Share on Facebook

Main News Page

ਬ੍ਰਾਹਮਣ ਸਭਾ ਦੀ ਇਸ ਯਾਤਰਾ ਦਾ ਮਕਸਦ ਰਿਣ ਉਤਾਰਨ ਦਾ ਯਤਨ ਨਹੀਂ, ਬਲਕਿ ਆਰ.ਐੱਸ.ਐੱਸ ਦੇ ਇਸ਼ਾਰੇ ’ਤੇ ਆਪਣੇ ਭਾਈਵਾਲ ਬਾਦਲ ਨੂੰ ਸਿਆਸੀ ਲਾਭ ਪਹੁੰਚਾਉਣਾ ਹੈ

- ਸਾਡੀ ਯਾਤਰਾ ਨਾ ਨੋਟ ਲਈ ਸੀ, ਨਾ ਵੋਟ ਲਈ ਸੀ, ਇਹ ਤਾਂ ਕੇਵਲ ਸਤਿਗੁਰਾਂ ਦੀ ਓਟ ਲਈ ਸੀ: ਸਰਵ ਕਲਿਆਣ ਬ੍ਰਾਹਮਣ ਸੰਮਤੀ
- ਬ੍ਰਾਹਮਣ ਸਭਾ ਪੰਜਾਬ ਪੰਜਾਬ ਦੇ ਪ੍ਰਧਾਨ ਵੱਲੋਂ ਦਿੱਲੀ ਕਮੇਟੀ ਸਬੰਧੀ ਦਿੱਤੇ ਅਣਸੁਖਾਵੇਂ ਬਿਆਨਾਂ ਨਾਲ ਅਸਹਿਮਤੀ ਪ੍ਰਗਟਾਉਂਦੇ ਹੋਏ ਕਿਹਾ ਕਿ ਦਿੱਲੀ ਕਮੇਟੀ ਸਮੇਤ ‘ਰਿਣ ਉਤਾਰਨ ਯਤਨ ਯਾਤਰਾ’ ਦਾ ਸਹਿਯੋਗ ਅਤੇ ਸਵਾਗਤ ਕਰਨ ਵਾਲੇ ਸਾਰਿਆਂ ਦੇ ਹੀ ਤਹਿ ਦਿਲੋਂ ਸ਼ੁਕਰਗੁਜਾਰ ਹਾਂ: ਸੁਰਿੰਦਰਪਾਲ ਸ਼ਰਮਾ
- ਤੁਸੀਂ ਤਾਂ ਹੋਰ ਹੀ ਪਾਸੇ ਤੁਰ ਪਏ, ਸਾਡੀ ਯਾਤਰਾ ਦਾ ਮਕਸਦ ਘੱਟ ਗਿਣਤੀਆਂ ਨਾਲ ਹੋ ਰਹੇ ਧੱਕੇ ਵਿਰੁਧ ਸਿਆਸੀ ਬਿਆਨ ਦੇਣਾ ਨਹੀਂ ਸੀ
- ਯਾਤਰਾ ਦੀ ਮੁਖ ਅਯੋਜਕ ਬ੍ਰਾਹਮਣ ਸਭਾ ਪੰਜਾਬ ਸੀ ਤੇ ਬਾਕੀ ਸਾਰੀਆਂ ਜਥੇਬੰਦੀਆਂ ਇਸ ਮੁਖ ਸੰਸਥਾ ਦੀਆਂ ਬਰਾਂਚਾਂ ਹਨ। ਸੁਰਿੰਦਰਪਾਲ ਸ਼ਰਮਾ ਨੂੰ ਅਹੁਦੇ ਤੋਂ ਵੱਖ ਕਰ ਦਿੱਤਾ ਜਾਵੇਗਾ: ਦੇਵੀ ਦਿਆਲ ਪ੍ਰਾਸ਼ਰ

ਬਠਿੰਡਾ, 26 ਨਵੰਬਰ (ਕਿਰਪਾਲ ਸਿੰਘ) : ਸਾਡੀ ਯਾਤਰਾ ਨਾ ਨੋਟ ਲਈ ਸੀ, ਨਾ ਵੋਟ ਲਈ ਸੀ, ਇਹ ਤਾਂ ਕੇਵਲ ਸਤਿਗੁਰਾਂ ਦੀ ਓਟ ਲਈ ਸੀ। ਇਹ ਸ਼ਬਦ ਸਰਵ ਕਲਿਆਣ ਬ੍ਰਾਹਮਣ ਸੰਮਤੀ (ਰਜਿ:) ਬਠਿੰਡਾ ਦੇ ਪ੍ਰਧਾਨ ਸੁਰਿੰਦਰਪਾਲ ਸ਼ਰਮਾ ਐਡਵੋਕੇਟ ਨੇ, ਸੰਮਤੀ ਦੇ ਆਗੂ ਮੇਘ ਨਾਥ ਸ਼ਰਮਾ, ਚਰਨ ਦਾਸ ਵਸ਼ਿਸ਼ਟ, ਵਿਪਨ ਕੁਮਾਰ; ਮਾਲਵਾ ਪ੍ਰਾਂਤ ਬ੍ਰਾਹਮਣ ਸਭਾ ਦੇ ਪ੍ਰਧਾਨ ਸੋਮਜੀਤ ਪਾਲ ਸ਼ਰਮਾ, ਸਕੱਤਰ ਪਿਆਰਾ ਲਾਲ ਅਤੇ ਹੋਰ ਆਗੂਆਂ ਦੀ ਹਾਜਰੀ ਵਿੱਚ ਅੱਜ ਇੱਥੇ ਉਨ੍ਹਾਂ ਵੱਲੋਂ ਸੱਦੀ ਗਈ ਵਿਸ਼ੇਸ਼ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਹੇ। ਉਨ੍ਹਾਂ ਕਿਹਾ ਸ਼੍ਰੋਮਣੀ ਅਕਾਲੀ ਦਲ ਬਾਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ, ਵਿਸ਼ੇਸ਼ ਤੌਰ ’ਤੇ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ, ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਤਰਲੋਚਨ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ, ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ, ਹਰਿਆਣਾ ਵਿਧਾਨ ਸਭਾ ਦੇ ਸਪੀਕਰ ਕੁਲਦੀਪ ਸ਼ਰਮਾ, ਵਿਧਾਇਕ ਵਿਨੋਦ ਸ਼ਰਮਾ, ਬ੍ਰਾਹਮਣ ਸਭਾ ਹਰਿਆਣਾ ਦੇ ਪਵਨ ਕੁਮਾਰ ਸ਼ਰਮਾ, ਬਾਦਲ ਦਲ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਕੇਂਦਰੀ ਵਿਦੇਸ਼ ਰਾਜ ਮੰਤਰੀ ਮਹਾਰਾਣੀ ਪਰਨੀਤ ਕੌਰ ਤੇ ਉਨ੍ਹਾਂ ਦੇ ਸਪੁੱਤਰ ਰਣਇੰਦਰ ਸਿੰਘ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦੇ ਹਾਂ ਜਿੰਨ੍ਹਾਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਤੇ ਸਿਰੋਪਿਆਂ ਦੀ ਬਖ਼ਸ਼ਿਸ਼ ਕਰਕੇ ਸਾਰਿਆਂ ਨੂੰ ਸਨਮਾਨਤ ਕੀਤਾ।

ਜਦੋਂ ਉਨ੍ਹਾਂ ਦਾ ਧਿਆਨ ਬ੍ਰਾਹਮਣ ਸਭਾ ਪੰਜਾਬ ਦੇ ਪ੍ਰਧਾਨ ਦੇਵੀ ਦਿਆਲ ਪ੍ਰਾਸ਼ਰ ਵੱਲੋਂ ਟੀਵੀ ਕੈਮਰੇ ਦੇ ਸਾਹਮਣੇ ਦਿੱਲੀ ਕਮੇਟੀ ’ਤੇ ਲਾਏ ਗਏ ਗੰਭੀਰ ਦੋਸ਼ਾਂ ਵੱਲ ਦਿਵਾਇਆ, ਜਿਸ ਵਿੱਚ ਉਨ੍ਹਾਂ ਦੋਸ਼ ਲਾਇਆ ਸੀ ਕਿ ਦਿਲੀ ਕਮੇਟੀਆਂ ਵਾਲਿਆਂ ਨੇ ਬ੍ਰਾਹਮਣਾਂ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਤੇ ਲੰਗਰ ਅਤਿ ਘਟੀਆ ਦਰਜੇ ਦਾ ਸੀ, ਤੇ ਅੱਧੀ ਰਾਤ ਨੂੰ ਉਨ੍ਹਾਂ ਦੀ ਰਿਹਾਇਸ਼ ਵਾਲੀ ਥਾਂ ਦੇ ਪਾਣੀ ਦਾ ਕੁਨੈਕਸ਼ਨ ਕੱਟ ਦਿੱਤਾ ਸੀ। ਸੁਰਿੰਦਰਪਾਲ ਸ਼ਰਮਾ ਸਮੇਤ ਉਥੇ ਹਾਜਰ ਸਾਰੇ ਹੀ ਆਗੂਆਂ ਨੇ ਇਸ ਦਾ ਜੋਰਦਾਰ ਖੰਡਨ ਕਰਦੇ ਹੋਏ ਕਿਹਾ ਕਿ ਉਹ ਸ਼੍ਰੀ ਪ੍ਰਾਸ਼ਰ ਦੇ ਇਸ ਅਣਸੁਖਾਵੇਂ ਬਿਆਨਾਂ ਨਾਲ ਸਹਿਮਤ ਨਹੀਂ ਹਨ ਕਿਉਂਕਿ ਉਨ੍ਹਾਂ ਨੇ ਐਸਾ ਵਿਵਹਾਰ ਬਿਲਕੁਲ ਨਹੀਂ ਵੇਖਿਆ। ਸਾਰੇ ਹੀ ਆਗੂਆਂ ਨੇ ਇੱਕ ਜਬਾਨ ਵਿੱਚ ਆਖਿਆ ਕਿ ਬੇਸ਼ੱਕ ਕਿਸੇ ਵੀ ਗੁਰਦੁਆਰੇ ਵਿੱਚ 5000 ਵਿਅਕਤੀਆਂ ਦੇ ਠਹਿਰਣ ਦਾ ਪ੍ਰਬੰਧ ਕਰਨਾ ਸੰਭਵ ਨਹੀਂ ਹੈ ਇਸ ਦੇ ਬਾਵਯੂਦ ਦਿੱਲੀ ਕਮੇਟੀ ਨੇ ਬਹੁਤ ਹੀ ਸ਼ਾਲਘਾਯੋਗ ਪ੍ਰਬੰਧ ਕੀਤਾ, ਵਿਸ਼ੇਸ਼ ਤੌਰ ’ਤੇ ਟੈਂਟ ਲਾਏ ਗਏ ਲੰਗਰ ਹਾਲ ਵਿਹਲੇ ਕਰ ਕੇ ਸਾਡੇ ਠਹਿਰਨ ਲਈ ਦਿੱਤੇ ਤੇ ਲੰਗਰ ਸੜਕ ਤੇ ਟੈਂਟ ਲਾ ਕੇ ਉਥੇ ਤਿਆਰ ਕੀਤਾ ਗਿਆ। ਦਿੱਲੀ ਕਮੇਟੀ ਮੈਂਬਰ ਰਜਿੰਦਰ ਸਿੰਘ, ਰਕਾਬ ਗੰਜ ਗੁਰਦੁਆਰਾ ਸਾਹਿਬ ਦੇ ਮੈਨੇਜਰ ਰਾਮ ਸਿੰਘ ਅਤੇ ਦਿੱਲੀ ਦੀ ਸਿੱਖ ਤੇ ਹਿੰਦੂ ਸੰਗਤ ਨੇ ਸਾਡੀ ਸੇਵਾ ਵਿੱਚ ਕੋਈ ਵੀ ਕਮੀ ਨਹੀਂ ਰਹਿਣ ਦਿੱਤੀ। ਉਨ੍ਹਾਂ ਕਿਹਾ ਸ਼੍ਰੀ ਪ੍ਰਾਸ਼ਰ ਨੇ ਬਿਆਨ ਦੇਣ ਵੇਲੇ ਸਾਡੇ ਨਾਲ ਕੋਈ ਸਲਾਹ ਮਸ਼ਵਰਾ ਕੀਤੇ ਵਗੈਰ ਆਪਣੇ ਤੌਰ ’ਤੇ ਦੇ ਦਿੱਤਾ ਜਿਸ ਨਾਲ ਉਹ ਸਹਿਮਤ ਨਹੀਂ ਹਨ।

ਜਦੋਂ ਇਹ ਪੁੱਛਿਆ ਗਿਆ ਕਿ ਜੇ ਉਥੇ ਕੁਝ ਵਾਪਰਿਆ ਹੀ ਨਹੀਂ ਤਾਂ ਕੀ ਤੁਹਾਨੂੰ ਇਹ ਨਹੀਂ ਲਗਦਾ ਕਿ ਸ਼੍ਰੀ ਪ੍ਰਾਸ਼ਰ ਦਾ ਇਹ ਬਿਆਨ ਰਾਜਨੀਤੀ ਤੋਂ ਪ੍ਰੇਰਤ ਹੋ ਕੇ ਦਿੱਲੀ ਕਮੇਟੀ ਨੂੰ ਬਦਨਾਮ ਤੇ ਬਾਦਲ ਦਲ ਨੂੰ ਲਾਭ ਪਹੁੰਚਾਉਣ ਲਈ ਦਿੱਤਾ ਗਿਆ ਹੈ। ਸਿੱਧੇ ਤੌਰ ’ਤੇ ਕੋਈ ਟਿੱਪਣੀ ਕਰਨ ਤੋਂ ਗੁਰੇਜ ਕਰਦਿਆਂ ਉਨ੍ਹਾਂ ਕਿਹਾ ਸਾਡੀ ਯਾਤਰਾ ਦਾ ਮਨੋਰਥ ਨਿਰੋਲ ਧਾਰਮਕ ਸੀ ਰਾਜਨੀਤੀ ਨਾਲ ਸਾਡਾ ਕੋਈ ਸਬੰਧ ਨਹੀਂ ਹੈ, ਜਿਸ ਦੀ ਵੀ ਕੋਈ ਰਾਜਨੀਤਕ ਭਾਵਨਾ ਹੋਵੇਗੀ ਉਸ ਸਬੰਧੀ ਸਤਿਗੁਰੂ ਤੇਗ ਬਹਾਦਰ ਜੀ ਆਪ ਜਾਣੀ ਜਾਣ ਹਨ ਕਿਉਂਕਿ ਅਸੀਂ ਤਾਂ ਕੇਵਲ ਉਸ ਦੇ ਦਰ ’ਤੇ ਅਰਦਾਸ ਕਰਨ ਗਏ ਸੀ। ਵਾਰ ਵਾਰ ਇਹ ਪੁੱਛੇ ਜਾਣ ’ਤੇ ਕਿ ਜੇ ਤੁਸੀਂ ਸ਼੍ਰੀ ਪ੍ਰਾਸ਼ਰ ਦੇ ਬਿਆਨ ਨਾਲ ਸਹਿਮਤ ਨਹੀਂ ਤੇ ਤੁਹਾਡੀ ਬਿਨਾਂ ਕਿਸੇ ਜਾਣਕਾਰੀ ਦੇ ਉਨ੍ਹਾਂ ਇਹ ਬਿਆਨ ਦਿੱਤਾ ਹੈ ਤਾਂ ਕੀ ਤੁਸੀਂ ਉਸ ਦੇ ਬਿਆਨ ਦੀ ਨਿੰਦਾ ਕਰਦੇ ਹੋਏ ਉਸ ਵਿਰੁੱਧ ਕੋਈ ਕਾਰਵਾਈ ਕਰੋਗੇ ਤਾਂ ਉਨ੍ਹਾਂ ਜਨਤਕ ਤੌਰ’ਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰਦੇ ਹੋਇਆ ਕਿਹਾ ਕਿ ਇਸ ਸਬੰਧੀ ਸਭਾ ਦੀ ਮੀਟਿੰਗ ਵਿੱਚ ਹੀ ਵੀਚਾਰ ਕੀਤੀ ਜਾਵੇਗੀ ਕਿਉਂਕਿ ਅਸੀ ਸਾਰੇ ਹੀ ਬ੍ਰਾਹਮਣ ਸਭਾ ਪੰਜਾਬ ਦੇ ਮੈਂਬਰ ਹਾਂ।

ਇੱਕ ਹੋਰ ਸਵਾਲ ਕਿ ਤੁਸੀਂ ਗੁਰੂ ਤੇਗ ਬਹਾਦੁਰ ਸਾਹਿਬ ਜੀ ਦਾ ਰਿਣ ਉਤਾਰਨ ਲਈ ਯਾਤਰਾ ਕੱਢੀ ਪਰ ਹਰ ਇੱਕ ਦੀ ਧਾਰਮਕ ਅਜਾਦੀ ਤੇ ਮਨੁੱਖੀ ਅਧਿਕਾਰਾਂ ਦਾ ਹੱਕ ਵਿੱਚ ਜਿਹੜਾ ਸੰਦੇਸ਼ ਉਨ੍ਹਾਂ ਦੀ ਸ਼ਹਾਦਤ ਦਿੰਦੀ ਹੈ ਉਸ ਨੂੰ ਤਾਂ ਸਾਰੀ ਯਾਤਰਾ ਦੌਰਾਨ ਪੂਰੀ ਤਰ੍ਹਾਂ ਅੱਖੋਂ ਪ੍ਰੋਖੇ ਕਰੀ ਰੱਖਿਆ, ਕਿਉਂਕਿ ਇਸ ਦੇਸ਼ ਵਿੱਚ ਘੱਟ ਗਿਣਤੀਆਂ’ਤੇ ਤਸ਼ਸਦ ਹੋ ਰਿਹਾ ਹੈ ਤੇ ਕਿਧਰੇ ਵੀ ਕੋਈ ਇਨਸਾਫ ਨਹੀਂ ਮਿਲਦਾ। ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਸੇਧ ਲੈ ਕੇ ਤੁਹਾਨੂੰ ਚਾਹੀਦਾ ਸੀ ਕਿ ਤੁਸੀਂ ਘੱਟ ਗਿਣਤੀਆਂ ਦੇ ਹੱਕ ਵਿੱਚ ਹਾਅਦਾ ਨਾਹਰਾ ਮਾਰਦੇ ਹੋਏ ਉਨ੍ਹਾਂ ਲਈ ਇਨਸਾਫ ਦੀ ਮੰਗ ਕਰਦੇ। ਗੁਰੂ ਤੇਗ ਬਹਾਦਰ ਜੀ ਨੇ ਤਾਂ ਤੁਹਾਡੇ ਧਰਮ ਦੀ ਅਜਾਦੀ ਲਈ ਸ਼ਹੀਦੀ ਦਿੱਤੀ ਪਰ ਤੁਸੀਂ ਘੱਟ ਗਿਣਤੀਆਂ ਦੀ ਅਜਾਦੀ ਲਈ ਇੱਕ ਬਿਆਨ ਵੀ ਨਹੀਂ ਦੇ ਸਕੇ ਤਾਂ ਤੁਹਾਡੀ ਰਿਣ ਉਤਾਰਨ ਯਾਤਰਾ ਦਾ ਕੀ ਅਰਥ ਰਹਿ ਜਾਂਦਾ ਹੈ। ਸਾਰੇ ਹੀ ਆਗੂਆਂ ਨੇ ਇੱਕ ਜਬਾਨ ਹੁੰਦੇ ਹੋਏ ਮੰਨਿਆਂ ਕਿ ਘੱਟ ਗਿਣਤੀਆਂ ’ਤੇ ਤਸ਼ੱਸ਼ਦ ਹੋ ਰਿਹਾ ਹੈ। ਉਨ੍ਹਾਂ ਬੜੀ ਹੀ ਫ਼ਰਾਕਦਿਲੀ ਨਾਲ ਕਿਹਾ ਕਿ ਗੁਰੂ ਸਾਹਿਬ ਦਾ ਰਿਣ ਤਾਂ ਕੋਈ ਉਤਾਰ ਹੀ ਨਹੀਂ ਸਕਦਾ ਅਸੀਂ ਤਾਂ ਰਿਣ ਉਤਾਰਨ ਦਾ ਇੱਕ ਨਿਮਾਣਾ ਯਤਨ ਅਰੰਭਿਆ ਸੀ। ਜੇ ਪਹਿਲਾਂ ਸਾਡੀ ਕੌਮ 336 ਸਾਲ ਇਹ ਯਤਨ ਕਰਨ ਤੋਂ ਹੀ ਖੁੰਝੀ ਰਹੀ ਹੈ ਹੁਣ ਤੁਸੀਂ ਇਸ ਦਾ ਚੇਤਾ ਕਰਵਾ ਦਿੱਤਾ ਹੈ ਤਾਂ ਅੱਗੇ ਤੋਂ ਅਸੀਂ ਇਹ ਅਵਾਜ਼ ਵੀ ਉਠਾਵਾਂਗੇ।

ਜਦੋਂ ਯਾਤਰਾ ਬ੍ਰਾਹਮਣ ਸਭਾ ਪੰਜਾਬ ਦੇ ਪ੍ਰਧਾਨ ਦੇਵੀ ਦਿਆਲ ਪ੍ਰਾਸ਼ਰ ਨਾਲ ਫ਼ੋਨ’ਤੇ ਸੰਪਰਕ ਕਰਕੇ ਉਨ੍ਹਾਂ ਤੋਂ ਪੁਛਿਆ ਕਿ ਤੁਹਾਡੇ ਨਾਲ ਗਏ ਆਗੂ ਤਾਂ ਤੁਹਾਡੇ ਬਿਆਨ ਨਾਲ ਸਹਿਮਤ ਨਹੀਂ ਹਨ ਤਾਂ ਉਨ੍ਹਾਂ ਕਿਹਾ ਯਾਤਰਾ ਦੀ ਮੁਖ ਅਯੋਜਕ ਬ੍ਰਾਹਮਣ ਸਭਾ ਪੰਜਾਬ ਸੀ ਤੇ ਬਾਕੀ ਸਾਰੀਆਂ ਜਥੇਬੰਦੀਆਂ ਇਸ ਮੁਖ ਸੰਸਥਾ ਦੀਆਂ ਬਰਾਂਚਾਂ ਹਨ। ਸ਼੍ਰੀ ਪ੍ਰਾਸ਼ਰ ਨੇ ਕਥਿਤ ਤੌਰ ’ਤੇ ਦਿੱਲੀ ਕਮੇਟੀ ਵੱਲੋਂ ਕੀਤੇ ਗਏ ਦੁਰਵਿਹਾਰ ਦੇ ਦੋਸ਼ਾਂ ਨੂੰ ਮੁੜ ਦੁਹਰਾਉਂਦੇ ਹੋਏ ਕਿਹਾ ਕਿ ਆਗੂ ਤਾਂ ਏਅਰ ਕੰਡੀਸ਼ਨ ਕਮਰਿਆਂ ਵਿੱਚ ਸੁੱਤੇ ਪਏ ਸਨ ਇਨ੍ਹਾਂ ਨੂੰ ਸਾਡੇ ਨਾਲ ਦੁਰਵਿਵਹਾਰ ਦਾ ਕੀ ਪਤਾ ਹੋਣਾ ਸੀ!

ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਜੇ ਰਾਤੀਂ ਤੁਹਾਡੇ ਨਾਲ ਦੁਰਵਿਵਹਾਰ ਹੋਇਆ ਸੀ ਤਾਂ ਸਵੇਰੇ ਤਾਂ ਤੁਹਾਨੂੰ ਉਸੇ ਗੁਰਦੁਆਰੇ ਵਿੱਚ ਮਹਾਂਰਾਣੀ ਪਰਨੀਤ ਕੌਰ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਅਤੇ ਦਿੱਲੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਨੇ ਸਿਰੋਪਿਆਂ ਦੀ ਬਖ਼ਸ਼ਿਸ਼ ਕਰਕੇ ਸਨਮਾਨਤ ਕੀਤਾ ਗਿਆ ਤਾਂ ਉਸ ਸਮੇ ਤੁਸੀਂ ਸਿਰੋਪੇ ਕਿਉਂ ਲਏ ਜਾਂ ਉਸ ਸਮੇਂ ਤੁਸੀ ਆਪਣੇ ਨਾਲ ਹੋਏ ਦੁਰਵਿਹਾਰ ਦਾ ਜ਼ਿਕਰ ਕਿਉਂ ਨਹੀਂ ਕੀਤਾ? ਇਸ ਦੇ ਜਵਾਬ ’ਚ ਸ਼੍ਰੀ ਪ੍ਰਸ਼ਾਰ ਨੇ ਕਿਹਾ ਉਹ ਤਾਂ ਉਸ ਸਨਮਾਨ ਸਮਾਰੋਹ ਵਿੱਚ ਗਏ ਹੀ ਨਹੀਂ ਤੇ ਨਾ ਹੀ ਉਨ੍ਹਾਂ ਨੂੰ ਕੋਈ ਸਿਰੋਪਾ ਲਿਆ ਹੈ। ਉਨ੍ਹਾਂ ਇੱਥੋਂ ਤੱਕ ਕਿਹਾ ਕਿ ਸੁਰਿੰਦਰਪਾਲ ਸ਼ਰਮਾ ਤੇ ਉਨ੍ਹਾਂ ਨਾਲ ਕੁਝ ਹੋਰ ਆਗੂ ਬ੍ਰਾਹਮਨ ਸਭਾ ਨੂੰ ਬਦਨਾਮ ਕਰ ਰਹੇ ਹਨ ਇਸ ਲਈ ਉਸ ਨੂੰ ਅਹੁਦੇ ਤੋਂ ਵੱਖ ਕਰ ਦਿੱਤਾ ਜਾਵੇਗਾ।

ਇੱਕ ਹੋਰ ਸਵਾਲ ਪੁਛਿਆ ਗਿਆ ਕਿ ਮੰਨ ਲੈਂਦੇ ਹਾਂ ਕਿ ਤੁਹਾਡੇ ਨਾਲ ਦੁਰਵਿਹਾਰ ਹੋਇਆ ਹੋਵੇਗਾ ਪਰ ਤੁਸੀਂ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਰਿਣ ਉਤਾਰਣ ਗਏ ਸੀ। ਜਿਸ ਗੁਰੂ ਸਾਹਿਬ ਨੇ ਤੁਹਾਡੇ ਲਈ ਸ਼ਹੀਦੀ ਦਿੱਤੀ ਕੀ ਉਸ ਦੇ ਸਥਾਨ ’ਤੇ ਇੱਕ ਰਾਤ ਬਿਨਾਂ ਕਿਸੇ ਸਹੂਲਤ ਦੇ ਨਹੀਂ ਸੀ ਕੱਟ ਸਕਦੇ। ਉਨ੍ਹਾਂ ਨੇ ਤੁਹਾਡੇ ਧਰਮ ਦੀ ਅਜਾਦੀ ਲਈ ਸ਼ਹੀਦੀ ਦਿੱਤੀ, ਤੁਸੀਂ ਉਨ੍ਹਾਂ ਦੇ ਸਿੱਖਾਂ ਸਮੇਤ ਘੱਟ ਗਿਣਤੀਆਂ ਲਈ ਇਨਸਾਫ਼ ਦੀ ਮੰਗ ਲਈ ਬਿਆਨ ਵੀ ਨਹੀਂ ਦੇ ਸਕੇ ਤੁਹਾਡੀ ਯਾਤਰਾ ਦਾ ਕੀ ਅਰਥ ਰਹਿ ਜਾਂਦਾ ਹੈ? ਸ਼੍ਰੀ ਪ੍ਰਾਸ਼ਰ ਦਾ ਜਵਾਬ ਬੜਾ ਹੀ ਹੈਰਾਨਕੁਨ ਸੀ ਜਦੋਂ ਉਨ੍ਹਾਂ ਕਿਹਾ ਕਿ ਇਹ ਸਾਡੇ ਏਜੰਡੇ ’ਤੇ ਨਹੀਂ ਸੀ ਤਾਂ ਨਾ ਹੀ ਇਹ ਸਾਡਾ ਕੋਈ ਮਨੋਰਥ ਹੈ। ਸਾਡੀ ਯਾਤਰਾ ਦਾ ਮਕਸਦ ਕੇਵਲ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਥਾਨ’ਤੇ ਨਤਮਸਕ ਹੋਣਾ ਸੀ ਕਿ ਐਸੇ ਸਿਆਸੀ ਬਿਆਨ ਦੇਣੇ।

ਜਦੋਂ ਪੁੱਛਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲੋਂ ਆਪਣੇ ਤਿੰਨ ਸਿੱਖਾਂ ਵੱਲੋਂ ਸ਼ਹਾਦਤ ਦੇਣੀ ਸਿਆਸਤ ਦਾ ਹਿੱਸਾ ਸੀ ਜਾਂ ਦੂਸਰਿਆਂ ਦੀ ਧਾਰਮਕ ਅਜਾਦੀ ਲਈ ਸ਼ਹਾਦਤ ਦੇਣਾ ਆਪਣਾ ਧਰਮ ਨਿਭਾਇਆ ਸੀ। ਤੁਸੀਂ ਘੱਟ ਗਿਣਤੀਆਂ ਨਾਲ ਹੋ ਰਹੇ ਧੱਕੇ ਨੂੰ ਵੇਖ ਕੇ ਚੁੱਪ ਰਹਿਣ ਵਿੱਚ ਕਿਹੜਾ ਧਰਮ ਨਿਭਾ ਰਹੇ? ਸ਼੍ਰੀ ਪ੍ਰਸ਼ਾਰ ਨੇ ਕਿਹਾ ਤੁਸੀਂ ਤਾਂ ਹੋਰ ਹੀ ਪਾਸੇ ਤੁਰ ਪਏ ਮੇਰੇ ਕੋਲ ਹੁਣ ਸਮਾਂ ਨਹੀਂ 5 ਮਿੰਟਾਂ ਬਾਅਦ ਬੈਕ ਕਾਲ ਕਰਕੇ ਤੁਹਾਡੇ ਨਾਲ ਗੱਲ ਕਰਦਾ ਹਾਂ। ਪਰ 5 ਮਿੰਟ ਦੀ ਬਜਾਏ 5 ਘੰਟਿਆਂ ਤੱਕ ਵੀ ਉਨ੍ਹਾਂ ਨੂੰ ਦੁਬਾਰਾ ਗੱਲ ਕਰਨ ਦਾ ਸਮਾਂ ਨਹੀਂ ਮਿਲਿਆ। ਜਿਸ ਤੋਂ ਸਾਫ਼ ਜ਼ਾਹਰ ਹੈ ਕਿ ਬ੍ਰਾਹਮਣ ਸਭਾ ਦੀ ਇਸ ਯਾਤਰਾ ਦਾ ਮਕਸਦ ਰਿਣ ਉਤਾਰਨ ਦਾ ਯਤਨ ਨਹੀਂ ਬਲਕਿ ਆਰ.ਐੱਸ.ਐੱਸ ਦੇ ਇਸ਼ਾਰੇ ’ਤੇ ਆਪਣੇ ਭਾਈਵਾਲ ਬਾਦਲ ਨੂੰ ਸਿਆਸੀ ਲਾਭ ਪਹੁੰਚਾਉਣ ਲਈ ਉਨ੍ਹਾਂ ਦੇ ਵਿਰੋਧੀ ਪਰਮਜੀਤ ਸਿੰਘ ਸਰਨਾ ਨੂੰ ਬਦਨਾਮ ਕਰਨਾ ਸੀ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top