Share on Facebook

Main News Page

ਇਕ ਸੰਖੇਪ ਵਿਸ਼ਲੇਸ਼ਣ
- ਹਰਦੇਵ ਸਿੰਘ, ਜੰਮੂ

ਸ. ਅਮਰਜੀਤ ਸਿੰਘ ਚੰਦੀ ਜੀ ਨਾਲ ਮੇਰੀ ਜਾਣ-ਪਛਾਣ ਜ਼ਿਆਦਾ ਪੁਰਾਣੀ ਨਹੀਂ। ਉਹ ਉੱਤਰਾਖੰਡ ਰਹਿੰਦੇ ਹਨ ਅਤੇ ਗੁਰਮਤਿ ਬਾਰੇ ਵਿਚਾਰਾਂ ਲਿਖਦੇ/ਕਰਦੇ ਹਨ। ਹਾਂ ਇਕ ਹੋਰ ਗੱਲ ਜਾਣਦਾ ਹਾਂ ਕਿ ਮੇਰੇ

ਉਨ੍ਹਾਂ ਨਾਲ ਵਿਚਾਰਕ ਮਤਭੇਦ ਵੀ ਹਨ, ਜਿਵੇਂ ਕਿ ਕਈਂ ਵਾਰ ਉਨ੍ਹਾਂ ਦਿਆਂ ਲਿਖਤਾਂ ਪੜ ਕੇ ਪਤਾ ਚਲਦਾ ਹੈ। ਮੈਂ ਸਿੱਖ ਰਹਿਤ ਮਰਿਆਦਾ ਬਾਰੇ ਉਨ੍ਹਾਂ ਦੇ ਵਿਰੋਧੀ ਸਟੈਂਡ ਤੋਂ ਵੀ ਕਦੇ ਸਹਿਮਤ ਨਹੀਂ ਰਿਹਾ। ਕੋਈ ਵੱਡੀ ਗਲ ਨਹੀਂ ਕਿ ਉਹ ਸਿੱਖ ਰਹਿਤ ਮਰਿਆਦਾ ਬਾਰੇ ਮੇਰੇ ਵਿਚਾਰਾਂ ਨੂੰ ਸਹੀ ਨਾ ਸਮਝਦੇ ਹੋਂਣ।

ਮੈਂਨੂੰ ਯਾਦ ਹੈ ਕਿ ਚੰਦੀ ਜੀ ਨੇ, ਇਕ ਵਾਰ ਆਪਣੀ ਇਕ ਲਿਖਤ, “ਲਾਸ਼ਾਂ ਦੇ ਢੇਰ” ਵਿਚ, ਸਿੱਖਾਂ ਦੀ ਹਾਲਤ ਬਾਰੇ ਆਪਣੇ ਵਿਚਾਰ, ਇਨ੍ਹਾਂ ਸ਼ਬਦਾਂ ਵਿਚ ਪੇਸ਼ ਕੀਤੇ ਸੀ:

ਜਿੱਧਰ ਵੀ ਨਜ਼ਰ ਮਾਰਦਾ ਹਾਂ, ਲਾਸ਼ਾ ਹੀ ਲਾਸ਼ਾਂ ਨਜ਼ਰ ਆਉਂਦੀਆਂ ਹਨ। ਅਕਾਲ ਤੇ ਨਾਮ ਤੇ ਬਣੀਆਂ ਸੰਸਥਾਵਾਂ ਦੇ ਸਿਰ ਤੇ ਬੈਠੀਆਂ, ਹੁਕਮ-ਨਾਮੇ ਜਾਰੀ ਕਰਦੀਆਂ ਲਾਸ਼ਾਂ, ਉਨ੍ਹਾਂ ਦੀਆਂ ਜੁੱਤੀਆਂ ਚੱਟਣ ਵਾਲੀਆਂ ਲਾਸ਼ਾਂ। ਵੋਟਾਂ ਪਾ ਕੇ ਲਾਸ਼ਾਂ ਨੂੰ ਸਿਰ ਤੇ ਬਿਠਾਉਂਣ ਵਾਲੀਆਂ ਲਾਸ਼ਾਂ……

ਡੇਰਿਆਂ ਵਿਚ, ਡੇਰੇਦਾਰਾਂ ਦੇ ਰੂਪ ਵਿਚ, ਮਾਇਆ ਤੇ ਕੁੰਡਲੀ ਮਾਰੀ ਬੈਠੀਆਂ ਲਾਸ਼ਾਂ. ਸੰਤ-ਮਹਾਂਪੁਰਸ਼ਾਂ ਦੇ ਭੇਖ ਵਿਚ ਲਾਸ਼ਾਂ, ਬ੍ਰਹਮ-ਗਿਆਨੀ ਬਣੀਆਂ ਲਾਸ਼ਾਂ।ਉਨ੍ਹਾਂ ਦੀ ਸੇਵਾ ਵਿਚ ਲੱਗੀਆਂ ਲਾਸ਼ਾਂ…

ਗੁਰਦਵਾਰਿਆਂ ਦੇ ਪ੍ਰਬੰਧਕਾਂ ਦੇ ਰੂਪ ਵਿਚ ਲਾਸ਼ਾਂ, ਉਨ੍ਹਾਂ ਦੇ ਮੁਲਾਜ਼ਮਾਂ ਦੇ ਰੂਪ ਵਿਚ ਲਾਸ਼ਾਂ, ਉੱਥੇ ਹਾਜ਼ਰੀ ਭਰਦੀਆਂ ਲਾਸ਼ਾਂ। ਗੁਰਮਤਿ ਸਮਾਗਮਾਂ ਦੇ ਨਾਮ ‘ਤੇ, ਕੀਰਤਨ ਦਰਬਾਰਾਂ ਦੇ ਨਾਮ ‘ਤੇ, ਸਿੱਖਾਂ ਦੀਆਂ ਜੇਭਾਂ ਵਿਚੋਂ ਪੈਸੇ ਕੱਡ ਕੇ ਬੈਂਕ ਭਰਦੀਆਂ ਲਾਸ਼ਾਂ। ਕਥਾ ਕਰਦੀਆਂ ਲਾਸ਼ਾਂ, ਕੀਰਤਨ ਕਰਦੀਆਂ ਲਾਸ਼ਾਂ, ਸਿਮਰਨ ਕਰਦੀਆਂ ਲਾਸ਼ਾਂ, ਅਖੰਡ ਪਾਠਾਂ ਦੀਆਂ ਲੜੀਆਂ ਚਲਾਉਂਦੀਆਂ ਲਾਸ਼ਾਂ, ਲਾਸ਼ਾਂ ਦੇ ਇਨ੍ਹਾਂ ਕੁਕਰਮਾਂ ਲਈ ਪੈਸੇ ਦਿੰਦਿਆਂ ਲਾਸ਼ਾਂ……” (ਅਮਰਜੀਤ ਸਿੰਘ ਚੰਦੀ, ਮਿਤੀ 23.02.12, ਖ਼ਾਲਸਾ ਨਿਊਜ਼)

ਚੰਦੀ ਜੀ ਆਪਣੇ ਉਪਰੋਕਤ ਵਿਚਾਰ ਆਪਣੀ ਸਿੰਘਣੀ ਨਾਲ ਵੀ ਸਾਂਝੇ ਕਰਦੇ ਰਹੇ ਹਨ। ਚੰਦੀ ਜੀ ਨੇ ਆਪਣੀ ਸਿੰਘਣੀ ਨਾਲ ਵਿਚਾਰਾਂ ਦੀ ਸਾਂਝ ਕਰਨ ਦੀ ਗਲ ਵੀ ਲਿਖੀ ਹੈ। ਜ਼ਾਹਰ ਹੈ ਕਿ ਚੰਦੀ ਜੀ ਦਾ “ਲਾਸ਼ਾਂ” ਸਬੰਧੀ ਆਪਣਾ ਨਜ਼ਰੀਆ/ਤਜਰਬਾ ਕਾਫ਼ੀ ਪੁਰਾਣਾ ਹੈ, ਜਿਸ ਨੂੰ ਉਨ੍ਹਾਂ ਮਿਤੀ 23.02.12 ਨੂੰ ਆਪਣੇ ਲੇਖ ਵਿਚ ਉਪਰੋਕਤ ਸ਼ਬਦਾਂ ਰਾਹੀਂ ਪਾਠਕਾਂ ਨਾਲ ਸਾਂਝਾ ਕੀਤਾ ਸੀ।

ਫ਼ਿਰ ਮਿਤੀ 4.11.12 ਨੂੰ ਚੰਦੀ ਜੀ ਨੇ ਆਪਣਾ ਇਕ ਨਵਾਂ ਹੱਡ ਬੀਤਿਆ ਤਲਖ ਤਜਰਬਾ "ਸਿੱਖੀ ਦੀ ਬੁਰੀ ਹਾਲਤ !" ਪਾਠਕਾਂ ਨਾਲ ਸਾਂਝਾ ਕੀਤਾ। ਉਨ੍ਹਾਂ ਲਿਖਿਆ:

ਸਿੱਖੀ ਨੂੰ ਬਚਾਉਂਣ ਦੇ ਚਾਹਵਾਨ ਵੀਰ ਅਕਸਰ ਹੀ ਮੈਨੂੰ ਕਹਿੰਦੇ ਰਹਿੰਦੇ ਹਨ ਕਿ, ਤੂੰ ਬਹੁਤ ਨਿਰਾਸ਼ਾ-ਵਾਦੀ ਹੈਂ, ਐਂਵੇ ਹੀ ਸਿੱਖੀ ਦੀ ਬੁਰੀ ਹਾਲਤ ਦਾ ਰੌਲ਼ਾ ਪਾਉਂਦਾ ਰਹਿੰਦਾ ਹੈਂ। ਪਿਛਲੀ ਦਿਨੀਂ ਜੋ ਤਜਰਬਾ ਮੈਂਨੂੰ ਅਤੇ ਮੇਰੀ ਸਿੰਘਣੀ ਨੂੰ ਹੋਇਆ, ਉਹ ਏਨਾ ਤਲਖ ਸੀ ਕਿ ਮੇਰੀ ਸਿੰਘਣੀ ਨੂੰ ਕਹਿਣਾ ਪਿਆ ਕਿ, ਸਿੰਖੀ ਦੀ ਜਿਹੜੀ ਮਾੜੀ ਹਾਲਤ ਤੁਸੀਂ ਬਿਆਨ ਕਰਦੇ ਰਹਿੰਦੇ ਹੋ,ਸਿੱਖੀ ਦੀ ਹਾਲਤ, ਉਸ ਤੋਂ ਸੌ ਗੁਣਾ ਮਾੜੀ ਹੈ…” (ਅਮਰਜੀਤ ਸਿੰਘ ਚੰਦੀ ਮਿਤੀ 04.11.12, ਖ਼ਾਲਸਾ ਨਿਊਜ਼)

ਚੰਦੀ ਜੀ ਦੇ ਇਸ ਬਿਆਨ ਤੋਂ ਸਪਸ਼ਟ ਸੀ ਕਿ, ਚੰਦੀ ਜੀ ਨੂੰ “ਲਾਸ਼ਾਂ” ਦੀ ਜੋ ਬਦਬੂ ਸੰਸਥਾਨਾਂ, ਰਾਜਨੀਤੀ, ਡੇਰਿਆਂ, ਗੁਰਦੁਆਂਰਿਆਂ, ਕਥਾਵਾਂ, ਕੀਰਤਨ ਦਰਬਾਰਾਂ ਆਦਿ ਵਿਚ ਆਉਂਦੀ ਸੀ, ਉਸ ਤੋਂ ‘ਸੌ ਗੁਣਾ’ ਮਾੜੀ ਬਦਬੂ, ਉਨ੍ਹਾਂ ਨੂੰ ਐਸੇ ਸੱਜਣਾਂ ਦੀ ਸੰਗਤ ਵਿਚ ਆਈ, ਜਿਨ੍ਹਾਂ ਨੂੰ ਚੰਦੀ ਜੀ “ਲਾਸ਼ਾਂ ਦੇ ਢੇਰ” ਮੁਕਾਬਲ ਜਿਉਂਦੇ ਸਮਝਦੇ ਸੀ। ਉਹ ਵੀ ਉਸ ਇੱਕਤਰਤਾ ਵਿਚ, ਜਿਸ ਥਾਂ ਜਾਗਦੀ ਜ਼ਮੀਰ ਦੇ ਦਾਵੇਦਾਰ ਸਿੱਖ ਪੰਥ ਨੂੰ ਸੇਧ ਦੇਂਣ ਦਾ ਦਾਵਾ ਪੇਸ਼ ਕਰ ਰਹੇ ਸੀ। ਚੰਦੀ ਜੀ ਵੀ ਉਨ੍ਹਾਂ ਵਿਚੋਂ ਹੀ ਇਕ ਸਨ। ਪਰ ਕਥਿਤ ਸੁਧਾਰ ਉਪਰਾਲੇ ਵਿਚ ਉਸਤਾਦਾਂ ਨੂੰ “ਉਸਤਾਦਾਂ ਦੇ ਉਸਤਾਦ” ਮਿਲ ਗਏ।

ਚਿੰਤਨ ਦੇ ਨਵੇਂ “ਉਸਤਾਦਾਂ” ਨੂੰ ਸੁਣ ਕੇ ਚੌਂਕ ਉੱਠੇ ਚੰਦੀ ਜੀ ਨੇ, ਕਿਸੇ ਦਾ ਨਾਮ ਲਏ ਬਿਨ੍ਹਾਂ, ਉਹ ਕੁੱਝ ਗਲਾਂ ਲਿਖ ਦਿੱਤੀਆਂ, ਜੋ ਉਨ੍ਹਾਂ ਕਿਸੇ ਮੀਟਿੰਗ ਵਿਚ ਬਾ-ਤੋਰ ਚਸ਼ਮਦੀਦ ਸੁਣਿਆਂ ਸਨ। ਉਨ੍ਹਾਂ ਇਹ ਬੇਨਤੀ ਵੀ ਕੀਤੀ ਕਿ ਐਸੇ ਪ੍ਰਚਾਰਕਾਂ ਨੂੰ ਪ੍ਰਚਾਰ ਲਈ ਬੁਲਾਉਂਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਕਿਸੇ ਨੇ ਗਲਤ ਨਹੀਂ ਲਿਖਿਆ ਕਿ, “ਜਬ ਰੰਜ ਦੀਆ ਬੁਤੋਂ ਨੇ ਤੋ ਖ਼ੁਦਾ ਯਾਦ ਅਇਆ”।

ਚੰਦੀ ਜੀ ਨੇ, ਖ਼ਾਲਸਾ ਨਿਊਜ਼ ‘ਤੇ ਜਿਹੜੀਆਂ ਗਲਾਂ ਦਾ ਖ਼ੁਲਾਸਾ ਕੀਤਾ, ਉਸ ਖ਼ੁਲਾਸੇ ਦੇ ਸੱਚ ਹੋਂਣ ਦੀ ਤਸਦੀਕ, ਸ. ਗੁਰਦੇਵ ਸਿੰਘ ਜੀ ਬਟਾਲਵੀ ਨੇ, ਚੰਦੀ ਜੀ ਦੇ ਲੇਖ ਦੇ ਹੇਠ ਇਕ ਕਾਮੇਂਟ ਲਿਖ ਕੇ ਕਰ ਦਿੱਤੀ, ਤਾਂ ਸਪਸ਼ਟ ਹੋ ਗਿਆ ਕਿ ਉਹ ਗਲਾਂ, ਉਸ ਇੱਕਤਰਤਾ ਵਿਚ ਹੋਇਆਂ ਸਨ ਜਿਸਦੇ ਮੇਜ਼ਬਾਨ, ਆਪ ਗੁਰਦੇਵ ਸਿੰਘ ਬਟਾਲਵੀ ਅਤੇ ਅਮਰਜੀਤ ਸਿੰਘ ਚੰਦੀ ਜੀ ਸਨ।ਨਾਲ ਹੀ, ਇੱਕਵਾਕ ਸਿੰਘ ਪੱਟੀ ਜੀ ਦੀ ਕਵਿਤਾ ਨੇ ਸਥਿਤੀ ਦੀ ਵਧੇਰੇ ਤਸਦੀਕ ਕਰ ਦਿੱਤੀ। ਸਿੱਖ ਬਹੁਤ ਕੁੱਝ ਸੁਣ ਸਕਦਾ ਹੈ ਪਰ ਸਮਝ ਜਾਏ ਤਾਂ ਗੁਰੂ ਵਿਰੋਧੀ ਟਿੱਪਣਿਆਂ ਨਹੀਂ ਸਵੀਕਾਰ ਸਕਦਾ।

ਧਿਆਨ ਦੇਂਣ ਯੋਗ ਗਲ ਇਹ ਹੈ ਕਿ, ਚੰਦੀ ਜੀ ਵਲੋਂ ਪ੍ਰਗਟਾਇਆਂ ਅਤੇ ਬਟਾਲਵੀ ਜੀ ਵਲੋਂ ਤਸਦੀਕ ਕੀਤੀਆਂ ਗਲਾਂ ਵਿਚ,ਲਗਭਗ ਉਹੀ ਗਲਾਂ ਸਨ ਜਿਨ੍ਹਾਂ ਦਾ ਖ਼ੁਲਾਸਾ ਪ੍ਰੋ. ਕੰਵਲਦੀਪ ਸਿੰਘ ਜੀ ਨੇ ਇਸ ਸਾਲ ਦੇ ਆਰੰਭ ਵਿਚ ਕੀਤਾ ਸੀ।

ਉਪਰੋਕਤ ਘਟਨਾ ਕ੍ਰਮ ਤੋਂ ਜੋ ਸਥਿਤੀ ਉਭਰੀ, ਉਹ ਇਸ ਸੀ ਕਿ ਅਮਰਜੀਤ ਸਿੰਘ ਚੰਦੀ, ਗੁਰਦੇਵ ਸਿੰਘ ਬਟਾਲਵੀ ਆਦਿ ਸੱਜਣਾਂ ਵਲੋਂ ਆਏ ਸੱਦੇ ਤੇ ਹੋਈ ਇਕੱਤਰਤਾ ਵਿਚ, ਵਿਚਾਰ-ਵਟਾਂਦਰੇ ਦੋਰਾਨ, ਕੁੱਝ ਸੱਜਣਾਂ ਨੇ ਗੁਰਮਤਿ ਵਿਹੂਣਿਆਂ ਘਾਤਕ ਗੱਲਾਂ ਕੀਤੀਆਂ।

ਕਿਸੇ ਇਕੱਤਰਤਾ ਵਿਚ, ਕਿਸੇ ਵੇਲੇ ਕੋਈ ਗਲਤ ਵਿਚਾਰ ਵੀ ਪੇਸ਼ ਕਰ ਸਕਦਾ ਹੈ। ਇਸ ਵਿਚ ਕਿਸੇ ਦੂਜੇ ਦਾ ਦੋਸ਼ ਨਹੀਂ ਬਣਦਾ।ਪਰ ਗਲ ਜਨਤਕ ਜਾਣ ਤੇ ਸੱਚ ਸਵੀਕਾਰ ਕਰਨ ਵਿਚ ਦੇਰ ਨਹੀਂ ਸੀ ਹੋਂਣੀ ਚਾਹੀਦੀ। ਸੱਚ ਛੁਪਾਉਂਣ ਜਾ ਗਲਤ ਵਿਸ਼ੇ ਦਾ ਸਾਥ ਦੇਂਣ ਦਾ ਭਾਵ ਹੁੰਦਾ ਹੈ ਕੂੜ/ਗਲਤੀ ਵਿਚ ਭਾਗੀਦਾਰ ਹੋਣਾ! ਕੁੜਤਨ ਘਟਾਉਂਣ ਲਈ ਨਾਮ ਨਾ ਵੀ ਦੱਸੇ ਜਾਂਦੇ,ਪਰ ਸੱਚ ਤਾਂ ਸਵੀਕਾਰ ਕੀਤਾ ਹੀ ਜਾਣਾ ਚਾਹੀਦਾ ਸੀ। ਜੇ ਕਰ ਕੁੱਝ ਵੀ ਫਾਈਨਲ ਨਹੀਂ ਸੀ ਹੋਇਆ, ਤਾਂ ਫਾਈਨਲ ਨਾ ਹੋਂਣ ਤਕ, ਹਰ ਸੱਜਣ ਨੂੰ ਆਪਣੇ ਵਿਚਾਰ/ਵਿਰੋਧ ਦੇਂਣ ਜਾ ਵਾਪਸ ਲੇਂਣ ਦਾ ਹੱਕ ਹੁੰਦਾ ਹੈ।ਚੰਦੀ ਜੀ ਨੇ ਸ਼ਾਯਦ ਇਹੀ ਕੀਤਾ।

ਇਸ ਉਪਰੰਤ ਸਵਾਲ ਇਹ ਨਹੀਂ ਸੀ ਕਿ, ਕੀ ਫਾਈਨਲ ਹੋਇਆ? ਮੁੱਖ ਸਵਾਲ ਇਹ ਸੀ ਕਿ ਕੀ ਅਮਰਜੀਤ ਸਿੰਘ ਚੰਦੀ, ਗੁਰਦੇਵ ਸਿੰਘ ਬਟਾਲਵੀ, ਪ੍ਰੋ. ਕੰਵਲਦੀਪ ਸਿੰਘ ਵਲੋਂ ਜਨਤਕ ਕੀਤੀਆਂ ਗਈਆਂ ਗਲਾਂ ਸਿੱਖ ਪੰਥ ਦੇ “ਵਿਦਵਾਨ” ਅਤੇ “ਬੁਧੀਜੀਵੀ” ਐਲਾਨੇ ਗਏ ਕੁੱਝ ਸੱਜਣਾਂ ਨੇ ਕੀਤੀਆਂ ਜਾ ਨਹੀਂ??? ਇਸ ਲਈ ਤਕਾਜ਼ਾ ਤਾਂ ਇਹ ਸੀ ਕਿ ਕੀ ਇਸ ਮੁੱਖ ਸਵਾਲ ਦਾ ਜਵਾਬ, ‘ਸੰਯੋਜਕਾਂ’ ਦੇ ਬਜਾਏ ਮੇਜ਼ਬਾਨ ‘ਅੱਠ ਮੈਂਬਰੀ ਇੱਕਤਾਰਤਾ ਕਮੇਟੀ’ ਵਲੋਂ ਹੀ ਆਉਂਦਾ। ਪਰ ਐਸਾ ਨਹੀਂ ਹੋਇਆ! ਕਿਉਂ? ਆਪਣੀ ‘ਮਤ’ ਵਿਚ ਹੀ ਇਤਨੇ ‘ਮਤਭੇਦ’ ਹੋਂਣ ਤਾਂ ਗੁਰਮਤਿ ਦੀ ਸਮਝ ਨਹੀਂ ਆ ਸਕਦੀ। ਇਕੱਤਰ ਹੋ ਕੇ ‘ਸਦਾ’ ਦੇਂਣਾ ਆਸਾਨ ਹੁੰਦਾ ਹੈ ਪਰ ਸੱਚ ਛੁਪਾਉਂਣਾ ਮੁਸ਼ਕਲ!

ਇਸ ਪ੍ਰਕਰਣ ਤੋਂ ਸ੍ਹਾਮਣੇ ਆਈਆਂ ਗਲਾਂ ਨਾਲ ਸੁਚੇਤ ਵਰਗ ਦੀ ਵਿਸ਼ਵਸਨੀਯਤਾ ਨੂੰ ਵੱਡਾ ਧੱਕਾ ਤਾਂ ਲੱਗਿਆ ਹੈ, ਪਰ ਗੁਰੂ ਅਤੇ ਉਸਦੇ ਪੰਥ ਪ੍ਰਤੀ ਕੁੱਝ ਸੱਜਣਾ ਦੇ ਸਤਿਕਾਰ ਅਤੇ ਸੰਵੇਦਨਸ਼ੀਲਤਾ ਨੇ ਆਸ ਦੀਆਂ ਕਿਰਨਾਂ ਨੂੰ ਪ੍ਰਗਟ ਕੀਤਾ ਹੈ। ਇਸ ਘਟਨਾਕ੍ਰਮ ਵਿਚਲਾ ਸਬਕ ਇਹ ਹੈ ਕਿ ਕਿਸੇ ਦੇ ਦਿਲ ਵਿਚ, ਗੁਰੂ ਅਤੇ ਉਸਦੇ ਪੰਥ ਪ੍ਰਤੀ, ਕਿਤਨਾ ਵੀ ਦਰਦ ਕਿਉਂ ਨਾ ਹੋਵੇ, ਪਰ ਜੇ ਕਰ ਉਹ ਜਜ਼ਬਾ/ਦਰਦ ਸਿੱਖੀ ਦੇ ਮੁੱਡਲੇ ਅਧਾਰਾਂ ਨੂੰ ਹੀ ਨੁਕਸਾਨ ਪਹੁੰਚਾਉਂਦਾ ਹੈ, ਤਾਂ ਐਸਾ ਦਰਦ/ਜਜ਼ਬਾ ‘ਗੁਰੂ’ ਅਤੇ ਉਸਦੇ ‘ਪੰਥ’ ਦੇ ਹਿਤ ਵਿਚ ਨਹੀਂ। ‘ਵਿਯਕਤੀ ਵਿਰੋਧ’ ਵਿਚ ‘ਸਿੱਖ ਰਹਿਤ ਮਰਿਆਦਾ ਵਿਰੋਧ’ ਨੂੰ ਹਥਿਆਰ ਵਜੋਂ ਵਰਤਨ ਦੀ ਰਾਜਨੀਤੀ ਠੀਕ ਨਹੀਂ।

26.11.12


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top