Share on Facebook

Main News Page

ਕੱਤਕ ਦੀ ਪੂਰਨਮਾਸ਼ੀ ਸ਼੍ਰੀ ਚੰਦ ਦਾ ਜਨਮ ਦਿਹਾੜਾ ਹੈ ਜਾਂ ਕਿ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ?

ਜ਼ਾਹਰ ਪੀਰ, ਜਗਤ ਗੁਰ ਬਾਬਾ, ਹਜ਼ੂਰ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਦਿਹਾੜੇ ਬਾਰੇ ਤਾਂ ਇਤਿਹਾਸਕਾਰ ਸਿੱਖ ਵਿਦਵਾਨਾਂ ਵਿੱਚ ਹੁਣ ਕੋਈ ਦੋ ਰਾਵਾਂ ਨਹੀਂ ਹਨ ਕਿ ਉਨ੍ਹਾਂ ਦਾ ਜਨਮ ਵੈਸਾਖ ਸੁਦੀ ਤਿੰਨ ਸੰਮਤ 1526 (ਅਪ੍ਰੈਲ ਸੰਨ 1469) ਦਾ ਹੈ, ਕੱਤਕ ਦੀ ਪੂਰਨਮਾਸ਼ੀ ਦਾ ਨਹੀਂ। ਇਸ ਬਾਰੇ ਕੋਈ ਵਿਸ਼ੇਸ਼ ਵਿਸਥਾਰ ਦੇਣ ਦੀ ਲੋੜ ਨਹੀਂ ਜਾਪਦੀ। ਕਿਉਂਕਿ, ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਪ੍ਰਤੀਨਿਧਾਂ ਤੇ ਵਿਦਵਾਨਾਂ ਦੀਆਂ ਵਿਸ਼ੇਸ਼ ਬੈਠਕਾਂ ਦੁਆਰਾ ਲੰਬੀ-ਚੌੜੀ ਵਿਚਾਰ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਵਲੋਂ ਪ੍ਰਕਾਸ਼ਤਨਾਨਕ ਸ਼ਾਹੀ ਕੈਲੰਡਰ ਵਿੱਚ ਵੀ ਇਸ ਹਕੀਕਤ ਨੂੰ ਪ੍ਰਵਾਨ ਕਰ ਲਿਆ ਗਿਆ ਹੈ। ਹਾਂ! ਇਹ ਇੱਕ ਵੱਖਰੀ ਗੱਲ ਹੈ ਕਿ ਆਗਮਨ ਪੁਰਬ ਦਾ ਦਿਹਾੜਾ ਪਹਿਲੀ ਵੈਸਾਖ ਨਿਯਤ ਕਰਕੇ ਵੀ ਅਜੇ ਰਾਜਨੀਤਕ ਅਤੇ ਸੰਪਰਦਾਈ ਪ੍ਰਭਾਵ ਹੇਠ ਇਤਿਹਾਸਕ ਸਚਾਈ ਦੇ ਉੱਲਟ ਕੱਤਕ ਦੀ ਪੂਰਨਮਾਸ਼ੀ ਨੂੰ ਹੀ ਮਨਾਇਆ ਜਾ ਰਿਹਾ ਹੈ

ਇਤਿਹਾਸ ਗਵਾਹ ਹੈ ਕਿ ਅਠਾਰਵੀਂ ਸਦੀ ਦੇ ਅੰਤਲੇ ਦਹਾਕੇ ਸੰਨ 1790 ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਅਤੇ ਲਗਭੱਗ ਵੀਹਵੀਂ ਸਦੀ ਦੇ ਆਰੰਭਕ ਦਹਾਕੇ ਤੱਕ ਸ੍ਰੀ ਨਨਕਾਣਾ ਸਾਹਿਬ ਵਿਖੇ ਗੁਰੂ ਨਾਨਕ ਆਗਮਨ ਪੁਰਬ ਵੈਸਾਖ ਵਿੱਚ ਹੀ ਮਨਾਇਆ ਜਾਂਦਾ ਸੀ। ਕਿਉਂਕਿ, ਮਿਸਟਰ ਮੈਕਾਲਫ ਮੁਤਾਬਿਕ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਇਥੋਂ ਦੇ ਪ੍ਰਮੁਖ ਗਿਆਨੀ ਸੰਤ ਸਿੰਘ ਜੀ ਨੇ ਕਤਕ ਦੀ ਪੂਰਨਮਾਸ਼ੀ ਨੂੰ ਪੁਰਬ ਮਨਾਉਣ ਦੀ ਰੀਤ ਸ਼ੁਰੂ ਕੀਤੀ ਅਤੇ ਆਪਣੇ ਰਾਜਸੀ ਪ੍ਰਭਾਵ ਦੀ ਵਰਤੋਂ ਕਰਕੇ ਹੋਰਨਾਂ ਗੁਰਅਸਥਾਨਾਂ ਵਿੱਚ ਵੀ ਐਸਾ ਰਿਵਾਜ ਪਾ ਦਿੱਤਾ। ਪਰ, ਅਜਿਹਾ ਹੋਣ ਦੇ ਬਾਵਜੂਦ ਵੀ ਸੌ ਸਾਲ ਤੋਂ ਵਧੇਰੇ ਸਮੇਂ ਤੱਕ ਸਤਿਗੁਰੂ ਜੀ ਦੇ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਇਹ ਰੀਤ ਚਾਲੂ ਨਾ ਕੀਤੀ ਜਾ ਸਕੀ। ਭਾਵੇਂ ਕਿਗੁਰਬਿਲਾਸ ਪਾਤਸ਼ਾਹੀ 6ਵੀਂ ਮੁਤਾਬਿਕ ਬਿਪਰਵਾਦੀ ਪ੍ਰਭਾਵ ਹੇਠ ਉਦਾਸੀਆਂ ਦੁਆਰਾ ਓਥੇ ਨਿਰਜਲ ਇਕਾਦਸ਼ੀ ਦਾ ਮੇਲਾ ਤੇ ਇਸ਼ਨਾਨ ਸ਼ੁਰੂ ਕੀਤਾ ਜਾ ਚੁੱਕਾ ਸੀ। ਕਿਉਂਕਿ, ਪਹਿਲੇ ਸਿੱਖ ਹਿਸਟੋਰੀਅਨ ਸ੍ਰ: ਕਰਮ ਸਿੰਘ ਜੀ ਦੀ ਅੱਖੀਂ ਡਿੱਠੀ ਤੇ ਅੰਗੀਂ ਹੰਡਾਈ ਹੋਈ ਗਵਾਹੀ ਉਨ੍ਹਾਂ ਦੀ ਲਿਖਤ ਵਿੱਚ ਇਉਂ ਮਜੂਦ ਹੈ:

1925 ਦੀ ਗੱਲ ਹੈ ਕਿ ਸ੍ਰੀ ਨਨਕਾਣਾ ਸਾਹਿਬ ਕੱਤਕ ਪੂਰਨਮਾਸ਼ੀ ਨੂੰ ਗੁਰਪੁਰਬ ਮਨਾਉਣਾ ਆਰੰਭ ਹੋਇਆ, ਉਸ ਤੋਂ ਪਹਿਲਾਂ ਇਸ ਦਿਨ ਨੂੰ ਉਥੇ ਕੋਈ ਜਾਣਦਾ ਵੀ ਨਹੀਂ ਸੀ। ਸੱਠ ਕੁ ਵਰ੍ਹੇ ਏਸੇ ਤਰ੍ਹਾਂ ਹੋਰ ਲੰਘ ਗਏ ਤਾਂ ਲੋਕੀਂ ਆਖਣ ਲੱਗ ਪੈਣਗੇ ਜੋ ਇਹ ਗੁਰਪੁਰਬ ਮੁੱਢ ਤੋਂ ਹੀ ਕੱਤਕ ਦੀ ਪੂਰਨਮਾਸ਼ੀ ਨੂੰ ਨਨਕਾਣੇ ਸਾਹਿਬ ਮਨਾਇਆ ਜਾਂਦਾ ਰਿਹਾ ਹੈ, ਜਿਸ ਤਰ੍ਹਾਂ ਅੱਜ ਕੱਲ ਗਿਆਨੀ ਸੰਤ ਸਿੰਘ ਜੀ ਦੇ ਚਲਾਏ ਹੋਏ ਗੁਰਪੁਰਬ ਨੂੰ ਸਭ ਤੋਂ ਪੁਰਾਤਨ ਹੀ ਮੰਨ ਰਹੇ ਹਨ (ਪੁਸਤਕਕੱਤਕ ਕਿ ਵਿਸਾਖਪੰਨਾ 137)

ਸ਼ਾਇਦ ਇਹੀ ਕਾਰਨ ਹੈ ਕਿ ਜਦੋਂ ਗੁਰੂ ਅਮਰਦਾਸ ਜੀ ਮਹਾਰਾਜ ਨੇ ਸਿੱਖ ਸੰਗਤਾਂ ਵਿੱਚਲੀ ਭਾਈਚਾਰਕ ਸਾਂਝ ਦੀ ਪ੍ਰਪੱਕਤਾ ਅਤੇ ਮਰਯਾਦਾ ਦੀ ਇੱਕਸੁਰਤਾ ਲਈ ਸਲਾਨਾ ਜੋੜ ਮੇਲਾ ਕਰਨ ਦਾ ਇਰਾਦਾ ਬਣਾਇਆ ਤਾਂ ਉਨ੍ਹਾਂ ਨੇ ਵੈਸਾਖੀ ਦਾ ਦਿਨ ਹੀ ਨੀਯਤ ਕੀਤਾ। ਜੇਕਰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗਿਆਨ ਗੁਰੂ ਦੀ ਅਗਵਾਈ ਵਿੱਚ ਗੁਰਸਿੱਖੀ ਦੇ ਪ੍ਰਚਾਰ, ਕੌਮੀ ਪਹਿਚਾਣ ਤੇ ਸੁਰਖਿਆ ਦੇ ਦ੍ਰਿਸ਼ਟੀਕੋਨ ਤੋਂ ਖ਼ਾਲਸਾ ਜਥੇਬੰਦੀ ਕਾਇਮ ਕਰਨ ਦਾ ਇਰਾਦਾ ਬਣਾਇਆ ਤਾਂ ਉਨ੍ਹਾਂ ਨੇ ਵੀ ਸੰਨ 1699 ਨੂੰ ਵੈਸਾਖੀ ਦਾ ਦਿਹਾੜਾ ਹੀ ਚੁਣਿਆਂ। ਦਸਮ ਪਾਤਸ਼ਾਹ ਦੇ ਜੋਤੀ-ਜੋਤਿ ਸਮਾਉਣ ਉਪਰੰਤ ਵੀ ਖ਼ਾਲਸਾ ਪੰਥ ਆਪਣੇ ਵਿਸ਼ੇਸ਼ ਕੌਮੀ ਇਕੱਠ ਵੈਸਾਖੀ ਨੂੰ ਹੀ ਬਲਾਉਂਦਾ ਰਿਹਾ। ਕਿਉਂਕਿ, ਗੁਰੂ ਸਾਹਿਬਾਨ ਅਤੇ ਅਠਾਰਵੀਂ ਸਦੀ ਦੇ ਪੰਥਕ ਆਗੂ ਜਾਣਦੇ ਸਨ ਕਿ ਵੈਸਾਖੀ ਸਿੱਖੀ ਦੇ ਮੋਢੀ ਗੁਰੂ ਦਾ ਪ੍ਰਕਾਸ਼ ਦਿਹਾੜਾ ਹੈ, ਜਿਹੜੇ ਅਕਾਲ ਪੁਰਖ ਦੇ ਹੁਕਮ ਵਿੱਚ ਧੁਰ ਤੋਂ ਹੀ ਗੁਰੂ ਸਥਾਪਿਤ ਹੋਏ ਸਨ

ਮਿਸਟਰ ਮੈਕਾਲਿਫ਼ ਤਾਂ ਦਸਦੇ ਹਨ ਕਿ ਕੱਤਕ ਪੂਰਨਮਾਸ਼ੀ ਨੂੰ ਰਾਮ ਤੀਰਥ (ਅੰਮ੍ਰਿਤਸਰ) ਦਾ ਮੇਲਾ ਹੋਣ ਕਰਕੇ ਸਾਰੇ ਸਿੱਖ ਓਧਰ ਚਲੇ ਜਾਂਦੇ ਸਨ। ਸੋ ਓਧਰੋਂ ਹਟਾਉਣ ਵਾਸਤੇ ਗਿਆਨੀ ਸੰਤ ਸਿੰਘ ਜੀ (ਜਿਨ੍ਹਾਂ ਨੇ ਖ਼ਾਲਸੇ ਦੀ ਪ੍ਰੇਰਨਾ ਨਾਲ ਸੰਨ 1790 ਨੂੰ ਸ੍ਰੀ ਦਰਬਾਰ ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਨਿੱਤ ਦੀ ਕਥਾ ਆਰੰਭ ਕੀਤੀ, ਜਿਸ ਦਾ ਭੋਗ ਵੀ ਉਨ੍ਹਾਂ ਨੇ ਆਪ ਹੀ ਸ੍ਰੀ ਦਰਬਾਰ ਸਾਹਿਬ ਦੇ ਅੰਦਰ 1832 ਵਿੱਚ ਪਾਇਆ।) ਨੇ ਕੱਤਕ ਪੂਰਨਮਾਸ਼ੀ ਨੂੰ ਆਦਿ ਸਤਿਗੁਰੂ ਜੀ ਦੇ ਪਰਗਟ ਹੋਣ ਦਾ ਗੁਰਪੁਰਬ ਮਨਾਉਣਾ ਆਰੰਭ ਕਰ ਦਿੱਤਾ। ਪਰ, ਦਾਸ ਦਾ ਖ਼ਿਆਲ ਹੈ ਕਿ ਇਸ ਤਬਦੀਲੀ ਦਾ ਮੁੱਖ ਕਾਰਨ ਗਿਆਨੀ ਜੀ ਦੇ ਆਲੇ-ਦੁਆਲੇ ਉਦਾਸੀ ਬਾਵਿਆਂ ਦਾ ਘੇਰਾ ਸੀ, ਜਿਹੜੇ ਬਾਬਾ ਸ੍ਰੀ ਚੰਦ ਨੂੰ ਸਿੱਖਾਂ ਦਾ ਪੂਜ੍ਯ ਸਤਿਗੁਰੂ ਸਥਾਪਿਤ ਕਰਨ ਲਈ ਅਤਿ ਨਿੰਦਤ ਤੇ ਸਿਰਤੋੜ ਯਤਨ ਕਰ ਰਹੇ ਸਨ

ਕਿਉਂਕਿ, ਉਦਾਸੀ ਸਾਧੂਆਂ ਦੀਆਂ ਲਿਖਤਾਂ ਅਤੇ ਖ਼ਾਨਦਾਨੀ ਰਵਾਇਤਾਂ ਅਨੁਸਾਰ ਬਾਬਾ ਸ੍ਰੀ ਚੰਦ ਜੀ ਜਨਮ ਸੰਮਤ 1551 (ਸੰਨ 1494) ਦੇ ਕੱਤਕ ਦੀ ਪੂਰਨਮਾਸ਼ੀ ਦਾ ਹੀ ਮੰਨਿਆ ਜਾਂਦਾ ਹੈ। ਉਦਾਸੀ ਸਾਧੂਆਂ ਤੇ ਬੇਦੀ ਬਾਵਿਆਂ ਨੇ ਸੋਚਿਆ ਕਿ ਓਵੇਂ ਤਾਂ ਸਿੱਧੇ ਰੂਪ ਵਿੱਚ ਗੁਰਸਿੱਖਾਂ ਨੇ ਬਾਬਾ ਸ੍ਰੀ ਚੰਦ ਜੀ ਦੀ ਉਸਤਤਿ ਤੇ ਕਲਪਤ ਕਰਾਮਾਤੀ ਕਹਾਣੀਆਂ ਨਹੀਂ ਸੁਣਨੀਆਂ ਅਤੇ ਨਾ ਹੀ ਗੁਰਦੁਆਰਿਆਂ ਵਿੱਚ ਬਾਬਾ ਜੀ ਦਾ ਜਨਮ ਦਿਹਾੜਾ ਮਨਾਉਣ ਲਈ ਤਿਆਰ ਹੋ ਸਕਣਾ ਹੈ। ਕਾਰਨ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਗੁਰੂ ਪੁੱਤਰਾਂ ਨੂੰ ਗੁਰੂ ਹੁਕਮਾਂ ਤੋਂ ਆਕੀ, ਖੋਟੇ ਦਿਲ ਵਾਲੇ ਤੇ ਧੰਧਿਆਂ ਦੀ ਪੰਡ ਚੁੱਕੀ ਫਿਰਦੇ ਸੰਸਾਰੀ ਐਲਾਨਿਆ ਜਾ ਚੁੱਕਾ ਹੈ। ਜਿਵੇਂ ਕਿ ਗੁਰਵਾਕ ਹੈ:

ਪੁਤ੍ਰੀ ਕਉਲੁ ਪਾਲਿਓ, ਕਰਿ ਪੀਰਹੁ ਕੰਨ੍ਹ੍ਹ ਮੁਰਟੀਐ ਦਿਲਿ ਖੋਟੈ ਆਕੀ ਫਿਰਨਿ੍ਹ੍ਹ, ਬੰਨਿਹ੍ਹ ਭਾਰੁ ਉਚਾਇਨਿਹ੍ਹ ਛਟੀਐ॥ {ਪੰਨਾ 967}

ਇਸ ਲਈ ਸ੍ਰੀ ਚੰਦ ਦੇ ਉਪਾਸ਼ਕਾਂ ਨੂੰ ਸਭ ਤੋਂ ਵਧੀਆ ਜੁਗਤਿ ਇਹੀ ਜਾਪੀ ਕਿ ਗੁਰਦੁਆਰਿਆਂ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਆਗਮਨ ਪੁਰਬ ਵੈਸਾਖ ਸੁਦੀ ਤੀਜ ਦੀ ਥਾਂ ਕੱਤਕ ਦੀ ਪੂਰਨਮਾਸ਼ੀ ਨੂੰ ਮਨਾਉਣਾ ਪ੍ਰਚਲਿਤ ਕਰ ਦਿੱਤਾ ਜਾਵੇ। ਤਾਂ ਜੋ ਇਸ ਬਹਾਨੇ, ਜਿਥੇ, ਬਾਬਾ ਸ੍ਰੀ ਚੰਦ ਦਾ ਜਨਮ ਉਤਸ਼ਵ ਵੀ ਮਨਾਇਆ ਜਾਏਗਾ। ਉਥੇ, ਸਿੱਖ ਸੰਗਤਾਂ ਨੂੰ ਭਰਮਾਉਣ ਲਈ ਸਟੇਜ ਤੋਂ ਦੋ ਚਾਰ ਸਿਫਤਾਂ ਗੁਰੂ ਨਾਨਕ ਸਾਹਿਬ ਜੀ ਦੀਆਂ ਕਰਕੇ, ਬਾਕੀ ਸਮਾਂ ਬਾਬਾ ਸ੍ਰੀ ਚੰਦ ਦੀ ਉਸਤਤੀ ਤੇ ਕਲਪਤ ਕਥਾ ਕਹਾਣੀਆਂ ਵੀ ਸੁਣਾਈਆਂ ਜਾ ਸਕਣਗੀਆਂ। ਜਿਵੇਂ ਕਿ ਅਜ ਕੱਲ ਵੀ ਕੁੱਝ ਡੇਰੇਦਾਰ ਆਪਣੇ ਕਿਸੇ ਵੱਡੇ ਵਡੇਰੇ ਮਹੰਤ ਦੀ ਬਰਸੀ ਜਾਂ ਜਨਮ ਦਿਹਾੜੇ ਨੂੰ ਗੁਰਪੁਰਬੀ ਦਿਹਾੜੇ ਨਾਲ ਜੋੜ ਕੇ ਸਿੱਖ ਸੰਗਤਾਂ ਨੂੰ ਗੁੰਮਰਾਹ ਕਰਨ ਲਈ ਯਤਨਸ਼ੀਲ ਰਹਿੰਦੇ ਹਨ। ਕਿਉਂਕਿ, ਸ਼ਰਧਾਲੂ ਸਿੱਖ ਸੰਗਤਾਂ ਗੁਰਪੁਰਬ ਜਾਣ ਕੇ ਇਕੱਤਰ ਹੋ ਜਾਂਦੀਆਂ ਹਨ, ਪਰ ਓਥੇ ਗੁਰਮਤਿ ਵਿਚਾਰਧਾਰਾ ਸਮਝਾਉਣ ਤੇ ਸਤਿਗੁਰੂ ਜੀ ਦੀ ਜੈ-ਜੈਕਾਰ ਕਰਨ ਦੀ ਥਾਂ ਡੇਰੇਦਾਰ ਮਹੰਤ ਨੂੰ ਧੰਨ ਧੰਨ ਕਹਿੰਦਿਆਂ, ਵਿਅਕਤੀਗਤ ਪੂਜਾ ਦੇ ਬਢਾਵੇ ਲਈ ਉਹਦੀਆਂ ਸਿਫ਼ਤਾਂ ਦੇ ਹੀ ਪੁਲ਼ ਬੰਨੇ ਜਾ ਰਹੇ ਹੁੰਦੇ ਹਨ। ਗੁਰਦੁਆਰਿਆਂ ਦੀਆਂ ਕਮੇਟੀਆਂ ਨੂੰ ਇਸ ਪੱਖੋਂ ਵੀ ਸੁਚੇਤ ਹੋਣ ਦੀ ਲੋੜ ਹੈ

ਪ੍ਰਸਿੱਧ ਖੋਜੀ ਵਿਦਵਾਨ ਪ੍ਰੋ: ਪਿਆਰਾ ਸਿੰਘ ਪਦਮ ਜੀਸਿੱਖ ਸੰਪ੍ਰਦਾਵਲੀ ਪੁਸਤਕ ਵਿੱਚ ਬਾਬਾ ਸ੍ਰੀ ਚੰਦ ਦੇ ਜਨਮ ਅਤੇ ਉਦਾਸੀਆਂ ਦੀ ਉਪਰੋਕਤ ਨੀਤੀ ਨੂੰ ਲੁਕਵੇਂ ਜਿਹੇ ਢੰਗ ਨਾਲ ਇੱਕ ਵਿਸ਼ੇਸ਼ ਫੁੱਟ-ਨੋਟ ਦੁਆਰਾ ਇਉਂ ਪ੍ਰਗਟ ਕੀਤਾ ਹੈ: “ਆਪ ਦਾ ਜਨਮ ਗੁਰੂ ਨਾਨਕ ਸਾਹਿਬ ਜੀ ਦੇ ਘਰ ਮਾਤਾ ਸੁਲੱਖਣੀ ਦੀ ਕੁਖੋਂ 1551 ਬਿਕ੍ਰਮੀ ਨੂੰ ਕੱਤਕ ਦੀ ਪੂਰਨਮਾ ਨੂੰ ਸੁਲਤਾਨਪੁਰ ਹੋਇਆ। ਬੇਦੀ ਦਲਜੀਤ ਸਿੰਘ ਨੇ ਖ਼ਾਨਦਾਨੀ ਰਵਾਇਤ ਅਨੁਸਾਰ ਆਪਣੀ ਲਿਖਤਸਾਖੀ ਸ੍ਰੀ ਚੋਲਾ ਸਾਹਿਬਵਿੱਚ ਜਨਮ ਕਤਕ ਦੀ ਪੂਰਨਮਾਸ਼ੀ ਨੂੰ ਹੋਇਆ ਦਸਿਆ ਹੈ ਤੇ ਇਹੋ ਸੁਖਬਾਸੀ ਰਾਮ ਨੇ ਆਪਣੇ ਗ੍ਰੰਥਗੁਰੂ ਨਾਨਕ ਬੰਸ ਪ੍ਰਕਾਸ਼ ਵਿੱਚ ਦਰਜ ਕੀਤਾ ਹੈ। ਭਾਵੇਂ ਕੁੱਝ ਲੇਖਕਾਂ ਭਾਦੋਂ ਸੁਦੀ 9 ਵੀ ਲਿਖਿਆ ਹੈ” (ਪੰਨਾ 19)

ਬਾਬਾ ਸ੍ਰੀ ਚੰਦ ਜੀ ਨੂੰ ਸਤਿਗੁਰੂ ਸਥਾਪਦਾ ਤੇ ਜਨਮ ਤਿਥੀ ਦਰਸਉਂਦਾਗੁਰੂ ਨਾਨਕ ਬੰਸ ਪ੍ਰਕਾਸ਼ ਦਾ ਦੋਹਰਾ ਅਤੇ ਉਦਾਸੀ-ਨੀਤੀ ਨੂੰ ਪ੍ਰਗਟਾਉਂਦਾ ਵਿਸ਼ੇਸ਼ ਨੋਟ ਸਿੱਖ ਸੰਪ੍ਰਦਾਵਲੀ ਪੁਸਤਕ ਦੇ ਉਪਰੋਕਤ ਪੰਨੇ ਦੇ ਹੇਠਾਂ ਇਸ ਪ੍ਰਕਾਰ ਹੈ: ਸ਼ੁਭ ਨਖਤ੍ਰ ਬਰ ਲਗਨ, ਸ਼ੁਭ ਕਾਤਕ ਮਾਸ ਪੁਨੀਤ। ਸ੍ਰੀ ਚੰਦ ਸਤਿਗੁਰ ਪ੍ਰਗਟ, ਅਦਭੁਤ ਨਿਰਮਲ ਚੀਤ। ਨੋਟ: “ਉਦਾਸੀ ਸਾਧੂਆਂ ਸ਼ਾਯਦ ਇਸੇ ਕਰਕੇ ਕੱਤਕ ਪੂਰਨਮਾਸ਼ੀ ਪੁਰਬ ਮਨਾਉਣ ਦੀ ਰੀਤਿ ਪਾਈ। (ਕਿਉਂਕਿ) ਇਸ ਨਾਲ ਪਿਤਾ ਪੁੱਤ੍ਰ ਦੋਹਾਂ ਦੀ ਯਾਦ ਪੂਜੀ ਜਾਂਦੀ।” (ਪੰਨਾ 19)

ਸੋ ਉਦਾਸੀਆਂ ਨੇ ਆਪਣੇ ਇਸ ਮਨਸੂਬੇ ਦੀ ਪੂਰਤੀ ਲਈ ਪਹਿਲਾਂ ਤਾਂ ਪੰਥਕ ਹਿਤੂਆਂ ਦੇ ਰੂਪ ਵਿੱਚ ਗਿਆਨੀ ਸੰਤ ਸਿੰਘ ਜੀ ਨੂੰ ਰਾਮਤੀਰਥ ਵਲੋਂ ਸਿੱਖਾਂ ਨੂੰ ਹਟਾਉਣ ਵਰਗੀਆਂ ਹਿਤਕਾਰੀ ਤੇ ਵਪਾਰਿਕ ਸਲਾਹਾਂ ਦਿੰਦਿਆਂ ਉਨ੍ਹਾਂ ਦੀ ਦ੍ਰਿਸ਼ਟੀ ਵਿੱਚ ਆਪਣੇ ਆਪ ਨੂੰ ਪੰਥਕ-ਹਿਤੂ ਸਿੱਧ ਕੀਤਾ। ਅਤੇ ਫਿਰ ਗੁਰੂ-ਨਿੰਦਕ ਤੇ ਪੰਥ ਵਿਰੋਧੀ ਸੰਪਰਦਾਨਿਰੰਜਣੀਏ ਵਲੋਂ ਗੁਰਇਤਿਹਾਸ ਨੂੰ ਦੂਸ਼ਤ ਕਰਨ ਦੇ ਇਰਾਦੇ ਨਾਲ ਲਿਖਵਾਈਭਾਈ ਬਾਲੇ ਵਾਲੀ ਜਨਮ ਸਾਖੀਨੂੰ ਅਧਾਰ ਬਣਾ ਕੇ ਗਿਆਨੀ ਜੀ ਨੂੰ ਆਦਰ ਸਹਿਤ ਪ੍ਰੇਰਦਿਆਂ ਉਪਰੋਕਤ ਕਿਸਮ ਦੀ ਤਬਦੀਲੀ ਕਰਵਾਈ। ਕਿਉਂਕਿ, ਉਸ ਵੇਲੇ ਤੱਕ ਇੱਕੋ-ਇੱਕ ਇਹੀ ਜਨਮ ਸਾਖੀ ਸੀ, ਜਿਹੜੀ ਗੁਰੂ ਨਾਨਕ ਸਾਹਿਬ ਜੀ ਦਾ ਜਨਮ ਦਿਹਾੜਾ ਵੈਸਾਖ ਸੁਦੀ ਤੀਜ ਦੀ ਥਾਂ ਕਤਕ ਦੀ ਪੂਰਨਮਾਸ਼ੀ ਨੂੰ ਦਰਸਾਉਂਦੀ ਸੀ

ਸ੍ਰ: ਕਰਮ ਸਿੰਘ ਹਿਸਟੋਰੀਅਨ ਦਾ ਮੱਤ ਹੈ ਕਿ ਜਨਮ ਸਾਖੀ ਵਿੱਚ ਅਜਿਹੀ ਤਬਦੀਲੀ ਕਰਨ ਵੇਲੇ ਲਿਖਾਰੀ ਦੇ ਚਿੱਤ ਵਿੱਚ ਬ੍ਰਾਹਮਣ ਦਾ ਫੈਲਾਇਆ, ਉਹ ਭਰਮ ਅਵਸ਼ ਹੀ ਮਜੂਦ ਸੀ ਕਿ ਕੱਤਕ ਤੇ ਭਾਦੋਂ ਵਿੱਚ ਜਨਮਿਆਂ ਬਾਲਕ ਅਸ਼ੁਭ ਅਥਵਾ ਕੁਲੱਖਣਾ ਹੁੰਦਾ ਹੈ। ਪਰ, ਜੇਕਰ ਉਸ ਨੂੰ ਇੱਕ ਵਾਰ ਘਰੋਂ ਕੱਢ ਕੇ ਬ੍ਰਾਹਮਣ ਨੂੰ ਸਉਂਪ ਦਿੱਤਾ ਜਾਵੇ ਤੇ ਫਿਰ ਉਸ ਪਾਸੋਂ ਮੁੱਲ ਦੇ ਕੇ ਖਰੀਦ ਲਿਆ ਜਾਵੇ ਤਾਂ ਬਾਲਕ ਦਾ ਅਸ਼ੁਭ ਪੁਣਾ ਦੂਰ ਹੋ ਜਾਂਦਾ ਹੈ। ਕਿਉਂਕਿ, ਲਿਖਾਰੀ ਦਾ ਮਨੋਰਥ ਗੁਰੂ ਜੀ ਨੂੰ ਹਰੇਕ ਪੱਖੋਂ ਨਿੰਦਣਾ ਤੇ ਉਨ੍ਹਾਂ ਦਾ ਪ੍ਰਭਾਵ ਘਟਾਉਣਾ ਸੀ। ਸ੍ਰਦਾਰ ਜੀਕੱਤਕ ਕਿ ਵਿਸਾਖਨਾਮੀ ਪੁਸਤਕ ਵਿੱਚ ਲਿਖਦੇ ਹਨ: “ਪਾਠਕ ਜੀ! ਮੈਂ ਭਾਈ ਗੁਰਮੁਖ ਸਿੰਘ ਜੀ ਸ੍ਵਰਗਵਾਸੀ ਨਾਲ ਇੱਕ ਸੁਰ ਹੋ ਦੁਹਾਈ ਦੇ ਕੇ ਆਖਦਾ ਹਾਂ ਕਿ ਇਹ ਸਾਖੀ ਸ਼ੁਰੂ ਤੋਂ ਲੈ ਕੇ ਅਖ਼ੀਰ ਤੱਕ ਜਾਲ ਹੈ, ਝੂਠੀ ਹੈ, ਬਣਾਉਟੀ ਹੈ, ਨਿੰਦਿਆ ਨਾਲ ਭਰੀ ਪਈ ਹੈ, ਸੁਣਨ ਦੇ ਯੋਗ ਨਹੀਂ, ਦੇਖਣ ਦੇ ਕੰਮ ਨਹੀਂ, ਮੰਨਣ ਦੇ ਲੈਕ ਨਹੀਂ, ਏਸ ਨੂੰ ਬ੍ਹੰਨ ਕੇ ਅਜਿਹੇ ਥਾਂ ਪਚਾਉਣਾ ਚਾਹੀਏ, ਜਿਥੋਂ ਇਸ ਦਾ ਖੁਰਾ ਖੋਜ ਨਾ ਮਿਲੇ।ਅਠਾਰਵੀਂ ਸਦੀ ਵਿੱਚ ਜਦੋਂ ਸਿੱਖ ਕੌਮ ਆਪਣੀ ਹੋਂਦ ਨੂੰ ਕਾਇਮ ਰਖਣ ਲਈ ਜੂਝ ਰਹੀ ਸੀ। ਸਮੇਂ ਦੀ ਹਕੂਮਤ ਵਲੋਂ ਸਾਬਿਤ ਸੂਰਤ ਗੁਰਸਿੱਖਾਂ ਦੇ ਸਿਰਾਂ ਦੇ ਮੁੱਲ ਪੈ ਰਹੇ ਸਨ ਤੇ ਇਸ ਪ੍ਰਕਾਰ ਉਨ੍ਹਾਂ ਨੂੰ ਚੁਣ ਚੁਣ ਕੇ ਸ਼ਹੀਦ ਕੀਤਾ ਜਾ ਰਿਹਾ ਸੀ। ਤਦੋਂ ਉਦਾਸੀਆਂ ਨੂੰ ਮੌਕਾ ਮਿਲਿਆ ਤੇ ਉਨ੍ਹਾਂ ਨੇ ਗੁਰਅਸਥਾਨਾਂ ਨੂੰ ਸੰਭਾਲ ਲਿਆ। ਬਿਪਰਵਾਦੀ ਸ਼ਕਤੀਆਂ ਦੀ ਸਹਿਜੋਗੀ ਸਾਜਿਸ਼ ਦਾ ਸ਼ਿਕਾਰ ਹੁੰਦਿਆਂ ਵਪਾਰਿਕ ਬਿਰਤੀ ਅਧੀਨ ਇਨ੍ਹਾਂ ਨੇ ਗੁਰਦੁਆਰਿਆਂ ਵਿੱਚ ਬਿਪਰਨ ਕੀ ਰੀਤ ਸ਼ੁਰੂ ਕਰ ਦਿੱਤੀ, ਜੋ ਸਹਿਜੇ ਸਹਿਜੇ ਵੀਹਵੀਂ ਸਦੀ ਤੱਕ ਗੁਰਮਤਿ ਸਿਧਾਂਤਾਂ ਦੀ ਸੂਝ ਤੋਂ ਕੋਰੇ ਤੇ ਸੁਆਰਥੀ ਸਿੱਖ ਆਗੂਆਂ ਦੀ ਬਦੌਲਤ ਗੁਰਮਰਯਾਦਾ ਦੇ ਰੂਪ ਵਿੱਚ ਪੱਕੀ ਹੋ ਗਈ। ਕਿਉਂਕਿ, ਖ਼ਾਲਸਾ ਪੰਥ ਤਾਂ ਉਸ ਵੇਲੇ ਜੰਗਲਾਂ ਤੇ ਪਹਾੜਾਂ ਵਿੱਚ ਰਹਿੰਦਾ ਹਕੂਮਤ ਨਾਲ ਟੱਕਰ ਲੈ ਰਿਹਾ ਸੀ ਅਤੇ ਘੋੜਿਆਂ ਦੀ ਕਾਠੀਆਂ ਉਨ੍ਹਾਂ ਦੇ ਘਰ ਬਣ ਚੁੱਕੇ ਸਨ। ਪਰ, ਸੰਨ 1790 ਵਿੱਚ ਉਦਾਸੀਆਂ ਦੀ ਸਾਜਿਸ਼ ਦਾ ਸ਼ਿਕਾਰ ਹੋ ਕੇ ਕੇਂਦਰੀ ਅਸਥਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਮੁਖ ਗ੍ਰੰਥੀ ਗਿਆਨੀ ਸੰਤ ਸਿੰਘ ਜੀ ਹੁਰਾਂ ਵਲੋਂ ਜਦੋਂ ਉਥੇ ਕੱਤਕ ਦੀ ਪੂਰਨਮਾਸ਼ੀ ਨੂੰ ਗੁਰਪੁਰਬ ਮਨਾਉਣਾ ਸ਼ੁਰੂ ਕਰ ਦਿੱਤਾ ਤਾਂ ਬਿਪਰਵਾਦੀ ਲਿਖਾਰੀਆਂ ਨੇ ਪੂਰਨਮਾਸ਼ੀ ਦਾ ਹੋਰ ਵੀ ਜ਼ੋਰ ਨਾਲ ਇਹ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ

ਭਾਈ ਬਾਲੇ ਵਾਲੀ ਜਨਮ ਸਾਖ ਨੂੰ ਮਸ਼ਹੂਰ ਕੀਤਾ, ਗਿਆਨੀ ਸੰਤ ਸਿੰਘ ਜੀ ਦੇ ਸ਼ਗਿਰਦ ਚੂੜਾਮਣਿ ਕਵੀ ਭਾਈ ਸੰਤੋਖ ਸਿੰਘ ਜੀ ਲਿਖਤਨਾਨਕ ਪ੍ਰਕਾਸ਼ ਨੇ, ਜਿਸ ਦੀ ਕਵਿਤਾ ਵਿੱਚ ਹੂ-ਬਹੂ ਜਨਮ ਸਾਖੀ ਨੂੰ ਹੀ ਰੂਪਾਂਤਰ ਕੀਤਾ ਗਿਆ ਸੀ। ਕਿਉਂਕਿ, ਜਦੋਂ ਇਹ ਕਥਾ ਗੁਰਦੁਆਰਿਆਂ ਵਿੱਚ ਸ਼ੁਰੂ ਹੋ ਗਈ ਤਾਂ ਜਨਮ ਸਾਖੀ ਦੇ ਵਾਰਤਕ ਸਰੂਪ ਦੀ ਮੰਗ ਵਧਣ ਕਰਕੇ ਵਖ-ਵਖ ਪ੍ਰਕਾਸ਼ਕਾਂ ਵਲੋਂ ਇਹ ਜਨਮ ਸਾਖੀ ਸਭ ਤੋਂ ਵਧੇਰੇ ਛਾਪੀ ਗਈ। ਗਿਆਨੀ ਗਿਆਨ ਸਿੰਘ ਜੀ ਦੀਆਂ ਲਿਖਤਾਂਸ੍ਰੀ ਗੁਰੂ ਪੰਥ ਪ੍ਰਕਾਸ਼ ਤੇਤਵਾਰੀਖ਼ ਗੁਰੂ-ਖ਼ਾਲਸਾ ਨੇ ਵੀ ਕੱਤਕ ਪੂਰਨਮਾਸ਼ੀ ਨੂੰ ਹੀ ਉਭਾਰਿਆ। ਇਸ ਪ੍ਰਕਾਰ ਦੇ ਪ੍ਰਚਾਰ ਪ੍ਰਭਾਵ ਅਧੀਨ ਸਭ ਥਾਈਂ ਕਤਕ ਦੀ ਪੂਰਨਮਾਸ਼ੀ ਸ੍ਰੀ ਗੁਰ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਵਜੋਂ ਮਨਾਈ ਜਾਣ ਲੱਗੀ। ਪਰ ਗੁਰਦੁਆਰਾ ਸੁਧਾਰ ਲਹਿਰ ਸਦਕਾ ਗੁਰਧਾਮਾਂ ਦੀ ਸੇਵਾ-ਸੰਭਾਲ ਜਦੋਂ ਤੋਂ ਮੁੜ ਖ਼ਾਲਸਾ ਪੰਥ ਨੇ ਸੰਭਾਲੀ ਤਾਂ ਗੁਰਪੁਰਬ ਦਿਹਾੜਾ ਤਾਂ ਪ੍ਰਚਲਿਤ ਹੋਣ ਕਰਕੇ ਭਾਵੇਂ ਕੱਤਕ ਦੀ ਪੂਰਨਮਾਸ਼ੀ ਚਲਦਾ ਰਿਹਾ। ਪਰ, ਗੁਰਦੁਆਰਿਆਂ ਵਿੱਚ ਬਾਬਾ ਸ੍ਰੀ ਚੰਦ ਜੀ ਦੀ ਚਰਚਾ ਬਿਲਕੁਲ ਬੰਦ ਹੋ ਗਈ

ਅਜਿਹਾ ਹੋਣ `ਤੇ ਉਦਾਸੀ ਚਿੰਤਤ ਹੋਏ ਅਤੇ ਉਨ੍ਹਾਂ ਸੋਚਿਆ ਕਿ ਜੇਕਰ ਸਾਡੇ ਮੁਖੀ ਬਾਬਾ ਸ੍ਰੀ ਚੰਦ ਜੀ ਦੀ ਚਰਚਾ ਨਾ ਹੋਈ ਤਾਂ ਸਹਿਜੇ ਸਹਿਜੇ ਸਿੱਖ ਸੰਗਤਾਂ ਅੰਦਰੋਂ ਉਨ੍ਹਾਂ ਦੀ ਹੋਂਦ ਦਾ ਅਹਿਸਾਸ ਹੀ ਜਾਂਦਾ ਰਹੇਗਾ। ਇਸ ਲਈ ਬਾਬਾ ਜੀ ਦੀ ਹੋਂਦ ਦੀ ਸਲਾਮਤੀ ਹਿੱਤ ਉਨ੍ਹਾਂ ਨੇ ਮੁੜ ਭਾਦੋਂ ਸੁਦੀ 9 ਨੂੰ ਵਖਰੇ ਤੌਰ ਤੇ ਜਨਮ ਦਿਹਾੜਾ ਮਨਾਉਣਾਂ ਸ਼ੁਰੂ ਕਰ ਦਿੱਤਾ। ਹੁਣ ਤਾਂ ਪੰਜਾਬ ਸਰਕਾਰ ਪਾਸੋਂ ਇਸ ਦਿਹਾੜੇ ਦੀ ਛੁੱਟੀ ਵੀ ਪ੍ਰਵਾਨ ਕਰਵਾ ਲਈ ਹੈ, ਜਿਸ ਨਾਲ ਉਨ੍ਹਾਂ ਦਾ ਜਨਮ ਸਰਕਾਰੀ ਰਿਕਾਰਡ ਤੇ ਅੰਕਤ ਹੋ ਗਿਆ। ਕਿਉਂਕਿ, 20ਵੀਂ ਸਦੀ ਦੇ ਮੁਢਲੇ ਦੌਰ ਦੇ ਕੁੱਝ ਲੇਖਕਾਂ ਵਲੋਂ ਬਾਬਾ ਜੀ ਦਾ ਜਨਮ ਦਿਹਾੜਾ ਭਾਦੋਂ ਸੁਦੀ 9 ਤੇ ਸਾਵਣ ਦੀ ਪੰਜ ਵੀ ਲਿਖਿਆ ਹੋਇਆ ਸੀ। ਜਾਪਦਾ ਹੈ ਕਿ ਗੁਰਪ੍ਰਣਾਲੀਆਂ ਦੀ ਅਜਿਹੀਆਂ ਲਿਖਤਾਂ ਵਿੱਚ ਇਹ ਤਬਦੀਲੀ ਤਦੋਂ ਹੀ ਸ਼ੁਰੂ ਹੋਈ, ਜਦੋਂ ਉਦਾਸੀਆਂ ਨੇ ਆਪਣੀ ਅਸਫਲਤਾ ਨੂੰ ਧਿਆਨ ਵਿੱਚ ਰਖਦਿਆਂ ਬਾਬਾ ਜੀ ਦਾ ਜਨਮ ਦਿਹਾੜਾ ਵਖਰੇ ਤੌਰ ਤੇ ਮਨਾਉਣ ਸਬੰਧੀ ਵਿਚਾਰਾਂ ਸ਼ੁਰੂ ਕਰ ਦਿਤੀਆਂ ਹੋਣਗੀਆਂ

ਸੋ, ਸਾਰੀ ਵਿਚਾਰ ਦਾ ਸਾਰੰਸ਼ ਇਹ ਹੈ ਕਿ ਵੀਹਵੀਂ ਸਦੀ ਦੇ ਮੁਢਲੇ ਦੌਰ ਦੀ ਪੰਥਕ ਚੇਤਨਾ ਵਿਚੋਂ ਉਪਜੀ ਗੁਰਦੁਆਰਾ ਸੁਧਾਰ ਲਹਿਰ ਤੇ ਸਿੰਘ ਸਭਾ ਲਹਿਰ ਦਾ ਸਿੱਟਾ ਹੈ ਕਿ ਉਦਾਸੀ ਸੰਪਰਦਾ ਬਾਬਾ ਸ੍ਰੀ ਚੰਦ ਨੂੰ ਸਿੱਖਾਂ ਦਾ ਗੁਰੂ ਸਥਾਪਿਤ ਕਰਨ ਵਿੱਚ ਸਫਲ ਨਹੀਂ ਹੋ ਸਕੀ। ਭਾਵੇਂ ਕਿ 18ਵੀਂ ਤੇ 19ਵੀਂ ਸਦੀ ਦੇ ਦੌਰ ਵਿਚਲੇ ਆਪਣੇ ਯਤਨਾ ਸਦਕਾ ਇਹ ਸੰਪਰਦਾ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਪੁਰਬ ਨੂੰ ਇਤਿਹਾਸਕ ਸਚਾਈ ਦੇ ਉੱਲਟ ਕਤਕ ਦੀ ਪੂਰਨਮਾਸੀ ਨੂੰ ਪ੍ਰਚਲਿਤ ਕਰਨ ਵਿੱਚ ਕਾਮਯਾਬ ਰਹੀ। ਪਰ, ਹੁਣ ਜਦੋਂ ਵਿਦਵਾਨਾਂ ਦੀ ਘਾਲਣਾ ਸਦਕਾ ਇਹ ਸਾਰਾ ਪੱਖ ਸਾਡੇ ਸਾਹਮਣੇ ਸੂਰਜ ਵੱਤ ਪ੍ਰਗਟ ਹੋ ਚੁੱਕਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਦਾ ਆਗਮਨ ਪੁਰਬ ਵੈਸਾਖ ਸੁਦੀ ਤੀਜ ਹੈ, ਕੱਤਕ ਦੀ ਪੂਰਨਮਾਸ਼ੀ ਨਹੀਂ। ਤਾਂ ਸਮੂਹ ਗੁਰਦੁਆਰਾ ਕਮੇਟੀਆਂ ਨੂੰ ਚਾਹੀਦਾ ਹੈ ਕਿ ਉਹ ਗੁਰਪੁਰਬ ਨੂੰਨਾਨਕਸ਼ਾਹੀ ਕੈਲੰਡਰਅਨਸਾਰ ਮਨਾਉਣ ਅਤੇ ਸ਼੍ਰੋਮਣੀ ਕਮੇਟੀ ਨੂੰ ਚਿੱਠੀਆਂ ਲਿਖ ਕੇ ਮਜ਼ਬੂਰ ਕਰਨ ਕਿ ਉਹ ਵੀ ਪੰਥ ਦੇ ਕੇਂਦਰੀ ਅਸਥਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਇਸ ਦਿਹਾੜੇ ਨੂੰ ਹੀ ਗੁਰਪੁਰਬ ਮਨਾਵੇ। ਕਿਉਂਕਿ, ਸ਼੍ਰੋਮਣੀ ਕਮੇਟੀ ਦਾ ਰਾਜਸੀਕਰਨ ਹੋਣ ਕਰਕੇ ਅਜੇ ਵੀ ਉਹ ਦੇਸ਼ ਵਿਦੇਸ਼ ਦੀਆਂ ਸਿੱਖ ਜਥੇਬੰਦੀਆਂ ਦੀ ਸਜਿਯੋਗੀ ਸਹਾਇਤਾ ਤੋਂ ਬਿਨ੍ਹਾਂ ਅਜਿਹੀ ਤਬਦੀਲੀ ਕਰਨ ਵਿੱਚ ਅਸਮਰਥ ਹੈ

ਭੁੱਲ-ਚੁੱਕ ਮੁਆਫ਼

ਜਗਤਾਰ ਸਿੰਘ ਜਾਚਕ,  Ludhiana (Mobile 98552 05089)


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top