿਆਰ ਕਰਨ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਸੀ, ਪ੍ਰੰਤੂ ਜਦੋਂ ਚੋਣਾਂ ਦੀ ਪ੍ਰਕ੍ਰਿਆ ਸ਼ੁਰੂ ਹੋਈ ਤਾਂ ਸ. ਸੁਖਬੀਰ ਸ਼ਿੰਘ ਬਾਦਲ ਦਾ ਦਿੱਲੀ ਦੇ ਮੁੱਖੀਆਂ ਨੂੰ ਉਪਰੋਕਤ ਆਦੇਸ਼ ਆ ਗਿਆ, ਜਿਸਦੇ ਫਲਸਰੂਪ ਉਨ੍ਹਾਂ ਨੂੰ ਦਿੱਲੀ ਦੇ ਸਿੱਖਾਂ ਸਾਹਮਣੇ ਨਮੋਸ਼ੀ ਭਰੀ ਸ਼ਰੰਿਮੰਦਗੀ ਉਠਾਣੀ ਪਈ। ਅਜਿਹਾ ਉਨ੍ਹਾਂ ਕਿਉਂ ਕੀਤਾ? ਇਸਦਾ ਜਵਾਬ ਨਾ ਤਾਂ ਬਾਦਲ ਅਕਾਲੀ ਦਲ ਦੇ ਦਿੱਲੀ ਦੇ ਮੁਖੀਆਂ ਕੋਲ ਸੀ ਤੇ ਨਾ ਹੀ ਸ. ਸੁਖਬੀਰ ਸਿੰਘ ਬਾਦਲ ਵਲੋਂ ਦਿੱਤਾ ਗਿਆ ਸੀ।


ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਕੇਂਦਰੀ ਲੀਡਰਸ਼ਿਪ ਵਲੋਂ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਬਿਨਾਂ ਸ਼ਰਤ ਭਾਜਪਾ ਦਾ ਸਮਰਥਨ ਕਰਨ ਦੇ ਦਿੱਤੇ ਗਏ ਆਦੇਸ਼ ਕਾਰਣ ਪੈਦਾ ਹੋਈ ਸਥਿਤੀ ਪੁਰ ਵਿਚਾਰ ਕਰਨ ਲਈ ਦਿੱਲੀ ਦੇ ਸਿੱਖ ਪ੍ਰਤੀਨਿਧੀਆਂ ਦੀ ਇਕ ਵਿਸ਼ੇਸ਼ ਬੈਠਕ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਇਸ ਵਿਸ਼ੇ ਪੁਰ ਖੁਲ੍ਹ ਕੇ ਵਿਚਾਰ-ਚਰਚਾ ਕੀਤੀ ਗਈ, ਕਿ ਆਖਰ ਕੀ ਕਾਰਣ ਹੈ ਕਿ ਪੰਜਾਬ ਤੋਂ ਬਾਹਰ ਦੇ ਸਿੱਖ ਸ਼੍ਰੋਮਣੀ ਅਕਾਲੀ ਦਲ (ਬਾਦਲ) ਤੋਂ ਲਗਾਤਾਰ ਦੂਰ ਹੁੰਦੇ ਚਲੇ ਜਾ ਰਹੇ ਹਨ? ਇਸ ਵਿਸ਼ੇ ਪੁਰ ਆਪਣੇ ਵਿਚਾਰ ਪ੍ਰਗਟ ਕਰਦਿਆਂ, ਇਕ ਰਾਜਨੈਤਿਕ ਸਿਖਿਆ-ਸ਼ਾਸਤਰੀ ਅਤੇ ਬੁਧੀਜੀਵੀ, ਜੋ ਇਸ ਸਮੇਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਮੁਖ ਕਿਰਪਾ-ਪਾਤ੍ਰਾਂ ਵਿੱਚੋਂ ਇਕ ਮੰਨੇ ਜਾਂਦੇ ਹਨ, ਨੇ ਕਿਹਾ ਕਿ ਇਸਦਾ ਮੁੱਖ ਕਾਰਣ ਪੰਜਾਬ ਦੀ ਅਕਾਲੀ ਲੀਡਰਸ਼ਿਪ ਦਾ ਪੰਜਾਬ ਤੋਂ ਬਾਹਰ ਦੀਆਂ ਸਿੱਖ ਸੰਸਥਾਂਵਾਂ ਅਤੇ ਉਨ੍ਹਾਂ ਦੇ ਮੁੱਖੀਆਂ ਦੇ ਨਾਲ ਬਿਨਾ ਕੋਈ ਸਲਾਹ-ਮਸ਼ਵਰਾ ਕੀਤੇ, ਅਤੇ ਉਥੋਂ ਦੇ ਸਿੱਖਾਂ ਦੀਆਂ ਭਾਵਨਾਵਾਂ ਦੀ ਅਣਦੇਖੀ ਕਰਦਿਆਂ, ਉਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ, ਜੋ ਕਿ ਸਿੱਖਾਂ ਅਤੇ ਸਿੱਖੀ ਦੀ ਵਿਰੋਧੀ ਹੈ, ਦਾ ਸਾਥ ਦਿਤੇ ਜਾਣ ਦਾ ਆਦੇਸ਼ ਦਿੰਦਿਆਂ ਰਹਿਣਾ ਹੈ।

ਉਨ੍ਹਾਂ ਦਸਿਆ ਕਿ ਸਿੱਖ ਸਿਧਾਂਤ ਦੀਆਂ ਲੋਕਤਾਂਤ੍ਰਿਕ ਅਤੇ ਫੈਡਰਲ ਮਾਨਤਾਵਾਂ ਪੁਰ ਅਧਾਰਤ ਪੁਰਾਣੀ ਪਰੰਪਰਾ ਇਹੀ ਚਲੀ ਆਉਂਦੀ ਰਹੀ ਹੈ ਕਿ ਪੰਜਾਬੋਂ ਬਾਹਰ ਰਹਿ ਰਹੇ ਸਿੱਖਾਂ ਨੂੰ ਆਪਣੇ ਰਾਜਨੈਤਿਕ ਫੈਸਲੇ ਆਪ ਕਰਨ ਅਤੇ ਸਥਾਨਕ ਹਾਲਾਤ ਦੇ ਅਨੁਸਾਰ ਆਪਣੀ ਰਾਜਸੀ ਰਣਨੀਤੀ ਬਨਾਉਣ ਦੀ ਆਜ਼ਾਦੀ ਹੁੰਦੀ ਸੀ। ਉਨ੍ਹਾਂ ਇਹ ਸ਼ਿਕਵਾ ਵੀ ਕੀਤਾ ਕਿ ਬੀਤੇ ਕੁਝ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਲੀਡਰਸ਼ਿਪ ਨੇ ਪੰਜਾਬੋਂ ਬਾਹਰ ਦੇ ਸਿੱਖਾਂ ਨੂੰ ਵਿਸ਼ਵਾਸ ਵਿੱਚ ਲੈਣਾ ਛੱਡ ਦਿਤਾ ਹੈ ਅਤੇ ਪੰਜਾਬੋਂ ਬਾਹਰ ਦੇ ਸਿੱਖਾਂ ਨਾਲ ਸਬੰਧਤ ਫੈਸਲੇ ਕਰਦਿਆਂ, ਆਪਣੇ ਹੀ ਦਲ ਦੇ ਪ੍ਰਦੇਸ਼ ਮੁੱਖੀਆਂ ਤਕ ਨੂੰ ਵੀ ਭਰੋਸੇ ਵਿੱਚ ਨਹੀਂ ਲਿਆ ਜਾਂਦਾ। ਉਨ੍ਹਾਂ ਇਹ ਕਹਿਣੋਂ ਵੀ ਸੰਕੋਚ ਨਹੀਂ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਲੀਡਰਸ਼ਿਪ ਨੇ ਬਿਨਾਂ ਸ਼ਰਤ ਭਾਜਪਾ ਨੂੰ ਸਮਰਥਨ ਦੇਣ ਦਾ ਜੋ ਫੈਸਲਾ ਕੀਤਾ ਹੈ, ਉਸ ਨਾਲ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਸੋਚ ਅਤੇ ਕਾਰਜ-ਪ੍ਰਣਾਲੀ ਦੀ ਸਾਖ ਨੂੰ ਵੀ ਗਹਿਰਾ ਧੱਕਾ ਲਗਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹੀ ਕਾਰਣ ਹੈ ਕਿ ਬੀਤੇ ਲੰਮੇਂ ਸਮੇਂ ਤੋਂ ਪੰਜਾਬ ਦੀ ਅਕਾਲੀ ਲੀਡਰਸ਼ਿਪ ਦੀਆਂ ਅਪੀਲਾਂ ਦਾ ਪੰਜਾਬੋਂ ਬਾਹਰ ਦੇ ਸਿੱਖਾਂ ਪੁਰ ਕੋਈ ਅਸਰ ਹੁੰਦਾ ਵੇਖਣ ਨੂੰ ਨਹੀਂ ਮਿਲ ਰਿਹਾ। ਉਨ੍ਹਾਂ ਦਸਿਆ ਕਿ ਚੰਗਾ ਰਸਤਾ ਤਾਂ ਇਹੀ ਹੋਵੇਗਾ ਕਿ ਪੰਜਾਬੋਂ ਬਾਹਰ ਦੇ ਸਿੱਖਾਂ ਨੂੰ ਇਹ ਆਜ਼ਾਦੀ ਦਿਤੀ ਜਾਏ ਕਿ ਉਹ ਆਪਣੇ ਸਥਾਨਕ ਰਾਜਸੀ ਫੈਸਲੇ, ਜਿਵੇਂ ਚੋਣਾਂ ਵਿੱਚ ਤੇ ਉਨ੍ਹਾਂ ਤੋਂ ਬਾਅਦ ਕਿਸ ਪਾਰਟੀ ਦਾ ਸਾਥ ਦੇਣਾ ਹੈ ਅਤੇ ਕਿਸ ਪਾਰਟੀ ਦਾ ਵਿਰੋਧ ਕਰਨਾ ਹੈ, ਆਪ ਹੀ ਕੀਤਾ ਕਰਨ। ਪੰਜਾਬ ਦੀ ਅਕਾਲੀ ਲੀਡਰਸ਼ਿਪ ਉਨ੍ਹਾਂ ਨੂੰ ਸਵੀਕਾਰ ਕਰ, ਉਨ੍ਹਾਂ ਦਾ ਸਾਥ ਦੇਵੇ, ਭਾਵੇਂ ਉਨ੍ਹਾਂ ਦੇ ਫੈਸਲੇ ਪੰਜਾਬ ਵਿੱਚ ਚਲ ਰਹੇ ਉਨ੍ਹਾਂ ਦੇ ਰਾਜਸੀ ਗਠਜੋੜ ਦੀਆਂ ਮਾਨਤਾਵਾਂ ਦੇ ਵਿਰੁਧ ਹੀ ਕਿਉਂ ਨਾ ਹੋਣ। ਉਨ੍ਹਾਂ ਕਿਹਾ ਕਿ ਜੇ ਪੰਜਾਬ ਦੀ ਅਕਾਲੀ ਲੀਡਰਸ਼ਿਪ ਨੂੰ ਇਹ ਗਲ ਸਵੀਕਾਰ ਨਾ ਹੋਵੇ ਤਾਂ ਉਸਨੂੰ ਇਤਨਾ ਤਾਂ ਜ਼ਰੂਰ ਕਰਨਾ ਹੀ ਚਾਹੀਦਾ ਹੈ, ਕਿ ਪੰਜਾਬੋਂ ਬਾਹਰ ਦੇ ਸਿੱਖਾਂ ਨਾਲ ਸੰਬੰਧਤ ਕੋਈ ਵੀ ਫੈਸਲਾ ਕਰਨ ਤੋਂ ਪਹਿਲਾਂ, ਉਨ੍ਹਾਂ ਦੇ ਪ੍ਰਤੀਨਿਧੀਆਂ ਦੀ ਰਾਏ ਲਏ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਦਿਆਂ ਹੋਇਆਂ ਹੀ ਕੋਈ ਫੈਸਲਾ ਕਰੇ।

ਉਨ੍ਹਾਂ ਇਸਦਾ ਕਾਰਣ ਇਹ ਦਸਿਆ ਕਿ ਪੰਜਾਬੋਂ ਬਾਹਰ ਰਹਿ ਰਹੇ ਸਿੱਖਾਂ ਦੀਆਂ ਸਥਾਨਕ ਹਾਲਾਤ ਅਨੁਸਾਰ ਆਪਣੀਆਂ ਸਮਸਿਆਵਾਂ ਅਤੇ ਆਪਣੇ ਰਾਜਸੀ, ਆਰਥਕ ਅਤੇ ਸਮਾਜਕ ਹਿਤ ਹੁੰਦੇ ਹਨ, ਜਿਨ੍ਹਾਂ ਦੇ ਆਧਾਰ ਤੇ ਹੀ ਉਨ੍ਹਾਂ ਨੂੰ ਕਿਸੇ ਪਾਰਟੀ ਦੇ ਸਮਰਥਨ ਜਾਂ ਵਿਰੋਧ ਦਾ ਫੈਸਲਾ ਕਰਨਾ ਹੁੰਦਾ ਹੈ। ਉਨ੍ਹਾਂ ਨੂੰ ਸਮੇਂ ਦੀਆਂ ਸਰਕਾਰਾਂ ਅਤੇ ਪਾਰਟੀਆਂ ਦੀ ਕਾਰਜ-ਸ਼ੈਲੀ ਤੇ ਉਨ੍ਹਾਂ ਦੇ ਘਟਗਿਣਤੀਆਂ ਪ੍ਰਤੀ ਵਿਹਾਰ ਨੂੰ ਧਿਆਨ ਵਿੱਚ ਰਖਕੇ ਹੀ ਆਪਣੀ ਰਾਜਨੈਤਿਕ ਰਣਨੀਤੀ ਬਣਾਉਣੀ ਹੁੰਦੀ ਹੈ। ਉਨ੍ਹਾਂ ਹੋਰ ਕਿਹਾ ਕਿ ਜੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਲੀਡਰਸ਼ਿਪ ਲੋਕ-ਇੱਛਾ ਦਾ ਸਨਮਾਨ ਕਰ ਪੰਜਾਬੋਂ ਬਾਹਰ ਦੇ ਸਿੱਖਾਂ ਨਾਲ ਸੰਬੰਧਤ ਰਾਜਨੀਤਕ ਫੈਸਲੇ ਕਰੇਗੀ ਤਾਂ ਇਸ ਨਾਲ ਉਸਦੀ ਸ਼ਕਤੀ ਅਤੇ ਸਾਖ ਵਿੱਚ ਵਾਧਾ ਹੋਵੇਗਾ। ਉਨ੍ਹਾਂ ਨਾਲ ਹੀ ਇਹ ਚਿਤਾਵਨੀ ਵੀ ਦਿਤੀ ਕਿ ਜੇ ਪੰਜਾਬੋਂ ਬਾਹਰ ਦੇ ਸਿੱਖਾਂ ਦੀਆਂ ਭਾਵਨਾਵਾਂ ਦੀ ਅਣਦੇਖੀ ਕੀਤੀ ਗਈ ਤਾਂ ਅਜਿਹੀ ਸਥਿਤੀ ਆ ਸਕਦੀ ਹੈ ਕਿ ਪੰਜਾਬ ਦੀ ਲੀਡਰਸ਼ਿਪ ਜੋ ਕੁਝ ਕਹੇਗੀ, ਪੰਜਾਬੋਂ ਬਾਹਰ ਦੇ ਸਿੱਖ ਉਸਦੇ ਆਦੇਸ਼ਾਂ ਨੂੰ ਅਣਗੋਲਿਆਂ ਕਰ, ਉਸਦੀ ਸੋਚ ਦੇ ਵਿਰੁਧ ਆਪਣੇ ਰਾਜਸੀ ਫੈਸਲੇ ਆਪ ਕਰ ਉਸ ਨੂੰ ਚੁਨੌਤੀ ਦੇਣ ਲਗਣਗੇ।

ਇਸੇ ਮੌਕੇ ਤੇ ਇਕ ਹੋਰ ਸਿੱਖ ਆਗੂ, ਜੋ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਹੀ ਇਕ ਗੁਟ ਦੇ ਸਰਪ੍ਰਸਤ ਹਨ, ਨੇ ਕਿਹਾ ਕਿ ਸ. ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਰਾਜਸੀ ਸਵਾਰਥ ਨੂੰ ਮੁੱਖ ਰਖਦਿਆਂ ਸਦਾ ਹੀ ਦਿੱਲੀ ਦੇ ਸਿੱਖਾਂ ਨੂੰ ਇਸਤੇਮਾਲ ਕੀਤਾ। ਉਨ੍ਹਾਂ ਆਪਣੇ ਮੁੱਖ ਮੰਤ੍ਰੀ ਕਾਲ ਦੌਰਾਨ ਪੰਜਾਬੋਂ ਬਾਹਰ ਦੇ ਸਿੱਖਾਂ ਨੂੰ ਮਾਨ-ਸਨਮਾਨ ਦੇਣ ਦੀ ਗਲ ਕਦੀ ਵੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬੋਂ ਬਾਹਰ ਦੇ ਸਿੱਖਾਂ ਦੀ ਸੁਤੰਤਰ ਹੋਂਦ ਕਾਇਮ ਹੋਣੀ ਚਾਹੀਦੀ ਹੈ ਅਤੇ ਪੰਜਾਬ ਦੀ ਅਕਾਲੀ ਲੀਡਰਸ਼ਿਪ ਨੂੰ ਉਨ੍ਹਾਂ ਦੀ ਸੁਤੰਤਰ ਹੋਂਦ ਨੂੰ ਮਾਨਤਾ ਦੇਣੀ ਚਾਹੀਦੀ ਹੈ। ਮਾਸਟਰ ਤਾਰਾ ਸਿੰਘ ਦੇ ਸਮੇਂ ਅਕਾਲੀ ਦਲ ਦੀ ਇਹੀ ਪਰੰਪਰਾ ਚਲਦੀ ਰਹੀ ਸੀ, ਜਿਸਨੂੰ ਕਾਇਮ ਰਖਿਆ ਜਾਣਾ ਚਾਹੀਦਾ ਹੈ।

ਕਿਸੇ ਸਮੇਂ ਪੰਜਾਬੋਂ ਬਾਹਰ ਦੇ ਸਿੱਖਾਂ ਪ੍ਰਤੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਲੀਡਰਸ਼ਿਪ ਵਲੋਂ ਅਪਨਾਈ ਰਖੀਆਂ ਗਈਆਂ ਸਵਾਰਥ-ਪੂਰਣ ਨੀਤੀਆਂ ਦੀ ਕੜੀ ਅਲੋਚਨਾ ਕਰਦੇ ਰਹੇ ਇਹ ਮੁੱਖੀ, ਅਜ ਜਦੋਂ ਉਸੇ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋ ਗਏ ਹੋਣ ਤਾਂ ਇਹ ਸੁਆਲ ਉਠਣਾ ਸੁਭਾਵਕ ਹੀ ਹੈ ਕਿ ਕੀ ਉਨ੍ਹਾਂ ਆਪਣੀ ਸੋਚ ਨੂੰ ਬਦਲ ਲਿਆ ਹੈ ਜਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਲੀਡਰਸ਼ਿਪ ਨੇ ਉਨ੍ਹਾਂ ਦੀ ਸੋਚ ਅਨੁਸਾਰ ਆਪਣੀਆਂ ਨੀਤੀਆਂ ਨੂੰ ਢਾਲ ਲਿਆ ਹੈ?

…ਅਤੇ ਅੰਤ ਵਿਚ : ਇਕ ਸਜਣ ਨੇ ਨਿਜੀ ਗਲਬਾਤ ਵਿੱਚ ਬਹੁਤ ਹੀ ਦੁਖੀ ਲਹਿਜੇ ਵਿਚ ਕਿਹਾ ਕਿ ਅਜ ਕੋਈ ਵੀ ਅਜਿਹਾ ਅਕਾਲੀ ਦਲ ਨਹੀਂ, ਜੋ ਪੁਰਾਤਨ ਅਕਾਲੀਆਂ ਦੀਆਂ ਕੁਰਬਾਨੀਆਂ ’ਤੇ ਅਕਾਲੀ ਦਲ ਦੀਆਂ ਪਰੰਪਰਾਵਾਂ ਦਾ ਵਾਰਿਸ ਹੋਣ ਦਾ ਦਾਅਵਾ ਕਰ ਸਕੇ। ਸਾਰੇ ਹੀ ਅਕਾਲੀ ਦਲ ਨਿਜੀ ਦੁਕਾਨਾਂ ਜਾਂ ਪ੍ਰਾਈਵੇਟ ਲਿਮਟਿਡ ਕੰਪਨੀਆਂ ਬਣ ਗਏ ਹੋਏ ਹਨ। ਉਸ ਅੱਖਾਂ ਵਿਚ ਹੰਝੂ ਭਰ ਕਿਹਾ ਕਿ ਇਨ੍ਹਾਂ ਦੁਕਾਨਾਂ ਤੇ ਪ੍ਰਾਈਵੇਟ ਕੰਪਨੀਆਂ ਦੇ ਦਰਵਾਜ਼ਿਆਂ ਤੇ ‘ਸ਼੍ਰੋਮਣੀ ਅਕਾਲੀ ਦਲ’ ਦੇ ਨਾਂ ਨਾਲ ਇਨ੍ਹਾਂ ਦੇ ਮਾਲਕਾਂ ਦੇ ਨਾਂ ਲਿਖੇ ਵੇਖ, ਉਨ੍ਹਾਂ ਸ਼ਹੀਦਾਂ ਦੀਆਂ ਆਤਮਾਵਾਂ ਜ਼ਰੂਰ ਕੁਰਲਾਂਦੀਆਂ ਹੋਣਗੀਆਂ, ਜਿਨ੍ਹਾਂ ਅਕਾਲੀ ਦਲ ਦੇ ਪੰਥਕ ਸੰਵਿਧਾਨ ਦਾ ਸਤਿਕਾਰ ਕਰਦਿਆਂ, ਇਸਦੇ ਝੰਡੇ ਹੇਠ ਲਾਏ ਗਏ ਮੋਰਚਿਆਂ ਵਿਚ ਵਧ-ਚੜ੍ਹ ਕੇ ਹਿਸਾ ਲਿਆ ਸੀ ਤੇ ਕੁਰਬਾਨੀਆਂ ਕੀਤੀਆਂ ਅਤੇ ਜਿਨ੍ਹਾਂ ਨੂੰ ਵਿਸ਼ਵਾਸ ਸੀ ਕਿ ਉਨ੍ਹਾਂ ਦੀਆਂ ਕੁਰਬਾਨੀਆਂ ਨਾਲ ਪੰਥਕ ਸ਼ਕਤੀ ਮਜ਼ਬੂਤ ਹੋਵੇਗੀ ਅਤੇ ਸਿੱਖੀ ਤੇ ਸਿੱਖਾਂ ਦਾ ਮਾਣ-ਸਤਿਕਾਰ ਵਧਾਣ ਵਿਚ ਇਸਦੀ ਮੁਖ ਭੂਮਿਕਾ ਹੋਵੇਗੀ। ਜਿਨ੍ਹਾਂ ਨੂੰ ਇਹ ਵਿਸ਼ਵਾਸ ਵੀ ਸੀ ਕਿ ਸ਼੍ਰੌਮਣੀ ਅਕਾਲੀ ਦਲ ਦੀ ਸਰਪ੍ਰਸਤੀ ਹੇਠ ਗੁਰਧਾਮਾਂ ਦੀ ਮਰਿਆਦਾ ਅਤੇ ਪਵਿਤ੍ਰਤਾ ਕਾਇਮ ਰਹੇਗੀ। ਉਨ੍ਹਾਂ ਕਿਹਾ ਕਿ ਕੁਰਬਾਨੀਆਂ ਕਰਨ ਵਾਲਿਆਂ ਨੂੰ ਕਦੀ ਸੁਪਨੇ ਵਿਚ ਵੀ ਇਹ ਖਿਆਲ ਨਹੀਂ ਆਇਆ ਹੋਣਾ ਕਿ ਉਨ੍ਹਾਂ ਦੀਆਂ ਕੁਰਬਾਨੀਆਂ ਦਾ ਮੁਲ ਵਟ, ਅਖੌਤੀ ਅਕਾਲੀ ਆਗੂਆਂ ਵਲੋਂ ਆਪਣੀ ਰਾਜਸੀ ਸੱਤਾ ਦੀ ਲਾਲਸਾ ਪੂਰੀ ਕੀਤੀ ਜਾਇਆ ਕਰੇਗੀ ਅਤੇ ਸ਼੍ਰੌਮਣੀ ਅਕਾਲੀ ਦਲ ਦੇ ਉਨ੍ਹਾਂ ਮੰਤਵਾਂ ਅਤੇ ਆਦਰਸ਼ਾਂ ਵਲੋਂ ਮੂੰਹ ਮੋੜ ਲਿਆ ਜਾਇਗਾ, ਜਿਨ੍ਹਾਂ ਨੂੰ ਮੁਖ ਰਖ, ਇਸਦੀ ਸਥਾਪਨਾ ਤੇ ਜਿਨ੍ਹਾਂ ਨਾਲ ਨਿਭਣ ਦੀ ਸਤਿਗੁਰਾਂ ਦੇ ਚਰਨਾਂ ਵਿਚ ਅਰਦਾਸ ਕੀਤੀ ਗਈ ਸੀ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top