Share on Facebook

Main News Page

ਗੁਰੂ ਨਾਨਕ ਦਾ ਜੀਵਨ ਭਾਈ ਬਾਲੇ ਦੀਆਂ ਸਾਖੀਆਂ ’ਚੋਂ ਨਹੀਂ, ਉਨ੍ਹਾਂ ਦੀ ਰਚੀ ਗੁਰਬਾਣੀ’ਚੋਂ ਲੱਭਣਾ ਹੈ
-
ਗੁਰਬਚਨ ਸਿੰਘ ਥਾਈਲੈਂਡ

* ਅਸੀਂ ੴ ਪੜ੍ਹਦੇ ਜਰੂਰ ਹਾਂ, ਪਰ ਅੰਦਰੋਂ ਬਾਹਰੋਂ ਇੱਕ ਹੋਣ ਦੀ ਕੋਸ਼ਿਸ਼ ਨਹੀਂ ਕਰਦੇ

ਬਠਿੰਡਾ, 28 ਨਵੰਬਰ (ਕਿਰਪਾਲ ਸਿੰਘ) : ਗੁਰੂ ਨਾਨਕ ਸਾਹਿਬ ਦਾ ਜੀਵਨ ਭਾਈ ਬਾਲੇ ਆਦਿ ਵਰਗੀਆਂ ਜਨਮ ਸਾਖੀਆਂ ’ਚੋਂ ਨਹੀਂ ਉਨ੍ਹਾਂ ਦੀਆਂ ਰਚਨਾਵਾਂ- ਜਪੁਜੀ ਸਾਹਿਬ, ਆਸਾ ਕੀ ਵਾਰ, ਸਿੱਧ ਗੋਸਟਿ ਆਦਿ ਬਾਣੀਆਂ ’ਚੋਂ ਲੱਭਣਾ ਹੈ। ਇਹ ਸ਼ਬਦ ਅੱਜ ਇੱਥੇ ਗੁਰੂ ਨਾਨਕ ਸਾਹਿਬ ਜੀ ਦੇ 544ਵੇਂ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਗੁਰਦੁਆਰਾ ਜੀਵਨ ਪ੍ਰਕਾਸ਼ ਮਾਡਲ ਟਾਊਨ ਵਿਖੇ ਗੁਰਦੁਆਰਾ ਪ੍ਰਬੰਧਕਾਂ ਤੇ ਇਲਾਕੇ ਦੀ ਸਮੂਹ ਸੰਗਤ ਦੇ ਉੱਦਮ ਸਦਕਾ ਵਿਸ਼ੇਸ਼ ਤੌਰ ’ਤੇ ਸਜਾਏ ਗਏ ਦੀਵਾਨ ਵਿੱਚ ਬੋਲਦਿਆਂ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰਿੰ: ਗੁਰਬਚਨ ਸਿੰਘ ਥਾਈਲੈਂਡ ਨੇ ਕਹੇ।

ਉਨ੍ਹਾਂ ਕਿਹਾ ਪੁਰਾਤਨ ਜਿਤਨੀਆਂ ਵੀਆਂ ਪ੍ਰਚਲਤ ਸਾਖੀਆਂ ਹਨ ਉਨ੍ਹਾਂ ਵਿੱਚ ਬਹੁਤਾਤ ਵਿੱਚ ਐਸੀਆਂ ਸਾਖੀਆਂ ਹਨ ਜਿਹੜੀਆਂ ਗੁਰਬਾਣੀ ਦੇ ਸੱਚ ਨਾਲ ਮੇਲ ਨਹੀਂ ਖਾਂਦੀਆਂ ਇਸ ਦੇ ਬਾਵਯੂਦ ਸ਼ਬਦ ਦੀ ਵੀਚਾਰ ਦੀ ਥਾਂ ਇਨ੍ਹਾਂ ਸਾਖੀਆਂ ਦੇ ਸਿਰ ’ਤੇ ਹੀ ਪ੍ਰਚਾਰ ਕੀਤਾ ਜਾ ਰਿਹਾ ਹੈ। ਇਨ੍ਹਾਂ ਸਾਖੀਆਂ ਤੋਂ ਇਲਾਵਾ ਕਈ ਹੋਰ ਸਾਖੀਆਂ ਵੀ ਘੜ੍ਹ ਕੇ ਸੁਣਾਈਆਂ ਜਾ ਰਹੀਆਂ ਹਨ, ਜਿਵੇਂ ਕਿ ਇਤਿਹਾਸਕਾਰ ਡਾ: ਹਰਜਿੰਦਰ ਸਿੰਘ ਦਿਲਗੀਰ ਦੀ ਪੁਸਤਕ ਦਾ ਹਵਾਲਾ ਦਿੰਦੇ ਹੋਏ ਪਿੰ: ਗੁਰਬਚਨ ਸਿੰਘ ਨੇ ਕਿਹਾ ਗੁਰੂ ਨਾਨਕ ਸਾਹਿਬ ਜੀ ਦੇ ਸਿਰ ’ਤੇ ਸੱਪ ਵੱਲੋਂ ਛਾਂ ਕੀਤੀ ਜਾਣ ਵਾਲੀ ਸਾਖੀ ਕਿਸੇ ਵੀ ਜਨਮ ਸਾਖੀ ਵਿੱਚ ਮੌਜੂਦ ਨਹੀਂ ਹੈ ਪਰ ਇਸ ਦੇ ਬਾਵਯੂਦ ਸਕੂਲਾਂ ਤੋਂ ਲੈ ਕੇ ਸਾਡੇ ਪ੍ਰਚਾਰਕਾਂ ਤੱਕ ਇਹ ਸਾਖੀ ਸੁਣਾਈ ਜਾ ਰਹੀ।

ਉਨ੍ਹਾਂ ਕਿਹਾ ਜਦੋਂ ਗੁਰਬਾਣੀ ਤੋਂ ਕੋਰੇ ਸਾਡੇ ਸਾਖੀਕਾਰ ਵੇਖਦੇ ਹਨ ਕਿ ਮੂਰਤੀਆਂ ਤੇ ਤਸ਼ਵੀਰਾਂ ਵਿੱਚ ਸ਼ਿਵ ਜੀ ਦੇ ਗਲ਼ ਵਿੱਚ ਸੱਪ ਨੇ ਲਪੇਟਾ ਮਾਰਿਆ ਹੋਇਆ ਹੈ ਪਰ ਉਸ ਨੂੰ ਡੰਗ ਨਹੀਂ ਮਾਰਦਾ; ਮਹਾਤਮਾ ਬੁੱਧ ਨਾਲ ਵੀ ਇੱਕ ਐਸੀ ਸਾਖੀ ਪ੍ਰਚੱਲਤ ਹੈ ਕਿ ਉਨ੍ਹਾਂ ਦੇ ਸਿਰ ’ਤੇ ਸੱਪ ਨੇ ਛਾਂ ਕੀਤੀ ਸੀ; ਤਾਂ ਉਹ ਸੋਚਦੇ ਹਨ ਕਿ ਸਾਡੇ ਗੁਰੂ ਨਾਨਕ ਸਾਹਿਬ ਜੀ ਕਿਹੜਾ ਇਨ੍ਹਾਂ ਤੋਂ ਘੱਟ ਹਨ, ਇਸ ਲਈ ਉਨ੍ਹਾਂ ਨਾਲ ਵੀ ਅਜਿਹੀ ਮਨਘੜਤ ਸਾਖੀ ਜੋੜ ਦਿੱਤੀ ਤੇ (ਬਿਨਾਂ ਕੁਝ ਸੋਚਿਆਂ ਕਿ ਜੇ ਸੱਪ ਨੇ ਛਾਂ ਕਰ ਵੀ ਦਿੱਤੀ ਹੋਵੇ ਤਾਂ ਵੀ ਇਸ ਸਾਖੀ ਤੋਂ ਆਮ ਸਿੱਖ ਆਪਣੇ ਜੀਵਨ ’ਚ ਕੀ ਸੇਧ ਲੈ ਸਕਦਾ ਹੈ) ਸਕੂਲਾਂ ਦੇ ਪਾਠਕ੍ਰਮ ਵਿੱਚ ਦਰਜ ਹੋਣ ਤੋਂ ਇਲਾਵਾ ਬਹੁਤਾਤ ਗਿਣਤੀ ਵਿੱਚ ਗੁਰਦੁਆਰਿਆਂ ’ਚ ਇਹ ਸਾਖੀ ਸੁਣਾਈ ਜਾਂਦੇ ਹਨ। ਪ੍ਰਿੰਸੀਪਲ ਸਾਹਿਬ ਨੇ ਕਿਹਾ ਕਿ ਅਜਿਹੀਆਂ ਸਾਖੀਆਂ ਨੂੰ ਭਾਵ ਅਰਥਾਂ ਵਿੱਚ ਲਿਆ ਜਾਣਾ ਚਾਹੀਦਾ ਹੈ ਕਿ ਸਾਡੇ ਅੰਦਰ ਬੈਠੇ ਜਿਹੜੇ ਸੱਪ ਰੂਪੀ ਲੋਭ ਲਾਲਚ ਤੇ ਹੋਰ ਵਿਕਾਰ ਸਾਨੂੰ ਡੰਗ ਮਾਰਦੇ ਹਨ ਭਾਵ ਆਪਣੇ ਪ੍ਰਭਾਵ ਅਧੀਨ ਕਰਕੇ ਸਾਡਾ ਆਤਮਕ ਜੀਵਨ ਤਬਾਹ ਕਰਦੇ ਹਨ ਉਨ੍ਹਾਂ ਨੂੰ ਗੁਰਸ਼ਬਦ ਦੀ ਸਿਖਿਆ ਦੁਆਰਾ ਕਾਬੂ ਵਿੱਚ ਰੱਖ ਕੇ ਉਨ੍ਹਾਂ ਨੂੰ ਆਪਣੀ ਸੇਵਾ ਵਿੱਚ ਲਾਉਣਾ ਹੈ।

ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰ: 24 ’ਤੇ ਦਰਜ ‘ਸਿਰੀਰਾਗੁ ਮਹਲਾ 1 ਘਰੁ 4 ॥’ ਸਿਰਲੇਖ ਹੇਠ ਗੁਰੂ ਨਾਨਕ ਦੇਵ ਜੀ ਦੇ ਉਚਾਰਣ ਕੀਤੇ ਸ਼ਬਦ:

ਏਕੁ ਸੁਆਨੁ ਦੁਇ ਸੁਆਨੀ ਨਾਲਿ ॥ ਭਲਕੇ ਭਉਕਹਿ ਸਦਾ ਬਇਆਲਿ ॥
ਕੂੜੁ ਛੁਰਾ ਮੁਠਾ ਮੁਰਦਾਰੁ ॥ ਧਾਣਕ ਰੂਪਿ ਰਹਾ ਕਰਤਾਰ ॥1॥

ਦੀ ਕਥਾ ਕਰਦਿਆਂ ਪਿੰ: ਗੁਰਬਚਨ ਸਿੰਘ ਨੇ ਕਿਹਾ ਕਿ ਇਸ ਸ਼ਬਦ ਵਿੱਚ ਗੁਰੂ ਸਾਹਿਬ ਨੇ ਮਿਸਾਲ ਆਪਣੀ ਦਿੱਤੀ ਹੈ ਪਰ ਇਸ ਰਾਹੀਂ ਸਿੱਖਿਆ ਸਾਨੂੰ ਦਿੱਤੀ ਹੈ। ਆਤਮਕ ਜੀਵਨ ਨੂੰ ਤਬਾਹ ਕਰਨ ਵਾਲੇ ਵਿਕਾਰਾਂ ਦਾ ਇਸ ਸ਼ਬਦ ਵਿੱਚ ਜ਼ਿਕਰ ਕੀਤਾ ਹੈ ਕਿ ਲੋਭ ਰੂਪੀ ਕੁੱਤਾ, ਆਸਾ, ਤ੍ਰਿਸ਼ਨਾ ਰੂਪੀ ਦੋ ਕੁੱਤੀਆˆ ਮੇਰੇ ਅੰਦਰ ਹੀ ਬੈਠੀਆਂ ਹਨ ਜਿਹੜੀਆਂ ਕਿ ਹਰ ਰੋਜ ਸੇਵੇਰ ਤੋਂ ਹੀ ਲਾਲਚ ਪੂਰਾ ਕਰਨ ਲਈ ਭੌਂਕਦੀਆਂ ਹਨ ਭਾਵ ਪ੍ਰੇਰਿਤ ਕਰਦੀਆਂ ਹਨ ਤੇ ਇਨ੍ਹਾਂ ਦੀ ਪ੍ਰੇਰਣਾ ਸਦਕਾ ਮੈਂ ਹੱਥ ਵਿਚ ਝੂਠ ਰੂਪੀ ਛੁਰਾ ਫੜ ਰੱਖਿਆ ਹੈ ਤੇ ਹੇ ਕਰਤਾਰ! ਇਨ੍ਹਾਂ ਦੇ ਪ੍ਰਭਾਵ ਅਧੀਨ ਮੈˆ ਸਾˆਹਸੀਆˆ ਵਾਲੇ ਰੂਪ ਵਿਚ ਰਹਿੰਦਾ ਹਾ ਤੇ (ਮੇਰੇ, ਮੈਂ ਮਾਇਆ ਵਿਚ ਠੱਗਿਆ ਜਾ ਰਿਹਾ ਹਾਂ (ਤੇ ਪਰਾਇਆ ਹੱਕ) ਮੁਰਦਾਰ (ਖਾਂਦਾ ਹਾਂ) ॥1॥

ਮੈ ਪਤਿ ਕੀ ਪੰਦਿ ਨ ਕਰਣੀ ਕੀ ਕਾਰ ॥ ਹਉ ਬਿਗੜੈ ਰੂਪਿ ਰਹਾ ਬਿਕਰਾਲ ॥
ਤੇਰਾ ਏਕੁ ਨਾਮੁ ਤਾਰੇ ਸੰਸਾਰੁ ॥ ਮੈ ਏਹਾ ਆਸ ਏਹੋ ਆਧਾਰੁ ॥1॥ ਰਹਾਉ ॥

ਹੇ ਪਤਿ-ਪ੍ਰਭੂ! ਨਾਹ ਮੈਂ ਤੇਰੀ ਨਸੀਹਤ ਤੇ ਤੁਰਦਾ ਹਾਂ, ਨਾਹ ਮੇਰੀ ਕਰਣੀ ਚੰਗੀ ਹੈ, ਮੈਂ ਸਦਾ ਡਰਾਉਣੇ ਵਿਗੜੇ ਰੂਪ ਵਾਲਾ ਬਣਿਆ ਰਹਿੰਦਾ ਹਾਂ। ਮੈਨੂੰ ਹੁਣ ਸਿਰਫ਼ ਇਹੀ ਆਸ ਹੈ ਇਹੋ ਆਸਰਾ ਹੈ ਕਿ ਤੇਰਾ ਜੇਹੜਾ ਨਾਮ ਸਾਰੇ ਸੰਸਾਰ ਨੂੰ ਪਾਰ ਲੰਘਾਂਦਾ ਹੈ (ਉਹ ਮੈਨੂੰ ਭੀ ਪਾਰ ਲੰਘਾ ਲਏਗਾ) ॥1॥ ਰਹਾਉ ॥

ਮੁਖਿ ਨਿੰਦਾ ਆਖਾ ਦਿਨੁ ਰਾਤਿ ॥ ਪਰ ਘਰੁ ਜੋਹੀ ਨੀਚ ਸਨਾਤਿ ॥
ਕਾਮੁ ਕ੍ਰੋਧੁ ਤਨਿ ਵਸਹਿ ਚੰਡਾਲ ॥ ਧਾਣਕ ਰੂਪਿ ਰਹਾ ਕਰਤਾਰ ॥2॥

ਮੈਂ ਦਿਨੇ ਰਾਤ ਮੂੰਹੋਂ (ਦੂਜਿਆਂ ਦੀ) ਨਿੰਦਾ ਕਰਦਾ ਰਹਿੰਦਾ ਹਾਂ, ਮੈਂ ਨੀਚ ਤੇ ਨੀਵੇਂ ਅਸਲੇ ਵਾਲਾ ਹੋ ਗਿਆ ਹਾਂ, ਪਰਾਇਆ ਘਰ ਤੱਕਦਾ ਹਾਂ। ਮੇਰੇ ਸਰੀਰ ਵਿਚ ਕਾਮ ਤੇ ਕ੍ਰੋਧ ਚੰਡਾਲ ਵੱਸ ਰਹੇ ਹਨ, ਹੇ ਕਰਤਾਰ! ਮੈਂ ਸਾਂਹਸੀਆਂ ਵਾਲੇ ਰੂਪ ਵਿਚ ਤੁਰਿਆ ਫਿਰਦਾ ਹਾਂ ॥2॥

ਫਾਹੀ ਸੁਰਤਿ ਮਲੂਕੀ ਵੇਸੁ ॥ ਹਉ ਠਗਵਾੜਾ ਠਗੀ ਦੇਸੁ ॥
ਖਰਾ ਸਿਆਣਾ ਬਹੁਤਾ ਭਾਰੁ ॥ ਧਾਣਕ ਰੂਪਿ ਰਹਾ ਕਰਤਾਰ ॥3॥

ਮੇਰਾ ਧਿਆਨ ਇਸ ਪਾਸੇ ਰਹਿੰਦਾ ਹੈ ਕਿ ਲੋਕਾਂ ਨੂੰ ਕਿਸੇ ਠੱਗੀ ਵਿਚ ਫਸਾਵਾਂ, ਪਰ ਮੈਂ ਫ਼ਕੀਰਾਂ ਵਾਲਾ ਲਿਬਾਸ ਪਾਇਆ ਹੋਇਆ ਹੈ, ਮੈਂ ਠੱਗੀ ਦਾ ਅੱਡਾ ਬਣਿਆ ਹੋਇਆ ਹਾਂ, ਦੇਸ ਨੂੰ ਠੱਗ ਰਿਹਾ ਹਾਂ। (ਜਿਉਂ ਜਿਉਂ) ਮੈ ਬਹੁਤਾ ਸਿਆਣਾ ਬਣਦਾ ਹਾਂ ਪਾਪਾਂ ਦਾ ਹੋਰ ਹੋਰ ਭਾਰ (ਆਪਣੇ ਸਿਰ ਉੱਤੇ ਚੁੱਕਦਾ ਜਾਂਦਾ ਹਾਂ)। ਹੇ ਕਰਤਾਰ! ਮੈ ਸਾਂਹਸੀਆਂ ਵਾਲਾ ਰੂਪ ਧਾਰੀ ਬੈਠਾ ਹਾਂ ॥3॥

ਮੈ ਕੀਤਾ ਨ ਜਾਤਾ ਹਰਾਮਖੋਰੁ ॥ ਹਉ ਕਿਆ ਮੁਹੁ ਦੇਸਾ ਦੁਸਟੁ ਚੋਰੁ ॥
ਨਾਨਕੁ ਨੀਚੁ ਕਹੈ ਬੀਚਾਰੁ ॥ ਧਾਣਕ ਰੂਪਿ ਰਹਾ ਕਰਤਾਰ ॥4॥29

ਹੇ ਕਰਤਾਰ! ਮੈਂ ਤੇਰੀਆਂ ਦਾਤਾਂ ਦੀ ਕਦਰ ਨਹੀਂ ਪਛਾਣੀ, ਮੈਂ ਪਰਾਇਆ ਹੱਕ ਖਾਂਦਾ ਹਾਂ। ਮੈਂ ਵਿਕਾਰੀ ਹਾਂ, ਮੈਂ (ਤੇਰਾ) ਚੋਰ ਹਾਂ, ਤੇਰੇ ਸਾਹਮਣੇ ਮੈਂ ਕਿਸ ਮੂੰਹ ਹਾਜ਼ਰ ਹੋਵਾਂਗਾ? ਮੰਦ-ਕਰਮੀ ਨਾਨਕ ਇਹੀ ਗੱਲ ਆਖਦਾ ਹੈ-ਹੇ ਕਰਤਾਰ! ਮੈਂ ਤਾਂ ਸਾਂਹਸੀ-ਰੂਪ ਵਿਚ ਜੀਵਨ ਬਤੀਤ ਕਰ ਰਿਹਾ ਹਾਂ ॥4॥29॥

ਪ੍ਰਿੰ: ਗੁਰਬਚਨ ਸਿੰਘ ਨੇ ਕਿਹਾ ਬਿਨਾਂ ਵੀਚਾਰ ਤੋਂ ਸੈਂਕੜੇ ਪਾਠ, ਹਜਾਰਾਂ ਇਕੋਤਰੀਆਂ ਤੇ ਸਹਿਜ ਪਾਠ ਹੋ ਰਹੇ ਹਨ ਪਰ ਗੁਰਬਾਣੀ ਵਿੱਚ ਦਿੱਤੇ ਸੰਦੇਸ਼ ਨੂੰ ਸਮਝਣ ਤੋਂ ਬਿਨਾਂ ਸਾਡੇ ਜੀਵਨ ’ਚ ਕੋਈ ਤਬਦੀਲੀ ਨਹੀਂ ਆ ਰਹੀ। ਇਸ ਵੀਚਾਰ ਦੀ ਅਣਹੋਂਦ ਦਾ ਹੀ ਸਿੱਟਾ ਹੈ ਕਿ ਅਸੀਂ ੴ ਪੜ੍ਹਦੇ ਜਰੂਰ ਹਾਂ ਪਰ ਅੰਦਰੋਂ ਬਾਹਰੋਂ ਇੱਕ ਹੋਣ ਦੀ ਕੋਸ਼ਿਸ਼ ਨਹੀਂ ਕਰਦੇ। ਉਨ੍ਹਾਂ ਇੱਕ ਸਮਾਜਕ ਉਦਾਹਰਣ ਦਿੰਦੇ ਹੋਏ ਕਿਹਾ ਕਿ ਜੇ ੴ ਪੜ੍ਹਨ ਵਾਲੇ ਰਿਸ਼ਤਾ ਲੈਣ ਸਮੇਂ ਉਪਰੋਂ ਉਪਰੋਂ ਤਾਂ ਕਹਿੰਦੇ ਹਨ ਕਿ ਸਾਨੂੰ ਕੋਈ ਲਾਲਚ ਨਹੀਂ ਅਸੀਂ ਤਾਂ ਤਿੰਨਾਂ ਕਪੜਿਆਂ ਵਿੱਚ ਲੜਕੀ ਨੂੰ ਵਿਆਹ ਕੇ ਲੈ ਜਾਣਾ ਹੈ। ਪਰ ਵਿਚੋਲੇ ਨੂੰ ਪਾਸੇ ਕਰਕੇ ਪੁੱਛਦੇ ਹਨ ਕਿ ਇਹ ਗੱਡੀ ਕਿਹੜੀ ਦੇਣਗੇ, ਵਿਆਹ ਕਿੱਦਾਂ ਦਾ ਕਰਨਗੇ? ਵਿਆਹ ਉਪ੍ਰੰਤ ਸੱਸ ਕਹਿੰਦੀ ਹੈ ਕਿ ਬੇਸ਼ੱਕ ਅਸੀਂ ਤਾਂ ਨਹੀਂ ਮੰਗਿਆ ਸੀ ਪਰ ਇਨ੍ਹਾਂ ਨੂੰ ਆਪ ਤਾਂ ਸੋਚਣਾ ਹੀ ਚਾਹੀਦਾ ਸੀ ਕਿ ਅੱਜ ਕੱਲ੍ਹ ਵਿਆਹ ਕਿੱਦਾਂ ਦੇ ਹੁੰਦੇ ਹਨ, ਕੁੜੀਆਂ ਕਿਸ ਤਰ੍ਹਾਂ ਵਸਾਈਦੀਆਂ ਹਨ। ਜੇ ਸਾਡੀ ਇਹ ਸੋਚ ਹੈ ਤਾਂ ਅਸੀਂ ੴ ਪੜ੍ਹਦੇ ਹੋਏ ਵੀ ਇੱਕ ਨਹੀਂ ਹੋਏ ਤੇ ਸਾਡੇ ਅੰਦਰ ਲੋਭ ਕੁੱਤਾ, ਆਸਾ ਤ੍ਰਿਸ਼ਨਾ ਦੋ ਕੁੱਤੀਆਂ ਸਾਡੇ ਅੰਦਰ ਹਰ ਰੋਜ ਭੌਂਕ ਰਹੀਆਂ ਹਨ ਤੇ ਝੂਠ ਛੁਰੇ ਨਾਲ ਦੁਨੀਆਂ ਨੂੰ ਠੱਗ ਕੇ ਆਪਣਾ ਰੂਪ ਵਿਗਾੜਿਆ ਹੋਇਆ ਹੈ।

ਪ੍ਰਿੰ: ਗੁਰਬਚਨ ਸਿੰਘ ਨੇ ਕਿਹਾ ਕਿ ਇਸ ਸ਼ਬਦ ਵਿੱਚ ਵਰਤੇ ਗਏ ਕੁੱਤਾ, ਕੁੱਤੀਆਂ, ਛੁਰਾ ਸ਼ਬਦਾਂ ਦੇ ਜੇ ਭਾਵ ਅਰਥਾਂ ਦੀ ਬਜਾਏ ਅੱਖਰੀ ਅਰਥ ਕੀਤੇ ਜਾਣ ਤਾਂ ਐਸੇ ਕੋਈ ਕੁੱਤੇ ਕੁਤੀਆਂ ਸਾਡੇ ਅੰਦਰ ਨਹੀ ਬੈਠੇ ਤੇ ਨਾ ਹੀ ਹੱਥ ਵਿੱਚ ਹਮੇਸ਼ਾ ਛੁਰਾ ਫੜ ਕੇ ਰਖਦੇ ਹਾਂ। ਸੋ ਸਮਝਾਉਣ ਲਈ ਇਹ ਸੰਕੇਤ ਸ਼ਬਦ ਹਨ ਤੇ ਗੁਰਬਾਣੀ ਦੇ ਅਰਥ ਕਰਦੇ ਸਮੇਂ ਸਿਰਫ ਭਾਵ ਅਰਥ ਹੀ ਲੈਣੇ ਚਾਹੀਦੇ ਹਨ। ਸੱਪ ਨੂੰ ਵੀ ਇਸੇ ਅਰਥਾਂ ਵਿੱਚ ਲੈਣਾ ਚਾਹੀਦਾ ਹੈ ਨਾ ਕਿ ਇਹ ਸੱਚ ਮੰਨ ਲੈਣਾ ਚਾਹੀਦਾ ਹੈ ਕਿ ਸੱਪ ਗੁਰੂ ਨਾਨਕ ਸਾਹਿਬ ਜੀ ਦੇ ਸਿਰ ’ਤੇ ਛਾਂ ਕਰ ਕੇ ਬੈਠਾ ਸੀ। ਪ੍ਰਿੰ: ਗੁਰਬਚਨ ਸਿੰਘ ਨੇ ਕਿਹਾ ਕਿ ਵਪਾਰ ਲਈ ਦਿੱਤੇ 20 ਰਪਈਆਂ ਦਾ ਭੁੱਖੇ ਸਾਧੂਆਂ ਨੂੰ ਲੰਗਰ ਛਕਾਉਣ ਵਾਲੀ ਸਾਖੀ ਸੁਣਾਉਣ ਵੇਲੇ ਇਹ ਵੀ ਕਿਹਾ ਜਾਂਦਾ ਹੈ ਕਿ ਪਤਾ ਲੱਗਣ ’ਤੇ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਨੇ ਗੁਰੂ ਨਾਨਕ ਸਾਹਿਬ ਜੀ ਦੇ ਥੱਪੜ ਮਾਰਿਆ ਸੀ, ਪਰ ਸੋਚੋ ਇੱਕ ਸੱਪ ਨੂੰ ਤਾਂ ਪਤਾ ਲੱਗ ਗਿਆ ਕਿ ਬਾਲ ਨਾਨਕ ਕੋਈ ਰੱਬੀ ਪੁਰਸ਼ ਹੈ, ਪਰ ਉਸ ਦੇ ਪਿਤਾ ਨੂੰ ਇਹ ਸਮਝ ਨਾ ਲੱਗੀ?

 


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top