“ਬਾਬਾ” ਬੇਸ਼ੱਕ ਬਹੁਤ ਹੀ ਅਪਣੱਤ ਭਰਿਆ ਲਕਬ ਹੈ, ਤੇ ਸਹਿਜ ਸੁਭਾਏ
ਵੇਖਿਆਂ ਇਸਦੀ ਵਰਤੋਂ ਉੱਤੇ ਕੋਈ ਇਤਰਾਜ਼ ਵੀ ਨਹੀਂ ਉਪਜਦਾ, ਪਰ ਲੋੜ ਹੈ ਚੇਤੰਨ ਹੋ ਕੇ
ਅਜਿਹੀਆਂ ਹਰਕਤਾਂ ਪਿੱਛੇ ਛੁਪੀ ਮਨਸ਼ਾ ਨੂੰ ਸਮਝਣ ਦੀ; ਕਿ ਭਲਾ ਇਸ ਸਭ ਪਿੱਛੇ ਮਨੋਰਥ ਕਿਤੇ
ਅਖੌਤੀ ਪ੍ਰੇਮ ਦੇ ਸ਼ੀਰੇ ਵਿੱਚ ਭਿਓ ਕੇ ਮੂਲ ਨਾਸ ਕਰਨ ਵਾਲਾ ਮਹੁਰਾ ਦੇਣਾ ਤਾਂ ਨਹੀਂ ?
ਗੁਰੂ ਨਹੀਂ ਰਹੇਗਾ ਤੇ ਸਿੱਖ ਦਾ ਵਜੂਦ ਵੀ ਨਹੀਂ ਬਚੇਗਾ ! ਜੇ ਸਰੀਰ
ਸਮੇਤ ਸਮੁੱਚੀ ਸ਼ਖਸੀਅਤ ਤੋਂ ਮੁਨਕਰ ਹੋਣਾ ਹੈ ਤਾਂ ਜਰਾ ਸੋਚੀਏ ਕਿ ਸ਼ਬਦ ਜਾਂ ਵਿਚਾਰ ਕਿੱਥੋਂ
ਪ੍ਰਗਟ ਹੋਇਆ ?
ਜੇ ਗੁਰੂ ਨਾਨਕ ਕੇਵਲ ਮਨੁੱਖ ਹੀ ਸਨ, ਆਮ ਮਨੁੱਖਾਂ ਵਰਗੇ, ਤਾਂ
ਜ਼ਾਹਿਰ ਹੈ ਆਮ ਮਨੁੱਖਾਂ ਵਾਂਗ ਆਮ ਜਿਹੀਆਂ ਗਲਤੀਆਂ ਵੀ ਕਰਦੇ ਸਨ ਤਾਂ ਫੇਰ ਸੋਚੀਏ ਉਹਨਾਂ
ਦੇ ਵਿਚਾਰ ਵੀ ਤਾਂ ਆਮ ਮਨੁੱਖਾਂ ਦੇ ਵਿਚਾਰਾਂ ਵਾਂਗ ਆਮ ਜਿਹੀਆਂ ਗਲਤੀਆਂ ਤੇ ਭੁਲੇਖਿਆਂ ਦੇ
ਸ਼ਿਕਾਰ ਹੋਣਗੇ; ਫੇਰ ਉਹਨਾਂ ਦੀ ਵਿਚਾਰ ਸਰੂਪ ਸ਼ਬਦ ਜਾਂ ਸਦੀਵੀ "ਗੁਰੂ" ਆਖੀ ਜਾਂਦੀ ਬਾਣੀ
ਨੂੰ ਨਿਰੰਕਾਰੀ ਜਾਂ ਗੁਰੂ ਮੰਨਣ ਦਾ ਸੰਕਲਪ ਹੀ ਟੁੱਟ ਗਿਆ, ਮਤਲਬ ਗੁਰੂ ਹੀ ਪੂਰੀ ਤਰ੍ਹਾਂ
ਖਤਮ ਹੋ ਗਿਆ; ਤੇ ਸਿੱਖ ਪੰਥ ਦਾ ਤਾਂ ਪੂਰਾ ਦੇ ਪੂਰਾ ਵਜੂਦ ਹੀ ਗੁਰੂ ਗ੍ਰੰਥ ਸਾਹਿਬ ਦੀ
ਬਾਣੀ ਦੀ ਸਦੀਵਤਾ 'ਤੇ ਟਿਕਿਆ ਹੈ, ਸੋ ਭਾਵ ਇੱਕੋ ਨਿਕਲਦਾ ਹੈ, ਭਾਵੇਂ ਭਗਵਿਆਂ ਵਲੋਂ ਜਾਂ
ਫੇਰ ਲਾਲ ਝੰਡੇ ਵਾਲਿਆਂ ਵਲੋਂ, ਆਖਿਰ ਸਿੱਖ ਨਿਗਲਿਆ ਹੀ ਗਿਆ !