ਅੰਮ੍ਰਿਤਸਰ : ਅੱਜ
ਸਥਾਨਕ ਜੋਧ ਨਗਰ, ਸੁਲਤਾਨਵਿੰਡ ਰੋਡ ਵਿਖੇ ਗੁਰਮਤਿ ਟਕਸਾਲ ਵੱਲੋਂ ਤਿਆਰ ਕੀਤੇ ਗਏ ਸਿੱਖ
ਕੈਲੰਡਰ ਨੂੰ ਕੈਨੇਡਾ ਵਾਸੀ ਐਡਵੋਕੇਟ ਤਰਲੋਕ ਸਿੰਘ ਹੁੰਦਲ ਅਤੇ ਸਿੰਘ ਯੂਥ ਕਲੱਬ ਦੇ
ਪ੍ਰਧਾਨ ਸ. ਇਕਵਾਕ ਸਿੰਘ ਪੱਟੀ ਵੱਲੋਂ ਰਿਲੀਜ਼ ਕੀਤਾ ਗਿਆ। ਇਸ ਮੌਕੇ ਬੋਲਦਿਆਂ ਗੁਰਮਤਿ
ਟਕਸਾਲ ਦੇ ਬੁਲਾਰੇ ਹਰਪ੍ਰੀਤ ਸਿੰਘ ਸੁਲਤਾਨਵਿੰਡ ਨੇ ਦੱਸਿਆ ਕਿ ਸਪੇਨ ਵਾਸੀ ਕੁਲਵਿੰਦਰ
ਸਿੰਘ ਵੱਲੋਂ ਤਿਆਰ ਕੀਤੇ ਗਏ ਸਿੱਖ ਕੈਲੰਡਰ ਪਿੱਛੇ ਸਾਡਾ ਮਕਸਦ ਲੋਕਾਂ ਵਿੱਚ ਸਿੱਖ ਵਿਦਵਾਨਾਂ/ਬੁੱਧੀਜੀਵੀਆਂ/
ਇਤਿਹਾਸਕਾਰਾਂ ਬਾਰੇ ਜਾਣਕਾਰੀ ਪ੍ਰਚਾਰਣਾ ਹੈ, ਜਿਹਨਾਂ ਨੂੰ ਕੌਮ ਵਿਸਾਰੀ ਬੈਠੀ ਹੈ।
ਸਿੰਘ ਯੂਥ ਕਲੱਬ ਦੇ ਮੁੱਖ ਸਰਪ੍ਰਸਤ ਸ. ਇਕਵਾਕ ਸਿੰਘ
ਪੱਟੀ ਨੇ ਕਿਹਾ ਕਿ, 51 ਸਾਲ ਦੀ ਉਮਰ ਵਿੱਚ 52 ਕਿਤਾਬਾਂ ਲਿਖਣ
ਵਾਲੇ ਅਤੇ ਸਿੰਘ ਸਭਾ ਲਹਿਰ ਦੇ ਬਾਨੀ ਗਿਆਨੀ ਦਿੱਤ ਸਿੰਘ, ਪ੍ਰੋ. ਗੁਰਮੁੱਖ ਸਿੰਘ, ਮਹਾਨ
ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ, ਕਰਮ ਸਿੰਘ ਹਿਸਟੋਰੀਅਨ, ਗੁਰਬਾਣੀ ਵਿਆਖਿਆ ਦਾ
ਮੁੱਢ ਬੰਨਣ ਵਾਲੇ ਪ੍ਰੋ. ਸਾਹਿਬ ਸਿੰਘ, ਕਰਮ ਸਿੰਘ ਹਿਸਟੋਰੀਅਨ, ਸ੍ਰੀ ਅਕਾਲ ਤਖ਼ਤ ਸਾਹਿਬ
ਦੇ ਸਾਬਕਾ ਮੁੱਖ ਸੇਵਾਦਾਰ ਪ੍ਰੋ. ਦਰਸ਼ਨ ਸਿੰਘ ਖ਼ਾਲਸਾ,
ਸਿੱਖ ਤਵਾਰੀਖ ਦੇ ਕਰਤਾ ਡਾ. ਹਰਜਿੰਦਰ ਸਿੰਘ ਦਿਲਗੀਰ ਸਮੇਤ ਕਰੀਬ 15 ਤਸਵੀਰਾਂ
ਸਿੱਖ ਕੈਲੰਡਰ ਵਿੱਚ ਸ਼ਾਮਿਲ ਕਰਕੇ ‘ਗੁਰਮਤਿ ਟਕਸਾਲ’ ਵੱਲੋਂ ਬਹੁਤ ਹੀ ਸ਼ਲਾਘਾ ਯੋਗ ਕੰਮ ਕੀਤਾ
ਗਿਆ ਹੈ। ਐਡਵੋਕੇਟ ਸ. ਤਰਲੋਕ ਸਿੰਘ ਹੁੰਦਲ ਨੇ ਆਪਣੇ ਵਿਚਾਰ ਦਿੰਦਿਆਂ ਦੱਸਿਆ ਕਿ
ਸਿੱਖ ਕੈਲੰਡਰ ਰਾਹੀਂ ਸਾਡੀ ਪੀੜ੍ਹੀ ਨੂੰ ਅਸਲ ਕੌਮੀ ਨਾਇਕਾਂ ਬਾਰੇ ਜਾਣਕਾਰੀ ਪ੍ਰਾਪਤ
ਹੋਵੇਗੀ। ਇਸ ਮੌਕੇ ਉਹਨਾਂ ਤੋਂ ਇਲਾਵਾ ਰਤਨ ਬ੍ਰਦਰਜ਼ ਪਬਲੀਕੇਸ਼ਨ ਦੇ ਸ. ਭੁਪਿੰਦਰ ਸਿੰਘ ਰਤਨ,
ਸ. ਪਵਿੱਤਰਜੀਤ ਸਿੰਘ ਰਤਨ, ਸ. ਸਰਬਜੀਤ ਸਿੰਘ, ਸ. ਕੁਲਦੀਪ ਸਿੰਘ, ਸ. ਸਰਬਪ੍ਰੀਤ ਸਿੰਘ,
ਸ. ਦਮਨਦੀਪ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਸਿੱਖ ਕੈਲੰਡਰ ਜਾਰੀ ਕਰਦੇ ਹੋਏ ਸ. ਤਰਲੋਕ ਸਿੰਘ ਹੁੰਦਲ,
ਇਕਵਾਕ ਸਿੰਘ ਪੱਟੀ, ਗੁਰਮਤਿ ਟਕਸਾਲ ਦੇ ਹਰਪ੍ਰੀਤ ਸਿੰਘ ਸੁਲਤਾਨਵਿੰਡ ਤੇ ਹੋਰ
ਅੰਮ੍ਰਿਤਸਰ ਅੱਜ ਸਥਾਨਕ ਸੁਲਤਾਨਵਿੰਡ ਰੋਡ ਵਿਖੇ ਗੁਰਮਤਿ ਟਕਸਾਲ ਦਾ
ਸਿੱਖ ਕੈਲੰਡਰ ਰਿਲੀਜ਼ ਕਰਨ ਪਹੁੰਚੇ ਕੈਨੇਡਾ ਵਾਸੀ ਐਡਵੋਕੇਟ ਸ. ਤਰਲੋਕ ਸਿੰਘ ਹੁੰਦਲ ਨੇ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਵੱਲੋਂ ਤਿਆਰ ਕੀਤੀ ਗਈ ਪੁਸਤਕ
‘ਗੁਰਮੁਖਿ ਵਿਆਹਿਣ ਆਇਆ’ ਗੁਰੂ ਅਰਜਨ ਸਾਹਿਬ ਜੀ ਦਾ ਵਿਆਹ ਬ੍ਰਿਤਾਂਤ ਗੁਰਬਾਣੀ ਦੀ ਕਸਵੱਟੀ
ਤੇ ਜਲਦ ਰਿਲੀਜ਼ ਹੋਵੇਗੀ। ਸ. ਹੁੰਦਲ ਨੇ ਦੱਸਿਆ ਕਿ ਗੁਰੂ ਸਾਹਿਬ ਦੇ ਵਿਆਹ ਸਬੰਧੀ ਬਹੁਤ ਹੀ
ਮਿਥਿਹਾਸ ਜੋੜ ਦਿੱਤਾ ਗਿਆ ਹੈ, ਜਿਸ ਕਰਕੇ ਵਿਆਹ ਬ੍ਰਿਤਾਂਤ ਪੂਰੀ ਤਰ੍ਹਾਂ ਕਰਮਕਾਂਡਾਂ ਅਤੇ
ਅੰਧਵਿਸ਼ਵਾਸ਼ਾਂ ਹੇਠ ਦੱਬ ਗਿਆ ਹੈ, ਜਿਸਨੂੰ ਪੁਸਤਕ ਰਾਹੀਂ ਗੁਰਬਾਣੀ ਦੇ ਸਿਧਾਂਤਾਂ ਅਨੁਸਾਰ
ਸੱਪਸ਼ਟ ਕਰਕੇ ਲਿਖਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਪੁਸਤੱਕ ‘ਰਤਨ ਬ੍ਰਦਰਜ਼’
ਅੰਮ੍ਰਿਤਸਰ ਵੱਲੋਂ ਛਾਪੀ ਜਾ ਰਹੀ ਹੈ।