Share on Facebook

Main News Page

ਗੁਰੂ ਨਾਨਕ ਸਾਹਿਬ ਜੀ ਦਾ ਮੁੱਢਲਾ ਸਿਧਾਂਤ... ਨਾਮ ਜਪੋ, ਕਿਰਤ ਕਰੋ, ਵੰਡ ਛਕੋ !
- ਵਰਿੰਦਰ ਸਿੰਘ

ਬਾਬੇ ਨਾਨਕ ਦੀ ਸਿੱਖੀ ਦੀ ਇਹ ਤਿੰਨ ਧੁਰੇ ਹਨ ਜਿਹਨਾ ਉੱਤੇ ਸਾਰੀ ਸਿੱਖ ਫਲਾਸਫੀ ਖੜੀ ਹੈ। ਧਿਆਨ ਨਾਲ ਵਿਚਾਰਿਆ ਜਾਵੇ ਤਾਂ ਇਹ ਕੋਈ ਤਿਨ ਅਲੱਗ ਅਲੱਗ ਚੀਜਾਂ ਨਹੀਂ ਹਨ ਸਗੋਂ ਤਿਨੋ ਇਕਠੀਆਂ ਹੀ ਹਨ ਅਤੇ ਨਾਮ ਜੱਪਣ ਦੀ ਅਵਸਥਾ ਵਿਚ ਹੀ ਆਉਂਦੀਆਂ ਹਨ। ਪਰ ਅੱਜ ਦੇ ਸਾਧ ਲਾਣੇ ਨੇ ਨਾਮ ਜੱਪਣ ਦੀ ਪ੍ਰੀਭਾਸ਼ਾ ਹੀ ਬਦਲ ਦਿੱਤੀ ਹੈ ਅਤੇ ਉਸੇ ਉਤੇ ਸਾਰਾ ਜੋਰ ਦਿੱਤਾ ਹੋਇਆ ਹੈ ਕਿਉਂਕੇ ਦੁਜੇ ਦੋਵਾਂ ਤੋਂ ਇਹ ਬਾਗੀ ਹਨ। ਜੇ ਸਾਨੂੰ ਗੁਰੂ ਨਾਨਕ ਦੇ ਨਾਮ ਜੱਪਣ ਵਾਲੀ ਅਵਸਥਾ ਦੀ ਸਮਝ ਆ ਜਾਵੇ ਤਾਂ ਕਿਰਤ ਕਰੋ ਅਤੇ ਵੰਡ ਸ਼ਕੋ ਦੀ ਸਮਝ ਆਪਣੇ ਆਪ ਆ ਜਾਵੇਗੀ। ਆਓ ਇਹਨਾ ਤਿੰਨਾ ਨੂੰ ਗੁਰਬਾਣੀ ਦੀ ਸੇਧ ਵਿੱਚ ਵਿਚਾਰਨ ਦਾ ਜਤਨ ਕਰੀਏ।

ਨਾਮ ਜਪਣਾ:

- ਨਾਮ ਜਪੋ ਨੂੰ ਸਮਝਣ ਵਾਸਤੇ ਪਹਲਾਂ ਇਹ ਸਮਝਨਾ ਬਹੁਤ ਜਰੂਰੀ ਹੈ ਕੇ ਗੁਰਬਾਣੀ ਮੁਤਾਬਿਕ ਨਾਮ ਕੀ ਹੈ? ਵੈਸੇ ਤਾਂ ਨਾਮ ਉਸ ਨੂੰ ਕਿਹਾ ਜਾ ਸਕਦਾ ਹੈ ਜਿਸ ਦਾ ਸਾਰਾ ਪਸਾਰਾ ਹੈ ਅਤੇ ਜੋ ਇਸ ਸ੍ਰਿਸ਼ਟੀ ਨੂੰ ਚਲਾ ਰਿਹਾ ਹੈ, ਇਕ ਏਨਰਜੀ, ਇਕ ਨੂੰਰ, ਅਕਾਲਪੁਰਖ, ਕੁਦਰਤ, ਰਬ ਅਤੇ ਹੋਰ ਬਹੁਤ ਸਾਰੇ ਨਾਮ ਅਸੀਂ ਆਪਣੀ ਸੋਚ ਮੁਤਾਬਿਕ ਉਸ ਨੂੰ ਦੇ ਦਿੱਤੇ।

ਨਾਮ ਕੇ ਧਾਰੇ ਸਗਲੇ ਜੰਤ ॥ ਨਾਮ ਕੇ ਧਾਰੇ ਖੰਡ ਬ੍ਰਹਮੰਡ ॥ ਨਾਮ ਕੇ ਧਾਰੇ ਸਿਮ੍ਰਿਤਿ ਬੇਦ ਪੁਰਾਨ ॥ ਨਾਮ ਕੇ ਧਾਰੇ ਸੁਨਨ ਗਿਆਨ ਧਿਆਨ ॥ ਨਾਮ ਕੇ ਧਾਰੇ ਆਗਾਸ ਪਾਤਾਲ ॥ ਨਾਮ ਕੇ ਧਾਰੇ ਸਗਲ ਆਕਾਰ ॥ ਨਾਮ ਕੇ ਧਾਰੇ ਪੁਰੀਆ ਸਭ ਭਵਨ ॥

ਸਾਰਾ ਕੁਝ ਨਾਮ ਦੇ (ਅਕਾਲਪੁਰਖ) ਦੇ ਆਸਰੇ ਹੀ ਖੜਾ ਹੈ ਅਤੇ ਚੱਲ ਰਿਹਾ ਹੈ। ਆਦਿ ਬੀੜ ਦੀ ਸੰਪੂਰਨਤਾ ਤੇ ਗੁਰੂ ਅਰਜਨ ਸਾਹਿਬ ਜੀ ਨੇ ਦੋ ਸਲੋਕਾਂ ਦਾ ਸਲੋਕ ਉਚਾਰਣ ਕੀਤਾ ਹੈ, ਪਹਿਲਾ ਹੈ "ਥਾਲ ਵਿਚਿ ਤਿੰਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ ॥ ਅੰਮ੍ਰਿਤ ਨਾਮੁ ਠਾਕੁਰ ਕਾ ਪਇਓ ਜਿਸ ਕਾ ਸਭਸੁ ਅਧਾਰੋ ॥ ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਇ ਉਧਾਰੋ ॥ ਏਹ ਵਸਤੁ ਤਜੀ ਨਹ ਜਾਈ ਨਿਤ ਨਿਤ ਰਖੁ ਉਰਿ ਧਾਰੋ ॥ ਤਮ ਸੰਸਾਰੁ ਚਰਨ ਲਗਿ ਤਰੀਐ ਸਭੁ ਨਾਨਕ ਬ੍ਰਹਮ ਪਸਾਰੋ ॥੧॥" ਅਤੇ ਦੂਜਾ ਹੈ "ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗੁ ਕੀਤੋਈ ॥ ਮੈ ਨਿਰਗੁਣਿਆਰੇ ਕੋ ਗੁਣੁ ਨਾਹੀ ਆਪੇ ਤਰਸੁ ਪਇਓਈ ॥ ਤਰਸੁ ਪਇਆ ਮਿਹਰਾਮਤਿ ਹੋਈ ਸਤਿਗੁਰੁ ਸਜਣੁ ਮਿਲਿਆ ॥ ਨਾਨਕ ਨਾਮੁ ਮਿਲੈ ਤਾਂ ਜੀਵਾਂ ਤਨੁ ਮਨੁ ਥੀਵੈ ਹਰਿਆ ॥੧॥" ਇਹਨਾ ਦੋਵਾਂ ਸਲੋਕਾਂ ਨੂੰ ਧਿਆਨ ਨਾਲ ਸਮਝਣ ਤੇ ਨਾਮ ਦੀ ਪ੍ਰੀਭਾਸ਼ਾ ਆਪਣੇ ਆਪ ਸਾਫ਼ ਹੋ ਜਾਂਦੀ ਹੈ। ਗੁਰੂ ਸਾਹਿਬ ਜੀ ਗੁਰੂ ਗਰੰਥ ਸਾਹਿਬ ਜੀ ਨੂੰ ਪਹਲੀ ਪੰਗਤੀ ਵਿੱਚ ਥਾਲ ਕਹ ਰਹੇ ਹਨ ਅਤੇ ਦੂਜੀ ਵਿੱਚ ਅਮ੍ਰਿਤ ਨਾਮ। ਇਸੇ ਤਰਾਂ ਦੁਜੇ ਸਲੋਕ ਵਿਚ ਕਹ ਰਹੇ ਹਨ ਕੇ ਤੇਰੇ ਨਾਮ ਦੇ ਆਸਰੇ ਹੀ ਮੈ ਆਤਮਿਕ ਤੌਰ 'ਤੇ ਜਿਉਂਦਾ ਰਹ ਸਕਦਾ ਹਾਂ। ਹੁਣ ਵਿਚਾਰਨ ਵਾਲੀ ਗਲ ਇਹ ਹੈ ਕੇ ਜੇ ਪੂਰਾ ਗੁਰੂ ਗਰੰਥ ਸਾਹਿਬ ਹੀ ਨਾਮ ਹੈ ਤਾਂ ਕਿਵੇਂ ਜਪਿਆ ਜਾ ਸਕਦਾ ਹੈ?

ਗੁਰਬਾਣੀ ਮੁਤਾਬਿਕ ਨਾਮ ਜਪੋ ਦਾ ਮਤਲਬ ਹੈ, ਆਪਣੇ ਜੀਵਨ ਨੂੰ ਗੁਰੂ ਦੀ ਸਿਖਿਆ ਮੁਤਾਬਿਕ ਢਾਲਣਾ, ਕਰਤੇ ਦੀ ਸਿਫਤ ਸਲਾਹ ਕਰਨੀ, ਅਤੇ ਗੁਰੂ ਦੇ ਕਹੇ ਅਨੁਸਾਰ ਚਲਨਾ। ਵਾਹੇਗੁਰੂ ਵਾਹੇਗੁਰੂ ਮੰਤਰ ਦਾ ਜਾਪ ਕਰਨਾ (ਤੋਤਾ ਰਟਣ) ਸਿਰਫ ਕਰਮਕਾਂਡ ਹੈ ਹੋਰ ਕੁਝ ਵੀ ਨਹੀਂ, ਗੁਰੂ ਨਾਨਕ ਸਾਹਿਬ ਜਪੁਜੀ ਵਿਚ ਫਰਮਾਉਂਦੇ ਹਨ ਕੇ “ਇਕ ਦੂ ਜੀਭੌ ਲਖ ਹੋਹਿ ਲਖ ਹੋਵਹਿ ਲਖ ਹੋਵਹਿ ਲਖ ਵੀਸ” ਕੇ ਜੇ ਐਨੀ ਵਾਰ ਵੀ ਬਾਰ ਬਾਰ ਕੋਈ ਇੱਕ ਨਾਮ ਰਟਿਆ ਜਾਵੇ ਤਾਂ ਵੀ ਅਗਿਆਨੀ ਮਨੁਖ ਦੀ “ਕੂੜੀ, ਕੂੜੇ ਠੀਸ” ਹੀ ਹੈ। ਅਸਲੀ ਵਾਹ ਗੁਰੂ ਓਹੀ ਹੈ ਜੋ ਉਸ ਦੀ ਕੁਦਰਤ ਨੂੰ ਵੇਖ ਕੇ ਵਿਸਮਾਦ ਵਿੱਚ ਆਪਣੇ ਆਪ ਮੂੰਹ ਵਿਚੋਂ ਨਿਕਲੇ।

ਕਿਰਤ ਕਰੋ:

- ਕਿਰਤ ਕਰੋ ਨਾਮ ਜਪੋ ਦਾ ਹੀ ਰੂਪ ਹੈ। ਗੁਰਮਤ ਵਿੱਚ ਵੇਹਲੜਾਂ ਦੀ ਕੋਈ ਥਾਂ ਨਹੀਂ ਹੈ। ਗੁਰੂ ਨਾਨਕ ਸਾਹਿਬ ਜੀ ਵੀ ਉਦਾਸੀਆਂ ਤੋਂ ਬਾਹਦ ਕਰਤਾਰਪੁਰ ਜਮੀਨ ਲੈ ਕੇ ਆਪ ਖੇਤੀ ਕਰਦੇ ਰਹੇ। ਪਰ ਅੱਜ ਕਲ ਦੇ ਅਖੌਤੀ ਸੰਤ ਬਣਦੇ ਹੀ ਇਸ ਕਰਕੇ ਹਨ ਕੇ ਕੋਈ ਕਮ ਨਾ ਕਰਨਾ ਪਵੇ। ਆਪ ਵੀ ਵੇਹਲੜ ਤੇ ਨਾਲ ਦੇ ਚੇਲੇ ਚਪਟੇ ਵੀ ਵੇਹਲੜ ਪਰ ਕਿਰਤ ਕਰਨ ਵਾਲਿਆਂ ਦੇ ਪੈਸੇ ਲੁੱਟ ਲੁੱਟ ਕੇ ਮਹਲ ਖੜੇ ਕਰ ਲਏ। ਆਸਾ ਦੀ ਵਾਰ ਵਿੱਚ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਕੇ “ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ ॥“ ਆਪਣਾ ਕੰਮ ਇਮਾਨਦਾਰੀ ਨਾਲ ਕਰਨਾ ਹੀ ਨਾਮ ਜਪਣਾ ਹੈ ਅਤੇ ਆਪਣੇ ਗੁਰੂ ਦੇ ਹੁਕਮ ਤੇ ਚੱਲਣਾ ਹੈ।

ਵੰਡ ਛਕੋ:-

- ਗੁਰੂ ਸਾਹਿਬ ਜੀ ਦਾ ਇਹ ਸਿਧਾਂਤ ਬਹੁਤ ਹੀ ਜਰੂਰੀ ਹੈ ਅਤੇ ਨਾਮ ਜਪਣ ਦੀ ਹੀ ਅਗਲੀ ਅਵਸਥਾ ਹੈ। ਇਮਾਨਦਾਰੀ ਨਾਲ ਕਿਰਤ ਕਰਕੇ ਦਸਵੰਦ ਕਢਣਾ ਅਤੇ ਉਸ ਦਸਵੰਦ ਨਾਲ ਕਿਸੇ ਲੋੜਵੰਦ ਦੀ ਮਦਦ ਕਰਨੀ ਹੀ ਅਸਲੀ ਵੰਡ ਕੇ ਛਕਣਾ ਹੈ। ਆਪਣੇ ਇਮਾਨਦਾਰੀ ਨਾਲ ਕਮਾਏ ਹੋਏ ਪੈਸੇ ਕਿਸੇ ਵੇਹਲੜ ਨੂੰ ਦੇਣੇ ਤਾਂ ਕੇ ਓਹ ਸਿੱਖੀ ਦਾ ਹੋਰ ਘਾਣ ਕਰ ਸਕੇ ਬਹੁਤ ਵੱਡੀ ਬੇਵਕੂਫੀ ਹੈ। ਆਪ ਖਾਨ ਤੋਂ ਪਹਿਲਾਂ ਆਪਣੇ ਗਵਾਂਡੀ ਦੇ ਘਰ ਦੇਖਣਾ ਕੇ ਖਾਣਾ ਖਾਦਾ ਹੈ ਕੇ ਨਹੀਂ ਹੀ ਅਸਲੀ ਗੁਰਮੱਤ ਹੈ। ਅੱਜ ਬਹੁਤ ਸਾਰੀਆਂ ਸੰਸਥਾ ਹਨ ਜੋ ਲੋੜਵੰਦਾਂ ਦੀ ਮਦਦ ਕਰ ਰਹੀਆਂ ਹਨ ਓਹਨਾ ਨੂੰ ਆਪਣਾ ਦਸਵੰਦ ਦੇਣਾ ਹੀ ਅਸਲੀ ਗੁਰਮੱਤ ਹੈ। "ਘਾਲਿ ਖਾਇ ਕਿਛੁ ਹਥਹੁ ਦੇਇ ॥ਨਾਨਕ ਰਾਹੁ ਪਛਾਣਹਿ ਸੇਇ ॥"

ਭੁੱਲ ਚੁੱਕ ਦੀ ਖਿਮਾ


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top