Share on Facebook

Main News Page

ਗੁਰੂ ਨਾਨਕ "ਸਾਹਿਬ" ਕਿ ਗੁਰੂ ਨਾਨਕ "ਦੇਵ"
-
ਡਾ. ਹਰਜਿੰਦਰ ਸਿੰਘ ਦਿਲਗੀਰ

ਕੁਝ ਲਿਖਾਰੀ ਗੁਰੂ ਨਾਨਕ ਸਾਹਿਬ ਦੇ ਨਾਂ ਨਾਲ “ਦੇਵ” ਲਿਖਦੇ ਹਨ । ਅਜਿਹੇ ਲੋਕ ਗੁਰੂ ਅੰਗਦ ਸਾਹਿਬ ਅਤੇ ਗੁਰੂ ਅਰਜਨ ਸਾਹਿਬ ਦੇ ਨਾਂ ਨਾਲ ਵੀ “ਦੇਵ” ਲਿਖਦੇ ਹਨ। ਇਹ ਬਿਲਕੁਲ ਗ਼ਲਤ ਹੈ। ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ ਤੇ ਗੁਰੂ ਅਰਜਨ ਸਾਹਿਬ ਵਿਚੋਂ ਕਿਸੇ ਦੇ ਨਾਂ ਨਾਲ “ਦੇਵ” ਕਦੇ ਵੀ ਨਹੀਂ ਸੀ ਤੇ ਇਹ ਲਿਖਣ ਦੀ ਰੀਤ ਕੁਝ ਕੁ ਦੁਹਾਕਿਆਂ ਦੀ ਹੈ ਇਸ ਪਿੱਛੇ ਕੋਈ ਸ਼ਰਾਰਤ ਸੀ ਜਾਂ ਅਨਜਾਣਤਾ-ਇਹ ਤਾਂ ਵਾਹਿਗੁਰੂ ਹੀ ਜਾਣਨ। ਪਰ ਇਹ ਗ਼ਲਤ ਰੀਤ ਅਜਿਹੀ ਚੱਲੀ ਕਿ ‘ਸ੍ਰੀ’ ਦੀ ਵਰਤੋਂ ਵਾਂਗ ‘ਦੇਵ’ ਵੀ ਸਿੱਖਾਂ ਵਿਚ ਵੜਦਾ ਤੇ ਮਨਜ਼ੂਰ ਹੁੰਦਾ ਚਲਾ ਗਿਆ।

ਇਕ ਲੇਖਕ ਨੇ ਇਹ ਪਿਰਤ ਸ਼ੁਰੂ ਹੋਣ ਬਾਰੇ ਇਹ ਦਲੀਲ ਦਿੱਤੀ ਕਿ ਬਾਕੀ ਗੁਰੂ ਸਾਹਿਬਾਨਾਂ ਦੇ ਨਾਂ ਦੋ ਲਫ਼ਜ਼ਾਂ ਵਾਲੇ ਹਨ (ਜਿਵੇਂ ਗੁਰੂ ਅਮਰ ਦਾਸ, ਗੁਰੂ ਰਾਮ ਦਾਸ, ਗੁਰੂ ਹਰਿਗੋਬਿੰਦ, ਗੁਰੂ ਹਰਿ ਰਾਇ, ਗੁਰੂ ਹਰਕ੍ਰਿਸ਼ਨ, ਗੁਰੂ ਤੇਗ ਬਹਾਦਰ, ਗੁਰੂ ਗੋਬਿੰਦ ਸਿੰਘ), ਪਰ ਤਿੰਨ ਗੁਰੂ (ਗੁਰੂ ਨਾਨਕ, ਗੁਰੂ ਅੰਗਦ ਤੇ ਗੁਰੂ ਅਰਜਨ) ਸਾਹਿਬ ਦੇ ਨਾਂ ਦਾ ਇੱਕੋ ਲਫ਼ਜ਼ ਹੀ ਸੀ, ਸੋ ਇਸ ਕਰ ਕੇ ‘ਦੇਵ’ ਲਾ ਦੇਣਾ ਠੀਕ ਹੈ।

ਪਹਿਲੀ ਗੱਲ ਤਾਂ ਇਹ ਹੈ ਕਿ ਇਹ ਨੁਕਤਾ ਗ਼ਲਤ ਹੈ ਕਿ ਹਰਗੋਬਿੰਦ ਤੇ ਹਰਕ੍ਰਿਸ਼ਨ ਵਿਚ ਦੋ-ਦੋ ਲਫ਼ਜ਼ ਹਨ ਬਲਕਿ ਇਹ ਦੋਵੇਂ ਨਾਂ ਇਕ-ਇਕ ਲਫ਼ਜ਼ ਦੇ ਹਨ। ਦੂਜਾ, ਇਹ ਹਾਸੋ-ਹੀਣੀ ਦਲੀਲ ਹੈ ਕਿ ਜੇ ਸੱਤ (ਜਾਂ ਪੰਜ) ਗੁਰੂ ਸਾਹਿਬਾਨ ਦੇ ਨਾਂ ਨਾਲ ਦੋ ਲਫ਼ਜ਼ ਹਨ ਤਾਂ ਬਰਾਬਰਤਾ ਵਾਸਤੇ ਇਕ ਲਫ਼ਜ਼ ਪਾ ਦਿੱਤਾ ਜਾਏ। ਜੋ ਅਸਲ ਨਾਂ ਹੈ, ਉਹੀ ਕਿਉਂ ਨਾ ਰਹਿਣ ਦਿੱਤਾ ਜਾਏ ਤੇ ਨਾਂ ਬਦਲਿਆ ਜਾਂ ਵਿਗਾੜਿਆ ਕਿਉਂ ਜਾਵੇ।

ਇਕ ਹੋਰ ਸੱਜਣ ਨੇ ਆਖਿਆ ਕਿ ਗੁਰੂ ਗ੍ਰੰਥ ਸਾਹਿਬ ਵਿਚ ‘ਦੇਵ’ ਜਾਂ ‘ਦੇਉ’ ਲਫ਼ਜ਼ ਘਟੋ-ਘਟ 28 ਸਫ਼ਿਆਂ ’ਤੇ ਆਉਂਦਾ ਹੈ। ਇਨ੍ਹਾਂ ਵਿਚੋਂ ਕੁਝ ਜਗ੍ਹਾ ’ਤੇ ‘ਨਾਨਕ ਦੇਉ’ ਵੀ ਆਉਂਦਾ ਹੈ ਅਤੇ 1409 ਸਫ਼ੇ ’ਤੇ ‘ਜਪ੍ਹਉ ਜਿਨ ਅਰਜਨੁ ਦੇਵ ਗੁਰੁ…’ ਵੀ ਆਉਂਦਾ ਹੈ। ਜੇ ਗੁਰੂ ਗ੍ਰੰਥ ਸਾਹਿਬ ਵਿਚ ‘ਦੇਵ’ ਲਫ਼ਜ਼ ਮਿਲਦਾ ਹੈ ਤਾਂ ਗੁਰੂ ਸਾਹਿਬ ਦੇ ਨਾਂ ਦਾ ਹਿੱਸਾ ਹੀ ਮੰਨ ਲੈਣਾ ਚਾਹੀਦਾ ਹੈ। ਇਹ ਦਲੀਲ ਵੀ ਬੇ-ਮਾਅਨਾ ਹੈ।

ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਨਾਨਕ ਸਾਹਿਬ ਦਾ ਨਾਂ ਸਾਰੇ ਸ਼ਬਦਾਂ ਦੇ ਆਖ਼ਰੀ ਹਿੱਸੇ ਵਿਚ ਆਉਂਦਾ ਹੈ। ਗੁਰੂ ਗ੍ਰੰਥ ਸਾਹਿਬ ਵਿਚ ਪੰਜ ਕੂ ਹਾਰ ਵਾਰੀ “ਨਾਨਕ”, ਪੰਜਾਹ-ਸੱਠ ਵਾਰੀ ਨਾਨਕੁ ਅਤੇ ਦੋ ਦਰਜਨ ਵਾਰੀ ਵਾਰੀ “ਨਾਨਕਿ” ਆਉਂਦਾ ਹੈ ਪਰ ‘ਦੇਉ’ ਲਫ਼ਜ਼ (ਦੇਵ ਨਹੀਂ) ਗੁਰੂ ਸਾਹਿਬ ਦੇ ਨਾਂ ਦੇ ਨੇੜੇ ਸ਼ਾਇਦ ਸਿਰਫ਼ 4-5 ਵਾਰ ਆਇਆ ਹੈ (ਸਫ਼ਾ 150, 430, 1102, 1305) ਤੇ ਸਫ਼ਾ 1358 ’ਤੇ ‘ਨਾਨਕ ਗੁਰਦੇਵ’ ਵੀ ਆਇਆ ਹੈ। ਆਓ, ਇਸ ਦਾ ਮਾਅਨਾ ਵਿਚਾਰੀਏ।

ਗੁਰੂ ਗ੍ਰੰਥ ਸਾਹਿਬ ’ਚ ਗੁਰੂ ਨਾਨਕ ਸਾਹਿਬ ਦੇ ਨਾਂ ਨਾਲ ਇਕ ਥਾਂ ‘ਨਾਨਕ ਰਾਮ’ ਤੇ ਇਕ ਥਾਂ ’ਤੇ ‘ਨਾਨਕ ਚੰਦ’ ਵੀ ਆਇਆ ਹੈ:

ਸਿਖ੍ਹਾ ਸੰਤ ਨਾਮੁ ਭਜੁ, ਨਾਨਕ, ਰਾਮ ਰੰਗਿ, ਆਤਮ ਸਿਉ ਰਂਉ ॥ (ਸਫ਼ਾ 1387)

ਇਸ ਉਪਰਲੀ ਤੁਕ ਵਿਚ ਗੁਰੂ ਨਾਨਕ ਸਾਹਿਬ ਦੇ ਨਾਂ ਦੇ ਪਿੱਛੇ ‘ਰਾਮ’ ਹੈ । ਹਾਲਾਂਕਿ ਨਾਨਕ ਤੋਂ ਮਗਰੋਂ ਫ਼ਿਕਰਾ ਟੁੱਟਦਾ ਹੈ ਤੇ ‘ਕਾਮਾ’ ਲੱਗਦਾ ਹੈ ਅਤੇ “ਰਾਮ ਰੰਗਿ ਆਤਮ ਸਿਉ ਰਂਉ” ਵੱਖਰਾ ਹਿੱਸਾ ਹੈ । ਕੋਈ ਭੋਲਾ ਬੰਦਾ ਇਸ ਤੁਕ ਦਾ ਮਾਅਨਾ ਨਾ ਸਮਝਦਾ ਹੋਇਆ, ਗੁਰੂ ਨਾਨਕ ਸਾਹਿਬ ਦਾ ਨਾਂ ‘ਨਾਨਕ ਰਾਮ’ ਲਿਖ ਸਕਦਾ ਹੈ।

ਪ੍ਰਥਮੇ ਨਾਨਕ ਚੰਦੁ, ਜਗਤ ਭਯੋ ਆਨੰਦੁ,ਤਾਰਨਿ ਮਨੁਖ੍ਹ ਜਨ ਕੀਅਉ ਪ੍ਰਗਾਸ ॥ (ਸਫ਼ਾ 1399)

ਉਪਰਲੀ ਤੁਕ ਤੋਂ ਕੋਈ ਬੇਸਮਝ ਸ਼ਖ਼ਸ ਗੁਰੂ ਨਾਨਕ ਸਾਹਿਬ ਦੇ ਨਾਂ ਨਾਲ ‘ਚੰਦ’ ਲਿਖ ਦੇਵੇ ਤਾਂ ਇਸ ਨੂੰ ਮਨਜ਼ੂਰ ਨਹੀਂ ਕੀਤਾ ਜਾ ਸਕਦਾ। ਇਥੇ ‘ਚੰਦ’ ਦਾ ਮਾਅਨਾ ਇਹ ਹੈ ਕਿ ਗੁਰੂ ਨਾਨਕ ਸਾਹਿਬ ਦੁਨੀਆਂ ਵਿਚ ਚੰਨ-ਰੂਪ ਪ੍ਰਗਟ ਹੋਏ ਅਤੇ ਮਨੁੱਖਾਂ ਨੂੰ ਤਾਰਨ ਵਾਸਤੇ ਪ੍ਰਕਾਸ਼ ਕੀਤਾ।

ਹੁਣ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਨਾਨਕ ਸਾਹਿਬ ਦੇ ਨਾਂ ਨੇੜੇ ‘ਦੇਵ’ ਵਾਲੀਆਂ ਤੁਕਾਂ ਦਾ ਵਿਚਾਰ ਕਰੀਏ:

ਦੀਖਿਆ ਆਖਿ ਬੁਝਾਇਆ, ਸਿਫਤੀ ਸਚਿ ਸਮੇਉ ॥ਤਿਨ ਕਉ ਕਿਆ ਉਪਦੇਸੀਐ, ਜਿਨ ਗੁਰੂ, ਨਾਨਕ, ਦੇਉ ॥ (ਸਫ਼ਾ 150)

ਇਸ ਤੁਕ ਦਾ ਮਾਅਨਾ ਹੈ: “ਹੇ ਨਾਨਕ! ਜਿਨ੍ਹਾਂ ਦਾ ਗੁਰਦੇਵ ਹੈ (ਭਾਵ ਜਿਨ੍ਹਾਂ ਦੇ ਸਿਰ ’ਤੇ ਗੁਰਦੇਵ), ਜਿਨ੍ਹਾਂ ਨੂੰ (ਗੁਰੂ ਨੇ) ਸਿੱਖਿਆ ਦੇ ਕੇ ਗਿਆਨ ਦਿੱਤਾ ਹੈ ਤੇ ਸਿਫ਼ਤਿ-ਸਾਲਾਹ ਦੀ ਰਾਹੀਂ ਸੱਚ ਨਾਲ ਜੋੜਿਆ ਹੈ, ਉਨ੍ਹਾਂ ਨੂੰ ਕਿਸੇ ਹੋਰ ਉਪਦੇਸ਼ ਦੀ ਲੋੜ ਨਹੀਂ ਰਹਿੰਦੀ। (ਭਾਵ ਪ੍ਰਭੂ ਦੇ ਨਾਮ ਵਿਚ ਜੁੜਨ ਦੀ ਸਿੱਖਿਆ ਤੋਂ ਉੱਚੀ ਹੋਰ ਕੋਈ ਸਿੱਖਿਆ ਨਹੀਂ ਹੈ)।” ਇਹ ਮਾਅਨੇ ਪ੍ਰਿੰਸੀਪਲ ਸਾਹਿਬ ਸਿੰਘ ਜੀ ਨੇ ਕੀਤੇ ਹਨ। ਮੈਂ ਇਸ ਨੂੰ ਇੰਞ ਪੇਸ਼ ਕੀਤਾ ਸੀ, “ਜਿਨ੍ਹਾਂ ਨੂੰ ਗੁਰੂ ਸੂਝ ਦਿੰਦਾ ਹੈ, ਉਨ੍ਹਾਂ ਨੂੰ ਹੋਰ ਉਪਦੇਸ਼ ਦੀ ਲੋੜ ਨਹੀਂ ਰਹਿੰਦੀ। (ਭਾਵ ਪ੍ਰਭੂ ਦੇ ਨਾਮ ਵਿਚ ਜੁੜਨ ਦੀ ਸਿੱˆਖਿਆ ਤੋਂ ਉੱਚੀ ਹੋਰ ਕੋਈ ਸਿੱˆਖਿਆ ਨਹੀਂ ਹੈ)।” ਹਾਲਾਂਕਿ ਦੋਹਾਂ ਮਾਅਨਿਆਂ ਦਾ ਭਾਵ-ਅਰਥ ਇਕੋ ਹੀ ਹੈ। ਪਰ ਇਹ ਸਪਸ਼ਟ ਹੈ ਕਿ ਇਸ ਤੁਕ ਵਿਚ ‘ਦੇਉ’ ਗੁਰੂ ਨਾਨਕ ਸਾਹਿਬ ਦੇ ਨਾਂ ਦਾ ਪਿਛੇਤਰ ਨਹੀਂ ਹੈ। ਇਥੇ ‘ਦੇਉ’ ਗੁਰੂ ਨਾਨਕ ਸਾਹਿਬ ਨੂੰ ‘ਦੇਵ’ ਆਖਣ ਵਾਸਤੇ ਨਹੀਂ ਹੈ।

ਸੋ ਵਸੈ ਇਤੁ ਘਰਿ ਜਿਸੁ ਗੁਰੂ ਪੂਰਾ ਸੇਵ ॥ਅਬਿਚਲ ਨਗਰੀ, ਨਾਨਕ, ਦੇਵ ॥ (ਸਫ਼ਾ 430)

ਇਸ ਤੁਕ ਦਾ ਮਾਅਨਾ ਹੈ: ਹੇ ਨਾਨਕ ! ਪੂਰਾ ਗੁਰੂ ਜਿਸ ਮਨੁੱਖ ਨੂੰ ਪ੍ਰਭੂ ਦੀ ਸੇਵਾ-ਭਗਤੀ ਦੀ ਦਾਤ ਬਖ਼ਸ਼ਦਾ ਹੈ, ਉਹ ਇਸ (ਐਸੇ ਹਿਰਦੇ) ਘਰ ਵਿਚ ਵੱਸਦਾ ਰਹਿੰਦਾ ਹੈ, ਜੋ ਪ੍ਰਮਾਤਮਾ ਦੇ ਰਹਿਣ ਵਾਸਤੇ (ਵਿਕਾਰਾਂ ਵਿਚ) ਕਦੇ ਨਾ ਡੋਲਣ ਵਾਲੀ ਨਗਰੀ ਬਣ ਜਾਂਦਾ ਹੈ। ਇਸ ਤੁਕ ਵਿਚ ‘ਦੇਵ’ ਵਾਹਿਗੁਰੂ ਵਾਸਤੇ ਹੈ ਨਾ ਕਿ ਗੁਰੂ ਸਾਹਿਬ ਦੇ ਨਾਂ ਦਾ ਹਿੱਸਾ।

ਬੋਹਿਥੁ, ਨਾਨਕ, ਦੇਉ ਗੁਰੂ, ਜਿਸੁ ਹਰਿ ਚੜਾਏ ਤਿਸੁ ਭਉਜਲੁ ਤਰਣਾ॥ (ਸਫ਼ਾ 1102)

ਇਸ ਤੁਕ ਦਾ ਮਾਅਨਾ ਹੈ: ਹੇ ਨਾਨਕ! ਗੁਰਦੇਉ (ਰੂਹਾਨੀ) ਜਹਾਜ਼ ਹੈ, ਹਰੀ ਨੇ ਇਸ ਜਹਾਜ਼ ਵਿਚ ਜਿਸ ਨੂੰ ਬਿਠਾ ਦਿੱਤਾ ਹੈ, ਉਸ ਨੇ ਇਸ ਦੁਨੀਆਂ ਦੇ ਭਉ-ਸਾਗਰ ਨੂੰ ਤਰ ਲਿਆ ਹੈ । ਇਸ ਤੁਕ ਵਿਚ ਦੇਉ ‘ਗੁਰਦੇਉ’ ਦਾ ਹਿੱਸਾ ਹੈ, ਨਾ ਕਿ ਗੁਰੂ ਨਾਨਕ ਸਾਹਿਬ ਦੇ ਨਾਂ ਦਾ ਪਿਛੇਤਰ।

ਦਰਸਨ ਪਿਆਸ ਬਹੁਤੁ ਮਨਿ ਮੇਰੈ ॥ਮਿਲੁ, ਨਾਨਕ, ਦੇਵ ਜਗਤਗੁਰ ਕੇਰੈ ॥ (ਸਫ਼ਾ 1304)

ਇਸ ਤੁਕ ਦਾ ਮਾਅਨਾ ਹੈ: ਹੇ ਜਗਤ ਦੇ ਗੁਰਦੇਵ! ਮੇਰੇ ਮਨ ਵਿਚ ਤੇਰੇ ਦਰਸਨ ਦੀ ਬਹੁਤ ਪਿਆਸ ਹੈ, (ਮੈਨੂੰ) ਨਾਨਕ ਨੂੰ, ਮਿਲਾ। ਇਸ ਤੁਕ ਵਿਚ ਵੀ ‘ਦੇਵ’ ‘ਗੁਰਦੇਵ’ ਦਾ ਹਿੱਸਾ ਹੈ ਨਾ ਕਿ ਗੁਰੂ ਨਾਨਕ ਸਾਹਿਬ ਦੇ ਨਾਂ ਦਾ ਹਿੱਸਾ।

ਇੰਞ ਹੀ ਗੁਰੂ ਅਰਜਨ ਸਾਹਿਬ ਦੇ ਨਾਂ ਦੇ ਪਿੱਛੇ ਦੇਵ (ਸਫ਼ਾ 1409)ਵਾਲੀ ਤੁਕ :

ਜਪ੍ਹਉ ਜਿਨ੍‍ ਅਰਜਨ, ਦੇਵ ਗੁਰੂ, ਫਿਰਿ ਸੰਕਟ ਜੋਨਿ ਗਰਭ ਨ ਆਯਉ ॥

ਇਸ ਤੁਕ ਦਾ ਮਾਅਨਾ ਹੈ: ਜਿਨ੍ਹਾਂ ਨੇ ਗੁਰਦੇਵ ਅਰਜਨ (ਸਾਹਿਬ) ਨੂੰ ਜਪਿਆ ਹੈ, ਉਹ ਗਰਭ-ਜੂਨ ਦੇ ਦੁੱਖਾਂ (ਦੇ ਡਰ) ਵਿਚ ਨਹੀਂ ਆਉਂਦੇ। ਇਥੇ ਵੀ ‘ਦੇਵ’ ‘ਗੁਰਦੇਵ’ ਦਾ ਹੀ ਹਿੱਸਾ ਹੈ, ਨਾ ਕਿ ਗੁਰੂ ਅਰਜਨ ਸਾਹਿਬ ਦੇ ਨਾਂ ਦਾ ਹਿੱਸਾ। ਹੁਣ ਇਸ ਤੋਂ ਇਲਾਵਾ ਵੀ ਗੁਰੂ ਗ੍ਰੰਥ ਸਾਹਿਬ ਵਿਚ ਤਕਰੀਬਨ 20 ਕੁ ਹੋਰ ਜਗਹ ’ਤੇ ‘ਦੇਵ’ ਜਾ ‘ਦੇਉ’ ਇਨ੍ਹਾਂ ਮਾਅਨਿਆਂ ਵਿਚ ਆਉਂਦਾ ਹੈ। ਇਹ ਸਫ਼ੇ ਹਨ: 108, 155, 405, 469, 479, 522, 694, 795-96, 871, 943, 1129, 1142, 1149, 1172, 1173, 1180, 1183, 1192, 1338, 1353, 1389 ਵਗੈਰਾ।

ਇਨ੍ਹਾਂ ਸਾਰੇ ਸਫ਼ਿਆਂ ’ਤੇ ‘ਦੇਵ ਅਤੇ ‘ਦੇਉ’ ਲਫ਼ਜ਼ਾਂ ਦਾ ਮਾਅਨਾ ਵਾਹਿਗੁਰੂ ਜਾਂ ਗੁਰਦੇਵ ਜਾਂ ਦੇਵਤਾ ਹੈ ਤੇ ਹੋਰ ਕੁਝ ਵੀ ਨਹੀਂ। ਮਿਸਾਲ ਵਜੋਂ :

ਗੁਰੂ ਜੈਸਾ ਨਾ ਹੀ ਕੋ ਦੇਵ॥ ਜਿਸੁ ਮਸਤਿਕ ਭਾਗੁ ਸੁ ਲਾਗਾ ਸੇਵ॥ (ਸਫ਼ਾ 1142)
ਹਰਿ ਸਿਮਰਤ ਕਿਛੁ ਚਾਖੁ ਨ ਜੋਹੈ॥ ਹਰਿ ਸਿਮਰਤ ਦੈਤ ਦੇਉ ਨ ਪੋਹੈ॥ (ਸਫ਼ਾ 1149)
ਰੰਗੁ ਲਾਗਾ ਅਤਿ ਲਾਲ ਦੇਵ॥ (ਸਫ਼ਾ 1180)
ਕਾਮੁ ਕ੍ਰੋਧੁ ਅਹੰਕਾਰੁ ਬਿਨਸੈ ਮਿਲੈ ਸਤਿਗੁਰ ਦੇਵ॥ਨਾਮੁ ਦ੍ਰਿੜੁ ਕਰਿ ਭਗਤਿ ਹਰਿ ਕੀ ਭਲੀ ਪ੍ਰਭੂ ਕੀ ਸੇਵ॥ (ਸਫ਼ਾ 405)
ਮਹਿਮਾ ਕਹੀ ਨ ਜਾਇ ਗੁਰ ਸਮਰਥ ਦੇਵ॥ਗੁਰ ਪਾਰਬ੍ਰਹਮ ਪਰਮੇਸੁਰ ਅਪਰੰਪਰ ਅਲਖ ਅਭੇਵ॥ (ਸਫ਼ਾ 522)
ਘਟਿ ਘਟਿ ਸੁੰਨ ਕਾ ਜਾਣੈ ਭੇਉ॥ ਆਦਿ ਪੁਰਖੁ ਨਿਰੰਜਨ ਦੇਉ॥ (ਸਫ਼ਾ 943)

ਇਹ ਅਤੇ ਬਾਕੀ ਸਫ਼ਿਆਂ ਵਿਚ ਜਿਥੇ ਵੀ ‘ਦੇਵ’ ਜਾਂ ‘ਦੇਉ’ ਆਇਆ ਹੈ, ਉਹ ਦੇਵਤਾ, ਗੁਰਦੇਵ, ਵਾਹਿਗੁਰੂ ਦੇ ਮਾਅਨਿਆਂ ਵਿਚ ਹੀ ਆਇਆ ਹੈ, ਨਾ ਕਿ ਗੁਰੂ ਨਾਨਕ ਸਾਹਿਬ ਦੇ ਨਾਂ ਦੇ ਹਿੱˆਸੇ ਵਜੋਂ।

ਗੁਰੂ ਗ੍ਰੰਥ ਸਾਹਿਬ ਵਿਚ ‘ਸੱਤਾ ਤੇ ਬਲਵੰਡ ਦੀ ਵਾਰ’ ‘ਭੱਟਾਂ ਦੇ ਸ੍ਵੈਯੈ’ ਵਿਚ ਵੀ ਕਿਸੇ ਥਾਂ ਵੀ, ਕਿਸੇ ਵੀ ਗੁਰੂ ਦੇ ਨਾਂ ਨਾਲ ਵੀ, “ਦੇਵ” ਨਹੀਂ ਲਾਇਆ ਹੋਇਆ। ਗੁਰੂ ਗ੍ਰੰਥ ਸਾਹਿਬ ਵਿਚਲੀ ਇਸ ਭੱਟਾਂ ਦੀ ਬਾਣੀ ਨੂੰ ਤਾਂ ਗੁਰੂ ਅਰਜਨ ਸਾਹਿਬ ਨੇ ਖ਼ੁਦ ਮਨਜ਼ੂਰੀ ਦਿੱਤੀ ਸੀ।

ਗੁਰੂ ਨਾਨਕ ਸਾਹਿਬ ਦੀ ਤਵਾਰੀਖ਼ ਨੂੰ ਪੇਸ਼ ਕਰਨ ਵਾਲੀਆਂ ਮੁੱਖ ਜਨਮਸਾਖੀਆਂ ਇਹ ਹਨ:

  1. ਵਲਾਇਤ ਵਾਲੀ ਜਨਮਸਾਖੀ
  2. ਮਿਹਰਬਾਨ ਵਾਲੀ ਜਨਮਸਾਖੀ
  3. ਭਾਈ ਬਾਲੇ ਵਾਲੀ ਜਨਮਸਾਖੀ
  4. ਭਾਈ ਮਨੀ ਸਿੰਘ ਦੇ ਨਾਂ ਨਾਲ ਜੋੜੀ ਜਾਂਦੀ ਜਨਮਸਾਖੀ
  5. ਪੁਰਾਤਨ ਜਨਮਸਾਖੀ

ਇਨ੍ਹਾਂ ਵਿਚੋਂ ਕਿਸੇ ਦੇ ਲਿਖਾਰੀ ਨੇ ਵੀ ਗੁਰੂ ਨਾਨਕ ਸਾਹਿਬ ਦੇ ਨਾਂ ਨਾਲ ‘ਦੇਵ’ ਨਹੀਂ ਲਿਖਿਆ। ਇਹ ਕਿਤਾਬਾਂ ਸਿੱਖ ਤਵਾਰੀਖ਼ ਦੀਆਂ ਸਭ ਤੋਂ ਪੁਰਾਣੀਆਂ ਕਿਤਾਬਾਂ ਮੰਨੀਆਂ ਜਾਂਦੀਆਂ ਹਨ। ਜੋ ਅਰਦਾਸ ਅਜ ਕਲ੍ਹ ਆਮ ਚਲਦੀ ਹੈ ਤੇ ਸ਼੍ਰੋਮਣੀ ਕਮੇਟੀ ਵੱਲੋਂ ਛਪੀ ‘ਰਹਿਤ ਮਰਿਆਦਾ’ ਵਿਚ ਵੀ ਸ਼ਾਮਿਲ ਹੈ। ਇਸ ਵਿਚ ਵੀ ਗੁਰੂ ਨਾਨਕ ਸਾਹਿਬ ਜਾਂ ਦੂਜੇ ਤੇ ਪੰਜਵੇਂ ਨਾਨਕ ਨਾਲ ‘ਦੇਵ’ ਨਹੀਂ ਲਾਇਆ ਗਿਆ:

ਪ੍ਰਿਥਮ ਭਗੌਤੀ ਸਿਮਰਿ ਕੈ ਗੁਰ ਨਾਨਕ ਲਈਂ ਧਿਆਏ ॥ ਫਿਰ ਅੰਗਦ ਗੁਰ ਤੇ ਅਮਰ ਦਾਸ ਰਾਮ ਦਾਸੈ ਹੋਈਂ ਸਹਾਇ ॥ ਅਰਜਨ ਹਰਿਗੋਬਿੰਦ ਨੌ ਸਿਮਰੋ ਸ੍ਰੀ ਹਰਿ ਰਾਇ ॥....

ਬਚਿਤ੍ਰ ਨਾਟਕ ਦੇ ਲਿਖਾਰੀ (ਇਹ ਲਿਖਾਰੀ ਗੁਰੂ ਗੋਬਿੰਦ ਸਿੰਘ ਸਾਹਿਬ ਨਹੀਂ ਹਨ) ਨੇ ਵੀ ਨਾਨਕ ਸਾਹਿਬ ਦੇ ਨਾਂ ਨਾਲ ‘ਦੇਵ’ ਨਹੀਂ ਬਲਕਿ ‘ਰਾਇ’ ਲਿਖਿਆ ਹੈ:

ਤਿਨ ਬੇਦੀਯਨ ਕੀ ਕੁਲ ਬਿਖੇ ਪ੍ਰਗਟੇ ਨਾਨਕ ਰਾਇ॥  ਹਾਲਾਂ ਕਿ ਇਥੇ ‘ਰਾਇ’ ਤੋਂ ਭਾਵ ਬਾਦਸ਼ਾਹ, ਰੂਹਾਨੀ ਪਾਤਿਸ਼ਾਹ ਹੈ, ਨਾ ਕਿ ਇਹ ਗੁਰੂ ਜੀ ਦਾ ਨਾਂ ‘ਨਾਨਕ ਰਾਇ’ ਹੈ।

ਜਨਸਾਖੀਆਂ ਤੋਂ ਮਗਰੋਂ ਪੰਜਾਬੀ ਵਿਚ ਜਿੰਨੀਆਂ ਵੀ ਵਾਰਾਂ ਗੁਰੂ ਸਾਹਿਬ ਬਾਰੇ ਲਿਖੀਆਂ ਗਈਆਂ ਸਨ, ਉਨ੍ਹਾਂ ਵਿਚੋਂ ਮੁੱਖ ਹਨ :ਰਾਮਕਲੀ ਦੀ ਵਾਰ (ਸੱਤਾ ਤੇ ਬਲਵੰਡ)

  1. ਵਾਰ ਬਾਬੇ ਨਾਨਕ ਜੀ ਦੀ (ਭਾਈ ਗੁਰਦਾਸ)
  2. ਕੜਖੇ ਪਾਤਸ਼ਾਹ ਦਸਵੇਂ ਕੇ (ਸੈਣ ਸਿੰਘ)
  3. ਪਉੜੀਆਂ ਗੁਰੂ ਗੋਬਿੰਦ ਸਿੰਘ ਜੀ ਕੀਆਂ (ਮੀਰ ਮੁਸ਼ਕੀ ਤੇ ਛਬੀਲਾ)
  4. ਜੁਧ ਗੁਰੂ ਗੋਬਿੰਦ ਸਿੰਘ ਜੀ ਕਾ (ਅਣੀ ਰਾਇ)
  5. ਵਾਰ ਪਾਤਸ਼ਾਹੀ ਦਸਵੀਂ ਕੀ (ਅਗਿਆਤ)
  6. ਵਾਰ ਭੇੜੇ ਕੀ ਪਾਤਸ਼ਾਹੀ ਦਸ (ਅਗਿਆਤ)
  7. ਵਾਰ ਭੰਗਾਣੀ ਕੀ (ਅਗਿਆਤ)
  8. ਜੁੱਧ-ਚਰਿਤ੍ਰ ਗੁਰੂ ਗੋਬਿੰਦ ਸਿੰਘ ਜੀ ਕਾ (ਵੀਰ ਸਿੰਘ ਬੱਲ)
  9. ਵਾਰ ਅੰਮ੍ਰਿਤਸਰ ਕੀ (ਦਰਸ਼ਨ ਭਗਤ)
  10. ਵਾਰ ਸਰਬ ਲੋਹ ਕੀ (ਅਗਿਆਤ)ਵਾਰ ਕਲਿਆਨ ਕੀ (ਖ਼ੁਸ਼ਹਾਲ ਚੰਦ)

ਇਨ੍ਹਾਂ ਵਾਰਾਂ ਵਿਚ ਜਿੱਥੇ ਕਿਤੇ ਵੀ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ ਜਾਂ ਗੁਰੂ ਅਰਜਨ ਸਾਹਿਬ ਦਾ ਨਾਂ ਆਇਆ ਹੈ, ਉਥੇ ਗੁਰੂ ਸਾਹਿਬ ਦੇ ਨਾਂ ਨਾਲ ‘ਦੇਵ’ ਨਹੀਂ ਆਇਆ ।

ਭਾਈ ਗੁਰਦਾਸ ਦੀਆਂ ਵਾਰਾਂ ਵਿਚ ਵੀ ਕਈ ਜਗ੍ਹਾ ਲਫ਼ਜ਼ ‘ਦੇਉ’ ਆਇਆ ਹੈ। ਵਾਰ 3 (ਪਉੜੀ 2, ਪਉੜੀ 12), ਵਾਰ 13 (ਪਉੜੀ 25), ਵਾਰ 15 (ਪਉੜੀ 2), ਵਾਰ 24 (ਪਉੜੀ 1), ਵਾਰ 24 (ਪਉੜੀ 25), ਵਾਰ 28 (ਪਉੜੀ 11), ਵਾਰ 38 (ਪਉੜੀ 20), ਵਗੈਰਾ। ਹਾਲਾਂਕਿ ਪਹਿਲੀ ਵਾਰ ਪੂਰੀ ਦੀ ਪੂਰੀ ਗੁਰੂ ਨਾਨਕ ਸਾਹਿਬ ਬਾਰੇ ਹੈ ਤੇ ਉਥੇ ਕਿਤੇ ਵੀ ਗੁਰੂ ਨਾਨਕ ਸਾਹਿਬ ਦੇ ਨਾਂ ਨਾਲ ‘ਦੇਵ’ ਨਹੀਂ ਲੱਗਾ ਹੋਇਆ। ਉੱਪਰ ਜ਼ਿਕਰ ਕੀਤੀਆਂ 8 ਪਉੜੀਆਂ ਵਿਚ ਭਾਈ ਗੁਰਦਾਸ ਨੇ ‘ਦੇਉ’ ਜਾਂ ‘ਦੇਵ’ ਲਫ਼ਜ਼ ਵਰਤਿਆ ਹੈ। ਇਨ੍ਹਾਂ ਵਿਚੋਂ ਚਾਰ ਜਗ੍ਹਾ ’ਤੇ ਦੇਉ ਦਾ ਮਾਅਨਾ ਹੈ: ਪਰਕਾਸ਼ ਰੂਪ (ਵਾਰ 13, ਪਉੜੀ 25; ਵਾਰ 15, ਪਉੜੀ 2; ਵਾਰ 24 ਪਉੜੀ 25; ਵਾਰ 38, ਪਉੜੀ 20)। ਵਾਰ 28 ਦੀ ਪਉੜੀ 11 ਵਿਚ ‘ਦੇਵ’ ਦਾ ਮਾਅਨਾ ਦੇਵਤਾ ਹੈ। ਵਾਰ 24 ਪਉੜੀ ਪਹਿਲੀ ਵਿਚ ‘ਦੇਉ ਜਪਾਇਆ’ ਦਾ ਮਾਅਨਾ ਹੈ: ਗੁਰੂ ਸਾਹਿਬ ਨੇ ਰੱਬ ਦੇ ਨਾਂ ਦਾ ਜਾਪ ਕਰਵਾਇਆ। ਵਾਰ 3 ਪਉੜੀ, 12 ਵਿਚ ‘ਦੇਉ ਗੁਰਾਂ ਗਰ’ ਵਿਚ ਦੇਉ ਗੁਰ ਦਾ ਪਿਛੇਤਰ ਹੈ ਤੇ ਇਸ ਦਾ ਮਾਅਨਾ ‘ਗੁਰਾਂ ਦਾ ਗੁਰਦੇਵ’ ਬਣਦਾ ਹੈ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਭਾਈ ਗੁਰਦਾਸ ਨੇ ਵਾਰ ਬਾਬੇ ਨਾਨਕ ਕੀ (ਵਾਰ ਪਹਿਲੀ) ਵਿਚ ਪਉੜੀ 23 ਤੋਂ ਪਉੜੀ 45 ਤਕ ਗੁਰੂ ਨਾਨਕ ਸਾਹਿਬ ਦੀ ਜੀਵਨੀ, 45 ਤੋਂ 48 ਪਉੜੀਆਂ ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਸਾਹਿਬ, ਗੁਰੂ ਰਾਮਦਾਸ ਸਾਹਿਬ, ਗੁਰੂ ਅਰਜਨ ਸਾਹਿਬ ਤੇ ਗੁਰੂ ਹਰਿਗੋਬਿੰਦ ਸਾਹਿਬ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਨੇ ਇਨ੍ਹਾਂ 26 ਪਉੜੀਆਂ ਵਿਚ ਕਿਤੇ ਵੀ ਗੁਰੂ ਸਾਹਿਬ ਦੇ ਨਾਂ ਨਾਲ ‘ਦੇਵ’ ਨਹੀਂ ਲਿਖਿਆ।‘

ਭੱਟ ਵਹੀਆਂ’ ਤੇ ‘ਪਾਂਡਾ ਵਹੀਆਂ’ ਤਾਂ ਗੁਰੂ ਸਾਹਿਬ ਦੇ ਵੇਲੇ ਦੀਆਂ ਲਿਖੀਆਂ ਹੋਈਆਂ ਹਨ। ਉਨ੍ਹਾਂ ਵਿਚ ‘ਦੇਵ’ ਸ਼ਬਦ ਨਹੀਂ ਲਿਖਿਆ ਹੋਇਆ। ਸੈਨਾਪਤੀ, ਕੋਇਰ ਸਿੰਘ, ਕੇਸਰ ਸਿੰਘ ਛਿੱਬਰ, ਸ੍ਵਰੂਪ ਸਿੰਘ ਕੌਸ਼ਿਸ਼, ਰਤਨ ਸਿੰਘ ਭੰਗੂ, ਸੁਖਬਾਸੀ ਰਾਮ ਬੇਦੀ ਅਤੇ ਹੋਰ ਲੇਖਕ, ਜਿਨ੍ਹਾਂ ਅਠਾਰਵੀ ਤੇ ਉੱਨੀਵੀਂ ਸਦੀ ਵਿਚ ਸਿਖ ਤਵਾਰੀਖ਼ ਲਿਖੀ, ਉਨ੍ਹਾਂ ਨੇ ਕਿਸੇ ਗੁਰੂ ਸਾਹਿਬ ਦੇ ਨਾਂ ਨਾਲ ‘ਦੇਵ’ ਨਹੀਂ ਲਾਇਆ ਅਤੇ ਗੁਰੂ ਸਾਹਿਬ ਦਾ ਅਸਲ ਨਾਂ (ਗੁਰੂ ਨਾਨਕ, ਗੁਰੂ ਅੰਗਦ, ਗੁਰੂ ਅਰਜਨ) ਹੀ ਲਿਖਿਆ। ਵੀਹਵੀਂ ਸਦੀ ਵਿਚ “ਦੇਵ” ਲਾਉਣ ਦੀ ਇਹ ਗ਼ਲਤੀ ਐਨੀ ਕਬੂਲ ਹੋਈ ਕਿ ਭੋਲੇ ਸਿੱਖ ਇਸ ਨੂੰ ਹੀ ਠੀਕ ਸਮਝਣ ਲਗ ਪਏ। ਉਂਞ ਸਾਡੀ ਕੌਮ ਦੇ ਲੇਖਕਾਂ ਦੀ ਇਹ ‘ਸਿਫ਼ਤ’ ਹੈ ਕਿ ਅੱਖਾਂ ਮੀਟ ਕੇ ਮੱਖੀ ’ਤੇ ਮੱਖੀ ਮਾਰੀ ਜਾਣਗੇ ਪਰ ਜਦੋਂ ਕੋਈ ਗ਼ਲਤੀ ਵੱਲ ਇਸ਼ਾਰਾ ਕਰੇਗਾ ਤਾਂ ਆਖ ਦੇਣਗੇ: “ਛੱਡੋ ਪਰਾਂ!” “ਤਾਂ ਕੀ ਹੈ?” “ਹੁਣ ਤਾਂ ਬਹੁਤ ਕਿਤਾਬਾਂ ਵਿਚ ਆ ਚੁੱਕਾ ਹੈ”, ਵਗੈਰਾ... ਧੰਨ ਸਿੱਖੀ!!!ਗੁਰੂ ਨਾਨਕ ਸਾਹਿਬ ਦੇ ਨਾਂ ਨਾਲ ਦੇਵ ਦੀ ਬਹੁਤੀ ਬੀਮਾਰੀ 1972 ਤੋਂ ਮਗਰੋਂ ਸ਼ੁਰੂ ਹੋਈ ਸੀ। 1969 ਵਿਚ ਗੁਰੂ ਨਾਨਕ ਸਾਹਿਬ ਦੇ ਨਾਂ ’ਤੇ ‘ਗੁਰੂ ਨਾਨਕ ਯੂਨੀਵਰਸਿਟੀ’ ਬਣਾਈ ਗਈ ਸੀ। ਇਹ ਯੂਨੀਵਰਸਿਟੀ ਅਕਾਲੀ ਦਲ ਦੀ ਸਰਕਾਰ ਨੇ ਬਣਾਈ ਸੀ। 1972 ਵਿਚ (ਅ)ਗਿਆਨੀ ਜ਼ੈਲ ਸਿੰਘ ਪੰਜਾਬ ਦਾ ਚੀਫ਼ ਮਨਿਸਟਰ ਬਣ ਗਿਆ। ਉਹ ਇਕ ਅਨਪੜ੍ਹ (ਜਾਂ ਅੱਧਪੜ੍ਹ) ਬੰਦਾ ਸੀ। ਅਚਾਣਕ ਉਸ ਦੇ ਦਿਮਾਗ਼ ਵਿਚ ਆ ਗਿਆ ਕਿ ਕੁਝ ਲੋਕ ਗੁਰੂ ਨਾਨਕ ਸਾਹਿਬ ਦੇ ਨਾਂ ਨਾਲ ‘ਦੇਵ’ ਲਿਖਦੇ ਹਨ ਤੇ ਯੂਨੀਵਰਸਿਟੀ ਦਾ ਨਾਂ ਵੀ ‘ਗੁਰੂ ਨਾਨਕ ਦੇਵ ਯੂਨੀਵਰਸਿਟੀ’ ਕਰ ਦੇਣਾ ਚਾਹੀਦਾ ਹੈ। ਉਸ ਨੇ ਪਹਿਲਾ ਕੰਮ ਇਹੀ ਕੀਤਾ। ਨਤੀਜਾ ਇਹ ਹੋਇਆ ਕਿ ਉਸ ਦੇ ਰਾਜ ਦੌਰਾਨ ਗੁਰੂ ਨਾਨਕ ਸਾਹਿਬ ਨੂੰ ਹਰ ਥਾਂ ਦੇਵ ਲਿਖਿਆ ਜਾਣ ਲਗ ਪਿਆ। (ਉਸ ਅਨਪੜ੍ਹ ਸ਼ਖ਼ਸ ਨੇ ਤਾਂ ਰੂਪੜ ਸ਼ਹਿਰ ਨੂੰ ਵੀ ‘ਰੋ ਪੜ’ ਸਮਝ ਕੇ ਇਸ ਦਾ ਨਾਂ ‘ਰੂਪਨਗਰ’ ਕਰਵਾ ਦਿਤਾ ਸੀ। ਅਜਿਹੇ ਅਹਿਮਕ ਲੋਕਾਂ ਦੀਆਂ ਯਭਲੀਆਂ ਨਾਲ ਇੰਞ ਹੀ ਤਵਾਰੀਖ਼ਾਂ ਵਿਗੜਿਆ ਕਰਦੀਆਂ ਹਨ)।

ਇਸ ਮਗਰੋਂ ਬਾਦਲ ਦੀ ਸਰਕਾਰ ਨੇ ਵੀ ਇਸ ਯਭਲੀ ਦੇ ਅਸਰ ਹੇਠਾਂ ਬਠਿੰਡਾ ਦੇ ਥਰਮਲ ਪਲਾਂਟ ਦਾ ਨਾਂ ਬਦਲ ਕੇ ‘ਗੁਰੂ ਨਾਨਕ ਦੇਵ ਥਰਮਲ ਪਲਾਂਟ’ ਕਰ ਦਿਤਾ। ਇੰਞ ਹੀ 2004 ਵਿਚ ਗੁਰੂ ਅੰਗਦ ਸਾਹਿਬ ਦਾ ਨਾਂ ਵੀ ਅੱਧਪੜ੍ਹ ਚੌਧਰੀਆਂ ਨੇ ਹੀ ਵਿਗਾੜ ਕੇ ‘ਗੁਰੂ ਅੰਗਦ ਦੇਵ’ ਬਣਾ ਛੱਡਿਆ ਸੀ। ਗੁਰਬਾਣੀ ਦਾ ਫ਼ੁਰਮਾਨ ਹੈ:ਅੰਧਾ ਆਗੂ ਜੇ ਥੀਐ, ਕਿਉ ਪਾਧਰੁ ਜਾਣੈ॥ਆਪ ਮੁਸੈ ਮਤਿ ਹੋਛੀਐ, ਕਿਉ ਰਾਹੁ ਪਛਾਣੈ॥ (ਗੁਰੂ ਗ੍ਰੰਥ ਸਾਹਿਬ, ਸਫ਼ਾ 767)


Guru Nanak University, Amritsar was established in 1969 vide Punjab Act No. 21 of 1969 dated 28-11-1969 when Punjab CM was Justice Gurnam Singh.

When PM Indira Gandhi had imposed Emergency on 25 June  1975, then Giani Zail Singh was Punjab CM. With a view to appease/please her Hindu voters, she directed CM for adding "Dev", i.e. amended by Act 26 of 1975 dated 21-08-1975. Since then its name has become: "Guru Nanak Dev University", Amritsar but no Punjab CM or Vice-Chancellor had dared to restore its original Name. [You may wish to obtain copies from your sources in Amritsar as I don't have said Notification copies]

Same goes with "Dev" after the names of Guru Nanak Sahib, Guru Angad Sahib and Guru Arjan Sahib, which means to add THREE more Devtas in addition to (33) crores Devtas of Hindus !!!

[Have a look at GGS pages 423, 1079, 1161, 1386 and 1393. Dr. Sarbjit Singh (Vasi, Mumbai) has also written a very good Article on this subject.

Gurmit Singh Australia


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top