Share on Facebook

Main News Page

ਕੂੜੁ ਫਿਰੈ ਪਰਧਾਨੁ ਵੇ ਲਾਲੋ
- ਜਸਪਾਲ ਸਿੰਘ ਹੇਰਾਂ

ਗੁਰੂ ਨਾਨਕ, ਅਗਿਆਨਤਾ ਦੇ ਮਹਾਂ ਹਨੇਰੇ ਦੀ ਕੁੱਖ ਵਿੱਚੋਂ ਉੱਗਿਆ ਸੱਚ ਦੇ ਗਿਆਨ ਦਾ ਤੇਜਸਵੀ ਸੂਰਜ ਸੀ, ਜਿਸ ਦੇ ਚਹੁੰ ਕੁੰਟੀ ਪ੍ਰਕਾਸ਼ ਨੇ ਸੰਸਾਰ ਦੇ ਲੋਕਾਂ ਦੀਆਂ ਅੱਖਾਂ ਚੁੰਧਿਆ ਦਿੱਤੀਆਂ।

ਜਿਸ ਦੇ ਉਦੈ ਹੋਣ ਨਾਲ ਅੰਧ ਵਿਸ਼ਵਾਸਾਂ, ਕਰਮ-ਕਾਂਡਾਂ, ਭੇਖਾਂ-ਲਿਬਾਸਾਂ, ਧਾਰਮਿਕ-ਚਿੰਨ੍ਹਾਂ, ਨਿਰਾਰਥਕ ਪੂਜਾ-ਪਾਠਾਂ, ਫੋਕਟ ਕਰਮਾਂ ਦੀ ਅਸਲੀਅਤ ਪ੍ਰਗਟ ਹੋ ਗਈ। ਜਪਾਂ-ਤਪਾਂ, ਤੀਰਥ-ਇਸ਼ਨਾਨਾਂ, ਤੀਰਥ-ਯਾਤਰਾਵਾਂ ਦੀ ਨਿਰਾਰਥਕਤਾ, ਪੁਜਾਰੀਆਂ ਦੀਆਂ ਚਾਤਰ-ਚਤੁਰਾਈਆਂ ਅਤੇ ਮੋਮੋਠਗਣੀਆਂ ਗੱਲਾਂ, ਰਾਜਿਆਂ ਦੇ ਪਾਪਾਂ-ਕੁਕਰਮਾਂ, ਆਮ ਜਨਤਾ ਦੀ ਅਗਿਆਨਤਾ, ਕਥਿਤ ਸੂਰਮਿਆਂ (ਕਸ਼ੱਤਰੀਆਂ) ਦਾ ਗੀਦੀਪੁਣਾ ਅਤੇ ਖਹਿ-ਮਰਦੇ ਬ੍ਰਾਹਮਣ-ਮੌਲਾਣਿਆਂ ਦੇ ਕਰਮਾਂ-ਕੁਕਰਮਾਂ ਤੋਂ ਪਰਦਾ ਲੱਥ ਗਿਆ। ਸਤਿਗੁਰ ਨਾਨਕ ਦੇ ਪ੍ਰਗਟ ਹੋਣ ਨਾਲ ਦੁਨੀਆ ਤੇ ਪਸਰਿਆ ਅਗਿਆਨ ਦਾ ਹਨੇਰੇ ਦੂਰ ਹੋ ਗਿਆ।

ਅੱਜ ਉਸ ਮਹਾਨ ਰਹਿਬਰ ਅਤੇ ਸਿੱਖ ਧਰਮ ਦੇ ਬਾਨੀ ਜਗਤ ਬਾਬਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਅਵਤਾਰ ਦਿਹਾੜਾ ਹੈ, ਅਤੇ ਉਨ੍ਹਾਂ ਇਸ ਸੰਸਾਰ ‘ਤੇ ‘ਕੂੜ ਦੀ ਅਮਾਵਸ’ ਨੂੰ ਖ਼ਤਮ ਕਰਨ ਲਈ ਚੜ੍ਹੇ ਚੰਦਰਮਾ ਦਾ ਪ੍ਰਕਾਸ਼ ਦਿਵਸ ਹੈ, ਗੁਰੂ ਨਾਨਕ ਅਗਿਆਨਤਾ ਦੇ ਮਹਾਂ-ਹਨੇਰੇ ਦੀ ਕੁੱਖ ‘ਚ ਉੱਗਿਆ ਸੱਚ ਤੇ ਗਿਆਨ ਦਾ ਤੇਜਸਵੀ ਸੂਰਜ ਸੀ, ਜਿਸਨੇ ਆਪਣੇ ਚਾਨਣ ਨਾਲ ਇਸ ਦੁਨੀਆਂ ‘ਚੋਂ ਅੰਧ ਵਿਸ਼ਵਾਸਾਂ, ਕਰਮ-ਕਾਂਡਾਂ, ਭੇਖਾਂ-ਲਿਬਾਸਾਂ, ਝੂਠੇ ਧਾਰਮਿਕ ਚਿੰਨ੍ਹਾਂ, ਆਡੰਬਰਾਂ ਤੇ ਕਰਮਾਂ ਦਾ ਹਨੇਰੇ ਖ਼ਤਮ ਹੋ ਗਿਆ ਸੀ।

ਅੱਜ ਦੁਨੀਆਂ ਦੇ ਕੋਣੇ-ਕੋਣੇ ‘ਚ ਕਰੋੜਾਂ ਨਾਨਕ ਨਾਮ ਲੇਵਾ, ਉਸ ਮਹਾਨ ਗੁਰੂ ਤੇ ਜਗਤ ਬਾਬੇ ਦਾ ਗੁਰਪੁਰਬ ਸ਼ਰਧਾ ਤੇ ਚਾਅ ਨਾਲ ਮਨਾ ਰਹੇ ਹਨ, ਹਰ ਥਾਂ ਨਗਰ ਕੀਰਤਨ, ਅਖੰਡ ਪਾਠ ਤੇ ਕਥਾ ਕੀਰਤਨ ਦੇ ਸਮਾਗਮ ਹੋ ਰਹੇ ਹਨ, ਲੰਗਰ ਚੱਲ ਰਹੇ ਹਨ। ਸਿੱਖ ਗੁਰੂ ਦੀ ਯਾਦ ‘ਚ ਗੁਰੂ ਘਰ ਆਉਂਦਾ ਹੈ, ਕੁਝ ਪਲ ਕਥਾ-ਕੀਰਤਨ ਸੁਣਕੇ ਅਤੇ ਲੰਗਰ ਛੱਕ ਵਾਪਸ ਮੁੜ ਜਾਂਦਾ ਹੈ, ਪ੍ਰੰਤੂ ਜਿਸ ‘ਨਿਰਮਲੇ ਪੰਥ’ ਨੂੰ ਗੁਰੂ ਸਾਹਿਬ ਨੇ ਇਕ ਮਹਾਨ ਕ੍ਰਾਂਤੀਕਾਰੀ ਪੰਥ ਦੇ ਰੂਪ ‘ਚ ਸਾਜਿਆ ਸੀ ਉਸਦਾ ਕੀ ਮਿਸ਼ਨ ਸੀ ਅਤੇ ਜਿਸ ਮਾਰਗ ‘ਤੇ ਗੁਰੂ ਸਾਹਿਬ ਨੇ ਸਾਨੂੰ ਤੋਰਿਆ ਸੀ, ਉਸ ਰਾਹ ਤੋਂ ਅਸੀਂ ਕਿੰਨਾ ਕੁ ਭਟਕ ਗਏ ਹਾਂ, ਇਸਦੀ ਪੜਚੋਲ ਕਰਨ ਦਾ ਕਿਸੇ ਪਾਸ ਸਮਾਂ ਨਹੀਂ ਹੈ।

ਕਿਰਤ ਕਰੋ, ਨਾਮ-ਜਪੋ, ਵੰਡ ਛਕੋ ਦੇ ਮਹਾਨ ਸਿਧਾਂਤ, ਵਹਿਮਾਂ-ਭਰਮਾਂ ਤੇ ਫੋਕਟ ਕਰਮਾਂ ਤੋਂ ਛੁਟਕਾਰਾ ਅਤੇ ਬੇਇਨਸਾਫ਼ੀ, ਜ਼ੁਲਮ, ਊਚ-ਨੀਚ ਤੇ ਜਾਤ-ਪਾਤ ਵਿਰੁੱਧ ਆਵਾਜ਼ ਬੁਲੰਦ ਕਰਨ ਲਈ, ਗੁਰੂ ਨਾਨਕ ਸਾਹਿਬ ਨੇ ਇਸ ਮਹਾਨ ਪੰਥ ਦੀ ਬੁਨਿਆਦ ਰੱਖੀ ਸੀ। ਗੁਰੂ ਸਾਹਿਬ ਨੇ ਉਸ ਸਮੇਂ ਦੇ ਬ੍ਰਾਹਮਣ ਦੀ ਸਰਦਾਰੀ ਨੂੰ ਖੁੱਲ੍ਹਾ ਚੈਲਿੰਜ ਕੀਤਾ ਸੀ ਅਤੇ ਪਾਖੰਡੀ ਧਾਰਮਿਕ ਆਗੂਆਂ ਦੀ ਪੋਲ ਖੋਲ੍ਹੀ ਸੀ। ਸੱਚਾ-ਸੁੱਚਾ ਤੇ ਸਾਦ-ਮੁਰਾਦਾ ਜੀਵਨ ਜਿਊਣ ਦੀ ਜੁਗਤ ਦੱਸੀ ਸੀ।

ਪ੍ਰੰਤੂ ਅੱਜ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦਾ 544ਵਾਂ ਅਵਤਾਰ ਦਿਹਾੜਾ ਮਨਾ ਰਹੇ ਹਾਂ ਤਾਂ ਗੁਰੂ ਸਾਹਿਬ ਵੱਲੋਂ ਦਰਸਾਏ ਮਾਰਗ ਤੋਂ ਪੂਰੀ ਤਰ੍ਹਾਂ ਥਿੜਕੇ ਹੀ ਨਹੀਂ ਸਗੋਂ, ਕੁਰਾਹੇ ਵੀ ਪੈ ਚੁੱਕੇ ਹਾਂ। ਅਵਤਾਰ ਦਿਹਾੜਿਆਂ ਵਾਲੇ ਦਿਨ, ਬਾਹਰੀ ਖੁਸ਼ੀਆਂ ਤਾਂ ਭਾਵੇਂ ਅਸੀਂ ਲੱਖਾਂ ਮਨਾ ਲਈਏ, ਪ੍ਰੰਤੁ ਗੁਰੂ ਦੀ ਖੁਸ਼ੀ ਪ੍ਰਾਪਤ ਕਰਨ ਦਾ ਇਕ ਵੀ ਯਤਨ ਕਰਨ ਦੇ ਸਮਰੱਥ ਨਹੀਂ ਰਹੇ। ਜਿਨ੍ਹਾਂ ਫੋਕਟ ਕਰਮਾਂ ਤੇ ਵਹਿਮਾਂ-ਭਰਮਾਂ ‘ਚੋਂ ਗੁਰੂ ਸਾਹਿਬ ਨੇ ਸਾਨੂੰ ਕੱਢਿਆ ਸੀ, ਅੱਜ ਉਹ ਫਿਰ ਕੂੜ ਪ੍ਰਧਾਨ ਹੋ ਗਿਆ ਹੈ। ਜਿਨ੍ਹਾਂ ਸੱਜਣ ਠੱਗਾਂ ਨੂੰ ਗੁਰੂ ਸਾਹਿਬਾਨ ਨੇ ਸੱਚ ਦੇ ਪਾਂਧੀ ਬਣਾਇਆ ਸੀ ਉਸ ਅੱਜ ਫਿਰ ਮੁੜ ਤੋਂ ਠੱਗੀ-ਠੋਰੀ ਦੇ ਰਾਹ ਤੁਰ ਪਏ ਹਨ।

ਅੱਜ ਦਾ ਸਿੱਖ ਪਦਾਰਥਵਾਦ ਦਾ ਪੁਤਲਾ ਬਣ ਕੇ ਰਹਿ ਗਿਆ ਹੈ। ਸਿੱਖਾਂ ‘ਚ ਵਹਿਮ-ਭਰਮ, ਜਾਤ-ਪਾਤ, ਊਚ-ਨੀਚ, ਵਰਤ, ਵਿਤਕਰਾ ਅੱਜ ਫਿਰ ਉਸੇ ਰੂਪ ‘ਚ ਦੇਖਿਆ ਜਾ ਸਕਦਾ ਹੈ, ਜਿਹੜਾ ਗੁਰੂ ਸਾਹਿਬ ਦੇ ਅਵਤਾਰ ਸਮੇਂ ਸੀ। ਜਿਸ ਹਨੇਰੇ ਨੂੰ ਗੁਰੂ ਸਾਹਿਬ ਦੇ ਦੂਰ ਕੀਤਾ ਅਤੇ ਜਿਸ ਕੂੜ ਦੇ ਪਸਾਰੇ ਨੂੰ ਸੱਚ ਦੇ ਹੋਕੇ ਨਾਲ ਖ਼ਤਮ ਕੀਤਾ ਸੀ, ਅੱਜ ਉਹ ਕੂੜ ਫਿਰ ਤੋਂ ਪ੍ਰਧਾਨ ਹੋ ਗਿਆ ਹੈ, ਪ੍ਰੰਤੂ ਕੋਈ ਲਾਲੋ ਇਸ ਕੂੜ ਨੂੰ ਦੂਰ ਕਰਨ ਲਈ ਗੁਰੂ ਸਾਹਿਬ ਦੀ ਸੱਚੀ ਬਾਣੀ ਦਾ ਹੋਕਾ ਦੇਣ ਲਈ ਅੱਗੇ ਆਉਂਦਾ ਵਿਖਾਈ ਨਹੀਂ ਦੇ ਰਿਹਾ, ਫਿਰ ਅੱਜ ਦੇ ਦਿਨ ਅਸੀਂ ਆਪਣੇ ਉਸ ਮਹਾਨ ਗੁਰੂ ਨੂੰ ਕੀ ਭੇਂਟ ਕਰਾਂਗੇ, ਇਹ ਹਰ ਸਿੱਖ ਨੂੰ ਆਪਣੇ ਦਿਲ ਤੇ ਹੱਥ ਰੱਖ ਕੇ ਇਕ ਵਾਰ ਜ਼ਰੂਰ ਸੋਚਣਾ ਚਾਹੀਦਾ ਹੈ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top